ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 12/1 ਸਫ਼ੇ 9-13
  • ਯਹੋਵਾਹ ਪਰਮੇਸ਼ੁਰ, “ਮਾਫ਼ ਕਰਨ ਲਈ ਤਿਆਰ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਪਰਮੇਸ਼ੁਰ, “ਮਾਫ਼ ਕਰਨ ਲਈ ਤਿਆਰ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ “ਮਾਫ਼ ਕਰਨ ਲਈ ਤਿਆਰ” ਕਿਉਂ ਹੈ?
  • ਯਹੋਵਾਹ ਕਿੰਨੀ ਪੂਰਣਤਾ ਨਾਲ ਮਾਫ਼ ਕਰਦਾ ਹੈ?
  • ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ’
  • ਪਾਪਾਂ ਦੇ ਨਤੀਜਿਆਂ ਬਾਰੇ ਕੀ?
  • ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”
    ਯਹੋਵਾਹ ਦੇ ਨੇੜੇ ਰਹੋ
  • ਭਰੋਸਾ ਰੱਖੋ ਕਿ ਯਹੋਵਾਹ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਯਹੋਵਾਹ ਦੀ ਮਾਫ਼ੀ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 12/1 ਸਫ਼ੇ 9-13

ਯਹੋਵਾਹ ਪਰਮੇਸ਼ੁਰ, “ਮਾਫ਼ ਕਰਨ ਲਈ ਤਿਆਰ”

“ਹੇ ਯਹੋਵਾਹ, ਤੂੰ ਭਲਾ ਅਤੇ ਮਾਫ਼ ਕਰਨ ਲਈ ਤਿਆਰ ਹੈਂ।”—ਜ਼ਬੂਰ 86:5, ਨਿ ਵ.

1. ਰਾਜਾ ਦਾਊਦ ਨੇ ਕਿਹੜਾ ਭਾਰਾ ਬੋਝ ਚੁੱਕਿਆ ਹੋਇਆ ਸੀ, ਅਤੇ ਉਸ ਦੇ ਦੁਖੀ ਦਿਲ ਨੂੰ ਕਿਵੇਂ ਆਰਾਮ ਮਿਲਿਆ?

ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ ਜਾਣਦਾ ਸੀ ਕਿ ਇਕ ਦੋਸ਼ੀ ਅੰਤਹਕਰਣ ਦਾ ਬੋਝ ਕਿੰਨਾ ਭਾਰਾ ਹੋ ਸਕਦਾ ਸੀ। ਉਸ ਨੇ ਲਿਖਿਆ: “ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ।” (ਜ਼ਬੂਰ 38:4, 8) ਫਿਰ ਵੀ, ਦਾਊਦ ਦੇ ਦੁਖੀ ਦਿਲ ਨੂੰ ਆਰਾਮ ਮਿਲਿਆ। ਉਹ ਜਾਣਦਾ ਸੀ ਕਿ ਭਾਵੇਂ ਯਹੋਵਾਹ ਪਾਪ ਤੋਂ ਨਫ਼ਰਤ ਕਰਦਾ ਹੈ, ਉਹ ਪਾਪੀ ਨੂੰ ਨਫ਼ਰਤ ਨਹੀਂ ਕਰਦਾ ਹੈ—ਜੇਕਰ ਪਾਪੀ ਸੱਚ-ਮੁੱਚ ਪਸ਼ਚਾਤਾਪੀ ਹੈ ਅਤੇ ਆਪਣੇ ਪਾਪਮਈ ਰਾਹ ਨੂੰ ਛੱਡ ਦਿੰਦਾ ਹੈ। (ਜ਼ਬੂਰ 32:5; 103:3) ਪਸ਼ਚਾਤਾਪੀਆਂ ਪ੍ਰਤੀ ਦਇਆ ਦਿਖਾਉਣ ਵਿਚ ਯਹੋਵਾਹ ਦੀ ਇੱਛੁਕਤਾ ਵਿਚ ਪੂਰੀ ਨਿਹਚਾ ਰੱਖਦੇ ਹੋਏ, ਦਾਊਦ ਨੇ ਕਿਹਾ: “ਹੇ ਯਹੋਵਾਹ, ਤੂੰ ਭਲਾ ਅਤੇ ਮਾਫ਼ ਕਰਨ ਲਈ ਤਿਆਰ ਹੈਂ।”—ਜ਼ਬੂਰ 86:5.

2, 3. (ੳ) ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਇਸ ਦੇ ਸਿੱਟੇ ਵਜੋਂ ਸਾਡੇ ਉੱਤੇ ਕਿਹੜਾ ਬੋਝ ਹੋ ਸਕਦਾ ਹੈ, ਅਤੇ ਇਹ ਲਾਭਕਾਰੀ ਕਿਉਂ ਹੈ? (ਅ) ਦੋਸ਼-ਭਾਵਨਾ ਦੁਆਰਾ ‘ਖਾਧੇ ਜਾਣ’ ਵਿਚ ਕੀ ਖ਼ਤਰਾ ਹੈ? (ੲ) ਮਾਫ਼ ਕਰਨ ਵਿਚ ਯਹੋਵਾਹ ਦੀ ਇੱਛੁਕਤਾ ਬਾਰੇ ਬਾਈਬਲ ਸਾਨੂੰ ਕੀ ਯਕੀਨ ਦਿੰਦੀ ਹੈ?

2 ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਇਸ ਦੇ ਸਿੱਟੇ ਵਜੋਂ ਸਾਡੇ ਉੱਤੇ ਵੀ ਦੁਖਦਾਈ ਅੰਤਹਕਰਣ ਦਾ ਬਹੁਤ ਭਾਰਾ ਬੋਝ ਹੋ ਸਕਦਾ ਹੈ। ਪਛਤਾਵੇ ਦੀ ਇਹ ਭਾਵਨਾ ਸੁਭਾਵਕ ਹੈ, ਅਤੇ ਲਾਭਕਾਰੀ ਵੀ ਹੈ। ਇਹ ਸਾਨੂੰ ਆਪਣੀਆਂ ਗ਼ਲਤੀਆਂ ਸੁਧਾਰਨ ਲਈ ਸਹੀ ਕਦਮ ਚੁੱਕਣ ਲਈ ਪ੍ਰੇਰਿਤ ਕਰ ਸਕਦੀ ਹੈ। ਫਿਰ ਵੀ, ਕਈਆਂ ਮਸੀਹੀਆਂ ਉੱਤੇ ਦੋਸ਼-ਭਾਵਨਾ ਛਾ ਜਾਂਦੀ ਹੈ। ਉਨ੍ਹਾਂ ਦਾ ਸਵੈ-ਨਿੰਦਕ ਦਿਲ ਸ਼ਾਇਦ ਕਹੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਾਫ਼ ਨਹੀਂ ਕਰੇਗਾ, ਭਾਵੇਂ ਉਹ ਕਿੰਨੇ ਵੀ ਪਸ਼ਚਾਤਾਪੀ ਕਿਉਂ ਨਾ ਹੋਣ। ਆਪਣੀ ਗ਼ਲਤੀ ਉੱਤੇ ਵਿਚਾਰ ਕਰਦੀ ਹੋਈ ਇਕ ਭੈਣ ਨੇ ਕਿਹਾ: “ਇਹ ਬਹੁਤ ਹੀ ਦੁਖਦਾਈ ਭਾਵਨਾ ਹੈ ਜਦੋਂ ਤੁਸੀਂ ਸੋਚਦੇ ਹੋ ਕਿ ਯਹੋਵਾਹ ਸ਼ਾਇਦ ਹੁਣ ਤੁਹਾਨੂੰ ਪਿਆਰ ਨਹੀਂ ਕਰੇਗਾ।” ਤੋਬਾ ਕਰਨ ਅਤੇ ਕਲੀਸਿਯਾ ਦੇ ਬਜ਼ੁਰਗਾਂ ਤੋਂ ਸਹਾਇਕ ਸਲਾਹ ਸਵੀਕਾਰ ਕਰਨ ਤੋਂ ਬਾਅਦ ਵੀ, ਉਹ ਆਪਣੇ ਆਪ ਨੂੰ ਯਹੋਵਾਹ ਦੀ ਮਾਫ਼ੀ ਦੇ ਅਯੋਗ ਮਹਿਸੂਸ ਕਰਦੀ ਰਹੀ। ਉਹ ਸਮਝਾਉਂਦੀ ਹੈ: “ਯਹੋਵਾਹ ਤੋਂ ਮਾਫ਼ੀ ਮੰਗੇ ਬਗੈਰ ਇਕ ਦਿਨ ਵੀ ਨਹੀਂ ਗੁਜ਼ਰਦਾ।” ਜੇਕਰ ਦੋਸ਼-ਭਾਵਨਾ ਸਾਨੂੰ “ਖਾ ਜਾਵੇ,” ਤਾਂ ਸ਼ਤਾਨ ਸ਼ਾਇਦ ਸਾਡੇ ਤੋਂ ਹਾਰ ਮੰਨਵਾਉਣ ਦੀ ਕੋਸ਼ਿਸ਼ ਕਰੇ, ਅਤੇ ਸਾਨੂੰ ਇਹ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰੇ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦੇ ਯੋਗ ਨਹੀਂ ਹਾਂ।—2 ਕੁਰਿੰਥੀਆਂ 2:5-7, 11.

3 ਪਰ ਯਹੋਵਾਹ ਮਾਮਲਿਆਂ ਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਵਿਚਾਰਦਾ! ਉਸ ਦਾ ਬਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਜਦੋਂ ਸਾਡੀ ਤੋਬਾ ਸੱਚੇ ਦਿਲੋਂ ਜ਼ਾਹਰ ਹੁੰਦੀ ਹੈ, ਤਾਂ ਯਹੋਵਾਹ ਮਾਫ਼ ਕਰਨ ਲਈ ਰਜ਼ਾਮੰਦ, ਜੀ ਹਾਂ, ਤਿਆਰ ਵੀ ਹੁੰਦਾ ਹੈ। (ਕਹਾਉਤਾਂ 28:13) ਇਸ ਲਈ ਜੇਕਰ ਤੁਹਾਨੂੰ ਕਦੀ ਪਰਮੇਸ਼ੁਰ ਦੀ ਮਾਫ਼ੀ ਨਾ-ਪ੍ਰਾਪਤਯੋਗ ਜਾਪੀ ਹੈ, ਤਾਂ ਸ਼ਾਇਦ ਇਸ ਬਾਰੇ ਬਿਹਤਰ ਸਮਝ ਦੀ ਲੋੜ ਹੈ ਕਿ ਉਹ ਕਿਉਂ ਅਤੇ ਕਿਵੇਂ ਮਾਫ਼ ਕਰਦਾ ਹੈ।

ਯਹੋਵਾਹ “ਮਾਫ਼ ਕਰਨ ਲਈ ਤਿਆਰ” ਕਿਉਂ ਹੈ?

4. ਯਹੋਵਾਹ ਨੂੰ ਸਾਡੇ ਸੁਭਾਅ ਬਾਰੇ ਕੀ ਚੇਤੇ ਹੈ, ਅਤੇ ਇਹ ਸਾਡੇ ਨਾਲ ਉਸ ਦੇ ਵਿਵਹਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ?

