“ਸੈਪਟੁਜਿੰਟ” ਬਾਈਬਲ ਕੱਲ੍ਹ ਵੀ ਫ਼ਾਇਦੇਮੰਦ ਅਤੇ ਅੱਜ ਵੀ
ਈਥੀਓਪੀਆ ਤੋਂ ਵੱਡੇ ਇਖ਼ਤਿਆਰ ਵਾਲਾ ਇਕ ਆਦਮੀ ਯਰੂਸ਼ਲਮ ਤੋਂ ਆਪਣੇ ਘਰ ਵੱਲ ਸਫ਼ਰ ਕਰ ਰਿਹਾ ਸੀ। ਉਹ ਉਜਾੜ ਵਿਚੋਂ ਦੀ ਲੰਘਦਾ ਹੋਇਆ ਆਪਣੇ ਰਥ ਵਿਚ ਬੈਠਾ ਹੋਇਆ ਧਾਰਮਿਕ ਪੋਥੀ ਪੜ੍ਹ ਰਿਹਾ ਸੀ। ਜਦੋਂ ਉਸ ਆਦਮੀ ਨੂੰ ਪੜ੍ਹੀਆਂ ਗੱਲਾਂ ਦੀ ਸਮਝ ਆਈ, ਤਾਂ ਉਸ ਉੱਤੇ ਇੰਨਾ ਅਸਰ ਪਿਆ ਕਿ ਉਸੇ ਵਕਤ ਤੋਂ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ। (ਰਸੂਲਾਂ ਦੇ ਕਰਤੱਬ 8:26-38) ਉਹ ਆਦਮੀ ਬਾਈਬਲ ਦੇ ਸਭ ਤੋਂ ਪਹਿਲੇ ਤਰਜਮੇ ਯਾਨੀ ਯੂਨਾਨੀ ਸੈਪਟੁਜਿੰਟ ਤੋਂ ਯਸਾਯਾਹ 53:7, 8 ਪੜ੍ਹ ਰਿਹਾ ਸੀ। ਬਾਈਬਲ ਦੇ ਇਸ ਤਰਜਮੇ ਨੇ ਸਦੀਆਂ ਦੌਰਾਨ ਬਾਈਬਲ ਦਾ ਸੰਦੇਸ਼ ਫੈਲਾਉਣ ਵਿਚ ਵੱਡਾ ਹਿੱਸਾ ਲਿਆ ਹੈ। ਇਸੇ ਕਰਕੇ ਇਸ ਨੂੰ ਬਾਈਬਲ ਦਾ ਉਹ ਤਰਜਮਾ ਕਿਹਾ ਗਿਆ ਹੈ ਜਿਸ ਨੇ ਦੁਨੀਆਂ ਨੂੰ ਬਦਲ ਦਿੱਤਾ ਹੈ।
ਸੈਪਟੁਜਿੰਟ ਬਾਈਬਲ ਕਦੋਂ ਅਤੇ ਕਿਨ੍ਹਾਂ ਹਾਲਾਤਾਂ ਵਿਚ ਤਿਆਰ ਕੀਤੀ ਗਈ ਸੀ? ਅਜਿਹੇ ਤਰਜਮੇ ਦੀ ਕਿਉਂ ਲੋੜ ਪਈ ਸੀ? ਸਦੀਆਂ ਦੌਰਾਨ ਇਹ ਕਿੰਨਾ ਕੁ ਫ਼ਾਇਦੇਮੰਦ ਸਾਬਤ ਹੋਇਆ ਹੈ? ਕੀ ਅਸੀਂ ਅੱਜ ਸੈਪਟੁਜਿੰਟ ਤੋਂ ਕੁਝ ਸਿੱਖ ਸਕਦੇ ਹਾਂ?
ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਲਈ ਲਿਖੀ ਗਈ
ਜਦੋਂ 332 ਸਾ.ਯੁ.ਪੂ. ਵਿਚ ਸਿਕੰਦਰ ਮਹਾਨ ਸੂਰ ਨਾਂ ਦੇ ਕਨਾਨੀ ਸ਼ਹਿਰ ਦਾ ਨਾਸ ਕਰ ਕੇ ਮਿਸਰ ਨੂੰ ਗਿਆ ਸੀ, ਤਾਂ ਉੱਥੇ ਦੇ ਲੋਕਾਂ ਨੇ ਮੁਕਤੀ ਲਿਆਉਣ ਵਾਲੇ ਵਜੋਂ ਉਸ ਦਾ ਸੁਆਗਤ ਕੀਤਾ ਸੀ। ਉੱਥੇ ਉਸ ਨੇ ਸਿਕੰਦਰੀਆ ਸ਼ਹਿਰ ਸਥਾਪਿਤ ਕੀਤਾ ਜੋ ਕਿ ਪੁਰਾਣੇ ਜ਼ਮਾਨੇ ਵਿਚ ਸਿੱਖਿਆ ਦਾ ਕੇਂਦਰ ਸੀ। ਸਿਕੰਦਰ ਚਾਹੁੰਦਾ ਸੀ ਕਿ ਜਿਨ੍ਹਾਂ ਦੇਸ਼ਾਂ ਉੱਤੇ ਉਹ ਜਿੱਤ ਪ੍ਰਾਪਤ ਕਰਦਾ ਸੀ, ਉਨ੍ਹਾਂ ਵਿਚ ਯੂਨਾਨੀ ਰੀਤਾਂ-ਰਿਵਾਜਾਂ ਨੂੰ ਫੈਲਾਇਆ ਜਾਵੇ। ਇਸ ਲਈ ਉਸ ਨੇ ਆਪਣੇ ਰਾਜ ਦੇ ਸਾਰੇ ਪਾਸੇ ਯੂਨਾਨੀਆਂ ਦੀ ਆਮ ਭਾਸ਼ਾ (ਕੋਇਨੀ) ਸਿਖਵਾਈ।
ਤੀਜੀ ਸਦੀ ਸਾ.ਯੁ.ਪੂ. ਵਿਚ ਸਿਕੰਦਰੀਆ ਸ਼ਹਿਰ ਵਿਚ ਬਹੁਤ ਸਾਰੇ ਯਹੂਦੀ ਰਹਿਣ ਲੱਗ ਪਏ ਸਨ। ਬਾਬਲ ਦੀ ਗ਼ੁਲਾਮੀ ਤੋਂ ਛੁੱਟਣ ਤੋਂ ਬਾਅਦ ਕਈ ਯਹੂਦੀ ਲੋਕ ਫਲਸਤੀਨ ਦੇ ਬਾਹਰਲੇ ਇਲਾਕਿਆਂ ਵਿਚ ਵੱਸਣ ਲੱਗ ਪਏ ਸਨ, ਪਰ ਫਿਰ ਬਾਅਦ ਵਿਚ ਉਹ ਸਿਕੰਦਰੀਆ ਵਿਚ ਰਹਿਣ ਲੱਗ ਪਏ। ਪਰ ਇਹ ਯਹੂਦੀ ਲੋਕ ਇਬਰਾਨੀ ਭਾਸ਼ਾ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦੇ ਸਨ? ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ: “ਇਹ ਗੱਲ ਜਾਣੀ-ਪਛਾਣੀ ਹੈ ਕਿ ਬਾਬਲ ਦੀ ਕੈਦ ਵਿੱਚੋਂ ਵਾਪਸ ਆਉਣ ਵਾਲੇ ਯਹੂਦੀ, ਪ੍ਰਾਚੀਨ ਇਬਰਾਨੀ ਭਾਸ਼ਾ ਨੂੰ ਕਾਫ਼ੀ ਹੱਦ ਤਕ ਭੁੱਲ ਗਏ ਸਨ। ਫਲਸਤੀਨ ਦੇ ਸਭਾ-ਘਰਾਂ ਵਿਚ ਮੂਸਾ ਦੀਆਂ ਪੋਥੀਆਂ ਪੜ੍ਹੀਆਂ ਜਾਂਦੀਆਂ ਸਨ ਅਤੇ ਫਿਰ ਬਾਬਲੀ ਭਾਸ਼ਾ ਵਿਚ ਸਮਝਾਈਆਂ ਜਾਂਦੀਆਂ ਸਨ। . . . ਸਿਕੰਦਰੀਆ ਦੇ ਯਹੂਦੀਆਂ ਨੂੰ ਸ਼ਾਇਦ ਇਬਰਾਨੀ ਭਾਸ਼ਾ ਦਾ ਇਸ ਤੋਂ ਵੀ ਘੱਟ ਗਿਆਨ ਸੀ; ਉਨ੍ਹਾਂ ਨੂੰ ਸਿਕੰਦਰੀਆ ਦੀ ਯੂਨਾਨੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ।” ਇਸ ਲਈ ਇਵੇਂ ਲੱਗਦਾ ਹੈ ਕਿ ਇਬਰਾਨੀ ਸ਼ਾਸਤਰ ਦਾ ਯੂਨਾਨੀ ਭਾਸ਼ਾ ਵਿਚ ਤਰਜਮਾ ਕਰਨ ਲਈ ਸਿਕੰਦਰੀਆ ਦਾ ਮਾਹੌਲ ਠੀਕ ਸੀ।
