ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w18 ਜਨਵਰੀ ਸਫ਼ੇ 3-6
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਡਰ ਅਤੇ ਨਿਰਾਸ਼ਾ ʼਤੇ ਕਾਬੂ ਪਾਉਣਾ
  • “ਸਾਨੂੰ ਤੁਹਾਡੇ ʼਤੇ ਬਹੁਤ ਮਾਣ ਹੋਵੇਗਾ”
  • ਉਸ ਨੇ ਖ਼ੁਸ਼ੀ ਨਾਲ ਸੱਦਾ ਸਵੀਕਾਰ ਕੀਤਾ
  • “ਯਹੋਵਾਹ ਨੇ ਸਹੀ ਸਮੇਂ ਤੇ ਮੇਰੀ ਮਦਦ ਕੀਤੀ”
  • ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨੂੰ ਬਰਕਤਾਂ
  • “ਮੈਂ ਤੇਰੀ ਸਹਾਇਤਾ ਕਰਾਂਗਾ”
  • ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਯਹੋਵਾਹ ਦੇ ਦੈਵ-ਸ਼ਾਸਕੀ ਸੰਗਠਨ ਵੱਲ ਭੱਜਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
w18 ਜਨਵਰੀ ਸਫ਼ੇ 3-6

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—ਮੈਡਾਗਾਸਕਰ

ਪੂਰੀ ਦੁਨੀਆਂ ਘੁੰਮਣ ਵਾਲਾ

27 ਸਾਲਾਂ ਦੀ ਸਿਲਵੀਆਨਾ ਨਾਂ ਦੀ ਪਾਇਨੀਅਰ ਦੱਸਦੀ ਹੈ: “ਜਦੋਂ ਮੈਂ ਜ਼ਿਆਦਾ ਲੋੜ ਵਾਲੇ ਇਲਾਕਿਆਂ ਵਿਚ ਸੇਵਾ ਕਰਨ ਵਾਲੇ ਪਾਇਨੀਅਰਾਂ ਦੇ ਤਜਰਬੇ ਸੁਣਦੀ ਸੀ, ਤਾਂ ਮੇਰਾ ਵੀ ਦਿਲ ਇਸੇ ਤਰ੍ਹਾਂ ਕਰਨ ਨੂੰ ਕਰਦਾ ਸੀ। ਪਰ ਮੈਨੂੰ ਦੂਸਰੀ ਜਗ੍ਹਾ ʼਤੇ ਜਾ ਕੇ ਪ੍ਰਚਾਰ ਕਰਨ ਤੋਂ ਡਰ ਲੱਗਦਾ ਸੀ।”

ਕੀ ਤੁਸੀਂ ਵੀ ਸਿਲਵੀਆਨਾ ਵਾਂਗ ਹੀ ਮਹਿਸੂਸ ਕਰਦੇ ਹੋ? ਕੀ ਤੁਸੀਂ ਵੀ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਪਰ ਕੀ ਤੁਹਾਨੂੰ ਵੀ ਇਸ ਤਰ੍ਹਾਂ ਕਰਨਾ ਔਖਾ ਲੱਗਦਾ ਹੈ? ਜੇ ਇੱਦਾਂ ਹੈ, ਤਾਂ ਦਿਲ ਨਾ ਛੱਡੋ। ਯਹੋਵਾਹ ਦੀ ਮਦਦ ਨਾਲ ਹਜ਼ਾਰਾਂ ਹੀ ਭੈਣ-ਭਰਾ ਉਹ ਮੁਸ਼ਕਲਾਂ ਪਾਰ ਕਰ ਸਕੇ ਹਨ ਜੋ ਵਧ-ਚੜ੍ਹ ਕੇ ਸੇਵਾ ਕਰਨ ਦੇ ਰਾਹ ਵਿਚ ਰੋੜਾ ਬਣ ਰਹੀਆਂ ਸਨ। ਇਹ ਜਾਣਨ ਲਈ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ, ਆਓ ਆਪਾਂ ਮੈਡਾਗਾਸਕਰ ਚਲੀਏ। ਇਹ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਟਾਪੂ ਹੈ।

ਪਿਛਲੇ ਦਸਾਂ ਸਾਲਾਂ ਤੋਂ 70 ਤੋਂ ਜ਼ਿਆਦਾ ਜੋਸ਼ੀਲੇ ਪ੍ਰਚਾਰਕ ਅਤੇ 11 ਦੇਸ਼ਾਂa ਦੇ ਪਾਇਨੀਅਰਾਂ ਨੇ ਇਸ ਅਫ਼ਰੀਕਨ ਟਾਪੂ ਵਿਚ ਆ ਕੇ ਸੇਵਾ ਕੀਤੀ ਹੈ। ਇੱਥੇ ਬਹੁਤ ਸਾਰੇ ਲੋਕ ਬਾਈਬਲ ਦਾ ਆਦਰ ਕਰਦੇ ਹਨ ਅਤੇ ਉਸ ਬਾਰੇ ਸਿੱਖਣਾ ਚਾਹੁੰਦੇ ਹਨ। ਨਾਲੇ ਇੱਥੋਂ ਦੇ ਵੀ ਬਹੁਤ ਸਾਰੇ ਪ੍ਰਚਾਰਕ ਇਸ ਵਿਸ਼ਾਲ ਟਾਪੂ ਦੇ ਹੋਰ ਇਲਾਕਿਆਂ ਵਿਚ ਰਾਜ ਦਾ ਸੰਦੇਸ਼ ਸੁਣਾਉਣ ਲਈ ਗਏ ਹਨ। ਆਓ ਆਪਾਂ ਕੁਝ ਭੈਣਾਂ-ਭਰਾਵਾਂ ਨੂੰ ਮਿਲੀਏ।

