“ਸੱਭੋ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ”
1 ਸਾਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਸਾਡੇ ਭਰਾਵਾਂ ਦੇ ਲਾਭ ਲਈ ਹੋਣ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਨ੍ਹਾਂ ਦੇ ਅਧਿਆਤਮਿਕ ਹਿੱਤਾਂ ਨੂੰ ਧਿਆਨ ਵਿਚ ਰੱਖੀਏ। ਜੇ ਅਸੀਂ ਕਿਸੇ ਸਮਾਨ ਵੇਚਣ ਵਾਲੀ ਕੰਪਨੀ ਵਿਚ ਨੌਕਰੀ ਕਰਦੇ ਹਾਂ, ਤਾਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਡੇ ਕੰਮ ਕਰਕੇ ਸਾਡੇ ਭੈਣ-ਭਰਾਵਾਂ ਨੂੰ ਕੋਈ ਠੋਕਰ ਨਾ ਲੱਗੇ।—2 ਕੁਰਿੰ. 6:3; ਫ਼ਿਲਿ. 1:9, 10.
2 ਕੁਝ ਭਰਾਵਾਂ ਨੇ ਇਸ ਤਰ੍ਹਾਂ ਦੇ ਕਈ ਬਿਜ਼ਨਿਸ ਸ਼ੁਰੂ ਕੀਤੇ ਹਨ ਜਿਨ੍ਹਾਂ ਦੇ ਫੇਲ੍ਹ ਹੋਣ ਦਾ ਖ਼ਤਰਾ ਹੈ ਅਤੇ ਉਨ੍ਹਾਂ ਨੇ ਸੰਗੀ ਮਸੀਹੀਆਂ ਨੂੰ ਆਪਣੇ ਗਾਹਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਕੰਪਨੀਆਂ ਆਪਣੇ ਏਜੰਟਾਂ ਨੂੰ ਸ਼ਹਿ ਦਿੰਦੀਆਂ ਹਨ ਕਿ ਉਹ ਹਰ ਕਿਸੇ ਨੂੰ ਆਪਣਾ ਗਾਹਕ ਬਣਾਉਣ ਭਾਵੇਂ ਉਹ ਇੱਕੋ ਹੀ ਧਰਮ ਦੇ ਕਿਉਂ ਨਾ ਹੋਣ। ਇਸ ਲਈ, ਕੁਝ ਭਰਾਵਾਂ ਨੇ ਬਹੁਤ ਸਾਰੇ ਗਵਾਹਾਂ ਨੂੰ ਆਪਣੇ ਘਰ ਬੁਲਾ ਕੇ ਉਕਸਾਇਆ ਹੈ ਕਿ ਉਹ ਵੀ ਬਿਜ਼ਨਿਸ ਵਿਚ ਪੈਸਾ ਲਗਾਉਣ। ਕਈ ਭਰਾ ਆਪਣੇ ਬਿਜ਼ਨਿਸ ਨੂੰ ਮਸ਼ਹੂਰ ਕਰਨ ਲਈ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਬਿਨਾਂ ਪੁੱਛੇ ਹੀ ਪਰਚੇ, ਬਰੋਸ਼ਰ, ਇੰਟਰਨੈੱਟ ਤੇ ਜਾਣਕਾਰੀ ਜਾਂ ਆਡੀਓ ਤੇ ਵਿਡਿਓ ਕੈਸਟਾਂ ਵੀ ਦਿੰਦੇ ਹਨ। ਕੀ ਇਕ ਮਸੀਹੀ ਲਈ ਇਹ ਠੀਕ ਹੈ ਕਿ ਉਹ ਆਪਣੇ ਭਰਾਵਾਂ ਤੋਂ ਇਸ ਤਰ੍ਹਾਂ ਫ਼ਾਇਦਾ ਉਠਾਏ? ਬਿਲਕੁਲ ਨਹੀਂ!—1 ਕੁਰਿੰ. 10:23, 24, 31-33.
3 ਭਰਾਵਾਂ ਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ: ਇਸ ਦਾ ਮਤਲਬ ਇਹ ਨਹੀਂ ਕਿ ਭਰਾ ਆਪਸ ਵਿਚ ਮਿਲ ਕੇ ਕੋਈ ਬਿਜ਼ਨਿਸ ਨਹੀਂ ਕਰ ਸਕਦੇ। ਇਹ ਇਕ ਨਿੱਜੀ ਮਾਮਲਾ ਹੈ। ਕੁਝ ਭਰਾਵਾਂ ਨੇ ਅਜਿਹੀਆਂ ਬਿਜ਼ਨਿਸ ਸਕੀਮਾਂ ਸ਼ੁਰੂ ਕੀਤੀਆਂ ਹਨ ਜੋ ਲਾਲਚ ਨੂੰ ਵਧਾਉਂਦੀਆਂ ਹਨ ਅਤੇ ਉਨ੍ਹਾਂ ਨੇ ਭਰਾਵਾਂ ਨੂੰ ਬਿਜ਼ਨਿਸ ਵਿਚ ਆਪਣਾ ਸਾਂਝੀਦਾਰ ਬਣਨ ਜਾਂ ਉਸ ਵਿਚ ਪੈਸਾ ਲਗਾਉਣ ਲਈ ਉਕਸਾਇਆ ਹੈ। ਅਜਿਹੇ ਬਹੁਤ ਸਾਰੇ ਬਿਜ਼ਨਿਸਾਂ ਦਾ ਦਿਵਾਲਾ ਨਿਕਲ ਜਾਂਦਾ ਹੈ ਜਿਸ ਕਾਰਨ ਸਾਂਝੀਦਾਰਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਭਾਵੇਂ ਸਾਂਝੀਦਾਰ ਥੋੜ੍ਹੇ ਸਮੇਂ ਵਿਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋਣ, ਪਰ ਬਿਜ਼ਨਿਸ ਫੇਲ੍ਹ ਹੋਣ ਤੇ ਉਹ ਇਸ ਦੇ ਇਕੱਲੇ ਜ਼ਿੰਮੇਵਾਰ ਨਹੀਂ ਹਨ। ਇਸ ਬਿਜ਼ਨਿਸ ਨੂੰ ਸ਼ੁਰੂ ਕਰਨ ਵਾਲਾ ਵਿਅਕਤੀ ਵੀ ਉੱਨਾ ਹੀ ਜ਼ਿੰਮੇਵਾਰ ਹੈ। ਇਸ ਲਈ, ਉਸ ਨੂੰ ਪਹਿਲਾਂ ਤੋਂ ਹੀ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਜੇ ਬਿਜ਼ਨਿਸ ਫੇਲ੍ਹ ਹੋ ਗਿਆ, ਤਾਂ ਭਰਾਵਾਂ ਦੀ ਅਧਿਆਤਮਿਕਤਾ ਅਤੇ ਸਿਹਤ ਤੇ ਕੀ ਅਸਰ ਪਵੇਗਾ। ਜਿਹੜੇ ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਦੇ ਹਨ, ਖ਼ਾਸ ਕਰ ਉਨ੍ਹਾਂ ਨੂੰ ਆਪਣੇ ਬਿਜ਼ਨਿਸ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਦੂਜੇ ਭੈਣ-ਭਰਾ ਉਨ੍ਹਾਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਤੇ ਬੜਾ ਭਰੋਸਾ ਰੱਖਦੇ ਹਨ। ਉਨ੍ਹਾਂ ਦੇ ਭਰੋਸੇ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕਰਨਾ ਗ਼ਲਤ ਹੈ। ਜੇ ਦੂਜੇ ਲੋਕ ਉਸ ਭਰਾ ਦਾ ਆਦਰ ਕਰਨਾ ਛੱਡ ਦਿੰਦੇ ਹਨ, ਤਾਂ ਉਹ ਪਵਿੱਤਰ ਸੇਵਾ ਕਰਨ ਦੇ ਵਿਸ਼ੇਸ਼-ਸਨਮਾਨ ਗੁਆ ਸਕਦਾ ਹੈ।
4 ਸਾਡਾ ਮਕਸਦ ਹੈ ‘ਸੱਭੋ ਕੁਝ ਲਾਭ ਦੇ ਲਈ ਕਰਨਾ।’ (1 ਕੁਰਿੰ. 14:26) ਸਾਨੂੰ ਕਲੀਸਿਯਾ ਵਿਚ ਬਿਜ਼ਨਿਸ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਬਾਈਬਲ ਵਿਚ ਕਿਤੇ ਵੀ ਨਹੀਂ ਦੱਸਿਆ ਗਿਆ ਕਿ ਅਸੀਂ ਇਨ੍ਹਾਂ ਕੰਮਾਂ ਕਰ ਕੇ ਇਕੱਠੇ ਹੋਣਾ ਹੈ।—ਇਬ. 10:24, 25.