ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp17 ਨੰ. 2 ਸਫ਼ੇ 12-14
  • ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੁਢਲੀ ਬਾਈਬਲ
  • ਯੂਨਾਨੀ ਸੈਪਟੁਜਿੰਟ ਤਰਜਮਾ
  • ਲਾਤੀਨੀ ਵਲਗੇਟ ਤਰਜਮਾ
  • ਹੋਰ ਨਵੇਂ ਤਰਜਮੇ
  • “ਸੈਪਟੁਜਿੰਟ” ਬਾਈਬਲ ਕੱਲ੍ਹ ਵੀ ਫ਼ਾਇਦੇਮੰਦ ਅਤੇ ਅੱਜ ਵੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਕੀ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਬਾਈਬਲ ਕੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
wp17 ਨੰ. 2 ਸਫ਼ੇ 12-14
ਹੱਥ ਨਾਲ ਲਿਖੀਆਂ, ਛਪੀਆਂ ਜਾਂ ਮੋਬਾਇਲ, ਟੈਬਲੇਟ ’ਤੇ ਅਲੱਗ-ਅਲੱਗ ਬਾਈਬਲਾਂ

ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ?

ਅੱਜ ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ ਹਨ? ਕੀ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਸਮਝਣ ਵਿਚ ਇਹ ਅਨੁਵਾਦ ਸਾਡੀ ਮਦਦ ਕਰਦੇ ਹਨ ਜਾਂ ਰੁਕਾਵਟ ਪਾਉਂਦੇ ਹਨ? ਇਹ ਪਤਾ ਲਗਾਉਣ ਲਈ ਤੁਹਾਨੂੰ ਜਾਣਨਾ ਪਵੇਗਾ ਕਿ ਕਿਨ੍ਹਾਂ ਅਨੁਵਾਦਕਾਂ ਨੇ ਇਨ੍ਹਾਂ ਦਾ ਅਨੁਵਾਦ ਕੀਤਾ ਹੈ ਅਤੇ ਕਿਉਂ?

ਸਭ ਤੋਂ ਪਹਿਲੀ ਗੱਲ, ਬਾਈਬਲ ਨੂੰ ਕਿਸ ਨੇ ਲਿਖਿਆ ਅਤੇ ਕਦੋਂ?