ਦੂਸਰੀ ਸਦੀ ਸਾ.ਯੁ.ਪੂ ਵਿਚ ਅਰਿਸਟੋਬੋਲੁਸ ਨਾਂ ਦਾ ਇਕ ਯਹੂਦੀ ਰਹਿੰਦਾ ਸੀ ਜਿਸ ਨੇ ਲਿਖਿਆ ਕਿ ਟਾਲਮੀ ਫ਼ਿਲਾਡੈਲਫ਼ਸ ਦੇ ਰਾਜ ਦੌਰਾਨ (285-246 ਸਾ.ਯੁ.ਪੂ.) ਇਬਰਾਨੀ ਬਿਵਸਥਾ ਦਾ ਯੂਨਾਨੀ ਭਾਸ਼ਾ ਵਿਚ ਇਕ ਤਰਜਮਾ ਪੂਰਾ ਕੀਤਾ ਗਿਆ ਸੀ। ਇਸ ਉੱਤੇ ਕਈਆਂ ਦੇ ਵੱਖੋ-ਵੱਖਰੇ ਵਿਚਾਰ ਹਨ ਕਿ ਅਰਿਸਟੋਬੋਲੁਸ ਕਿਸ “ਬਿਵਸਥਾ” ਬਾਰ ਗੱਲ ਕਰ ਰਿਹਾ ਸੀ। ਕੁਝ ਲੋਕ ਸੋਚਦੇ ਹਨ ਕਿ ਉਹ ਸਿਰਫ਼ ਇਬਰਾਨੀ ਸ਼ਾਸਤਰ ਦੀਆਂ ਪਹਿਲੀਆਂ ਪੰਜ ਕਿਤਾਬਾਂ ਬਾਰੇ ਗੱਲ ਕਰ ਰਿਹਾ ਸੀ ਅਤੇ ਦੂਸਰੇ ਲੋਕ ਸੋਚਦੇ ਹਨ ਕਿ ਉਹ ਪੂਰੇ ਇਬਰਾਨੀ ਸ਼ਾਸਤਰ ਦੀ ਗੱਲ ਕਰ ਰਿਹਾ ਸੀ।
ਭਾਵੇਂ ਕਿ ਲੋਕਾਂ ਦੇ ਵਿਚਾਰ ਵੱਖੋ-ਵੱਖਰੇ ਹਨ ਇਹ ਕਿਹਾ ਜਾਂਦਾ ਹੈ ਕਿ ਲਗਭਗ 72 ਯਹੂਦੀ ਵਿਦਵਾਨਾਂ ਨੇ ਇਬਰਾਨੀ ਭਾਸ਼ਾ ਤੋਂ ਯੂਨਾਨੀ ਭਾਸ਼ਾ ਵਿਚ ਪਹਿਲਾ ਤਰਜਮਾ ਕੀਤਾ ਸੀ। ਬਾਅਦ ਵਿਚ ਇਹ ਕਿਹਾ ਗਿਆ ਸੀ ਕਿ 70 ਜਣਿਆਂ ਨੇ ਇਸ ਦਾ ਤਰਜਮਾ ਕੀਤਾ ਸੀ। ਇਸ ਕਰਕੇ ਇਸ ਤਰਜਮੇ ਨੂੰ ਸੈਪਟੁਜਿੰਟ ਸੱਦਿਆ ਗਿਆ ਸੀ, ਕਿਉਂਕਿ ਸੈਪਟੁਜਿੰਟ ਦਾ ਮਤਲਬ “ਸੱਤਰ” ਹੈ। ਇਸ ਦੇ ਨਾਲ-ਨਾਲ ਇਸ ਤਰਜਮੇ ਲਈ ਅੱਖਰ LXX ਚੁਣੇ ਗਏ ਸਨ ਕਿਉਂਕਿ ਰੋਮੀ ਨੰਬਰਾਂ ਵਿਚ ਇਨ੍ਹਾਂ ਅੱਖਰਾਂ ਦਾ ਮਤਲਬ 70 ਹੈ। ਜਦੋਂ ਦੂਸਰੀ ਸਦੀ ਸਾ.ਯੁ.ਪੂ. ਪੂਰੀ ਹੋਈ, ਤਾਂ ਇਬਰਾਨੀ ਸ਼ਾਸਤਰ ਦੀਆਂ ਸਾਰੀਆਂ ਪੋਥੀਆਂ ਯੂਨਾਨੀ ਭਾਸ਼ਾ ਵਿਚ ਪੜ੍ਹੀਆਂ ਜਾ ਸਕਦੀਆਂ ਸਨ। ਇਸ ਕਰਕੇ ਯੂਨਾਨੀ ਭਾਸ਼ਾ ਵਿਚ ਤਰਜਮਾ ਕੀਤੇ ਗਏ ਸਾਰੇ ਇਬਰਾਨੀ ਸ਼ਾਸਤਰ ਨੂੰ ਸੈਪਟੁਜਿੰਟ ਕਿਹਾ ਗਿਆ ਸੀ।
