ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਜਨਵਰੀ ਸਫ਼ੇ 3-6
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ੱਕ ਦੂਰ ਕਰਨ ਦੀ ਲੋੜ
  • ਹਿੰਮਤ ਦਿਖਾਉਣ ਦੀ ਲੋੜ
  • ਚੁਣੌਤੀਆਂ ਦਾ ਸਾਮ੍ਹਣਾ ਕਰਨਾ
  • ਬੇਸ਼ੁਮਾਰ ਬਰਕਤਾਂ
  • ਕੀ ਮੈਨੂੰ ਵਿਦੇਸ਼ ਜਾ ਕੇ ਰਹਿਣਾ ਚਾਹੀਦਾ ਹੈ?
    ਜਾਗਰੂਕ ਬਣੋ!—2000
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਮਸੀਹੀ ਭੈਣਾਂ ਦਾ ਸਾਥ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਜਨਵਰੀ ਸਫ਼ੇ 3-6

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਜਿਹੜੇ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਸੇਵਾ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਨ੍ਹਾਂ ਵਿਚ ਬਹੁਤ ਸਾਰੀਆਂ ਜੋਸ਼ੀਲੀਆਂ ਕੁਆਰੀਆਂ ਭੈਣਾਂ ਵੀ ਹਨ। ਉਨ੍ਹਾਂ ਵਿੱਚੋਂ ਕਈ ਭੈਣਾਂ ਦਹਾਕਿਆਂ ਤੋਂ ਹੋਰ ਕਿਸੇ ਦੇਸ਼ ਵਿਚ ਸੇਵਾ ਕਰ ਰਹੀਆਂ ਹਨ। ਸਾਲਾਂ ਪਹਿਲਾਂ ਕਿਹੜੀਆਂ ਗੱਲਾਂ ਨੇ ਉਨ੍ਹਾਂ ਦੀ ਹੋਰ ਕਿਸੇ ਦੇਸ਼ ਵਿਚ ਜਾ ਕੇ ਸੇਵਾ ਕਰਨ ਵਿਚ ਮਦਦ ਕੀਤੀ? ਕਿਸੇ ਹੋਰ ਦੇਸ਼ ਵਿਚ ਸੇਵਾ ਕਰ ਕੇ ਉਨ੍ਹਾਂ ਨੇ ਕੀ ਸਿੱਖਿਆ? ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਅਸੀਂ ਉਨ੍ਹਾਂ ਵਿੱਚੋਂ ਕਈ ਤਜਰਬੇਕਾਰ ਭੈਣਾਂ ਨਾਲ ਗੱਲ ਕੀਤੀ। ਜੇ ਤੁਸੀਂ ਕੁਆਰੀ ਭੈਣ ਹੋ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਖ਼ੁਸ਼ੀ ਪਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਜ਼ਰੂਰ ਫ਼ਾਇਦਾ ਹੋਵੇਗਾ। ਵਾਕਈ, ਪਰਮੇਸ਼ੁਰ ਦੇ ਸਾਰੇ ਸੇਵਕ ਉਨ੍ਹਾਂ ਦੀ ਮਿਸਾਲ ʼਤੇ ਗੌਰ ਕਰ ਕੇ ਫ਼ਾਇਦਾ ਲੈ ਸਕਦੇ ਹਨ।

ਸ਼ੱਕ ਦੂਰ ਕਰਨ ਦੀ ਲੋੜ

ਅਨੀਤਾ

ਅਨੀਤਾ

ਜੇ ਤੁਸੀਂ ਕੁਆਰੀ ਭੈਣ ਹੋ, ਤਾਂ ਕੀ ਤੁਸੀਂ ਕਦੀ ਸੋਚਿਆ, ‘ਕੀ ਮੈਂ ਕਿਸੇ ਹੋਰ ਦੇਸ਼ ਜਾ ਕੇ ਪਾਇਨੀਅਰਿੰਗ ਕਰ ਸਕਦੀ ਹਾਂ?’ 75 ਸਾਲਾਂ ਦੀ ਭੈਣ ਅਨੀਤਾ ਦੇ ਮਨ ਵਿਚ ਆਪਣੇ ਬਾਰੇ ਸ਼ੱਕ ਸਨ। ਉਹ ਇੰਗਲੈਂਡ ਵਿਚ ਜੰਮੀ-ਪਲੀ ਸੀ ਅਤੇ ਉਸ ਨੇ 18 ਸਾਲਾਂ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਦੱਸਦੀ ਹੈ: “ਮੈਨੂੰ ਲੋਕਾਂ ਨੂੰ ਯਹੋਵਾਹ ਬਾਰੇ ਸਿਖਾ ਕੇ ਮਜ਼ਾ ਆਉਂਦਾ ਸੀ, ਪਰ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰ ਸਕਦੀ ਸੀ। ਮੈਂ ਕਦੇ ਹੋਰ ਭਾਸ਼ਾ ਨਹੀਂ ਸਿੱਖੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਕਦੇ ਹੋਰ ਭਾਸ਼ਾ ਸਿੱਖ ਹੀ ਨਹੀਂ ਸਕਦੀ। ਸੋ ਜਦੋਂ ਮੈਨੂੰ ਗਿਲਿਅਡ ਸਕੂਲ ਜਾਣ ਦਾ ਸੱਦਾ ਮਿਲਿਆ, ਤਾਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਮੈਂ ਇਹ ਸੋਚ ਕੇ ਹੈਰਾਨ ਸੀ ਕਿ ਮੇਰੇ ਵਰਗੀ ਮਾਮੂਲੀ ਇਨਸਾਨ ਨੂੰ ਵੀ ਇੰਨਾ ਵੱਡਾ ਸਨਮਾਨ ਮਿਲ ਸਕਦਾ ਹੈ! ਪਰ ਮੈਂ ਸੋਚਿਆ, ‘ਜੇ ਯਹੋਵਾਹ ਨੂੰ ਲੱਗਦਾ ਕਿ ਮੈਂ ਇਹ ਕਰ ਸਕਦੀ ਹਾਂ, ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ।’ ਇਹ ਗੱਲ ਅੱਜ ਤੋਂ 50 ਸਾਲ ਪਹਿਲਾਂ ਦੀ ਹੈ। ਉਦੋਂ ਤੋਂ ਮੈਂ ਜਪਾਨ ਵਿਚ ਇਕ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਹਾਂ।” ਅਨੀਤਾ ਨੂੰ ਜਵਾਨ ਭੈਣਾਂ ਨੂੰ ਹੌਸਲਾ ਦੇ ਕੇ ਖ਼ੁਸ਼ੀ ਮਿਲਦੀ ਹੈ ਕਿ ਉਹ ਉਸ ਦੀ ਰੀਸ ਕਰਨ ਅਤੇ ਕਿਸੇ ਹੋਰ ਦੇਸ਼ ਜਾ ਕੇ ਪ੍ਰਚਾਰ ਕਰਨ। ਉਹ ਦੱਸਦੀ ਹੈ, “ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੁੰਦੀ ਹੈ ਕਿ ਬਹੁਤ ਭੈਣਾਂ ਨੇ ਮੇਰੀ ਗੱਲ ਮੰਨੀ।”

