ਮਸੀਹੀ ਅਤੇ ਮਨੁੱਖਜਾਤੀ ਦਾ ਜਗਤ
“ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ।”—ਕੁਲੁੱਸੀਆਂ 4:5.
1. ਯਿਸੂ ਨੇ ਆਪਣੇ ਪੈਰੋਕਾਰਾਂ ਅਤੇ ਜਗਤ ਦੇ ਸੰਬੰਧ ਵਿਚ ਕੀ ਕਿਹਾ ਸੀ?
ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਵਿਚ, ਯਿਸੂ ਨੇ ਆਪਣੇ ਪੈਰੋਕਾਰਾਂ ਬਾਰੇ ਕਿਹਾ: “ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” ਫਿਰ ਉਸ ਨੇ ਅੱਗੇ ਕਿਹਾ: “ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ।” (ਯੂਹੰਨਾ 17:14, 15) ਮਸੀਹੀਆਂ ਨੂੰ ਸਰੀਰਕ ਤੌਰ ਤੇ ਜਗਤ ਤੋਂ ਵੱਖਰੇ ਨਹੀਂ ਹੋਣਾ ਸੀ—ਉਦਾਹਰਣ ਲਈ, ਈਸਾਈ ਮੱਠਾਂ ਵਿਚ ਸੰਨਿਆਸ ਲੈਣ ਦੁਆਰਾ। ਇਸ ਦੀ ਬਜਾਇ, ਮਸੀਹ ਨੇ “ਓਹਨਾਂ ਨੂੰ ਜਗਤ ਵਿੱਚ ਘੱਲਿਆ,” ਤਾਂਕਿ ਉਹ “ਧਰਤੀ ਦੇ ਬੰਨੇ ਤੀਕੁਰ” ਉਸ ਦੇ ਗਵਾਹ ਹੋਣ। (ਯੂਹੰਨਾ 17:18; ਰਸੂਲਾਂ ਦੇ ਕਰਤੱਬ 1:8) ਫਿਰ ਵੀ ਉਸ ਨੇ ਪਰਮੇਸ਼ੁਰ ਨੂੰ ਉਨ੍ਹਾਂ ਦੀ ਰੱਖਿਆ ਕਰਨ ਲਈ ਕਿਹਾ ਕਿਉਂਕਿ ਸ਼ਤਾਨ, “ਇਸ ਜਗਤ ਦਾ ਸਰਦਾਰ,” ਮਸੀਹ ਦੇ ਨਾਂ ਦੇ ਕਾਰਨ ਉਨ੍ਹਾਂ ਵਿਰੁੱਧ ਨਫ਼ਰਤ ਭੜਕਾਏਗਾ।—ਯੂਹੰਨਾ 12:31; ਮੱਤੀ 24:9.
2. (ੳ) ਬਾਈਬਲ ਸ਼ਬਦ “ਜਗਤ” ਦਾ ਪ੍ਰਯੋਗ ਕਿਵੇਂ ਕਰਦੀ ਹੈ? (ਅ) ਯਹੋਵਾਹ ਜਗਤ ਦੇ ਪ੍ਰਤੀ ਕਿਹੜੀ ਸੰਤੁਲਿਤ ਮਨੋਬਿਰਤੀ ਦਿਖਾਉਂਦਾ ਹੈ?
2 ਬਾਈਬਲ ਵਿਚ, ਸ਼ਬਦ “ਜਗਤ” (ਯੂਨਾਨੀ, ਕੌਸਮੌਸ) ਅਕਸਰ ਕੁਧਰਮੀ ਮਾਨਵ ਸਮਾਜ ਵੱਲ ਇਸ਼ਾਰਾ ਕਰਦਾ ਹੈ, ਜੋ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਕਿਉਂਕਿ ਮਸੀਹੀ ਯਹੋਵਾਹ ਦੇ ਮਿਆਰਾਂ ਦੀ ਪਾਲਣਾ ਕਰਦੇ ਹਨ ਅਤੇ ਜਗਤ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੁਕਮ ਦੀ ਪਾਲਣਾ ਕਰਦੇ ਹਨ, ਕਦੇ-ਕਦੇ ਉਨ੍ਹਾਂ ਵਿਚ ਅਤੇ ਜਗਤ ਵਿਚ ਇਕ ਤਣਾਅ ਭਰਿਆ ਰਿਸ਼ਤਾ ਰਿਹਾ ਹੈ। (2 ਤਿਮੋਥਿਉਸ 3:12; 1 ਯੂਹੰਨਾ 3:1, 13) ਪਰੰਤੂ, ਕੌਸਮੌਸ ਸ਼ਾਸਤਰ ਵਿਚ ਸਾਧਾਰਣ ਰੂਪ ਵਿਚ ਮਾਨਵ ਪਰਿਵਾਰ ਲਈ ਵੀ ਵਰਤਿਆ ਜਾਂਦਾ ਹੈ। ਇਸ ਭਾਵ ਵਿਚ ਜਗਤ ਬਾਰੇ ਗੱਲ ਕਰਦੇ ਹੋਏ, ਯਿਸੂ ਨੇ ਕਿਹਾ: “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ਪਰਮੇਸ਼ੁਰ ਨੇ ਪੁੱਤ੍ਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।” (ਯੂਹੰਨਾ 3:16, 17; 2 ਕੁਰਿੰਥੀਆਂ 5:19; 1 ਯੂਹੰਨਾ 4:14) ਇਸ ਲਈ, ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦੇ ਹੋਏ ਜੋ ਸ਼ਤਾਨ ਦੀ ਦੁਸ਼ਟ ਵਿਵਸਥਾ ਦੀਆਂ ਵਿਸ਼ੇਸ਼ਤਾਵਾਂ ਹਨ, ਯਹੋਵਾਹ ਨੇ ਉਨ੍ਹਾਂ ਸਾਰਿਆਂ ਨੂੰ ਬਚਾਉਣ ਲਈ ਜੋ ‘ਤੋਬਾ ਵੱਲ ਮੁੜਨਗੇ,’ ਆਪਣੇ ਪੁੱਤਰ ਨੂੰ ਧਰਤੀ ਉੱਤੇ ਘੱਲ ਕੇ ਮਨੁੱਖਜਾਤੀ ਲਈ ਆਪਣਾ ਪ੍ਰੇਮ ਦਿਖਾਇਆ। (2 ਪਤਰਸ 3:9; ਕਹਾਉਤਾਂ 6:16-19) ਜਗਤ ਪ੍ਰਤੀ ਯਹੋਵਾਹ ਦੀ ਸੰਤੁਲਿਤ ਮਨੋਬਿਰਤੀ ਨੂੰ ਉਸ ਦੇ ਉਪਾਸਕਾਂ ਨੂੰ ਮਾਰਗ-ਦਰਸ਼ਿਤ ਕਰਨਾ ਚਾਹੀਦਾ ਹੈ।
ਯਿਸੂ ਦੀ ਉਦਾਹਰਣ
3, 4. (ੳ) ਯਿਸੂ ਨੇ ਹਕੂਮਤ ਪ੍ਰਤੀ ਕਿਹੜਾ ਦ੍ਰਿਸ਼ਟੀਕੋਣ ਅਪਣਾਇਆ ਸੀ? (ਅ) ਯਿਸੂ ਮਨੁੱਖਜਾਤੀ ਦੇ ਜਗਤ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦਾ ਸੀ?
3 ਆਪਣੀ ਮੌਤ ਤੋਂ ਥੋੜ੍ਹਾ ਚਿਰ ਪਹਿਲਾਂ, ਯਿਸੂ ਨੇ ਪੁੰਤਿਯੁਸ ਪਿਲਾਤੁਸ ਨੂੰ ਦੱਸਿਆ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 18:36) ਇਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ, ਯਿਸੂ ਨੇ ਪਹਿਲਾਂ ਸ਼ਤਾਨ ਵੱਲੋਂ ਦੁਨੀਆਂ ਦੀਆਂ ਪਾਤਸ਼ਾਹੀਆਂ ਉੱਤੇ ਇਖ਼ਤਿਆਰ ਦੇਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਅਤੇ ਉਸ ਨੇ ਯਹੂਦੀਆਂ ਵੱਲੋਂ ਪਾਤਸ਼ਾਹ ਬਣਾਏ ਜਾਣ ਤੋਂ ਇਨਕਾਰ ਕਰ ਦਿੱਤਾ ਸੀ। (ਲੂਕਾ 4:5-8; ਯੂਹੰਨਾ 6:14, 15) ਫਿਰ ਵੀ, ਯਿਸੂ ਨੇ ਮਨੁੱਖਜਾਤੀ ਦੇ ਜਗਤ ਲਈ ਵੱਡਾ ਪ੍ਰੇਮ ਦਿਖਾਇਆ। ਇਸ ਦੀ ਇਕ ਉਦਾਹਰਣ ਬਾਰੇ ਰਸੂਲ ਮੱਤੀ ਨੇ ਦੱਸਿਆ ਸੀ: “ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” ਪ੍ਰੇਮ ਦੇ ਕਾਰਨ, ਉਸ ਨੇ ਉਨ੍ਹਾਂ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਕੀਤਾ। ਉਸ ਨੇ ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੇ ਰੋਗਾਂ ਨੂੰ ਚੰਗਾ ਕੀਤਾ। (ਮੱਤੀ 9:36) ਉਹ ਉਨ੍ਹਾਂ ਲੋਕਾਂ ਦੀਆਂ ਭੌਤਿਕ ਜ਼ਰੂਰਤਾਂ ਪ੍ਰਤੀ ਵੀ ਸਚੇਤ ਸੀ ਜੋ ਉਸ ਕੋਲੋਂ ਸਿੱਖਣ ਲਈ ਆਏ। ਅਸੀਂ ਪੜ੍ਹਦੇ ਹਾਂ: “ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਰ ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆ ਵਿਦਿਆ ਕਰਾਂ ਮਤੇ ਓਹ ਰਸਤੇ ਵਿੱਚ ਹੁੱਸ ਜਾਣ।” (ਮੱਤੀ 15:32) ਕਿੰਨੀ ਪ੍ਰੇਮਮਈ ਚਿੰਤਾ!
4 ਯਹੂਦੀ ਲੋਕ ਸਾਮਰੀਆਂ ਨਾਲ ਸਖ਼ਤ ਪੱਖਪਾਤ ਕਰਦੇ ਸਨ, ਪਰੰਤੂ ਯਿਸੂ ਨੇ ਇਕ ਸਾਮਰੀ ਤੀਵੀਂ ਨਾਲ ਖੁੱਲ੍ਹ ਕੇ ਗੱਲ ਕੀਤੀ ਅਤੇ ਇਕ ਸਾਮਰੀ ਸ਼ਹਿਰ ਵਿਚ ਦੋ ਦਿਨ ਤਕ ਚੰਗੀ ਤਰ੍ਹਾਂ ਗਵਾਹੀ ਦਿੱਤੀ। (ਯੂਹੰਨਾ 4:5-42) ਭਾਵੇਂ ਕਿ ਪਰਮੇਸ਼ੁਰ ਨੇ ਉਸ ਨੂੰ “ਇਸਰਾਏਲ ਦੇ ਪਰਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ” ਕੋਲ ਘੱਲਿਆ ਸੀ, ਯਿਸੂ ਨੇ ਕਈ ਮੌਕਿਆਂ ਤੇ ਦੂਸਰੇ ਗ਼ੈਰ-ਯਹੂਦੀਆਂ ਦੀ ਨਿਹਚਾ ਦੇ ਪ੍ਰਗਟਾਵਿਆਂ ਪ੍ਰਤੀ ਵੀ ਪ੍ਰਤੀਕ੍ਰਿਆ ਦਿਖਾਈ। (ਮੱਤੀ 8:5-13; 15:21-28) ਜੀ ਹਾਂ, ਯਿਸੂ ਨੇ ਪ੍ਰਦਰਸ਼ਿਤ ਕੀਤਾ ਕਿ ‘ਜਗਤ ਦੇ ਨਾ ਹੋਣ’ ਦੇ ਨਾਲ-ਨਾਲ, ਮਨੁੱਖਜਾਤੀ ਦੇ ਜਗਤ ਲਈ, ਅਰਥਾਤ ਲੋਕਾਂ ਲਈ ਪ੍ਰੇਮ ਦਿਖਾਉਣਾ ਸੰਭਵ ਹੈ। ਕੀ ਅਸੀਂ ਵੀ ਉੱਥੇ ਦੇ ਲੋਕਾਂ ਲਈ ਸਮਾਨ ਦਇਆ ਦਿਖਾਉਂਦੇ ਹਾਂ ਜਿੱਥੇ ਅਸੀਂ ਰਹਿੰਦੇ ਹਾਂ, ਕੰਮ ਕਰਦੇ ਹਾਂ, ਜਾਂ ਆਪਣੀ ਖ਼ਰੀਦਾਰੀ ਕਰਦੇ ਹਾਂ? ਕੀ ਅਸੀਂ ਉਨ੍ਹਾਂ ਦੇ ਕਲਿਆਣ ਲਈ ਚਿੰਤਾ ਦਿਖਾਉਂਦੇ ਹਾਂ—ਸਿਰਫ਼ ਉਨ੍ਹਾਂ ਦੀਆਂ ਅਧਿਆਤਮਿਕ ਜ਼ਰੂਰਤਾਂ ਲਈ ਹੀ ਨਹੀਂ, ਪਰੰਤੂ ਦੂਸਰੀਆਂ ਜ਼ਰੂਰਤਾਂ ਲਈ ਵੀ ਜੇਕਰ ਮਦਦ ਕਰਨੀ ਜਾਇਜ਼ ਤੌਰ ਤੇ ਸਾਡੇ ਵੱਸ ਵਿਚ ਹੈ? ਯਿਸੂ ਨੇ ਇਸ ਤਰ੍ਹਾਂ ਕੀਤਾ ਸੀ, ਅਤੇ ਇਸ ਤਰ੍ਹਾਂ ਕਰਨ ਦੁਆਰਾ ਉਸ ਨੇ ਰਾਜ ਬਾਰੇ ਲੋਕਾਂ ਨੂੰ ਸਿਖਾਉਣ ਦਾ ਰਾਹ ਖੋਲ੍ਹਿਆ। ਇਹ ਸੱਚ ਹੈ ਕਿ ਅਸੀਂ ਯਿਸੂ ਦੀ ਤਰ੍ਹਾਂ ਸੱਚ-ਮੁੱਚ ਚਮਤਕਾਰ ਨਹੀਂ ਕਰ ਸਕਦੇ ਹਾਂ। ਪਰੰਤੂ ਦਿਆਲਗੀ ਦਾ ਇਕ ਕੰਮ ਅਕਸਰ ਪੂਰਵ-ਧਾਰਣਾਵਾਂ ਨੂੰ ਖ਼ਤਮ ਕਰਨ ਵਿਚ ਮਾਨੋ ਚਮਤਕਾਰ ਕਰਦਾ ਹੈ।
“ਬਾਹਰਲਿਆਂ” ਲੋਕਾਂ ਪ੍ਰਤੀ ਪੌਲੁਸ ਦੀ ਮਨੋਬਿਰਤੀ
5, 6. ਪੌਲੁਸ ਰਸੂਲ ਉਨ੍ਹਾਂ ਯਹੂਦੀਆਂ ਨਾਲ ਕਿਵੇਂ ਪੇਸ਼ ਆਇਆ ਜੋ ‘ਬਾਹਰ ਵਾਲੇ’ ਸਨ?