ਪਹਿਲੀ ਸਦੀ ਵਿਚ ਫ਼ਾਇਦੇਮੰਦ
ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਦੇ ਦਿਨਾਂ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਦਿਨਾਂ ਦੌਰਾਨ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀ ਸੈਪਟੁਜਿੰਟ ਬਹੁਤ ਵਰਤਦੇ ਸਨ। ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯਰੂਸ਼ਲਮ ਵਿਚ ਇਕੱਠੇ ਹੋਏ ਕਈ ਯਹੂਦੀ ਅਤੇ ਨਵਧਰਮੀ ਏਸ਼ੀਆ, ਮਿਸਰ, ਲਿਬਿਯਾ, ਰੋਮ ਅਤੇ ਕਰੇਤ ਦੇ ਇਲਾਕਿਆਂ ਤੋਂ ਆਏ ਸਨ। ਇਨ੍ਹਾਂ ਇਲਾਕਿਆਂ ਵਿਚ ਲੋਕ ਯੂਨਾਨੀ ਭਾਸ਼ਾ ਬੋਲਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਸੈਪਟੁਜਿੰਟ ਤੋਂ ਪੜ੍ਹਦੇ ਸਨ। (ਰਸੂਲਾਂ ਦੇ ਕਰਤੱਬ 2:9-11) ਇਸ ਲਈ ਇਸ ਤਰਜਮੇ ਨੇ ਪਹਿਲੀ ਸਦੀ ਵਿਚ ਖ਼ੁਸ਼ ਖ਼ਬਰੀ ਫੈਲਾਉਣ ਦੇ ਕੰਮ ਨੂੰ ਅੱਗੇ ਵਧਾਇਆ।
ਮਿਸਾਲ ਲਈ, ਜਦੋਂ ਇਸਤੀਫ਼ਾਨ ਨਾਂ ਦੇ ਯਿਸੂ ਦੇ ਚੇਲੇ ਨੇ ਕੁਰੇਨੀ, ਸਿਕੰਦਰੀਆ, ਕਿਲਿਕਿਯਾ ਅਤੇ ਏਸ਼ੀਆ ਦੇ ਲੋਕਾਂ ਨਾਲ ਗੱਲ ਕੀਤੀ ਸੀ, ਉਸ ਨੇ ਕਿਹਾ: “ਯੂਸੁਫ਼ ਨੇ ਆਪਣੇ ਪਿਉ ਯਾਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ ਜੋ ਪੰਝੱਤਰ ਪ੍ਰਾਣੀ ਸਨ [ਕਨਾਨ ਤੋਂ] ਮੰਗਾ ਲਿਆ।” (ਰਸੂਲਾਂ ਦੇ ਕਰਤੱਬ 6:8-10; 7:12-14) ਇਬਰਾਨੀ ਲਿਖਤ ਵਿਚ ਉਤਪਤ ਦੇ 46ਵੇਂ ਅਧਿਆਇ ਵਿਚ ਕਿਹਾ ਗਿਆ ਹੈ ਕਿ ਯੂਸੁਫ਼ ਦੇ ਰਿਸ਼ਤੇਦਾਰਾਂ ਦੀ ਗਿਣਤੀ ਸੱਤਰ ਸੀ। ਪਰ ਸੈਪਟੁਜਿੰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਗਿਣਤੀ ਪੰਝੱਤਰ ਸੀ। ਇਸ ਲਈ ਜ਼ਾਹਰ ਹੁੰਦਾ ਹੈ ਕਿ ਇਸਤੀਫ਼ਾਨ ਸੈਪਟੁਜਿੰਟ ਤੋਂ ਹਵਾਲਾ ਦੇ ਰਿਹਾ ਸੀ।—ਉਤਪਤ 46:20, 26, 27.
