ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਯਹੋਵਾਹ ਦੇ ਦੈਵ-ਸ਼ਾਸਕੀ ਸੰਗਠਨ ਵੱਲ ਭੱਜਣਾ
ਬਹੁਤ ਸਮਾਂ ਪਹਿਲਾਂ ਯਸਾਯਾਹ ਨਬੀ ਇਹ ਐਲਾਨ ਕਰਨ ਲਈ ਪ੍ਰੇਰਿਤ ਹੋਇਆ: ‘ਸਮੁੰਦਰ ਦੇ ਟਾਪੂਆਂ ਵਿੱਚ ਯਹੋਵਾਹ ਦੀ ਮਹਿਮਾ ਕਰੋ।’ (ਯਸਾਯਾਹ 24:15) ਯਹੋਵਾਹ ਦੇ ਗਵਾਹ ਸਮੁੰਦਰ ਦੇ ਟਾਪੂਆਂ ਨੂੰ “ਦੁਨੀਆ” ਦੇ ਉਸ ਹਿੱਸੇ ਵਜੋਂ ਵਿਚਾਰਦੇ ਹਨ ਜਿਸ ਵਿਚ ਯਿਸੂ ਨੇ ਕਿਹਾ ਸੀ ਕਿ “ਖੁਸ਼ ਖ਼ਬਰੀ ਦਾ ਪਰਚਾਰ ਕੀਤਾ ਜਾਏ।”—ਮੱਤੀ 24:14; ਮਰਕੁਸ 13:10.
ਮਾਰਕੇਸਸ ਟਾਪੂ ਤਾਹੀਟੀ ਤੋਂ ਕੁਝ 1,400 ਕਿਲੋਮੀਟਰ ਦੂਰ ਉੱਤਰ-ਪੂਰਬ ਵਿਚ ਸਥਿਤ ਹਨ। ਉਹ ਦੱਖਣੀ ਸ਼ਾਂਤ ਮਹਾਂਸਾਗਰ ਦੇ ਦੂਰਵਰਤੀ ਟਾਪੂਆਂ ਦੇ ਸਮੂਹ ਦਾ ਇਕ ਹਿੱਸਾ ਹਨ ਜੋ ਫ਼ਰੈਂਚ ਪੌਲੇਨੀਸ਼ੀਆ ਕਹਿਲਾਉਂਦਾ ਹੈ। ਇਹ ਟਾਪੂ ਉਪਜਾਊ, ਜਵਾਲਾਮੁਖੀ ਮਿੱਟੀ ਅਤੇ ਗਰਮ, ਨਮੀਦਾਰ ਜਲਵਾਯੂ ਹੋਣ ਕਰਕੇ ਬਨਸਪਤੀ ਨਾਲ ਭਰਪੂਰ ਹਨ। ਪਰੰਤੂ, ਮਾਰਕੇਸਸ ਦੂਜੇ ਕਿਸਮ ਦੇ ਫਲ ਵੀ ਪੈਦਾ ਕਰ ਰਹੇ ਹਨ। ਇਕ ਪਰਿਵਾਰ ਵੱਲ ਧਿਆਨ ਦਿਓ ਜਿਸ ਨੇ ਹੀਵਾ ਓਆ ਦੇ ਟਾਪੂ ਉੱਤੇ ਰਾਜ ਸੰਦੇਸ਼ ਪ੍ਰਤੀ ਪ੍ਰਤਿਕ੍ਰਿਆ ਦਿਖਾਈ ਸੀ।
ਜ਼ਾਨ ਅਤੇ ਉਸ ਦੀ ਪਤਨੀ, ਨਾਡੀਨ, ਪੱਛਮੀ ਯੂਰਪ ਦੇ ਉਸ ਅਖਾਉਤੀ ਸਭਿਅ ਸਮਾਜ ਤੋਂ ਨਾਖ਼ੁਸ਼ ਸਨ, ਜਿਸ ਵਿਚ ਉਹ ਰਹਿੰਦੇ ਸਨ। ਇਸ ਲਈ ਉਨ੍ਹਾਂ ਨੇ ਉਸ ਰੁੱਝੇ ਹੋਏ ਜੀਵਨ-ਢੰਗ ਨੂੰ ਪਿੱਛੇ ਛੱਡ ਕੇ ਆਪਣੇ ਬੱਚੇ ਨਾਲ ਮਾਰਕੇਸਸ ਟਾਪੂਆਂ ਨੂੰ ਚਲੇ ਜਾਣ ਦਾ ਫ਼ੈਸਲਾ ਕੀਤਾ। ਬਾਂਸਾਂ ਨਾਲ ਬਣਾਇਆ ਹੋਇਆ ਉਨ੍ਹਾਂ ਦਾ ਨਵਾਂ ਘਰ ਇਕ ਦੂਰ ਦੀ ਘਾਟੀ ਵਿਚ ਸੀ। ਆਪਣੇ ਸਭ ਤੋਂ ਨੇੜੇ ਦੇ ਗੁਆਂਢੀਆਂ ਤਕ ਪਹੁੰਚਣ ਲਈ, ਉਨ੍ਹਾਂ ਨੂੰ ਉੱਚੇ-ਨੀਵੇਂ ਪਹਾੜੀ ਰਸਤੇ ਉੱਤੇ ਦੋ ਘੰਟਿਆਂ ਲਈ ਪੈਦਲ ਤੁਰਨਾ ਪੈਂਦਾ ਸੀ। ਸਭ ਤੋਂ ਨੇੜੇ ਦੇ ਪਿੰਡ ਨੂੰ ਜਾਣ ਲਈ ਜਿੱਥੇ ਡਾਕਟਰ, ਸਕੂਲ, ਅਤੇ ਕਰਿਆਨੇ ਦੀ ਦੁਕਾਨ ਸੀ, ਜੀਪ ਵਿਚ ਤਿੰਨ ਘੰਟੇ ਲੱਗਦੇ ਸਨ।
ਜ਼ਾਨ ਅਤੇ ਨਾਡੀਨ ਧਰਮ ਵਿਚ ਦਿਲਚਸਪੀ ਨਹੀਂ ਰੱਖਦੇ ਸਨ। ਫਿਰ ਵੀ, ਉਹ ਜੀਵਨ ਦੇ ਮੁੱਢ ਬਾਰੇ ਚਰਚਾ ਕਰਦੇ ਸਨ। ਅਕਸਰ, ਉਹ ਕ੍ਰਮ-ਵਿਕਾਸ ਦੇ ਗੁੰਝਲਦਾਰ ਸਿਧਾਂਤਾਂ ਸੰਬੰਧੀ ਵਿਚਾਰ ਕਰਦੇ ਸਨ। ਪਰੰਤੂ ਉਨ੍ਹਾਂ ਦੇ ਕਿਸੇ ਵੀ ਸਿਧਾਂਤ ਨੇ ਉਨ੍ਹਾਂ ਨੂੰ ਸੰਤੁਸ਼ਟੀ ਨਹੀਂ ਦਿੱਤੀ।
ਛੇ ਸਾਲ ਇਕੱਲੇ ਰਹਿਣ ਦੇ ਬਾਅਦ, ਉਹ ਹੈਰਾਨ ਹੋਏ ਜਦੋਂ ਦੋ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਮਿਲਣ ਆਏ। ਗਵਾਹਾਂ ਨੂੰ ਜ਼ਾਨ ਅਤੇ ਨਾਡੀਨ ਦੇ ਥਾਂ-ਟਿਕਾਣੇ ਬਾਰੇ ਨਜ਼ਦੀਕੀ ਪਿੰਡ ਵਾਲਿਆਂ ਤੋਂ ਪਤਾ ਲੱਗਾ ਸੀ। ਕੁਦਰਤੀ ਤੌਰ ਤੇ, ਗੱਲਬਾਤ ਕ੍ਰਮ-ਵਿਕਾਸ ਦੇ ਸਿਧਾਂਤ ਵੱਲ ਚਲੀ ਗਈ। ਜੋੜੇ ਨੂੰ ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਗਵਾਹਾਂ ਕੋਲ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਦੀ ਇਕ ਕਾਪੀ ਸੀ। ਜ਼ਾਨ ਅਤੇ ਨਾਡੀਨ ਅਜਿਹੀ ਕਿਤਾਬ ਲੈ ਕੇ ਖ਼ੁਸ਼ ਸਨ ਜੋ ਇਕ ਮੁਕੰਮਲ ਜਾਂਚ ਪੇਸ਼ ਕਰਦੀ ਸੀ ਕਿ ਜੀਵਨ ਇੱਥੇ ਕਿਵੇਂ ਆਇਆ।