ਮੁਢਲੀ ਬਾਈਬਲ

ਬਾਈਬਲ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ 39 ਕਿਤਾਬਾਂ ਹਨ ਅਤੇ ਇਨ੍ਹਾਂ ਵਿਚ “ਪਰਮੇਸ਼ੁਰ ਦੇ ਪਵਿੱਤਰ ਬਚਨ” ਹਨ। (ਰੋਮੀਆਂ 3:2) ਰੱਬ ਨੇ 1513 ਈਸਵੀ ਪੂਰਵ ਤੋਂ ਲੈ ਕੇ 443 ਈਸਵੀ ਪੂਰਵ ਤੋਂ ਕੁਝ ਸਮੇਂ ਬਾਅਦ ਤਕ ਵਫ਼ਾਦਾਰ ਇਨਸਾਨਾਂ ਨੂੰ ਇਹ ਕਿਤਾਬਾਂ ਲਿਖਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਕਿਤਾਬਾਂ ਨੂੰ ਲਿਖਣ ਲਈ ਲਗਭਗ 1,100 ਸਾਲ ਲੱਗੇ। ਉਨ੍ਹਾਂ ਨੇ ਜ਼ਿਆਦਾਤਰ ਕਿਤਾਬਾਂ ਇਬਰਾਨੀ ਭਾਸ਼ਾ ਵਿਚ ਲਿਖੀਆਂ। ਇਸ ਲਈ ਅਸੀਂ ਇਸ ਭਾਗ ਨੂੰ ਇਬਰਾਨੀ ਲਿਖਤਾਂ ਕਹਿੰਦੇ ਹਾਂ। ਇਹ ਭਾਗ ਪੁਰਾਣੇ ਨੇਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਦੂਸਰੇ ਭਾਗ ਵਿਚ 27 ਕਿਤਾਬਾਂ ਹਨ। ਇਹ ਕਿਤਾਬਾਂ ਵੀ “ਪਰਮੇਸ਼ੁਰ ਦਾ ਬਚਨ” ਹਨ। (1 ਥੱਸਲੁਨੀਕੀਆਂ 2:13) ਰੱਬ ਨੇ ਯਿਸੂ ਮਸੀਹ ਦੇ ਵਫ਼ਾਦਾਰ ਚੇਲਿਆਂ ਤੋਂ ਇਹ ਕਿਤਾਬਾਂ ਥੋੜ੍ਹੇ ਸਮੇਂ ਵਿਚ ਲਿਖਵਾਈਆਂ। ਇਨ੍ਹਾਂ ਨੂੰ 41 ਈਸਵੀ ਤੋਂ ਲੈ ਕੇ 98 ਈਸਵੀ ਤਕ ਲਿਖਿਆ ਗਿਆ। ਇਨ੍ਹਾਂ ਨੂੰ ਲਿਖਣ ਲਈ ਲਗਭਗ 60 ਸਾਲ ਲੱਗੇ। ਉਨ੍ਹਾਂ ਨੇ ਜ਼ਿਆਦਾਤਰ ਕਿਤਾਬਾਂ ਯੂਨਾਨੀ ਭਾਸ਼ਾ ਵਿਚ ਲਿਖੀਆਂ। ਇਸ ਲਈ ਅਸੀਂ ਇਸ ਭਾਗ ਨੂੰ ਯੂਨਾਨੀ ਲਿਖਤਾਂ ਕਹਿੰਦੇ ਹਾਂ। ਇਹ ਭਾਗ ਨਵੇਂ ਨੇਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਨ੍ਹਾਂ 66 ਕਿਤਾਬਾਂ ਨੂੰ ਮਿਲਾ ਕੇ ਬਾਈਬਲ ਬਣਦੀ ਹੈ। ਇਸ ਵਿਚ ਇਨਸਾਨਾਂ ਲਈ ਰੱਬ ਦਾ ਸੰਦੇਸ਼ ਹੈ। ਪਰ ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ ਕੀਤੇ ਗਏ? ਇਸ ਦੇ ਤਿੰਨ ਮੁੱਖ ਕਾਰਨ ਹਨ।

  • ਲੋਕ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਸਕਣ।

  • ਬਾਈਬਲ ਦੇ ਨਕਲਨਵੀਸਾਂ ਦੀਆਂ ਗ਼ਲਤੀਆਂ ਨੂੰ ਠੀਕ ਕਰਨਾ ਅਤੇ ਬਾਈਬਲ ਦੀਆਂ ਮੂਲ ਗੱਲਾਂ ਨੂੰ ਦੁਬਾਰਾ ਤੋਂ ਪਾਉਣਾ।