ਪੌਲੁਸ ਰਸੂਲ ਨੇ ਆਪਣੇ ਦੂਸਰੇ ਅਤੇ ਤੀਸਰੇ ਮਿਸ਼ਨਰੀ ਦੌਰੇ ਦੌਰਾਨ ਏਸ਼ੀਆ ਮਾਈਨਰ ਅਤੇ ਯੂਨਾਨ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਕਈ ਗ਼ੈਰ-ਯਹੂਦੀਆਂ ਅਤੇ ਪਰਮੇਸ਼ੁਰ ਦੀ ‘ਭਗਤੀ ਕਰਨ ਵਾਲੇ ਯੂਨਾਨੀਆਂ’ ਨੂੰ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 13:16, 26; 17:4) ਇਨ੍ਹਾਂ ਲੋਕਾਂ ਨੇ ਸੈਪਟੁਜਿੰਟ ਤੋਂ ਪਰਮੇਸ਼ੁਰ ਬਾਰੇ ਕੁਝ ਗਿਆਨ ਹਾਸਲ ਕਰ ਕੇ ਪਰਮੇਸ਼ੁਰ ਦਾ ਭੈ ਰੱਖਣਾ ਜਾਂ ਉਸ ਦੀ ਭਗਤੀ ਕਰਨੀ ਸਿੱਖੀ ਸੀ। ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦੇ ਹੋਏ ਪੌਲੁਸ ਅਕਸਰ ਉਸ ਤਰਜਮੇ ਤੋਂ ਹਵਾਲੇ ਦਿੰਦਾ ਹੁੰਦਾ ਸੀ।—ਉਤਪਤ 22:18; ਗਲਾਤੀਆਂ 3:8.
ਮਸੀਹੀ ਯੂਨਾਨੀ ਸ਼ਾਸਤਰ ਵਿਚ ਕੁਝ 320 ਹਵਾਲੇ ਹਨ ਜੋ ਸਿੱਧੇ ਇਬਰਾਨੀ ਸ਼ਾਸਤਰ ਤੋਂ ਲਏ ਗਏ ਹਨ ਅਤੇ ਕੁੱਲ ਮਿਲਾ ਕੇ ਕੁਝ 890 ਹਵਾਲੇ ਹਨ ਜੋ ਇਬਰਾਨੀ ਸ਼ਾਸਤਰ ਵਿਚ ਲਿਖੀਆਂ ਗੱਲਾਂ ਵੱਲ ਸੰਕੇਤ ਕਰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਵਾਲੇ ਸੈਪਟੁਜਿੰਟ ਉੱਤੇ ਆਧਾਰਿਤ ਹਨ। ਇਸ ਕਰਕੇ ਇਬਰਾਨੀ ਹੱਥ-ਲਿਖਤ ਹਵਾਲਿਆਂ ਦੀ ਬਜਾਇ ਜਿਹੜੇ ਹਵਾਲੇ ਸੈਪਟੁਜਿੰਟ ਤੋਂ ਲਏ ਗਏ ਸਨ, ਉਹ ਪ੍ਰੇਰਿਤ ਮਸੀਹੀ ਯੂਨਾਨੀ ਸ਼ਾਸਤਰ ਦਾ ਹਿੱਸਾ ਬਣ ਗਏ। ਇਹ ਗੱਲ ਕਿੰਨੀ ਅਹਿਮ ਸੀ! ਯਿਸੂ ਨੇ ਪਹਿਲਾਂ ਹੀ ਕਿਹਾ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ। (ਮੱਤੀ 24:14) ਇਹ ਗੱਲ ਪੂਰੀ ਕਰਨ ਲਈ ਯਹੋਵਾਹ ਨੇ ਆਪਣੇ ਪ੍ਰੇਰਿਤ ਬਚਨ ਦਾ ਤਰਜਮਾ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਕਰਵਾਉਣਾ ਸੀ ਤਾਂਕਿ ਦੁਨੀਆਂ ਭਰ ਦੇ ਲੋਕ ਇਸ ਨੂੰ ਪੜ੍ਹ ਸਕਣ।
ਅੱਜ ਦੇ ਦਿਨਾਂ ਵਿਚ ਫ਼ਾਇਦੇਮੰਦ
