ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 7/1 ਸਫ਼ੇ 4-7
  • ਜਦੋਂ ਪਾਪ ਨਹੀਂ ਹੋਵੇਗਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜਦੋਂ ਪਾਪ ਨਹੀਂ ਹੋਵੇਗਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਨੁੱਖ—ਪਾਪ ਤੋਂ ਰਹਿਤ ਸ੍ਰਿਸ਼ਟ ਕੀਤਾ ਗਿਆ
  • ਪਾਪ ਦਾ ਆਰੰਭ
  • ਅੰਤਹਕਰਣ ‘ਦੋਸ਼ੀ ਠਹਿਰਾਉਂਦਾ’ ਜਾਂ ‘ਨਿਰਦੋਸ਼ ਠਹਿਰਾਉਂਦਾ’ ਹੈ
  • ਪਾਪ ਤੋਂ ਛੁਟਕਾਰਾ—ਕਿਸ ਤਰ੍ਹਾਂ?
  • ਮਸੀਹ ਦੀ ਰਿਹਾਈ-ਕੀਮਤ ਸਾਡੇ ਲਈ ਕੀ ਕਰ ਸਕਦੀ ਹੈ
  • ਮਸੀਹ ਦੀ ਰਿਹਾਈ-ਕੀਮਤ—ਮੁਕਤੀ ਲਈ ਪਰਮੇਸ਼ੁਰ ਦਾ ਰਾਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਯਹੋਵਾਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਹੈ
    ਯਹੋਵਾਹ ਦੇ ਨੇੜੇ ਰਹੋ
  • ਯਿਸੂ ਤੁਹਾਨੂੰ ਬਚਾ ਸਕਦਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਾਨੂੰ “ਮਸੀਹ ਦੇ ਅਮੋਲਕ ਲਹੂ” ਦੁਆਰਾ ਰਿਹਾਈ ਮਿਲੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 7/1 ਸਫ਼ੇ 4-7

ਜਦੋਂ ਪਾਪ ਨਹੀਂ ਹੋਵੇਗਾ

“ਕੀ ਅਸੀਂ ਪਾਪ ਵਿਚ ਪੈਦਾ ਹੋਏ ਹਾਂ?” ਇਸ ਸਵਾਲ ਨੇ ਸੰਯੁਕਤ ਰਾਜ ਅਮਰੀਕਾ ਵਿਚ ਇਕ ਗ੍ਰੈਜੂਏਟ ਵਿਦਿਆਰਥੀ ਨੂੰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਲਝਣ ਵਿਚ ਪਾ ਦਿੱਤਾ। ਆਪਣੇ ਹਿੰਦੂ ਪਿਛੋਕੜ ਕਰਕੇ, ਵਿਰਸੇ ਵਿਚ ਮਿਲੇ ਪਾਪ ਦਾ ਵਿਚਾਰ ਉਸ ਲਈ ਓਪਰਾ ਸੀ। ਪਰੰਤੂ ਜੇਕਰ ਪਾਪ ਵਾਕਈ ਵਿਰਸੇ ਵਿਚ ਮਿਲਦਾ ਹੈ, ਉਸ ਨੇ ਤਰਕ ਕੀਤੀ, ਤਾਂ ਇਸ ਦੀ ਅਸਲੀਅਤ ਨੂੰ ਇਨਕਾਰ ਕਰਨਾ ਜਾਂ ਅਣਡਿੱਠ ਕਰਨਾ ਵਿਅਰਥ ਹੋਵੇਗਾ। ਇਕ ਵਿਅਕਤੀ ਇਸ ਸਵਾਲ ਦਾ ਜਵਾਬ ਕਿਵੇਂ ਲੱਭ ਸਕਦਾ ਹੈ?

ਜੇਕਰ ਵਿਰਸੇ ਵਿਚ ਮਿਲਿਆ ਹੈ, ਤਾਂ ਪਾਪ ਦਾ ਜ਼ਰੂਰ ਇਕ ਆਰੰਭ ਹੋਇਆ ਹੋਣਾ। ਕੀ ਪਹਿਲਾ ਆਦਮੀ ਦੁਸ਼ਟ ਸ੍ਰਿਸ਼ਟ ਕੀਤਾ ਗਿਆ ਸੀ, ਜਿਸ ਕਰਕੇ ਉਸ ਨੇ ਆਪਣੇ ਬੱਚਿਆਂ ਨੂੰ ਬੁਰੇ ਗੁਣ ਦਿੱਤੇ? ਜਾਂ ਕੀ ਨੁਕਸ ਬਾਅਦ ਵਿਚ ਪੈਦਾ ਹੋਇਆ? ਨਿਸ਼ਚਿਤ ਤੌਰ ਤੇ, ਪਾਪ ਕਦੋਂ ਸ਼ੁਰੂ ਹੋਇਆ ਸੀ? ਦੂਸਰੇ ਪਾਸੇ, ਜੇਕਰ ਪਾਪ ਕੇਵਲ ਇਕ ਬਾਹਰੀ, ਬੁਰੀ ਹਸਤੀ ਜਾਂ ਸਿਧਾਂਤ ਹੈ, ਤਾਂ ਕੀ ਅਸੀਂ ਕਦੀ ਇਸ ਤੋਂ ਛੁਟਕਾਰਾ ਪਾਉਣ ਦੀ ਆਸ ਰੱਖ ਸਕਦੇ ਹਾਂ?

