ਹੌਸਲਾ ਰੱਖੋ ਜਿਉਂ-ਜਿਉਂ ਮੁਕਤੀ ਨੇੜੇ ਆਉਂਦੀ ਹੈ
‘ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਹਾਂ, ਯਹੋਵਾਹ ਦਾ ਵਾਕ ਹੈ।’—ਯਿਰਮਿਯਾਹ 1:19.
1, 2. ਮਨੁੱਖੀ ਪਰਿਵਾਰ ਨੂੰ ਮੁਕਤੀ ਦੀ ਲੋੜ ਕਿਉਂ ਹੈ?
ਮੁਕਤੀ! ਕਿੰਨਾ ਦਿਲਾਸੇ ਭਰਿਆ ਸ਼ਬਦ ਹੈ! ਮੁਕਤ ਕਰਵਾਏ ਜਾਣ ਦਾ ਅਰਥ ਹੈ ਕਿਸੇ ਖ਼ਰਾਬ, ਨਾਖ਼ੁਸ਼ ਪਰਿਸਥਿਤੀ ਤੋਂ ਛੁਡਾਏ ਜਾਣਾ ਜਾਂ ਕੱਢੇ ਜਾਣਾ। ਇਸ ਵਿਚ ਜ਼ਿਆਦਾ ਬਿਹਤਰ, ਖ਼ੁਸ਼ਹਾਲ ਹਾਲਤਾਂ ਵਿਚ ਲਿਆਂਦੇ ਜਾਣ ਦਾ ਵਿਚਾਰ ਵੀ ਸ਼ਾਮਲ ਹੈ।
2 ਇਸ ਸਮੇਂ ਮਨੁੱਖੀ ਪਰਿਵਾਰ ਨੂੰ ਅਜਿਹੀ ਮੁਕਤੀ ਦੀ ਕਿੰਨੀ ਜ਼ਿਆਦਾ ਲੋੜ ਹੈ! ਹਰ ਜਗ੍ਹਾ ਲੋਕ ਮੁਸ਼ਕਲ ਸਮੱਸਿਆਵਾਂ—ਆਰਥਿਕ, ਸਮਾਜਕ, ਸਰੀਰਕ, ਮਾਨਸਿਕ, ਅਤੇ ਭਾਵਾਤਮਕ ਸਮੱਸਿਆਵਾਂ—ਨਾਲ ਦੱਬੇ ਹੋਏ ਅਤੇ ਨਿਰਾਸ਼ ਹਨ। ਜ਼ਿਆਦਾਤਰ ਲੋਕ ਇਸ ਸੰਸਾਰ ਦੇ ਤੌਰ ਤਰੀਕੇ ਤੋਂ ਅਸੰਤੁਸ਼ਟ ਅਤੇ ਨਿਰਾਸ਼ ਹਨ ਅਤੇ ਬਿਹਤਰੀ ਲਈ ਪਰਿਵਰਤਨ ਚਾਹੁੰਦੇ ਹਨ।—ਯਸਾਯਾਹ 60:2; ਮੱਤੀ 9:36.
“ਭੈੜੇ ਸਮੇਂ”
3, 4. ਹੁਣ ਮੁਕਤੀ ਦੀ ਹੋਰ ਜ਼ਿਆਦਾ ਲੋੜ ਕਿਉਂ ਹੈ?
3 ਕਿਉਂਕਿ ਇਸ 20ਵੀਂ ਸਦੀ ਨੇ ਕਿਸੇ ਦੂਸਰੀ ਸਦੀ ਨਾਲੋਂ ਜ਼ਿਆਦਾ ਕਸ਼ਟਾਂ ਦਾ ਅਨੁਭਵ ਕੀਤਾ ਹੈ, ਹੁਣ ਮੁਕਤੀ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ। ਅੱਜ, ਇਕ ਅਰਬ ਤੋਂ ਜ਼ਿਆਦਾ ਲੋਕ ਘੋਰ ਗ਼ਰੀਬੀ ਵਿਚ ਰਹਿੰਦੇ ਹਨ, ਅਤੇ ਕੁਝ 2 ਕਰੋੜ 50 ਲੱਖ ਦੇ ਹਿਸਾਬ ਨਾਲ ਇਹ ਗਿਣਤੀ ਹਰ ਸਾਲ ਵੱਧ ਰਹੀ ਹੈ। ਹਰ ਸਾਲ ਲਗਭਗ 1 ਕਰੋੜ 30 ਲੱਖ ਦੇ ਕਰੀਬ ਬੱਚੇ ਕੁਪੋਸ਼ਣ ਜਾਂ ਗ਼ਰੀਬੀ ਨਾਲ ਸੰਬੰਧਿਤ ਦੂਸਰੇ ਕਾਰਨਾਂ ਕਰਕੇ ਮਰ ਜਾਂਦੇ ਹਨ—ਇਕ ਦਿਨ ਵਿਚ 35,000 ਤੋਂ ਜ਼ਿਆਦਾ! ਅਤੇ ਲੱਖਾਂ ਹੀ ਬੁੱਢੇ ਲੋਕ ਅਨੇਕਾਂ ਬੀਮਾਰੀਆਂ ਨਾਲ ਵਕਤ ਤੋਂ ਪਹਿਲਾਂ ਹੀ ਮਰ ਜਾਂਦੇ ਹਨ।—ਲੂਕਾ 21:11; ਪਰਕਾਸ਼ ਦੀ ਪੋਥੀ 6:8.
4 ਲੜਾਈਆਂ ਅਤੇ ਘਰੇਲੂ ਜੰਗਾਂ ਨੇ ਅਣਕਹੇ ਕਸ਼ਟ ਦਿੱਤੇ ਹਨ। ਸਰਕਾਰ ਦੁਆਰਾ ਮੌਤ (ਅੰਗ੍ਰੇਜ਼ੀ) ਪੁਸਤਕ ਕਹਿੰਦੀ ਹੈ ਕਿ ਲੜਾਈਆਂ, ਨਸਲੀ ਅਤੇ ਧਾਰਮਿਕ ਲੜਾਈ-ਝਗੜਿਆਂ, ਅਤੇ ਸਰਕਾਰਾਂ ਦੁਆਰਾ ਆਪਣੇ ਨਾਗਰਿਕਾਂ ਦੇ ਸਮੂਹਕ ਕਤਲ ਨੇ “ਇਸ ਸਦੀ ਵਿਚ 20 ਕਰੋੜ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕੀਤੀ ਹੈ।” ਇਹ ਅੱਗੇ ਕਹਿੰਦੀ ਹੈ: “ਸੰਭਵ ਤੌਰ ਤੇ ਮਿਰਤਕਾਂ ਦੀ ਗਿਣਤੀ 36 ਕਰੋੜ ਦੇ ਲਗਭਗ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਸਾਡੀ ਮਨੁੱਖਜਾਤੀ ਨੂੰ ਕਿਸੇ ਭਿਆਨਕ ਮਹਾਂਮਾਰੀ ਨੇ ਤਬਾਹ ਕੀਤਾ ਹੈ। ਅਤੇ ਸੱਚ-ਮੁੱਚ ਇਹ ਤਬਾਹ ਹੋਈ ਹੈ, ਪਰੰਤੂ ਤਾਕਤ ਦੀ ਇਕ ਮਹਾਂਮਾਰੀ ਦੁਆਰਾ, ਨਾ ਕਿ ਰੋਗਾਣੂਆਂ ਦੁਆਰਾ।” ਲੇਖਕ ਰਿਚਰਡ ਹਾਰਵੁਡ ਨੇ ਟਿੱਪਣੀ ਕੀਤੀ: “ਬੀਤੀਆਂ ਸਦੀਆਂ ਦੀਆਂ ਵਹਿਸ਼ੀ ਲੜਾਈਆਂ ਇਸ ਦੇ ਮੁਕਾਬਲੇ ਕੁਝ ਵੀ ਨਹੀਂ ਸਨ।”—ਮੱਤੀ 24:6, 7; ਪਰਕਾਸ਼ ਦੀ ਪੋਥੀ 6:4.