ਸੈਪਟੁਜਿੰਟ ਬਾਈਬਲ ਅੱਜ ਦੇ ਦਿਨਾਂ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਇਹ ਉਨ੍ਹਾਂ ਗ਼ਲਤੀਆਂ ਨੂੰ ਲੱਭਣ ਵਿਚ ਮਦਦ ਕਰਦੀ ਹੈ ਜੋ ਇਬਰਾਨੀ ਹੱਥ-ਲਿਖਤਾਂ ਦੀ ਨਕਲ ਕਰਦੇ ਸਮੇਂ ਨਕਲਨਵੀਸਾਂ ਦੁਆਰਾ ਕੀਤੀਆਂ ਗਈਆਂ ਸਨ। ਮਿਸਾਲ ਲਈ, ਉਤਪਤ 4:8 ਦਾ ਬਿਰਤਾਂਤ ਕਹਿੰਦਾ ਹੈ: “ਫੇਰ ਕਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ [“ਆ ਅਸੀਂ ਬਾਹਰ ਖੇਤ ਵਿਚ ਚਲੀਏ,” ਪਵਿੱਤਰ ਬਾਈਬਲ ਨਵਾਂ ਅਨੁਵਾਦ।] ਅਤੇ ਜਦ ਓਹ ਖੇਤ ਵਿੱਚ ਸਨ ਤਾਂ ਐਉਂ ਹੋਇਆ ਕਿ ਕਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ।”
ਇਹ ਸ਼ਬਦ “ਆ ਅਸੀਂ ਬਾਹਰ ਖੇਤ ਵਿਚ ਚਲੀਏ” ਦਸਵੀਂ ਸਦੀ ਸਾ.ਯੁ. ਦੀਆਂ ਅਤੇ ਬਾਅਦ ਦੀਆਂ ਇਬਰਾਨੀ ਹੱਥ-ਲਿਖਤਾਂ ਵਿਚ ਨਹੀਂ ਹਨ। ਲੇਕਿਨ ਇਨ੍ਹਾਂ ਤੋਂ ਪੁਰਾਣੀਆਂ ਸੈਪਟੁਜਿੰਟ ਲਿਖਤਾਂ ਅਤੇ ਹੋਰ ਮੁਢਲੀਆਂ ਲਿਖਤਾਂ ਵਿਚ ਇਹ ਸ਼ਬਦ ਸ਼ਾਮਲ ਹਨ। ਇਬਰਾਨੀ ਹੱਥ-ਲਿਖਤਾਂ ਵਿਚ ਸੰਕੇਤ ਕੀਤਾ ਗਿਆ ਹੈ ਕਿ ਕਇਨ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਪਰ ਇਹ ਨਹੀਂ ਲਿਖਿਆ ਗਿਆ ਕਿ ਉਸ ਨੇ ਕੀ ਕਿਹਾ ਸੀ। ਇਸ ਤਰ੍ਹਾਂ ਕਿਵੇਂ ਹੋਇਆ? ਉਤਪਤ 4:8 ਵਿਚ ਸ਼ਬਦ “ਖੇਤ ਵਿਚ” ਦੋ ਵਾਰ ਵਰਤੇ ਗਏ ਹਨ। ਇਸ ਲਈ ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਇਹ ਸੁਝਾਅ ਪੇਸ਼ ਕਰਦਾ ਹੈ ਕਿ ‘ਸ਼ਾਇਦ ਇਬਰਾਨੀ ਨਕਲ ਕਰਨ ਵਾਲੇ ਦੀ ਨਜ਼ਰ ਪਹਿਲੇ ਨੂੰ ਛੱਡ ਕੇ ਦੂਸਰੇ ਵਾਕ ਤੇ ਚਲੇ ਗਈ ਹੋਵੇ।’ ਇਸ ਤਰ੍ਹਾਂ ਸ਼ਾਇਦ ਨਕਲ ਕਰਨ ਵਾਲੇ ਨੇ ਪਹਿਲੇ ਵਾਕ, ਜੋ “ਖੇਤ ਵਿਚ ਚਲੀਏ” ਨਾਲ ਖ਼ਤਮ ਹੁੰਦਾ ਹੈ, ਨੂੰ ਭੁਲੇਖੇ ਨਾਲ ਛੱਡ ਦਿੱਤਾ। ਇਹ ਗੱਲ ਸਾਫ਼ ਹੈ ਕਿ ਇਬਰਾਨੀ ਕਾਪੀਆਂ ਵਿਚ ਗ਼ਲਤੀਆਂ ਲੱਭਣ ਲਈ ਸੈਪਟੁਜਿੰਟ ਅਤੇ ਹੋਰ ਪੁਰਾਣੀਆਂ ਹੱਥ-ਲਿਖਤਾਂ ਫ਼ਾਇਦੇਮੰਦ ਹਨ।
