ਮੁਕਤੀ ਹਾਸਲ ਕਰ ਕੇ ਇਕ ਧਰਮੀ ਨਵੇਂ ਸੰਸਾਰ ਵਿਚ ਜਾਣਾ
‘ਉਹ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।’—ਜ਼ਬੂਰ 37:11, ਨਿ ਵ.
1, 2. (ੳ) ਸਾਡੇ ਸਮੇਂ ਵਿਚ ਯਹੋਵਾਹ ਵੱਲੋਂ ਦਿਵਾਈ ਗਈ ਮੁਕਤੀ ਪੁਰਾਣੇ ਸਮਿਆਂ ਵਿਚ ਦਿਵਾਈ ਗਈ ਮੁਕਤੀ ਨਾਲੋਂ ਕਿਸ ਤਰ੍ਹਾਂ ਵੱਖਰੀ ਹੋਵੇਗੀ? (ਅ) ਯਹੋਵਾਹ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਸੰਸਾਰ ਵਿਚ ਲੈ ਕੇ ਜਾਵੇਗਾ?
ਯਹੋਵਾਹ ਮੁਕਤੀ ਦਾ ਪਰਮੇਸ਼ੁਰ ਹੈ। ਪੁਰਾਣੇ ਸਮਿਆਂ ਵਿਚ ਉਸ ਨੇ ਆਪਣੇ ਲੋਕਾਂ ਨੂੰ ਬਹੁਤ ਸਾਰੇ ਮੌਕਿਆਂ ਉੱਤੇ ਮੁਕਤੀ ਦਿਵਾਈ ਸੀ। ਉਹ ਮੁਕਤੀ ਅਸਥਾਈ ਸੀ, ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਵੀ ਮੌਕੇ ਉੱਤੇ ਯਹੋਵਾਹ ਨੇ ਸ਼ਤਾਨ ਦੇ ਪੂਰੇ ਸੰਸਾਰ ਦੇ ਵਿਰੁੱਧ ਸਥਾਈ ਰੂਪ ਵਿਚ ਨਿਆਉਂ ਪੂਰਾ ਨਹੀਂ ਕੀਤਾ ਸੀ। ਪਰੰਤੂ ਸਾਡੇ ਦਿਨਾਂ ਵਿਚ, ਯਹੋਵਾਹ ਜਲਦੀ ਹੀ ਆਪਣੇ ਸਾਰੇ ਸੇਵਕਾਂ ਨੂੰ ਸਭ ਤੋਂ ਸ਼ਾਨਦਾਰ ਮੁਕਤੀ ਦਿਵਾਏਗਾ। ਇਸ ਵਾਰ ਉਹ ਪੂਰੀ ਧਰਤੀ ਤੋਂ ਸ਼ਤਾਨ ਦੀ ਰੀਤੀ-ਵਿਵਸਥਾ ਦਾ ਨਾਂ-ਨਿਸ਼ਾਨ ਮਿਟਾ ਦੇਵੇਗਾ, ਅਤੇ ਉਹ ਆਪਣੇ ਸੇਵਕਾਂ ਨੂੰ ਸਥਾਈ, ਧਰਮੀ ਨਵੇਂ ਸੰਸਾਰ ਵਿਚ ਲੈ ਕੇ ਜਾਵੇਗਾ।—2 ਪਤਰਸ 2:9; 3:10-13.
2 ਯਹੋਵਾਹ ਵਾਅਦਾ ਕਰਦਾ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:10, 11) ਕਿੰਨੇ ਸਮੇਂ ਲਈ? “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29; ਮੱਤੀ 5:5) ਪਰੰਤੂ, ਇਹ ਵਾਪਰਨ ਤੋਂ ਪਹਿਲਾਂ, ਇਹ ਸੰਸਾਰ ਇਤਿਹਾਸ ਦੇ ਸਭ ਤੋਂ ਵੱਧ ਮੁਸੀਬਤਾਂ ਭਰੇ ਸਮੇਂ ਵਿੱਚੋਂ ਲੰਘੇਗਾ।
“ਵੱਡਾ ਕਸ਼ਟ”
3. ਯਿਸੂ ਨੇ ‘ਵੱਡੇ ਕਸ਼ਟ’ ਦਾ ਵਰਣਨ ਕਿਸ ਤਰ੍ਹਾਂ ਕੀਤਾ?
3 ਸੰਨ 1914 ਵਿਚ ਇਹ ਸੰਸਾਰ ਆਪਣੇ “ਅੰਤ ਦਿਆਂ ਦਿਨਾਂ” ਵਿਚ ਦਾਖ਼ਲ ਹੋਇਆ। (2 ਤਿਮੋਥਿਉਸ 3:1-5, 13) ਹੁਣ ਸਾਨੂੰ ਉਸ ਅਵਧੀ ਵਿਚ ਆਇਆਂ 83 ਸਾਲ ਹੋ ਗਏ ਹਨ। ਇਸ ਦਾ ਅੰਤ ਬਹੁਤ ਨੇੜੇ ਹੈ। ਉਸ ਸਮੇਂ, ਜਿਸ ਤਰ੍ਹਾਂ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ, ਅੱਗੇ ਦੱਸੀ ਗਈ ਘਟਨਾ ਵਾਪਰੇਗੀ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਜੀ ਹਾਂ, ਇਹ ਵਿਸ਼ਵ ਯੁੱਧ II ਨਾਲੋਂ ਵੀ ਜ਼ਿਆਦਾ ਬਦਤਰ ਹੋਵੇਗਾ ਜਦੋਂ ਕੁਝ ਪੰਜ ਕਰੋੜ ਵਿਅਕਤੀਆਂ ਦੀਆਂ ਜਾਨਾਂ ਗਈਆਂ ਸਨ। ਕਿੰਨਾ ਸੰਸਾਰ-ਹਿਲਾਊ ਸਮਾਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ!
4. ‘ਵੱਡੀ ਬਾਬੁਲ’ ਉੱਤੇ ਪਰਮੇਸ਼ੁਰ ਦਾ ਨਿਆਉਂ ਕਿਉਂ ਆਉਂਦਾ ਹੈ?