ਹਿੰਮਤ ਦਿਖਾਉਣ ਦੀ ਲੋੜ

ਜਿਹੜੀਆਂ ਭੈਣਾਂ ਹੋਰ ਦੇਸ਼ਾਂ ਵਿਚ ਸੇਵਾ ਕਰ ਰਹੀਆਂ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਭੈਣਾਂ ਪਹਿਲਾਂ ਉੱਥੇ ਜਾਣ ਤੋਂ ਝਿਜਕਦੀਆਂ ਸਨ। ਉਨ੍ਹਾਂ ਨੂੰ ਉੱਥੇ ਜਾਣ ਦੀ ਹਿੰਮਤ ਕਿਵੇਂ ਮਿਲੀ?

ਮੋਰੀਨ ਆਪਣੀ ਮੰਮੀ ਜੀ ਨਾਲ ਰੋਜ਼ ਬਾਈਬਲ ਦੀ ਜਾਂਚ ਕਰੋ ਕਿਤਾਬ ਪੜ੍ਹਦੀ ਹੋਈ

ਮੋਰੀਨ

64 ਸਾਲਾਂ ਦੀ ਮੋਰੀਨ ਦੱਸਦੀ ਹੈ: “ਛੋਟੇ ਹੁੰਦਿਆਂ ਤੋਂ ਹੀ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣੀ ਚਾਹੁੰਦੀ ਸੀ ਜਿਸ ਨਾਲ ਮੈਂ ਦੂਜਿਆਂ ਦੀ ਮਦਦ ਕਰ ਸਕਾਂ।” ਜਦੋਂ ਉਹ 20 ਸਾਲਾਂ ਦੀ ਹੋਈ, ਤਾਂ ਉਹ ਕਿਊਬੈੱਕ, ਕੈਨੇਡਾ ਚਲੀ ਗਈ ਜਿੱਥੇ ਪਾਇਨੀਅਰਾਂ ਦੀ ਜ਼ਿਆਦਾ ਲੋੜ ਸੀ। ਉਹ ਅੱਗੇ ਦੱਸਦੀ ਹੈ: “ਬਾਅਦ ਵਿਚ ਮੈਨੂੰ ਗਿਲਿਅਡ ਸਕੂਲ ਜਾਣ ਦਾ ਸੱਦਾ ਮਿਲਿਆ, ਪਰ ਮੈਂ ਕਿਸੇ ਅਣਜਾਣ ਜਗ੍ਹਾ ʼਤੇ ਜਾਣ ਤੋਂ ਡਰਦੀ ਸੀ, ਨਾਲੇ ਉਹ ਵੀ ਆਪਣੇ ਦੋਸਤਾਂ ਤੋਂ ਬਗੈਰ। ਮੈਨੂੰ ਆਪਣੀ ਮੰਮੀ ਦਾ ਵੀ ਫ਼ਿਕਰ ਸੀ ਜਿਨ੍ਹਾਂ ਨੂੰ ਹੁਣ ਇਕੱਲਿਆਂ ਮੇਰੇ ਬੀਮਾਰ ਡੈਡੀ ਦੀ ਦੇਖ-ਭਾਲ ਕਰਨੀ ਪੈਣੀ ਸੀ। ਮੈਂ ਕਈ ਰਾਤਾਂ ਹੰਝੂ ਵਹਾ-ਵਹਾ ਕੇ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ। ਜਦੋਂ ਮੈਂ ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਮੈਨੂੰ ਗਿਲਿਅਡ ਸਕੂਲ ਜਾਣ ਦੀ ਹੱਲਾਸ਼ੇਰੀ ਦਿੱਤੀ। ਮੈਂ ਇਹ ਵੀ ਦੇਖਿਆ ਕਿ ਮੇਰੀ ਮੰਡਲੀ ਦੇ ਭੈਣ-ਭਰਾ ਮੇਰੇ ਮਾਪਿਆਂ ਦੀ ਬਹੁਤ ਮਦਦ ਕਰਦੇ ਸਨ। ਇਹ ਦੇਖ ਕੇ ਮੇਰਾ ਯਹੋਵਾਹ ʼਤੇ ਹੋਰ ਵੀ ਭਰੋਸਾ ਵਧਿਆ ਕਿ ਉਹ ਮੇਰੀ ਵੀ ਦੇਖ-ਭਾਲ ਕਰੇਗਾ। ਇਸ ਕਰਕੇ ਮੈਂ ਉੱਥੇ ਜਾਣ ਲਈ ਤਿਆਰ ਹੋ ਸਕੀ।” ਮੋਰੀਨ ਨੇ 1979 ਵਿਚ ਪੱਛਮੀ ਅਫ਼ਰੀਕਾ ਵਿਚ ਮਿਸ਼ਨਰੀ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਉਸ ਨੇ ਉੱਥੇ 30 ਤੋਂ ਜ਼ਿਆਦਾ ਸਾਲ ਸੇਵਾ ਕੀਤੀ। ਅੱਜ ਉਹ ਕੈਨੇਡਾ ਵਿਚ ਆਪਣੀ ਮੰਮੀ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਸਪੈਸ਼ਲ ਪਾਇਨੀਅਰਿੰਗ ਵੀ ਕਰ ਰਹੀ ਹੈ। ਉਸ ਨੇ ਜਿਹੜੇ ਸਾਲ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਵਿਚ ਬਿਤਾਏ, ਉਨ੍ਹਾਂ ਬਾਰੇ ਉਹ ਦੱਸਦੀ ਹੈ: “ਯਹੋਵਾਹ ਨੇ ਸਮੇਂ ਸਿਰ ਮੇਰੀ ਹਰ ਜ਼ਰੂਰਤ ਪੂਰੀ ਕੀਤੀ।”