ਪਰ ਸੈਪਟੁਜਿੰਟ ਦੀਆਂ ਕਾਪੀਆਂ ਵਿਚ ਵੀ ਗ਼ਲਤੀਆਂ ਲੱਭੀਆਂ ਜਾਂਦੀਆਂ ਹਨ। ਕਦੀ-ਕਦੀ ਯੂਨਾਨੀ ਤਰਜਮੇ ਦੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਇਬਰਾਨੀ ਤਰਜਮੇ ਵਿਚ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਇਬਰਾਨੀ ਲਿਖਤਾਂ ਦੀ ਤੁਲਨਾ ਯੂਨਾਨੀ ਅਤੇ ਹੋਰ ਭਾਸ਼ਾਵਾਂ ਦੇ ਤਰਜਮਿਆਂ ਨਾਲ ਕਰਨ ਦੁਆਰਾ ਤਰਜਮਾ ਕਰਨ ਵਾਲਿਆਂ ਅਤੇ ਨਕਲਨਵੀਸਾਂ ਦੀਆਂ ਗ਼ਲਤੀਆਂ ਬਾਰੇ ਪਤਾ ਲੱਗ ਜਾਂਦਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਸਾਡੇ ਕੋਲ ਪਰਮੇਸ਼ੁਰ ਦੇ ਬਚਨ ਦਾ ਸਹੀ ਤਰਜਮਾ ਹੈ।
ਅੱਜ ਸੈਪਟੁਜਿੰਟ ਦੀਆਂ ਪੂਰੀਆਂ ਕਾਪੀਆਂ ਮਿਲ ਸਕਦੀਆਂ ਹਨ ਜੋ ਚੌਥੀ ਸਦੀ ਸਾ.ਯੁ. ਵਿਚ ਲਿਖੀਆਂ ਗਈਆਂ ਸਨ। ਅਜਿਹੀਆਂ ਹੱਥ-ਲਿਖਤਾਂ ਅਤੇ ਇਨ੍ਹਾਂ ਤੋਂ ਬਾਅਦ ਲਿਖੀਆਂ ਗਈਆਂ ਕਾਪੀਆਂ ਵਿਚ ਪਵਿੱਤਰ ਨਾਂ, ਯਹੋਵਾਹ, ਨਹੀਂ ਹੈ ਜੋ ਕਿ ਚਾਰ ਇਬਰਾਨੀ ਅੱਖਰਾਂ ਦੁਆਰਾ ਦਰਸਾਇਆ ਜਾਂਦਾ ਹੈ। ਇਬਰਾਨੀ ਲਿਖਤਾਂ ਵਿਚ ਜਿੱਥੇ ਵੀ ਇਹ ਚੌ-ਵਰਣੀ ਸ਼ਬਦ ਆਉਂਦਾ ਹੈ ਸੈਪਟੁਜਿੰਟ ਦੀਆਂ ਕਾਪੀਆਂ ਵਿਚ ਯੂਨਾਨੀ ਸ਼ਬਦ “ਪਰਮੇਸ਼ੁਰ” ਜਾਂ “ਪ੍ਰਭੂ” ਵਰਤਿਆ ਗਿਆ ਹੈ। ਲੇਕਿਨ, ਤਕਰੀਬਨ 50 ਸਾਲ ਪਹਿਲਾਂ ਫਲਸਤੀਨ ਵਿਚ ਇਕ ਲੱਭਤ ਰਾਹੀਂ ਇਸ ਗੱਲ ਦਾ ਹੱਲ ਮਿਲਿਆ। ਮ੍ਰਿਤ ਸਾਗਰ ਦੇ ਪੱਛਮੀ ਕਿਨਾਰੇ ਲਾਗੇ ਗੁਫ਼ਾਵਾਂ ਦੀ ਖੋਜ ਕਰ ਰਹੇ ਕੁਝ ਖੋਜਕਾਰਾਂ ਨੇ ਯੂਨਾਨੀ ਭਾਸ਼ਾ ਵਿਚ ਲਿਖੇ ਗਏ 12 ਨਬੀਆਂ (ਹੋਸ਼ੇਆ ਤੋਂ ਲੈ ਕੇ ਮਲਾਕੀ ਤਕ) ਦੀਆਂ ਪੁਰਾਣੀਆਂ ਪੱਤਰੀਆਂ ਦੇ ਟੁਕੜੇ ਲੱਭੇ। ਇਹ ਲਿਖਤਾਂ ਲਗਭਗ 50 ਸਾ.ਯੁ.ਪੂ. ਤੇ 50 ਸਾ.ਯੁ. ਦਰਮਿਆਨ ਲਿਖੀਆਂ ਗਈਆਂ ਸਨ। ਇਨ੍ਹਾਂ ਪੁਰਾਣਿਆਂ ਟੁਕੜਿਆਂ ਵਿਚ ਚੌ-ਵਰਣੀ ਸ਼ਬਦ ਦੀ ਥਾਂ ਯੂਨਾਨੀ ਸ਼ਬਦ “ਪਰਮੇਸ਼ੁਰ” ਜਾਂ “ਪ੍ਰਭੂ” ਨਹੀਂ ਲਿਖਿਆ ਗਿਆ ਸੀ। ਇਸ ਤਰ੍ਹਾਂ ਇਹ ਸਾਬਤ ਹੋਇਆ ਕਿ ਸੈਪਟੁਜਿੰਟ ਦੇ ਮੁਢਲੇ ਤਰਜਮਿਆਂ ਵਿਚ ਈਸ਼ਵਰੀ ਨਾਂ ਲਿਖਿਆ ਹੋਇਆ ਸੀ।