ਹਿੰਦੂ ਵਿਸ਼ਵਾਸ ਅਨੁਸਾਰ, ਦੁੱਖ ਅਤੇ ਬੁਰਾਈ ਸ੍ਰਿਸ਼ਟੀ ਦੇ ਸਾਥੀ ਹਨ। “ਦੁੱਖ [ਜਾਂ ਬੁਰਾਈ],” ਇਕ ਹਿੰਦੂ ਵਿਦਵਾਨ ਟਿੱਪਣੀ ਕਰਦਾ ਹੈ, “ਪੁਰਾਣੇ ਗਠੀਏ ਵਰਗਾ ਹੈ, ਜੋ ਕੇਵਲ ਇਕ ਥਾਂ ਤੋਂ ਦੂਸਰੀ ਥਾਂ ਚਲਾ ਜਾਂਦਾ ਹੈ ਪਰੰਤੂ ਪੂਰੀ ਤਰ੍ਹਾਂ ਜੜ੍ਹੋਂ ਨਹੀਂ ਉਖਾੜਿਆ ਜਾ ਸਕਦਾ ਹੈ।” ਪੂਰੇ ਇਤਿਹਾਸ ਦੌਰਾਨ ਬੁਰਾਈ ਨਿਸ਼ਚਿਤ ਤੌਰ ਤੇ ਮਨੁੱਖਜਾਤੀ ਦੇ ਸੰਸਾਰ ਦਾ ਹਿੱਸਾ ਰਹੀ ਹੈ। ਜੇਕਰ ਇਹ ਮਾਨਵ ਦੇ ਇਤਿਹਾਸਕ ਰਿਕਾਰਡ ਤੋਂ ਪਹਿਲਾਂ ਦੀ ਮੌਜੂਦ ਹੈ, ਤਾਂ ਇਸ ਦੇ ਆਰੰਭ ਬਾਰੇ ਭਰੋਸੇਯੋਗ ਜਵਾਬ ਜ਼ਰੂਰ ਮਨੁੱਖ ਤੋਂ ਉੱਚੇ ਕਿਸੇ ਸੋਮੇ ਤੋਂ ਮਿਲਣੇ ਚਾਹੀਦੇ ਹਨ। ਜਵਾਬ ਪਰਮੇਸ਼ੁਰ ਤੋਂ ਮਿਲਣੇ ਚਾਹੀਦੇ ਹਨ।—ਜ਼ਬੂਰ 36:9.

ਮਨੁੱਖ—ਪਾਪ ਤੋਂ ਰਹਿਤ ਸ੍ਰਿਸ਼ਟ ਕੀਤਾ ਗਿਆ

ਵੇਦਾਂ ਵਿਚ ਮਨੁੱਖ ਦੀ ਸ੍ਰਿਸ਼ਟੀ ਦੇ ਵਰਣਨ ਲਾਖਣਿਕ ਹਨ, ਹਿੰਦੂ ਫ਼ਿਲਾਸਫ਼ਰ ਨਿਖਿਲਾਨੰਦ ਸਵੀਕਾਰ ਕਰਦਾ ਹੈ। ਇਸੇ ਤਰ੍ਹਾਂ, ਜ਼ਿਆਦਾਤਰ ਪੂਰਬੀ ਧਰਮ ਸ੍ਰਿਸ਼ਟੀ ਦੇ ਬਾਰੇ ਕੇਵਲ ਮਿਥਿਹਾਸਕ ਵਰਣਨ ਪ੍ਰਦਾਨ ਕਰਦੇ ਹਨ। ਫਿਰ ਵੀ, ਪਹਿਲੇ ਆਦਮੀ ਦੀ ਸ੍ਰਿਸ਼ਟੀ ਦੇ ਬਾਰੇ ਬਾਈਬਲ ਦੇ ਬਿਰਤਾਂਤ ਉੱਤੇ ਭਰੋਸਾ ਰੱਖਣ ਦੇ ਦੋਵੇਂ ਤਰਕਪੂਰਣ ਅਤੇ ਵਿਗਿਆਨਕ ਕਾਰਨ ਹਨ।a ਇਸ ਦਾ ਪਹਿਲਾ ਅਧਿਆਇ ਹੀ ਬਿਆਨ ਕਰਦਾ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।”—ਉਤਪਤ 1:27.

“ਪਰਮੇਸ਼ੁਰ ਦੇ ਸਰੂਪ ਉੱਤੇ” ਸ੍ਰਿਸ਼ਟ ਕੀਤੇ ਜਾਣ ਦਾ ਕੀ ਅਰਥ ਹੈ? ਕੇਵਲ ਇਹ: ਆਦਮੀ ਪਰਮੇਸ਼ੁਰ ਦੀ ਸਮਰੂਪਤਾ ਵਿਚ ਬਣਾਇਆ ਗਿਆ ਸੀ, ਉਸ ਵਿਚ ਈਸ਼ਵਰੀ ਗੁਣ ਸਨ—ਜਿਸ ਤਰ੍ਹਾਂ ਨਿਆਉਂ, ਬੁੱਧੀ, ਅਤੇ ਪ੍ਰੇਮ—ਜੋ ਉਸ ਨੂੰ ਜਾਨਵਰਾਂ ਤੋਂ ਭਿੰਨ ਦਰਸਾਉਂਦੇ ਹਨ। (ਤੁਲਨਾ ਕਰੋ ਕੁਲੁੱਸੀਆਂ 3:9, 10.) ਇਨ੍ਹਾਂ ਗੁਣਾਂ ਨੇ ਉਸ ਨੂੰ ਭਲਾਈ ਜਾਂ ਬੁਰਾਈ ਕਰਨ ਦੀ ਚੋਣ ਕਰਨ ਦੀ ਯੋਗਤਾ ਦਿੱਤੀ, ਅਤੇ ਉਸ ਨੂੰ ਆਜ਼ਾਦ ਨੈਤਿਕ ਕਾਰਜਕਰਤਾ ਬਣਾਇਆ। ਪਹਿਲੇ ਆਦਮੀ ਵਿਚ ਕੋਈ ਪਾਪ ਨਹੀਂ ਸੀ, ਉਸ ਦੇ ਜੀਵਨ ਵਿਚ ਕੋਈ ਬੁਰਾਈ ਜਾਂ ਦੁੱਖ ਨਹੀਂ ਸੀ, ਜਦੋਂ ਉਸ ਦੀ ਸ੍ਰਿਸ਼ਟੀ ਕੀਤੀ ਗਈ ਸੀ।