  • ਪੁਰਾਣੀ ਭਾਸ਼ਾ ਦੀ ਜਗ੍ਹਾ ਨਵੀਂ ਭਾਸ਼ਾ ਵਰਤਣੀ।

ਜ਼ਰਾ ਗੌਰ ਕਰੋ ਕਿ ਦੋ ਮੁਢਲੇ ਤਰਜਮਿਆਂ ਵਿਚ ਇਹ ਗੱਲਾਂ ਕਿਵੇਂ ਲਾਗੂ ਕੀਤੀਆਂ ਗਈਆਂ।

ਯੂਨਾਨੀ ਸੈਪਟੁਜਿੰਟ ਤਰਜਮਾ

ਯਿਸੂ ਦੇ ਜ਼ਮਾਨੇ ਤੋਂ ਲਗਭਗ 300 ਸਾਲ ਪਹਿਲਾਂ ਯਹੂਦੀ ਵਿਦਵਾਨਾਂ ਨੇ ਇਬਰਾਨੀ ਲਿਖਤਾਂ ਦਾ ਅਨੁਵਾਦ ਯੂਨਾਨੀ ਭਾਸ਼ਾ ਵਿਚ ਕਰਨਾ ਸ਼ੁਰੂ ਕੀਤਾ। ਇਸ ਅਨੁਵਾਦ ਨੂੰ ਯੂਨਾਨੀ ਸੈਪਟੁਜਿੰਟ ਤਰਜਮਾ ਕਿਹਾ ਜਾਂਦਾ ਹੈ। ਉਸ ਸਮੇਂ ਬਹੁਤ ਸਾਰੇ ਯਹੂਦੀ ਇਬਰਾਨੀ ਬੋਲਣ ਦੀ ਬਜਾਇ ਯੂਨਾਨੀ ਬੋਲਦੇ ਸਨ। ਉਹ “ਪਵਿੱਤਰ ਲਿਖਤਾਂ” ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਣ, ਇਸ ਲਈ ਇਹ ਤਰਜਮਾ ਤਿਆਰ ਕੀਤਾ ਗਿਆ।​—2 ਤਿਮੋਥਿਉਸ 3:15.

ਸੈਪਟੁਜਿੰਟ ਤਰਜਮੇ ਨੇ ਲੱਖਾਂ ਹੀ ਯੂਨਾਨੀ ਭਾਸ਼ਾ ਬੋਲਣ ਵਾਲੇ ਗ਼ੈਰ-ਯਹੂਦੀ ਲੋਕਾਂ ਦੀ ਮਦਦ ਕੀਤੀ ਕਿ ਉਹ ਜਾਣ ਸਕਣ ਕਿ ਬਾਈਬਲ ਕੀ ਸਿਖਾਉਂਦੀ ਹੈ। ਕਿਵੇਂ? ਪ੍ਰੋਫ਼ੈਸਰ ਡਬਲਯੂ. ਐੱਫ਼. ਹਾਵਰਡ ਕਹਿੰਦਾ ਹੈ: ‘ਪਹਿਲੀ ਸਦੀ ਦੇ ਮੱਧ ਤੋਂ ਹੀ ਸੈਪਟੁਜਿੰਟ ਤਰਜਮਾ ਚਰਚ ਦੀ ਬਾਈਬਲ ਬਣ ਗਿਆ। ਚਰਚ ਦੇ ਲੋਕ ਇਕ ਸਭਾ ਘਰ ਤੋਂ ਦੂਸਰੇ ਸਭਾ ਘਰ ਜਾ ਕੇ ਲਿਖਤਾਂ ਵਿੱਚੋਂ ਸਾਬਤ ਕਰਦੇ ਸਨ ਕਿ ਯਿਸੂ ਹੀ ਮਸੀਹ ਸੀ।’ (ਰਸੂਲਾਂ ਦੇ ਕੰਮ 17:3, 4; 20:20) ਬਾਈਬਲ ਵਿਦਵਾਨ ਐੱਫ਼. ਐੱਫ਼. ਬਰੂਸ ਮੁਤਾਬਕ ਇਹ ਇਕ ਕਾਰਨ ਸੀ ਕਿ ਕਿਉਂ ਬਹੁਤ ਸਾਰੇ ਯਹੂਦੀਆਂ ਨੇ ਜਲਦੀ ਹੀ ‘ਸੈਪਟੁਜਿੰਟ ਤਰਜਮਾ ਪੜ੍ਹਨਾ ਛੱਡ ਦਿੱਤਾ।’

ਜਿੱਦਾਂ-ਜਿੱਦਾਂ ਯਿਸੂ ਦੇ ਚੇਲਿਆਂ ਨੂੰ ਮਸੀਹੀ ਯੂਨਾਨੀ ਲਿਖਤਾਂ ਦੀਆਂ ਕਿਤਾਬਾਂ ਮਿਲਦੀਆਂ ਰਹੀਆਂ, ਉਨ੍ਹਾਂ ਨੇ ਇਨ੍ਹਾਂ ਨੂੰ ਇਬਰਾਨੀ ਲਿਖਤਾਂ ਦੇ ਸੈਪਟੁਜਿੰਟ ਤਰਜਮੇ ਨਾਲ ਜੋੜ ਦਿੱਤਾ। ਇਸ ਤਰ੍ਹਾਂ ਪੂਰੀ ਬਾਈਬਲ ਬਣ ਗਈ ਜੋ ਅੱਜ ਸਾਡੇ ਕੋਲ ਹੈ।