ਵੈਂਡੀ ਵਨਾਵਟੂ ਦੇ ਟ੍ਰਾਂਸਲੇਸ਼ਨ ਆਫ਼ਿਸ ਵਿਚ ਕੰਮ ਕਰਦੀ ਹੋਈ

ਵੈਂਡੀ

ਆਸਟ੍ਰੇਲੀਆ ਦੀ ਰਹਿਣ ਵਾਲੀ ਵੈਂਡੀ ਹੁਣ 65 ਸਾਲਾਂ ਦੀ ਹੈ। ਉਸ ਨੇ ਅੱਲ੍ਹੜ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਸੀ। ਉਹ ਦੱਸਦੀ ਹੈ: “ਮੈਂ ਬਹੁਤ ਸ਼ਰਮੀਲੇ ਸੁਭਾਅ ਦੀ ਸੀ ਅਤੇ ਅਜਨਬੀਆਂ ਨਾਲ ਗੱਲ ਕਰਨੀ ਮੈਨੂੰ ਬਹੁਤ ਔਖੀ ਲੱਗਦੀ ਸੀ। ਪਰ ਪਾਇਨੀਅਰਿੰਗ ਕਰਦਿਆਂ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨੀ ਸਿੱਖੀ। ਹੁਣ ਮੈਨੂੰ ਲੋਕਾਂ ਨਾਲ ਗੱਲ ਕਰਨ ਵਿਚ ਕੋਈ ਝਿਜਕ ਨਹੀਂ ਹੁੰਦੀ। ਪਾਇਨੀਅਰਿੰਗ ਕਰਦਿਆਂ ਮੈਂ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖਿਆ ਅਤੇ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਦੇ ਖ਼ਿਆਲ ਤੋਂ ਮੈਨੂੰ ਡਰ ਲੱਗਣੋਂ ਹਟ ਗਿਆ। ਨਾਲੇ ਇਕ ਭੈਣ ਜੋ ਜਪਾਨ ਵਿਚ 30 ਤੋਂ ਜ਼ਿਆਦਾ ਸਾਲਾਂ ਤੋਂ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਸੀ, ਉਸ ਨੇ ਮੈਨੂੰ ਤਿੰਨ ਮਹੀਨਿਆਂ ਲਈ ਉੱਥੇ ਪ੍ਰਚਾਰ ਕਰਨ ਲਈ ਸੱਦਿਆ। ਉਸ ਨਾਲ ਪ੍ਰਚਾਰ ਕਰਨ ਕਰਕੇ ਮੇਰੀ ਹੋਰ ਕਿਸੇ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀ ਇੱਛਾ ਹੋਰ ਵਧੀ।” 1986 ਵਿਚ ਵੈਂਡੀ ਵਨਾਵਟੂ ਨਾਂ ਦੇ ਇਕ ਟਾਪੂ ਦੇਸ਼ ਵਿਚ ਚਲੀ ਗਈ ਜੋ ਆਸਟ੍ਰੇਲੀਆ ਦੇ ਪੂਰਬ ਤੋਂ ਲਗਭਗ 1,770 ਕਿਲੋਮੀਟਰ (1,100 ਮੀਲ) ਦੀ ਦੂਰੀ ʼਤੇ ਹੈ।

ਵੈਂਡੀ ਹੁਣ ਵਨਾਵਟੂ ਦੇ ਟ੍ਰਾਂਸਲੇਸ਼ਨ ਆਫ਼ਿਸ ਵਿਚ ਕੰਮ ਕਰਦੀ ਹੈ। ਉਹ ਦੱਸਦੀ ਹੈ: “ਦੂਰ-ਦੁਰਾਡੇ ਇਲਾਕਿਆਂ ਵਿਚ ਮੰਡਲੀਆਂ ਅਤੇ ਗਰੁੱਪ ਬਣਦਿਆਂ ਦੇਖ ਕੇ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਇਨ੍ਹਾਂ ਟਾਪੂਆਂ ਵਿਚ ਹੋ ਰਹੇ ਯਹੋਵਾਹ ਦੇ ਕੰਮ ਵਿਚ ਥੋੜ੍ਹਾ ਜਿਹਾ ਹਿੱਸਾ ਲੈ ਕੇ ਮੈਂ ਕਿੰਨੀ ਖ਼ੁਸ਼ ਹਾਂ!”

