ਪਰਮੇਸ਼ੁਰ ਦਾ ਬਚਨ ਸਦਾ ਲਈ ਕਾਇਮ ਰਹਿੰਦਾ ਹੈ
“ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:8.
1. (ੳ) ਇੱਥੇ ‘ਸਾਡੇ ਪਰਮੇਸ਼ੁਰ ਦੇ ਬਚਨ’ ਦਾ ਕੀ ਅਰਥ ਹੈ? (ਅ) ਪਰਮੇਸ਼ੁਰ ਦੇ ਬਚਨ ਦੀ ਤੁਲਨਾ ਵਿਚ ਮਨੁੱਖਾਂ ਦੇ ਵਾਅਦੇ ਕਿਸ ਤਰ੍ਹਾਂ ਦੇ ਹਨ?
ਪ੍ਰਸਿੱਧ ਆਦਮੀਆਂ ਅਤੇ ਔਰਤਾਂ ਦੇ ਵਾਅਦਿਆਂ ਵਿਚ ਆਪਣਾ ਭਰੋਸਾ ਰੱਖਣਾ ਮਨੁੱਖਾਂ ਦਾ ਝੁਕਾਅ ਹੈ। ਪਰੰਤੂ ਭਾਵੇਂ ਇਹ ਵਾਅਦੇ ਉਨ੍ਹਾਂ ਲੋਕਾਂ ਲਈ ਕਿੰਨੇ ਹੀ ਮਨਭਾਉਂਦੇ ਜਾਪਦੇ ਹੋਣ ਜੋ ਆਪਣੇ ਜੀਵਨ ਵਿਚ ਬਿਹਤਰੀ ਲਈ ਲੋਚਦੇ ਹਨ, ਸਾਡੇ ਪਰਮੇਸ਼ੁਰ ਦੇ ਬਚਨ ਦੀ ਤੁਲਨਾ ਵਿਚ ਇਹ ਵਾਅਦੇ ਮੁਰਝਾਏ ਹੋਏ ਫੁੱਲਾਂ ਵਾਂਗ ਹਨ। (ਜ਼ਬੂਰ 146:3, 4) 2,700 ਤੋਂ ਜ਼ਿਆਦਾ ਸਾਲ ਪਹਿਲਾਂ, ਯਹੋਵਾਹ ਪਰਮੇਸ਼ੁਰ ਨੇ ਯਸਾਯਾਹ ਨਬੀ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ। . . . ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।” (ਯਸਾਯਾਹ 40:6, 8) ਇਹ ਕਾਇਮ “ਬਚਨ” ਕੀ ਹੈ? ਇਹ ਪਰਮੇਸ਼ੁਰ ਦੇ ਮਕਸਦ ਦਾ ਕਥਨ ਹੈ। ਅੱਜ ਸਾਡੇ ਕੋਲ ਇਹ “ਬਚਨ” ਲਿਖਿਤ ਰੂਪ ਵਿਚ ਬਾਈਬਲ ਵਿਚ ਹੈ।—1 ਪਤਰਸ 1:24, 25.
2. ਯਹੋਵਾਹ ਨੇ ਕਿਸ ਤਰ੍ਹਾਂ ਦੇ ਰਵੱਈਏ ਅਤੇ ਕੰਮਾਂ ਦੇ ਕਾਰਨ ਪ੍ਰਾਚੀਨ ਇਸਰਾਏਲ ਅਤੇ ਯਹੂਦਾਹ ਦੇ ਸੰਬੰਧ ਵਿਚ ਆਪਣੇ ਬਚਨ ਨੂੰ ਪੂਰਾ ਕੀਤਾ?
2 ਪ੍ਰਾਚੀਨ ਇਸਰਾਏਲ ਦੇ ਦਿਨਾਂ ਵਿਚ ਰਹਿਣ ਵਾਲੇ ਲੋਕਾਂ ਨੇ ਯਸਾਯਾਹ ਵੱਲੋਂ ਦਰਜ ਕੀਤੀ ਗਈ ਗੱਲ ਦੀ ਸੱਚਾਈ ਦਾ ਅਨੁਭਵ ਕੀਤਾ। ਆਪਣੇ ਨਬੀਆਂ ਰਾਹੀਂ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਸ ਪ੍ਰਤੀ ਘੋਰ ਬੇਵਫ਼ਾਈ ਕਾਰਨ, ਪਹਿਲਾਂ ਇਸਰਾਏਲ ਦਾ ਦਸ-ਗੋਤ ਰਾਜ ਅਤੇ ਫਿਰ ਯਹੂਦਾਹ ਦਾ ਦੋ-ਗੋਤ ਰਾਜ ਦੋਵੇਂ ਗ਼ੁਲਾਮੀ ਵਿਚ ਲੈ ਜਾਏ ਜਾਣਗੇ। (ਯਿਰਮਿਯਾਹ 20:4; ਆਮੋਸ 5:2, 27) ਭਾਵੇਂ ਕਿ ਉਨ੍ਹਾਂ ਨੇ ਯਹੋਵਾਹ ਦੇ ਨਬੀਆਂ ਨੂੰ ਸਤਾਇਆ, ਅਤੇ ਜਾਨੋਂ ਵੀ ਮਾਰਿਆ, ਇਕ ਪੋਥੀ ਨੂੰ ਸਾੜ ਦਿੱਤਾ ਜਿਸ ਵਿਚ ਪਰਮੇਸ਼ੁਰ ਦਾ ਚੇਤਾਵਨੀ ਭਰਿਆ ਸੰਦੇਸ਼ ਸੀ, ਅਤੇ ਇਸ ਭਵਿੱਖਬਾਣੀ ਦੀ ਪੂਰਤੀ ਨੂੰ ਰੋਕਣ ਲਈ ਮਿਸਰ ਨੂੰ ਫ਼ੌਜੀ ਮਦਦ ਲਈ ਬੇਨਤੀ ਕੀਤੀ, ਯਹੋਵਾਹ ਦਾ ਬਚਨ ਅਸਫ਼ਲ ਨਹੀਂ ਹੋਇਆ। (ਯਿਰਮਿਯਾਹ 36:1, 2, 21-24; 37:5-10; ਲੂਕਾ 13:34) ਅੱਗੇ, ਇਕ ਪਸ਼ਚਾਤਾਪੀ ਯਹੂਦੀ ਬਕੀਏ ਨੂੰ ਉਨ੍ਹਾਂ ਦੀ ਧਰਤੀ ਤੇ ਮੁੜ-ਸਥਾਪਿਤ ਕਰਨ ਦੇ ਪਰਮੇਸ਼ੁਰ ਦੇ ਵਾਅਦੇ ਦੀ ਮਾਅਰਕੇ ਦੀ ਪੂਰਤੀ ਹੋਈ।—ਯਸਾਯਾਹ ਅਧਿਆਇ 35.
3. (ੳ) ਯਸਾਯਾਹ ਦੁਆਰਾ ਦਰਜ ਕੀਤੇ ਗਏ ਕਿਹੜੇ ਵਾਅਦੇ ਸਾਡੇ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ? (ਅ) ਤੁਹਾਨੂੰ ਕਿਉਂ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਗੱਲਾਂ ਸੱਚ-ਮੁੱਚ ਪੂਰੀਆਂ ਹੋਣਗੀਆਂ?
3 ਯਸਾਯਾਹ ਦੇ ਰਾਹੀਂ, ਯਹੋਵਾਹ ਨੇ ਮਨੁੱਖਜਾਤੀ ਉੱਤੇ ਮਸੀਹਾ ਦੇ ਜ਼ਰੀਏ ਧਰਮੀ ਹਕੂਮਤ, ਪਾਪ ਅਤੇ ਮੌਤ ਤੋਂ ਮੁਕਤੀ, ਅਤੇ ਧਰਤੀ ਨੂੰ ਪਰਾਦੀਸ ਵਿਚ ਬਦਲਣ ਬਾਰੇ ਵੀ ਪਹਿਲਾਂ ਹੀ ਦੱਸਿਆ ਸੀ। (ਯਸਾਯਾਹ 9:6, 7; 11:1-9; 25:6-8; 35:5-7; 65:17-25) ਕੀ ਇਹ ਗੱਲਾਂ ਵੀ ਪੂਰੀਆਂ ਹੋਣਗੀਆਂ? ਬਿਨਾਂ ਸ਼ੱਕ! “ਪਰਮੇਸ਼ੁਰ . . . ਝੂਠ ਬੋਲ ਨਹੀਂ ਸੱਕਦਾ।” ਉਸ ਨੇ ਆਪਣਾ ਭਵਿੱਖ-ਸੂਚਕ ਬਚਨ ਸਾਡੇ ਲਾਭ ਲਈ ਦਰਜ ਕਰਵਾਇਆ ਸੀ, ਅਤੇ ਉਸ ਨੇ ਇਹ ਯਕੀਨੀ ਬਣਾਇਆ ਹੈ ਕਿ ਇਹ ਸੁਰੱਖਿਅਤ ਰੱਖਿਆ ਗਿਆ ਹੈ।—ਤੀਤੁਸ 1:2; ਰੋਮੀਆਂ 15:4.