ਡਰ ਅਤੇ ਨਿਰਾਸ਼ਾ ʼਤੇ ਕਾਬੂ ਪਾਉਣਾ

ਪੈਰੀਨ ਅਤੇ ਲੂਇਸ ਇਕ ਆਦਮੀ ਨੂੰ ਗਵਾਹੀ ਦਿੰਦੇ ਹੋਏ

ਪੈਰੀਨ ਅਤੇ ਲੂਇਸ

30 ਤੋਂ ਜ਼ਿਆਦਾ ਉਮਰ ਦੇ ਲੂਇਸ ਅਤੇ ਪੈਰੀਨ ਫਰਾਂਸ ਛੱਡ ਕੇ ਮੈਡਾਗਾਸਕਰ ਆਏ ਸਨ। ਇਹ ਜੋੜਾ ਕਈ ਸਾਲਾਂ ਤੋਂ ਕਿਸੇ ਹੋਰ ਦੇਸ਼ ਜਾ ਕੇ ਵਧ-ਚੜ੍ਹ ਕੇ ਪ੍ਰਚਾਰ ਕਰਨਾ ਚਾਹੁੰਦਾ ਸੀ। ਪਰ ਪੈਰੀਨ ਕਿਸੇ ਹੋਰ ਦੇਸ਼ ਵਿਚ ਜਾਣ ਤੋਂ ਡਰਦੀ ਸੀ। ਉਹ ਦੱਸਦੀ ਹੈ: “ਮੈਨੂੰ ਚਿੰਤਾ ਸੀ ਕਿ ਮੈਨੂੰ ਆਪਣੇ ਪਰਿਵਾਰ, ਮੰਡਲੀ ਅਤੇ ਘਰ ਨੂੰ ਛੱਡ ਕੇ ਅਣਜਾਣ ਜਗ੍ਹਾ ʼਤੇ ਜਾ ਕਿ ਰਹਿਣਾ ਪਵੇਗਾ। ਨਾਲੇ ਮੇਰੇ ਲਈ ਆਪਣੇ ਰਹਿਣ-ਸਹਿਣ ਵਿਚ ਵੀ ਤਬਦੀਲੀਆਂ ਕਰਨੀਆਂ ਔਖੀਆਂ ਸਨ। ਮੇਰੀਆਂ ਚਿੰਤਾਵਾਂ ਮੇਰੇ ਲਈ ਸਭ ਤੋਂ ਵੱਡੀ ਰੁਕਾਵਟ ਸਨ।” 2012 ਵਿਚ ਪੈਰੀਨ ਨੇ ਹਿੰਮਤ ਜੁਟਾਈ ਅਤੇ ਆਪਣੇ ਪਤੀ ਨਾਲ ਕਿਸੇ ਹੋਰ ਦੇਸ਼ ਚਲੀ ਗਈ। ਉਹ ਆਪਣੇ ਫ਼ੈਸਲੇ ਬਾਰੇ ਕਿਵੇਂ ਮਹਿਸੂਸ ਕਰਦੀ ਹੈ? ਲੂਇਸ ਦੱਸਦੀ ਹੈ: “ਜਦੋਂ ਮੈਂ ਪਿੱਛੇ ਝਾਤ ਮਾਰਦੀ ਹਾਂ, ਤਾਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖ ਕੇ ਸਾਡੀ ਦੋਨਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ। ਪਹਿਲੇ ਮੈਮੋਰੀਅਲ ʼਤੇ ਹੀ ਆਪਣੀਆਂ 10 ਸਟੱਡੀਆਂ ਨੂੰ ਦੇਖ ਕੇ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ!”

ਮੁਸ਼ਕਲਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੈਡਾਗਾਸਕਰ ਵਿਚ ਰਹਿ ਕੇ ਸੇਵਾ ਕਰਦੇ ਰਹਿਣ ਦੀ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਧੀਰਜ ਅਤੇ ਤਾਕਤ ਲਈ ਯਹੋਵਾਹ ਨੂੰ ਫ਼ਰਿਆਦ ਕੀਤੀ। (ਫ਼ਿਲਿ. 4:13) ਲੂਇਸ ਕਹਿੰਦਾ ਹੈ: “ਯਹੋਵਾਹ ਨੇ ਸਾਡੀਆਂ ਫ਼ਰਿਆਦਾਂ ਦਾ ਜਵਾਬ ਦੇ ਕੇ ਸਾਨੂੰ “ਸ਼ਾਂਤੀ” ਬਖ਼ਸ਼ੀ। ਆਪਣਾ ਧਿਆਨ ਸੇਵਾ ʼਤੇ ਲਾ ਕੇ ਅਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕੇ। ਨਾਲੇ ਫਰਾਂਸ ਤੋਂ ਸਾਡੇ ਦੋਸਤਾਂ ਨੇ ਸਾਨੂੰ ਹੌਸਲੇ ਭਰੀਆਂ ਈ-ਮੇਲ ਤੇ ਚਿੱਠੀਆਂ ਭੇਜੀਆਂ।”​—ਫ਼ਿਲਿ. 4:6, 7; 2 ਕੁਰਿੰ. 4:7.

ਲੂਇਸ ਅਤੇ ਪੈਰੀਨ ਦੇ ਧੀਰਜ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਵੱਡਾ ਇਨਾਮ ਦਿੱਤਾ। ਲੂਇਸ ਦੱਸਦਾ ਹੈ: “ਅਕਤੂਬਰ 2014 ਵਿਚ ਅਸੀਂ ਫਰਾਂਸ ਵਿਚ ਪਤੀ-ਪਤਨੀਆਂ ਲਈ ਬਾਈਬਲ ਸਕੂਲb ਵਿਚ ਹਾਜ਼ਰ ਹੋਏ। ਇਹ ਯਹੋਵਾਹ ਵੱਲੋਂ ਅਨਮੋਲ ਤੋਹਫ਼ਾ ਸੀ।” ਸਕੂਲ ਤੋਂ ਬਾਅਦ ਇਸ ਜੋੜੇ ਨੂੰ ਦੁਬਾਰਾ ਮੈਡਾਗਾਸਕਰ ਸੇਵਾ ਕਰਨ ਲਈ ਭੇਜਿਆ ਗਿਆ।

“ਸਾਨੂੰ ਤੁਹਾਡੇ ʼਤੇ ਬਹੁਤ ਮਾਣ ਹੋਵੇਗਾ”