ਮਨੁੱਖ ਆਦਮ ਨੂੰ, ਯਹੋਵਾਹ ਪਰਮੇਸ਼ੁਰ ਨੇ ਇਹ ਆਦੇਸ਼ ਦਿੱਤਾ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਆਗਿਆਪਾਲਣਾ ਦੀ ਚੋਣ ਕਰਨ ਦੁਆਰਾ, ਆਦਮ ਅਤੇ ਉਸ ਦੀ ਪਤਨੀ, ਹੱਵਾਹ, ਆਪਣੇ ਸ੍ਰਿਸ਼ਟੀਕਰਤਾ ਲਈ ਪ੍ਰਸ਼ੰਸਾ ਅਤੇ ਮਾਣ ਲਿਆ ਸਕਦੇ ਸਨ ਅਤੇ ਪਾਪ ਤੋਂ ਮੁਕਤ ਰਹਿ ਸਕਦੇ ਸਨ। ਦੂਸਰੇ ਪਾਸੇ, ਅਵੱਗਿਆ ਦਾ ਇਕ ਕਾਰਜ ਪਰਮੇਸ਼ੁਰ ਦੇ ਸੰਪੂਰਣ ਮਿਆਰਾਂ ਉੱਤੇ ਪੂਰਾ ਉਤਰਨ ਦੀ ਉਨ੍ਹਾਂ ਦੀ ਅਸਫ਼ਲਤਾ ਦਾ ਸੰਕੇਤ ਕਰਦਾ ਅਤੇ ਉਨ੍ਹਾਂ ਨੂੰ ਅਪੂਰਣ—ਪਾਪੀ—ਬਣਾਉਂਦਾ।

ਆਦਮ ਅਤੇ ਹੱਵਾਹ ਈਸ਼ਵਰੀ ਸੁਭਾਅ ਨਾਲ ਸ੍ਰਿਸ਼ਟ ਨਹੀਂ ਕੀਤੇ ਗਏ ਸਨ। ਫਿਰ ਵੀ, ਉਨ੍ਹਾਂ ਕੋਲ ਕੁਝ ਹੱਦ ਤਕ ਈਸ਼ਵਰੀ ਗੁਣ ਸਨ ਅਤੇ ਨੈਤਿਕ ਫ਼ੈਸਲੇ ਲੈਣ ਦੀ ਯੋਗਤਾ ਸੀ। ਪਰਮੇਸ਼ੁਰ ਦੀ ਸ੍ਰਿਸ਼ਟੀ ਦੇ ਤੌਰ ਤੇ, ਉਹ ਪਾਪ-ਰਹਿਤ, ਜਾਂ ਸੰਪੂਰਣ ਸਨ। (ਉਤਪਤ 1:31; ਬਿਵਸਥਾ ਸਾਰ 32:4) ਉਨ੍ਹਾਂ ਨੂੰ ਹੋਂਦ ਵਿਚ ਲਿਆਉਣ ਨਾਲ, ਪਰਮੇਸ਼ੁਰ ਅਤੇ ਵਿਸ਼ਵ-ਮੰਡਲ ਵਿਚਕਾਰ ਯੁਗਾਂ ਤੋਂ ਉਸ ਸਮੇਂ ਤਕ ਚਲੀ ਆ ਰਹੀ ਇਕਸੁਰਤਾ ਭੰਗ ਨਹੀਂ ਹੋਈ। ਤਾਂ ਫਿਰ, ਪਾਪ ਕਿਸ ਤਰ੍ਹਾਂ ਸ਼ੁਰੂ ਹੋਇਆ?