5 ਆਪਣੀਆਂ ਬਹੁਤ ਸਾਰੀਆਂ ਪੱਤ੍ਰੀਆਂ ਵਿਚ, ਪੌਲੁਸ ਰਸੂਲ “ਬਾਹਰਲਿਆਂ” ਲੋਕਾਂ ਦਾ ਜਾਂ “ਬਾਹਰ ਵਾਲਿਆਂ” ਦਾ ਜ਼ਿਕਰ ਕਰਦਾ ਹੈ, ਭਾਵ ਗ਼ੈਰ-ਮਸੀਹੀ, ਚਾਹੇ ਉਹ ਯਹੂਦੀ ਹਨ ਜਾਂ ਗ਼ੈਰ-ਯਹੂਦੀ। (1 ਕੁਰਿੰਥੀਆਂ 5:12; 1 ਥੱਸਲੁਨੀਕੀਆਂ 4:12; 1 ਤਿਮੋਥਿਉਸ 3:7) ਉਹ ਅਜਿਹਿਆਂ ਲੋਕਾਂ ਨਾਲ ਕਿਵੇਂ ਪੇਸ਼ ਆਇਆ? ਉਹ ‘ਸਭਨਾਂ ਲਈ ਸਭ ਕੁਝ ਬਣਿਆ ਤਾਂ ਜੋ ਉਹ ਹਰ ਤਰਾਂ ਨਾਲ ਕਈਆਂ ਨੂੰ ਬਚਾਵੇ।’ (1 ਕੁਰਿੰਥੀਆਂ 9:20-22) ਜਦੋਂ ਉਹ ਇਕ ਨਗਰ ਵਿਚ ਪਹੁੰਚਦਾ, ਤਾਂ ਉਹ ਦਾ ਪ੍ਰਚਾਰ ਕਰਨ ਦਾ ਤਰੀਕਾ ਸੀ ਪਹਿਲਾਂ ਉੱਥੇ ਵੱਸੇ ਯਹੂਦੀਆਂ ਕੋਲ ਜਾਣਾ। ਉਹ ਗੱਲ-ਬਾਤ ਕਿਸ ਤਰ੍ਹਾਂ ਸ਼ੁਰੂ ਕਰਦਾ ਸੀ? ਸਮਝ ਨਾਲ ਅਤੇ ਆਦਰ ਸਹਿਤ ਉਹ ਯਕੀਨੀ ਬਾਈਬਲ ਸਬੂਤ ਦਿੰਦਾ ਸੀ ਕਿ ਮਸੀਹਾ ਆ ਚੁੱਕਾ ਸੀ, ਬਲੀਦਾਨ-ਰੂਪੀ ਮੌਤ ਮਰਿਆ, ਅਤੇ ਪੁਨਰ-ਉਥਿਤ ਕੀਤਾ ਗਿਆ ਸੀ।—ਰਸੂਲਾਂ ਦੇ ਕਰਤੱਬ 13:5, 14-16, 43; 17:1-3, 10.
6 ਇਸ ਤਰੀਕੇ ਨਾਲ ਪੌਲੁਸ ਨੇ ਯਹੂਦੀਆਂ ਨੂੰ ਮਸੀਹਾ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਲਈ ਬਿਵਸਥਾ ਬਾਰੇ ਅਤੇ ਨਬੀਆਂ ਬਾਰੇ ਉਨ੍ਹਾਂ ਦੇ ਗਿਆਨ ਨੂੰ ਇਸਤੇਮਾਲ ਕੀਤਾ। ਅਤੇ ਉਹ ਕਈਆਂ ਨੂੰ ਯਕੀਨ ਦਿਵਾਉਣ ਵਿਚ ਸਫ਼ਲ ਹੋਇਆ। (ਰਸੂਲਾਂ ਦੇ ਕਰਤੱਬ 14:1; 17:4) ਯਹੂਦੀ ਆਗੂਆਂ ਦੁਆਰਾ ਵਿਰੋਧ ਦੇ ਬਾਵਜੂਦ, ਪੌਲੁਸ ਨੇ ਆਪਣੇ ਸੰਗੀ ਯਹੂਦੀਆਂ ਲਈ ਨਿੱਘਾ ਸਨੇਹ ਦਿਖਾਇਆ ਜਦੋਂ ਉਸ ਨੇ ਲਿਖਿਆ: “ਹੇ ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਓਹਨਾਂ [ਯਹੂਦੀਆਂ] ਦੀ ਮੁਕਤੀ ਲਈ ਹੈ। ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।”—ਰੋਮੀਆਂ 10:1, 2.
ਗ਼ੈਰ-ਯਹੂਦੀ ਵਿਸ਼ਵਾਸੀਆਂ ਦੀ ਮਦਦ ਕਰਨਾ
7. ਪੌਲੁਸ ਦੁਆਰਾ ਪ੍ਰਚਾਰ ਕੀਤੀ ਗਈ ਖ਼ੁਸ਼ ਖ਼ਬਰੀ ਪ੍ਰਤੀ ਬਹੁਤ ਸਾਰੇ ਨਵ-ਧਰਮੀਆਂ ਨੇ ਕਿਵੇਂ ਪ੍ਰਤੀਕ੍ਰਿਆ ਦਿਖਾਈ?
7 ਨਵ-ਧਰਮੀ ਉਹ ਗ਼ੈਰ-ਯਹੂਦੀ ਸਨ ਜੋ ਯਹੂਦੀ ਧਰਮ ਦੇ ਸੁੰਨਤ ਕੀਤੇ ਹੋਏ ਪੈਰੋਕਾਰ ਬਣ ਗਏ ਸਨ। ਜ਼ਾਹਰਾ ਤੌਰ ਤੇ, ਨਵ-ਧਰਮੀ ਯਹੂਦੀ, ਰੋਮ, ਅਰਾਮੀ ਅੰਤਾਕਿਯਾ, ਇਥੋਪੀਆ, ਅਤੇ ਪਿਸਿਦਿਯਾ ਦੇ ਅੰਤਾਕਿਯਾ ਵਿਚ—ਅਸਲ ਵਿਚ, ਸਾਰੇ ਯਹੂਦੀ ਸੰਘ ਵਿਚ ਸਨ। (ਰਸੂਲਾਂ ਦੇ ਕਰਤੱਬ 2:8-10; 6:5; 8:27; 13:14, 43; ਤੁਲਨਾ ਕਰੋ ਮੱਤੀ 23:15.) ਬਹੁਤ ਸਾਰੇ ਯਹੂਦੀ ਸ਼ਾਸਕਾਂ ਦੇ ਉਲਟ, ਸੰਭਵ ਤੌਰ ਤੇ ਨਵ-ਧਰਮੀ ਘਮੰਡੀ ਨਹੀਂ ਸਨ, ਅਤੇ ਉਹ ਅਬਰਾਹਾਮ ਦੇ ਵੰਸ ਵਿੱਚੋਂ ਹੋਣ ਦੀ ਘਮੰਡੀ ਸ਼ੇਖੀ ਨਹੀਂ ਮਾਰ ਸਕਦੇ ਸਨ। (ਮੱਤੀ 3:9; ਯੂਹੰਨਾ 8:33) ਇਸ ਦੀ ਬਜਾਇ, ਉਨ੍ਹਾਂ ਨੇ ਝੂਠੇ ਦੇਵਤਿਆਂ ਨੂੰ ਛੱਡ ਦਿੱਤਾ ਸੀ ਅਤੇ ਨਿਮਰਤਾ ਨਾਲ ਯਹੋਵਾਹ ਦੀ ਵੱਲ ਮੁੜਦੇ ਹੋਏ, ਉਸ ਬਾਰੇ ਅਤੇ ਉਸ ਦੇ ਕਾਨੂੰਨਾਂ ਬਾਰੇ ਕੁਝ ਗਿਆਨ ਪ੍ਰਾਪਤ ਕੀਤਾ ਸੀ। ਅਤੇ ਉਹ ਯਹੂਦੀਆਂ ਵਾਂਗ ਮਸੀਹਾ ਦੇ ਆਉਣ ਦੀ ਉਮੀਦ ਰੱਖਦੇ ਸਨ। ਕਿਉਂ ਜੋ ਉਹ ਸੱਚਾਈ ਲਈ ਆਪਣੀ ਭਾਲ ਵਿਚ ਪਹਿਲਾਂ ਹੀ ਤਬਦੀਲੀ ਲਿਆਉਣ ਵਿਚ ਇੱਛੁਕਤਾ ਦਿਖਾ ਚੁੱਕੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਹੋਰ ਜ਼ਿਆਦਾ ਤਬਦੀਲੀਆਂ ਲਿਆਉਣ ਅਤੇ ਪੌਲੁਸ ਰਸੂਲ ਦੇ ਪ੍ਰਚਾਰ ਪ੍ਰਤੀ ਪ੍ਰਤੀਕ੍ਰਿਆ ਦਿਖਾਉਣ ਲਈ ਤਿਆਰ ਸਨ। (ਰਸੂਲਾਂ ਦੇ ਕਰਤੱਬ 13:42, 43) ਜਦੋਂ ਇਕ ਨਵ-ਧਰਮੀ ਜੋ ਇਕ ਸਮੇਂ ਝੂਠੇ ਦੇਵਤਿਆਂ ਦੀ ਉਪਾਸਨਾ ਕਰਦਾ ਸੀ, ਮਸੀਹੀਅਤ ਨੂੰ ਸਵੀਕਾਰ ਕਰ ਲੈਂਦਾ ਸੀ, ਤਾਂ ਉਹ ਦੂਸਰੇ ਗ਼ੈਰ-ਯਹੂਦੀਆਂ ਨੂੰ ਜੋ ਅਜੇ ਵੀ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਸਨ, ਗਵਾਹੀ ਦੇਣ ਲਈ ਵਿਲੱਖਣ ਤੌਰ ਤੇ ਲੈਸ ਸੀ।
8, 9. (ੳ) ਨਵ-ਧਰਮੀਆਂ ਤੋਂ ਇਲਾਵਾ, ਗ਼ੈਰ-ਯਹੂਦੀਆਂ ਦਾ ਕਿਹੜਾ ਵਰਗ ਯਹੂਦੀ ਧਰਮ ਵੱਲ ਆਕਰਸ਼ਿਤ ਹੋਇਆ? (ਅ) ਪਰਮੇਸ਼ੁਰ ਤੋਂ ਡਰਨ ਵਾਲੇ ਬਹੁਤ ਸਾਰੇ ਬੇਸੁੰਨਤ ਵਿਅਕਤੀਆਂ ਨੇ ਖ਼ੁਸ਼ ਖ਼ਬਰੀ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਦਿਖਾਈ?