5, 6. ਕਿਹੜੀਆਂ ਗੱਲਾਂ ਸਾਡੇ ਸਮੇਂ ਨੂੰ ਇੰਨਾ ਦੁਖਦਾਈ ਬਣਾਉਂਦੀਆਂ ਹਨ?
5 ਹਾਲ ਹੀ ਦੇ ਸਾਲਾਂ ਦੀਆਂ ਦੁਖਦਾਈ ਹਾਲਤਾਂ ਤੋਂ ਇਲਾਵਾ ਹਿੰਸਕ ਅਪਰਾਧਾਂ, ਅਨੈਤਿਕਤਾ, ਅਤੇ ਪਰਿਵਾਰਕ ਫੁੱਟਾਂ ਵਿਚ ਭਾਰੀ ਵਾਧਾ ਹੋਇਆ ਹੈ। ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਵਿਦਿਆ ਸਕੱਤਰ ਵਿਲਿਅਮ ਬੈਨੱਟ ਨੇ ਨੋਟ ਕੀਤਾ ਕਿ 30 ਸਾਲਾਂ ਵਿਚ ਯੂ. ਐੱਸ. ਦੀ ਜਨ-ਸੰਖਿਆ 41 ਪ੍ਰਤਿਸ਼ਤ ਵਧੀ, ਪਰੰਤੂ ਹਿੰਸਕ ਅਪਰਾਧ 560 ਪ੍ਰਤਿਸ਼ਤ, ਨਾਜਾਇਜ਼ ਜਨਮ 400 ਪ੍ਰਤਿਸ਼ਤ, ਤਲਾਕ 300 ਪ੍ਰਤਿਸ਼ਤ, ਅਤੇ ਕਿਸ਼ੋਰਾਂ ਵਿਚ ਆਤਮ-ਹੱਤਿਆ 200 ਪ੍ਰਤਿਸ਼ਤ ਦੀ ਦਰ ਨਾਲ ਵਧੀ ਹੈ। ਪ੍ਰਿੰਸਟਨ ਯੂਨੀਵਰਸਿਟੀ ਪ੍ਰੋਫ਼ੈਸਰ ਜੌਨ ਡਿਲੂਲੀਯੂ, ਜੂਨੀਅਰ, ਨੇ ਜਵਾਨ “ਮਹਾਂ-ਲੁਟੇਰਿਆਂ,” ਵਿਚ ਵਾਧੇ ਦੀ ਚੇਤਾਵਨੀ ਦਿੱਤੀ ਜੋ “ਕਤਲ ਕਰਦੇ, ਹਮਲਾ ਕਰਦੇ, ਬਲਾਤਕਾਰ ਕਰਦੇ, ਡਾਕੇ ਮਾਰਦੇ, ਸੰਨ੍ਹ ਮਾਰਦੇ ਅਤੇ ਗੰਭੀਰ ਜਨਤਕ ਗੜਬੜੀਆਂ ਫੈਲਾਉਂਦੇ ਹਨ। ਉਹ ਗਿਰਫ਼ਤਾਰੀ ਦੇ ਕਲੰਕ, ਕੈਦ ਦੇ ਦੁੱਖਾਂ, ਜਾਂ ਅੰਤਹਕਰਣ ਦੀ ਪੀੜਾ ਤੋਂ ਨਹੀਂ ਡਰਦੇ ਹਨ।” ਉਸ ਦੇਸ਼ ਵਿਚ, 15 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਦੀ ਮੌਤ ਦਾ ਦੂਜਾ ਕਾਰਨ ਕਤਲ ਹੈ। ਅਤੇ ਚਾਰ ਸਾਲ ਦੀ ਉਮਰ ਤੋਂ ਛੋਟੇ ਬੱਚੇ ਬੀਮਾਰੀਆਂ ਨਾਲੋਂ ਜ਼ਿਆਦਾ ਬਦਸਲੂਕੀ ਕਰਕੇ ਮਰਦੇ ਹਨ।
6 ਅਜਿਹਾ ਅਪਰਾਧ ਅਤੇ ਹਿੰਸਾ ਕੇਵਲ ਇਕ ਕੌਮ ਤਕ ਹੀ ਸੀਮਿਤ ਨਹੀਂ ਹਨ। ਜ਼ਿਆਦਾਤਰ ਦੇਸ਼ ਸਮਾਨ ਪ੍ਰਵਿਰਤੀਆਂ ਦੀ ਰਿਪੋਰਟ ਕਰਦੇ ਹਨ। ਨਾਜਾਇਜ਼ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਜੋ ਲੱਖਾਂ ਨੂੰ ਭ੍ਰਿਸ਼ਟ ਕਰਦੀ ਹੈ ਵੀ ਇਸ ਵਿਚ ਹਿੱਸਾ ਪਾਉਂਦੀ ਹੈ। ਆਸਟ੍ਰੇਲੀਆ ਦੀ ਸਿਡਨੀ ਮਾਰਨਿੰਗ ਹੈਰਲਡ ਨੇ ਕਿਹਾ: “ਕੌਮਾਂਤਰੀ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਹਥਿਆਰਾਂ ਦੇ ਕਾਰੋਬਾਰ ਤੋਂ ਬਾਅਦ ਸੰਸਾਰ ਦਾ ਦੂਜਾ ਸਭ ਤੋਂ ਵੱਧ ਕਮਾਈ ਵਾਲਾ ਕਾਰੋਬਾਰ ਬਣ ਗਿਆ ਹੈ।” ਇਕ ਦੂਸਰਾ ਕਾਰਨ ਹੈ ਹਿੰਸਾ ਅਤੇ ਅਨੈਤਿਕਤਾ, ਜੋ ਹੁਣ ਟੈਲੀਵਿਯਨ ਉੱਤੇ ਖੁੱਲ੍ਹੇ-ਆਮ ਦਿਖਾਈਆਂ ਜਾਂਦੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿਚ, ਬੱਚਾ ਜਦੋਂ 18 ਸਾਲ ਦੀ ਉਮਰ ਤਕ ਪਹੁੰਚਦਾ ਹੈ, ਉਹ ਟੀ. ਵੀ. ਉੱਤੇ ਹਿੰਸਾ ਅਤੇ ਅਨੈਤਿਕਤਾ ਦੇ ਹਜ਼ਾਰਾਂ ਹੀ ਸੀਨ ਦੇਖ ਚੁੱਕਾ ਹੁੰਦਾ ਹੈ। ਇਹ ਇਕ ਅਹਿਮ ਭ੍ਰਿਸ਼ਟ ਪ੍ਰਭਾਵ ਹੈ, ਕਿਉਂਕਿ ਸਾਡਾ ਵਿਅਕਤਿੱਤਵ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਅਸੀਂ ਆਪਣੇ ਮਨਾਂ ਵਿਚ ਲਗਾਤਾਰ ਭਰਦੇ ਹਾਂ।—ਰੋਮੀਆਂ 12:2; ਅਫ਼ਸੀਆਂ 5:3, 4.