4 ਅਸੀਂ ਪੜ੍ਹਦੇ ਹਾਂ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।” ਯਹੋਵਾਹ ਕਿਉਂ ਤਰਸ ਖਾਂਦਾ ਹੈ? ਅਗਲੀ ਆਇਤ ਜਵਾਬ ਦਿੰਦੀ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ।” (ਜ਼ਬੂਰ 103:12-14) ਜੀ ਹਾਂ, ਯਹੋਵਾਹ ਇਸ ਗੱਲ ਨੂੰ ਨਹੀਂ ਭੁੱਲਦਾ ਕਿ ਅਸੀਂ ਮਿੱਟੀ ਤੋਂ ਬਣੇ ਹਾਂ, ਅਤੇ ਅਪੂਰਣਤਾ ਦੇ ਕਾਰਨ ਸਾਡੇ ਵਿਚ ਦੁਰਬਲਤਾਈਆਂ, ਜਾਂ ਕਮਜ਼ੋਰੀਆਂ ਹਨ। ਇਹ ਲਫ਼ਜ਼ ਕਿ ਉਹ “ਸਾਡੀ ਸਰਿਸ਼ਟ” ਨੂੰ ਜਾਣਦਾ ਹੈ, ਸਾਨੂੰ ਯਾਦ ਕਰਵਾਉਂਦੇ ਹਨ ਕਿ ਬਾਈਬਲ ਯਹੋਵਾਹ ਨੂੰ ਇਕ ਘੁਮਿਆਰ ਵਜੋਂ ਅਤੇ ਸਾਨੂੰ ਉਸ ਵੱਲੋਂ ਬਣਾਏ ਗਏ ਭਾਂਡਿਆਂ ਵਜੋਂ ਦਰਸਾਉਂਦੀ ਹੈ।a (ਯਿਰਮਿਯਾਹ 18:2-6) ਘੁਮਿਆਰ ਆਪਣੇ ਮਿੱਟੀ ਦੇ ਭਾਂਡਿਆਂ ਨੂੰ ਪੱਕੀ ਤਰ੍ਹਾਂ, ਪਰ ਕੋਮਲਤਾ ਨਾਲ ਫੜਦਾ ਹੈ, ਅਤੇ ਹਮੇਸ਼ਾ ਉਨ੍ਹਾਂ ਦੀ ਬਣਤਰ ਨੂੰ ਯਾਦ ਰੱਖਦਾ ਹੈ। ਇਸੇ ਤਰ੍ਹਾਂ, ਮਹਾਨ ਘੁਮਿਆਰ, ਯਹੋਵਾਹ, ਸਾਡੇ ਪਾਪਮਈ ਸੁਭਾਅ ਦੀਆਂ ਦੁਰਬਲਤਾਈਆਂ ਅਨੁਸਾਰ ਸਾਡੇ ਨਾਲ ਵਿਵਹਾਰ ਕਰਦਾ ਹੈ।—ਤੁਲਨਾ ਕਰੋ 2 ਕੁਰਿੰਥੀਆਂ 4:7.

5. ਰੋਮੀਆਂ ਦੀ ਪੋਥੀ ਸਾਡੇ ਅਪੂਰਣ ਸਰੀਰ ਉੱਤੇ ਪਾਪ ਦੀ ਤਾਕਤਵਰ ਪਕੜ ਦਾ ਕਿਵੇਂ ਵਰਣਨ ਕਰਦੀ ਹੈ?

5 ਯਹੋਵਾਹ ਜਾਣਦਾ ਹੈ ਕਿ ਪਾਪ ਕਿੰਨਾ ਤਾਕਤਵਰ ਹੈ। ਸ਼ਾਸਤਰ ਪਾਪ ਨੂੰ ਇਕ ਪ੍ਰਬਲ ਸ਼ਕਤੀ ਵਜੋਂ ਵਰਣਿਤ ਕਰਦਾ ਹੈ, ਜਿਸ ਨੇ ਮਨੁੱਖ ਨੂੰ ਆਪਣੀ ਘਾਤਕ ਪਕੜ ਵਿਚ ਲਿਆ ਹੈ। ਪਾਪ ਦੀ ਪਕੜ ਕਿੰਨੀ ਕੁ ਮਜ਼ਬੂਤ ਹੈ? ਰੋਮੀਆਂ ਦੀ ਪੋਥੀ ਵਿਚ, ਪ੍ਰੇਰਿਤ ਰਸੂਲ ਪੌਲੁਸ ਸਜੀਵ ਸ਼ਬਦਾਂ ਵਿਚ ਇਸ ਦਾ ਵਰਣਨ ਕਰਦਾ ਹੈ: ਅਸੀਂ “ਪਾਪ ਦੇ ਹੇਠ” ਹਾਂ, ਜਿਵੇਂ ਫ਼ੌਜੀ ਆਪਣੇ ਕਮਾਂਡਰ ਅਧੀਨ ਹੁੰਦੇ ਹਨ (ਰੋਮੀਆਂ 3:9); ਇਸ ਨੇ ਰਾਜੇ ਵਾਂਗ ਮਨੁੱਖਜਾਤੀ ਉੱਤੇ “ਰਾਜ” ਕੀਤਾ ਹੈ (ਰੋਮੀਆਂ 5:21); ਇਹ ਸਾਡੇ ਅੰਦਰ “ਵੱਸਦਾ ਹੈ” (ਰੋਮੀਆਂ 7:17, 20); ਇਸ ਦਾ “ਕਾਨੂੰਨ” ਸਾਡੇ ਵਿਚ ਲਗਾਤਾਰ ਕੰਮ ਕਰਦਾ ਹੈ, ਅਸਲ ਵਿਚ ਇਹ ਸਾਨੂੰ ਆਪਣੇ ਹੀ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। (ਰੋਮੀਆਂ 7:23, 25) ਸਾਨੂੰ ਆਪਣੇ ਅਪੂਰਣ ਸਰੀਰ ਉੱਤੇ ਪਾਪ ਦੀ ਤਾਕਤਵਰ ਪਕੜ ਦਾ ਵਿਰੋਧ ਕਰਨ ਲਈ ਕਿੰਨੀ ਔਖੀ ਲੜਾਈ ਲੜਨੀ ਪੈਂਦੀ ਹੈ!—ਰੋਮੀਆਂ 7:21, 24.