4. ਭਾਵੇਂ ਕਿ ਮੁਢਲੀਆਂ ਬਾਈਬਲੀ ਹੱਥ-ਲਿਖਤਾਂ ਸਾਂਭ ਕੇ ਨਹੀਂ ਰੱਖੀਆਂ ਗਈਆਂ, ਇਹ ਕਿਸ ਤਰ੍ਹਾਂ ਸੱਚ ਹੈ ਕਿ ਪਰਮੇਸ਼ੁਰ ਦਾ ਬਚਨ “ਜੀਉਂਦਾ” ਹੈ?
4 ਯਹੋਵਾਹ ਨੇ ਉਨ੍ਹਾਂ ਮੁਢਲੀਆਂ ਹੱਥ-ਲਿਖਤਾਂ ਨੂੰ ਸਾਂਭ ਕੇ ਨਹੀਂ ਰੱਖਿਆ ਜਿਨ੍ਹਾਂ ਵਿਚ ਉਸ ਦੇ ਪ੍ਰਾਚੀਨ ਲਿਖਾਰੀਆਂ ਨੇ ਇਹ ਭਵਿੱਖਬਾਣੀਆਂ ਲਿਖੀਆਂ ਸਨ। ਪਰੰਤੂ ਉਸ ਦਾ “ਬਚਨ,” ਉਸ ਦਾ ਘੋਸ਼ਿਤ ਮਕਸਦ, ਇਕ ਜੀਉਂਦਾ ਬਚਨ ਸਾਬਤ ਹੋਇਆ ਹੈ। ਇਹ ਮਕਸਦ ਬਿਨਾਂ ਰੁਕੇ ਅੱਗੇ ਵਧਦਾ ਹੈ, ਅਤੇ ਜਿਉਂ-ਜਿਉਂ ਇਹ ਅੱਗੇ ਵਧਦਾ ਹੈ, ਉਨ੍ਹਾਂ ਲੋਕਾਂ ਦੀਆਂ ਅੰਦਰੂਨੀ ਸੋਚਾਂ ਅਤੇ ਪ੍ਰੇਰਣਾਵਾਂ ਜ਼ਾਹਰ ਹੁੰਦੀਆਂ ਹਨ ਜਿਨ੍ਹਾਂ ਦੇ ਜੀਵਨ ਇਸ ਤੋਂ ਪ੍ਰਭਾਵਿਤ ਹੁੰਦੇ ਹਨ। (ਇਬਰਾਨੀਆਂ 4:12) ਇਸ ਤੋਂ ਇਲਾਵਾ, ਇਤਿਹਾਸਕ ਰਿਕਾਰਡ ਦਿਖਾਉਂਦਾ ਹੈ ਕਿ ਪ੍ਰੇਰਿਤ ਸ਼ਾਸਤਰ ਦੀ ਸੰਭਾਲ ਅਤੇ ਇਸ ਦਾ ਅਨੁਵਾਦ ਈਸ਼ਵਰੀ ਮਿਹਰ ਨਾਲ ਮੁਮਕਿਨ ਹੋਇਆ ਹੈ!
ਜਦੋਂ ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ
5. (ੳ) ਪ੍ਰੇਰਿਤ ਇਬਰਾਨੀ ਸ਼ਾਸਤਰ ਨੂੰ ਨਸ਼ਟ ਕਰਨ ਲਈ ਸੁਰਿਯਾ ਦੇ ਇਕ ਰਾਜੇ ਵੱਲੋਂ ਕਿਹੜੇ ਜਤਨ ਕੀਤੇ ਗਏ ਸਨ? (ਅ) ਉਹ ਕਿਉਂ ਅਸਫ਼ਲ ਹੋਇਆ?
5 ਬਹੁਤ ਵਾਰੀ, ਸ਼ਾਸਕਾਂ ਨੇ ਪ੍ਰੇਰਿਤ ਲਿਖਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। 168 ਸਾ.ਯੁ.ਪੂ. ਵਿਚ, ਸੁਰਿਯਾ ਦੇ ਰਾਜੇ ਐੱਨਟੀਓਕਸ ਇਪਿਫ਼ੇਨੀਜ਼ (ਸਫ਼ਾ 8 ਉੱਤੇ ਦਿਖਾਇਆ ਗਿਆ) ਨੇ ਉਸ ਹੈਕਲ ਵਿਚ ਜੋ ਯਹੋਵਾਹ ਨੂੰ ਸਮਰਪਿਤ ਸੀ, ਦਿਔਸ ਦੀ ਵੇਦੀ ਬਣਾਈ। ਉਸ ਨੇ ‘ਸ਼ਰਾ ਦੀਆਂ ਪੋਥੀਆਂ’ ਵੀ ਲੱਭੀਆਂ, ਉਨ੍ਹਾਂ ਨੂੰ ਸਾੜ ਸੁੱਟਿਆ, ਅਤੇ ਐਲਾਨ ਕੀਤਾ ਕਿ ਅਜਿਹੇ ਸ਼ਾਸਤਰ ਰੱਖਣ ਵਾਲਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਭਾਵੇਂ ਕਿ ਯਰੂਸ਼ਲਮ ਅਤੇ ਯਹੂਦਿਯਾ ਵਿਚ ਉਸ ਨੇ ਕਿੰਨੀਆਂ ਹੀ ਕਾਪੀਆਂ ਸਾੜੀਆਂ, ਉਹ ਸ਼ਾਸਤਰ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ। ਉਸ ਸਮੇਂ ਯਹੂਦੀ ਬਸਤੀਆਂ ਬਹੁਤ ਸਾਰੇ ਦੇਸ਼ਾਂ ਵਿਚ ਫੈਲੀਆਂ ਹੋਈਆਂ ਸਨ, ਅਤੇ ਹਰੇਕ ਯਹੂਦੀ ਸਭਾ-ਘਰ ਵਿਚ ਪੋਥੀਆਂ ਦਾ ਸੰਗ੍ਰਹਿ ਹੁੰਦਾ ਸੀ।—ਤੁਲਨਾ ਕਰੋ ਰਸੂਲਾਂ ਦੇ ਕਰਤੱਬ 13:14, 15.
6. (ੳ) ਮੁਢਲੇ ਮਸੀਹੀਆਂ ਦੁਆਰਾ ਵਰਤੇ ਗਏ ਸ਼ਾਸਤਰ ਨੂੰ ਨਸ਼ਟ ਕਰਨ ਲਈ ਕਿਹੜਾ ਜ਼ੋਰਦਾਰ ਜਤਨ ਕੀਤਾ ਗਿਆ ਸੀ? (ਅ) ਨਤੀਜਾ ਕੀ ਨਿਕਲਿਆ ਸੀ?
6 ਸੰਨ 303 ਸਾ.ਯੁ. ਵਿਚ, ਰੋਮੀ ਸਮਰਾਟ ਡਾਇਓਕਲੀਸ਼ਨ ਨੇ ਇਸੇ ਤਰ੍ਹਾਂ ਐਲਾਨ ਕੀਤਾ ਕਿ ਮਸੀਹੀਆਂ ਦੇ ਸਭਾ-ਸਥਾਨਾਂ ਨੂੰ ਢਾਹ ਦਿੱਤਾ ਜਾਵੇ ਅਤੇ ਉਨ੍ਹਾਂ ਦੇ ‘ਸ਼ਾਸਤਰ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।’ ਅਜਿਹਾ ਵਿਨਾਸ਼ ਇਕ ਦਹਾਕੇ ਤਕ ਜਾਰੀ ਰਿਹਾ। ਭਾਵੇਂ ਕਿ ਸਤਾਹਟ ਭਿਆਨਕ ਸੀ, ਡਾਇਓਕਲੀਸ਼ਨ ਮਸੀਹੀਅਤ ਨੂੰ ਕੁਚਲਣ ਵਿਚ ਸਫ਼ਲ ਨਹੀਂ ਹੋਇਆ, ਅਤੇ ਨਾ ਹੀ ਪਰਮੇਸ਼ੁਰ ਨੇ ਸਮਰਾਟ ਦੇ ਕਾਰਿੰਦਿਆਂ ਦੁਆਰਾ ਆਪਣੇ ਪ੍ਰੇਰਿਤ ਬਚਨ ਦੇ ਕਿਸੇ ਵੀ ਭਾਗ ਦੀਆਂ ਸਾਰੀਆਂ ਕਾਪੀਆਂ ਨਾਸ਼ ਹੋਣ ਦਿੱਤੀਆਂ। ਪਰੰਤੂ ਪਰਮੇਸ਼ੁਰ ਦੇ ਬਚਨ ਦੀ ਵੰਡਾਈ ਅਤੇ ਉਸ ਦੇ ਪ੍ਰਚਾਰ ਪ੍ਰਤੀ ਇਨ੍ਹਾਂ ਵਿਰੋਧੀਆਂ ਦੀ ਪ੍ਰਤਿਕ੍ਰਿਆ ਨੇ ਉਹ ਜ਼ਾਹਰ ਕੀਤਾ ਜੋ ਉਨ੍ਹਾਂ ਦੇ ਦਿਲਾਂ ਵਿਚ ਸੀ। ਉਨ੍ਹਾਂ ਨੇ ਆਪਣੀ ਪਛਾਣ ਸ਼ਤਾਨ ਦੁਆਰਾ ਅੰਨ੍ਹੇ ਕੀਤੇ ਗਏ ਆਦਮੀਆਂ ਵਜੋਂ ਕਰਵਾਈ ਜੋ ਉਸ ਦੀ ਇੱਛਾ ਪੂਰੀ ਕਰ ਰਹੇ ਸਨ।—ਯੂਹੰਨਾ 8:44; 1 ਯੂਹੰਨਾ 3:10-12.