7. ਬਾਈਬਲ ਦੀ ਭਵਿੱਖਬਾਣੀ ਨੇ ਕਿਸ ਤਰ੍ਹਾਂ ਪਹਿਲਾਂ ਹੀ ਵਰਤਮਾਨ ਬੁਰੇ ਹਾਲਾਤਾਂ ਬਾਰੇ ਦੱਸ ਦਿੱਤਾ ਸੀ?
7 ਬਾਈਬਲ ਭਵਿੱਖਬਾਣੀ ਨੇ ਸਾਡੀ ਸਦੀ ਵਿਚ ਘਟਨਾਵਾਂ ਦੇ ਇਸ ਭਿਆਨਕ ਪ੍ਰਵਿਰਤੀ ਬਾਰੇ ਪਹਿਲਾਂ ਹੀ ਸਹੀ ਸਹੀ ਦੱਸਿਆ ਸੀ। ਇਸ ਨੇ ਦੱਸਿਆ ਕਿ ਵਿਸ਼ਵ-ਵਿਆਪੀ ਲੜਾਈਆਂ, ਮਹਾਂਮਾਰੀਆਂ, ਕਾਲ, ਅਤੇ ਕੁਧਰਮ ਦਾ ਵਾਧਾ ਹੋਵੇਗਾ। (ਮੱਤੀ 24:7-12; ਲੂਕਾ 21:10, 11) ਅਤੇ ਜਦੋਂ ਅਸੀਂ 2 ਤਿਮੋਥਿਉਸ 3:1-5 ਵਿਚ ਦਰਜ ਕੀਤੀ ਭਵਿੱਖਬਾਣੀ ਤੇ ਵਿਚਾਰ ਕਰਦੇ ਹਾਂ, ਤਾਂ ਇਹ ਰੋਜ਼ਾਨਾ ਦੀਆਂ ਖ਼ਬਰਾਂ ਸੁਣਨ ਦੇ ਬਰਾਬਰ ਹੈ। ਇਹ ਸਾਡੇ ਯੁਗ ਦੀ ਪਛਾਣ “ਅੰਤ ਦਿਆਂ ਦਿਨਾਂ” ਵਜੋਂ ਕਰਦੀ ਹੈ ਅਤੇ ਲੋਕਾਂ ਦਾ ਵਰਣਨ ‘ਆਪ ਸੁਆਰਥੀ, ਮਾਇਆ ਦੇ ਲੋਭੀ, ਮਾਪਿਆਂ ਦੇ ਅਣਆਗਿਆਕਾਰ, ਅਪਵਿੱਤਰ, ਨਿਰਮੋਹ, ਅਸੰਜਮੀ, ਕਰੜੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ’ ਵਜੋਂ ਕਰਦੀ ਹੈ। ਸੰਸਾਰ ਅੱਜ ਬਿਲਕੁਲ ਇਸੇ ਤਰ੍ਹਾਂ ਦਾ ਹੈ। ਜਿਵੇਂ ਵਿਲੀਅਮ ਬੈਨੱਟ ਨੇ ਸਵੀਕਾਰ ਕੀਤਾ: “ਸਭਿਅਤਾ ਦੇ ਭ੍ਰਿਸ਼ਟ ਹੋ ਜਾਣ ਦੇ . . . ਬਹੁਤ ਸਾਰੇ ਚਿੰਨ੍ਹ ਹਨ।” ਇਹ ਵੀ ਕਿਹਾ ਜਾਂਦਾ ਹੈ ਕਿ ਸਭਿਅਤਾ ਪਹਿਲੇ ਵਿਸ਼ਵ ਯੁੱਧ ਨਾਲ ਖ਼ਤਮ ਹੋ ਗਈ ਸੀ।
8. ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਜਲ-ਪਰਲੋ ਕਿਉਂ ਲਿਆਂਦੀ, ਅਤੇ ਇਹ ਸਾਡੇ ਸਮੇਂ ਨਾਲ ਕਿਵੇਂ ਸੰਬੰਧ ਰੱਖਦੀ ਹੈ?
8 ਨੂਹ ਦੇ ਦਿਨਾਂ ਦੀ ਜਲ-ਪਰਲੋ ਤੋਂ ਪਹਿਲਾਂ ਦੇ ਹਾਲਾਤਾਂ ਨਾਲੋਂ ਜਦੋਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ,” ਹੁਣ ਹਾਲਾਤ ਜ਼ਿਆਦਾ ਬਦਤਰ ਹਨ। ਉਸ ਵੇਲੇ, ਲੋਕਾਂ ਨੇ ਸਾਧਾਰਣ ਤੌਰ ਤੇ ਆਪਣੇ ਬੁਰਿਆਂ ਕੰਮਾਂ ਤੋਂ ਪਛਤਾਵਾ ਕਰਨ ਤੋਂ ਇਨਕਾਰ ਕੀਤਾ ਸੀ। ਇਸ ਕਰਕੇ, ਪਰਮੇਸ਼ੁਰ ਨੇ ਕਿਹਾ: ‘ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਨਾਸ ਕਰਾਂਗਾ।’ ਜਲ-ਪਰਲੋ ਨੇ ਉਸ ਹਿੰਸਕ ਸੰਸਾਰ ਦਾ ਨਾਸ਼ ਕੀਤਾ।—ਉਤਪਤ 6:11, 13; 7:17-24.