ਨੇਦੀਨ ਅਤੇ ਦੀਦੀਏ ਇਕ ਔਰਤ ਨੂੰ ਗਵਾਹੀ ਦਿੰਦੇ ਹੋਏ

ਨੇਦੀਨ ਅਤੇ ਦੀਦੀਏ

2010 ਵਿਚ 50 ਤੋਂ ਜ਼ਿਆਦਾ ਸਾਲ ਦੇ ਦੀਦੀਏ ਅਤੇ ਨੇਦੀਨ ਫਰਾਂਸ ਛੱਡ ਕੇ ਮੈਡਾਗਾਸਕਰ ਚਲੇ ਗਏ। ਦੀਦੀਏ ਦੱਸਦਾ ਹੈ: “ਅਸੀਂ ਜਵਾਨੀ ਵਿਚ ਪਾਇਨੀਅਰਿੰਗ ਕੀਤੀ ਸੀ ਅਤੇ ਫਿਰ ਅਸੀਂ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ। ਜਦੋਂ ਬੱਚੇ ਵੱਡੇ ਹੋ ਗਏ, ਤਾਂ ਅਸੀਂ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਬਾਰੇ ਸੋਚਿਆ।” ਨੇਦੀਨ ਦੱਸਦੀ ਹੈ: “ਆਪਣੇ ਬੱਚਿਆਂ ਤੋਂ ਦੂਰ ਜਾਣ ਦੇ ਖ਼ਿਆਲ ਤੋਂ ਹੀ ਮੈਂ ਡਰ ਜਾਂਦੀ ਸੀ। ਪਰ ਬੱਚਿਆਂ ਨੇ ਸਾਨੂੰ ਕਿਹਾ: ‘ਜੇ ਤੁਸੀਂ ਉੱਥੇ ਜਾ ਕੇ ਸੇਵਾ ਕਰੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਸਾਨੂੰ ਤੁਹਾਡੇ ʼਤੇ ਬਹੁਤ ਮਾਣ ਹੋਵੇਗਾ।’ ਉਨ੍ਹਾਂ ਦੇ ਸ਼ਬਦਾਂ ਤੋਂ ਸਾਨੂੰ ਹੱਲਾਸ਼ੇਰੀ ਮਿਲੀ। ਆਪਣੇ ਬੱਚਿਆਂ ਨਾਲ ਬਾਕਾਇਦਾ ਗੱਲ ਕਰ ਕੇ ਅਸੀਂ ਬਹੁਤ ਖ਼ੁਸ਼ ਹਾਂ, ਚਾਹੇ ਅਸੀਂ ਉਨ੍ਹਾਂ ਤੋਂ ਹੁਣ ਬਹੁਤ ਦੂਰ ਰਹਿੰਦੇ ਹਾਂ।”

ਦੀਦੀਏ ਅਤੇ ਨੇਦੀਨ ਲਈ ਮੈਲਾਗਾਸੀ ਭਾਸ਼ਾ ਸਿੱਖਣੀ ਔਖੀ ਸੀ। ਨੇਦੀਨ ਮੁਸਕਰਾ ਕੇ ਕਹਿੰਦੀ ਹੈ: “ਹੁਣ ਅਸੀਂ 20 ਸਾਲਾਂ ਦੇ ਤਾਂ ਹੈ ਨਹੀਂ।” ਉਹ ਭਾਸ਼ਾ ਕਿਵੇਂ ਸਿੱਖ ਸਕੇ? ਪਹਿਲਾ-ਪਹਿਲ ਉਹ ਫ਼੍ਰੈਂਚ ਮੰਡਲੀ ਵਿਚ ਗਏ। ਬਾਅਦ ਵਿਚ ਜਦੋਂ ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਕੋਲ ਮੈਲਾਗਾਸੀ ਭਾਸ਼ਾ ਸਿੱਖਣ ਲਈ ਜ਼ਿਆਦਾ ਸਮਾਂ ਸੀ, ਤਾਂ ਉਹ ਉਸ ਭਾਸ਼ਾ ਦੀ ਮੰਡਲੀ ਵਿਚ ਜਾਣ ਲੱਗ ਪਏ। ਨੇਦੀਨ ਕਹਿੰਦੀ ਹੈ: “ਪ੍ਰਚਾਰ ਵਿਚ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਹਨ ਜੋ ਬਾਈਬਲ ਬਾਰੇ ਹੋਰ ਸਿੱਖਣਾ ਚਾਹੁੰਦੇ ਹਨ। ਉਹ ਅਕਸਰ ਸਾਡਾ ਧੰਨਵਾਦ ਕਰਦੇ ਹਨ ਕਿ ਅਸੀਂ ਉਨ੍ਹਾਂ ਨੂੰ ਮਿਲਣ ਗਏ। ਪਹਿਲਾ ਮੈਨੂੰ ਲੱਗਦਾ ਸੀ ਕਿ ਜਿੱਦਾਂ ਮੈਂ ਕੋਈ ਸੁਪਨਾ ਦੇਖ ਰਹੀ ਹੋਵਾਂ। ਮੈਨੂੰ ਇਸ ਇਲਾਕੇ ਵਿਚ ਪਾਇਨੀਅਰਿੰਗ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੈਂ ਸਵੇਰੇ ਉੱਠਦੀ ਹਾਂ, ਤਾਂ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ, ‘ਕਿੰਨਾ ਵਧੀਆ ਹੈ ਕਿ ਅੱਜ ਮੈਂ ਪ੍ਰਚਾਰ ʼਤੇ ਜਾਣਾ ਹੈ!’”

ਦੀਦੀਏ ਉਸ ਸਮੇਂ ਨੂੰ ਯਾਦ ਕਰ ਕੇ ਮੁਸਕਰਾਉਂਦਾ ਹੈ ਜਦੋਂ ਉਸ ਨੇ ਮੈਲਾਗਾਸੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਸੀ। ਉਹ ਦੱਸਦਾ ਹੈ: “ਮੈਂ ਮੀਟਿੰਗ ਵਿਚ ਆਪਣਾ ਭਾਗ ਪੇਸ਼ ਕਰ ਰਿਹਾ ਸੀ, ਪਰ ਮੈਨੂੰ ਕਿਸੇ ਦਾ ਵੀ ਜਵਾਬ ਸਮਝ ਨਹੀਂ ਆਇਆ। ਮੈਂ ਸਿਰਫ਼ ਇਹੀ ਕਹਿੰਦਾ ਸੀ, ‘ਧੰਨਵਾਦ।’ ਇਕ ਭੈਣ ਦੇ ਜਵਾਬ ਦੇਣ ਤੋਂ ਬਾਅਦ ਮੈਂ ਉਸ ਦਾ ਧੰਨਵਾਦ ਕੀਤਾ, ਪਰ ਉਸ ਦੇ ਪਿੱਛੇ ਬੈਠੇ ਭੈਣਾਂ-ਭਰਾਵਾਂ ਨੇ ਇਸ਼ਾਰਿਆਂ ਨਾਲ ਮੈਨੂੰ ਦੱਸਿਆ ਕਿ ਉਸ ਭੈਣ ਦਾ ਜਵਾਬ ਗ਼ਲਤ ਸੀ। ਮੈਂ ਇਕ ਹੋਰ ਭਰਾ ਨੂੰ ਪੁੱਛਿਆ ਤੇ ਮੈਨੂੰ ਉਮੀਦ ਸੀ ਕਿ ਘੱਟੋ-ਘੱਟ ਉਸ ਭਰਾ ਨੇ ਸਹੀ ਜਵਾਬ ਦਿੱਤਾ ਹੋਣਾ।”