ਨੇਪਾਲ ਵਿਚ ਕੂਮੀਕੋ ਟੈਬਲੇਟ ਨਾਲ ਪ੍ਰਚਾਰ ਕਰਦੀ ਹੋਈ

ਕੂਮੀਕੋ (ਵਿਚਕਾਰ)

ਕੂਮੀਕੋ ਹੁਣ 65 ਸਾਲਾਂ ਦੀ ਹੈ। ਉਹ ਜਪਾਨ ਵਿਚ ਰੈਗੂਲਰ ਪਾਇਨੀਅਰਿੰਗ ਵਜੋਂ ਸੇਵਾ ਕਰ ਰਹੀ ਸੀ ਜਦੋਂ ਉਸ ਦੀ ਪਾਇਨੀਅਰ ਸਾਥਣ ਨੇ ਉਸ ਨੂੰ ਨੇਪਾਲ ਜਾ ਕੇ ਸੇਵਾ ਕਰਨ ਦਾ ਸੱਦਾ ਦਿੱਤਾ। ਕੂਮੀਕੋ ਦੱਸਦੀ ਹੈ: “ਉਹ ਮੈਨੂੰ ਵਾਰ-ਵਾਰ ਆਪਣੇ ਨਾਲ ਨੇਪਾਲ ਜਾ ਕੇ ਸੇਵਾ ਕਰਨ ਲਈ ਪੁੱਛਦੀ ਰਹੀ, ਪਰ ਮੈਂ ਮਨ੍ਹਾ ਕਰਦੀ ਰਹੀ। ਮੈਨੂੰ ਇਸ ਗੱਲ ਦੀ ਚਿੰਤਾ ਖਾਈ ਜਾ ਰਹੀ ਸੀ ਕਿ ਮੈਨੂੰ ਨਵੀਂ ਭਾਸ਼ਾ ਸਿੱਖਣੀ ਪੈਣੀ ਅਤੇ ਨਵੇਂ ਮਾਹੌਲ ਮੁਤਾਬਕ ਢਲ਼ਣਾ ਪੈਣਾ। ਨਾਲੇ ਉੱਥੇ ਜਾ ਕੇ ਸੇਵਾ ਕਰ ਲਈ ਪੈਸਿਆਂ ਦੀ ਵੀ ਲੋੜ ਸੀ। ਜਦੋਂ ਮੈਂ ਨੇਪਾਲ ਜਾਣ ਦਾ ਫ਼ੈਸਲਾ ਕਰਨ ਬਾਰੇ ਸੋਚ ਰਹੀ ਸੀ, ਤਾਂ ਇਕ ਦਿਨ ਮੋਟਰ-ਸਾਈਕਲ ਨਾਲ ਮੇਰਾ ਐਕਸੀਡੈਂਟ ਹੋ ਗਿਆ। ਮੈਨੂੰ ਹਸਪਤਾਲ ਜਾਣਾ ਪਿਆ। ਉੱਥੇ ਮੈਂ ਸੋਚਿਆ: ‘ਕੀ ਪਤਾ ਕੱਲ੍ਹ ਨੂੰ ਮੇਰੇ ਨਾਲ ਕੀ ਹੋ ਜਾਵੇ? ਸ਼ਾਇਦ ਮੈਨੂੰ ਕੋਈ ਗੰਭੀਰ ਬੀਮਾਰੀ ਲੱਗ ਜਾਵੇ ਅਤੇ ਮੈਂ ਕਿਸੇ ਹੋਰ ਦੇਸ਼ ਜਾ ਕੇ ਪਾਇਨੀਅਰਿੰਗ ਕਰਨ ਦਾ ਮੌਕਾ ਆਪਣੇ ਹੱਥੋਂ ਗੁਆ ਲਵਾਂ। ਕੀ ਮੈਂ ਕਿਸੇ ਹੋਰ ਦੇਸ਼ ਜਾ ਕੇ ਸਿਰਫ਼ ਇਕ ਸਾਲ ਲਈ ਪਾਇਨੀਅਰਿੰਗ ਨਹੀਂ ਕਰ ਸਕਦੀ?’ ਮੈਂ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਫ਼ੈਸਲਾ ਕਰਨ ਵਿਚ ਮੇਰੀ ਮਦਦ ਕਰੇ।” ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕੂਮੀਕੋ ਥੋੜ੍ਹੇ ਚਿਰ ਲਈ ਨੇਪਾਲ ਚਲੀ ਗਈ। ਬਾਅਦ ਵਿਚ ਉਹ ਅਤੇ ਉਸ ਦੀ ਪਾਇਨੀਅਰ ਸਾਥਣ ਨੇਪਾਲ ਵਿਚ ਪਾਇਨੀਅਰਿੰਗ ਕਰਨ ਚਲੀਆਂ ਗਈਆਂ।

ਕੂਮੀਕੋ ਨੂੰ ਨੇਪਾਲ ਵਿਚ ਸੇਵਾ ਕਰਦਿਆਂ ਲਗਭਗ 10 ਸਾਲ ਹੋ ਗਏ ਹਨ। ਉਹ ਦੱਸਦੀ ਹੈ: “ਜਿਹੜੀਆਂ ਗੱਲਾਂ ਬਾਰੇ ਮੈਂ ਚਿੰਤਾ ਕਰਦੀ ਸੀ, ਉਹ ਚਿੰਤਾਵਾਂ ਇੱਦਾਂ ਖ਼ਤਮ ਹੋ ਗਈਆਂ, ਜਿੱਦਾਂ ਇਜ਼ਰਾਈਲੀਆਂ ਲਈ ਲਾਲ ਸਮੁੰਦਰ ਵਿੱਚੋਂ ਰਾਹ ਖੁੱਲ੍ਹ ਗਿਆ ਸੀ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉੱਥੇ ਜਾ ਕੇ ਸੇਵਾ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਜਦੋਂ ਮੈਂ ਇਕ ਘਰ ਵਿਚ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹਾਂ, ਤਾਂ ਅਕਸਰ ਪੰਜ-ਛੇ ਗੁਆਂਢੀ ਵੀ ਉੱਥੇ ਆ ਜਾਂਦੇ ਹਨ। ਇੱਥੋਂ ਤਕ ਕਿ ਛੋਟੇ ਬੱਚੇ ਵੀ ਮੇਰੇ ਤੋਂ ਟ੍ਰੈਕਟ ਮੰਗਦੇ ਹਨ। ਇਸ ਤਰ੍ਹਾਂ ਦੇ ਇਲਾਕੇ ਵਿਚ ਪ੍ਰਚਾਰ ਕਰਨ ਦਾ ਬਹੁਤ ਮਜ਼ਾ ਆਉਂਦਾ ਹੈ।”

ਚੁਣੌਤੀਆਂ ਦਾ ਸਾਮ੍ਹਣਾ ਕਰਨਾ

ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਦਲੇਰ ਭੈਣਾਂ ਸਾਮ੍ਹਣੇ ਚੁਣੌਤੀਆਂ ਵੀ ਆਈਆਂ। ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕੀਤਾ?