4 “ਵੱਡਾ ਕਸ਼ਟ” ਅਚਾਨਕ ਆਵੇਗਾ, “ਇੱਕੋ ਘੰਟੇ ਵਿਚ।” (ਪਰਕਾਸ਼ ਦੀ ਪੋਥੀ 18:10) ਇਸ ਦਾ ਆਰੰਭ ਉਦੋਂ ਹੋਵੇਗਾ ਜਦੋਂ ਸਾਰੇ ਝੂਠੇ ਧਰਮਾਂ ਉੱਤੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ‘ਵੱਡੀ ਬਾਬੁਲ’ ਕਹਿੰਦਾ ਹੈ, ਪਰਮੇਸ਼ੁਰ ਦਾ ਨਿਆਉਂ ਪੂਰਾ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 17:1-6, 15) ਪੁਰਾਣੇ ਬਾਬਲ ਦੀ ਪ੍ਰਮੁੱਖ ਵਿਸ਼ੇਸ਼ਤਾ ਝੂਠਾ ਧਰਮ ਸੀ। ਆਧੁਨਿਕ ਬਾਬਲ ਵੀ ਪੁਰਾਣੇ ਬਾਬਲ ਵਰਗੀ ਹੈ ਅਤੇ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦੀ ਹੈ। ਉਸ ਨੇ ਰਾਜਨੀਤਿਕ ਸ਼ਕਤੀਆਂ ਨਾਲ ਸਮਝੌਤਾ ਕਰ ਕੇ ਕੰਜਰੀ ਦਾ ਕੰਮ ਕੀਤਾ ਹੈ। ਉਸ ਨੇ ਉਨ੍ਹਾਂ ਦੀਆਂ ਲੜਾਈਆਂ ਦਾ ਸਮਰਥਨ ਕੀਤਾ ਹੈ ਅਤੇ ਵਿਰੋਧੀ ਫ਼ੌਜਾਂ ਨੂੰ ਅਸੀਸ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਇੱਕੋ ਧਰਮ ਦੇ ਲੋਕ ਇਕ ਦੂਸਰੇ ਦਾ ਕਤਲ ਕਰਦੇ ਹਨ। (ਮੱਤੀ 26:51, 52; 1 ਯੂਹੰਨਾ 4:20, 21) ਉਸ ਨੇ ਆਪਣੇ ਸਮਰਥਕਾਂ ਦੇ ਭ੍ਰਿਸ਼ਟ ਕੰਮਾਂ ਨੂੰ ਅਣਡਿੱਠ ਕੀਤਾ ਹੈ ਅਤੇ ਸੱਚੇ ਮਸੀਹੀਆਂ ਨੂੰ ਸਤਾਇਆ ਹੈ।—ਪਰਕਾਸ਼ ਦੀ ਪੋਥੀ 18:5, 24.
5. “ਵੱਡਾ ਕਸ਼ਟ” ਕਿਵੇਂ ਸ਼ੁਰੂ ਹੁੰਦਾ ਹੈ?
5 “ਵੱਡਾ ਕਸ਼ਟ” ਸ਼ੁਰੂ ਹੁੰਦਾ ਹੈ ਜਦੋਂ ਰਾਜਨੀਤਿਕ ਸ਼ਕਤੀਆਂ ‘ਵੱਡੀ ਬਾਬੁਲ’ ਉੱਤੇ ਅਚਾਨਕ ਹਮਲਾ ਕਰਦੀਆਂ ਹਨ। ਉਹ ‘ਕੰਜਰੀ ਨਾਲ ਵੈਰ ਕਰਨਗੀਆਂ ਅਤੇ ਉਹ ਨੂੰ ਉਜਾੜ ਦੇਣਗੀਆਂ ਅਤੇ ਨੰਗਿਆਂ ਕਰਨਗੀਆਂ ਅਤੇ ਉਹ ਦਾ ਮਾਸ ਖਾ ਜਾਣਗੀਆਂ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੀਆਂ।’ (ਪਰਕਾਸ਼ ਦੀ ਪੋਥੀ 17:16) ਇਸ ਤੋਂ ਬਾਅਦ, ਉਸ ਦੇ ਪੁਰਾਣੇ ਮਦਦਗਾਰ “ਉਹ ਦੇ ਉੱਤੇ ਰੋਣਗੇ ਅਤੇ ਪਿੱਟਣਗੇ।” (ਪਰਕਾਸ਼ ਦੀ ਪੋਥੀ 18:9-19) ਪਰੰਤੂ ਯਹੋਵਾਹ ਦੇ ਸੇਵਕ ਇਸ ਦੀ ਲੰਮੇ ਸਮੇਂ ਤੋਂ ਆਸ਼ਾ ਕਰ ਰਹੇ ਸਨ, ਅਤੇ ਉਹ ਪੁਕਾਰ ਉਠਣਗੇ: “ਹਲਲੂਯਾਹ . . . ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਉਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।”—ਪਰਕਾਸ਼ ਦੀ ਪੋਥੀ 19:1, 2.
ਪਰਮੇਸ਼ੁਰ ਦੇ ਸੇਵਕਾਂ ਤੇ ਹਮਲਾ
6, 7. ਯਹੋਵਾਹ ਦੇ ਸੇਵਕ ਕਿਉਂ ਦਲੇਰ ਹੋ ਸਕਦੇ ਹਨ ਜਦੋਂ ‘ਵੱਡੇ ਕਸ਼ਟ’ ਦੌਰਾਨ ਉਨ੍ਹਾਂ ਉੱਤੇ ਹਮਲਾ ਕੀਤਾ ਜਾਂਦਾ ਹੈ?
6 ਝੂਠੇ ਧਰਮ ਨੂੰ ਨਾਸ਼ ਕਰਨ ਤੋਂ ਬਾਅਦ, ਰਾਜਨੀਤਿਕ ਸ਼ਕਤੀਆਂ ਯਹੋਵਾਹ ਦੇ ਸੇਵਕਾਂ ਉੱਤੇ ਹਮਲਾ ਕਰਦੀਆਂ ਹਨ। ਸ਼ਤਾਨ, ਅਰਥਾਤ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਭਵਿੱਖਬਾਣੀ ਵਿਚ ਕਹਿੰਦਾ ਹੈ: “ਮੈਂ ਉਨ੍ਹਾਂ ਤੇ ਹੱਲਾ ਕਰਾਂਗਾ ਜਿਹੜੇ ਅਰਾਮ ਤੇ ਬੇ-ਫਿਕਰੀ ਨਾਲ ਵੱਸਦੇ ਹਨ।” ਇਹ ਸੋਚਦੇ ਹੋਏ ਕਿ ਉਹ ਆਸਾਨੀ ਨਾਲ ਕਾਬੂ ਆਉਣ ਵਾਲੇ ਸ਼ਿਕਾਰ ਹਨ, ਉਹ ਉਨ੍ਹਾਂ ਉੱਤੇ “ਧਰਤੀ ਨੂੰ ਬੱਦਲ ਵਾਂਙੁ ਲੁਕਾ” ਲੈਣ ਵਾਲੀ “ਬਹੁਤੀ ਫੌਜ” ਦੇ ਨਾਲ ਹਮਲਾ ਕਰਦਾ ਹੈ। (ਹਿਜ਼ਕੀਏਲ 38:2, 10-16) ਯਹੋਵਾਹ ਦੇ ਲੋਕ ਜਾਣਦੇ ਹਨ ਕਿ ਇਹ ਹਮਲਾ ਅਸਫ਼ਲ ਹੋ ਜਾਵੇਗਾ ਕਿਉਂਕਿ ਉਹ ਯਹੋਵਾਹ ਵਿਚ ਭਰੋਸਾ ਰੱਖਦੇ ਹਨ।
7 ਜਦੋਂ ਫ਼ਿਰਊਨ ਅਤੇ ਉਸ ਦੀਆਂ ਫ਼ੌਜਾਂ ਨੇ ਸੋਚਿਆ ਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਲਾਲ ਸਮੁੰਦਰ ਉੱਤੇ ਫਸਾ ਲਿਆ ਸੀ, ਤਾਂ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਆਪਣੇ ਲੋਕਾਂ ਨੂੰ ਮੁਕਤੀ ਦਿਵਾਈ ਅਤੇ ਮਿਸਰ ਦੀਆਂ ਫ਼ੌਜਾਂ ਨੂੰ ਨਾਸ਼ ਕਰ ਦਿੱਤਾ। (ਕੂਚ 14:26-28) ‘ਵੱਡੇ ਕਸ਼ਟ’ ਦੌਰਾਨ, ਜਦੋਂ ਕੌਮਾਂ ਸੋਚਦੀਆਂ ਹਨ ਕਿ ਉਨ੍ਹਾਂ ਨੇ ਯਹੋਵਾਹ ਦੇ ਲੋਕਾਂ ਨੂੰ ਫਸਾ ਲਿਆ ਹੈ, ਤਾਂ ਯਹੋਵਾਹ ਇਕ ਵਾਰ ਫਿਰ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਬਚਾਉਣ ਲਈ ਆਵੇਗਾ: “ਉਸ ਦਿਨ . . . ਮੇਰਾ ਗੁੱਸਾ ਜ਼ੋਰ ਨਾਲ ਚੜ੍ਹੇਗਾ। . . . ਮੈਂ ਆਪਣੀ ਅਣਖ ਅਤੇ ਕਹਿਰ ਦੀ ਅੱਗ ਵਿੱਚ ਬੋਲਿਆ ਹਾਂ।” (ਹਿਜ਼ਕੀਏਲ 38:18, 19) ਉਸ ਵੇਲੇ ‘ਵੱਡੇ ਕਸ਼ਟ’ ਦਾ ਸਿਖਰ ਬਹੁਤ ਨੇੜੇ ਹੋਵੇਗਾ!