ਉਸ ਨੇ ਖ਼ੁਸ਼ੀ ਨਾਲ ਸੱਦਾ ਸਵੀਕਾਰ ਕੀਤਾ

2005 ਦੇ ਵੱਡੇ ਸੰਮੇਲਨ ʼਤੇ ਤਾਈਰੀ ਤੇ ਨਾਡੀਆ ਨੇ ਡਰਾਮਾ ਦੇਖਿਆ, ਜਿਸ ਦਾ ਵਿਸ਼ਾ ਸੀ “ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ।” ਇਹ ਬਾਈਬਲ ਡਰਾਮਾ ਤਿਮੋਥਿਉਸ ਬਾਰੇ ਸੀ ਜਿਸ ਦਾ ਉਨ੍ਹਾਂ ਦੇ ਦਿਲਾਂ ʼਤੇ ਗਹਿਰਾ ਅਸਰ ਪਿਆ। ਉਨ੍ਹਾਂ ਦੀ ਉੱਥੇ ਜਾ ਕੇ ਸੇਵਾ ਕਰਨ ਦੀ ਇੱਛਾ ਹੋਰ ਵਧੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਤਾਈਰੀ ਕਹਿੰਦਾ ਹੈ: “ਡਰਾਮੇ ਤੋਂ ਬਾਅਦ ਜਦੋਂ ਅਸੀਂ ਤਾੜੀਆਂ ਮਾਰ ਰਹੇ ਸੀ, ਤਾਂ ਮੈਂ ਆਪਣੀ ਪਤਨੀ ਨੂੰ ਪੁੱਛਿਆ, ‘ਅਸੀਂ ਕਿੱਥੇ ਜਾ ਕੇ ਸੇਵਾ ਕਰਨੀ?’ ਮੇਰੀ ਪਤਨੀ ਨੇ ਕਿਹਾ ਕਿ ਉਹ ਵੀ ਇਹੀ ਗੱਲ ਸੋਚ ਰਹੀ ਸੀ।” ਇਸ ਤੋਂ ਜਲਦੀ ਬਾਅਦ ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਨਾਡੀਆ ਦੱਸਦੀ ਹੈ: “ਅਸੀਂ ਉਦੋਂ ਤਕ ਆਪਣੀਆਂ ਚੀਜ਼ਾਂ ਘਟਾਉਂਦੇ ਰਹੇ ਜਦੋਂ ਤਕ ਸਾਡੇ ਕੋਲ ਸਿਰਫ਼ ਉੱਨੀਆਂ ਚੀਜ਼ਾਂ ਨਹੀਂ ਰਹਿ ਗਈਆਂ ਜੋ ਚਾਰ ਅਟੈਚੀਆਂ ਵਿਚ ਆ ਸਕਣ।”

ਨਾਡੀਆ, ਮਾਰੀਆ-ਮੈਡਲੇਨ ਅਤੇ ਤਾਈਰੀ ਇਕ ਜੋੜੇ ਨੂੰ ਗਵਾਹੀ ਦਿੰਦੇ ਹੋਏ

ਖੱਬੇ: ਨਾਡੀਆ ਅਤੇ ਮਾਰੀਆ-ਮੈਡਲੇਨ; ਸੱਜੇ: ਤਾਈਰੀ

ਉਹ 2006 ਵਿਚ ਮੈਡਾਗਾਸਕਰ ਪਹੁੰਚੇ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਪ੍ਰਚਾਰ ਵਿਚ ਮਜ਼ਾ ਆਉਣ ਲੱਗਾ। ਨਾਡੀਆ ਦੱਸਦੀ ਹੈ: “ਪ੍ਰਚਾਰ ਪ੍ਰਤੀ ਲੋਕਾਂ ਦਾ ਹੁੰਗਾਰਾ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਸੀ।”

ਪਰ ਛੇ ਸਾਲਾਂ ਬਾਅਦ ਇਸ ਜੋੜੇ ਨੂੰ ਇਕ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ। ਨਾਡੀਆ ਦੀ ਮੰਮੀ ਮਾਰੀਆ-ਮੈਡਲੇਨ ਫਰਾਂਸ ਵਿਚ ਰਹਿੰਦੀ ਸੀ। ਡਿਗ ਕੇ ਉਸ ਦੀ ਬਾਂਹ ਟੁੱਟ ਗਈ ਤੇ ਉਸ ਦੇ ਸਿਰ ʼਤੇ ਸੱਟ ਲੱਗ ਗਈ। ਉਨ੍ਹਾਂ ਨੇ ਆਪਣੇ ਮੰਮੀ ਜੀ ਦੇ ਡਾਕਟਰ ਨਾਲ ਗੱਲ ਕੀਤੀ। ਉਨ੍ਹਾਂ ਨੇ ਆਪਣੀ ਮੰਮੀ ਨੂੰ ਆਪਣੇ ਨਾਲ ਮੈਡਾਗਾਸਕਰ ਆ ਕੇ ਰਹਿਣ ਲਈ ਕਿਹਾ। ਭਾਵੇਂ ਉਸ ਸਮੇਂ ਉਹ 80 ਸਾਲਾਂ ਦੀ ਸੀ, ਪਰ ਉਹ ਖ਼ੁਸ਼ੀ-ਖ਼ੁਸ਼ੀ ਉੱਥੇ ਜਾਣ ਲਈ ਮੰਨ ਗਈ। ਵਿਦੇਸ਼ ਜਾ ਕੇ ਰਹਿਣ ਬਾਰੇ ਮਾਰੀਆ-ਮੈਡਲੇਨ ਕੀ ਸੋਚਦੀ ਹੈ? ਉਹ ਕਹਿੰਦੀ ਹੈ: “ਕਈ ਵਾਰ ਹਾਲਾਤਾਂ ਮੁਤਾਬਕ ਢਲ਼ਣਾ ਔਖਾ ਹੁੰਦਾ ਹੈ। ਚਾਹੇ ਆਪਣੀ ਉਮਰ ਕਰਕੇ ਮੈਂ ਜ਼ਿਆਦਾ ਨਹੀਂ ਕਰ ਸਕਦੀ, ਪਰ ਮੈਨੂੰ ਲੱਗਦਾ ਹੈ ਕਿ ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੀ ਹਾਂ। ਨਾਲੇ ਮੈਨੂੰ ਖ਼ੁਸ਼ੀ ਹੈ ਕਿ ਮੇਰੇ ਇੱਥੇ ਆ ਕੇ ਰਹਿਣ ਨਾਲ ਮੇਰੇ ਬੱਚੇ ਪੂਰੇ ਸਮੇਂ ਦੀ ਸੇਵਾ ਕਰਦੇ ਰਹਿ ਸਕਦੇ ਹਨ।”