ਪਾਪ ਦਾ ਆਰੰਭ

ਪਾਪ ਪਹਿਲਾਂ ਆਤਮਿਕ ਲੋਕ ਵਿਚ ਹੋਇਆ। ਧਰਤੀ ਅਤੇ ਆਦਮੀ ਦੀ ਸ੍ਰਿਸ਼ਟੀ ਤੋਂ ਪਹਿਲਾਂ, ਪਰਮੇਸ਼ੁਰ ਨੇ ਬੁੱਧੀਮਾਨ ਆਤਮਿਕ ਪ੍ਰਾਣੀ—ਦੂਤ—ਬਣਾਏ ਸਨ। (ਅੱਯੂਬ 1:6; 2:1; 38:4-7; ਕੁਲੁੱਸੀਆਂ 1:15-17) ਇਨ੍ਹਾਂ ਦੂਤਾਂ ਵਿੱਚੋਂ ਇਕ ਆਪਣੀ ਸੁੰਦਰਤਾ ਅਤੇ ਬੁੱਧੀ ਉੱਤੇ ਬਹੁਤ ਘਮੰਡ ਕਰਦਾ ਸੀ। (ਤੁਲਨਾ ਕਰੋ ਹਿਜ਼ਕੀਏਲ 28:13-15) ਆਦਮ ਅਤੇ ਹੱਵਾਹ ਨੂੰ ਬੱਚੇ ਪੈਦਾ ਕਰਨ ਦੀ ਪਰਮੇਸ਼ੁਰ ਦੀ ਹਿਦਾਇਤ ਤੋਂ, ਇਹ ਦੂਤ ਦੇਖ ਸਕਦਾ ਸੀ ਕਿ ਜਲਦੀ ਹੀ ਪੂਰੀ ਧਰਤੀ ਧਰਮੀ ਲੋਕਾਂ ਨਾਲ ਭਰ ਜਾਵੇਗੀ, ਅਤੇ ਉਹ ਸਾਰੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ। (ਉਤਪਤ 1:27, 28) ਇਸ ਆਤਮਿਕ ਪ੍ਰਾਣੀ ਨੇ ਆਪਣੇ ਲਈ ਉਨ੍ਹਾਂ ਦੀ ਉਪਾਸਨਾ ਚਾਹੀ। (ਮੱਤੀ 4:9, 10) ਇਸ ਕਾਮਨਾ ਉੱਤੇ ਸੋਚਦੇ ਰਹਿਣਾ ਉਸ ਨੂੰ ਗ਼ਲਤ ਰਸਤੇ ਵੱਲ ਲੈ ਗਿਆ।—ਯਾਕੂਬ 1:14, 15.

ਇਕ ਸੱਪ ਦੁਆਰਾ ਹੱਵਾਹ ਨਾਲ ਗੱਲ ਕਰਦੇ ਹੋਏ, ਬਾਗ਼ੀ ਦੂਤ ਨੇ ਕਿਹਾ ਕਿ ਭਲੇ ਅਤੇ ਬੁਰੇ ਦੇ ਗਿਆਨ ਵਾਲੇ ਬਿਰਛ ਦੇ ਫਲ ਖਾਣ ਤੋਂ ਮਨ੍ਹਾ ਕਰ ਕੇ, ਪਰਮੇਸ਼ੁਰ ਉਸ ਤੋਂ ਉਹ ਗਿਆਨ ਦੂਰ ਰੱਖ ਰਿਹਾ ਸੀ ਜੋ ਉਸ ਕੋਲ ਹੋਣਾ ਚਾਹੀਦਾ ਹੈ। (ਉਤਪਤ 3:1-5) ਇਹ ਕਹਿਣਾ ਇਕ ਘਿਰਣਾਜਨਕ ਝੂਠ ਸੀ—ਪਾਪ ਦਾ ਇਕ ਕਾਰਜ। ਇਹ ਝੂਠ ਬੋਲਣ ਦੁਆਰਾ, ਉਸ ਦੂਤ ਨੇ ਆਪਣੇ ਆਪ ਨੂੰ ਪਾਪੀ ਬਣਾ ਲਿਆ। ਨਤੀਜੇ ਵਜੋਂ, ਉਸ ਨੂੰ ਇਬਲੀਸ, ਅਰਥਾਤ ਤੁਹਮਤੀ, ਅਤੇ ਸ਼ਤਾਨ, ਅਰਥਾਤ ਪਰਮੇਸ਼ੁਰ ਦਾ ਇਕ ਵਿਰੋਧੀ ਕਿਹਾ ਜਾਣ ਲੱਗਾ।—ਪਰਕਾਸ਼ ਦੀ ਪੋਥੀ 12:9.

ਸ਼ਤਾਨ ਦੀ ਵਰਗਲਾਉ ਦਲੀਲ ਨੇ ਹੱਵਾਹ ਉੱਤੇ ਨੁਕਸਾਨਦੇਹ ਅਸਰ ਪਾਇਆ। ਭਰਮਾਉਣ ਵਾਲੇ ਦੇ ਸ਼ਬਦਾਂ ਉੱਤੇ ਆਪਣਾ ਭਰੋਸਾ ਰੱਖਦੇ ਹੋਏ, ਉਸ ਨੇ ਆਪਣੇ ਆਪ ਨੂੰ ਭਰਮਾਉਣ ਦਿੱਤਾ ਅਤੇ ਵਰਜਿਤ ਬਿਰਛ ਦਾ ਕੁਝ ਫਲ ਖਾ ਲਿਆ। ਉਸ ਦਾ ਪਤੀ, ਆਦਮ ਉਸ ਨਾਲ ਫਲ ਖਾਣ ਵਿਚ ਸ਼ਾਮਲ ਹੋ ਗਿਆ, ਅਤੇ ਇਸ ਤਰ੍ਹਾਂ ਉਹ ਦੋਵੇਂ ਪਾਪੀ ਬਣ ਗਏ। (ਉਤਪਤ 3:6; 1 ਤਿਮੋਥਿਉਸ 2:14) ਸਪੱਸ਼ਟ ਹੈ ਕਿ ਪਰਮੇਸ਼ੁਰ ਦੀ ਅਵੱਗਿਆ ਕਰਨ ਦਾ ਰਸਤਾ ਚੁਣਨ ਦੁਆਰਾ, ਸਾਡੇ ਪਹਿਲੇ ਮਾਤਾ-ਪਿਤਾ ਸੰਪੂਰਣਤਾ ਦੇ ਨਿਸ਼ਾਨੇ ਤੋਂ ਖੁੰਝ ਗਏ ਅਤੇ ਆਪਣੇ ਆਪ ਨੂੰ ਪਾਪੀ ਬਣਾ ਲਿਆ।