7. (ੳ) ਪੱਛਮੀ ਯੂਰਪ ਵਿਚ ਬਾਈਬਲ ਦੇ ਗਿਆਨ ਦਾ ਫੈਲਾਉ ਰੋਕਣ ਲਈ ਕਿਹੜੇ ਜਤਨ ਕੀਤੇ ਗਏ ਸਨ? (ਅ) ਬਾਈਬਲ ਦਾ ਅਨੁਵਾਦ ਕਰਨ ਅਤੇ ਪ੍ਰਕਾਸ਼ਿਤ ਕਰਨ ਦੇ ਸੰਬੰਧ ਵਿਚ ਕੀ ਸੰਪੰਨ ਕੀਤਾ ਗਿਆ ਸੀ?
7 ਬਾਈਬਲ ਦੇ ਗਿਆਨ ਦਾ ਫੈਲਾਉ ਰੋਕਣ ਲਈ ਦੂਸਰੇ ਤਰੀਕਿਆਂ ਨਾਲ ਵੀ ਜਤਨ ਕੀਤੇ ਗਏ। ਜਦੋਂ ਲਾਤੀਨੀ ਭਾਸ਼ਾ ਅਪ੍ਰਚਲਿਤ ਹੋ ਗਈ, ਤਾਂ ਗ਼ੈਰ-ਈਸਾਈ ਸ਼ਾਸਕਾਂ ਦੀ ਬਜਾਇ ਅਖਾਉਤੀ ਈਸਾਈਆਂ—ਪੋਪ ਗ੍ਰੈਗਰੀ VII (1073-85) ਅਤੇ ਪੋਪ ਇਨੋਸੈਂਟ III (1198-1216)—ਨੇ ਆਮ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਦਾ ਸਰਗਰਮੀ ਨਾਲ ਵਿਰੋਧ ਕੀਤਾ। ਗਿਰਜੇ ਦੇ ਅਧਿਕਾਰ ਵਿਰੁੱਧ ਧਰਮ-ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ ਵਿਚ, ਟੁਲੂਜ਼, ਫਰਾਂਸ, ਦੀ ਰੋਮਨ ਕੈਥੋਲਿਕ ਕੌਂਸਲ ਨੇ 1229 ਵਿਚ ਹੁਕਮ ਦਿੱਤਾ ਕਿ ਕਿਸੇ ਵੀ ਸਾਧਾਰਣ ਆਦਮੀ ਕੋਲ ਆਮ ਭਾਸ਼ਾ ਵਿਚ ਬਾਈਬਲ ਦੀਆਂ ਪੋਥੀਆਂ ਨਹੀਂ ਹੋਣੀਆਂ ਚਾਹੀਦੀਆਂ। ਹੁਕਮ ਨੂੰ ਲਾਗੂ ਕਰਨ ਲਈ ਧਰਮ-ਅਧਿਕਰਣ ਦਾ ਸਖ਼ਤੀ ਨਾਲ ਪ੍ਰਯੋਗ ਕੀਤਾ ਗਿਆ। ਫਿਰ ਵੀ, ਧਰਮ-ਅਧਿਕਰਣ ਤੋਂ 400 ਸਾਲ ਬਾਅਦ, ਪਰਮੇਸ਼ੁਰ ਦੇ ਬਚਨ ਦੇ ਪ੍ਰੇਮੀ ਕੁਝ 20 ਭਾਸ਼ਾਵਾਂ ਵਿਚ ਅਤੇ ਹੋਰ ਉਪ-ਭਾਸ਼ਾਵਾਂ ਵਿਚ ਪੂਰੀ ਬਾਈਬਲ ਦਾ, ਅਤੇ ਹੋਰ ਦੂਸਰੀਆਂ 16 ਭਾਸ਼ਾਵਾਂ ਵਿਚ ਇਸ ਦੇ ਵੱਡੇ ਭਾਗ ਦਾ ਅਨੁਵਾਦ ਕਰ ਚੁੱਕੇ ਸਨ, ਅਤੇ ਇਸ ਦੇ ਛਪੇ ਸੰਸਕਰਣ ਵੰਡ ਰਹੇ ਸਨ।
8. ਰੂਸ ਵਿਚ ਬਾਈਬਲ ਦਾ ਅਨੁਵਾਦ ਕਰਨ ਅਤੇ ਇਸ ਨੂੰ ਵੰਡਣ ਦੇ ਖੇਤਰ ਵਿਚ 19ਵੀਂ ਸਦੀ ਦੌਰਾਨ ਕੀ ਹੋ ਰਿਹਾ ਸੀ?
8 ਸਿਰਫ਼ ਰੋਮਨ ਕੈਥੋਲਿਕ ਚਰਚ ਹੀ ਨਹੀਂ ਸੀ ਜਿਸ ਨੇ ਆਮ ਲੋਕਾਂ ਤੋਂ ਬਾਈਬਲ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। 19ਵੀਂ ਸਦੀ ਦੇ ਮੁਢਲੇ ਭਾਗ ਵਿਚ, ਸੇਂਟ ਪੀਟਰਸਬਰਗ ਅਕੈਡਮੀ ਆਫ਼ ਡਿਵਿਨਿਟੀ ਦੇ ਇਕ ਪ੍ਰੋਫ਼ੈਸਰ, ਪਾਵਸਕੀ ਨੇ ਮੱਤੀ ਦੀ ਇੰਜੀਲ ਦਾ ਯੂਨਾਨੀ ਤੋਂ ਰੂਸੀ ਭਾਸ਼ਾ ਵਿਚ ਅਨੁਵਾਦ ਕੀਤਾ। ਮਸੀਹੀ ਯੂਨਾਨੀ ਸ਼ਾਸਤਰ ਦੀਆਂ ਦੂਸਰੀਆਂ ਪੋਥੀਆਂ ਦਾ ਵੀ ਰੂਸੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ, ਅਤੇ ਪਾਵਸਕੀ ਨੇ ਸੰਪਾਦਕ ਵਜੋਂ ਕੰਮ ਕੀਤਾ। ਇਹ ਵਿਆਪਕ ਰੂਪ ਵਿਚ ਵੰਡੀਆਂ ਗਈਆਂ ਸਨ, ਪਰੰਤੂ ਆਖ਼ਰਕਾਰ 1826 ਵਿਚ, ਪਾਦਰੀਆਂ ਦੀ ਸਾਜ਼ਸ਼ ਦੁਆਰਾ ਜ਼ਾਰ ਨੂੰ ਰੂਸੀ ਬਾਈਬਲ ਸੋਸਾਇਟੀ ਨੂੰ ਰੂਸੀ ਆਰਥੋਡਾਕਸ ਚਰਚ ਦੀ “ਪਵਿੱਤਰ ਧਰਮ-ਪਰਿਸ਼ਦ” ਦੇ ਪ੍ਰਬੰਧ ਅਧੀਨ ਕਰਨ ਲਈ ਮਨਾਇਆ ਗਿਆ, ਅਤੇ ਤਦ ਰੂਸੀ ਆਰਥੋਡਾਕਸ ਚਰਚ ਨੇ ਇਸ ਬਾਈਬਲ ਸੋਸਾਇਟੀ ਦੀਆਂ ਕਾਰਵਾਈਆਂ ਨੂੰ ਸਫ਼ਲਤਾਪੂਰਵਕ ਦਬਾ ਦਿੱਤਾ। ਬਾਅਦ ਵਿਚ, ਪਾਵਸਕੀ ਨੇ ਇਬਰਾਨੀ ਸ਼ਾਸਤਰ ਦਾ ਇਬਰਾਨੀ ਤੋਂ ਰੂਸੀ ਭਾਸ਼ਾ ਵਿਚ ਅਨੁਵਾਦ ਕੀਤਾ। ਇਸੇ ਵੇਲੇ, ਆਰਥੋਡਾਕਸ ਚਰਚ ਦੇ ਇਕ ਉੱਚ-ਅਧਿਕਾਰੀ ਮਕਾਰੀਓਸ ਨੇ ਵੀ ਇਬਰਾਨੀ ਸ਼ਾਸਤਰ ਦਾ ਇਬਰਾਨੀ ਤੋਂ ਰੂਸੀ ਭਾਸ਼ਾ ਵਿਚ ਅਨੁਵਾਦ ਕੀਤਾ। ਦੋਵਾਂ ਨੂੰ ਉਨ੍ਹਾਂ ਦੇ ਜਤਨਾਂ ਲਈ ਸਜ਼ਾ ਦਿੱਤੀ ਗਈ, ਅਤੇ ਉਨ੍ਹਾਂ ਦੇ ਅਨੁਵਾਦ ਚਰਚ ਦੇ ਪੁਰਾਲੇਖ ਭਵਨ ਵਿਚ ਰੱਖ ਦਿੱਤੇ ਗਏ ਸਨ। ਗਿਰਜਾ ਬਾਈਬਲ ਨੂੰ ਪੁਰਾਣੀ ਸਲਾਵਾਨੀ ਭਾਸ਼ਾ ਵਿਚ ਹੀ ਰੱਖਣ ਲਈ ਦ੍ਰਿੜ੍ਹ ਸੀ, ਜੋ ਉਸ ਵੇਲੇ ਆਮ ਲੋਕਾਂ ਦੁਆਰਾ ਨਾ ਪੜ੍ਹੀ ਜਾਂਦੀ ਸੀ ਅਤੇ ਨਾ ਹੀ ਸਮਝੀ ਜਾਂਦੀ ਸੀ। ਜਦੋਂ ਬਾਈਬਲ ਦਾ ਗਿਆਨ ਪ੍ਰਾਪਤ ਕਰਨ ਲਈ ਲੋਕਾਂ ਦੇ ਜਤਨ ਦਬਾਏ ਨਾ ਜਾ ਸਕੇ, ਤਾਂ “ਪਵਿੱਤਰ ਧਰਮ-ਪਰਿਸ਼ਦ” ਨੇ 1856 ਵਿਚ ਪਰਿਸ਼ਦ ਵੱਲੋਂ ਪ੍ਰਵਾਨਿਤ ਅਨੁਵਾਦ ਦਾ ਕੰਮ ਸ਼ੁਰੂ ਕੀਤਾ, ਪਰੰਤੂ ਅਜਿਹੇ ਮਾਰਗ-ਦਰਸ਼ਨਾਂ ਅਨੁਸਾਰ ਜੋ ਉਸ ਵਿਚ ਵਰਤੀਆਂ ਗਈਆਂ ਅਭਿਵਿਅਕਤੀਆਂ ਨੂੰ ਗਿਰਜੇ ਦੇ ਵਿਚਾਰਾਂ ਦੇ ਸਮਰੂਪ ਕਰਨ ਲਈ ਘੜੇ ਗਏ ਸਨ। ਇਸ ਤਰ੍ਹਾਂ, ਪਰਮੇਸ਼ੁਰ ਦੇ ਬਚਨ ਦੇ ਪ੍ਰਚਾਰ ਦੇ ਸੰਬੰਧ ਵਿਚ, ਧਾਰਮਿਕ ਆਗੂਆਂ ਦੀ ਬਾਹਰੀ ਦਿੱਖ ਅਤੇ ਉਨ੍ਹਾਂ ਦੇ ਅਸਲੀ ਮਨੋਰਥ, ਜਿਵੇਂ ਕਿ ਉਨ੍ਹਾਂ ਦੇ ਸ਼ਬਦਾਂ ਅਤੇ ਕੰਮਾਂ ਤੋਂ ਪ੍ਰਗਟ ਸਨ, ਵਿਚਕਾਰ ਫ਼ਰਕ ਜ਼ਾਹਰ ਹੋ ਰਿਹਾ ਸੀ।—2 ਥੱਸਲੁਨੀਕੀਆਂ 2:3, 4.
ਅਸ਼ੁੱਧੀ ਤੋਂ ਬਚਨ ਦੀ ਰੱਖਿਆ
9. ਕੁਝ ਬਾਈਬਲ ਅਨੁਵਾਦਕਾਂ ਨੇ ਕਿਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਲਈ ਆਪਣਾ ਪ੍ਰੇਮ ਪ੍ਰਦਰਸ਼ਿਤ ਕੀਤਾ?
9 ਜਿਨ੍ਹਾਂ ਨੇ ਸ਼ਾਸਤਰ ਦਾ ਅਨੁਵਾਦ ਕੀਤਾ ਅਤੇ ਇਸ ਦੀ ਨਕਲ ਕੀਤੀ, ਉਨ੍ਹਾਂ ਵਿਚ ਉਹ ਆਦਮੀ ਸਨ ਜੋ ਸੱਚ-ਮੁੱਚ ਪਰਮੇਸ਼ੁਰ ਦੇ ਬਚਨ ਨੂੰ ਪ੍ਰੇਮ ਕਰਦੇ ਸਨ ਅਤੇ ਜਿਨ੍ਹਾਂ ਨੇ ਸ਼ਾਸਤਰ ਨੂੰ ਹਰ ਇਕ ਲਈ ਉਪਲਬਧ ਕਰਾਉਣ ਲਈ ਗੰਭੀਰ ਜਤਨ ਕੀਤੇ। ਬਾਈਬਲ ਨੂੰ ਅੰਗ੍ਰੇਜ਼ੀ ਵਿਚ ਉਪਲਬਧ ਕਰਾਉਣ ਲਈ ਵਿਲਿਅਮ ਟਿੰਡੇਲ ਨੇ ਜੋ ਜਤਨ ਕੀਤੇ, ਉਸ ਲਈ ਉਸ ਨੂੰ (1536 ਵਿਚ) ਸ਼ਹੀਦ ਕੀਤਾ ਗਿਆ। ਸਪੇਨੀ ਭਾਸ਼ਾ ਵਿਚ ਮਸੀਹੀ ਯੂਨਾਨੀ ਸ਼ਾਸਤਰ ਦਾ ਅਨੁਵਾਦ ਕਰਨ ਅਤੇ ਇਸ ਨੂੰ ਪ੍ਰਕਾਸ਼ਿਤ ਕਰਨ ਦੇ ਕਾਰਨ ਫ਼ਰਾਂਥਿਸਕੋ ਡੀ ਐਨਥੀਨਾਸ ਨੂੰ (1544 ਤੋਂ ਬਾਅਦ) ਕੈਥੋਲਿਕ ਧਰਮ-ਅਧਿਕਰਣ ਦੁਆਰਾ ਕੈਦ ਕੀਤਾ ਗਿਆ। ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ, ਰੌਬਰਟ ਮੌਰਿਸਨ ਨੇ (1807 ਤੋਂ 1818 ਤਕ) ਚੀਨੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕੀਤਾ।
10. ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਕੁਝ ਅਨੁਵਾਦਕ ਪਰਮੇਸ਼ੁਰ ਦੇ ਬਚਨ ਪ੍ਰਤੀ ਪ੍ਰੇਮ ਦੀ ਬਜਾਇ ਦੂਸਰੇ ਪ੍ਰਭਾਵਾਂ ਤੋਂ ਪ੍ਰੇਰਿਤ ਹੋਏ ਸਨ?