“ਯਹੋਵਾਹ ਨੇ ਸਹੀ ਸਮੇਂ ਤੇ ਮੇਰੀ ਮਦਦ ਕੀਤੀ”

ਤਾਂਡਰੋਏ ਭਾਸ਼ਾ ਵਿਚ ਰੀਐਨਾ ਭਾਸ਼ਣ ਦਿੰਦਾ ਹੋਇਆ

ਤਾਂਡਰੋਏ ਭਾਸ਼ਾ ਵਿਚ ਰੀਐਨਾ ਭਾਸ਼ਣ ਦਿੰਦਾ ਹੋਇਆ

ਰੀਐਨਾ ਨਾਂ ਦਾ ਭਰਾ 22 ਸਾਲਾਂ ਦਾ ਹੈ। ਉਸ ਦਾ ਪਾਲਣ-ਪੋਸ਼ਣ ਪੂਰਬੀ ਮੈਡਾਗਾਸਕਰ ਦੇ ਉਪਜਾਊ ਇਲਾਕੇ ਅਲਾਓਤਰਾ ਮਨਗੋਰੋ ਵਿਚ ਹੋਇਆ। ਉਹ ਪੜ੍ਹਾਈ-ਲਿਖਾਈ ਵਿਚ ਕਾਫ਼ੀ ਹੁਸ਼ਿਆਰ ਸੀ ਅਤੇ ਉੱਚ ਸਿੱਖਿਆ ਲੈਣੀ ਚਾਹੁੰਦਾ ਸੀ। ਪਰ ਬਾਈਬਲ ਸਟੱਡੀ ਕਰਨ ਤੋਂ ਬਾਅਦ ਉਸ ਨੇ ਆਪਣਾ ਮਨ ਬਦਲ ਲਿਆ। ਉਹ ਦੱਸਦਾ ਹੈ: “ਮੈਂ 12ਵੀਂ ਕਲਾਸ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਯਹੋਵਾਹ ਨਾਲ ਵਾਅਦਾ ਕੀਤਾ, ‘ਜੇ ਮੈਂ ਪੱਕੇ ਪੇਪਰਾਂ ਵਿੱਚੋਂ ਪਾਸ ਹੋ ਗਿਆ, ਤਾਂ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦੇਵਾਂਗਾ।’” ਪਾਸ ਹੋਣ ਤੋਂ ਬਾਅਦ ਉਸ ਨੇ ਆਪਣਾ ਵਾਅਦਾ ਨਿਭਾਇਆ। ਉਹ ਇਕ ਪਾਇਨੀਅਰ ਭਰਾ ਨਾਲ ਰਹਿਣ ਚਲਾ ਗਿਆ, ਉਸ ਨੂੰ ਥੋੜ੍ਹੇ ਘੰਟਿਆਂ ਵਾਲੀ ਨੌਕਰੀ ਮਿਲ ਗਈ ਅਤੇ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿੰਦਾ ਹੈ: “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਸੀ।”

ਪਰ ਰੀਐਨਾ ਦੇ ਰਿਸ਼ਤੇਦਾਰ ਸਮਝ ਨਹੀਂ ਸਕੇ ਕਿ ਉਸ ਨੇ ਕੋਈ ਵਧੀਆ ਨੌਕਰੀ ਕਿਉਂ ਨਹੀਂ ਕੀਤੀ। ਉਹ ਦੱਸਦਾ ਹੈ: “ਮੇਰੇ ਡੈਡੀ, ਚਾਚੇ ਅਤੇ ਡੈਡੀ ਦੀ ਮਾਸੀ ਨੇ ਮੇਰੇ ʼਤੇ ਉੱਚ ਸਿੱਖਿਆ ਲੈਣ ਦਾ ਜ਼ੋਰ ਪਾਇਆ। ਪਰ ਮੈਂ ਕਿਸੇ ਵੀ ਹਾਲ ਵਿਚ ਪਾਇਨੀਅਰਿੰਗ ਕਰਨੀ ਨਹੀਂ ਛੱਡਣੀ ਚਾਹੁੰਦਾ ਸੀ।” ਕੁਝ ਦੇਰ ਬਾਅਦ ਰੀਐਨਾ ਉਸ ਜਗ੍ਹਾ ਜਾ ਕੇ ਸੇਵਾ ਕਰਨੀ ਚਾਹੁੰਦਾ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਹ ਖ਼ਿਆਲ ਉਸ ਦੇ ਮਨ ਵਿਚ ਕਿਉਂ ਆਇਆ? ਉਹ ਦੱਸਦਾ ਹੈ: “ਚੋਰਾਂ ਨੇ ਸਾਡੇ ਘਰ ਦੇ ਜਿੰਦੇ ਤੋੜ ਦਿੱਤੇ ਅਤੇ ਮੇਰੀਆਂ ਕਈ ਚੀਜ਼ਾਂ ਲੈ ਗਏ। ਇਸ ਕਰਕੇ ਮੈਂ ਯਿਸੂ ਦੇ ਇਨ੍ਹਾਂ ਸ਼ਬਦਾਂ ʼਤੇ ਸੋਚਣ ਲਈ ਮਜਬੂਰ ਹੋਇਆ ਕਿ ‘ਸਵਰਗ ਵਿਚ ਆਪਣੇ ਲਈ ਧਨ ਜੋੜੋ।’ ਮੈਂ ਫਿਰ ਸਵਰਗ ਵਿਚ ਧਨ ਜੋੜਨ ਲਈ ਹੋਰ ਜ਼ਿਆਦਾ ਮਿਹਨਤ ਕਰਨ ਦਾ ਫ਼ੈਸਲਾ ਕੀਤਾ। (ਮੱਤੀ 6:19, 20) ਉਹ ਮੈਡਾਗਾਸਕਰ ਦੇ ਧੁਰ ਦੱਖਣੀ ਹਿੱਸੇ ਵਿਚ ਚਲਾ ਗਿਆ। ਇਹ ਇਲਾਕਾ ਸੋਕੇ ਦੀ ਮਾਰ ਹੇਠ ਸੀ। ਜਿੱਥੇ ਉਹ ਪਹਿਲਾਂ ਰਹਿੰਦਾ ਸੀ ਉੱਥੋਂ ਇਹ ਜਗ੍ਹਾ 1,300 ਕਿਲੋਮੀਟਰ (800 ਮੀਲ) ਦੂਰ ਸੀ। ਇਸ ਇਲਾਕੇ ਵਿਚ ਐਨਤਾਂਡਰੋਏ ਨਾਂ ਦੇ ਲੋਕ ਰਹਿੰਦੇ ਹਨ। ਉਹ ਉੱਥੇ ਕਿਉਂ ਗਿਆ ਸੀ?