ਲਾਤੀਨੀ ਵਲਗੇਟ ਤਰਜਮਾ

ਬਾਈਬਲ ਪੂਰੀ ਹੋਣ ਤੋਂ ਲਗਭਗ 300 ਸਾਲਾਂ ਬਾਅਦ ਧਾਰਮਿਕ ਵਿਦਵਾਨ ਜਰੋਮ ਨੇ ਬਾਈਬਲ ਦਾ ਲਾਤੀਨੀ ਤਰਜਮਾ ਤਿਆਰ ਕੀਤਾ। ਇਸ ਨੂੰ ਲਾਤੀਨੀ ਵਲਗੇਟ ਕਿਹਾ ਗਿਆ। ਲਾਤੀਨੀ ਵਿਚ ਪਹਿਲਾਂ ਹੀ ਬਹੁਤ ਸਾਰੇ ਤਰਜਮੇ ਸਨ, ਪਰ ਫਿਰ ਨਵੇਂ ਅਨੁਵਾਦ ਦੀ ਲੋੜ ਕਿਉਂ ਪਈ? ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਦੇ ਅਨੁਸਾਰ ਜਰੋਮ “ਗ਼ਲਤ ਅਨੁਵਾਦ, ਗ਼ਲਤੀਆਂ ਅਤੇ ਅਨੁਵਾਦਾਂ ਵਿਚ ਪਾਈਆਂ ਵਾਧੂ-ਘਾਟੂ ਚੀਜ਼ਾਂ” ਨੂੰ ਠੀਕ ਕਰਨਾ ਚਾਹੁੰਦਾ ਸੀ।

ਜਰੋਮ ਨੇ ਬਹੁਤ ਸਾਰੀਆਂ ਗ਼ਲਤੀਆਂ ਠੀਕ ਕੀਤੀਆਂ। ਪਰ ਸਮੇਂ ਦੇ ਬੀਤਣ ਨਾਲ ਚਰਚ ਦੇ ਅਧਿਕਾਰੀਆਂ ਨੇ ਇਕ ਸਭ ਤੋਂ ਵੱਡੀ ਗ਼ਲਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਲਾਤੀਨੀ ਵਲਗੇਟ ਹੀ ਬਾਈਬਲ ਦਾ ਸਹੀ ਤਰਜਮਾ ਹੈ ਅਤੇ ਉਹ ਸਦੀਆਂ ਤਕ ਇਸੇ ਤਰ੍ਹਾਂ ਕਹਿੰਦੇ ਰਹੇ! ਵਲਗੇਟ ਤਰਜਮਾ ਆਮ ਲੋਕਾਂ ਦੀ ਸਮਝ ਤੋਂ ਬਾਹਰ ਸੀ ਕਿਉਂਕਿ ਜ਼ਿਆਦਾਤਰ ਲੋਕ ਲਾਤੀਨੀ ਭਾਸ਼ਾ ਨਹੀਂ ਸਮਝਦੇ ਸਨ।

ਹੋਰ ਨਵੇਂ ਤਰਜਮੇ

ਇਸ ਸਮੇਂ ਦੌਰਾਨ ਲੋਕਾਂ ਨੇ ਬਾਈਬਲ ਦੇ ਹੋਰ ਤਰਜਮੇ ਵੀ ਕੀਤੇ, ਜਿਵੇਂ ਲਗਭਗ ਪੰਜਵੀਂ ਸਦੀ ਈਸਵੀ ਵਿਚ ਮਸ਼ਹੂਰ ਸੀਰੀਆਈ ਪਸ਼ੀਟਾ। ਪਰ 14ਵੀਂ ਸਦੀ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਕਿ ਆਮ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਬਾਈਬਲ ਮਿਲ ਸਕੇ।