6. ਪਸ਼ਚਾਤਾਪੀ ਦਿਲ ਨਾਲ ਉਸ ਦੀ ਦਇਆ ਭਾਲਣ ਵਾਲਿਆਂ ਨੂੰ ਯਹੋਵਾਹ ਕਿਵੇਂ ਵਿਚਾਰਦਾ ਹੈ?

6 ਇਸ ਲਈ, ਸਾਡਾ ਦਿਆਲੂ ਪਰਮੇਸ਼ੁਰ ਜਾਣਦਾ ਹੈ ਕਿ ਸੰਪੂਰਣ ਆਗਿਆਕਾਰਤਾ ਸਾਡੇ ਲਈ ਸੰਭਵ ਨਹੀਂ ਹੈ, ਭਾਵੇਂ ਸਾਡੇ ਦਿਲ ਉਸ ਪ੍ਰਤੀ ਕਿੰਨੇ ਹੀ ਆਗਿਆਕਾਰ ਕਿਉਂ ਨਾ ਹੋਣੇ ਚਾਹੁਣ। (1 ਰਾਜਿਆਂ 8:46) ਉਹ ਪ੍ਰੇਮ ਨਾਲ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਜਦੋਂ ਅਸੀਂ ਇਕ ਪਸ਼ਚਾਤਾਪੀ ਦਿਲ ਨਾਲ ਉਸ ਦੀ ਪਿਤਾ-ਸਮਾਨ ਦਇਆ ਨੂੰ ਭਾਲਦੇ ਹਾਂ, ਤਾਂ ਉਹ ਮਾਫ਼ੀ ਦੇਵੇਗਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” (ਜ਼ਬੂਰ 51:17) ਦੋਸ਼-ਭਾਵਨਾ ਦੇ ਬੋਝ ਕਾਰਨ ਟੁੱਟੇ ਅਤੇ ਆਜਿਜ਼ ਦਿਲ ਨੂੰ ਯਹੋਵਾਹ ਕਦੀ ਵੀ ਨਹੀਂ ਠੁਕਰਾਵੇਗਾ, ਜਾਂ ਤਿਆਗੇਗਾ। ਇਹ ਕਿੰਨੇ ਵਧੀਆ ਢੰਗ ਨਾਲ ਯਹੋਵਾਹ ਦੀ ਮਾਫ਼ ਕਰਨ ਦੀ ਤਿਆਰੀ ਦਾ ਵਰਣਨ ਕਰਦਾ ਹੈ!

7. ਅਸੀਂ ਪਰਮੇਸ਼ੁਰ ਦੀ ਦਇਆ ਦਾ ਨਾਜਾਇਜ਼ ਫ਼ਾਇਦਾ ਕਿਉਂ ਨਹੀਂ ਉਠਾ ਸਕਦੇ?