10 ਪਰੰਤੂ ਕਦੇ-ਕਦੇ, ਪਰਮੇਸ਼ੁਰ ਦੇ ਬਚਨ ਪ੍ਰਤੀ ਪ੍ਰੇਮ ਦੀ ਬਜਾਇ ਦੂਸਰੀਆਂ ਚੀਜ਼ਾਂ ਨੇ ਨਕਲਕਾਰਾਂ ਅਤੇ ਅਨੁਵਾਦਕਾਂ ਦੇ ਕੰਮ ਨੂੰ ਪ੍ਰਭਾਵਿਤ ਕੀਤਾ। ਚਾਰ ਉਦਾਹਰਣਾਂ ਉੱਤੇ ਵਿਚਾਰ ਕਰੋ: (1) ਸਾਮਰੀਆਂ ਨੇ ਯਰੂਸ਼ਲਮ ਦੀ ਹੈਕਲ ਦੇ ਵਿਰੋਧ ਵਿਚ ਗਰਿੱਜ਼ੀਮ ਪਹਾੜ ਉੱਤੇ ਮੰਦਰ ਬਣਾਇਆ ਸੀ। ਇਸ ਦੇ ਸਮਰਥਨ ਵਿਚ, ਸਾਮਰੀ ਪੈਂਟਾਟਯੂਕ ਵਿਚ ਕੂਚ 20:17 ਵਿਚ ਵਾਧਾ ਕੀਤਾ ਗਿਆ। ਗਰਿੱਜ਼ੀਮ ਪਹਾੜ ਉੱਤੇ ਪੱਥਰ ਦੀ ਵੇਦੀ ਬਣਾਉਣ ਅਤੇ ਉੱਥੇ ਬਲੀਆਂ ਚੜ੍ਹਾਉਣ ਦੇ ਆਦੇਸ਼ ਨੂੰ ਦਸ-ਆਦੇਸ਼ਾਂ ਦੇ ਭਾਗ ਵਜੋਂ ਸ਼ਾਮਲ ਕੀਤਾ ਗਿਆ। (2) ਯੂਨਾਨੀ ਸੈਪਟੁਜਿੰਟ ਲਈ ਦਾਨੀਏਲ ਦੀ ਪੋਥੀ ਦਾ ਪਹਿਲੀ ਵਾਰ ਅਨੁਵਾਦ ਕਰਨ ਵਾਲੇ ਵਿਅਕਤੀ ਨੇ ਆਪਣੇ ਅਨੁਵਾਦ ਵਿਚ ਨਾਜਾਇਜ਼ ਖੁੱਲ੍ਹ ਲਈ। ਉਸ ਨੇ ਅਜਿਹੇ ਕਥਨ ਸ਼ਾਮਲ ਕੀਤੇ ਜੋ ਉਸ ਦੇ ਵਿਚਾਰ ਵਿਚ ਇਬਰਾਨੀ ਮੂਲ-ਪਾਠ ਦੀਆਂ ਗੱਲਾਂ ਨੂੰ ਸਪੱਸ਼ਟ ਕਰਨਗੇ ਜਾਂ ਸੁਧਾਰਨਗੇ। ਉਸ ਨੇ ਉਹ ਵੇਰਵੇ ਛੱਡੇ ਜੋ ਉਸ ਦੇ ਖ਼ਿਆਲ ਵਿਚ ਪਾਠਕਾਂ ਨੂੰ ਅਸਵੀਕਾਰਯੋਗ ਹੋਣਗੇ। ਜਦੋਂ ਉਸ ਨੇ ਮਸੀਹਾ ਦੇ ਪ੍ਰਗਟ ਹੋਣ ਦੇ ਸਮੇਂ ਸੰਬੰਧੀ ਭਵਿੱਖਬਾਣੀ ਦਾ ਅਨੁਵਾਦ ਕੀਤਾ, ਜੋ ਦਾਨੀਏਲ 9:24-27 ਵਿਚ ਹੈ, ਤਾਂ ਉਸ ਨੇ ਦੱਸੇ ਗਏ ਸਮੇਂ ਨੂੰ ਝੁਠਲਾਇਆ ਅਤੇ ਸ਼ਬਦਾਂ ਵਿਚ ਵਾਧਾ ਕੀਤਾ, ਉਨ੍ਹਾਂ ਨੂੰ ਬਦਲਿਆ, ਅਤੇ ਉਨ੍ਹਾਂ ਦਾ ਕ੍ਰਮ-ਪਰਿਵਰਤਨ ਕੀਤਾ। ਪ੍ਰਤੱਖ ਤੌਰ ਤੇ ਇਸ ਮਨੋਰਥ ਨਾਲ ਅਜਿਹਾ ਕੀਤਾ ਸੀ ਕਿ ਭਵਿੱਖਬਾਣੀ ਮੈਕਾਬੀਆਂ ਦੇ ਸੰਘਰਸ਼ ਦਾ ਸਮਰਥਨ ਕਰਦੀ ਹੋਈ ਜਾਪੇ। (3) ਚੌਥੀ ਸਦੀ ਸਾ.ਯੁ. ਵਿਚ, ਲਾਤੀਨੀ ਖੋਜ-ਗ੍ਰੰਥ ਵਿਚ, ਪ੍ਰਤੱਖ ਤੌਰ ਤੇ ਤ੍ਰਿਏਕਵਾਦ ਦੇ ਇਕ ਅਤਿ-ਉਤਸ਼ਾਹੀ ਸਮਰਥਕ ਨੇ “ਸਵਰਗ ਵਿਚ, ਪਿਤਾ, ਸ਼ਬਦ, ਅਤੇ ਪਵਿੱਤਰ ਆਤਮਾ; ਅਤੇ ਇਹ ਤਿੰਨੇ ਇਕ ਹਨ” ਦੇ ਸ਼ਬਦਾਂ ਨੂੰ ਅਜਿਹੇ ਢੰਗ ਨਾਲ ਸ਼ਾਮਲ ਕੀਤਾ ਜਿਵੇਂ ਕਿ ਇਹ 1 ਯੂਹੰਨਾ 5:7 ਦੇ ਉਤਕਥਨ ਵਿਚ ਹੁੰਦੇ। ਬਾਅਦ ਵਿਚ ਇਹ ਸ਼ਬਦ ਲਾਤੀਨੀ ਬਾਈਬਲ ਦੀ ਇਕ ਹੱਥ-ਲਿਖਤ ਵਿਚ ਸ਼ਾਮਲ ਕੀਤੇ ਗਏ ਸਨ। (4) ਫਰਾਂਸ ਵਿਚ, ਲੂਈ XIII (1610-43) ਨੇ ਪ੍ਰੋਟੈਸਟੈਂਟਾਂ ਦੇ ਜਤਨਾਂ ਨੂੰ ਰੋਕਣ ਲਈ ਜ਼ਾਕ ਕੌਰਬਨ ਨੂੰ ਫਰਾਂਸੀਸੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਦਾ ਅਧਿਕਾਰ ਦਿੱਤਾ। ਉਸ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ, ਕੌਰਬਨ ਨੇ ਮੂਲ-ਪਾਠ ਵਿਚ ਕੁਝ ਵਾਧਾ ਕੀਤਾ, ਜਿਵੇਂ ਕਿ ਰਸੂਲਾਂ ਦੇ ਕਰਤੱਬ 13:2 ਵਿਚ “ਯੂਖਾਰਿਸਤ ਦੇ ਪਵਿੱਤਰ ਚੜ੍ਹਾਵੇ” ਦਾ ਹਵਾਲਾ ਸ਼ਾਮਲ ਕੀਤਾ।
11. (ੳ) ਕੁਝ ਅਨੁਵਾਦਕਾਂ ਦੀ ਬੇਈਮਾਨੀ ਦੇ ਬਾਵਜੂਦ ਪਰਮੇਸ਼ੁਰ ਦਾ ਬਚਨ ਕਿਵੇਂ ਕਾਇਮ ਰਿਹਾ? (ਅ) ਮੂਲ ਰੂਪ ਵਿਚ ਬਾਈਬਲ ਵਿਚ ਜੋ ਲਿਖਿਆ ਗਿਆ ਸੀ ਉਸ ਨੂੰ ਸਾਬਤ ਕਰਨ ਲਈ ਕਿੰਨੀਆਂ ਪ੍ਰਾਚੀਨ ਹੱਥ-ਲਿਖਤਾਂ ਸਬੂਤ ਵਜੋਂ ਮੌਜੂਦ ਹਨ? (ਡੱਬੀ ਦੇਖੋ।)
11 ਯਹੋਵਾਹ ਨੇ ਆਪਣੇ ਬਚਨ ਵਿਚ ਅਜਿਹੇ ਵਿਗਾੜ ਨੂੰ ਨਹੀਂ ਰੋਕਿਆ, ਨਾ ਹੀ ਇਸ ਨੇ ਉਸ ਦੇ ਮਕਸਦ ਨੂੰ ਬਦਲਿਆ। ਇਸ ਦਾ ਕੀ ਪ੍ਰਭਾਵ ਪਿਆ? ਗਰਿੱਜ਼ੀਮ ਪਹਾੜ ਬਾਰੇ ਹਵਾਲਾ ਜੋੜਨ ਨਾਲ ਸਾਮਰੀ ਧਰਮ ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਪਰਮੇਸ਼ੁਰ ਦਾ ਸਾਧਨ ਨਹੀਂ ਬਣਿਆ। ਇਸ ਦੀ ਬਜਾਇ, ਇਸ ਨੇ ਸਾਬਤ ਕੀਤਾ ਕਿ, ਭਾਵੇਂ ਕਿ ਸਾਮਰੀ ਧਰਮ ਪੈਂਟਾਟਯੂਕ ਵਿਚ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਸੀ, ਸੱਚਾਈ ਸਿਖਾਉਣ ਲਈ ਇਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। (ਯੂਹੰਨਾ 4:20-24) ਸੈਪਟੁਜਿੰਟ ਵਿਚ ਸ਼ਬਦਾਂ ਦੇ ਹੇਰ-ਫੇਰ ਨੇ ਮਸੀਹਾ ਨੂੰ ਉਸ ਸਮੇਂ ਤੇ ਆਉਣ ਤੋਂ ਨਹੀਂ ਰੋਕਿਆ ਜੋ ਦਾਨੀਏਲ ਰਾਹੀਂ ਪਹਿਲਾਂ ਹੀ ਦੱਸਿਆ ਗਿਆ ਸੀ। ਇਸ ਤੋਂ ਇਲਾਵਾ, ਭਾਵੇਂ ਕਿ ਸੈਪਟੁਜਿੰਟ ਪਹਿਲੀ ਸਦੀ ਵਿਚ ਵਰਤਿਆ ਜਾਂਦਾ ਸੀ, ਯਹੂਦੀ ਆਪਣੇ ਸਭਾ-ਘਰਾਂ ਵਿਚ ਸ਼ਾਸਤਰ ਦਾ ਇਬਰਾਨੀ ਭਾਸ਼ਾ ਵਿਚ ਪਠਨ ਸੁਣਨ ਦੇ ਆਦੀ ਸਨ। ਨਤੀਜੇ ਵਜੋਂ, “ਲੋਕ ਉਡੀਕਦੇ ਸਨ” ਜਦੋਂ ਭਵਿੱਖਬਾਣੀ ਦੇ ਪੂਰਾ ਹੋਣ ਦਾ ਸਮਾਂ ਨੇੜੇ ਆਇਆ। (ਲੂਕਾ 3:15) ਤ੍ਰਿਏਕ ਦਾ ਸਮਰਥਨ ਕਰਨ ਲਈ 1 ਯੂਹੰਨਾ 5:7 ਵਿਚ ਅਤੇ ਯੂਖਾਰਿਸਤ ਨੂੰ ਠੀਕ ਸਾਬਤ ਕਰਨ ਲਈ ਰਸੂਲਾਂ ਦੇ ਕਰਤੱਬ 13:2 ਵਿਚ ਕੀਤੇ ਗਏ ਵਾਧੇ ਦੇ ਬਾਵਜੂਦ, ਇਹ ਸੱਚਾਈ ਨੂੰ ਬਦਲ ਨਹੀਂ ਸਕੇ। ਅਤੇ ਆਖ਼ਰਕਾਰ ਚਾਲਬਾਜ਼ੀਆਂ ਦਾ ਪੂਰੀ ਤਰ੍ਹਾਂ ਪਰਦਾ ਫ਼ਾਸ਼ ਹੋ ਗਿਆ। ਬਾਈਬਲ ਦੀਆਂ ਮੂਲ-ਭਾਸ਼ਾ ਹੱਥ-ਲਿਖਤਾਂ ਦਾ ਵੱਡਾ ਸੰਗ੍ਰਹਿ ਕਿਸੇ ਵੀ ਅਨੁਵਾਦ ਦੀ ਪ੍ਰਮਾਣਕਤਾ ਨੂੰ ਪਰਖਣ ਦਾ ਇਕ ਸਾਧਨ ਹੈ।
12. (ੳ) ਕੁਝ ਬਾਈਬਲ ਅਨੁਵਾਦਕਾਂ ਦੁਆਰਾ ਕਿਹੜੀਆਂ ਕੁਝ ਗੰਭੀਰ ਤਬਦੀਲੀਆਂ ਕੀਤੀਆਂ ਗਈਆਂ ਸਨ? (ਅ) ਇਹ ਤਬਦੀਲੀਆਂ ਕਿਸ ਹੱਦ ਤਕ ਕੀਤੀਆਂ ਗਈਆਂ ਸਨ?