8. ਯਹੋਵਾਹ ਵੱਲੋਂ ਦੁਸ਼ਟਤਾ ਉੱਤੇ ਨਿਆਉਂ ਪੂਰਾ ਕਰਨ ਤੋਂ ਪਹਿਲਾਂ ਕਿਹੜੀਆਂ ਅਲੌਕਿਕ ਘਟਨਾਵਾਂ ਵਾਪਰਦੀਆਂ ਹਨ, ਅਤੇ ਇਨ੍ਹਾਂ ਦਾ ਕੀ ਪ੍ਰਭਾਵ ਪੈਂਦਾ ਹੈ?
8 “ਵੱਡਾ ਕਸ਼ਟ” ਸ਼ੁਰੂ ਹੋਣ ਤੋਂ ਬਾਅਦ ਕਿਸੇ ਮੁਕਾਮ ਉੱਤੇ, ਪਰੰਤੂ ਯਹੋਵਾਹ ਦੁਆਰਾ ਇਸ ਸੰਸਾਰ ਦੇ ਬਾਕੀ ਭਾਗ ਉੱਤੇ ਆਪਣਾ ਨਿਆਉਂ ਪੂਰਾ ਕਰਨ ਤੋਂ ਪਹਿਲਾਂ, ਅਲੌਕਿਕ ਘਟਨਾਵਾਂ ਵਾਪਰਨਗੀਆਂ। ਉਹ ਜੋ ਪ੍ਰਭਾਵ ਪਾਉਣਗੀਆਂ ਉਸ ਉੱਤੇ ਧਿਆਨ ਦਿਓ। “ਤਦ ਮਨੁੱਖ ਦੇ ਪੁੱਤ੍ਰ [ਮਸੀਹ] ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ।” (ਮੱਤੀ 24:29, 30) “ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ . . . ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆਂ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।”—ਲੂਕਾ 21:25, 26.
“ਤੁਹਾਡਾ ਨਿਸਤਾਰਾ ਨੇੜੇ ਆਇਆ ਹੈ”
9. ਯਹੋਵਾਹ ਦੇ ਸੇਵਕ ਕਿਉਂ ‘ਆਪਣੇ ਸਿਰ ਚੁੱਕ’ ਸਕਦੇ ਹਨ ਜਦੋਂ ਅਲੌਕਿਕ ਘਟਨਾਵਾਂ ਵਾਪਰਦੀਆਂ ਹਨ?
9 ਉਸ ਖ਼ਾਸ ਸਮੇਂ ਉੱਤੇ, ਲੂਕਾ 21:28 ਦੀ ਭਵਿੱਖਬਾਣੀ ਲਾਗੂ ਹੁੰਦੀ ਹੈ। ਯਿਸੂ ਨੇ ਕਿਹਾ: “ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।” ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬ ਰਹੇ ਹੋਣਗੇ ਕਿਉਂਕਿ ਉਹ ਜਾਣਨਗੇ ਕਿ ਜੋ ਅਲੌਕਿਕ ਘਟਨਾਵਾਂ ਵਾਪਰ ਰਹੀਆਂ ਹਨ ਉਹ ਯਹੋਵਾਹ ਵੱਲੋਂ ਹਨ। ਪਰੰਤੂ ਯਹੋਵਾਹ ਦੇ ਸੇਵਕ ਆਨੰਦਿਤ ਹੋਣਗੇ ਕਿਉਂਕਿ ਉਹ ਜਾਣਨਗੇ ਕਿ ਉਨ੍ਹਾਂ ਦਾ ਨਿਸਤਾਰਾ ਨੇੜੇ ਆਇਆ ਹੈ।
10. ਪਰਮੇਸ਼ੁਰ ਦਾ ਬਚਨ ‘ਵੱਡੇ ਕਸ਼ਟ’ ਦੇ ਸਿਖਰ ਦਾ ਵਰਣਨ ਕਿਸ ਤਰ੍ਹਾਂ ਕਰਦਾ ਹੈ?
10 ਫਿਰ ਯਹੋਵਾਹ ਸ਼ਤਾਨ ਦੀ ਰੀਤੀ-ਵਿਵਸਥਾ ਉੱਤੇ ਮਾਰੂ ਵਾਰ ਕਰਦਾ ਹੈ: “ਮੈਂ ਮਰੀ ਘੱਲ ਕੇ ਅਤੇ ਲਹੂ ਵਗਾ ਕੇ [ਗੋਗ] ਦਾ ਨਿਆਉਂ ਕਰਾਂਗਾ ਅਤੇ ਉਹ ਦੇ ਉੱਤੇ ਅਤੇ ਉਹ ਦੀ ਮਹਾਇਣ ਉੱਤੇ . . . ਜ਼ੋਰ ਦੀ ਵਰਖਾ ਅਤੇ ਵੱਡੇ ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ . . . ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!” (ਹਿਜ਼ਕੀਏਲ 38:22, 23) ਸ਼ਤਾਨ ਦੀ ਵਿਵਸਥਾ ਦਾ ਨਾਂ-ਨਿਸ਼ਾਨ ਮਿਟਾ ਦਿੱਤਾ ਗਿਆ। ਪਰਮੇਸ਼ੁਰ ਨੂੰ ਅਣਗੌਲਿਆਂ ਕਰਨ ਵਾਲੇ ਲੋਕਾਂ ਦੇ ਸਮੁੱਚੇ ਮਾਨਵ ਸਮਾਜ ਦਾ ਨਾਸ਼ ਕਰ ਦਿੱਤਾ ਗਿਆ ਹੈ। ਇਹ ‘ਵੱਡੇ ਕਸ਼ਟ’ ਦਾ ਆਰਮਾਗੇਡਨ ਸਿਖਰ ਹੈ।—ਯਿਰਮਿਯਾਹ 25:31-33; 2 ਥੱਸਲੁਨੀਕੀਆਂ 1:6-8; ਪਰਕਾਸ਼ ਦੀ ਪੋਥੀ 16:14, 16; 19:11-21.