ਚੋਰੀ ਹੋਣ ਤੋਂ ਇਕ ਮਹੀਨਾ ਪਹਿਲਾਂ ਰੀਐਨਾ ਨੇ ਦੋ ਐਨਤਾਂਡਰੋਏ ਆਦਮੀਆਂ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ ਸੀ। ਉਸ ਨੇ ਉਨ੍ਹਾਂ ਬਹੁਤ ਸਾਰੇ ਐਨਤਾਂਡਰੋਏ ਲੋਕਾਂ ਬਾਰੇ ਸੋਚਿਆ ਜਿਨ੍ਹਾਂ ਨੇ ਅਜੇ ਤਕ ਰਾਜ ਦਾ ਸੰਦੇਸ਼ ਨਹੀਂ ਸੁਣਿਆ ਸੀ ਅਤੇ ਉਸ ਨੇ ਉਨ੍ਹਾਂ ਦੀ ਭਾਸ਼ਾ ਦੇ ਕੁਝ ਸ਼ਬਦ ਸਿੱਖੇ। ਉਸ ਨੇ ਕਿਹਾ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੇਰੀ ਤਾਂਡਰੋਏ ਭਾਸ਼ਾ ਵਾਲੇ ਇਲਾਕੇ ਵਿਚ ਜਾਣ ਵਿਚ ਮਦਦ ਕਰੇ।”

ਰੀਐਨਾ ਉੱਥੇ ਚਲਾ ਗਿਆ, ਪਰ ਛੇਤੀ ਹੀ ਉਸ ਨੂੰ ਇਕ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ। ਉਸ ਨੂੰ ਕੰਮ ਨਹੀਂ ਮਿਲਿਆ। ਇਕ ਆਦਮੀ ਨੇ ਉਸ ਨੂੰ ਕਿਹਾ: “ਤੂੰ ਇੱਥੇ ਕਿਉਂ ਆਇਆ ਹੈਂ? ਇੱਥੋਂ ਦੇ ਲੋਕ ਤਾਂ ਉੱਥੇ ਕੰਮ ਕਰਨ ਜਾਂਦੇ ਹਨ ਜਿੱਥੋਂ ਤੂੰ ਆਇਆ ਹੈਂ।” ਦੋ ਹਫ਼ਤਿਆਂ ਬਾਅਦ ਰੀਐਨਾ ਵੱਡੇ ਸੰਮੇਲਨ ʼਤੇ ਗਿਆ, ਪਰ ਉਸ ਵੇਲੇ ਉਸ ਕੋਲ ਇਕ ਵੀ ਪੈਸਾ ਨਹੀਂ ਸੀ। ਉਹ ਸੋਚਦਾ ਸੀ ਕਿ ਉਹ ਕੀ ਕਰੇਗਾ। ਵੱਡੇ ਸੰਮੇਲਨ ਦੇ ਆਖ਼ਰੀ ਦਿਨ ਇਕ ਭਰਾ ਨੇ ਰੀਐਨਾ ਦੀ ਕੋਟ ਦੀ ਜੇਬ ਵਿਚ ਕੁਝ ਪਾਇਆ। ਉਸ ਨੇ ਇੰਨੇ ਪੈਸੇ ਪਾਏ ਕਿ ਰੀਐਨਾ ਵਾਪਸ ਐਨਤਾਂਡਰੋਏ ਜਾ ਸਕਦਾ ਸੀ ਅਤੇ ਦਹੀਂ ਵੇਚਣ ਦਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਦਾ ਸੀ। ਰੀਐਨਾ ਦੱਸਦਾ ਹੈ: “ਯਹੋਵਾਹ ਨੇ ਸਹੀ ਸਮੇਂ ਤੇ ਮੇਰੀ ਮਦਦ ਕੀਤੀ। ਮੈਂ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਰਹਿ ਸਕਦਾ ਸੀ ਜਿਨ੍ਹਾਂ ਨੂੰ ਅਜੇ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ ਸੀ।” ਮੰਡਲੀ ਵਿਚ ਵੀ ਉਸ ਲਈ ਬਹੁਤ ਸਾਰਾ ਕੰਮ ਸੀ। ਰੀਐਨਾ ਦੱਸਦਾ ਹੈ: “ਮੈਂ ਹਰ ਦੂਜੇ ਹਫ਼ਤੇ ਪਬਲਿਕ ਭਾਸ਼ਣ ਦਿੰਦਾ ਸੀ। ਯਹੋਵਾਹ ਆਪਣੇ ਸੰਗਠਨ ਰਾਹੀਂ ਮੈਨੂੰ ਸਿਖਲਾਈ ਦੇ ਰਿਹਾ ਸੀ।” ਅੱਜ ਵੀ ਰੀਐਨਾ ਤਾਂਡਰੋਏ ਭਾਸ਼ਾ ਬੋਲਣ ਵਾਲੇ ਉਨ੍ਹਾਂ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦਾ ਹੈ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਹਨ।

ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨੂੰ ਬਰਕਤਾਂ

ਯਹੋਵਾਹ ਉਸ ਦੀ ਸੇਵਾ ਕਰਨ ਵਾਲਿਆਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ। (ਯਸਾ. 65:16) ਜਦੋਂ ਭੈਣ-ਭਰਾ ਵਧ-ਚੜ੍ਹ ਕੇ ਸੇਵਾ ਕਰਨ ਲਈ ਰੁਕਾਵਟਾਂ ਨੂੰ ਪਾਰ ਕਰਦੇ ਹਨ, ਤਾਂ ਯਹੋਵਾਹ ਉਨ੍ਹਾਂ ਉੱਤੇ ਅਸੀਸਾਂ ਵਰਾਉਂਦਾ ਹੈ। ਜ਼ਰਾ ਸਿਲਵੀਆਨਾ ਦੀ ਮਿਸਾਲ ʼਤੇ ਗੌਰ ਕਰੋ ਜਿਸ ਦਾ ਜ਼ਿਕਰ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਸੀ। ਯਾਦ ਕਰੋ ਕਿ ਉਸ ਨੂੰ ਦੂਸਰੀ ਜਗ੍ਹਾ ਜਾ ਕੇ ਸੇਵਾ ਕਰਨ ਤੋਂ ਡਰ ਲੱਗਦਾ ਸੀ। ਉਹ ਇੱਦਾਂ ਕਿਉਂ ਸੋਚਦੀ ਸੀ? ਉਹ ਦੱਸਦੀ ਹੈ: “ਮੇਰੀ ਖੱਬੀ ਲੱਤ ਮੇਰੀ ਸੱਜੀ ਲੱਤ ਤੋਂ ਸਾਢੇ ਤਿੰਨ ਇੰਚ (9 ਸੈਂਟੀਮੀਟਰ) ਛੋਟੀ ਹੈ। ਇਸ ਕਰਕੇ ਮੈਂ ਲੰਗੜਾ ਕੇ ਤੁਰਦੀ ਹਾਂ ਅਤੇ ਛੇਤੀ ਥੱਕ ਜਾਂਦੀ ਹਾਂ।”

ਸਿਲਵੀਆਨਾ, ਦੋਰਾਤਾਈਨ ਅਤੇ ਸਿਲਵੀ ਐੱਨ

ਸਿਲਵੀਆਨਾ (ਖੱਬੇ) ਅਤੇ ਸਿਲਵੀ ਐੱਨ (ਸੱਜੇ) ਦੋਰਾਤਾਈਨ ਨਾਲ ਉਸ ਦੇ ਬਪਤਿਸਮੇ ਵਾਲੇ ਦਿਨ

ਪਰ 2014 ਵਿਚ ਸਿਲਵੀਆਨਾ ਆਪਣੀ ਮੰਡਲੀ ਦੀ ਪਾਇਨੀਅਰ ਭੈਣ ਸਿਲਵੀ ਐੱਨ ਨਾਲ ਆਪਣੇ ਘਰ ਤੋਂ 85 ਕਿਲੋਮੀਟਰ (53 ਮੀਲ) ਦੂਰ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਚਲੀ ਗਈ। ਰੁਕਾਵਟਾਂ ਦੇ ਬਾਵਜੂਦ ਸਿਲਵੀਆਨਾ ਦਾ ਸੁਪਨਾ ਪੂਰਾ ਹੋ ਗਿਆ। ਨਾਲੇ ਉਸ ਨੂੰ ਇਕ ਬਹੁਤ ਹੀ ਵੱਡੀ ਬਰਕਤ ਮਿਲੀ। ਉਹ ਦੱਸਦੀ ਹੈ: “ਇੱਥੇ ਆਈ ਨੂੰ ਮੈਨੂੰ ਸਿਰਫ਼ ਸਾਲ ਹੀ ਹੋਇਆ ਸੀ, ਜਦੋਂ ਮੇਰੀ ਸਟੱਡੀ ਦੋਰਾਤਾਈਨ ਦਾ ਸਰਕਟ ਸੰਮੇਲਨ ਵਿਚ ਬਪਤਿਸਮਾ ਹੋ ਗਿਆ।”

“ਮੈਂ ਤੇਰੀ ਸਹਾਇਤਾ ਕਰਾਂਗਾ”

ਇਨ੍ਹਾਂ ਭੈਣਾਂ-ਭਰਾਵਾਂ ਦੀ ਨਿਹਚਾ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਵਧ-ਚੜ੍ਹ ਕੇ ਸੇਵਾ ਕਰਨ ਲਈ ਰੁਕਾਵਟਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਇਹ ਵਾਅਦਾ ਪੂਰਾ ਹੁੰਦਾ ਦੇਖਦੇ ਹਾਂ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ।” (ਯਸਾ. 41:10) ਨਤੀਜੇ ਵਜੋਂ, ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਨਾਲੇ ਜਦੋਂ ਅਸੀਂ ਖ਼ੁਸ਼ੀ-ਖ਼ੁਸ਼ੀ ਆਪਣੇ ਇਲਾਕੇ ਵਿਚ ਜਾਂ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਦੇ ਹਾਂ, ਤਾਂ ਅਸੀਂ ਨਵੀਂ ਦੁਨੀਆਂ ਵਿਚ ਭਗਤੀ ਦੇ ਕੰਮ ਕਰਨ ਲਈ ਤਿਆਰ ਹੁੰਦੇ ਹਾਂ। ਭਰਾ ਦੀਦੀਏ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦਾ ਹੈ: “ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉੱਥੇ ਜਾ ਕੇ ਸੇਵਾ ਕਰਨ ਨਾਲ ਭਵਿੱਖ ਲਈ ਵਧੀਆ ਸਿਖਲਾਈ ਮਿਲਦੀ ਹੈ।” ਸਾਡੀ ਦੁਆ ਹੈ ਕਿ ਛੇਤੀ ਹੀ ਹੋਰ ਭੈਣ-ਭਰਾ ਵੀ ਖ਼ੁਸ਼ੀ-ਖ਼ੁਸ਼ੀ ਇਹ ਸਿਖਲਾਈ ਲੈਣ।