14ਵੀਂ ਸਦੀ ਦੇ ਅਖ਼ੀਰ ਵਿਚ ਇੰਗਲੈਂਡ ਦੇ ਜੌਨ ਵਿੱਕਲਿਫ਼ ਨੇ ਅੰਗ੍ਰੇਜ਼ੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ ਜਿਸ ਨੂੰ ਆਮ ਲੋਕ ਵੀ ਸਮਝ ਸਕਦੇ ਸਨ। ਇਸ ਤੋਂ ਥੋੜ੍ਹੀ ਦੇਰ ਬਾਅਦ ਯੋਹਾਨਸ ਗੁਟਨਬਰਗ ਦੁਆਰਾ ਕਾਢ ਕੀਤੀ ਗਈ ਪ੍ਰਿੰਟਿੰਗ ਪ੍ਰੈੱਸ ਕਰਕੇ ਬਾਈਬਲ ਵਿਦਵਾਨਾਂ ਲਈ ਰਾਹ ਖੁੱਲ੍ਹ ਗਿਆ ਕਿ ਉਹ ਪੂਰੇ ਯੂਰਪ ਵਿਚ ਅਲੱਗ-ਅਲੱਗ ਭਾਸ਼ਾਵਾਂ ਵਿਚ ਬਾਈਬਲ ਦੇ ਤਰਜਮੇ ਕਰ ਸਕਣ ਅਤੇ ਇਨ੍ਹਾਂ ਨੂੰ ਵੰਡ ਸਕਣ।

ਜਦੋਂ ਅੰਗ੍ਰੇਜ਼ੀ ਵਿਚ ਅਲੱਗ-ਅਲੱਗ ਤਰਜਮੇ ਹੋਏ, ਤਾਂ ਆਲੋਚਕਾਂ ਨੇ ਕਿਹਾ ਕਿ ਇੱਕੋ ਭਾਸ਼ਾ ਵਿਚ ਅਲੱਗ-ਅਲੱਗ ਤਰਜਮੇ ਕਰਨ ਦੀ ਕੀ ਲੋੜ ਹੈ? 18ਵੀਂ ਸਦੀ ਵਿਚ ਰਹਿਣ ਵਾਲੇ ਜੌਨ ਲੂਇਸ ਪਾਦਰੀ ਨੇ ਲਿਖਿਆ: “ਭਾਸ਼ਾ ਵਿਚ ਬਦਲਾਅ ਹੁੰਦੇ ਰਹਿੰਦੇ ਹਨ ਜਿਸ ਕਰਕੇ ਇਸ ਨੂੰ ਸਮਝਣਾ ਔਖਾ ਹੋ ਜਾਂਦਾ ਹੈ। ਇਸ ਲਈ ਪੁਰਾਣੇ ਬਾਈਬਲ ਅਨੁਵਾਦਾਂ ਵਿਚ ਅਜਿਹੀ ਭਾਸ਼ਾ ਵਰਤਣ ਦੀ ਲੋੜ ਹੈ ਜਿਸ ਨੂੰ ਲੋਕ ਸਮਝ ਸਕਣ।”

ਅੱਜ ਬਾਈਬਲ ਵਿਦਵਾਨਾਂ ਲਈ ਪੁਰਾਣੇ ਤਰਜਮਿਆਂ ਦੀ ਜਾਂਚ ਕਰਨੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ। ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਦੀਆਂ ਭਾਸ਼ਾਵਾਂ ਦੀ ਜ਼ਿਆਦਾ ਸਮਝ ਹੈ। ਉਨ੍ਹਾਂ ਕੋਲ ਹਾਲ ਹੀ ਦੇ ਸਮੇਂ ਵਿਚ ਮਿਲੀਆਂ ਪੁਰਾਣੇ ਜ਼ਮਾਨੇ ਦੀਆਂ ਬਾਈਬਲ ਦੀਆਂ ਹੱਥ-ਲਿਖਤਾਂ ਵੀ ਹਨ। ਇਸ ਨਾਲ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਹੁੰਦੀ ਹੈ ਕਿ ਮੁਢਲੀ ਬਾਈਬਲ ਵਿਚ ਕੀ ਲਿਖਿਆ ਗਿਆ ਸੀ।