11. ਯਹੋਵਾਹ ਦੇ ਸੇਵਕ ‘ਵੱਡੇ ਕਸ਼ਟ’ ਵਿੱਚੋਂ ਕਿਉਂ ਬਚਾਏ ਜਾਂਦੇ ਹਨ?
11 ਪੂਰੀ ਧਰਤੀ ਤੇ ਲੱਖਾਂ ਹੀ ਲੋਕ ‘ਵੱਡੇ ਕਸ਼ਟ’ ਵਿੱਚੋਂ ਬਚਾਏ ਜਾਣਗੇ। ਇਹ “ਵੱਡੀ ਭੀੜ” ਹੋਵੇਗੀ ਜੋ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਈ ਹੈ। ਕਿਉਂ ਉਹ ਇੰਨੇ ਭੈ-ਦਾਇਕ ਤਰੀਕੇ ਨਾਲ ਮੁਕਤ ਕਰਵਾਏ ਜਾਂਦੇ ਹਨ? ਕਿਉਂਕਿ ਉਹ ਯਹੋਵਾਹ ਦੀ “ਰਾਤ ਦਿਨ . . . ਉਪਾਸਨਾ” ਕਰਦੇ ਹਨ। ਇਸ ਕਰਕੇ ਉਹ ਇਸ ਸੰਸਾਰ ਦੇ ਅੰਤ ਤੋਂ ਬਚਦੇ ਹਨ ਅਤੇ ਧਰਮੀ ਨਵੇਂ ਸੰਸਾਰ ਵਿਚ ਲਿਜਾਏ ਜਾਂਦੇ ਹਨ। (ਪਰਕਾਸ਼ ਦੀ ਪੋਥੀ 7:9-15) ਇਸ ਤਰ੍ਹਾਂ ਉਹ ਯਹੋਵਾਹ ਦੇ ਵਾਅਦੇ ਦੀ ਪੂਰਤੀ ਦੇਖਦੇ ਹਨ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।”—ਜ਼ਬੂਰ 37:34.
ਨਵਾਂ ਸੰਸਾਰ
12. ਆਰਮਾਗੇਡਨ ਵਿੱਚੋਂ ਬਚ ਕੇ ਨਿਕਲਣ ਵਾਲੇ ਕਿਸ ਤਰ੍ਹਾਂ ਦੇ ਭਵਿੱਖ ਦੀ ਆਸ਼ਾ ਕਰ ਸਕਦੇ ਹਨ?
12 ਕਿੰਨਾ ਰੁਮਾਂਚਕ ਸਮਾਂ ਹੋਵੇਗਾ ਉਹ—ਦੁਸ਼ਟਤਾ ਦਾ ਖ਼ਾਤਮਾ ਅਤੇ ਸਾਰੇ ਮਨੁੱਖੀ ਇਤਿਹਾਸ ਵਿਚ ਸਭ ਤੋਂ ਸ਼ਾਨਦਾਰ ਯੁਗ ਦਾ ਪਹੁਫਟਾਲਾ! (ਪਰਕਾਸ਼ ਦੀ ਪੋਥੀ 20:1-4) ਆਰਮਾਗੇਡਨ ਵਿੱਚੋਂ ਬਚ ਕੇ ਨਿਕਲਣ ਵਾਲੇ ਲੋਕ ਅਜਿਹੀ ਧਰਤੀ ਉੱਤੇ ਜੋ ਪਰਾਦੀਸ ਵਿਚ ਬਦਲ ਦਿੱਤੀ ਜਾਵੇਗੀ, ਪਰਮੇਸ਼ੁਰ ਦੀ ਬਣਾਈ ਸ਼ੁੱਧ, ਸਾਫ਼ ਸਭਿਅਤਾ, ਅਰਥਾਤ ਇਕ ਨਵੇਂ ਸੰਸਾਰ ਵਿਚ ਦਾਖ਼ਲ ਹੋਣ ਲਈ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਗੇ! (ਲੂਕਾ 23:43, ਨਿ ਵ) ਅਤੇ ਉਨ੍ਹਾਂ ਨੂੰ ਫਿਰ ਕਦੀ ਮਰਨ ਦੀ ਲੋੜ ਨਹੀਂ ਹੋਵੇਗੀ! (ਯੂਹੰਨਾ 11:26) ਸੱਚ-ਮੁੱਚ, ਉਸ ਮਕਾਮ ਤੋਂ ਅੱਗੇ, ਉਨ੍ਹਾਂ ਕੋਲ ਜਿੰਨਾ ਚਿਰ ਯਹੋਵਾਹ ਜਿਉਂਦਾ ਰਹਿੰਦਾ ਹੈ ਉੱਨਾ ਚਿਰ ਜੀਉਂਦੇ ਰਹਿਣ ਦਾ ਹੈਰਾਨੀਜਨਕ ਅਤੇ ਅਦਭੁਤ ਭਵਿੱਖ ਹੋਵੇਗਾ!
13. ਯਿਸੂ ਚੰਗਾ ਕਰਨ ਦੇ ਕੰਮ ਨੂੰ ਕਿਸ ਤਰ੍ਹਾਂ ਦੁਬਾਰਾ ਆਰੰਭ ਕਰਦਾ ਹੈ ਜੋ ਉਸ ਨੇ ਧਰਤੀ ਉੱਤੇ ਸ਼ੁਰੂ ਕੀਤਾ ਸੀ?
13 ਯਿਸੂ, ਜਿਸ ਨੂੰ ਯਹੋਵਾਹ ਨੇ ਸਵਰਗੀ ਰਾਜਾ ਨਿਯੁਕਤ ਕੀਤਾ ਹੈ, ਉਨ੍ਹਾਂ ਚਮਤਕਾਰੀ ਬਰਕਤਾਂ ਦੀ ਨਿਗਰਾਨੀ ਕਰੇਗਾ ਜੋ ਮੁਕਤ ਕੀਤੇ ਹੋਏ ਲੋਕ ਮਾਣਨਗੇ। ਜਦੋਂ ਉਹ ਧਰਤੀ ਉੱਤੇ ਸੀ, ਉਸ ਨੇ ਅੰਨ੍ਹਿਆਂ ਦੀਆਂ ਅੱਖਾਂ ਅਤੇ ਬੋਲਿਆਂ ਦੇ ਕੰਨ ਖੋਲ੍ਹੇ ਅਤੇ “ਸਾਰੇ ਰੋਗ ਅਤੇ ਸਾਰੀ ਮਾਂਦਗੀ” ਦੂਰ ਕੀਤੀ। (ਮੱਤੀ 9:35; 15:30, 31) ਨਵੇਂ ਸੰਸਾਰ ਵਿਚ, ਉਹ ਉਸ ਚੰਗਾ ਕਰਨ ਦੇ ਮਹਾਨ ਕੰਮ ਨੂੰ ਦੁਬਾਰਾ ਸ਼ੁਰੂ ਕਰੇਗਾ ਪਰੰਤੂ ਵਿਸ਼ਵ-ਵਿਆਪੀ ਪੱਧਰ ਉੱਤੇ। ਪਰਮੇਸ਼ੁਰ ਦੇ ਕਾਰਿੰਦੇ ਵਜੋਂ, ਉਹ ਇਸ ਵਾਅਦੇ ਨੂੰ ਪੂਰਾ ਕਰੇਗਾ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਫਿਰ ਕਦੀ ਦੁਬਾਰਾ ਡਾਕਟਰਾਂ ਜਾਂ ਅੰਤਿਮ ਸੰਸਕਾਰ ਪ੍ਰਬੰਧਾਂ ਦੀ ਲੋੜ ਨਹੀਂ ਪਵੇਗੀ!—ਯਸਾਯਾਹ 25:8; 33:24.