ਆਦਮ ਅਤੇ ਹੱਵਾਹ ਦੀ ਸੰਤਾਨ ਬਾਰੇ ਕੀ? ਬਾਈਬਲ ਵਿਆਖਿਆ ਕਰਦੀ ਹੈ: “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਵਿਰਸੇ ਦਾ ਨਿਯਮ ਪਹਿਲਾਂ ਹੀ ਅਮਲ ਵਿਚ ਸੀ। ਆਦਮ ਆਪਣੇ ਬੱਚਿਆਂ ਨੂੰ ਉਹ ਨਹੀਂ ਦੇ ਸਕਦਾ ਸੀ ਜੋ ਉਸ ਕੋਲ ਸੀ ਹੀ ਨਹੀਂ। (ਅੱਯੂਬ 14:4) ਸੰਪੂਰਣਤਾ ਨੂੰ ਗੁਆਉਣ ਤੋਂ ਬਾਅਦ, ਪਹਿਲਾ ਜੋੜਾ ਪਾਪੀ ਸੀ ਜਦੋਂ ਉਨ੍ਹਾਂ ਦੇ ਬੱਚੇ ਗਰਭ ਵਿਚ ਪਏ। ਨਤੀਜੇ ਵਜੋਂ, ਅਸੀਂ ਸਾਰਿਆਂ ਨੇ—ਬਿਨਾਂ ਅਪਵਾਦ—ਵਿਰਸੇ ਵਿਚ ਪਾਪ ਹਾਸਲ ਕੀਤਾ ਹੈ। (ਜ਼ਬੂਰ 51:5; ਰੋਮੀਆਂ 3:23) ਫਿਰ, ਪਾਪ ਨੇ ਬੁਰਾਈ ਅਤੇ ਦੁੱਖ ਦੇ ਸਿਵਾਇ ਕੁਝ ਵੀ ਉਤਪੰਨ ਨਹੀਂ ਕੀਤਾ ਹੈ। ਇਸ ਤੋਂ ਇਲਾਵਾ, ਇਸ ਕਾਰਨ, ਅਸੀਂ ਸਾਰੇ ਬੁੱਢੇ ਹੁੰਦੇ ਅਤੇ ਮਰਦੇ ਹਾਂ, ਕਿਉਂਕਿ “ਪਾਪ ਦੀ ਮਜੂਰੀ ਤਾਂ ਮੌਤ ਹੈ।”—ਰੋਮੀਆਂ 6:23.

ਅੰਤਹਕਰਣ ‘ਦੋਸ਼ੀ ਠਹਿਰਾਉਂਦਾ’ ਜਾਂ ‘ਨਿਰਦੋਸ਼ ਠਹਿਰਾਉਂਦਾ’ ਹੈ

ਪਹਿਲੇ ਮਾਨਵੀ ਜੋੜੇ ਦੇ ਵਤੀਰੇ ਉੱਤੇ ਪਾਪ ਦੇ ਪ੍ਰਭਾਵ ਉੱਤੇ ਵੀ ਵਿਚਾਰ ਕਰੋ। ਉਨ੍ਹਾਂ ਨੇ ਆਪਣੇ ਸਰੀਰ ਦੇ ਅੰਗਾਂ ਨੂੰ ਢੱਕ ਲਿਆ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ। (ਉਤਪਤ 3:7, 8) ਇਸ ਤਰ੍ਹਾਂ ਪਾਪ ਨੇ ਉਨ੍ਹਾਂ ਨੂੰ ਦੋਸ਼, ਚਿੰਤਾ, ਅਤੇ ਸ਼ਰਮ ਮਹਿਸੂਸ ਕਰਾਇਆ। ਅੱਜ ਮਨੁੱਖਜਾਤੀ ਇਨ੍ਹਾਂ ਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਕੌਣ ਹੈ ਜਿਸ ਨੇ ਕਿਸੇ ਲੋੜਵੰਦ ਵਿਅਕਤੀ ਪ੍ਰਤੀ ਦਿਆਲਗੀ ਨਾ ਦਿਖਾਉਣ ਕਾਰਨ ਬੁਰਾ ਨਾ ਮਹਿਸੂਸ ਕੀਤਾ ਹੋਵੇ ਜਾਂ ਅਜਿਹੇ ਸ਼ਬਦ ਕਹਿਣ ਦਾ ਪਛਤਾਵਾ ਨਾ ਕੀਤਾ ਹੋਵੇ ਜੋ ਕਦੀ ਵੀ ਨਹੀਂ ਕਹੇ ਜਾਣੇ ਚਾਹੀਦੇ ਸਨ। (ਯਾਕੂਬ 4:17) ਸਾਡੇ ਵਿਚ ਅਜਿਹੇ ਪਰੇਸ਼ਾਨ ਕਰਨ ਵਾਲੇ ਜਜ਼ਬਾਤ ਕਿਉਂ ਉੱਠਦੇ ਹਨ? ਪੌਲੁਸ ਰਸੂਲ ਵਿਆਖਿਆ ਕਰਦਾ ਹੈ ਕਿ ‘ਸ਼ਰਾ ਸਾਡੇ ਹਿਰਦਿਆਂ ਵਿੱਚ ਲਿਖੀ ਹੋਈ ਹੈ।’ ਜੇਕਰ ਸਾਡਾ ਅੰਤਹਕਰਣ ਸਖ਼ਤ ਨਹੀਂ ਹੋਇਆ ਹੈ, ਤਾਂ ਉਸ ਸ਼ਰਾ ਦੀ ਉਲੰਘਣਾ ਅੰਦਰੂਨੀ ਉਥਲ-ਪੁਥਲ ਪੈਦਾ ਕਰਦੀ ਹੈ। ਇਸ ਲਈ ਇਹ ਸਾਡੇ ਅੰਤਹਕਰਣ ਦੀ ਆਵਾਜ਼ ਹੈ ਜੋ ਸਾਨੂੰ “ਦੋਸ਼ੀ” ਜਾਂ ‘ਨਿਰਦੋਸ਼’ ਠਹਿਰਾਉਂਦੀ ਹੈ। (ਰੋਮੀਆਂ 2:15; 1 ਤਿਮੋਥਿਉਸ 4:2; ਤੀਤੁਸ 1:15) ਭਾਵੇਂ ਅਸੀਂ ਇਸ ਦਾ ਅਹਿਸਾਸ ਕਰਦੇ ਹਾਂ ਜਾਂ ਨਹੀਂ, ਸਾਡੇ ਵਿਚ ਇਹ ਅੰਦਰੂਨੀ ਭਾਵਨਾ ਹੈ ਕਿ ਗ਼ਲਤ ਕੀ ਹੈ, ਪਾਪ ਕੀ ਹੈ!