a ਭੈਣ-ਭਰਾ ਸੇਵਾ ਕਰਨ ਲਈ ਕੈਨੇਡਾ, ਚੈੱਕ ਗਣਰਾਜ, ਫਰਾਂਸ, ਜਰਮਨੀ, ਗਵਾਡਲੂਪ, ਲਕਜ਼ਮਬਰਗ, ਨਿਊ ਕੈਲੇਡੋਨੀਆ, ਸਵੀਡਨ, ਸਵਿਟਜ਼ਰਲੈਂਡ, ਯੂਨਾਇਟਿਡ ਕਿੰਗਡਮ ਅਤੇ ਅਮਰੀਕਾ ਤੋਂ ਆਏ ਸਨ।

b ਹੁਣ ਇਸ ਸਕੂਲ ਦਾ ਨਾਂ ਬਦਲ ਕੇ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਰੱਖ ਦਿੱਤਾ ਗਿਆ ਹੈ। ਜਿਹੜੇ ਪੂਰੇ ਸਮੇਂ ਦੇ ਸੇਵਕ ਕਿਸੇ ਹੋਰ ਦੇਸ਼ ਵਿਚ ਸੇਵਾ ਕਰਦੇ ਹਨ ਅਤੇ ਸਕੂਲ ਲਈ ਰੱਖੀਆਂ ਮੰਗਾਂ ਪੂਰੀਆਂ ਕਰਦੇ ਹਨ, ਉਹ ਇਸ ਸਕੂਲ ਲਈ ਫ਼ਾਰਮ ਭਰ ਸਕਦੇ ਹਨ। ਉਹ ਇਹ ਸਕੂਲ ਆਪਣੇ ਦੇਸ਼ ਵਿਚ ਜਾਂ ਦੂਸਰੇ ਦੇਸ਼ ਵਿਚ ਆਪਣੀ ਮਾਂ-ਬੋਲੀ ਵਿਚ ਕਰ ਸਕਦੇ ਹਨ।

ਲੋੜ ਵਾਲੇ ਇਲਾਕੇ ਵਿਚ ਪ੍ਰਚਾਰ ਕਰਨ ਵਾਲੇ ਦਾ ਹੌਸਲਾ ਵਧਾਉਂਦੇ ਹੋਏ
ਉਨ੍ਹਾਂ ਦੀ ਮਦਦ ਕਿਵੇਂ ਕਰੀਏ ਜਿਹੜੇ ਉੱਥੇ ਸੇਵਾ ਕਰਦੇ ਹਨ ਜਿੱਥੇ ਜ਼ਿਆਦਾ ਲੋੜ ਹੈ?

  • ਉਨ੍ਹਾਂ ਭੈਣਾਂ-ਭਰਾਵਾਂ ਨਾਲ ਸੰਪਰਕ ਬਣਾਈ ਰੱਖੋ ਜੋ ਤੁਹਾਡੀ ਮੰਡਲੀ ਤੋਂ ਜ਼ਿਆਦਾ ਲੋੜ ਵਾਲੀ ਜਗ੍ਹਾ ʼਤੇ ਸੇਵਾ ਕਰਨ ਗਏ ਹਨ। ਉਨ੍ਹਾਂ ਦੀ ਸੇਵਕਾਈ ਅਤੇ ਉਨ੍ਹਾਂ ਦੇ ਹਾਲ-ਚਾਲ ਬਾਰੇ ਪੁੱਛਦੇ ਰਹੋ।​—ਕਹਾ. 17:17; 25:25.

  • ਕੀ ਤੁਸੀਂ ਕੰਮ ਲੱਭਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਤਾਂਕਿ ਉਹ ਉੱਥੇ ਰਹਿ ਕੇ ਆਪਣੀ ਸੇਵਕਾਈ ਨੂੰ ਪੂਰਿਆ ਕਰ ਸਕਣ? ਜਾਂ ਕੀ ਤੁਸੀਂ ਉਨ੍ਹਾਂ ਨੂੰ ਕੰਮ ਦੇ ਸਕਦੇ ਹੋ ਜਦੋਂ ਉਹ ਥੋੜ੍ਹੇ ਸਮੇਂ ਲਈ ਆਪਣੇ ਦੇਸ਼ ਵਾਪਸ ਆਉਂਦੇ ਹਨ?​—ਰਸੂ. 18:1-3.

  • ਕੀ ਤੁਸੀਂ ਉਨ੍ਹਾਂ ਨੂੰ ਆਪਣੇ ਘਰ ਠਹਿਰਾ ਸਕਦੇ ਹੋ ਜਦੋਂ ਉਹ ਕਿਸੇ ਕੰਮ ਜਾਂ ਕਿਸੇ ਨੂੰ ਮਿਲਣ ਲਈ ਆਪਣੇ ਦੇਸ਼ ਵਾਪਸ ਆਉਂਦੇ ਹਨ?​—3 ਯੂਹੰ. 5-8.

  • ਜੇ ਇਹੋ ਜਿਹੀ ਸੇਵਾ ਕਰਨ ਵਾਲੇ ਭੈਣ-ਭਰਾ ਤੁਹਾਡੀ ਮੰਡਲੀ ਵਿਚ ਆਏ ਹਨ, ਤਾਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੇ ਕੰਮ ਦੀ ਬਹੁਤ ਕਦਰ ਕਰਦੇ ਹੋ। ਤੁਹਾਡੀ ਭਾਸ਼ਾ ਸਿੱਖਣ ਲਈ ਉਨ੍ਹਾਂ ਦੀ ਤਾਰੀਫ਼ ਕਰੋ। ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛੋ। ਆਪਣੇ ਨਾਲ ਘੁੰਮਣ-ਫਿਰਨ ਜਾਂ ਖਾਣੇ ਤੇ ਬੁਲਾਉਣ ਵਰਗੇ ਹੋਰ ਕੰਮਾਂ ਵਿਚ ਸ਼ਾਮਲ ਕਰੋ। ਉਨ੍ਹਾਂ ਨੂੰ ਆਪਣਾਪਣ ਮਹਿਸੂਸ ਕਰਾਓ।​—ਮੱਤੀ 19:29.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