14. ਯਹੋਵਾਹ ਦੇ ਉਨ੍ਹਾਂ ਸੇਵਕਾਂ ਨੂੰ ਜੋ ਪਹਿਲਾਂ ਹੀ ਮਰ ਚੁੱਕੇ ਹਨ, ਕਿਹੜੀ ਮੁਕਤੀ ਮਿਲੇਗੀ?
14 ਮੁਕਤ ਕੀਤੇ ਜਾਣ ਵਾਲਿਆਂ ਵਿਚ ਪਰਮੇਸ਼ੁਰ ਦੇ ਉਹ ਸਾਰੇ ਵਫ਼ਾਦਾਰ ਸੇਵਕ ਵੀ ਹੋਣਗੇ ਜਿਹੜੇ ਬੀਤੇ ਸਮੇਂ ਵਿਚ ਮਰ ਗਏ ਸਨ। ਨਵੇਂ ਸੰਸਾਰ ਵਿਚ, ਉਹ ਕਬਰ ਦੇ ਸ਼ਕੰਜੇ ਤੋਂ ਛੁਡਾਏ ਜਾਣਗੇ। ਯਹੋਵਾਹ ਗਾਰੰਟੀ ਦਿੰਦਾ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਸੰਭਵ ਤੌਰ ਤੇ, “ਧਰਮੀ” ਪਹਿਲਾਂ ਜੀ ਉਠਾਏ ਜਾਣਗੇ ਅਤੇ ਪਰਾਦੀਸ ਨੂੰ ਵਧਾਉਣ ਵਿਚ ਹਿੱਸਾ ਪਾਉਣਗੇ। ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਲਈ ਕਿੰਨਾ ਰੋਚਕ ਸਮਾਂ ਹੋਵੇਗਾ ਜਦੋਂ ਉਹ ਵਫ਼ਾਦਾਰ ਲੋਕਾਂ ਦੇ ਤਜਰਬੇ ਸੁਣਨਗੇ ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਸਨ ਪਰ ਦੁਬਾਰਾ ਜੀਉਂਦੇ ਹੋਏ ਹਨ!—ਯੂਹੰਨਾ 5:28, 29.
15. ਨਵੇਂ ਸੰਸਾਰ ਵਿਚ ਅਨੁਭਵ ਕੀਤੀਆਂ ਜਾਣ ਵਾਲੀਆਂ ਕੁਝ ਹਾਲਤਾਂ ਦਾ ਵਰਣਨ ਕਰੋ।
15 ਉਦੋਂ ਸਾਰੇ ਜੀਉਂਦੇ ਲੋਕ ਜ਼ਬੂਰਾਂ ਦੇ ਲਿਖਾਰੀ ਦੁਆਰਾ ਯਹੋਵਾਹ ਬਾਰੇ ਕਹੀ ਗਈ ਗੱਲ ਦਾ ਅਨੁਭਵ ਕਰਨਗੇ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰ 145:16) ਫਿਰ ਕਦੀ ਭੁੱਖ-ਮਰੀ ਨਹੀਂ ਹੋਵੇਗੀ: ਧਰਤੀ ਤੇ ਸੰਤੁਲਿਤ ਵਾਤਾਵਰਣ ਮੁੜ ਸਥਾਪਿਤ ਕੀਤਾ ਜਾਵੇਗਾ ਅਤੇ ਇਹ ਭਰਪੂਰ ਮਾਤਰਾ ਵਿਚ ਅੰਨ ਪੈਦਾ ਕਰੇਗੀ। (ਜ਼ਬੂਰ 72:16) ਲੋਕ ਬੇਘਰ ਨਹੀਂ ਹੋਣਗੇ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ,” ਅਤੇ ਹਰ ਕੋਈ “ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ” ਬੈਠੇਗਾ, “ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਯਸਾਯਾਹ 65:21, 22; ਮੀਕਾਹ 4:4) ਡਰ ਨਹੀਂ ਰਹੇਗਾ: ਲੜਾਈ, ਹਿੰਸਾ, ਜਾਂ ਅਪਰਾਧ ਨਹੀਂ ਹੋਵੇਗਾ। (ਜ਼ਬੂਰ 46:8, 9; ਕਹਾਉਤਾਂ 2:22) “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।”—ਯਸਾਯਾਹ 14:7.
16. ਨਵਾਂ ਸੰਸਾਰ ਕਿਉਂ ਧਾਰਮਿਕਤਾ ਨਾਲ ਭਰ ਜਾਵੇਗਾ?
16 ਨਵੇਂ ਸੰਸਾਰ ਵਿਚ, ਸ਼ਤਾਨ ਦੇ ਪ੍ਰਚਾਰ ਮਾਧਿਅਮ ਨਸ਼ਟ ਕਰ ਦਿੱਤੇ ਗਏ ਹੋਣਗੇ। ਇਸ ਦੀ ਬਜਾਇ, ‘ਜਗਤ ਦੇ ਵਾਸੀ ਧਰਮ ਸਿੱਖਣਗੇ।’ (ਯਸਾਯਾਹ 26:9; 54:13) ਸਾਲ-ਬ-ਸਾਲ ਹਿਤਕਾਰੀ ਅਧਿਆਤਮਿਕ ਹਿਦਾਇਤਾਂ ਨਾਲ, “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਮਨੁੱਖਜਾਤੀ ਉਸਾਰੂ ਸੋਚਾਂ ਅਤੇ ਕੰਮਾਂ ਨਾਲ ਭਰ ਜਾਵੇਗੀ। (ਫ਼ਿਲਿੱਪੀਆਂ 4:8) ਕਲਪਨਾ ਕਰੋ, ਅਪਰਾਧ, ਹਉਮੈ, ਈਰਖਾ ਤੋਂ ਮੁਕਤ ਇਕ ਵਿਸ਼ਵ-ਵਿਆਪੀ ਸਮਾਜ ਦਾ—ਇਕ ਕੌਮਾਂਤਰੀ ਭਾਈਚਾਰਾ ਜਿੱਥੇ ਸਾਰੇ ਪਰਮੇਸ਼ੁਰ ਦੀ ਆਤਮਾ ਦੇ ਫਲ ਪੈਦਾ ਕਰਦੇ ਹਨ। ਸੱਚ-ਮੁੱਚ, ਹੁਣ ਵੀ ਵੱਡੀ ਭੀੜ ਅਜਿਹੇ ਗੁਣ ਪੈਦਾ ਕਰ ਰਹੀ ਹੈ।—ਗਲਾਤੀਆਂ 5:22, 23.