ਪੌਲੁਸ ਆਪਣੀਆਂ ਪਾਪਮਈ ਪ੍ਰਵਿਰਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ,” ਉਹ ਸਵੀਕਾਰ ਕਰਦਾ ਹੈ। “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” ਇਸ ਕਰਕੇ ਪੌਲੁਸ ਨੇ ਪੁੱਛਿਆ: “ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?”—ਰੋਮੀਆਂ 7:21-24.

ਪਾਪ ਤੋਂ ਛੁਟਕਾਰਾ—ਕਿਸ ਤਰ੍ਹਾਂ?

“ਹਿੰਦੂ ਰੀਤ ਵਿਚ ਮੁਕਤੀ,” ਇਕ ਵਿਦਵਾਨ ਕਹਿੰਦਾ ਹੈ, “ਵਾਰ-ਵਾਰ ਜਨਮ ਲੈਣ ਅਤੇ ਮਰਨ ਤੋਂ ਮੁਕਤੀ ਹੈ।” ਇਸੇ ਤਰ੍ਹਾਂ, ਬੁੱਧ ਧਰਮ ਵੀ ਹੱਲ ਵਜੋਂ ਨਿਰਵਾਣਾ—ਬਾਹਰੀ ਅਸਲੀਅਤ ਤੋਂ ਮੁਕਤ ਹੋਣ ਦੀ ਹਾਲਤ—ਵੱਲ ਸੰਕੇਤ ਕਰਦਾ ਹੈ। ਵਿਰਸੇ ਵਿਚ ਮਿਲੇ ਪਾਪ ਦੀ ਧਾਰਣਾ ਨੂੰ ਨਾ ਸਮਝਦੇ ਹੋਏ, ਹਿੰਦੂ ਧਰਮ ਕੇਵਲ ਹੋਂਦ ਤੋਂ ਮੁਕਤੀ ਦਾ ਵਾਅਦਾ ਕਰਦਾ ਹੈ।

ਦੂਸਰੇ ਪਾਸੇ, ਬਾਈਬਲ ਦੇ ਮੁਕਤੀ ਦੇ ਸਾਧਨ ਦੁਆਰਾ ਪਾਪਪੂਰਣ ਸਥਿਤੀ ਅਸਲ ਵਿਚ ਖ਼ਤਮ ਕੀਤੀ ਜਾਂਦੀ ਹੈ। ਇਹ ਪੁੱਛਣ ਤੋਂ ਬਾਅਦ ਕਿ ਉਹ ਕਿਸ ਤਰ੍ਹਾਂ ਪਾਪ ਤੋਂ ਛੁਡਾਇਆ ਜਾ ਸਕਦਾ ਹੈ, ਪੌਲੁਸ ਰਸੂਲ ਅੱਗੇ ਜਵਾਬ ਦਿੰਦਾ ਹੈ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ!” (ਰੋਮੀਆਂ 7:25) ਜੀ ਹਾਂ, ਛੁਟਕਾਰਾ ਯਿਸੂ ਦੇ ਰਾਹੀਂ ਪਰਮੇਸ਼ੁਰ ਤੋਂ ਆਉਂਦਾ ਹੈ।

ਮੱਤੀ ਦੀ ਇੰਜੀਲ ਅਨੁਸਾਰ, “ਮਨੁੱਖ ਦਾ ਪੁੱਤ੍ਰ,” ਯਿਸੂ ਮਸੀਹ, “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਜਿਵੇਂ 1 ਤਿਮੋਥਿਉਸ 2:6 ਵਿਚ ਦਰਜ ਹੈ, ਪੌਲੁਸ ਨੇ ਲਿਖਿਆ ਕਿ ਯਿਸੂ ਨੇ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ [“ਅਨੁਰੂਪ ਰਿਹਾਈ-ਕੀਮਤ,” ਨਿ ਵ] ਕਰ ਕੇ ਦੇ ਦਿੱਤਾ।” ਸ਼ਬਦ “ਰਿਹਾਈ-ਕੀਮਤ” ਕੈਦੀਆਂ ਦੀ ਰਿਹਾਈ ਲਈ ਦਿੱਤੀ ਗਈ ਕੀਮਤ ਨੂੰ ਸੂਚਿਤ ਕਰਦਾ ਹੈ। ਇਹ ਤੱਥ ਕਿ ਇਹ ਇਕ ਅਨੁਰੂਪ ਰਿਹਾਈ-ਕੀਮਤ ਹੈ, ਇਹ ਨਿਆਉਂ ਦੇ ਕਾਨੂੰਨੀ ਤਰਾਜੂ ਨੂੰ ਬਰਾਬਰ ਕਰਨ ਵਿਚ ਕੀਮਤ ਦੀ ਉਚਿਤਤਾ ਉੱਤੇ ਜ਼ੋਰ ਦਿੰਦੀ ਹੈ। ਪਰੰਤੂ ਇਕ ਆਦਮੀ ਦੀ ਮੌਤ ਨੂੰ “ਸਭਨਾ ਲਈ ਅਨੁਰੂਪ ਰਿਹਾਈ-ਕੀਮਤ” ਵਜੋਂ ਕਿਸ ਤਰ੍ਹਾਂ ਵਿਚਾਰਿਆ ਜਾ ਸਕਦਾ ਹੈ?