8 ਸੁੰਨਤ ਕੀਤੇ ਹੋਏ ਨਵ-ਧਰਮੀਆਂ ਤੋਂ ਇਲਾਵਾ, ਦੂਸਰੇ ਗ਼ੈਰ-ਯਹੂਦੀ ਲੋਕ ਵੀ ਯਹੂਦੀ ਧਰਮ ਵੱਲ ਆਕਰਸ਼ਿਤ ਹੋਏ ਸਨ। ਇਨ੍ਹਾਂ ਵਿੱਚੋਂ ਮਸੀਹੀ ਬਣਨ ਵਾਲਾ ਪਹਿਲਾ ਵਿਅਕਤੀ ਕੁਰਨੇਲਿਯੁਸ ਸੀ ਜੋ, ਭਾਵੇਂ ਕਿ ਨਵ-ਧਰਮੀ ਨਹੀਂ ਸੀ, ਪਰੰਤੂ “ਧਰਮੀ . . . ਅਤੇ . . .ਪਰਮੇਸ਼ੁਰ ਦਾ ਭੌ ਕਰਨ ਵਾਲਾ ਸੀ।” (ਰਸੂਲਾਂ ਦੇ ਕਰਤੱਬ 10:2) ਰਸੂਲਾਂ ਦੇ ਕਰਤੱਬ ਦੀ ਪੋਥੀ ਉੱਤੇ ਆਪਣੀ ਵਿਆਖਿਆ ਵਿਚ, ਪ੍ਰੋਫ਼ੈਸਰ ਐੱਫ਼. ਐੱਫ਼. ਬਰੂਸ ਨੇ ਲਿਖਿਆ: “ਅਜਿਹੇ ਗ਼ੈਰ-ਯਹੂਦੀਆਂ ਨੂੰ ਆਮ ਤੌਰ ਤੇ ‘ਪਰਮੇਸ਼ੁਰ ਦਾ ਭੈ ਰੱਖਣ ਵਾਲੇ’ ਕਿਹਾ ਜਾਂਦਾ ਹੈ; ਭਾਵੇਂ ਕਿ ਇਹ ਇਕ ਪਰਿਭਾਸ਼ਿਕ ਨਾਂ ਨਹੀਂ ਹੈ, ਪਰੰਤੂ ਇਸ ਨੂੰ ਵਰਤਣਾ ਸੁਖਾਲਾ ਹੈ। ਭਾਵੇਂ ਕਿ ਉਸ ਸਮੇਂ ਦੇ ਬਹੁਤ ਸਾਰੇ ਗ਼ੈਰ-ਯਹੂਦੀ ਯਹੂਦੀ ਧਰਮ ਵਿਚ ਪੂਰੀ ਤਰ੍ਹਾਂ ਆਉਣ ਲਈ ਤਿਆਰ ਨਹੀਂ ਸਨ (ਸੁੰਨਤ ਕਰਾਉਣ ਦੀ ਮੰਗ ਆਦਮੀਆਂ ਲਈ ਇਕ ਮੁੱਖ ਰੋਕ ਸੀ), ਪਰੰਤੂ, ਉਹ ਯਹੂਦੀ ਸਭਾ-ਘਰ ਵਿਚ ਉਪਾਸਨਾ ਦੇ ਸਰਲ ਇਕਈਸ਼ਵਰਵਾਦ ਅਤੇ ਯਹੂਦੀ ਜੀਵਨ-ਢੰਗ ਦੇ ਇਖਲਾਕੀ ਮਿਆਰਾਂ ਵੱਲ ਆਕਰਸ਼ਿਤ ਹੋਏ। ਉਨ੍ਹਾਂ ਵਿੱਚੋਂ ਕੁਝ ਸਭਾ-ਘਰ ਵਿਚ ਹਾਜ਼ਰ ਹੁੰਦੇ ਸਨ ਅਤੇ ਪ੍ਰਾਰਥਨਾਵਾਂ ਅਤੇ ਸ਼ਾਸਤਰ ਪਾਠਾਂ ਤੋਂ ਕਾਫ਼ੀ ਹੱਦ ਤਕ ਜਾਣੂ ਹੋ ਗਏ ਸਨ, ਜਿਨ੍ਹਾਂ ਦਾ ਪਠਨ ਉਹ ਯੂਨਾਨੀ ਤਰਜਮੇ ਵਿੱਚੋਂ ਸੁਣਦੇ ਸਨ।”
9 ਏਸ਼ੀਆ ਮਾਈਨਰ ਅਤੇ ਯੂਨਾਨ ਵਿਚ ਯਹੂਦੀ ਸਭਾ-ਘਰਾਂ ਵਿਚ ਪ੍ਰਚਾਰ ਕਰਦੇ ਸਮੇਂ ਪੌਲੁਸ ਰਸੂਲ ਬਹੁਤ ਸਾਰੇ ਪਰਮੇਸ਼ੁਰ ਤੋਂ ਡਰਨ ਵਾਲਿਆਂ ਨੂੰ ਮਿਲਿਆ। ਪਿਸਿਦਿਯਾ ਦੇ ਅੰਤਾਕਿਯਾ ਵਿਚ ਉਸ ਨੇ ਸਭਾ-ਘਰ ਵਿਚ ਇਕੱਠੇ ਹੋਏ ਲੋਕਾਂ ਨੂੰ “ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਿਓ” ਕਹਿ ਕੇ ਸੰਬੋਧਿਤ ਕੀਤਾ। (ਰਸੂਲਾਂ ਦੇ ਕਰਤੱਬ 13:16, 26) ਲੂਕਾ ਲਿਖਦਾ ਹੈ ਕਿ ਥੱਸਲੁਨੀਕਾ ਵਿਚ ਸਭਾ-ਘਰ ਵਿਖੇ ਤਿੰਨ ਸਬਤਾਂ ਤਕ ਪ੍ਰਚਾਰ ਕਰਨ ਤੋਂ ਬਾਅਦ, “ਉਨ੍ਹਾਂ ਵਿੱਚੋਂ ਕਿੰਨਿਆਂ [ਯਹੂਦੀਆਂ] ਨੇ [ਮਸੀਹੀਅਤ ਨੂੰ] ਮੰਨ ਲਿਆ ਅਤੇ ਪੌਲੁਸ ਅਰ ਸੀਲਾਸ ਦੇ ਨਾਲ ਰਲ ਗਏ ਅਰ ਇਸੇ ਤਰਾਂ ਭਗਤ ਯੂਨਾਨੀਆਂ ਵਿੱਚੋਂ ਬਾਹਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ।” (ਰਸੂਲਾਂ ਦੇ ਕਰਤੱਬ 17:4) ਸੰਭਵ ਤੌਰ ਤੇ, ਉਨ੍ਹਾਂ ਯੂਨਾਨੀਆਂ ਵਿੱਚੋਂ ਕੁਝ ਪਰਮੇਸ਼ੁਰ ਤੋਂ ਡਰਨ ਵਾਲੇ ਬੇਸੁੰਨਤ ਵਿਅਕਤੀ ਸਨ। ਇਸ ਗੱਲ ਦਾ ਸਬੂਤ ਹੈ ਕਿ ਬਹੁਤ ਸਾਰੇ ਅਜਿਹੇ ਗ਼ੈਰ-ਯਹੂਦੀਆਂ ਨੇ ਯਹੂਦੀ ਭਾਈਚਾਰੇ ਨਾਲ ਸੰਗਤੀ ਕੀਤੀ।
“ਬੇਪਰਤੀਤਿਆਂ” ਵਿਚਕਾਰ ਪ੍ਰਚਾਰ ਕਰਨਾ
10. ਪੌਲੁਸ ਨੇ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ਕਿਵੇਂ ਪ੍ਰਚਾਰ ਕੀਤਾ, ਜਿਨ੍ਹਾਂ ਨੂੰ ਸ਼ਾਸਤਰ ਦਾ ਕੋਈ ਗਿਆਨ ਨਹੀਂ ਸੀ, ਅਤੇ ਇਸ ਦਾ ਨਤੀਜਾ ਕੀ ਨਿਕਲਿਆ?