ਇੰਨਾ ਲੰਬਾ ਸਮਾਂ ਕਿਉਂ?
17. ਦੁਸ਼ਟਤਾ ਨੂੰ ਖ਼ਤਮ ਕਰਨ ਲਈ ਯਹੋਵਾਹ ਨੇ ਇੰਨੀ ਉਡੀਕ ਕਿਉਂ ਕੀਤੀ ਹੈ?
17 ਪਰੰਤੂ, ਯਹੋਵਾਹ ਨੇ ਦੁਸ਼ਟਤਾ ਨੂੰ ਖ਼ਤਮ ਕਰਨ ਅਤੇ ਆਪਣੇ ਲੋਕਾਂ ਨੂੰ ਮੁਕਤ ਕਰਾ ਕੇ ਨਵੇਂ ਸੰਸਾਰ ਵਿਚ ਲੈ ਜਾਣ ਲਈ ਇੰਨੇ ਲੰਬੇ ਸਮੇਂ ਦੀ ਕਿਉਂ ਉਡੀਕ ਕੀਤੀ ਹੈ? ਜ਼ਰਾ ਸੋਚੋ ਕਿ ਕਿਹੜਾ ਕੰਮ ਪੂਰਾ ਕੀਤਾ ਜਾਣਾ ਸੀ। ਯਹੋਵਾਹ ਦੀ ਸਰਬਸੱਤਾ, ਰਾਜ ਕਰਨ ਦਾ ਉਸ ਦੇ ਅਧਿਕਾਰ ਦਾ ਦੋਸ਼-ਨਿਵਾਰਣ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕਾਫ਼ੀ ਸਮੇਂ ਦੀ ਇਜਾਜ਼ਤ ਦੇਣ ਦੁਆਰਾ, ਉਸ ਨੇ ਬਿਨਾਂ ਕਿਸੇ ਸ਼ੱਕ ਦੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਉਸ ਦੀ ਸਰਬਸੱਤਾ ਤੋਂ ਬਾਹਰ ਮਨੁੱਖੀ ਰਾਜ ਬਿਲਕੁਲ ਅਸਫ਼ਲ ਸਿੱਧ ਹੋਇਆ ਹੈ। (ਯਿਰਮਿਯਾਹ 10:23) ਇਸ ਲਈ ਹੁਣ ਯਹੋਵਾਹ ਦੁਆਰਾ ਮਨੁੱਖੀ ਰਾਜ ਦੀ ਜਗ੍ਹਾ ਮਸੀਹ ਦੇ ਅਧੀਨ ਆਪਣਾ ਸਵਰਗੀ ਰਾਜ ਸਥਾਪਿਤ ਕਰਨਾ ਪੂਰੀ ਤਰ੍ਹਾਂ ਨਿਆਂਪੂਰਣ ਹੈ।—ਦਾਨੀਏਲ 2:44; ਮੱਤੀ 6:9, 10.
18. ਅਬਰਾਹਾਮ ਦੀ ਸੰਤਾਨ ਨੇ ਕਦੋਂ ਕਨਾਨ ਦੇ ਦੇਸ਼ ਉੱਤੇ ਕਬਜ਼ਾ ਕਰਨਾ ਸੀ?
18 ਇਨ੍ਹਾਂ ਸਾਰੀਆਂ ਸਦੀਆਂ ਵਿਚ ਜੋ ਵਾਪਰਿਆ ਉਹ ਅਬਰਾਹਾਮ ਦੇ ਸਮੇਂ ਦੇ ਸਮਾਨ ਹੈ। ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਸੀ ਕਿ ਉਸ ਦੀ ਸੰਤਾਨ ਕਨਾਨ ਦੇ ਦੇਸ਼ ਉੱਤੇ ਕਬਜ਼ਾ ਕਰੇਗੀ—ਪਰੰਤੂ 400 ਸਾਲ ਤਕ ਨਹੀਂ “ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ [ਸੀ]।” (ਉਤਪਤ 12:1-5; 15:13-16) ਇੱਥੇ ਸ਼ਬਦ “ਅਮੋਰੀਆਂ” (ਇਕ ਪ੍ਰਧਾਨ ਕਬੀਲਾ) ਸੰਭਵ ਤੌਰ ਤੇ ਕਨਾਨ ਦੇ ਸਾਰੇ ਲੋਕਾਂ ਨੂੰ ਦਰਸਾਉਂਦਾ ਹੈ। ਇਸ ਲਈ ਤਕਰੀਬਨ ਚਾਰ ਸਦੀਆਂ ਬੀਤ ਜਾਂਦੀਆਂ, ਇਸ ਤੋਂ ਪਹਿਲਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਨਾਨ ਉੱਤੇ ਕਬਜ਼ਾ ਕਰਨ ਦੇ ਯੋਗ ਬਣਾਉਂਦਾ। ਇਸ ਸਮੇਂ ਦੌਰਾਨ ਯਹੋਵਾਹ ਨੇ ਕਨਾਨ ਵਿਚ ਕੌਮਾਂ ਨੂੰ ਆਪਣੇ ਸਮਾਜ ਵਿਕਸਿਤ ਕਰਨ ਦੀ ਇਜਾਜ਼ਤ ਦਿੱਤੀ। ਇਸ ਦਾ ਕੀ ਨਤੀਜਾ ਨਿਕਲਿਆ?
19, 20. ਕਨਾਨੀਆਂ ਨੇ ਕਿਸ ਤਰ੍ਹਾਂ ਦੇ ਸਮਾਜ ਵਿਕਸਤ ਕੀਤੇ ਸਨ?