ਆਦਮ ਨੇ ਸਾਰੀ ਮਨੁੱਖਜਾਤੀ ਨੂੰ, ਸਾਨੂੰ ਵੀ, ਪਾਪ ਅਤੇ ਮੌਤ ਵਿਚ ਵੇਚ ਦਿੱਤਾ। ਕੀਮਤ, ਜਾਂ ਜੁਰਮਾਨੇ ਵਜੋਂ ਉਸ ਨੇ ਆਪਣਾ ਸੰਪੂਰਣ ਮਾਨਵ ਜੀਵਨ ਦਿੱਤਾ। ਇਸ ਨੂੰ ਢਕਣ ਲਈ, ਇਕ ਦੂਸਰਾ ਸੰਪੂਰਣ ਮਾਨਵ ਜੀਵਨ—ਅਨੁਰੂਪ ਰਿਹਾਈ-ਕੀਮਤ—ਦਿੱਤੀ ਜਾਣੀ ਸੀ। (ਕੂਚ 21:23; ਬਿਵਸਥਾ ਸਾਰ 19:21; ਰੋਮੀਆਂ 5:18, 19) ਕਿਉਂਕਿ ਕੋਈ ਵੀ ਅਪੂਰਣ ਮਨੁੱਖ ਇਹ ਰਿਹਾਈ-ਕੀਮਤ ਨਹੀਂ ਦੇ ਸਕਦਾ ਸੀ, ਪਰਮੇਸ਼ੁਰ ਨੇ, ਆਪਣੀ ਵਿਸ਼ਾਲ ਬੁੱਧੀ ਨਾਲ, ਇਸ ਸੰਕਟ ਵਿੱਚੋਂ ਨਿਕਲਣ ਦਾ ਰਾਹ ਕੱਢਿਆ। (ਜ਼ਬੂਰ 49:6, 7) ਉਸ ਨੇ ਆਪਣੇ ਇਕਲੌਤੇ ਪੁੱਤਰ ਦੇ ਸੰਪੂਰਣ ਜੀਵਨ ਨੂੰ ਸਵਰਗ ਤੋਂ ਧਰਤੀ ਉੱਤੇ ਇਕ ਕੁਆਰੀ ਦੇ ਗਰਭ ਵਿਚ ਤਬਦੀਲ ਕਰ ਦਿੱਤਾ, ਅਤੇ ਉਸ ਨੂੰ ਇਕ ਸੰਪੂਰਣ ਮਨੁੱਖ ਵਜੋਂ ਜਨਮ ਲੈਣ ਦਿੱਤਾ।—ਲੂਕਾ 1:30-38; ਯੂਹੰਨਾ 3:16-18.

ਮਨੁੱਖਜਾਤੀ ਨੂੰ ਛੁਡਾਉਣ ਦੇ ਕੰਮ ਨੂੰ ਪੂਰਾ ਕਰਨ ਲਈ, ਯਿਸੂ ਨੇ ਧਰਤੀ ਉੱਤੇ ਪੂਰੇ ਸਮੇਂ ਲਈ ਆਪਣੀ ਖਰਿਆਈ ਬਣਾਈ ਰੱਖਣੀ ਸੀ। ਅਤੇ ਉਸ ਨੇ ਕਾਇਮ ਰੱਖੀ। ਫਿਰ ਉਹ ਇਕ ਬਲੀਦਾਨ-ਰੂਪੀ ਮੌਤ ਮਰਿਆ। ਇਸ ਤਰੀਕੇ ਨਾਲ ਯਿਸੂ ਨੇ ਯਕੀਨੀ ਬਣਾਇਆ ਕਿ ਇਕ ਸੰਪੂਰਣ ਮਾਨਵੀ ਜੀਵਨ—ਉਸ ਦੇ ਆਪਣੇ ਜੀਵਨ—ਦੀ ਕੀਮਤ ਮਨੁੱਖਜਾਤੀ ਨੂੰ ਮੁਕਤ ਕਰਾਉਣ ਲਈ ਰਿਹਾਈ-ਕੀਮਤ ਵਜੋਂ ਦਿੱਤੀ ਜਾਣ ਲਈ ਉਪਲਬਧ ਹੋਵੇਗੀ।—2 ਕੁਰਿੰਥੀਆਂ 5:14; 1 ਪਤਰਸ 1:18, 19.

