ਪਾਪ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ?
“ਤੁਹਾਡੇ ਵਿਚ ਕੋਈ ਪਾਪ ਨਹੀਂ ਹੈ, ਤੁਹਾਡੇ ਵਿਚ ਕੋਈ ਦੁੱਖ ਨਹੀਂ ਹੈ; ਤੁਸੀਂ ਸਰਬ-ਸਮਰਥ ਸ਼ਕਤੀ ਦਾ ਭੰਡਾਰ ਹੋ।” ਇਹ ਕਥਨ ਪ੍ਰਸਿੱਧ ਹਿੰਦੂ ਫ਼ਿਲਾਸਫ਼ਰ ਵਿਵੇਕਾਨੰਦ ਨੇ ਹਿੰਦੂਆਂ ਦੇ ਇਕ ਪਵਿੱਤਰ ਗ੍ਰੰਥ ਭਾਗਵਤ ਗੀਤਾ ਵਿੱਚੋਂ ਇਕ ਪਦ ਦੀ ਵਿਆਖਿਆ ਕਰਦੇ ਹੋਏ ਪੇਸ਼ ਕੀਤਾ। ਵੇਦਾਂਤ ਦਾ ਹਵਾਲਾ ਦਿੰਦੇ ਹੋਏ ਉਹ ਦਾਅਵਾ ਕਰਦਾ ਹੈ: “ਸਭ ਤੋਂ ਵੱਡੀ ਗ਼ਲਤੀ ਇਹ ਕਹਿਣ ਵਿਚ ਹੈ ਕਿ ਤੁਸੀਂ ਕਮਜ਼ੋਰ ਹੋ, ਕਿ ਤੁਸੀਂ ਪਾਪੀ ਹੋ।”a
ਪਰੰਤੂ, ਕੀ ਇਹ ਸੱਚ ਹੈ ਕਿ ਆਦਮੀ ਵਿਚ ਕੋਈ ਪਾਪ ਨਹੀਂ ਹੈ? ਅਤੇ ਇਕ ਵਿਅਕਤੀ ਨੂੰ ਜਨਮ ਵੇਲੇ ਵਿਰਸੇ ਵਿਚ ਕੀ ਮਿਲਦਾ ਹੈ ਜੇਕਰ ਕੁਝ ਮਿਲਦਾ ਵੀ ਹੈ? ਇਕ ਹਿੰਦੂ ਦਾਰਸ਼ਨਿਕ, ਨਿਖਿਲਾਨੰਦ ਕਹਿੰਦਾ ਹੈ ਕਿ ਕੇਵਲ “ਸਰੀਰਕ ਵਿਸ਼ੇਸ਼ਤਾਵਾਂ ਹੀ ਵਿਰਸੇ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ।” ਦੂਸਰੀਆਂ ਵਿਸ਼ੇਸ਼ਤਾਵਾਂ ਇਕ ਵਿਅਕਤੀ ਦੇ “ਪਿੱਛਲੇ ਜਨਮਾਂ ਵਿਚ ਕੀਤੇ ਕੰਮਾਂ” ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਵਿਵੇਕਾਨੰਦ ਅਨੁਸਾਰ, “ਤੁਸੀਂ ਆਪਣੀ ਕਿਸਮਤ ਦੇ ਆਪ ਸਿਰਜਣਹਾਰ ਹੋ।” ਹਿੰਦੂ ਧਰਮ ਵਿਰਸੇ ਵਿਚ ਮਿਲੇ ਪਾਪ ਬਾਰੇ ਕੁਝ ਵੀ ਨਹੀਂ ਸਿਖਾਉਂਦਾ ਹੈ।
ਵਿਰਸੇ ਵਿਚ ਮਿਲੇ ਪਾਪ ਦੀ ਧਾਰਣਾ ਜੋਰੋਐਸਟਰੀਆਂ, ਸ਼ਿੰਤੋਵਾਦੀਆਂ, ਕਨਫਿਊਸ਼ਸੀਆਂ, ਅਤੇ ਬੋਧੀਆਂ ਵਿਚ ਵੀ ਨਹੀਂ ਪਾਈ ਜਾਂਦੀ ਹੈ। ਯਹੂਦੀ-ਈਸਾਈ ਧਰਮਾਂ ਵਿਚ ਵੀ, ਜੋ ਰਵਾਇਤਨ ਵਿਰਸੇ ਵਿਚ ਮਿਲੇ ਪਾਪ ਦੇ ਸਿਧਾਂਤ ਨੂੰ ਸਿਖਾਉਂਦੇ ਆਏ ਹਨ, ਪਾਪ ਪ੍ਰਤੀ ਰਵੱਈਆ ਬਦਲ ਰਿਹਾ ਹੈ। ਅੱਜ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਆਪ ਨੂੰ ਪਾਪੀ ਨਹੀਂ ਮੰਨਦੇ ਹਨ।