19 ਹੈਨਰੀ ਐੱਚ. ਹੈਲੀ ਦੁਆਰਾ ਲਿਖੀ ਪੁਸਤਕ, ਬਾਈਬਲ ਹੈਂਡਬੁੱਕ ਨੋਟ ਕਰਦੀ ਹੈ ਕਿ ਮਗਿੱਦੋ ਵਿਚ, ਪੁਰਾਤੱਤਵ ਵਿਗਿਆਨੀਆਂ ਨੇ ਬਆਲ ਦੇਵਤਾ ਦੀ ਦੇਵੀ-ਪਤਨੀ, ਅਸ਼ਤਾਰੋਥ ਦੇ ਮੰਦਰ ਦੇ ਖੰਡਰ ਲੱਭੇ ਹਨ। ਉਹ ਲਿਖਦਾ ਹੈ: “ਇਸ ਮੰਦਰ ਤੋਂ ਕੁਝ ਕਦਮ ਅੱਗੇ ਇਕ ਕਬਰਸਤਾਨ ਸੀ, ਜਿੱਥੋਂ ਬਹੁਤ ਸਾਰੇ ਮਰਤਬਾਨ ਮਿਲੇ, ਜਿਨ੍ਹਾਂ ਵਿਚ ਨਿਆਣਿਆਂ ਦੀਆਂ ਅਸਥੀਆਂ ਸਨ ਜਿਨ੍ਹਾਂ ਦੀ ਇਸ ਮੰਦਰ ਵਿਚ ਬਲੀ ਦਿੱਤੀ ਗਈ ਸੀ . . . ਬਆਲ ਅਤੇ ਅਸ਼ਤਾਰੋਥ ਦੇ ਨਬੀ ਬੱਚਿਆਂ ਦੇ ਕਾਨੂੰਨੀ ਕਾਤਲ ਸਨ।” “ਇਕ ਹੋਰ ਭਿਆਨਕ ਰਿਵਾਜ ਸੀ ਜਿਸ ਨੂੰ ਉਹ ‘ਨੀਂਹ ਵਾਲੀ ਕੁਰਬਾਨੀ’ ਕਹਿੰਦੇ ਸੀ। ਜਦੋਂ ਘਰ ਬਣਾਇਆ ਜਾਂਦਾ ਸੀ, ਉਦੋਂ ਇਕ ਬੱਚੇ ਦੀ ਬਲੀ ਦਿੱਤੀ ਜਾਂਦੀ ਸੀ, ਅਤੇ ਉਸ ਦੀ ਲਾਸ਼ ਕੰਧ ਵਿਚ ਚਿਣ ਦਿੱਤੀ ਜਾਂਦੀ ਸੀ।”
20 ਹੈਲੀ ਟਿੱਪਣੀ ਕਰਦਾ ਹੈ: “ਬਆਲ, ਅਸ਼ਤਾਰੋਥ, ਅਤੇ ਦੂਸਰੇ ਕਨਾਨੀ ਦੇਵਤਿਆਂ ਦੀ ਉਪਾਸਨਾ ਵਿਚ ਬੇਹੱਦ ਰੰਗਰਲੀਆਂ ਮਨਾਉਣੀਆਂ ਸ਼ਾਮਲ ਸਨ; ਉਨ੍ਹਾਂ ਦੇ ਮੰਦਰ ਬੁਰਾਈ ਦੇ ਅੱਡੇ ਸਨ। . . . ਕਨਾਨੀ ਲੋਕ ਭੋਗ-ਵਿਲਾਸ ਦੁਆਰਾ ਉਪਾਸਨਾ ਕਰਦੇ ਸਨ, . . . ਅਤੇ ਫਿਰ ਇਨ੍ਹਾਂ ਦੇਵਤਿਆਂ ਲਈ ਬਲੀ ਵਜੋਂ ਆਪਣੇ ਜੇਠੇ ਬੱਚਿਆਂ ਦਾ ਕਤਲ ਕਰਦੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਕਾਫ਼ੀ ਹੱਦ ਤਕ ਕਨਾਨ ਦਾ ਦੇਸ਼ ਕੌਮੀ ਪੱਧਰ ਤੇ ਸਦੂਮ ਅਤੇ ਅਮੂਰਾਹ ਵਰਗਾ ਬਣ ਗਿਆ ਸੀ। . . . ਕੀ ਅਜਿਹੀ ਘਿਣਾਉਣੀ ਅਪਵਿੱਤਰਤਾ ਅਤੇ ਕਰੂਰਤਾ ਨਾਲ ਭਰੀ ਸਭਿਅਤਾ ਨੂੰ ਹੋਂਦ ਵਿਚ ਜਾਰੀ ਰਹਿਣ ਦਾ ਕੋਈ ਅਧਿਕਾਰ ਸੀ? . . . ਪੁਰਾਤੱਤਵ ਵਿਗਿਆਨੀ ਜੋ ਕਨਾਨੀ ਸ਼ਹਿਰਾਂ ਦੇ ਖੰਡਰਾਂ ਵਿਚ ਖੁਦਾਈ ਕਰਦੇ ਹਨ, ਹੈਰਾਨ ਹਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਨਾਸ਼ ਕਰ ਦਿੱਤਾ।”—ਤੁਲਨਾ ਕਰੋ 1 ਰਾਜਿਆਂ 21:25, 26.
21. ਕਨਾਨੀਆਂ ਦੀ ਅਤੇ ਸਾਡੇ ਦਿਨਾਂ ਦੀ ਪਰਿਸਥਿਤੀ ਵਿਚ ਕੀ ਸਮਾਨਤਾ ਹੈ?
21 ਅਮੋਰੀਆਂ ਦੀ ਬੁਰਿਆਈ “ਪੂਰੀ” ਹੋ ਗਈ ਸੀ। ਇਸ ਕਰਕੇ ਹੁਣ ਯਹੋਵਾਹ ਵੱਲੋਂ ਉਨ੍ਹਾਂ ਦਾ ਨਾਸ਼ ਬਿਲਕੁਲ ਜਾਇਜ਼ ਸੀ। ਇਹ ਗੱਲ ਅੱਜ ਵੀ ਸੱਚੀ ਹੈ। ਇਹ ਸੰਸਾਰ ਹਿੰਸਾ, ਅਨੈਤਿਕਤਾ, ਅਤੇ ਪਰਮੇਸ਼ੁਰ ਦੇ ਕਾਨੂੰਨਾਂ ਦੀ ਅਵੱਗਿਆ ਕਰਨ ਵਾਲਿਆਂ ਨਾਲ ਭਰਿਆ ਹੋਇਆ ਹੈ। ਅਤੇ ਜਦੋਂ ਕਿ ਪੁਰਾਣੇ ਕਨਾਨ ਦੇਸ਼ ਵਿਚ ਨਿਆਣਿਆਂ ਦੀਆਂ ਘਿਣਾਉਣੀਆਂ ਬਲੀਆਂ ਕਾਰਨ ਅਸੀਂ ਹੈਰਾਨ ਹੁੰਦੇ ਹਾਂ, ਤਾਂ ਇਸ ਸੰਸਾਰ ਦੀਆਂ ਲੜਾਈਆਂ ਵਿਚ ਕਰੋੜਾਂ ਨੌਜਵਾਨਾਂ ਦੀਆਂ ਬਲੀਆਂ ਬਾਰੇ ਕੀ, ਜੋ ਕਨਾਨ ਦੇ ਕਿਸੇ ਵੀ ਰਿਵਾਜ ਨਾਲੋਂ ਬਦਤਰ ਹੈ। ਨਿਰਸੰਦੇਹ, ਯਹੋਵਾਹ ਲਈ ਹੁਣ ਇਸ ਦੁਸ਼ਟ ਸੰਸਾਰ ਦਾ ਅੰਤ ਕਰਨਾ ਬਿਲਕੁਲ ਜਾਇਜ਼ ਹੈ।
ਕੁਝ ਹੋਰ ਨੇਪਰੇ ਚਾੜ੍ਹ ਰਿਹਾ ਹੈ
22. ਸਾਡੇ ਸਮੇਂ ਵਿਚ ਯਹੋਵਾਹ ਦੇ ਧੀਰਜ ਦੁਆਰਾ ਕੀ ਨੇਪਰੇ ਚਾੜ੍ਹਿਆ ਜਾਂਦਾ ਹੈ?