ਸਾਲ 1971 ਵਿਚ ਇਕ ਪੁਰਾਣੀ ਪਪਾਇਰਸ ਲਿਖਤ (ਫੋਆਦ 266 ਪਪਾਇਰੀ) ਦੇ ਟੁਕੜਿਆਂ ਬਾਰੇ ਜਾਣਕਾਰੀ ਰਿਲੀਸ ਕੀਤੀ ਗਈ ਸੀ। ਪਹਿਲੀ ਜਾਂ ਦੂਸਰੀ ਸਦੀ ਸਾ.ਯੁ.ਪੂ. ਵਿਚ ਲਿਖੇ ਗਏ ਸੈਪਟੁਜਿੰਟ ਦੇ ਇਨ੍ਹਾਂ ਹਿੱਸਿਆਂ ਨੇ ਕੀ ਦਿਖਾਇਆ ਸੀ? ਇਨ੍ਹਾਂ ਵਿਚ ਵੀ ਈਸ਼ਵਰੀ ਨਾਂ ਪਾਇਆ ਗਿਆ ਸੀ। ਸੈਪਟੁਜਿੰਟ ਦੇ ਇਨ੍ਹਾਂ ਪੁਰਾਣੇ ਹਿੱਸਿਆਂ ਨੇ ਸਾਬਤ ਕੀਤਾ ਕਿ ਯਿਸੂ ਅਤੇ ਪਹਿਲੀ ਸਦੀ ਵਿਚ ਉਸ ਦੇ ਚੇਲੇ ਪਰਮੇਸ਼ੁਰ ਦਾ ਨਾਂ ਜਾਣਦੇ ਸਨ ਅਤੇ ਵਰਤਦੇ ਸਨ।
ਅੱਜ ਬਾਈਬਲ ਦਾ ਤਰਜਮਾ ਇਤਿਹਾਸ ਦੀ ਕਿਸੇ ਵੀ ਹੋਰ ਕਿਤਾਬ ਨਾਲੋਂ ਜ਼ਿਆਦਾ ਕੀਤਾ ਗਿਆ ਹੈ। ਦੁਨੀਆਂ ਭਰ ਵਿਚ 90 ਫੀ ਸਦੀ ਲੋਕਾਂ ਕੋਲ ਆਪਣੀ ਭਾਸ਼ਾ ਵਿਚ ਜਾਂ ਤਾਂ ਪੂਰੀ ਬਾਈਬਲ ਹੈ ਜਾਂ ਉਸ ਦੇ ਕੁਝ ਹਿੱਸੇ ਹਨ। ਅਸੀਂ ਖ਼ਾਸ ਕਰਕੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਲਈ ਸ਼ੁਕਰ ਕਰਦੇ ਹਾਂ ਜੋ ਪੂਰੀ ਜਾਂ ਜਿਸ ਦੇ ਕੁਝ ਹਿੱਸੇ ਹੁਣ 40 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਹਨ। ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਵਿਚ ਸੈਂਕੜੇ ਫੁਟਨੋਟ ਹਨ ਜੋ ਸੈਪਟੁਜਿੰਟ ਅਤੇ ਹੋਰ ਪੁਰਾਣੀਆਂ ਲਿਖਤਾਂ ਵੱਲ ਧਿਆਨ ਖਿੱਚਦੇ ਹਨ। ਜੀ ਹਾਂ, ਬਾਈਬਲ ਦੇ ਵਿਦਿਆਰਥੀਆਂ ਲਈ ਅੱਜ ਵੀ ਸੈਪਟੁਜਿੰਟ ਬਹੁਤ ਫ਼ਾਇਦੇਮੰਦ ਹੈ।
[ਸਫ਼ੇ 26 ਉੱਤੇ ਤਸਵੀਰ]
ਫ਼ਿਲਿੱਪੁਸ ਨਾਂ ਦੇ ਚੇਲੇ ਨੇ “ਸੈਪਟੁਜਿੰਟ” ਦੇ ਹਵਾਲੇ ਨੂੰ ਸਮਝਾਇਆ ਸੀ
[ਸਫ਼ੇ 29 ਉੱਤੇ ਤਸਵੀਰਾਂ]
ਪੌਲੁਸ ਰਸੂਲ ਅਕਸਰ “ਸੈਪਟੁਜਿੰਟ” ਤੋਂ ਹਵਾਲੇ ਦਿੰਦਾ ਹੁੰਦਾ ਸੀ