ਡਾਇਐਨ

ਡਾਇਐਨ

ਕੈਨੇਡਾ ਤੋਂ ਡਾਇਐਨ ਕਹਿੰਦੀ ਹੈ: “ਪਹਿਲਾਂ-ਪਹਿਲਾਂ ਮੈਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਔਖਾ ਲੱਗਦਾ ਸੀ।” ਉਹ ਹੁਣ 62 ਸਾਲਾਂ ਦੀ ਹੈ। ਉਸ ਨੇ ਆਇਵਰੀ ਕੋਸਟ (ਹੁਣ ਕੋਟ ਡਿਵੁਆਰ) ਵਿਚ 20 ਸਾਲਾਂ ਤਕ ਮਿਸ਼ਨਰੀ ਵਜੋਂ ਸੇਵਾ ਕੀਤੀ। ਉਹ ਦੱਸਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਮੈਂ ਜਿੱਥੇ ਵੀ ਜਾ ਕੇ ਸੇਵਾ ਕਰਾਂ, ਉੱਥੇ ਦੇ ਲੋਕਾਂ ਨੂੰ ਪਿਆਰ ਕਰ ਸਕਾਂ। ਗਿਲਿਅਡ ਸਕੂਲ ਦੇ ਇਕ ਸਿੱਖਿਅਕ, ਭਰਾ ਜੈਕ ਰੈੱਡਫ਼ਰਡ, ਨੇ ਸਾਨੂੰ ਦੱਸਿਆ ਕਿ ਜਿੱਥੇ ਸਾਨੂੰ ਭੇਜਿਆ ਜਾਵੇ, ਉੱਥੇ ਦੇ ਹਾਲਾਤ ਦੇਖ ਕੇ ਅਸੀਂ ਪਹਿਲਾਂ-ਪਹਿਲ ਸ਼ਾਇਦ ਹੈਰਾਨ-ਪਰੇਸ਼ਾਨ ਹੋ ਜਾਈਏ, ਖ਼ਾਸ ਕਰਕੇ ਆਪਣੀ ਅੱਖੀਂ ਅੱਤ ਦੀ ਗ਼ਰੀਬੀ ਦੇਖ ਕੇ। ਪਰ ਉਸ ਨੇ ਕਿਹਾ: ‘ਗ਼ਰੀਬੀ ਨੂੰ ਨਾ ਦੇਖੋ। ਲੋਕਾਂ ਵੱਲ, ਉਨ੍ਹਾਂ ਦੇ ਚਿਹਰਿਆਂ ਅਤੇ ਅੱਖਾਂ ਵੱਲ ਦੇਖੋ। ਦੇਖੋ ਕਿ ਬਾਈਬਲ ਦੀਆਂ ਸੱਚਾਈਆਂ ਸੁਣ ਕੇ ਉਨ੍ਹਾਂ ਨੂੰ ਕਿੱਦਾਂ ਲੱਗਦਾ ਹੈ।’ ਮੈਂ ਇਸੇ ਤਰ੍ਹਾਂ ਕੀਤਾ ਅਤੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਰਾਜ ਦਾ ਸੰਦੇਸ਼ ਸੁਣਾਉਂਦਿਆਂ ਮੈਂ ਲੋਕਾਂ ਦੀਆਂ ਅੱਖਾਂ ਵਿਚ ਚਮਕ ਦੇਖ ਸਕਦੀ ਸੀ।” ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਵਿਚ ਡਾਇਐਨ ਦੀ ਹੋਰ ਕਿਸ ਗੱਲ ਨੇ ਮਦਦ ਕੀਤੀ? “ਮੈਂ ਆਪਣੀਆਂ ਬਾਈਬਲ ਸਟੱਡੀਆਂ ਨਾਲ ਕਰੀਬੀ ਰਿਸ਼ਤਾ ਬਣਾਉਂਦੀ ਸੀ ਅਤੇ ਮੈਨੂੰ ਦੇਖ ਕੇ ਖ਼ੁਸ਼ੀ ਹੁੰਦੀ ਸੀ ਜਦੋਂ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਸਨ। ਮੇਰਾ ਇੱਥੇ ਦਿਲ ਲੱਗ ਗਿਆ। ਯਿਸੂ ਦੇ ਵਾਅਦੇ ਅਨੁਸਾਰ ਮੈਨੂੰ ਇੱਥੇ ਮਾਤਾ-ਪਿਤਾ ਅਤੇ ਭੈਣ-ਭਰਾ ਮਿਲੇ।”​—ਮਰ. 10:29, 30.