7 ਪਰੰਤੂ, ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਆਪਣੇ ਪਾਪਮਈ ਸੁਭਾਅ ਦਾ ਬਹਾਨਾ ਬਣਾ ਕੇ ਪਰਮੇਸ਼ੁਰ ਦੀ ਦਇਆ ਦਾ ਨਾਜਾਇਜ਼ ਫ਼ਾਇਦਾ ਉਠਾ ਸਕਦੇ ਹਾਂ? ਬਿਲਕੁਲ ਨਹੀਂ! ਯਹੋਵਾਹ ਮਹਿਜ਼ ਜਜ਼ਬਾਤ ਤੋਂ ਕੰਮ ਨਹੀਂ ਲੈਂਦਾ। ਉਸ ਦੀ ਦਇਆ ਦੀਆਂ ਸੀਮਾਵਾਂ ਹਨ। ਉਹ ਉਨ੍ਹਾਂ ਲੋਕਾਂ ਨੂੰ ਬਿਲਕੁਲ ਮਾਫ਼ ਨਹੀਂ ਕਰੇਗਾ ਜੋ ਬਿਨਾਂ ਪਛਤਾਵੇ ਦੇ ਸਖ਼ਤ ਦਿਲ ਨਾਲ ਜਾਣ-ਬੁੱਝ ਕੇ ਅਤੇ ਬਦਨੀਤੀ ਢੰਗ ਨਾਲ ਪਾਪ ਕਰਦੇ ਹਨ। (ਇਬਰਾਨੀਆਂ 10:26-31) ਦੂਸਰੇ ਪਾਸੇ, ਜਦੋਂ ਉਹ ਦੇਖਦਾ ਹੈ ਕਿ ਇਕ ਦਿਲ ‘ਟੁੱਟਿਆ ਹੋਇਆ ਅਤੇ ਆਜਿਜ਼’ ਹੈ, ਤਾਂ ਉਹ “ਮਾਫ਼ ਕਰਨ ਲਈ ਤਿਆਰ” ਹੈ। (ਕਹਾਉਤਾਂ 17:3) ਆਓ ਅਸੀਂ ਬਾਈਬਲ ਵਿਚ ਈਸ਼ਵਰੀ ਮਾਫ਼ੀ ਦੀ ਪੂਰਣਤਾ ਦਾ ਵਰਣਨ ਕਰਨ ਲਈ ਵਰਤੀ ਗਈ ਲਾਖਣਿਕ ਭਾਸ਼ਾ ਉੱਤੇ ਵਿਚਾਰ ਕਰੀਏ।

ਯਹੋਵਾਹ ਕਿੰਨੀ ਪੂਰਣਤਾ ਨਾਲ ਮਾਫ਼ ਕਰਦਾ ਹੈ?

8. ਅਸਲ ਵਿਚ, ਯਹੋਵਾਹ ਸਾਡੇ ਪਾਪਾਂ ਨੂੰ ਮਾਫ਼ ਕਰ ਕੇ ਕੀ ਕਰਦਾ ਹੈ, ਅਤੇ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