ਮਨੁੱਖਾਂ ਦੁਆਰਾ ਮੁਕਤੀ ਨਹੀਂ
9, 10. ਮੁਕਤੀ ਪ੍ਰਾਪਤ ਕਰਨ ਲਈ ਸਾਨੂੰ ਮਨੁੱਖਾਂ ਵੱਲ ਕਿਉਂ ਨਹੀਂ ਦੇਖਣਾ ਚਾਹੀਦਾ ਹੈ?
9 ਕੀ ਮਨੁੱਖੀ ਜਤਨ ਸਾਨੂੰ ਇਨ੍ਹਾਂ ਬੁਰੀਆਂ ਹਾਲਤਾਂ ਤੋਂ ਮੁਕਤ ਕਰਾ ਸਕਦੇ ਹਨ? ਪਰਮੇਸ਼ੁਰ ਦਾ ਬਚਨ ਉੱਤਰ ਦਿੰਦਾ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਜ਼ਬੂਰ 146:3; ਯਿਰਮਿਯਾਹ 10:23) ਇਤਿਹਾਸ ਦੇ ਹਜ਼ਾਰਾਂ ਸਾਲਾਂ ਨੇ ਇਨ੍ਹਾਂ ਸੱਚਾਈਆਂ ਨੂੰ ਠੀਕ ਸਾਬਤ ਕੀਤਾ ਹੈ। ਮਨੁੱਖਾਂ ਨੇ ਹਰ ਕਲਪਨਾਯੋਗ ਰਾਜਨੀਤਿਕ, ਆਰਥਿਕ, ਅਤੇ ਸਮਾਜਕ ਪ੍ਰਣਾਲੀ ਅਜ਼ਮਾ ਕੇ ਦੇਖ ਲਈ ਹੈ, ਪਰੰਤੂ ਹਾਲਾਤ ਵਿਗੜਦੇ ਹੀ ਜਾਂਦੇ ਹਨ। ਜੇਕਰ ਕੋਈ ਮਨੁੱਖੀ ਹੱਲ ਹੁੰਦਾ, ਤਾਂ ਇਹ ਹੁਣ ਤਕ ਪ੍ਰਤੱਖ ਹੋ ਗਿਆ ਹੁੰਦਾ। ਇਸ ਦੀ ਬਜਾਇ, ਅਸਲੀਅਤ ਇਹ ਹੈ ਕਿ “ਇਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9; ਕਹਾਉਤਾਂ 29:2; ਯਿਰਮਿਯਾਹ 17:5, 6.
10 ਕੁਝ ਸਾਲ ਪਹਿਲਾਂ, ਯੂ. ਐੱਸ. ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੈਬੀਗਨੀਵ ਬਰੈਜ਼ੀਨਸਕੀ ਨੇ ਕਿਹਾ: “ਸੰਸਾਰਕ ਪ੍ਰਵਿਰਤੀਆਂ ਦੇ ਨਿਰਪੱਖ ਵਿਸ਼ਲੇਸ਼ਣ ਦਾ ਨਾ-ਟਾਲਣਯੋਗ ਸਿੱਟਾ ਇਹ ਹੈ ਕਿ ਸਮਾਜਕ ਗੜਬੜ, ਰਾਜਨੀਤਿਕ ਅਸ਼ਾਂਤੀ, ਆਰਥਿਕ ਸੰਕਟ, ਅਤੇ ਕੌਮਾਂਤਰੀ ਲਾਗਬਾਜ਼ੀ ਸੰਭਵ ਤੌਰ ਤੇ ਹੋਰ ਵਿਆਪਕ ਹੋ ਜਾਵੇਗੀ।” ਉਸ ਨੇ ਅੱਗੇ ਕਿਹਾ: “ਇਸ ਵੇਲੇ ਮਨੁੱਖਜਾਤੀ ਵਿਸ਼ਵ-ਵਿਆਪੀ ਅਰਾਜਕਤਾ ਦੇ ਖ਼ਤਰੇ ਦਾ ਸਾਮ੍ਹਣਾ ਕਰ ਰਹੀ ਹੈ।” ਸੰਸਾਰ ਦੇ ਹਾਲਾਤ ਦਾ ਇਹ ਮੁਲਾਂਕਣ ਅੱਜ ਹੋਰ ਵੀ ਜ਼ਿਆਦਾ ਉਚਿਤ ਹੈ। ਇਸ ਹਿੰਸਾ ਭਰਪੂਰ ਯੁਗ ਤੇ ਟਿੱਪਣੀ ਕਰਦੇ ਹੋਏ, ਨਿਊ ਹੈਵਨ, ਕੋਨੈਕਟੀਕਟ, ਵਿਚ ਇਕ ਸੰਪਾਦਕੀ ਲੇਖ, ਰਿਜ਼ਿਸਟਰ ਨੇ ਐਲਾਨ ਕੀਤਾ: “ਅਸੀਂ ਐਨੇ ਅੱਗੇ ਨਿਕਲ ਗਏ ਜਾਪਦੇ ਹਾਂ ਕਿ ਠਹਿਰਨ ਦੇ ਜੋਗ ਨਹੀਂ ਹਾਂ।” ਨਹੀਂ, ਇਸ ਸੰਸਾਰ ਦੀ ਗਿਰਾਵਟ ਵਿਚ ਕੋਈ ਠਹਿਰਾਓ ਨਹੀਂ ਹੋਵੇਗਾ, ਕਿਉਂਕਿ ਇਨ੍ਹਾਂ “ਅੰਤ ਦਿਆਂ ਦਿਨਾਂ” ਬਾਰੇ ਭਵਿੱਖਬਾਣੀ ਨੇ ਇਹ ਵੀ ਕਿਹਾ ਸੀ: “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।”—2 ਤਿਮੋਥਿਉਸ 3:13.
11. ਬਦਤਰ ਹੁੰਦੇ ਹਾਲਾਤ ਮਨੁੱਖੀ ਜਤਨਾਂ ਨਾਲ ਪਿੱਛੇ ਵੱਲ ਨੂੰ ਕਿਉਂ ਨਹੀਂ ਮੋੜੇ ਜਾਣਗੇ?
11 ਮਨੁੱਖ ਇਨ੍ਹਾਂ ਪ੍ਰਵਿਰਤੀਆਂ ਨੂੰ ਪਿੱਛੇ ਵੱਲ ਮੋੜ ਨਹੀਂ ਸਕਦੇ ਕਿਉਂਕਿ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੈ। (2 ਕੁਰਿੰਥੀਆਂ 4:4) ਜੀ ਹਾਂ, “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19; ਨਾਲੇ ਦੇਖੋ ਯੂਹੰਨਾ 14:30.) ਬਾਈਬਲ ਸਾਡੇ ਦਿਨ ਬਾਰੇ ਬਿਲਕੁਲ ਠੀਕ ਕਹਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਸ਼ਤਾਨ ਜਾਣਦਾ ਹੈ ਕਿ ਉਸ ਦਾ ਰਾਜ ਅਤੇ ਉਸ ਦਾ ਸੰਸਾਰ ਖ਼ਤਮ ਹੋਣ ਵਾਲਾ ਹੈ, ਇਸ ਕਰਕੇ ਉਹ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!”—1 ਪਤਰਸ 5:8.