ਐਨ ਹੁਣ 46 ਸਾਲਾਂ ਦੀ ਹੈ ਅਤੇ ਏਸ਼ੀਆ ਦੇ ਉਸ ਦੇਸ਼ ਵਿਚ ਸੇਵਾ ਕਰ ਰਹੀ ਹੈ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ। ਉਹ ਦੱਸਦੀ ਹੈ: “ਮੈਂ ਸਾਲਾਂ ਤੋਂ ਅਲੱਗ-ਅਲੱਗ ਥਾਵਾਂ ʼਤੇ ਪ੍ਰਚਾਰ ਕਰ ਰਹੀ ਹਾਂ। ਮੈਂ ਉਨ੍ਹਾਂ ਭੈਣਾਂ ਨਾਲ ਰਹੀ ਜਿਨ੍ਹਾਂ ਦਾ ਪਿਛੋਕੜ ਅਤੇ ਸੁਭਾਅ ਮੇਰੇ ਤੋਂ ਬਿਲਕੁਲ ਅਲੱਗ ਸੀ। ਇਸ ਕਰਕੇ ਕਈ ਵਾਰ ਸਾਡੇ ਵਿਚ ਗ਼ਲਤਫ਼ਹਿਮੀਆਂ ਪੈਦਾ ਹੋਈਆਂ ਅਤੇ ਅਸੀਂ ਇਕ-ਦੂਜੇ ਨੂੰ ਠੇਸ ਪਹੁੰਚਾਈ। ਜਦੋਂ ਇੱਦਾਂ ਹੁੰਦਾ ਸੀ, ਤਾਂ ਮੈਂ ਉਨ੍ਹਾਂ ਭੈਣਾਂ ਦੇ ਨੇੜੇ ਹੋਣ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਸੀ। ਮੈਂ ਆਪਣੇ ਵਿਚ ਹੋਰ ਜ਼ਿਆਦਾ ਪਿਆਰ ਪੈਦਾ ਕਰਨ ਦੇ ਨਾਲ-ਨਾਲ ਹੋਰ ਸਮਝਦਾਰ ਬਣਨ ਦੀ ਵੀ ਬਹੁਤ ਕੋਸ਼ਿਸ਼ ਕੀਤੀ। ਮੈਂ ਖ਼ੁਸ਼ ਹਾਂ ਕਿ ਮੈਨੂੰ ਇਨ੍ਹਾਂ ਕੋਸ਼ਿਸ਼ਾਂ ਦੇ ਵਧੀਆ ਫਲ ਮਿਲੇ। ਮੈਂ ਬਹੁਤ ਸਾਰੇ ਪੱਕੇ ਦੋਸਤ ਬਣਾਏ ਜੋ ਮੇਰੀ ਇੱਥੇ ਰਹਿ ਕੇ ਸੇਵਾ ਕਰਨ ਵਿਚ ਮਦਦ ਕਰਦੇ ਹਨ।”

ਮੈਡਾਗਾਸਕਰ ਵਿਚ ਯੂਟ ਇਕ ਛੋਟੀ ਕੁੜੀ ਨਾਲ

ਯੂਟ

ਯੂਟ ਹੁਣ 53 ਸਾਲਾਂ ਦੀ ਹੈ। ਉਸ ਨੂੰ 1993 ਵਿਚ ਮੈਡਾਗਾਸਕਰ ਵਿਚ ਮਿਸ਼ਨਰੀ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਉਹ ਦੱਸਦੀ ਹੈ: “ਪਹਿਲਾਂ-ਪਹਿਲਾਂ ਮੈਨੂੰ ਉੱਥੇ ਦੀ ਭਾਸ਼ਾ ਸਿੱਖਣੀ ਬਹੁਤ ਔਖੀ ਲੱਗੀ। ਨਾਲੇ ਉੱਥੇ ਬਹੁਤ ਹੁੰਮ ਸੀ ਅਤੇ ਬਹੁਤ ਜ਼ਿਆਦਾ ਨਿੱਕੇ-ਨਿੱਕੇ ਕੀੜੇ ਸਨ ਜਿਨ੍ਹਾਂ ਕਰਕੇ ਪੇਟ ਦੀਆਂ ਬੀਮਾਰੀਆਂ ਅਤੇ ਹੋਰ ਬੀਮਾਰੀਆਂ ਲੱਗਦੀਆਂ ਸਨ। ਪਰ ਭੈਣਾਂ-ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ। ਉੱਥੇ ਦੀਆਂ ਭੈਣਾਂ, ਬੱਚਿਆਂ ਅਤੇ ਮੇਰੀਆਂ ਬਾਈਬਲ ਸਟੱਡੀਆਂ ਨੇ ਬੜੇ ਹੀ ਧੀਰਜ ਨਾਲ ਭਾਸ਼ਾ ਸਿੱਖਣ ਵਿਚ ਮੇਰੀ ਮਦਦ ਕੀਤੀ। ਜਦੋਂ ਮੈਂ ਬੀਮਾਰ ਹੁੰਦੀ ਸੀ, ਤਾਂ ਮੇਰੀ ਮਿਸ਼ਨਰੀ ਸਾਥਣ ਮੇਰਾ ਖ਼ਿਆਲ ਰੱਖਦੀ ਸੀ। ਪਰ ਸਭ ਤੋਂ ਅਹਿਮ ਗੱਲ ਕਿ ਯਹੋਵਾਹ ਨੇ ਮੇਰੀ ਮਦਦ ਕੀਤੀ। ਮੈਂ ਬਾਕਾਇਦਾ ਦਿਲ ਖੋਲ੍ਹ ਕੇ ਉਸ ਨੂੰ ਆਪਣੀਆਂ ਚਿੰਤਾਵਾਂ ਦੱਸਦੀ ਸੀ। ਫਿਰ ਮੈਂ ਕਈ ਵਾਰ ਦਿਨਾਂ ਜਾਂ ਮਹੀਨਿਆਂ ਤਕ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਦੀ ਧੀਰਜ ਨਾਲ ਉਡੀਕ ਕਰਦੀ ਸੀ। ਯਹੋਵਾਹ ਨੇ ਮੇਰੀ ਹਰ ਮੁਸ਼ਕਲ ਦੂਰ ਕੀਤੀ।” ਯੂਟ ਹੁਣ 23 ਸਾਲਾਂ ਤੋਂ ਮੈਡਾਗਾਸਕਰ ਵਿਚ ਸੇਵਾ ਕਰ ਰਹੀ ਹੈ।

ਬੇਸ਼ੁਮਾਰ ਬਰਕਤਾਂ

ਜਿਹੜੇ ਭੈਣ-ਭਰਾ ਉਨ੍ਹਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਹ ਆਪਣੀਆਂ ਬਰਕਤਾਂ ਬਾਰੇ ਦੂਜਿਆਂ ਨੂੰ ਦੱਸਦੇ ਹਨ। ਉਨ੍ਹਾਂ ਵਾਂਗ ਕੁਆਰੀਆਂ ਭੈਣਾਂ ਵੀ ਅਕਸਰ ਦੱਸਦੀਆਂ ਹਨ ਕਿ ਉਨ੍ਹਾਂ ਨੂੰ ਹੋਰ ਦੇਸ਼ ਜਾ ਕੇ ਸੇਵਾ ਕਰਨ ਕਰਕੇ ਕਿੰਨੀਆਂ ਬਰਕਤਾਂ ਮਿਲੀਆਂ। ਉਨ੍ਹਾਂ ਨੂੰ ਕਿਹੜੀਆਂ ਕੁਝ ਬਰਕਤਾਂ ਮਿਲੀਆਂ ਹਨ?

