ਇੰਨਾ ਲੁਕਾਅ ਕਿਉਂ?
“ਇਕ ਭੇਤ ਰੱਖਣ ਨਾਲੋਂ ਕੋਈ ਵੀ ਚੀਜ਼ ਇੰਨੀ ਬੋਝਲ ਨਹੀਂ।” ਜਾਂ ਘਟੋ-ਘੱਟ ਇਕ ਫਰਾਂਸੀਸੀ ਕਹਾਵਤ ਇਹ ਦਾਅਵਾ ਕਰਦੀ ਹੈ। ਕੀ ਇਹੀ ਕਾਰਨ ਤਾਂ ਨਹੀਂ ਹੋ ਸਕਦਾ ਹੈ ਕਿ ਅਸੀਂ ਭੇਤ ਜਾਣ ਕੇ ਕਿਉਂ ਖ਼ੁਸ਼ ਹੁੰਦੇ ਹਾਂ ਪਰ ਕਦੇ ਕਦੇ ਮਾਯੂਸ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਉਸ ਬਾਰੇ ਗੱਲ ਨਹੀਂ ਕਰ ਸਕਦੇ? ਫਿਰ ਵੀ, ਸਦੀਆਂ ਦੇ ਦੌਰਾਨ ਕਿਸੇ ਸਾਂਝੇ ਟੀਚੇ ਦੀ ਭਾਲ ਵਿਚ ਕਈਆਂ ਲੋਕਾਂ ਨੇ ਲੁਕਾਅ ਦਾ ਸੁਆਗਤ ਕਰ ਕੇ ਆਪਣੇ ਆਪ ਨੂੰ ਗੁਪਤ ਸਮੂਹਾਂ ਵਿਚ ਸ਼ਾਮਲ ਕਰ ਲਿਆ ਹੈ।
ਇਨ੍ਹਾਂ ਗੁਪਤ ਸਮੁਦਾਵਾਂ ਵਿੱਚੋਂ ਸਭ ਤੋਂ ਮੁਢਲੇ ਮਿਸਰ, ਯੂਨਾਨ, ਅਤੇ ਰੋਮ ਵਿਚ ਪਾਏ ਗਏ ਰਹੱਸਮਈ ਸੰਪ੍ਰਦਾਇ ਸਨ। ਬਾਅਦ ਵਿਚ ਇਨ੍ਹਾਂ ਵਿੱਚੋਂ ਕੁਝ ਆਪਣੇ ਧਾਰਮਿਕ ਪਿਛੋਕੜ ਤੋਂ ਭਟਕ ਗਏ ਅਤੇ ਰਾਜਨੀਤਿਕ, ਆਰਥਿਕ, ਜਾਂ ਸਮਾਜਕ ਝੁਕਾਉ ਰੱਖਣ ਲੱਗ ਪਏ। ਮਿਸਾਲ ਲਈ, ਜਦੋਂ ਮੱਧਕਾਲੀ ਯੂਰਪ ਵਿਚ ਵਪਾਰਕ ਸੰਸਥਾਵਾਂ ਬਣਾਈਆਂ ਗਈਆਂ ਸਨ, ਉਨ੍ਹਾਂ ਦੇ ਮੈਂਬਰ ਮੁੱਖ ਤੌਰ ਤੇ ਆਰਥਿਕ ਆਤਮ-ਬਚਾਉ ਦੇ ਲਈ ਲੁਕਾਅ ਦਾ ਸਹਾਰਾ ਲੈਂਦੇ ਸਨ।
ਆਧੁਨਿਕ ਸਮਿਆਂ ਵਿਚ ਗੁਪਤ ਸਮੂਹ ਅਕਸਰ ਬਿਲਕੁਲ ਖਰੇ ਕਾਰਨਾਂ ਕਰਕੇ ਬਣਾਏ ਗਏ ਹਨ, ਜਿਵੇਂ ਕਿ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਸ਼ਾਇਦ “ਸਮਾਜਕ ਅਤੇ ਗੁਣਕਾਰੀ ਉਦੇਸ਼ਾਂ” ਲਈ ਅਤੇ “ਪਰਉਪਕਾਰੀ ਅਤੇ ਸਿੱਖਿਆ ਪ੍ਰੋਗ੍ਰਾਮ ਜਾਰੀ ਕਰਨ ਲਈ।” ਕੁਝ ਭਰਾਤਰੀ ਸੰਗਠਨ, ਯੂਥ ਕਲੱਬ, ਸਮਾਜੀ ਕਲੱਬ, ਅਤੇ ਹੋਰ ਸਮੂਹ ਵੀ ਗੁਪਤ ਹਨ, ਜਾਂ ਘਟੋ-ਘੱਟ ਕਿਸੇ ਹੱਦ ਤਕ ਗੁਪਤ ਹਨ। ਆਮ ਤੌਰ ਤੇ, ਇਹ ਸਮੂਹ ਨੁਕਸਾਨ ਰਹਿਤ ਹੁੰਦੇ ਹਨ, ਉਨ੍ਹਾਂ ਦੇ ਮੈਂਬਰਾਂ ਨੂੰ ਲੁਕਾਅ ਕੇਵਲ ਰੁਮਾਂਚਕ ਲੱਗਦਾ ਹੈ। ਦੀਖਿਆ ਦੀਆਂ ਗੁਪਤ ਰੀਤਾਂ ਸਖ਼ਤ ਜਜ਼ਬਾਤੀ ਖਿੱਚ ਰੱਖਦੀਆਂ ਹਨ ਅਤੇ ਭਾਈਵਾਲਤਾ ਅਤੇ ਏਕਤਾ ਦੇ ਬੰਧਨ ਮਜ਼ਬੂਤ ਬਣਾਉਂਦੀਆਂ ਹਨ। ਮੈਂਬਰ ਅਪਣਾਪਣ ਅਤੇ ਮਕਸਦ ਦੀ ਭਾਵਨਾ ਮਹਿਸੂਸ ਕਰਦੇ ਹਨ। ਆਮ ਤੌਰ ਤੇ ਅਜਿਹੀਆਂ ਗੁਪਤ ਸਮੁਦਾਵਾਂ ਗ਼ੈਰ-ਮੈਂਬਰਾਂ ਲਈ ਕੋਈ ਖ਼ਤਰਾ ਨਹੀਂ ਹੁੰਦੀਆਂ। ਬਾਹਰਲਿਆਂ ਉੱਤੇ ਇਨ੍ਹਾਂ ਭੇਤਾਂ ਨੂੰ ਨਾ ਜਾਣਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।
ਜਦੋਂ ਲੁਕਾਅ ਖ਼ਤਰਾ ਸੰਕੇਤ ਕਰਦਾ ਹੈ
ਸਾਰੇ ਗੁਪਤ ਸਮੂਹ ਇਕ ਸਮਾਨ ਹੱਦ ਤਕ ਭੇਦ-ਭਰੇ ਨਹੀਂ ਹੁੰਦੇ ਹਨ। ਪਰ ਜਿਵੇਂ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਪੱਸ਼ਟ ਕਰਦਾ ਹੈ ਜਿਨ੍ਹਾਂ ਦੇ “ਭੇਤਾਂ ਵਿਚ ਭੇਤ” ਹਨ, ਉਹ ਖ਼ਾਸ ਖ਼ਤਰਾ ਪੇਸ਼ ਕਰਦੇ ਹਨ। ਇਹ ਸਮਝਾਉਂਦਾ ਹੈ ਕਿ “ਵਿਸ਼ੇਸ਼ ਨਾਵਾਂ, ਪਰੀਖਿਆਵਾਂ ਜਾਂ ਪ੍ਰਗਟਾਵਿਆਂ ਰਾਹੀਂ,” ਉੱਚੇ ਦਰਜਿਆਂ ਦੇ ਮੈਂਬਰ “ਆਪਣੇ ਆਪ ਨੂੰ ਅਲੱਗ ਰੱਖਣ” ਦੀ ਯੋਜਨਾ ਬਣਾਉਂਦੇ ਹਨ, ਅਤੇ ਇਸ ਤਰ੍ਹਾਂ “ਨੀਵੇਂ ਦਰਜੇ ਵਾਲਿਆਂ ਨੂੰ ਉੱਚੇ ਦਰਜਿਆਂ ਤਕ ਪਹੁੰਚਣ ਦੇ ਜ਼ਰੂਰੀ ਜਤਨ ਕਰਨ ਲਈ” ਉਕਸਾਉਂਦੇ ਹਨ। ਅਜਿਹੇ ਸਮੂਹਾਂ ਦਾ ਸੁਭਾਵਕ ਖ਼ਤਰਾ ਜ਼ਾਹਰ ਹੈ। ਘੱਟ ਦਰਜੇ ਵਾਲੇ ਵਿਅਕਤੀ ਅਜੇ ਪ੍ਰਗਟਾਵੇ ਦੇ ਉਸ ਪੱਧਰ ਤਕ ਨਾ ਤਰੱਕੀ ਕਰਨ ਦੇ ਕਾਰਨ ਸ਼ਾਇਦ ਸੰਗਠਨ ਦੇ ਅਸਲੀ ਉਦੇਸ਼ਾਂ ਤੋਂ ਬਿਲਕੁਲ ਬੇਖ਼ਬਰ ਹੋਣ। ਇਕ ਅਜਿਹੇ ਸਮੂਹ ਵਿਚ ਫਸਣਾ ਸੌਖਾ ਹੈ, ਜਿਸ ਦੇ ਟੀਚਿਆਂ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੇ ਤਰੀਕਿਆਂ ਨੂੰ ਤੁਸੀਂ ਅੱਧ-ਪਚੱਧ ਹੀ ਸਿਆਣਿਆ ਹੋਵੇ ਅਤੇ, ਦਰਅਸਲ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪੂਰੀ ਤਰ੍ਹਾਂ ਦੱਸਿਆ ਵੀ ਨਾ ਹੋਵੇ। ਪਰ ਜੋ ਵਿਅਕਤੀ ਅਜਿਹੇ ਸਮੂਹ ਵਿਚ ਦੀਖਿਅਤ ਹੋ ਚੁੱਕਾ ਹੈ ਉਹ ਸ਼ਾਇਦ ਆਪਣੇ ਆਪ ਨੂੰ ਬਾਅਦ ਵਿਚ ਆਜ਼ਾਦ ਕਰਨਾ ਮੁਸ਼ਕਲ ਪਾਵੇ; ਮਾਨੋ ਉਹ ਲੁਕਾਅ ਦੀਆਂ ਸੰਗਲੀਆਂ ਨਾਲ ਬੰਨ੍ਹਿਆ ਹੋਇਆ ਹੈ।
ਪਰ, ਲੁਕਾਅ ਹੋਰ ਜ਼ਿਆਦਾ ਖ਼ਤਰਾ ਉਦੋਂ ਸੰਕੇਤ ਕਰਦਾ ਹੈ ਜਦੋਂ ਇਕ ਸਮੂਹ ਗ਼ੈਰ-ਕਾਨੂੰਨੀ ਜਾਂ ਅਪਰਾਧੀ ਟੀਚਿਆਂ ਦਾ ਪਿੱਛਾ ਕਰਦਾ ਹੈ ਅਤੇ ਇਸ ਵਾਸਤੇ ਆਪਣੀ ਹੋਂਦ ਨੂੰ ਹੀ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਜਾਂ ਜੇ ਇਸ ਦੀ ਹੋਂਦ ਅਤੇ ਇਸ ਦੇ ਆਮ ਉਦੇਸ਼ ਗਿਆਤ ਹਨ, ਤਾਂ ਇਹ ਸ਼ਾਇਦ ਆਪਣੀ ਮੈਂਬਰੀ ਅਤੇ ਅਲਪਕਾਲੀ ਜੁਗਤਾਂ ਗੁਪਤ ਰੱਖਣ ਦੀ ਕੋਸ਼ਿਸ਼ ਕਰੇ। ਕੱਟੜਵਾਦ ਦਹਿਸ਼ਤਪਸੰਦ ਸਮੂਹਾਂ ਬਾਰੇ ਇਹ ਸੱਚ ਹੈ, ਜੋ ਸਮੇਂ ਸਮੇਂ ਤੇ ਆਪਣੇ ਅੱਤਵਾਦੀ ਹਮਲਿਆਂ ਨਾਲ ਦੁਨੀਆਂ ਨੂੰ ਭੈਭੀਤ ਕਰਦੇ ਹਨ।
ਜੀ ਹਾਂ, ਲੁਕਾਅ, ਵਿਅਕਤੀਆਂ ਲਈ ਅਤੇ ਪੂਰੇ ਸਮਾਜ ਲਈ ਖ਼ਤਰਨਾਕ ਹੋ ਸਕਦਾ ਹੈ। ਮਾਸੂਮ ਵਿਅਕਤੀਆਂ ਦਾ ਸ਼ਿੱਦਤ ਨਾਲ ਸ਼ਿਕਾਰ ਕਰਨ ਵਾਲੇ ਉਨ੍ਹਾਂ ਕਿਸ਼ੋਰਾਂ ਦੇ ਗੁਪਤ ਗਰੋਹਾਂ ਬਾਰੇ ਜ਼ਰਾ ਸੋਚੋ, ਨਾਲੇ ਪਰਦਾਦਾਰੀ ਮਾਫੀਆ ਵਰਗੀਆਂ ਅਪਰਾਧੀ ਸੰਸਥਾਵਾਂ, ਗੋਰੀ-ਨਸਲ ਦੀ ਪ੍ਰਭੁਤਾ ਵਿਚ ਵਿਸ਼ਵਾਸ ਕਰਨ ਵਾਲੇ ਕੂ ਕਲੱਕਸ ਕਲੈਨ ਵਰਗੇ ਸਮੂਹ,a ਅਤੇ ਇਨ੍ਹਾਂ ਤੋਂ ਇਲਾਵਾ ਦੁਨੀਆਂ ਭਰ ਦੇ ਅਨੇਕ ਦਹਿਸ਼ਤਪਸੰਦ ਸਮੂਹਾਂ ਬਾਰੇ ਸੋਚੋ ਜੋ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਸਿਰੇ ਚਾੜ੍ਹਨ ਦੇ ਜਤਨਾਂ ਵਿਚ ਲਗਾਤਾਰ ਲੱਤ ਅੜਾਉਂਦੇ ਹਨ।
ਇਹ ਹੁਣ ਕੀ ਕਰ ਰਹੇ ਹਨ?