10 ਮਸੀਹੀ ਯੂਨਾਨੀ ਸ਼ਾਸਤਰ ਵਿਚ, ਸ਼ਬਦ “ਬੇਪਰਤੀਤੇ” ਸਾਧਾਰਣ ਤੌਰ ਤੇ ਮਸੀਹੀ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਵੱਲ ਸੰਕੇਤ ਕਰ ਸਕਦਾ ਹੈ। ਪਰੰਤੂ ਇਹ ਅਕਸਰ ਗ਼ੈਰ-ਯਹੂਦੀਆਂ ਵੱਲ ਸੰਕੇਤ ਕਰਦਾ ਹੈ। (ਰੋਮੀਆਂ 15:31; 1 ਕੁਰਿੰਥੀਆਂ 14:22, 23; 2 ਕੁਰਿੰਥੀਆਂ 4:4; 6:14) ਅਥੇਨੈ ਵਿਚ ਬਹੁਤ ਸਾਰੇ ਬੇਪਰਤੀਤੇ ਲੋਕ ਯੂਨਾਨੀ ਫ਼ਲਸਫ਼ੇ ਵਿਚ ਸਿੱਖਿਅਤ ਸਨ ਅਤੇ ਉਨ੍ਹਾਂ ਨੂੰ ਸ਼ਾਸਤਰ ਦਾ ਕੋਈ ਗਿਆਨ ਨਹੀਂ ਸੀ। ਕੀ ਇਸ ਗੱਲ ਨੇ ਪੌਲੁਸ ਨੂੰ ਉਨ੍ਹਾਂ ਨੂੰ ਗਵਾਹੀ ਦੇਣ ਤੋਂ ਨਿਰਉਤਸ਼ਾਹਿਤ ਕੀਤਾ? ਨਹੀਂ। ਪਰੰਤੂ ਉਸ ਨੇ ਗੱਲ ਸ਼ੁਰੂ ਕਰਨ ਦੇ ਆਪਣੇ ਢੰਗ ਨੂੰ ਜ਼ਰੂਰ ਬਦਲਿਆ। ਉਸ ਨੇ ਇਬਰਾਨੀ ਸ਼ਾਸਤਰ ਵਿੱਚੋਂ, ਜਿਨ੍ਹਾਂ ਤੋਂ ਅਥੇਨੈ ਦੇ ਨਾਗਰਿਕ ਜਾਣੂ ਨਹੀਂ ਸਨ, ਸਿੱਧੇ ਹਵਾਲੇ ਦਿੱਤੇ ਬਿਨਾਂ ਕੁਸ਼ਲਤਾ ਸਹਿਤ ਬਾਈਬਲੀ ਵਿਚਾਰਾਂ ਨੂੰ ਪੇਸ਼ ਕੀਤਾ। ਉਸ ਨੇ ਨਿਪੁੰਨਤਾ ਨਾਲ ਬਾਈਬਲ ਸੱਚਾਈਆਂ ਅਤੇ ਪ੍ਰਾਚੀਨ ਸਤੋਇਕੀ ਕਵੀਆਂ ਦੁਆਰਾ ਪ੍ਰਗਟ ਕੀਤੇ ਕੁਝ ਵਿਚਾਰਾਂ ਵਿਚਕਾਰ ਸਮਾਨਤਾ ਦਿਖਾਈ। ਅਤੇ ਉਸ ਨੇ ਸਾਰੀ ਮਨੁੱਖਜਾਤੀ ਲਈ ਇਕ ਸੱਚੇ ਪਰਮੇਸ਼ੁਰ ਦੀ ਧਾਰਣਾ ਪੇਸ਼ ਕੀਤੀ, ਅਜਿਹਾ ਪਰਮੇਸ਼ੁਰ ਜੋ ਧਾਰਮਿਕਤਾ ਵਿਚ ਉਸ ਆਦਮੀ ਦੁਆਰਾ ਨਿਆਉਂ ਕਰੇਗਾ, ਜਿਹੜਾ ਮਰਿਆ ਅਤੇ ਪੁਨਰ-ਉਥਿਤ ਕੀਤਾ ਗਿਆ ਸੀ। ਇਸ ਤਰ੍ਹਾਂ ਪੌਲੁਸ ਨੇ ਸਮਝ ਨਾਲ ਅਥੇਨੀ ਲੋਕਾਂ ਨੂੰ ਮਸੀਹ ਬਾਰੇ ਪ੍ਰਚਾਰ ਕੀਤਾ। ਨਤੀਜਾ ਕੀ ਨਿਕਲਿਆ? ਭਾਵੇਂ ਕਿ ਬਹੁਗਿਣਤੀ ਨੇ ਸਿੱਧਾ ਉਸ ਦਾ ਮਜ਼ਾਕ ਉਡਾਇਆ ਜਾਂ ਸੰਦੇਹ ਕੀਤਾ, ਪਰੰਤੂ “ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ। ਉਨ੍ਹਾਂ ਵਿੱਚ ਦਿਯਾਨੁਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।”—ਰਸੂਲਾਂ ਦੇ ਕਰਤੱਬ 17:18, 21-34.
11. ਕੁਰਿੰਥੁਸ ਕਿਸ ਕਿਸਮ ਦਾ ਸ਼ਹਿਰ ਸੀ, ਅਤੇ ਉੱਥੇ ਪੌਲੁਸ ਦੀ ਪ੍ਰਚਾਰ ਸਰਗਰਮੀ ਦਾ ਕੀ ਨਤੀਜਾ ਨਿਕਲਿਆ?
11 ਕੁਰਿੰਥੁਸ ਵਿਚ ਯਹੂਦੀਆਂ ਦਾ ਕਾਫ਼ੀ ਵੱਡਾ ਭਾਈਚਾਰਾ ਸੀ, ਇਸ ਲਈ ਪੌਲੁਸ ਨੇ ਯਹੂਦੀ ਸਭਾ-ਘਰ ਵਿਚ ਪ੍ਰਚਾਰ ਕਰਨ ਦੁਆਰਾ ਉੱਥੇ ਆਪਣੀ ਸੇਵਕਾਈ ਸ਼ੁਰੂ ਕੀਤੀ। ਪਰੰਤੂ ਜਦੋਂ ਯਹੂਦੀਆਂ ਨੇ ਵਿਰੋਧ ਕੀਤਾ, ਤਾਂ ਪੌਲੁਸ ਗ਼ੈਰ-ਯਹੂਦੀ ਆਬਾਦੀ ਵਿਚ ਚਲਾ ਗਿਆ। (ਰਸੂਲਾਂ ਦੇ ਕਰਤੱਬ 18:1-6) ਅਤੇ ਕਿੰਨੀ ਵੱਡੀ ਆਬਾਦੀ! ਕੁਰਿੰਥੁਸ ਇਕ ਰੁੱਝਿਆ ਹੋਇਆ, ਸਰਬਦੇਸ਼ੀ, ਅਤੇ ਵਪਾਰਕ ਸ਼ਹਿਰ ਸੀ, ਜੋ ਆਪਣੀ ਅਨੈਤਿਕਤਾ ਕਰਕੇ ਪੂਰੇ ਯੂਨਾਨੀ-ਰੋਮੀ ਸੰਸਾਰ ਵਿਚ ਬਦਨਾਮ ਸੀ। ਅਸਲ ਵਿਚ, “ਕੁਰਿੰਥੀ-ਸਮਾਨ ਬਣਨਾ” ਦਾ ਅਰਥ ਸੀ ਅਨੈਤਿਕ ਕੰਮ ਕਰਨੇ। ਫਿਰ ਵੀ, ਯਹੂਦੀਆਂ ਦੁਆਰਾ ਪੌਲੁਸ ਦੇ ਪ੍ਰਚਾਰ ਨੂੰ ਠੁਕਰਾਉਣ ਤੋਂ ਬਾਅਦ, ਮਸੀਹ ਨੇ ਉਸ ਦੇ ਸਾਮ੍ਹਣੇ ਪ੍ਰਗਟ ਹੋ ਕੇ ਕਿਹਾ: “ਨਾ ਡਰ ਸਗੋਂ ਬੋਲੀ ਜਾਹ . . . ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” (ਰਸੂਲਾਂ ਦੇ ਕਰਤੱਬ 18:9, 10) ਅਤੇ ਯਕੀਨਨ, ਪੌਲੁਸ ਨੇ ਕੁਰਿੰਥੁਸ ਵਿਚ ਇਕ ਕਲੀਸਿਯਾ ਸਥਾਪਿਤ ਕੀਤੀ, ਭਾਵੇਂ ਕਿ ਉਸ ਦੇ ਕੁਝ ਮੈਂਬਰਾਂ ਦਾ ਪਹਿਲਾਂ “ਕੁਰਿੰਥੀ” ਜੀਵਨ-ਢੰਗ ਸੀ।—1 ਕੁਰਿੰਥੀਆਂ 6:9-11.