ਇਸ ਲਈ ਬਾਈਬਲ ਦੇ ਨਵੇਂ ਤਰਜਮੇ ਹੋਣੇ ਫ਼ਾਇਦੇਮੰਦ ਹਨ। ਇਹ ਸੱਚ ਹੈ ਕਿ ਸਾਨੂੰ ਕੁਝ ਤਰਜਮਿਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ। ਪਰ ਜਿਨ੍ਹਾਂ ਨੇ ਰੱਬ ਲਈ ਪਿਆਰ ਹੋਣ ਕਰਕੇ ਬਾਈਬਲ ਦੇ ਨਵੇਂ ਤਰਜਮੇ ਤਿਆਰ ਕੀਤੇ ਹਨ, ਉਨ੍ਹਾਂ ਤਰਜਮਿਆਂ ਤੋਂ ਸਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੋ ਸਕਦਾ ਹੈ।

ਤੁਸੀਂ www.jw.org/pa ʼਤੇ ਜਾ ਕੇ ਆਨ-ਲਾਈਨ ਜਾਂ ਆਪਣੇ ਮੋਬਾਇਲ ʼਤੇ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹ ਸਕਦੇ ਹੋ। “ਕਿਤਾਬਾਂ ਅਤੇ ਮੈਗਜ਼ੀਨ” > “ਬਾਈਬਲ” ਹੇਠਾਂ ਦੇਖੋ

ਬਾਈਬਲ ਵਿਚ ਰੱਬ ਦਾ ਪਵਿੱਤਰ ਨਾਂ

ਯਿਸੂ ਦੇ ਦਿਨਾਂ ਦੀ ਸੈਪਟੁਜਿੰਟ ਹੱਥ-ਲਿਖਤ ਦੇ ਟੁਕੜੇ ਵਿਚ ਰੱਬ ਦਾ ਨਾਂ

ਯਿਸੂ ਦੇ ਦਿਨਾਂ ਦੀ ਸੈਪਟੁਜਿੰਟ ਹੱਥ-ਲਿਖਤ ਦੇ ਟੁਕੜੇ ਵਿਚ ਰੱਬ ਦਾ ਨਾਂ

ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਇਬਰਾਨੀ ਅਤੇ ਯੂਨਾਨੀ ਲਿਖਤਾਂ ਵਿਚ ਰੱਬ ਦਾ ਪਵਿੱਤਰ ਨਾਂ ਯਹੋਵਾਹ ਵਰਤਿਆ ਗਿਆ ਹੈ। ਅੱਜ ਦੇ ਜ਼ਮਾਨੇ ਦੀਆਂ ਜ਼ਿਆਦਾਤਰ ਪੰਜਾਬੀ ਬਾਈਬਲਾਂ ਵਿਚ ਇਹ ਨਾਂ ਨਹੀਂ ਹੈ। ਇਸ ਦੀ ਬਜਾਇ, ਉਨ੍ਹਾਂ ਵਿਚ “ਪ੍ਰਭੂ” ਸ਼ਬਦ ਪਾਇਆ ਗਿਆ ਹੈ। ਇਸ ਦਾ ਇਕ ਕਾਰਨ ਹੈ ਕਿ ਕੁਝ ਅਨੁਵਾਦਕ ਮੰਨਦੇ ਹਨ ਕਿ ਰੱਬ ਦਾ ਨਾਂ, ਜੋ ਟੈਟ੍ਰਾਗ੍ਰਾਮਟਨ (YHWH) ਦੁਆਰਾ ਦਰਸਾਇਆ ਜਾਂਦਾ ਸੀ, ਇਬਰਾਨੀ ਲਿਖਤਾਂ ਦੇ ਯੂਨਾਨੀ ਸੈਪਟੁਜਿੰਟ ਅਨੁਵਾਦ ਵਿਚ ਕਦੇ ਵੀ ਨਹੀਂ ਵਰਤਿਆ ਗਿਆ। ਪਰ ਕੀ ਇਹ ਸੱਚ ਹੈ?