ਹਾਇਡੀ

ਹਾਇਡੀ

ਜਰਮਨੀ ਦੀ ਰਹਿਣ ਵਾਲੀ ਹਾਇਡੀ ਹੁਣ 73 ਸਾਲਾਂ ਦੀ ਹੈ। ਉਹ 1968 ਤੋਂ ਆਇਵਰੀ ਕੋਸਟ (ਹੁਣ ਕੋਟ ਡਿਵੁਆਰ) ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਹੈ। ਉਹ ਦੱਸਦੀ ਹੈ: “ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਹ ਦੇਖ ਕੇ ਹੁੰਦੀ ਹੈ ਕਿ ਜਿਨ੍ਹਾਂ ਨੂੰ ਮੈਂ ਸੱਚਾਈ ਸਿਖਾਈ, ‘ਉਹ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।’ ਉਹ ਮੇਰੇ ਬੱਚਿਆਂ ਵਾਂਗ ਹਨ। ਜਿਨ੍ਹਾਂ ਨੂੰ ਮੈਂ ਸਟੱਡੀ ਕਰਾਈ ਹੈ, ਉਨ੍ਹਾਂ ਵਿੱਚੋਂ ਕੁਝ ਜਣੇ ਹੁਣ ਪਾਇਨੀਅਰ ਅਤੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤ ਜਣੇ ਮੈਨੂੰ ਮੰਮੀ ਜਾਂ ਦਾਦੀ-ਨਾਨੀ ਕਹਿੰਦੇ ਹਨ। ਇਕ ਬਜ਼ੁਰਗ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ। ਸੋ ਯਹੋਵਾਹ ਨੇ ਮੈਨੂੰ ਇਕ ਮੁੰਡਾ, ਨੂੰਹ ਅਤੇ ਤਿੰਨ ਪੋਤੇ-ਪੋਤੀਆਂ ਦਿੱਤੇ ਹਨ।”​—3 ਯੂਹੰ. 4.

ਕੈਰਨ

ਕੈਰਨ (ਵਿਚਕਾਰ)

ਕੈਨੇਡਾ ਦੀ ਰਹਿਣ ਵਾਲੀ ਕੈਰਨ ਹੁਣ 72 ਸਾਲਾਂ ਦੀ ਹੈ। ਉਸ ਨੇ 20 ਤੋਂ ਜ਼ਿਆਦਾ ਸਾਲ ਪੱਛਮੀ ਅਫ਼ਰੀਕਾ ਵਿਚ ਸੇਵਾ ਕੀਤੀ। ਉਹ ਦੱਸਦੀ ਹੈ: “ਮਿਸ਼ਨਰੀ ਵਜੋਂ ਸੇਵਾ ਕਰਨ ਕਰਕੇ ਮੈਂ ਹੋਰ ਜ਼ਿਆਦਾ ਪਿਆਰ ਕਰਨਾ, ਧੀਰਜ ਰੱਖਣਾ ਅਤੇ ਕੁਰਬਾਨੀਆਂ ਕਰਨੀਆਂ ਸਿੱਖੀਆਂ ਹਨ। ਨਾਲੇ ਅਲੱਗ-ਅਲੱਗ ਦੇਸ਼ਾਂ ਦੇ ਭੈਣਾਂ-ਭਰਾਵਾਂ ਨਾਲ ਕੰਮ ਕਰਨ ਕਰਕੇ ਮੇਰਾ ਨਜ਼ਰੀਆ ਬਦਲਿਆ ਹੈ। ਮੈਂ ਸਿੱਖਿਆ ਕਿ ਖਾਣਾ ਬਣਾਉਣ ਅਤੇ ਸਫ਼ਾਈ ਕਰਨ ਦੇ ਕਈ ਤਰੀਕੇ ਹਨ। ਇਹ ਕਿੰਨੀ ਵੱਡੀ ਬਰਕਤ ਹੈ ਕਿ ਦੁਨੀਆਂ ਭਰ ਵਿਚ ਮੇਰੇ ਕਰੀਬੀ ਦੋਸਤ ਹਨ! ਭਾਵੇਂ ਸਾਡੀਆਂ ਜ਼ਿੰਦਗੀਆਂ ਅਤੇ ਜ਼ਿੰਮੇਵਾਰੀਆਂ ਬਦਲ ਗਈਆਂ ਹਨ, ਪਰ ਉਹ ਅਜੇ ਵੀ ਮੇਰੇ ਦੋਸਤ ਹਨ।”