12 ਸ਼ਾਸਤਰ ਨੂੰ ਬਦਲਣ ਦੇ ਦੂਸਰੇ ਜਤਨਾਂ ਵਿਚ ਕੁਝ ਆਇਤਾਂ ਨੂੰ ਬਦਲਣ ਤੋਂ ਜ਼ਿਆਦਾ ਸ਼ਾਮਲ ਸੀ। ਇਨ੍ਹਾਂ ਨੇ ਸੱਚੇ ਪਰਮੇਸ਼ੁਰ ਦੀ ਪਛਾਣ ਉੱਤੇ ਇਕ ਹਮਲਾ ਕੀਤਾ। ਤਬਦੀਲੀਆਂ ਦੀ ਕਿਸਮ ਅਤੇ ਹੱਦ ਨੇ ਹੀ ਕਿਸੇ ਵਿਅਕਤੀ ਜਾਂ ਮਨੁੱਖੀ ਸੰਗਠਨ ਨਾਲੋਂ ਤਾਕਤਵਰ ਸੋਮੇ ਦੇ ਪ੍ਰਭਾਵ ਦਾ ਪ੍ਰਤੱਖ ਪ੍ਰਮਾਣ ਦਿੱਤਾ—ਹਾਂ, ਯਹੋਵਾਹ ਦੇ ਮੁੱਖ ਵੈਰੀ, ਸ਼ਤਾਨ ਅਰਥਾਤ ਇਬਲੀਸ ਦਾ ਪ੍ਰਭਾਵ। ਉਸ ਪ੍ਰਭਾਵ ਦੇ ਅਧੀਨ, ਅਨੁਵਾਦਕਾਂ ਅਤੇ ਨਕਲਕਾਰਾਂ ਨੇ—ਕੁਝ ਨੇ ਖ਼ੁਸ਼ੀ ਨਾਲ, ਦੂਸਰਿਆਂ ਨੇ ਝਿਜਕਦੇ ਹੋਏ—ਪਰਮੇਸ਼ੁਰ ਦੇ ਨਿੱਜੀ ਨਾਂ, ਯਹੋਵਾਹ, ਨੂੰ ਉਸ ਦੇ ਪ੍ਰੇਰਿਤ ਬਚਨ ਵਿੱਚੋਂ ਹਟਾਉਣਾ ਸ਼ੁਰੂ ਕਰ ਦਿੱਤਾ ਜਿਸ ਵਿਚ ਇਹ ਹਜ਼ਾਰਾਂ ਥਾਵਾਂ ਤੇ ਪਾਇਆ ਜਾਂਦਾ ਹੈ। ਮੁਢਲੇ ਸਮਿਆਂ ਵਿਚ, ਇਬਰਾਨੀ ਤੋਂ ਯੂਨਾਨੀ, ਲਾਤੀਨੀ, ਜਰਮਨ, ਅੰਗ੍ਰੇਜ਼ੀ, ਇਤਾਲਵੀ, ਅਤੇ ਡੱਚ, ਅਤੇ ਦੂਸਰੀਆਂ ਭਾਸ਼ਾਵਾਂ ਵਿਚ, ਕੁਝ ਅਨੁਵਾਦਾਂ ਨੇ ਈਸ਼ਵਰੀ ਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਂ ਕੁਝ ਥਾਵਾਂ ਤੇ ਹੀ ਛੱਡਿਆ। ਇਹ ਮਸੀਹੀ ਯੂਨਾਨੀ ਸ਼ਾਸਤਰ ਦੀਆਂ ਕਾਪੀਆਂ ਵਿੱਚੋਂ ਵੀ ਮਿਟਾਇਆ ਗਿਆ ਸੀ।
13. ਬਾਈਬਲ ਨੂੰ ਬਦਲਣ ਦੇ ਵਿਆਪਕ ਜਤਨ ਦੇ ਬਾਵਜੂਦ ਵੀ ਮਨੁੱਖੀ ਯਾਦਾਸ਼ਤ ਵਿੱਚੋਂ ਪਰਮੇਸ਼ੁਰ ਦਾ ਨਾਂ ਕਿਉਂ ਨਹੀਂ ਮਿਟਿਆ?
13 ਫਿਰ ਵੀ, ਇਹ ਮਹਿਮਾਯੁਕਤ ਨਾਂ ਮਨੁੱਖੀ ਯਾਦਾਸ਼ਤ ਵਿੱਚੋਂ ਨਹੀਂ ਮਿਟਾਇਆ ਗਿਆ। ਇਬਰਾਨੀ ਸ਼ਾਸਤਰ ਦੇ ਸਪੇਨੀ, ਪੁਰਤਗਾਲੀ, ਜਰਮਨ, ਅੰਗ੍ਰੇਜ਼ੀ, ਫਰਾਂਸੀਸੀ, ਅਤੇ ਬਹੁਤ ਸਾਰੀਆਂ ਦੂਸਰੀਆਂ ਭਾਸ਼ਾਵਾਂ ਵਿਚ ਕੀਤੇ ਗਏ ਅਨੁਵਾਦਾਂ ਨੇ ਪਰਮੇਸ਼ੁਰ ਦੇ ਵਿਅਕਤੀਗਤ ਨਾਂ ਨੂੰ ਈਮਾਨਦਾਰੀ ਨਾਲ ਸ਼ਾਮਲ ਕੀਤਾ। 16ਵੀਂ ਸਦੀ ਤਕ, ਪਰਮੇਸ਼ੁਰ ਦਾ ਵਿਅਕਤੀਗਤ ਨਾਂ ਮਸੀਹੀ ਯੂਨਾਨੀ ਸ਼ਾਸਤਰ ਦੇ ਬਹੁਤ ਸਾਰੇ ਇਬਰਾਨੀ ਅਨੁਵਾਦਾਂ ਵਿਚ ਪ੍ਰਗਟ ਹੋਣ ਲੱਗਾ; 18ਵੀਂ ਸਦੀ ਤਕ, ਜਰਮਨ ਅਨੁਵਾਦ ਵਿਚ; 19ਵੀਂ ਸਦੀ ਤਕ, ਕ੍ਰੋਏਸ਼ੀਅਨ ਅਤੇ ਅੰਗ੍ਰੇਜ਼ੀ ਅਨੁਵਾਦਾਂ ਵਿਚ ਪ੍ਰਗਟ ਹੋਣ ਲੱਗਾ। ਭਾਵੇਂ ਕਿ ਲੋਕ ਪਰਮੇਸ਼ੁਰ ਦਾ ਨਾਂ ਛੁਪਾਉਣ ਦੀ ਕੋਸ਼ਿਸ਼ ਕਰਨ, ਪਰੰਤੂ ਜਦੋਂ “ਯਹੋਵਾਹ ਦਾ ਦਿਨ” ਆਵੇਗਾ, ਉਦੋਂ ਜਿਵੇਂ ਕਿ ਪਰਮੇਸ਼ੁਰ ਐਲਾਨ ਕਰਦਾ ਹੈ, ‘ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ!’ ਪਰਮੇਸ਼ੁਰ ਦਾ ਇਹ ਘੋਸ਼ਿਤ ਮਕਸਦ ਅਸਫ਼ਲ ਨਹੀਂ ਹੋਵੇਗਾ।—2 ਪਤਰਸ 3:10, ਨਿ ਵ; ਹਿਜ਼ਕੀਏਲ 38:23; ਯਸਾਯਾਹ 11:9; 55:11.