ਅੱਜ “ਸਭਨਾਂ ਮਨੁੱਖਾਂ” ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ
12, 13. (ੳ) ਅੱਜ ਸਾਡਾ ਖੇਤਰ ਕਿਵੇਂ ਪੌਲੁਸ ਦੇ ਦਿਨਾਂ ਦੇ ਖੇਤਰ ਦੇ ਸਮਾਨ ਹੈ? (ਅ) ਅਸੀਂ ਉਨ੍ਹਾਂ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਮਨੋਬਿਰਤੀ ਦਿਖਾਉਂਦੇ ਹਾਂ ਜਿੱਥੇ ਈਸਾਈ-ਜਗਤ ਦੇ ਧਰਮ ਕਾਫ਼ੀ ਲੰਬੇ ਸਮੇਂ ਤੋਂ ਸਥਾਪਿਤ ਰਹੇ ਹਨ ਜਾਂ ਜਿੱਥੇ ਬਹੁਤ ਸਾਰੇ ਵਿਅਕਤੀ ਸੰਗਠਿਤ ਧਰਮ ਤੋਂ ਨਿਰਾਸ਼ ਹੋ ਗਏ ਹਨ?
12 ਅੱਜ, ਪਹਿਲੀ ਸਦੀ ਵਾਂਗ, “ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ” ਹੈ। (ਤੀਤੁਸ 2:11) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਖ਼ੇਤਰ ਇੰਨਾ ਫੈਲ ਗਿਆ ਹੈ ਕਿ ਇਸ ਵਿਚ ਸਾਰੇ ਮਹਾਂਦੀਪ ਅਤੇ ਸਮੁੰਦਰ ਦੇ ਜ਼ਿਆਦਾਤਰ ਟਾਪੂ ਸ਼ਾਮਲ ਹਨ। ਅਤੇ, ਜਿਵੇਂ ਪੌਲੁਸ ਦੇ ਦਿਨ ਵਿਚ ਸੀ, ਸੱਚ-ਮੁੱਚ “ਸਭਨਾਂ ਮਨੁੱਖਾਂ” ਨਾਲ ਮੁਲਾਕਾਤ ਹੋਈ ਹੈ। ਉਦਾਹਰਣ ਲਈ, ਸਾਡੇ ਵਿੱਚੋਂ ਕੁਝ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਕਰਦੇ ਹਨ ਜਿੱਥੇ ਈਸਾਈ-ਜਗਤ ਦੇ ਗਿਰਜੇ ਕਈ ਸਦੀਆਂ ਤੋਂ ਸਥਾਪਿਤ ਹਨ। ਪਹਿਲੀ ਸਦੀ ਦੇ ਯਹੂਦੀਆਂ ਦੀ ਤਰ੍ਹਾਂ, ਉਨ੍ਹਾਂ ਦੇ ਮੈਂਬਰ ਸ਼ਾਇਦ ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਜ਼ਬੂਤੀ ਨਾਲ ਬੱਝੇ ਹੋਏ ਹਨ। ਫਿਰ ਵੀ, ਜਿਨ੍ਹਾਂ ਦੇ ਦਿਲ ਦੀ ਦਸ਼ਾ ਚੰਗੀ ਹੈ ਅਸੀਂ ਉਨ੍ਹਾਂ ਦੀ ਭਾਲ ਕਰਨ ਵਿਚ ਅਤੇ ਬਾਈਬਲ ਬਾਰੇ ਉਨ੍ਹਾਂ ਦੇ ਥੋੜ੍ਹੇ-ਬਹੁਤੇ ਗਿਆਨ ਨੂੰ ਵਧਾਉਣ ਵਿਚ ਖ਼ੁਸ਼ ਹਾਂ। ਅਸੀਂ ਉਨ੍ਹਾਂ ਦੀ ਨਿੰਦਾ ਨਹੀਂ ਕਰਦੇ ਹਾਂ ਜਾਂ ਉਨ੍ਹਾਂ ਨੂੰ ਤੁੱਛ ਨਹੀਂ ਸਮਝਦੇ ਹਾਂ, ਭਾਵੇਂ ਕਿ ਉਨ੍ਹਾਂ ਦੇ ਧਾਰਮਿਕ ਆਗੂ ਕਦੇ-ਕਦੇ ਸਾਡਾ ਵਿਰੋਧ ਕਰਦੇ ਜਾਂ ਸਾਨੂੰ ਸਤਾਉਂਦੇ ਹਨ। ਇਸ ਦੀ ਬਜਾਇ, ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੂੰ “ਪਰਮੇਸ਼ੁਰ ਲਈ ਅਣਖ” ਹੋ ਸਕਦੀ ਹੈ ਭਾਵੇਂ ਕਿ ਯਥਾਰਥ ਗਿਆਨ ਦੀ ਘਾਟ ਹੈ। ਯਿਸੂ ਅਤੇ ਪੌਲੁਸ ਦੀ ਤਰ੍ਹਾਂ, ਅਸੀਂ ਲੋਕਾਂ ਪ੍ਰਤੀ ਸੱਚਾ ਪ੍ਰੇਮ ਦਿਖਾਉਂਦੇ ਹਾਂ, ਅਤੇ ਸਾਡੀ ਇਹ ਤੀਬਰ ਇੱਛਾ ਹੈ ਕਿ ਉਹ ਬਚਾਏ ਜਾਣ।—ਰੋਮੀਆਂ 10:2.
13 ਪ੍ਰਚਾਰ ਕਰਦੇ ਸਮੇਂ, ਸਾਡੇ ਵਿੱਚੋਂ ਕਈ ਉਨ੍ਹਾਂ ਵਿਅਕਤੀਆਂ ਨੂੰ ਮਿਲਦੇ ਹਨ ਜੋ ਸੰਗਠਿਤ ਧਰਮ ਤੋਂ ਨਿਰਾਸ਼ ਹੋ ਗਏ ਹਨ। ਫਿਰ ਵੀ, ਉਹ ਅਜੇ ਵੀ ਸ਼ਾਇਦ ਪਰਮੇਸ਼ੁਰ ਤੋਂ ਡਰਨ ਵਾਲੇ ਵਿਅਕਤੀ ਹੋਣ, ਕੁਝ ਹੱਦ ਤਕ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦੇ ਹੋਣ ਅਤੇ ਇਕ ਚੰਗਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹੋਣ। ਇਸ ਟੇਢੀ ਅਤੇ ਹੋਰ ਕੁਧਰਮੀ ਹੁੰਦੀ ਪੀੜ੍ਹੀ ਵਿਚ, ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਮਿਲ ਕੇ ਖ਼ੁਸ਼ ਨਹੀਂ ਹੋਣਾ ਚਾਹੀਦਾ ਹੈ ਜੋ ਪਰਮੇਸ਼ੁਰ ਵਿਚ ਥੋੜ੍ਹਾ-ਬਹੁਤ ਵਿਸ਼ਵਾਸ ਕਰਦੇ ਹਨ? ਅਤੇ ਕੀ ਅਸੀਂ ਉਨ੍ਹਾਂ ਨੂੰ ਅਜਿਹੀ ਉਪਾਸਨਾ ਵੱਲ ਨਿਰਦੇਸ਼ਿਤ ਕਰਨ ਲਈ ਚਾਹਵਾਨ ਨਹੀਂ ਹਾਂ ਜਿਸ ਵਿਚ ਪਖੰਡ ਅਤੇ ਕਪਟ ਨਹੀਂ ਹੈ?—ਫ਼ਿਲਿੱਪੀਆਂ 2:15.