“ਆਧੁਨਿਕ ਚੇਤਨਤਾ ਨੈਤਿਕ ਨਿੰਦਾ ਨੂੰ ਉਤਸ਼ਾਹ ਨਹੀਂ ਦਿੰਦੀ ਹੈ; ਖ਼ਾਸ ਕਰਕੇ, ਇਹ ਆਤਮ-ਨਿੰਦਾ ਨੂੰ ਉਤਸ਼ਾਹ ਨਹੀਂ ਦਿੰਦੀ ਹੈ,” ਧਰਮ-ਸ਼ਾਸਤਰੀ ਕੌਰਨੀਲਿਅਸ ਪਲਾਨਟਿੰਗਾ, ਜੂਨੀਅਰ ਕਹਿੰਦਾ ਹੈ। ਈਸਾਈ-ਜਗਤ ਦੇ ਗਿਰਜੇ ਵੀ ਪਾਪ ਦੀ ਗੰਭੀਰਤਾ ਨੂੰ ਘਟਾਉਣ ਦੇ ਕੁਝ ਹੱਦ ਤਕ ਦੋਸ਼ੀ ਹਨ। “ਜੇਕਰ ਤੁਸੀਂ ਪਾਪ ਬਾਰੇ ਸੁਣਨਾ ਚਾਹੁੰਦੇ ਹੋ, ਤਾਂ ਗਿਰਜੇ ਨਾ ਜਾਓ,” ਡਿਊਕ ਯੂਨੀਵਰਸਿਟੀ ਦਾ ਇਕ ਪਾਦਰੀ ਕਹਿੰਦਾ ਹੈ। ਅਤੇ ਪਲਾਨਟਿੰਗਾ ਅਨੁਸਾਰ, ਕੁਝ ਗਿਰਜੇ ਆਮ ਤੌਰ ਤੇ ਕੇਵਲ ਸਮਾਜਕ ਸਮੱਸਿਆਵਾਂ ਦੇ ਰੂਪ ਵਿਚ ਹੀ ਪਾਪ ਦੀ ਗੱਲ ਕਰਦੇ ਹਨ।
ਅਸੀਂ ਮੰਨਦੇ ਹਾਂ ਕਿ ਅੱਜ ਸਮਾਜਕ ਮੁਸੀਬਤਾਂ ਬਹੁਤ ਹਨ। ਹਿੰਸਾ, ਅਪਰਾਧ, ਯੁੱਧ, ਨਸਲੀ ਝਗੜੇ, ਨਸ਼ੀਲੀ ਦਵਾਈ ਦੀ ਗ਼ਲਤ ਵਰਤੋਂ, ਬੇਈਮਾਨੀ, ਦਮਨ, ਅਤੇ ਬੱਚਿਆਂ ਵਿਰੁੱਧ ਹਿੰਸਾ ਵਿਆਪਕ ਹਨ। ਅਸਲ ਵਿਚ, 20ਵੀਂ ਸਦੀ ਮਾਨਵਤਾ ਦੀ ਸਭ ਤੋਂ ਖ਼ੂਨੀ ਸਦੀ ਕਹੀ ਗਈ ਹੈ। ਇਸ ਤੋਂ ਇਲਾਵਾ ਬੀਮਾਰੀ, ਬੁਢਾਪੇ, ਅਤੇ ਮੌਤ ਕਾਰਨ ਦਰਦ ਅਤੇ ਦੁੱਖ ਹਨ। ਅੱਜ ਸੰਸਾਰ ਵਿਚ ਮੌਜੂਦ ਘੋਰ ਸਮੱਸਿਆਵਾਂ ਤੋਂ ਕੌਣ ਮੁਕਤੀ ਦੀ ਲੋਚ ਨਹੀਂ ਕਰਦਾ?
ਤਾਂ ਫਿਰ, ਪਾਪ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ? ਕੀ ਪਾਪ ਵਿਰਸੇ ਵਿਚ ਮਿਲਦਾ ਹੈ? ਕੀ ਅਸੀਂ ਦਰਦ ਅਤੇ ਦੁੱਖ ਤੋਂ ਕਦੀ ਛੁਟਕਾਰਾ ਹਾਸਲ ਕਰਾਂਗੇ? ਅਗਲਾ ਲੇਖ ਇਨ੍ਹਾਂ ਸਵਾਲਾਂ ਬਾਰੇ ਚਰਚਾ ਕਰੇਗਾ।
[ਫੁਟਨੋਟ]
a ਵੇਦਾਂਤ ਫ਼ਲਸਫ਼ਾ ਉਪਨਿਸ਼ਧਾਂ ਉੱਤੇ ਆਧਾਰਿਤ ਹੈ, ਜੋ ਹਿੰਦੂ ਸ਼ਾਸਤਰ, ਵੇਦਾਂ ਦੇ ਅੰਤ ਵਿਚ ਪਾਇਆ ਜਾਂਦਾ ਹੈ।