ਸੰਦੇਸ਼ ਧਰਤੀ ਦੇ ਸਭ ਹਿੱਸਿਆਂ ਤਕ ਪਹੁੰਚਦਾ ਹੈ
14. (ੳ) 20ਵੀਂ ਸਦੀ ਤਕ, ਯੂਰਪ ਦੀਆਂ ਕਿੰਨੀਆਂ ਭਾਸ਼ਾਵਾਂ ਵਿਚ ਬਾਈਬਲ ਛੱਪ ਚੁੱਕੀ ਸੀ, ਅਤੇ ਇਸ ਦਾ ਕੀ ਪ੍ਰਭਾਵ ਪਿਆ? (ਅ) 1914 ਦੇ ਅੰਤ ਤਕ, ਅਫ਼ਰੀਕਾ ਦੀਆਂ ਕਿੰਨੀਆਂ ਭਾਸ਼ਾਵਾਂ ਵਿਚ ਬਾਈਬਲ ਉਪਲਬਧ ਸੀ?
14 ਵੀਹਵੀਂ ਸਦੀ ਦੇ ਆਰੰਭ ਤਕ, ਬਾਈਬਲ ਪਹਿਲਾਂ ਹੀ ਯੂਰਪ ਦੀਆਂ 94 ਭਾਸ਼ਾਵਾਂ ਵਿਚ ਛਾਪੀ ਜਾ ਰਹੀ ਸੀ। ਇਸ ਨੇ ਸੰਸਾਰ ਦੇ ਇਸ ਹਿੱਸੇ ਵਿਚ ਬਾਈਬਲ ਵਿਦਿਆਰਥੀਆਂ ਨੂੰ ਇਸ ਤੱਥ ਪ੍ਰਤੀ ਚੌਕਸ ਕੀਤਾ ਕਿ 1914 ਵਿਚ ਪਰਾਈਆਂ ਕੌਮਾਂ ਦੇ ਸਮੇਂ ਦੇ ਖ਼ਤਮ ਹੋਣ ਨਾਲ ਸੰਸਾਰ-ਹਿਲਾਉ ਘਟਨਾਵਾਂ ਵਾਪਰਨਗੀਆਂ, ਅਤੇ ਸੱਚ-ਮੁੱਚ ਇਹ ਵਾਪਰੀਆਂ! (ਲੂਕਾ 21:24) ਯਾਦਗਾਰੀ ਸਾਲ 1914 ਦੇ ਖ਼ਤਮ ਹੋਣ ਤੋਂ ਪਹਿਲਾਂ, ਬਾਈਬਲ, ਪੂਰੀ ਜਾਂ ਇਸ ਦੀਆਂ ਕੁਝ ਪੋਥੀਆਂ, ਆਮ ਵਰਤੀਆਂ ਜਾਂਦੀਆਂ ਅੰਗ੍ਰੇਜ਼ੀ, ਫਰਾਂਸੀਸੀ, ਅਤੇ ਪੁਰਤਗਾਲੀ ਭਾਸ਼ਾਵਾਂ ਤੋਂ ਇਲਾਵਾ ਅਫ਼ਰੀਕਾ ਦੀਆਂ 157 ਭਾਸ਼ਾਵਾਂ ਵਿਚ ਵੀ ਪ੍ਰਕਾਸ਼ਿਤ ਹੋ ਚੁੱਕੀ ਸੀ। ਇਸ ਤਰ੍ਹਾਂ ਉੱਥੇ ਰਹਿਣ ਵਾਲੇ ਬਹੁਤ ਸਾਰੇ ਕਬੀਲਿਆਂ ਅਤੇ ਕੌਮੀ ਸਮੂਹਾਂ ਦੇ ਨਿਮਰ ਲੋਕਾਂ ਨੂੰ ਆਜ਼ਾਦ ਕਰਾਉਣ ਵਾਲੀਆਂ ਅਧਿਆਤਮਿਕ ਬਾਈਬਲ ਸੱਚਾਈਆਂ ਸਿਖਾਉਣ ਲਈ ਨੀਂਹ ਰੱਖੀ ਗਈ ਸੀ।
15. ਜਿਉਂ ਹੀ ਅੰਤ ਦੇ ਦਿਨ ਆਰੰਭ ਹੋਏ, ਅਮਰੀਕੀ ਦੇਸ਼ਾਂ ਵਿਚ ਲੋਕਾਂ ਦੀਆਂ ਭਾਸ਼ਾਵਾਂ ਵਿਚ ਕਿਸ ਹੱਦ ਤਕ ਬਾਈਬਲ ਉਪਲਬਧ ਸੀ?
15 ਜਿਉਂ ਹੀ ਸੰਸਾਰ ਪਹਿਲਾਂ ਦੱਸੇ ਗਏ ਅੰਤ ਦੇ ਦਿਨਾਂ ਵਿਚ ਦਾਖ਼ਲ ਹੋਇਆ, ਅਮਰੀਕੀ ਦੇਸ਼ਾਂ ਵਿਚ ਬਾਈਬਲ ਵਿਆਪਕ ਤੌਰ ਤੇ ਉਪਲਬਧ ਸੀ। ਯੂਰਪ ਤੋਂ ਆ ਕੇ ਵੱਸੇ ਲੋਕ ਆਪਣੇ ਨਾਲ ਆਪਣੀਆਂ ਵਿਭਿੰਨ ਭਾਸ਼ਾਵਾਂ ਵਿਚ ਇਸ ਨੂੰ ਲਿਆਏ ਸਨ। ਬਾਈਬਲ ਸਿੱਖਿਆ ਦਾ ਵਿਸ਼ਾਲ ਪ੍ਰੋਗ੍ਰਾਮ ਚੱਲ ਰਿਹਾ ਸੀ, ਜਨਤਕ ਭਾਸ਼ਣ ਦਿੱਤੇ ਜਾ ਰਹੇ ਸਨ ਅਤੇ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਜੋ ਅੱਜ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਂਦੇ ਹਨ, ਦੁਆਰਾ ਪ੍ਰਕਾਸ਼ਿਤ ਬਾਈਬਲ ਸਾਹਿੱਤ ਵੱਡੇ ਪੱਧਰ ਤੇ ਵੰਡਿਆ ਜਾ ਰਿਹਾ ਸੀ। ਇਸ ਦੇ ਨਾਲ ਹੀ, ਧਰਤੀ ਦੇ ਪੱਛਮੀ ਹਿੱਸੇ ਵਿਚ ਰਹਿਣ ਵਾਲੇ ਬਹੁਕੌਮੀ ਵਸਨੀਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਾਈਬਲ ਸੋਸਾਇਟੀਆਂ ਦੁਆਰਾ ਦੂਸਰੀਆਂ 57 ਭਾਸ਼ਾਵਾਂ ਵਿਚ ਪਹਿਲਾਂ ਹੀ ਬਾਈਬਲ ਛਾਪੀ ਜਾ ਰਹੀ ਸੀ।
16, 17. (ੳ) ਜਦੋਂ ਵਿਸ਼ਵਵਿਆਪੀ ਪ੍ਰਚਾਰ ਕਰਨ ਦਾ ਸਮਾਂ ਆਇਆ, ਤਾਂ ਬਾਈਬਲ ਕਿਸ ਹੱਦ ਤਕ ਉਪਲਬਧ ਹੋ ਚੁੱਕੀ ਸੀ? (ਅ) ਬਾਈਬਲ ਕਿਸ ਤਰ੍ਹਾਂ ਸੱਚ-ਮੁੱਚ ਇਕ ਕਾਇਮ ਰਹਿਣ ਵਾਲੀ ਅਤੇ ਬਹੁਤ ਪ੍ਰਭਾਵਸ਼ਾਲੀ ਪੁਸਤਕ ਸਾਬਤ ਹੋਈ ਹੈ?