ਮੁਕਤੀ ਨੇੜੇ ਹੈ—ਕਿਨ੍ਹਾਂ ਲਈ?
12. ਕਿਨ੍ਹਾਂ ਲਈ ਮੁਕਤੀ ਨੇੜੇ ਹੈ?
12 ਧਰਤੀ ਉੱਤੇ ਮੁਸ਼ਕਲ ਹਾਲਾਤ ਦਾ ਵਾਧਾ ਉੱਘੜਵਾਂ ਪ੍ਰਮਾਣ ਹੈ ਕਿ ਇਕ ਵਿਸ਼ਾਲ ਪਰਿਵਰਤਨ—ਸੱਚ-ਮੁੱਚ, ਇਕ ਮਹਾਨ ਮੁਕਤੀ— ਨੇੜੇ ਹੈ! ਕਿਨ੍ਹਾਂ ਲਈ? ਮੁਕਤੀ ਉਨ੍ਹਾਂ ਲਈ ਨੇੜੇ ਹੈ ਜਿਹੜੇ ਚੇਤਾਵਨੀ ਚਿੰਨ੍ਹਾਂ ਪ੍ਰਤੀ ਖ਼ਬਰਦਾਰ ਰਹਿੰਦੇ ਹਨ ਅਤੇ ਜਿਹੜੇ ਢੁਕਵੀਂ ਕਾਰਵਾਈ ਕਰਦੇ ਹਨ। ਪਹਿਲਾ ਯੂਹੰਨਾ 2:17 ਦਿਖਾਉਂਦਾ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ: “ਸੰਸਾਰ [ਸ਼ਤਾਨ ਦੀ ਰੀਤੀ-ਵਿਵਸਥਾ] ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (ਟੇਢੇ ਟਾਈਪ ਸਾਡੇ।)—ਨਾਲੇ ਦੇਖੋ 2 ਪਤਰਸ 3:10-13.
13, 14. ਯਿਸੂ ਨੇ ਜਾਗਦੇ ਰਹਿਣ ਦੀ ਜ਼ਰੂਰਤ ਤੇ ਕਿਸ ਤਰ੍ਹਾਂ ਜ਼ੋਰ ਦਿੱਤਾ ਸੀ?
13 ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਦਾ ਭ੍ਰਿਸ਼ਟ ਸਮਾਜ ਜਲਦੀ ਹੀ ਅਜਿਹੇ ਕਸ਼ਟ ਦੇ ਸਮੇਂ ਵਿਚ ਸੰਬਰਇਆ ਜਾਣਾ ਹੈ “ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਇਸੇ ਕਰਕੇ ਉਸ ਨੇ ਖ਼ਬਰਦਾਰ ਕੀਤਾ ਸੀ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਨਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ।”—ਲੂਕਾ 21:34-36.
14 ਜਿਹੜੇ ‘ਖਬਰਦਾਰ ਰਹਿੰਦੇ’ ਅਤੇ ‘ਜਾਗਦੇ ਰਹਿੰਦੇ’ ਹਨ ਉਹ ਪਰਮੇਸ਼ੁਰ ਦੀ ਇੱਛਾ ਭਾਲਣਗੇ ਅਤੇ ਉਸ ਨੂੰ ਪੂਰਾ ਕਰਨਗੇ। (ਕਹਾਉਤਾਂ 2:1-5; ਰੋਮੀਆਂ 12:2) ਇਹ ਉਹ ਹਨ ਜਿਹੜੇ ਸ਼ਤਾਨ ਦੀ ਵਿਵਸਥਾ ਤੇ ਜਲਦੀ ਹੀ ਆਉਣ ਵਾਲੇ ਨਾਸ਼ ਤੋਂ ‘ਬਚ ਸਕਣਗੇ।’ ਅਤੇ ਉਹ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਉਹ ਮੁਕਤ ਕੀਤੇ ਜਾਣਗੇ।—ਜ਼ਬੂਰ 34:15; ਕਹਾਉਤਾਂ 10:28-30.
ਪ੍ਰਧਾਨ ਮੁਕਤੀਦਾਤਾ
15, 16. ਪ੍ਰਧਾਨ ਮੁਕਤੀਦਾਤਾ ਕੋਣ ਹੈ, ਅਤੇ ਅਸੀਂ ਕਿਉਂ ਯਕੀਨੀ ਹਾਂ ਕਿ ਉਸ ਦੇ ਨਿਆਂ ਧਰਮੀ ਹੋਣਗੇ?
15 ਪਰਮੇਸ਼ੁਰ ਦੇ ਸੇਵਕਾਂ ਨੂੰ ਮੁਕਤ ਕੀਤੇ ਜਾਣ ਲਈ, ਸ਼ਤਾਨ ਅਤੇ ਉਸ ਦੀ ਪੂਰੀ ਰੀਤੀ-ਵਿਵਸਥਾ ਨੂੰ ਹਟਾਉਣ ਦੀ ਲੋੜ ਹੈ। ਇਸ ਲਈ ਮੁਕਤੀ ਦੇ ਅਜਿਹੇ ਇਕ ਸੋਮੇ ਦੀ ਜ਼ਰੂਰਤ ਹੈ ਜੋ ਮਨੁੱਖਾਂ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੋਵੇ। ਉਹ ਸੋਮਾ ਯਹੋਵਾਹ ਪਰਮੇਸ਼ੁਰ ਹੈ, ਜੋ ਸਰਬਸੱਤਾਵਾਨ ਹੈ, ਅਤੇ ਹੈਰਾਨਕੁਨ ਵਿਸ਼ਵ-ਮੰਡਲ ਦਾ ਸਰਬਸ਼ਕਤੀਮਾਨ ਸ੍ਰਿਸ਼ਟੀਕਰਤਾ ਹੈ। ਉਹ ਪ੍ਰਧਾਨ ਮੁਕਤੀਦਾਤਾ ਹੈ: “ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ।”—ਯਸਾਯਾਹ 43:11; ਕਹਾਉਤਾਂ 18:10.