ਥੋੜ੍ਹੇ ਸਮੇਂ ਬਾਅਦ, ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ। ਲਗਭਗ ਤਿੰਨ ਸਾਲਾਂ ਦੇ ਦੌਰਾਨ, ਜ਼ਾਨ ਅਤੇ ਨਾਡੀਨ ਨੇ ਨਿਯਮਿਤ ਤਰੱਕੀ ਕੀਤੀ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਜਲਦੀ ਹੀ ਪੂਰੀ ਧਰਤੀ ਇਕ ਪਰਾਦੀਸ ਬਣਾਈ ਜਾਵੇਗੀ। ਜਦੋਂ ਉਨ੍ਹਾਂ ਦਾ ਪਰਿਵਾਰ ਤਿੰਨ ਬੱਚਿਆਂ ਤਕ ਵੱਧ ਗਿਆ, ਤਾਂ ਰਾਜ ਗ੍ਰਹਿ ਵਿਖੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਲਈ ਚਾਰ ਘੰਟਿਆਂ ਦਾ ਸਫ਼ਰ ਕਰਨਾ ਇਕ ਅਸਲੀ ਚੁਣੌਤੀ ਬਣ ਗਈ। ਫਿਰ ਵੀ, ਇਸ ਗੱਲ ਨੇ ਉਨ੍ਹਾਂ ਨੂੰ ਹਾਜ਼ਰ ਹੋਣ ਤੋਂ ਨਹੀਂ ਰੋਕਿਆ। ਆਖ਼ਰਕਾਰ ਜ਼ਾਨ ਅਤੇ ਨਾਡੀਨ ਨੇ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ। ਇਹ ਉਨ੍ਹਾਂ ਨੇ ਮੁੱਖ ਪਿੰਡ ਵਿਚ ਹੋਏ ਇਕ ਮਹਾਂ-ਸੰਮੇਲਨ ਵਿਚ ਲਿਆ, ਜਿੱਥੇ ਸਿਖਰ ਹਾਜ਼ਰੀ 38 ਲੋਕ ਸਨ!
ਰਾਜ ਪ੍ਰਕਾਸ਼ਕਾਂ ਦੇ ਛੋਟੇ ਸਮੂਹ ਦੀ ਮਦਦ ਕਰਨ ਲਈ, ਪਰਿਵਾਰ ਨੇ ਆਪਣੇ ਦੂਰਵਰਤੀ ਘਰ ਨੂੰ ਛੱਡਣ ਦਾ ਫ਼ੈਸਲਾ ਕੀਤਾ। ਉਹ ਤਕਰੀਬਨ ਇਕ ਹਜ਼ਾਰ ਨਿਵਾਸੀਆਂ ਵਾਲੇ ਪਿੰਡ ਨੂੰ ਚਲੇ ਗਏ, ਜਿੱਥੇ ਜ਼ਾਨ ਹੁਣ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਵਿਚ ਸਹਾਇਕ ਸੇਵਕ ਵਜੋਂ ਸੇਵਾ ਕਰ ਰਿਹਾ ਹੈ। ਇਹ ਪਰਿਵਾਰ, ਜੋ ਪਹਿਲਾਂ ਸਭਿਅਤਾ ਤੋਂ ਬਚਣ ਲਈ ਟਾਪੂਆਂ ਨੂੰ ਭੱਜ ਗਿਆ ਸੀ, ਹੁਣ ਇੱਕੋ-ਇਕ ਸੱਚੀ ਪਨਾਹਗਾਹ, ਯਹੋਵਾਹ ਦੇ ਦੈਵ-ਸ਼ਾਸਕੀ ਸੰਗਠਨ ਲੱਭਣ ਨੂੰ ਇਕ ਵਿਸ਼ੇਸ਼ ਸਨਮਾਨ ਸਮਝਦਾ ਹੈ।