ਵੀਹਵੀਂ ਸਦੀ ਦੇ ਮੱਧ ਵਿਚ ਸੈਪਟੁਜਿੰਟ ਦੇ ਕੁਝ ਬਹੁਤ ਪੁਰਾਣੇ ਟੁਕੜੇ ਮਿਲੇ ਜੋ ਯਿਸੂ ਦੇ ਦਿਨਾਂ ਵਿਚ ਪਾਏ ਜਾਂਦੇ ਸਨ। ਇਨ੍ਹਾਂ ਵਿਚ ਰੱਬ ਦਾ ਪਵਿੱਤਰ ਨਾਂ ਇਬਰਾਨੀ ਅੱਖਰਾਂ ਵਿਚ ਲਿਖਿਆ ਹੋਇਆ ਮਿਲਿਆ ਹੈ। ਇੱਦਾਂ ਲੱਗਦਾ ਹੈ ਕਿ ਬਾਅਦ ਵਿਚ ਨਕਲਨਵੀਸਾਂ ਨੇ ਰੱਬ ਦੇ ਨਾਂ ਦੀ ਜਗ੍ਹਾ ਯੂਨਾਨੀ ਸ਼ਬਦ ਕਿਰਿਓਸ ਪਾ ਦਿੱਤਾ ਜਿਸ ਦਾ ਮਤਲਬ ਹੈ, “ਪ੍ਰਭੂ”। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਰੱਬ ਦਾ ਨਾਂ ਉਨ੍ਹਾਂ ਥਾਵਾਂ ʼਤੇ ਦੁਬਾਰਾ ਪਾਇਆ ਗਿਆ ਹੈ ਜਿੱਥੇ ਇਹ ਪੁਰਾਣੀਆਂ ਲਿਖਤਾਂ ਵਿਚ ਸੀ।

ਕੀ ਬਾਈਬਲ ਨੂੰ ਬਦਲ ਦਿੱਤਾ ਗਿਆ ਹੈ?

ਮ੍ਰਿਤ ਸਾਗਰ ਦੀ ਯਸਾਯਾਹ ਦੀ ਪੋਥੀ

2,000 ਸਾਲ ਪੁਰਾਣੀ ਮ੍ਰਿਤ ਸਾਗਰ ਦੀ ਯਸਾਯਾਹ ਦੀ ਪੋਥੀ। ਇਹ ਪੋਥੀ ਅੱਜ ਦੇ ਜ਼ਮਾਨੇ ਦੀ ਬਾਈਬਲ ਨਾਲ ਕਾਫ਼ੀ ਹੱਦ ਤਕ ਮਿਲਦੀ-ਜੁਲਦੀ ਹੈ

ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੇ ਨਕਲਨਵੀਸਾਂ ਨੇ ਗ਼ਲਤੀਆਂ ਕੀਤੀਆਂ ਹਨ। ਪਰ ਇਨ੍ਹਾਂ ਗ਼ਲਤੀਆਂ ਕਰਕੇ ਬਾਈਬਲ ਬਦਲੀ ਨਹੀਂ ਹੈ। “ਮਸੀਹੀਆਂ ਦੀਆਂ ਬੁਨਿਆਦੀ ਸਿੱਖਿਆਵਾਂ ਬਦਲੀਆਂ ਨਹੀਂ ਹਨ।”​—Our Bible and the Ancient Manuscripts.