14, 15. ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਕਿਵੇਂ ਇਕ ਵੱਡਾ ਖੇਤਰ ਉਪਲਬਧ ਹੈ?
14 ਮੱਛੀ-ਜਾਲ ਦੇ ਆਪਣੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਪ੍ਰਚਾਰ ਕੰਮ ਲਈ ਵੱਡਾ ਖੇਤਰ ਹੋਵੇਗਾ। (ਮੱਤੀ 13:47-49) ਇਸ ਦ੍ਰਿਸ਼ਟਾਂਤ ਦੀ ਵਿਆਖਿਆ ਕਰਦੇ ਹੋਏ, ਜੂਨ 15, 1992, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 20 ਉੱਤੇ ਕਹਿੰਦਾ ਹੈ: “ਸਦੀਆਂ ਦੇ ਦੌਰਾਨ ਈਸਾਈ-ਜਗਤ ਦੇ ਮੈਂਬਰਾਂ ਨੇ ਪਰਮੇਸ਼ੁਰ ਦੇ ਬਚਨ ਦਾ ਅਨੁਵਾਦ ਕਰਨ, ਨਕਲ ਕਰਨ, ਅਤੇ ਵੰਡਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਗਿਰਜਿਆਂ ਨੇ ਬਾਅਦ ਵਿਚ ਬਾਈਬਲ ਸੋਸਾਇਟੀਆਂ ਕਾਇਮ ਕੀਤੀਆਂ ਜਾਂ ਉਨ੍ਹਾਂ ਨੂੰ ਸਮਰਥਨ ਦਿੱਤਾ, ਜਿਨ੍ਹਾਂ ਨੇ ਦੂਰਵਰਤੀ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ। ਉਨ੍ਹਾਂ ਨੇ ਡਾਕਟਰ ਅਤੇ ਅਧਿਆਪਕ ਵੀ ਮਿਸ਼ਨਰੀਆਂ ਵਜੋਂ ਘੱਲੇ, ਜਿਨ੍ਹਾਂ ਨੇ ਨਕਲੀ ਮਸੀਹੀ ਬਣਾਏ। ਇਸ ਨੇ ਵੱਡੀ ਗਿਣਤੀ ਵਿਚ ਨਿਕੰਮੀਆਂ ਮੱਛੀਆਂ ਇਕੱਠੀਆਂ ਕੀਤੀਆਂ, ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਸੀ। ਪਰ ਘੱਟੋ-ਘੱਟ ਇਸ ਨੇ ਕਰੋੜਾਂ ਹੀ ਗ਼ੈਰ-ਮਸੀਹੀਆਂ ਨੂੰ ਬਾਈਬਲ ਅਤੇ ਮਸੀਹੀਅਤ ਦੇ ਇਕ ਰੂਪ ਤੋਂ ਜਾਣੂ ਕਰਵਾਇਆ ਭਾਵੇਂ ਕਿ ਇਹ ਰੂਪ ਭ੍ਰਿਸ਼ਟ ਸੀ।”
15 ਈਸਾਈ-ਜਗਤ ਦੁਆਰਾ ਨਵ-ਧਰਮੀ ਬਣਾਉਣ ਦਾ ਕੰਮ ਖ਼ਾਸ ਕਰਕੇ ਦੱਖਣੀ ਅਮਰੀਕਾ, ਅਫ਼ਰੀਕਾ, ਅਤੇ ਸਮੁੰਦਰ ਦੇ ਕੁਝ ਟਾਪੂਆਂ ਵਿਚ ਪ੍ਰਭਾਵਕਾਰੀ ਰਿਹਾ ਹੈ। ਸਾਡੇ ਦਿਨਾਂ ਵਿਚ, ਬਹੁਤ ਸਾਰੇ ਨਿਮਰ ਵਿਅਕਤੀ ਇਨ੍ਹਾਂ ਖੇਤਰਾਂ ਵਿਚ ਲੱਭੇ ਗਏ ਹਨ, ਅਤੇ ਅਸੀਂ ਭਲਾਈ ਕਰਨਾ ਜਾਰੀ ਰੱਖ ਸਕਦੇ ਹਾਂ ਜੇਕਰ ਇਨ੍ਹਾਂ ਨਿਮਰ ਲੋਕਾਂ ਪ੍ਰਤੀ ਸਾਡਾ ਰਵੱਈਆ ਸਕਾਰਾਤਮਕ, ਪ੍ਰੇਮਮਈ ਹੈ, ਜਿਵੇਂ ਪੌਲੁਸ ਦਾ ਯਹੂਦੀ ਨਵ-ਧਰਮੀਆਂ ਪ੍ਰਤੀ ਸੀ। ਜਿਨ੍ਹਾਂ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ ਉਨ੍ਹਾਂ ਵਿਚ ਉਹ ਲੱਖਾਂ ਲੋਕ ਵੀ ਹਨ ਜਿਨ੍ਹਾਂ ਨੂੰ ਸ਼ਾਇਦ ਯਹੋਵਾਹ ਦੇ ਗਵਾਹਾਂ ਨਾਲ “ਸਹਿਮਤ ਹੋਣ ਵਾਲੇ” ਕਿਹਾ ਜਾ ਸਕਦਾ ਹੈ। ਉਹ ਹਮੇਸ਼ਾ ਸਾਨੂੰ ਦੇਖ ਕੇ ਖ਼ੁਸ਼ ਹੁੰਦੇ ਹਨ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਜਾਂਦੇ ਹਾਂ। ਕਈਆਂ ਨੇ ਸਾਡੇ ਨਾਲ ਬਾਈਬਲ ਦਾ ਅਧਿਐਨ ਵੀ ਕੀਤਾ ਹੈ ਅਤੇ ਸਾਡੀਆਂ ਸਭਾਵਾਂ ਵਿਚ ਖ਼ਾਸ ਕਰਕੇ ਮਸੀਹ ਦੀ ਮੌਤ ਦੇ ਸਾਲਾਨਾ ਸਮਾਰਕ ਵਿਚ ਵੀ ਹਾਜ਼ਰ ਹੋਏ ਹਨ। ਕੀ ਅਜਿਹੇ ਲੋਕ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਲਈ ਇਕ ਵੱਡੇ ਖੇਤਰ ਨੂੰ ਨਹੀਂ ਦਰਸਾਉਂਦੇ ਹਨ?
16, 17. (ੳ) ਅਸੀਂ ਕਿਸ ਤਰ੍ਹਾਂ ਦੇ ਲੋਕਾਂ ਕੋਲ ਖ਼ੁਸ਼ ਖ਼ਬਰੀ ਲੈ ਕੇ ਜਾਂਦੇ ਹਾਂ? (ਅ) ਅਸੀਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਕਿਵੇਂ ਪੌਲੁਸ ਦੀ ਨਕਲ ਕਰਦੇ ਹਾਂ?