16 ਯਹੋਵਾਹ ਵਿਚ ਹੱਦ ਦਰਜੇ ਦੀ ਤਾਕਤ, ਬੁੱਧੀ, ਨਿਆਂ ਅਤੇ ਪਿਆਰ ਹੈ। (ਜ਼ਬੂਰ 147:5; ਕਹਾਉਤਾਂ 2:6; ਯਸਾਯਾਹ 61:8; 1 ਯੂਹੰਨਾ 4:8) ਇਸ ਕਰਕੇ ਜਦੋਂ ਉਹ ਆਪਣਾ ਨਿਆਂ ਲਾਗੂ ਕਰੇਗਾ, ਤਾਂ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਉਸ ਦੇ ਕੰਮ ਧਰਮੀ ਹੋਣਗੇ। ਅਬਰਾਹਾਮ ਨੇ ਪੁੱਛਿਆ: “ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” (ਉਤਪਤ 18:24-33) ਪੌਲੁਸ ਬੋਲ ਉਠਿਆ: “ਭਲਾ, ਪਰਮੇਸ਼ੁਰ ਕੋਲੋਂ ਕੁਨਿਆਉਂ ਹੁੰਦਾ ਹੈ? ਕਦੇ ਨਹੀਂ!” (ਰੋਮੀਆਂ 9:14) ਯੂਹੰਨਾ ਨੇ ਲਿਖਿਆ: “ਹੇ ਪ੍ਰਭੁ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਜਥਾਰਥ ਹਨ!।”—ਪਰਕਾਸ਼ ਦੀ ਪੋਥੀ 16:7.
17. ਪੁਰਾਣੇ ਸਮਿਆਂ ਵਿਚ ਯਹੋਵਾਹ ਦੇ ਸੇਵਕਾਂ ਨੇ ਉਸ ਦੇ ਵਾਅਦਿਆਂ ਵਿਚ ਕਿਸ ਤਰ੍ਹਾਂ ਭਰੋਸਾ ਰੱਖਿਆ?
17 ਜਦੋਂ ਯਹੋਵਾਹ ਮੁਕਤੀ ਦਾ ਵਾਅਦਾ ਕਰਦਾ ਹੈ, ਤਾਂ ਉਹ ਜ਼ਰੂਰ ਇਸ ਨੂੰ ਪੂਰਾ ਕਰੇਗਾ। ਯਹੋਸ਼ੁਆ ਨੇ ਕਿਹਾ: ‘ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ।’ (ਯਹੋਸ਼ੁਆ 21:45) ਸੁਲੇਮਾਨ ਨੇ ਬਿਆਨ ਕੀਤਾ: ‘ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਕੀਤਾ ਇੱਕ ਵੀ ਗੱਲ ਸੱਖਣੀ ਨਾ ਗਈ।’ (1 ਰਾਜਿਆਂ 8:56) ਪੌਲੁਸ ਰਸੂਲ ਨੇ ਲਿਖਿਆ ਕਿ ਅਬਰਾਹਾਮ ਨੇ “ਬੇਪਰਤੀਤ ਨਾਲ ਸ਼ੰਕਾ ਨਾ ਕੀਤੀ . . . ਉਹ ਨੂੰ ਪੱਕੀ ਨਿਹਚਾ ਸੀ ਭਈ ਜਿਹ ਦਾ [ਪਰਮੇਸ਼ੁਰ] ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।” ਸਾਰਾਹ ਨੇ ਵੀ “ਵਾਇਦਾ ਕਰਨ ਵਾਲੇ [ਪਰਮੇਸ਼ੁਰ] ਨੂੰ ਵਫ਼ਾਦਾਰ ਜਾਣਿਆ।”—ਰੋਮੀਆਂ 4:20, 21; ਇਬਰਾਨੀਆਂ 11:11.
18. ਅੱਜ ਯਹੋਵਾਹ ਦੇ ਸੇਵਕ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਉਹ ਮੁਕਤ ਕੀਤੇ ਜਾਣਗੇ?
18 ਮਨੁੱਖਾਂ ਤੋਂ ਭਿੰਨ, ਯਹੋਵਾਹ ਪੂਰਾ ਭਰੋਸੇਯੋਗ ਹੈ, ਆਪਣੇ ਵਚਨ ਦਾ ਪੱਕਾ ਹੈ। “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਏਆ, ਤਿਵੇਂ ਉਹ ਕਾਇਮ ਰਹੇਗਾ।” (ਯਸਾਯਾਹ 14:24) ਇਸ ਕਰਕੇ ਜਦੋਂ ਬਾਈਬਲ ਕਹਿੰਦੀ ਹੈ ਕਿ “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ,” ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਜ਼ਰੂਰ ਹੋਵੇਗਾ। (2 ਪਤਰਸ 2:9) ਤਾਕਤਵਰ ਦੁਸ਼ਮਣਾਂ ਦੁਆਰਾ ਖ਼ਤਰੇ ਵਿਚ ਹੋਣ ਤੇ ਵੀ, ਯਹੋਵਾਹ ਦੇ ਸੇਵਕ ਉਸ ਦੇ ਰਵੱਈਏ ਕਾਰਨ ਹੌਸਲਾ ਰੱਖਦੇ ਹਨ ਜਿਹੜਾ ਕਿ ਉਸ ਦੁਆਰਾ ਆਪਣੇ ਇਕ ਨਬੀ ਨਾਲ ਕੀਤੇ ਵਾਅਦੇ ਤੋਂ ਨਜ਼ਰ ਆਉਂਦਾ ਹੈ: “ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।”—ਯਿਰਮਿਯਾਹ 1:19; ਜ਼ਬੂਰ 33:18, 19; ਤੀਤੁਸ 1:2.
ਬੀਤੇ ਸਮੇਂ ਵਿਚ ਮੁਕਤੀ
19. ਯਹੋਵਾਹ ਨੇ ਲੂਤ ਨੂੰ ਕਿਸ ਤਰ੍ਹਾਂ ਮੁਕਤ ਕੀਤਾ ਸੀ, ਅਤੇ ਸਾਡੇ ਸਮੇਂ ਲਈ ਇਸ ਦਾ ਕੀ ਸਮਾਨਾਂਤਰ ਹੈ?