ਯਹੂਦੀ ਨਕਲਨਵੀਸਾਂ ਨੇ ਬਹੁਤ ਹੀ ਘੱਟ ਗ਼ਲਤੀਆਂ ਕੀਤੀਆਂ ਹਨ। “ਮਸੀਹ ਤੋਂ ਬਾਅਦ ਦੀਆਂ ਕੁਝ ਸਦੀਆਂ ਦੌਰਾਨ ਯਹੂਦੀ ਗ੍ਰੰਥੀਆਂ ਨੇ ਇਬਰਾਨੀ ਬਾਈਬਲ ਦੀ ਬਹੁਤ ਬਾਰੀਕੀ ਨਾਲ ਨਕਲ ਕਰ ਕੇ ਕਾਪੀਆਂ ਬਣਾਈਆਂ ਸਨ।”​—Second Thoughts on the Dead Sea Scrolls.

ਮਿਸਾਲ ਲਈ, ਮ੍ਰਿਤ ਸਾਗਰ ਪੋਥੀਆਂ ਵਿਚ ਯਸਾਯਾਹ ਦੀ ਪੋਥੀ ਪਾਈ ਗਈ ਜੋ ਕਿ ਪਹਿਲਾਂ ਮੌਜੂਦ ਲਿਖਤਾਂ ਨਾਲੋਂ 1,000 ਸਾਲ ਪੁਰਾਣੀ ਸੀ। ਇਸ ਵਿਚ ਅਤੇ ਅੱਜ ਦੀ ਬਾਈਬਲ ਵਿਚ ਕਿੰਨਾ ਕੁ ਫ਼ਰਕ ਹੈ? “ਕਿਤੇ-ਕਿਤੇ ਕੋਈ ਸ਼ਬਦ ਪਾਇਆ ਗਿਆ ਹੈ ਜਾਂ ਛੱਡ ਦਿੱਤਾ ਗਿਆ ਹੈ।”​—The Book. A History of the Bible.

ਜ਼ਿਆਦਾ ਧਿਆਨ ਨਾ ਦੇਣ ਕਰਕੇ ਕੁਝ ਨਕਲਨਵੀਸਾਂ ਨੇ ਗ਼ਲਤੀਆਂ ਕੀਤੀਆਂ ਸਨ, ਜਿਵੇਂ ਅੱਖਰਾਂ, ਸ਼ਬਦਾਂ ਜਾਂ ਵਾਕਾਂ ਦੀ ਤਰਤੀਬ ਬਦਲਣੀ। ਇਸ ਤਰ੍ਹਾਂ ਦੀਆਂ ਗ਼ਲਤੀਆਂ ਨੂੰ ਹੁਣ ਆਸਾਨੀ ਨਾਲ ਪਛਾਣ ਕੇ ਸੁਧਾਰਿਆ ਜਾ ਸਕਦਾ ਹੈ। “ਦੁਨੀਆਂ ਦੇ ਹੋਰ ਕਿਸੇ ਵੀ ਪੁਰਾਣੇ ਸਾਹਿੱਤ ਨਾਲੋਂ ਨਵੇਂ ਨੇਮ ਨੂੰ ਸਹੀ ਸਾਬਤ ਕਰਨਾ ਕਿਤੇ ਜ਼ਿਆਦਾ ਸੌਖਾ ਹੈ।”​—The Books and the Parchments.

“ਬਾਈਬਲ ʼਤੇ ਵਿਸ਼ਵਾਸ ਕਰਨ ਵਾਲਿਆਂ ਦਾ ਯਕੀਨ ਇਸ ਗੱਲ ਤੋਂ ਵਧਦਾ ਹੈ ਕਿ ਮਿਸਰ ਵਿੱਚੋਂ ਮਿਲੀਆਂ ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਪਪਾਇਰੀ ਹੱਥ-ਲਿਖਤਾਂ ਅਤੇ ਯੂਰਪ ਵਿਚ ਵਾਰ-ਵਾਰ ਨਕਲ ਕੀਤੀਆਂ ਅਤੇ ਛਾਪੀਆਂ ਗਈਆਂ ਕਾਪੀਆਂ ਲਗਭਗ ਸਮਾਨ ਹਨ।”​—The Book. A History of the Bible.

ਕੀ ਬਾਈਬਲ ਨੂੰ ਬਦਲ ਦਿੱਤਾ ਗਿਆ ਹੈ? ਬਿਲਕੁਲ ਨਹੀਂ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