ਸੀਤ ਯੁੱਧ ਦੇ ਨਤੀਜੇ ਵਜੋਂ, 1950 ਦੇ ਦਹਾਕੇ ਦੌਰਾਨ, ਕਈ ਪੱਛਮੀ ਯੂਰਪੀ ਦੇਸ਼ਾਂ ਵਿਚ ਵਿਰੋਧੀ ਹਰਕਤਾਂ ਲਈ ਗੁਪਤ ਸਮੂਹ ਸੰਗਠਿਤ ਕੀਤੇ ਗਏ ਸਨ ਜੇਕਰ ਰੂਸੀ ਕਦੀ ਵੀ ਪੱਛਮੀ ਯੂਰਪ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ। ਮਿਸਾਲ ਲਈ, ਜਰਮਨ ਅਖ਼ਬਾਰੀ ਰਸਾਲੇ ਫੋਕਸ ਦੇ ਅਨੁਸਾਰ ਇਸ ਅਵਧੀ ਦੌਰਾਨ ਆਸਟ੍ਰੀਆ ਵਿਚ “79 ਗੁਪਤ ਹਥਿਆਰ-ਭੰਡਾਰ” ਸਥਾਪਿਤ ਕੀਤੇ ਗਏ ਸਨ। ਕਈ ਯੂਰਪੀ ਦੇਸ਼ ਇਨ੍ਹਾਂ ਸਮੂਹਾਂ ਬਾਰੇ ਜਾਣਦੇ ਵੀ ਨਹੀਂ ਸਨ। 1990 ਦੇ ਦਹਾਕੇ ਦੇ ਸ਼ੁਰੂ ਵਿਚ ਇਕ ਅਖ਼ਬਾਰੀ ਰਸਾਲੇ ਨੇ ਯਥਾਰਥ ਰੂਪ ਵਿਚ ਖ਼ਬਰ ਦਿੱਤੀ: “ਅਜੇ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਸੰਗਠਨ ਅੱਜ ਸਰਗਰਮ ਹਨ ਅਤੇ ਹਾਲ ਵਿਚ ਇਹ ਕੀ ਕਰ ਰਹੇ ਹਨ।”
ਵਾਕਈ। ਕੌਣ ਅਸਲ ਵਿਚ ਜਾਣ ਸਕਦਾ ਹੈ ਕਿ ਕਿੰਨੇ ਗੁਪਤ ਸਮੂਹ ਹੁਣ ਇਸ ਵੇਲੇ ਸਾਡੀ ਕਲਪਨਾ ਨਾਲੋਂ ਕਿਤੇ ਜ਼ਿਆਦਾ ਵੱਡਾ ਖ਼ਤਰਾ ਪੇਸ਼ ਕਰ ਰਹੇ ਹੋਣ?
[ਫੁਟਨੋਟ]
a ਇਸ ਯੂ. ਐੱਸ. ਸਮੂਹ ਨੇ ਬਲਦੇ ਸਲੀਬ ਨੂੰ ਇਕ ਚਿੰਨ੍ਹ ਵਜੋਂ ਇਸਤੇਮਾਲ ਕਰ ਕੇ ਪੂਰਬਲੀਆਂ ਗੁਪਤ ਸਮੁਦਾਵਾਂ ਦੀਆਂ ਕੁਝ ਧਾਰਮਿਕ ਵਿਸ਼ੇਸ਼ਤਾਵਾਂ ਕਾਇਮ ਰੱਖੀਆਂ ਹਨ। ਬੀਤੇ ਸਮਿਆਂ ਵਿਚ, ਇਹ ਸਮੂਹ ਰਾਤ ਨੂੰ ਹੱਲਾ ਕਰਦਾ ਹੁੰਦਾ ਸੀ, ਅਤੇ ਇਸ ਦੇ ਮੈਂਬਰ ਚੋਗੇ ਅਤੇ ਚਿੱਟੀਆਂ ਚਾਦਰਾਂ ਤਾਣ ਕੇ ਕਾਲਿਆਂ, ਕੈਥੋਲਿਕਾਂ, ਯਹੂਦੀਆਂ, ਵਿਦੇਸ਼ੀਆਂ, ਅਤੇ ਮਜ਼ਦੂਰ ਜਥੇਬੰਦੀਆਂ ਦੇ ਖ਼ਿਲਾਫ਼ ਆਪਣਾ ਕ੍ਰੋਧ ਪ੍ਰਗਟ ਕਰਦੇ ਸਨ।