16 ‘ਅੰਤ ਆਉਣ’ ਤੋਂ ਪਹਿਲਾਂ ਜਦੋਂ ਖ਼ੁਸ਼ ਖ਼ਬਰੀ ਦਾ ਵਿਸ਼ਵ-ਵਿਆਪੀ ਪ੍ਰਚਾਰ ਕਰਨ ਦਾ ਸਮਾਂ ਆਇਆ, ਉਦੋਂ ਬਾਈਬਲ ਏਸ਼ੀਆ ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਲਈ ਨਵੀਂ ਨਹੀਂ ਸੀ। (ਮੱਤੀ 24:14) ਇਹ ਪਹਿਲਾਂ ਹੀ ਧਰਤੀ ਦੇ ਉਸ ਹਿੱਸੇ ਵਿਚ ਬੋਲੀਆਂ ਜਾਂਦੀਆਂ 232 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕੀ ਸੀ। ਕੁਝ ਭਾਸ਼ਾਵਾਂ ਵਿਚ ਪੂਰੀ ਬਾਈਬਲ ਸੀ; ਬਹੁਤ ਸਾਰੀਆਂ ਮਸੀਹੀ ਯੂਨਾਨੀ ਸ਼ਾਸਤਰ ਦੇ ਅਨੁਵਾਦ ਸਨ; ਦੂਸਰੀਆਂ ਪਵਿੱਤਰ ਸ਼ਾਸਤਰ ਦੀ ਇੱਕੋ-ਇਕ ਪੋਥੀ ਸੀ।
17 ਸਪੱਸ਼ਟ ਤੌਰ ਤੇ, ਬਾਈਬਲ ਮਹਿਜ਼ ਅਜਾਇਬ-ਘਰ ਵਿਚ ਇਕ ਨੁਮਾਇਸ਼ ਵਾਲੀ ਚੀਜ਼ ਵਜੋਂ ਹੀ ਕਾਇਮ ਨਹੀਂ ਰਹੀ। ਹੋਂਦ ਵਿਚ ਆਈਆਂ ਸਾਰੀਆਂ ਪੁਸਤਕਾਂ ਨਾਲੋਂ ਬਾਈਬਲ ਸਭ ਤੋਂ ਜ਼ਿਆਦਾ ਵਿਆਪਕ ਤੌਰ ਤੇ ਅਨੁਵਾਦ ਕੀਤੀ ਗਈ ਅਤੇ ਵੱਡੇ ਪੱਧਰ ਤੇ ਵੰਡੀ ਗਈ ਪੁਸਤਕ ਹੈ। ਈਸ਼ਵਰੀ ਕਿਰਪਾ ਦੇ ਇਸ ਸਬੂਤ ਦੀ ਇਕਸੁਰਤਾ ਵਿਚ, ਇਸ ਪੁਸਤਕ ਵਿਚ ਜੋ ਲਿਖਿਆ ਗਿਆ ਸੀ ਉਹ ਪੂਰਾ ਹੋ ਰਿਹਾ ਸੀ। ਇਸ ਦੀਆਂ ਸਿੱਖਿਆਵਾਂ ਅਤੇ ਸਿੱਖਿਆਵਾਂ ਦੇ ਪਿੱਛੇ ਆਤਮਾ ਦਾ ਵੀ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੇ ਜੀਵਨਾਂ ਉੱਤੇ ਸਥਾਈ ਪ੍ਰਭਾਵ ਪੈ ਰਿਹਾ ਸੀ। (1 ਪਤਰਸ 1:24, 25) ਪਰੰਤੂ ਹੋਰ ਜ਼ਿਆਦਾ ਕੁਝ ਹੋਣ ਵਾਲਾ ਸੀ—ਬਹੁਤ ਜ਼ਿਆਦਾ।
ਕੀ ਤੁਹਾਨੂੰ ਯਾਦ ਹੈ?
◻ “ਸਾਡੇ ਪਰਮੇਸ਼ੁਰ ਦਾ ਬਚਨ” ਕੀ ਹੈ ਜੋ ਸਦਾ ਦੇ ਲਈ ਕਾਇਮ ਰਹਿੰਦਾ ਹੈ?
◻ ਬਾਈਬਲ ਨੂੰ ਖ਼ਤਮ ਕਰਨ ਦੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਅਤੇ ਇਸ ਦੇ ਕੀ ਨਤੀਜੇ ਨਿਕਲੇ?
◻ ਬਾਈਬਲ ਦੀ ਸ਼ੁੱਧਤਾ ਦੀ ਕਿਵੇਂ ਰੱਖਿਆ ਕੀਤੀ ਗਈ ਹੈ?
◻ ਪਰਮੇਸ਼ੁਰ ਦੇ ਮਕਸਦ ਦਾ ਕਥਨ ਕਿਵੇਂ ਜੀਉਂਦਾ ਬਚਨ ਸਾਬਤ ਹੋਇਆ ਹੈ?
[ਸਫ਼ੇ 10 ਉੱਤੇ ਡੱਬੀ]
ਕੀ ਅਸੀਂ ਸੱਚ-ਮੁੱਚ ਜਾਣਦੇ ਹਾਂ ਕਿ ਮੂਲ ਰੂਪ ਵਿਚ ਬਾਈਬਲ ਵਿਚ ਕੀ ਲਿਖਿਆ ਹੋਇਆ ਸੀ?
ਲਗਭਗ 6,000 ਇਬਰਾਨੀ ਹੱਥ-ਲਿਖਤਾਂ ਇਬਰਾਨੀ ਸ਼ਾਸਤਰ ਦੀ ਸਾਮੱਗਰੀ ਦੀ ਤਸਦੀਕ ਕਰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਮਸੀਹ-ਪੂਰਵ ਸਮੇਂ ਦੀਆਂ ਹਨ। ਪੂਰੇ ਇਬਰਾਨੀ ਸ਼ਾਸਤਰ ਦੀਆਂ ਘਟੋ-ਘੱਟ 19 ਮੌਜੂਦ ਹੱਥ-ਲਿਖਤਾਂ ਹਿੱਲਣਯੋਗ ਟਾਈਪ ਨਾਲ ਛਪਾਈ ਦੀ ਖੋਜ ਹੋਣ ਤੋਂ ਪਹਿਲਾਂ ਦੇ ਸਮੇਂ ਦੀਆਂ ਹਨ। ਇਸ ਤੋਂ ਇਲਾਵਾ, ਉਸੇ ਸਮੇਂ ਦੇ ਅਜਿਹੇ ਅਨੁਵਾਦ ਹਨ ਜੋ ਦੂਸਰੀਆਂ 28 ਭਾਸ਼ਾਵਾਂ ਵਿਚ ਕੀਤੇ ਗਏ ਸਨ।
ਮਸੀਹੀ ਯੂਨਾਨੀ ਸ਼ਾਸਤਰ ਲਈ, ਯੂਨਾਨੀ ਵਿਚ ਲਗਭਗ 5,000 ਹੱਥ-ਲਿਖਤਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇਕ 125 ਸਾ.ਯੁ. ਤੋਂ ਪਹਿਲਾਂ ਦੇ ਸਮੇਂ ਦੀ ਹੈ, ਇਸ ਤਰ੍ਹਾਂ ਇਹ ਮੁਢਲੀ ਲਿਖਤ ਤੋਂ ਸਿਰਫ਼ ਕੁਝ ਸਾਲ ਬਾਅਦ ਦੀ ਹੈ। ਅਤੇ ਕੁਝ ਹਿੱਸੇ ਇਸ ਤੋਂ ਵੀ ਪਹਿਲਾਂ ਦੇ ਸਮੇਂ ਦੇ ਵਿਚਾਰੇ ਜਾਂਦੇ ਹਨ। 27 ਵਿੱਚੋਂ 22 ਪ੍ਰੇਰਿਤ ਪੋਥੀਆਂ ਲਈ, ਅੰਸੀਅਲ ਲਿਪੀ ਦੀਆਂ 10 ਤੋਂ ਲੈ ਕੇ 19 ਪੂਰੀਆਂ ਹੱਥ-ਲਿਖਤਾਂ ਮੌਜੂਦ ਹਨ। ਬਾਈਬਲ ਦੇ ਇਸ ਹਿੱਸੇ ਵਿਚ ਕਿਸੇ ਵੀ ਪੁਸਤਕ ਲਈ ਅੰਸੀਅਲ ਲਿਪੀ ਦੀਆਂ ਪੂਰੀਆਂ ਹੱਥ-ਲਿਖਤਾਂ ਦੀ ਸਭ ਤੋਂ ਘੱਟ ਗਿਣਤੀ ਹੈ ਤਿੰਨ—ਪਰਕਾਸ਼ ਦੀ ਪੋਥੀ ਲਈ। ਪੂਰੇ ਮਸੀਹੀ ਯੂਨਾਨੀ ਸ਼ਾਸਤਰ ਦੀ ਇਕ ਹੱਥ-ਲਿਖਤ ਚੌਥੀ ਸਦੀ ਸਾ.ਯੁ. ਦੀ ਹੈ।
ਕੋਈ ਵੀ ਦੂਸਰਾ ਪ੍ਰਾਚੀਨ ਸਾਹਿੱਤ ਇੰਨੇ ਸਾਰੇ ਪ੍ਰਾਚੀਨ ਦਸਤਾਵੇਜ਼ੀ ਸਬੂਤਾਂ ਦੁਆਰਾ ਪ੍ਰਮਾਣਿਤ ਨਹੀਂ ਕੀਤਾ ਗਿਆ ਹੈ।