ਇੰਗਲੈਂਡ ਦੀ ਰਹਿਣ ਵਾਲੀ ਮਾਰਗਰਟ ਹੁਣ 79 ਸਾਲਾਂ ਦੀ ਹੈ। ਉਸ ਨੇ ਲਾਓਸ ਵਿਚ ਮਿਸ਼ਨਰੀ ਵਜੋਂ ਸੇਵਾ ਕੀਤੀ। ਉਹ ਦੱਸਦੀ ਹੈ: “ਹੋਰ ਕਿਸੇ ਦੇਸ਼ ਵਿਚ ਜਾ ਕੇ ਸੇਵਾ ਕਰਨ ਕਰਕੇ ਮੈਂ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਕਿਵੇਂ ਅਲੱਗ-ਅਲੱਗ ਨਸਲਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਆਪਣੇ ਸੰਗਠਨ ਵੱਲ ਖਿੱਚਦਾ ਹੈ। ਇਸ ਕਰਕੇ ਮੇਰੀ ਨਿਹਚਾ ਬਹੁਤ ਮਜ਼ਬੂਤ ਹੋਈ। ਮੇਰਾ ਯਕੀਨ ਹੋਰ ਵੀ ਪੱਕਾ ਹੋਇਆ ਕਿ ਯਹੋਵਾਹ ਹੀ ਆਪਣੇ ਸੰਗਠਨ ਨੂੰ ਚਲਾ ਰਿਹਾ ਹੈ ਅਤੇ ਉਸ ਦੇ ਮਕਸਦ ਜ਼ਰੂਰ ਪੂਰੇ ਹੋਣਗੇ।”

ਵਾਕਈ, ਵਿਦੇਸ਼ ਵਿਚ ਸੇਵਾ ਕਰਨ ਵਾਲੀਆਂ ਕੁਆਰੀਆਂ ਭੈਣਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਸ਼ਾਨਦਾਰ ਮਿਸਾਲ ਰੱਖੀ ਹੈ। ਉਹ ਤਾਰੀਫ਼ ਦੀਆਂ ਹੱਕਦਾਰ ਹਨ। (ਨਿਆ. 11:40, NW) ਨਾਲੇ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। (ਜ਼ਬੂ. 68:11) ਕੀ ਤੁਸੀਂ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕਰ ਸਕਦੇ ਹੋ ਅਤੇ ਇਸ ਲੇਖ ਵਿਚ ਜਿਨ੍ਹਾਂ ਭੈਣਾਂ ਦੀ ਗੱਲ ਕੀਤੀ ਗਈ ਹੈ, ਤੁਸੀਂ ਉਨ੍ਹਾਂ ਦੀ ਰੀਸ ਕਰ ਸਕਦੇ ਹੋ? ਜੇ ਤੁਸੀਂ ਇੱਦਾਂ ਕਰੋਗੇ, ਤਾਂ ਬਿਨਾਂ ਸ਼ੱਕ ਤੁਸੀਂ ‘ਚੱਖ ਕੇ ਵੇਖ ਸਕੋਗੇ ਭਈ ਯਹੋਵਾਹ ਭਲਾ ਹੈ।’​—ਜ਼ਬੂ. 34:8.

ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਦੀ ਤਿਆਰੀ ਕਿਵੇਂ ਕਰੀਏ?

“ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਜਾ ਕੇ ਸੇਵਾ ਕਰਨ ਦਾ ਮਜ਼ਾ ਲੈਣ ਲਈ ਉੱਥੇ ਜਾ ਕੇ ਥੋੜ੍ਹਾ ਸਮਾਂ ਰਹੋ। ਦੇਖੋ ਕਿ ਉੱਥੇ ਦੀ ਜ਼ਿੰਦਗੀ ਕਿਹੋ ਜਿਹੀ ਹੈ। ਜੇ ਅਜੇ ਇਸ ਤਰ੍ਹਾਂ ਕਰਨਾ ਮੁਮਕਿਨ ਨਹੀਂ ਹੈ, ਤਾਂ ਕਿਉਂ ਨਾ ਆਪਣੇ ਹੀ ਦੇਸ਼ ਦੀ ਕਿਸੇ ਹੋਰ ਭਾਸ਼ਾ ਦੀ ਮੰਡਲੀ ਜਾਂ ਗਰੁੱਪ ਨਾਲ ਪ੍ਰਚਾਰ ਕਰੋ। ਉਨ੍ਹਾਂ ਦੀ ਭਾਸ਼ਾ ਸਿੱਖੋ ਅਤੇ ਉਨ੍ਹਾਂ ਦੇ ਸਭਿਆਚਾਰ ਬਾਰੇ ਜਾਣੋ। ਸਭ ਤੋਂ ਅਹਿਮ ਗੱਲ ਹੈ ਕਿ ਯਹੋਵਾਹ ʼਤੇ ਭਰੋਸਾ ਰੱਖੋ। ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਬਾਰੇ ਮੈਂ ਸੋਚਦੀ ਸੀ ਕਿ ਮੈਂ ਕਦੇ ਨਹੀਂ ਕਰ ਸਕਦੀ, ਪਰ ਯਹੋਵਾਹ ਦੀ ਮਦਦ ਨਾਲ ਮੈਂ ਉਨ੍ਹਾਂ ਨੂੰ ਕਰ ਸਕੀ।”​—ਕੈਰਨ

ਲਾਓਸ ਵਿਚ ਮਾਰਗਰਟ ਇਕ ਛੋਟੇ ਮੁੰਡੇ ਨਾਲ

ਮਾਰਗਰਟ, ਲਗਭਗ 1968

“ਤਜਰਬੇਕਾਰ ਮਿਸ਼ਨਰੀਆਂ ਅਤੇ ਪਾਇਨੀਅਰਾਂ ਨਾਲ ਗੱਲ ਕਰੋ। ਖ਼ਰਚੇ ਦਾ ਹਿਸਾਬ-ਕਿਤਾਬ ਲਾਓ। ਮਦਦ ਲਈ ਪ੍ਰਾਰਥਨਾ ਕਰੋ। ਨਾਲੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਦੀਆਂ ਇੱਕੋ ਜਿਹੀਆਂ ਹਿਦਾਇਤਾਂ ਹਨ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਹੋਰ ਕਿਸੇ ਥਾਂ ʼਤੇ ਪ੍ਰਚਾਰ ਕਰਨ ਨਾਲ ਬਰਕਤਾਂ ਮਿਲਦੀਆਂ ਹਨ।”​—ਮਾਰਗਰਟ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