19 ਅਸੀਂ ਯਹੋਵਾਹ ਦੁਆਰਾ ਪਹਿਲਾਂ ਕੀਤੇ ਗਏ ਬਚਾਉ ਕੰਮਾਂ ਨੂੰ ਯਾਦ ਕਰ ਕੇ ਕਾਫ਼ੀ ਹੌਸਲਾ ਪ੍ਰਾਪਤ ਕਰ ਸਕਦੇ ਹਾਂ। ਉਦਾਹਰਣ ਲਈ, ਲੂਤ ਸਦੂਮ ਅਤੇ ਅਮੂਰਾਹ ਦੀ ਦੁਸ਼ਟਤਾ ਤੋਂ “ਜਿੱਚ ਹੁੰਦਾ ਸੀ।” ਪਰੰਤੂ ਯਹੋਵਾਹ ਨੇ ਉਨ੍ਹਾਂ ਦੋ ਸ਼ਹਿਰਾਂ ਦੇ ‘ਰੌਲੇ’ ਵੱਲ ਧਿਆਨ ਦਿੱਤਾ। ਠੀਕ ਸਮੇਂ ਤੇ, ਉਸ ਨੇ ਆਪਣੇ ਦੂਤਾਂ ਨੂੰ ਲੂਤ ਅਤੇ ਉਸ ਦੇ ਪਰਿਵਾਰ ਨੂੰ ਉਸ ਇਲਾਕੇ ਵਿੱਚੋਂ ਤੁਰੰਤ ਨਿਕਲ ਜਾਣ ਲਈ ਤਾਕੀਦ ਕਰਨ ਲਈ ਘੱਲਿਆ। ਨਤੀਜਾ? ਯਹੋਵਾਹ ਨੇ “ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ” ਦੁਆਰਾ ‘ਲੂਤ ਨੂੰ ਜਿਹੜਾ ਧਰਮੀ ਸੀ ਬਚਾ ਲਿਆ।’ (2 ਪਤਰਸ 2:6-8; ਉਤਪਤ 18:20, 21) ਅੱਜ ਵੀ, ਯਹੋਵਾਹ ਇਸ ਸੰਸਾਰ ਦੀ ਘੋਰ ਦੁਸ਼ਟਤਾ ਦੇ ਰੌਲੇ ਵੱਲ ਧਿਆਨ ਦਿੰਦਾ ਹੈ। ਜਦੋਂ ਉਸ ਦੇ ਆਧੁਨਿਕ ਦਿਨ ਦੇ ਸੰਦੇਸ਼ਵਾਹਕ ਆਪਣੇ ਜ਼ਰੂਰੀ ਗਵਾਹੀ ਕਾਰਜ ਨੂੰ ਉਸ ਦੀ ਇੱਛਾ ਅਨੁਸਾਰ ਪੂਰਾ ਕਰ ਲੈਣਗੇ, ਤਦ ਉਹ ਇਸ ਸੰਸਾਰ ਵਿਰੁੱਧ ਕਾਰਵਾਈ ਕਰੇਗਾ ਅਤੇ ਜਿਸ ਤਰ੍ਹਾਂ ਉਸ ਨੇ ਲੂਤ ਨੂੰ ਮੁਕਤ ਕੀਤਾ ਸੀ, ਆਪਣੇ ਸੇਵਕਾਂ ਨੂੰ ਵੀ ਮੁਕਤ ਕਰੇਗਾ।—ਮੱਤੀ 24:14.
20. ਯਹੋਵਾਹ ਵੱਲੋਂ ਮਿਸਰ ਤੋਂ ਪੁਰਾਣੇ ਇਸਰਾਏਲ ਦੀ ਮੁਕਤੀ ਦਾ ਵਰਣਨ ਕਰੋ।
20 ਪੁਰਾਣੇ ਮਿਸਰ ਵਿਚ ਪਰਮੇਸ਼ੁਰ ਦੇ ਲੱਖਾਂ ਲੋਕ ਗ਼ੁਲਾਮ ਸਨ। ਯਹੋਵਾਹ ਨੇ ਉਨ੍ਹਾਂ ਬਾਰੇ ਕਿਹਾ: ‘ਮੈਂ . . . ਉਨ੍ਹਾਂ ਦੀ ਦੁਹਾਈ ਸੁਣੀ . . . ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਛੁਡਾਵਾਂ।’ (ਕੂਚ 3:7, 8) ਪਰੰਤੂ, ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਣ ਤੋਂ ਬਾਅਦ, ਫ਼ਿਰਊਨ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੀ ਸ਼ਕਤੀਸ਼ਾਲੀ ਫ਼ੌਜ ਨਾਲ ਉਨ੍ਹਾਂ ਦਾ ਪਿੱਛਾ ਕੀਤਾ। ਇਸਰਾਏਲੀ ਲਾਲ ਸਮੁੰਦਰ ਦੇ ਕੰਢੇ ਉੱਤੇ ਫਸ ਗਏ ਲੱਗਦੇ ਸੀ। ਫਿਰ ਵੀ ਮੂਸਾ ਨੇ ਕਿਹਾ: “ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ।” (ਕੂਚ 14:8-14) ਯਹੋਵਾਹ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡਿਆ, ਅਤੇ ਇਸਰਾਏਲੀ ਬਚ ਕੇ ਨਿਕਲ ਗਏ। ਫ਼ਿਰਊਨ ਦੀਆਂ ਫ਼ੌਜਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਪਰੰਤੂ ਯਹੋਵਾਹ ਨੇ ਆਪਣੀ ਤਾਕਤ ਇਸਤੇਮਾਲ ਕੀਤੀ ਤੇ “ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਓਹ ਸਿੱਕੇ ਵਾਂਙੁ ਮਹਾ ਜਲ ਵਿੱਚ ਡੁੱਬ ਗਏ।” ਇਸ ਦੇ ਬਾਅਦ, ਮੂਸਾ ਨੇ ਗੀਤ ਵਿਚ ਯਹੋਵਾਹ ਦੀ ਪ੍ਰਸ਼ੰਸਾ ਕੀਤੀ: “ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?”—ਕੂਚ 15:4-12, 19.
21. ਯਹੋਵਾਹ ਦੇ ਲੋਕ ਅੰਮੋਨ, ਮੋਆਬ, ਅਤੇ ਸੇਈਰ ਤੋਂ ਕਿਵੇਂ ਬਚਾਏ ਗਏ ਸਨ?
21 ਇਕ ਹੋਰ ਮੌਕੇ ਤੇ, ਅੰਮੋਨ, ਮੋਆਬ, ਅਤੇ ਸੇਈਰ (ਅਦੋਮ) ਦੀਆਂ ਵੈਰੀ ਕੌਮਾਂ ਵੱਲੋਂ ਯਹੋਵਾਹ ਦੇ ਲੋਕਾਂ ਨੂੰ ਵਿਨਾਸ਼ ਦਾ ਖ਼ਤਰਾ ਸੀ। ਯਹੋਵਾਹ ਨੇ ਕਿਹਾ: “ਤੁਸੀਂ ਏਸ [ਵੈਰੀਆਂ ਦੇ] ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ! ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ। . . . ਤੁਹਾਨੂੰ . . . ਲੜਨਾ ਨਹੀਂ ਪਵੇਗਾ . . . ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ।” ਯਹੋਵਾਹ ਨੇ ਦੁਸ਼ਮਣ ਦੀਆਂ ਫ਼ੌਜਾਂ ਵਿਚ ਘਬਰਾਹਟ ਪੈਦਾ ਕਰਨ ਦੁਆਰਾ ਜਿਸ ਕਾਰਨ ਉਨ੍ਹਾਂ ਨੇ ਇਕ ਦੂਸਰੇ ਨੂੰ ਵੱਢ ਸੁੱਟਿਆ, ਆਪਣੇ ਲੋਕਾਂ ਨੂੰ ਮੁਕਤੀ ਦੁਆਈ।—2 ਇਤਿਹਾਸ 20:15-23.