ਮਸੀਹ ਦੀ ਰਿਹਾਈ-ਕੀਮਤ ਸਾਡੇ ਲਈ ਕੀ ਕਰ ਸਕਦੀ ਹੈ

ਯਿਸੂ ਦਾ ਰਿਹਾਈ-ਕੀਮਤ ਬਲੀਦਾਨ ਹੁਣ ਵੀ ਸਾਨੂੰ ਲਾਭ ਪਹੁੰਚਾ ਸਕਦਾ ਹੈ। ਇਸ ਉੱਤੇ ਨਿਹਚਾ ਕਰਨ ਦੁਆਰਾ, ਅਸੀਂ ਪਰਮੇਸ਼ੁਰ ਦੇ ਅੱਗੇ ਇਕ ਸ਼ੁੱਧ ਸਥਿਤੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਯਹੋਵਾਹ ਦੀ ਪ੍ਰੇਮਮਈ ਅਤੇ ਕੋਮਲ ਦੇਖ-ਭਾਲ ਹੇਠ ਆ ਸਕਦੇ ਹਾਂ। (ਰਸੂਲਾਂ ਦੇ ਕਰਤੱਬ 10:43; ਰੋਮੀਆਂ 3:21-24) ਅਸੀਂ ਜਿਹੜੇ ਪਾਪ ਕੀਤੇ ਹਨ ਉਨ੍ਹਾਂ ਦੇ ਦੋਸ਼ ਹੇਠ ਦੱਬੇ ਜਾਣ ਦੀ ਬਜਾਇ, ਅਸੀਂ ਰਿਹਾਈ-ਕੀਮਤ ਦੇ ਆਧਾਰ ਤੇ ਪਰਮੇਸ਼ੁਰ ਤੋਂ ਬਿਨਾਂ ਡਰ ਮਾਫ਼ੀ ਮੰਗ ਸਕਦੇ ਹਾਂ।—ਯਸਾਯਾਹ 1:18; ਅਫ਼ਸੀਆਂ 1:7; 1 ਯੂਹੰਨਾ 2:1, 2.

ਅੱਗੇ ਆਉਣ ਵਾਲੇ ਦਿਨਾਂ ਵਿਚ, ਰਿਹਾਈ-ਕੀਮਤ, ਪਾਪ ਦੁਆਰਾ ਪੈਦਾ ਕੀਤੀ ਗਈ ਮਨੁੱਖਜਾਤੀ ਦੀ ਰੋਗੀ ਹਾਲਤ ਨੂੰ ਪੂਰੀ ਤਰ੍ਹਾਂ ਚੰਗਾ ਕਰਨਾ ਸੰਭਵ ਬਣਾਏਗੀ। ਬਾਈਬਲ ਦੀ ਆਖ਼ਰੀ ਪੋਥੀ “ਅੰਮ੍ਰਿਤ ਜਲ ਦੀ ਇੱਕ ਨਦੀ” ਦਾ ਵਰਣਨ ਕਰਦੀ ਹੈ ਜੋ ਪਰਮੇਸ਼ੁਰ ਦੇ ਸਿੰਘਾਸਣ ਵਿੱਚੋਂ ਨਿਕਲਦੀ ਹੈ। ਨਦੀ ਦੇ ਕਿਨਾਰਿਆਂ ਦੇ ਨਾਲ-ਨਾਲ ਫਲਾਂ ਨਾਲ ਭਰੇ ਦਰਖ਼ਤਾਂ ਦੇ ਪੱਤੇ “ਕੌਮਾਂ ਦੇ ਇਲਾਜ ਦੇ ਲਈ” ਹਨ। (ਪਰਕਾਸ਼ ਦੀ ਪੋਥੀ 22:1, 2) ਪ੍ਰਤੀਕਾਤਮਕ ਤੌਰ ਤੇ, ਬਾਈਬਲ ਇੱਥੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਤੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਹਮੇਸ਼ਾ ਲਈ ਆਜ਼ਾਦ ਕਰਾਉਣ ਦੇ ਸ੍ਰਿਸ਼ਟੀਕਰਤਾ ਦੇ ਅਦਭੁਤ ਪ੍ਰਬੰਧ ਬਾਰੇ ਗੱਲ ਕਰਦੀ ਹੈ।

ਪਰਕਾਸ਼ ਦੀ ਪੋਥੀ ਦੇ ਭਵਿੱਖ-ਸੂਚਕ ਦਰਸ਼ਣ ਜਲਦੀ ਹੀ ਪੂਰੇ ਹੋਣਗੇ। (ਪਰਕਾਸ਼ ਦੀ ਪੋਥੀ 22:6, 7) ਤਦ “ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ” ਸਾਰੇ ਨੇਕਦਿਲ ਵਿਅਕਤੀ ਸੰਪੂਰਣ ਬਣ ਜਾਣਗੇ। (ਰੋਮੀਆਂ 8:20, 21) ਕੀ ਇਸ ਤੋਂ ਸਾਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਨਿਸ਼ਠਾਵਾਨ ਪੁੱਤਰ, ਯਿਸੂ ਮਸੀਹ, ਜੋ ਸਾਡੇ ਲਈ ਰਿਹਾਈ-ਕੀਮਤ ਬਣਿਆ, ਬਾਰੇ ਹੋਰ ਜ਼ਿਆਦਾ ਸਿੱਖਣ ਲਈ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਹੈ?—ਯੂਹੰਨਾ 17:3.

[ਫੁਟਨੋਟ]

a  ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਦੇਖੋ।

[ਸਫ਼ੇ 6 ਉੱਤੇ ਤਸਵੀਰ]

ਆਦਮ ਮਨੁੱਖਜਾਤੀ ਉਤੇ ਪਾਪ ਅਤੇ ਮੌਤ ਲਿਆਇਆ

[ਸਫ਼ੇ 7 ਉੱਤੇ ਤਸਵੀਰ]

ਯਿਸੂ ਦਾ ਰਿਹਾਈ-ਕੀਮਤ ਬਲੀਦਾਨ ਪਾਪ ਅਤੇ ਮੌਤ ਤੋਂ ਛੁਟਕਾਰਾ ਲਿਆਉਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