16 ਇਸ ਤੋਂ ਇਲਾਵਾ, ਉਨ੍ਹਾਂ ਬਾਰੇ ਕੀ ਜਿਨ੍ਹਾਂ ਦਾ ਸਭਿਆਚਾਰ ਈਸਾਈ-ਜਗਤ ਦਾ ਨਹੀਂ ਹੈ—ਚਾਹੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਜਨਮ-ਭੂਮੀ ਵਿਚ ਮਿਲਦੇ ਹਾਂ ਜਾਂ ਉਹ ਪੱਛਮੀ ਦੇਸ਼ਾਂ ਵਿਚ ਜਾ ਕੇ ਵੱਸੇ ਹੋਏ ਹਨ? ਅਤੇ ਉਨ੍ਹਾਂ ਕਰੋੜਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੇ ਧਰਮ ਨੂੰ ਬਿਲਕੁਲ ਛੱਡ ਦਿੱਤਾ ਹੈ, ਅਤੇ ਨਾਸਤਿਕ ਜਾਂ ਅਗਿਆਤਵਾਦੀ ਬਣ ਗਏ ਹਨ? ਇਸ ਤੋਂ ਇਲਾਵਾ, ਉਨ੍ਹਾਂ ਬਾਰੇ ਕੀ ਜੋ ਧਾਰਮਿਕ ਸ਼ਰਧਾ ਵਰਗੀ ਭਾਵਨਾ ਨਾਲ ਅਜਿਹੇ ਆਧੁਨਿਕ ਫ਼ਲਸਫ਼ੇ ਜਾਂ ਪ੍ਰਚਲਿਤ ਮਨੋਬਿਰਤੀ ਦੀ ਪੈਰਵੀ ਕਰਦੇ ਹਨ, ਜੋ ਕਿਤਾਬਾਂ ਦੀਆਂ ਦੁਕਾਨਾਂ ਵਿਚ ਪਾਈਆਂ ਜਾਂਦੀਆਂ ਅਨੇਕ ਸਵੈ-ਮਦਦ ਕਿਤਾਬਾਂ ਵਿਚ ਪ੍ਰਕਾਸ਼ਿਤ ਹੁੰਦੇ ਹਨ? ਕੀ ਅਜਿਹੇ ਲੋਕਾਂ ਵਿੱਚੋਂ ਕਿਸੇ ਨੂੰ ਮੁਕਤੀ ਦੀ ਪਹੁੰਚ ਤੋਂ ਬਾਹਰ ਵਿਚਾਰਦੇ ਹੋਏ ਅਣਡਿੱਠ ਕਰਨਾ ਚਾਹੀਦਾ ਹੈ? ਨਹੀਂ ਜੇਕਰ ਅਸੀਂ ਪੌਲੁਸ ਰਸੂਲ ਦੀ ਨਕਲ ਕਰਦੇ ਹਾਂ।
17 ਅਥੇਨੈ ਵਿਚ ਪ੍ਰਚਾਰ ਕਰਦੇ ਸਮੇਂ, ਪੌਲੁਸ ਆਪਣੇ ਸਰੋਤਿਆਂ ਨਾਲ ਫ਼ਲਸਫ਼ੇ ਉੱਤੇ ਵਾਦ-ਵਿਵਾਦ ਕਰਨ ਦੇ ਫੰਦੇ ਵਿਚ ਨਹੀਂ ਫਸਿਆ। ਉਸ ਨੇ ਉਨ੍ਹਾਂ ਲੋਕਾਂ ਅਨੁਸਾਰ ਜਿਨ੍ਹਾਂ ਨਾਲ ਉਹ ਗੱਲ-ਬਾਤ ਕਰ ਰਿਹਾ ਸੀ, ਤਰਕ ਕਰਨ ਦੇ ਆਪਣੇ ਢੰਗ ਨੂੰ ਬਦਲਿਆ ਅਤੇ ਉਸ ਨੇ ਸਪੱਸ਼ਟ, ਤਰਕਸੰਗਤ ਢੰਗ ਨਾਲ ਬਾਈਬਲ ਸੱਚਾਈਆਂ ਪੇਸ਼ ਕੀਤੀਆਂ। ਇਸੇ ਤਰ੍ਹਾਂ, ਸਾਨੂੰ ਉਨ੍ਹਾਂ ਲੋਕਾਂ ਦੇ ਧਰਮ ਜਾਂ ਫ਼ਲਸਫ਼ਿਆਂ ਵਿਚ ਮਾਹਰ ਬਣਨ ਦੀ ਲੋੜ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਪਰੰਤੂ, ਅਸੀਂ ਆਪਣੇ ਗਵਾਹੀ ਕਾਰਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਗੱਲ-ਬਾਤ ਸ਼ੁਰੂ ਕਰਨ ਦੇ ਆਪਣੇ ਢੰਗ ਨੂੰ ਜ਼ਰੂਰ ਬਦਲਦੇ ਹਾਂ, ਇਸ ਤਰ੍ਹਾਂ ਅਸੀਂ “ਸਭਨਾਂ ਲਈ ਸਭ ਕੁਝ” ਬਣਦੇ ਹਾਂ। (1 ਕੁਰਿੰਥੀਆਂ 9:22) ਕੁਲੁੱਸੈ ਵਿਚ ਮਸੀਹੀਆਂ ਨੂੰ ਲਿਖਦੇ ਹੋਏ, ਪੌਲੁਸ ਨੇ ਕਿਹਾ: “ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਟੇਢੇ ਟਾਈਪ ਸਾਡੇ।)—ਕੁਲੁੱਸੀਆਂ 4:5, 6.
18. ਸਾਡੀ ਕੀ ਜ਼ਿੰਮੇਵਾਰੀ ਹੈ, ਅਤੇ ਸਾਨੂੰ ਕਿਹੜੀ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਹੈ?
18 ਯਿਸੂ ਅਤੇ ਪੌਲੁਸ ਰਸੂਲ ਦੀ ਤਰ੍ਹਾਂ, ਆਓ ਅਸੀਂ ਵੀ ਹਰ ਤਰ੍ਹਾਂ ਦੇ ਲੋਕਾਂ ਲਈ ਪ੍ਰੇਮ ਦਿਖਾਈਏ। ਖ਼ਾਸ ਕਰਕੇ, ਆਓ ਅਸੀਂ ਦੂਸਰਿਆਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨ ਦਾ ਜਤਨ ਕਰੀਏ। ਦੂਸਰੇ ਪਾਸੇ, ਯਿਸੂ ਦੁਆਰਾ ਆਪਣੇ ਚੇਲਿਆਂ ਬਾਰੇ ਕਹੀ ਗਈ ਗੱਲ ਨੂੰ ਕਦੀ ਨਾ ਭੁੱਲੋ: “ਓਹ ਜਗਤ ਦੇ ਨਹੀਂ ਹਨ।” (ਯੂਹੰਨਾ 17:16) ਇਸ ਦਾ ਸਾਡੇ ਲਈ ਜੋ ਅਰਥ ਹੈ ਉਸ ਬਾਰੇ ਅਗਲੇ ਲੇਖ ਵਿਚ ਵਿਚਾਰ ਕੀਤਾ ਜਾਵੇਗਾ।
ਪੁਨਰ-ਵਿਚਾਰ ਵਜੋਂ
◻ ਜਗਤ ਪ੍ਰਤੀ ਯਿਸੂ ਦੀ ਸੰਤੁਲਿਤ ਮਨੋਬਿਰਤੀ ਦਾ ਵਰਣਨ ਕਰੋ।
◻ ਪੌਲੁਸ ਰਸੂਲ ਨੇ ਯਹੂਦੀਆਂ ਅਤੇ ਨਵ-ਧਰਮੀਆਂ ਨੂੰ ਕਿਵੇਂ ਪ੍ਰਚਾਰ ਕੀਤਾ?
◻ ਪੌਲੁਸ ਨੇ ਪਰਮੇਸ਼ੁਰ ਤੋਂ ਡਰਨ ਵਾਲਿਆਂ ਨਾਲ ਅਤੇ ਬੇਪਰਤੀਤਿਆਂ ਨਾਲ ਕਿਵੇਂ ਗੱਲ ਸ਼ੁਰੂ ਕੀਤੀ?
◻ ਅਸੀਂ ਆਪਣੀ ਪ੍ਰਚਾਰ ਸਰਗਰਮੀ ਵਿਚ ਕਿਵੇਂ “ਸਭਨਾਂ ਲਈ ਸਭ ਕੁਝ” ਬਣ ਸਕਦੇ ਹਾਂ?
[ਸਫ਼ੇ 7 ਉੱਤੇ ਤਸਵੀਰਾਂ]
ਆਪਣੇ ਗੁਆਂਢੀਆਂ ਲਈ ਦਿਆਲਗੀ ਦੇ ਕੰਮ ਕਰਨ ਦੁਆਰਾ, ਮਸੀਹੀ ਅਕਸਰ ਪੂਰਵ-ਧਾਰਣਾਵਾਂ ਨੂੰ ਖ਼ਤਮ ਕਰ ਸਕਦੇ ਹਨ