22 ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦਾ ਧੀਰਜ ਕੁਝ ਹੋਰ ਨੇਪਰੇ ਚਾੜ੍ਹ ਰਿਹਾ ਹੈ। ਉਹ ਵੱਡੀ ਭੀੜ ਨੂੰ ਇਕੱਠਿਆਂ ਹੋਣ ਲਈ ਅਤੇ ਸਿੱਖਿਅਤ ਹੋਣ ਲਈ ਸਮਾਂ ਦੇ ਰਿਹਾ ਹੈ ਜਿਸ ਦੀ ਗਿਣਤੀ ਪਹਿਲਾਂ ਹੀ ਪੰਜਾਹ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਯਹੋਵਾਹ ਦੇ ਨਿਰਦੇਸ਼ਨ ਅਧੀਨ, ਉਨ੍ਹਾਂ ਨੂੰ ਇਕ ਅਗਾਂਹਵਧੂ ਸੰਗਠਨ ਬਣਾਇਆ ਗਿਆ ਹੈ। ਆਦਮੀ, ਔਰਤਾਂ, ਅਤੇ ਜਵਾਨਾਂ ਨੂੰ ਹੋਰਨਾਂ ਨੂੰ ਬਾਈਬਲ ਸੱਚਾਈਆਂ ਸਿਖਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਆਪਣੀਆਂ ਸਭਾਵਾਂ ਅਤੇ ਬਾਈਬਲ ਪ੍ਰਕਾਸ਼ਨਾਂ ਦੁਆਰਾ, ਉਹ ਪਰਮੇਸ਼ੁਰ ਦੇ ਪ੍ਰੇਮਮਈ ਮਾਰਗਾਂ ਬਾਰੇ ਸਿੱਖਦੇ ਹਨ। (ਯੂਹੰਨਾ 13:34, 35; ਕੁਲੁੱਸੀਆਂ 3:14; ਇਬਰਾਨੀਆਂ 10:24, 25) ਇਸ ਦੇ ਨਾਲ ਹੀ, “ਖ਼ੁਸ਼ ਖ਼ਬਰੀ” ਦੇ ਪ੍ਰਚਾਰ ਕਾਰਜ ਦਾ ਸਮਰਥਨ ਕਰਨ ਲਈ ਉਹ ਉਸਾਰੀ, ਇਲੈਕਟ੍ਰਾਨਿਕਸ, ਛਾਪਣ-ਕਲਾ, ਅਤੇ ਦੂਸਰੇ ਖੇਤਰਾਂ ਵਿਚ ਯੋਗਤਾਵਾਂ ਵਧਾ ਰਹੇ ਹਨ। (ਮੱਤੀ 24:14) ਸੰਭਵ ਤੌਰ ਤੇ, ਅਜਿਹੀਆਂ ਸਿੱਖਿਆ ਦੇਣ ਅਤੇ ਨਿਰਮਾਣ ਕਰਨ ਦੀਆਂ ਯੋਗਤਾਵਾਂ ਨਵੇਂ ਸੰਸਾਰ ਵਿਚ ਵਿਆਪਕ ਰੂਪ ਵਿਚ ਪ੍ਰਯੋਗ ਕੀਤੀਆਂ ਜਾਣਗੀਆਂ।
23. ਇਸ ਸਮੇਂ ਵਿਚ ਜੀਉਣਾ ਵਿਸ਼ੇਸ਼-ਸਨਮਾਨ ਕਿਉਂ ਹੈ?
23 ਜੀ ਹਾਂ, ਯਹੋਵਾਹ ਅੱਜ ਆਪਣੇ ਸੇਵਕਾਂ ਨੂੰ ‘ਵੱਡੇ ਕਸ਼ਟ’ ਵਿੱਚੋਂ ਬਚ ਕੇ ਇਕ ਧਰਮੀ ਨਵੇਂ ਸੰਸਾਰ ਵਿਚ ਦਾਖ਼ਲ ਹੋਣ ਲਈ ਤਿਆਰ ਕਰ ਰਿਹਾ ਹੈ। ਫਿਰ ਸਾਨੂੰ ਸ਼ਤਾਨ ਅਤੇ ਉਸ ਦੇ ਦੁਸ਼ਟ ਸੰਸਾਰ ਦਾ ਟਾਕਰਾ ਨਹੀਂ ਕਰਨਾ ਪਵੇਗਾ, ਅਤੇ ਬੀਮਾਰੀ, ਸੋਗ, ਅਤੇ ਮੌਤ ਨਹੀਂ ਹੋਵੇਗੀ। ਵੱਡੇ ਜੋਸ਼ ਅਤੇ ਆਨੰਦ ਨਾਲ ਪਰਮੇਸ਼ੁਰ ਦੇ ਲੋਕ ਪਰਾਦੀਸ ਬਣਾਉਣ ਦੇ ਖ਼ੁਸ਼ੀ ਭਰੇ ਕੰਮ ਨੂੰ ਕਰਨ ਲਈ ਅੱਗੇ ਵੱਧਣਗੇ, ਜਿੱਥੇ ਹਰ ਦਿਨ ‘ਬਹੁਤਾ ਸੁਖ’ ਹੋਵੇਗਾ। ਜੁੱਗਾਂ ਦੇ ਸਿਖਰ ਤੇ ਜੀਉਣ ਦਾ, ਯਹੋਵਾਹ ਨੂੰ ਜਾਣਨ ਦਾ ਅਤੇ ਉਸ ਦੀ ਸੇਵਾ ਕਰਨ ਦਾ, ਅਤੇ ਇਹ ਅਹਿਸਾਸ ਕਰਨ ਦਾ ਸਾਨੂੰ ਕਿੰਨਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ ਕਿ ਜਲਦੀ ਹੀ ਅਸੀਂ ‘ਆਪਣੇ ਸਿਰ ਚੁੱਕਾਂਗੇ ਇਸ ਲਈ ਜੋ ਸਾਡਾ ਨਿਸਤਾਰਾ ਨੇੜੇ ਆਇਆ ਹੈ’!—ਲੂਕਾ 21:28; ਜ਼ਬੂਰ 146:5.
ਪੁਨਰ-ਵਿਚਾਰ ਲਈ ਸਵਾਲ
◻ “ਵੱਡਾ ਕਸ਼ਟ” ਕੀ ਹੈ ਅਤੇ ਇਹ ਕਿਵੇਂ ਸ਼ੁਰੂ ਹੁੰਦਾ ਹੈ?
◻ ਯਹੋਵਾਹ ਦੇ ਸੇਵਕਾਂ ਉੱਤੇ ਗੋਗ ਦਾ ਹਮਲਾ ਕਿਉਂ ਅਸਫ਼ਲ ਹੋਵੇਗਾ?
◻ “ਵੱਡਾ ਕਸ਼ਟ” ਕਿਵੇਂ ਖ਼ਤਮ ਹੁੰਦਾ ਹੈ?
◻ ਨਵਾਂ ਸੰਸਾਰ ਕਿਹੜੇ ਅਦਭੁਤ ਲਾਭ ਪਹੁੰਚਾਏਗਾ?
◻ ਯਹੋਵਾਹ ਨੇ ਇਸ ਵਿਵਸਥਾ ਦਾ ਅੰਤ ਕਰਨ ਲਈ ਇੰਨੇ ਲੰਬੇ ਸਮੇਂ ਦੀ ਕਿਉਂ ਉਡੀਕ ਕੀਤੀ ਹੈ?
[ਸਫ਼ੇ 16 ਉੱਤੇ ਤਸਵੀਰ]
ਪੂਰੀ ਧਰਤੀ ਪਰਾਦੀਸ ਵਿਚ ਬਦਲ ਦਿੱਤੀ ਜਾਵੇਗੀ