22. ਯਹੋਵਾਹ ਨੇ ਅੱਸ਼ੂਰ ਦੇ ਹੱਥੋਂ ਇਸਰਾਏਲ ਨੂੰ ਕਿਹੜੀ ਚਮਤਕਾਰੀ ਮੁਕਤੀ ਦੁਆਈ?
22 ਜਦੋਂ ਵਿਸ਼ਵ ਸ਼ਕਤੀ ਅੱਸ਼ੂਰ ਯਰੂਸ਼ਲਮ ਦੇ ਵਿਰੁੱਧ ਆਈ, ਤਾਂ ਰਾਜੇ ਸਨਹੇਰੀਬ ਨੇ ਕੰਧ ਉੱਤੇ ਖਲੋਤੇ ਲੋਕਾਂ ਨੂੰ ਇਹ ਕਹਿੰਦਿਆਂ ਯਹੋਵਾਹ ਨੂੰ ਮਿਹਣਾ ਮਾਰਿਆ: “ਦੇਸਾਂ [ਜਿਨ੍ਹਾਂ ਨੂੰ ਮੈਂ ਜਿੱਤਿਆ] ਦਿਆਂ ਸਾਰਿਆ ਦਿਓਤਿਆਂ ਵਿੱਚੋਂ ਓਹ ਕਿਹੜੇ ਹਨ ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਭਈ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ?” ਪਰਮੇਸ਼ੁਰ ਦੇ ਲੋਕਾਂ ਨੂੰ ਉਸ ਨੇ ਕਿਹਾ: “ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਨਿਸੰਗ ਸਾਨੂੰ ਛੁਡਾਵੇਗਾ।” ਤਦ ਹਿਜ਼ਕੀਯਾਹ ਨੇ ਮੁਕਤੀ ਲਈ ਭਾਵਨਾਪੂਰਣ ਪ੍ਰਾਰਥਨਾ ਕੀਤੀ, “ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!” ਯਹੋਵਾਹ ਨੇ ਅੱਸ਼ੂਰ ਦੇ 1,85,000 ਫ਼ੌਜੀਆਂ ਨੂੰ ਮਾਰ ਦਿੱਤਾ ਅਤੇ ਪਰਮੇਸ਼ੁਰ ਦੇ ਸੇਵਕ ਮੁਕਤ ਕੀਤੇ ਗਏ। ਬਾਅਦ ਵਿਚ, ਜਦੋਂ ਸਨਹੇਰੀਬ ਆਪਣੇ ਝੂਠੇ ਈਸ਼ਵਰ ਦੀ ਉਪਾਸਨਾ ਕਰ ਰਿਹਾ ਸੀ, ਤਾਂ ਉਸ ਦੇ ਮੁੰਡਿਆਂ ਨੇ ਉਸ ਦਾ ਕਤਲ ਕਰ ਦਿੱਤਾ।—ਯਸਾਯਾਹ, ਅਧਿਆਇ 36 ਅਤੇ 37.
23. ਅੱਜ ਮੁਕਤੀ ਬਾਰੇ ਕਿਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ?
23 ਅਸੀਂ ਯਕੀਨਨ ਹੌਸਲਾ ਰੱਖ ਸਕਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਯਹੋਵਾਹ ਨੇ ਪੁਰਾਣੇ ਸਮਿਆਂ ਵਿਚ ਅਦਭੁਤ ਤਰੀਕੇ ਨਾਲ ਆਪਣੇ ਲੋਕਾਂ ਨੂੰ ਮੁਕਤੀ ਦੁਆਈ ਸੀ। ਅੱਜ ਦੇ ਦਿਨਾਂ ਬਾਰੇ ਕੀ? ਉਸ ਦੇ ਵਫ਼ਾਦਾਰ ਸੇਵਕ ਕਿਹੜੀ ਖ਼ਤਰਨਾਕ ਸਥਿਤੀ ਵਿਚ ਪੈਣ ਵਾਲੇ ਹਨ ਜਿਸ ਲਈ ਉਨ੍ਹਾਂ ਨੂੰ ਉਸ ਦੀ ਚਮਤਕਾਰੀ ਮੁਕਤੀ ਦੀ ਲੋੜ ਪਵੇਗੀ? ਉਸ ਨੇ ਉਨ੍ਹਾਂ ਨੂੰ ਮੁਕਤੀ ਦੁਆਉਣ ਲਈ ਹੁਣ ਤਕ ਕਿਉਂ ਉਡੀਕ ਕੀਤੀ ਹੈ? ਯਿਸੂ ਦੇ ਸ਼ਬਦਾਂ ਦੀ ਕਿਵੇਂ ਪੂਰਤੀ ਹੋਵੇਗੀ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ”? (ਲੂਕਾ 21:28) ਅਤੇ ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਦੀ ਮੁਕਤੀ ਕਿਸ ਤਰ੍ਹਾਂ ਹੋਵੇਗੀ ਜੋ ਮਰ ਚੁੱਕੇ ਹਨ? ਅਗਲਾ ਲੇਖ ਇਨ੍ਹਾਂ ਸਵਾਲਾਂ ਦੀ ਪਰਖ ਕਰੇਗਾ।
ਪੁਨਰ-ਵਿਚਾਰ ਲਈ ਸਵਾਲ
◻ ਮੁਕਤੀ ਦੀ ਇੰਨੀ ਜ਼ਿਆਦਾ ਲੋੜ ਕਿਉਂ ਹੈ?
◻ ਮੁਕਤੀ ਲਈ ਸਾਨੂੰ ਮਨੁੱਖਾਂ ਵੱਲ ਕਿਉਂ ਨਹੀਂ ਦੇਖਣਾ ਚਾਹੀਦਾ ਹੈ?
◻ ਕਿਨ੍ਹਾਂ ਲਈ ਮੁਕਤੀ ਨੇੜੇ ਹੈ?
◻ ਅਸੀਂ ਯਹੋਵਾਹ ਦੀ ਮੁਕਤੀ ਵਿਚ ਭਰੋਸਾ ਕਿਉਂ ਕਰ ਸਕਦੇ ਹਾਂ?
◻ ਪੁਰਾਣੇ ਸਮਿਆਂ ਵਿਚ ਮੁਕਤੀ ਦੀਆਂ ਕਿਹੜੀਆਂ ਉਦਾਹਰਣਾਂ ਉਤਸ਼ਾਹਜਨਕ ਹਨ?
[ਸਫ਼ੇ 10 ਉੱਤੇ ਤਸਵੀਰ]
ਅਬਰਾਹਾਮ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਨ੍ਹਾਂ ਦਾ ਯਹੋਵਾਹ ਵਿਚ ਪੂਰਣ ਭਰੋਸਾ ਸੀ