8 ਪਸ਼ਚਾਤਾਪੀ ਰਾਜਾ ਦਾਊਦ ਨੇ ਕਿਹਾ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ [“ਮਾਫ਼ ਕੀਤਾ,” “ਨਿ ਵ”]।” (ਜ਼ਬੂਰ 32:5) ਇਹ ਸ਼ਬਦ “ਮਾਫ਼ ਕੀਤਾ,” ਉਸ ਇਬਰਾਨੀ ਸ਼ਬਦ ਦਾ ਅਨੁਵਾਦ ਹੈ ਜਿਸ ਦਾ ਮੂਲ ਰੂਪ ਵਿਚ ਅਰਥ ਹੈ “ਚੁੱਕ ਲੈਣਾ,” “ਸਹਾਰਨਾ, ਚੁੱਕਣਾ।” ਇੱਥੇ ਇਨ੍ਹਾਂ ਦੀ ਵਰਤੋਂ ‘ਦੋਸ਼-ਭਾਵਨਾ, ਪਾਪ, ਅਪਰਾਧ ਨੂੰ ਦੂਰ ਲੈ ਜਾਣ’ ਦਾ ਅਰਥ ਰੱਖਦੀ ਹੈ। ਇਸ ਤਰ੍ਹਾਂ ਯਹੋਵਾਹ ਨੇ ਦਾਊਦ ਦੇ ਪਾਪਾਂ ਨੂੰ ਚੁੱਕ ਲਿਆ, ਮਾਨੋ ਉਹ ਉਨ੍ਹਾਂ ਨੂੰ ਦੂਰ ਲੈ ਗਿਆ। (ਤੁਲਨਾ ਕਰੋ ਲੇਵੀਆਂ 16:20-22.) ਬਿਨਾਂ ਸ਼ੱਕ ਇਸ ਨੇ ਦਾਊਦ ਦੀਆਂ ਉਨ੍ਹਾਂ ਦੋਸ਼-ਭਾਵਨਾਵਾਂ ਦੇ ਭਾਰ ਨੂੰ ਘਟਾਇਆ ਹੋਵੇਗਾ ਜੋ ਉਹ ਚੁੱਕੀ ਫਿਰਦਾ ਸੀ। (ਤੁਲਨਾ ਕਰੋ ਜ਼ਬੂਰ 32:3) ਅਸੀਂ ਵੀ ਪਰਮੇਸ਼ੁਰ ਵਿਚ ਪੂਰਾ ਭਰੋਸਾ ਰੱਖ ਸਕਦੇ ਹਾਂ ਜੋ ਉਨ੍ਹਾਂ ਲੋਕਾਂ ਦੇ ਪਾਪ ਮਾਫ਼ ਕਰਦਾ ਹੈ ਜੋ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਆਪਣੀ ਨਿਹਚਾ ਦੇ ਆਧਾਰ ਤੇ ਉਸ ਦੀ ਮਾਫ਼ੀ ਭਾਲਦੇ ਹਨ। (ਮੱਤੀ 20:28; ਤੁਲਨਾ ਕਰੋ ਯਸਾਯਾਹ 53:12.) ਇਸ ਤਰ੍ਹਾਂ, ਜਿਨ੍ਹਾਂ ਦੇ ਪਾਪ ਯਹੋਵਾਹ ਚੁੱਕ ਲੈਂਦਾ ਹੈ ਅਤੇ ਦੂਰ ਲੈ ਜਾਂਦਾ ਹੈ, ਉਨ੍ਹਾਂ ਨੂੰ ਆਪਣੇ ਪਿਛਲੇ ਪਾਪਾਂ ਸੰਬੰਧੀ ਦੋਸ਼-ਭਾਵਨਾਵਾਂ ਦੇ ਭਾਰ ਨੂੰ ਲਗਾਤਾਰ ਚੁੱਕਣ ਦੀ ਜ਼ਰੂਰਤ ਨਹੀਂ ਹੈ।

9. ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ: “ਸਾਡੇ ਕਰਜ਼ ਸਾਨੂੰ ਮਾਫ਼ ਕਰ”?

9 ਇਹ ਦਰਸਾਉਣ ਲਈ ਕਿ ਯਹੋਵਾਹ ਕਿਸ ਤਰ੍ਹਾਂ ਮਾਫ਼ ਕਰਦਾ ਹੈ, ਯਿਸੂ ਨੇ ਲੈਣਦਾਰ ਅਤੇ ਕਰਜ਼ਦਾਰ ਵਿਚਕਾਰ ਸੰਬੰਧ ਨੂੰ ਇਸਤੇਮਾਲ ਕੀਤਾ। ਉਦਾਹਰਣ ਲਈ, ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕੀਤਾ: “ਸਾਡੇ ਕਰਜ਼ ਸਾਨੂੰ ਮਾਫ਼ ਕਰ।” (ਮੱਤੀ 6:12) ਇਸ ਤਰ੍ਹਾਂ ਯਿਸੂ ਨੇ “ਪਾਪਾਂ” ਦੀ ਤੁਲਨਾ “ਕਰਜ਼” ਨਾਲ ਕੀਤੀ। (ਲੂਕਾ 11:4) ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ “ਕਰਜ਼ਦਾਰ” ਬਣਦੇ ਹਾਂ। ‘ਮਾਫ਼ ਕਰਨਾ’ ਅਨੁਵਾਦ ਕੀਤੀ ਗਈ ਯੂਨਾਨੀ ਕ੍ਰਿਆ ਦਾ ਅਰਥ “ਕਰਜ਼ ਦੀ ਮੰਗ ਨਾ ਕਰਦੇ ਹੋਏ ਇਸ ਨੂੰ ਜਾਣ ਦੇਣਾ, ਛੱਡ ਦੇਣਾ” ਹੋ ਸਕਦਾ ਹੈ। ਇਸੇ ਤਰ੍ਹਾਂ, ਜਦੋਂ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਉਸ ਕਰਜ਼ ਨੂੰ ਛੱਡ ਦਿੰਦਾ ਹੈ ਜੋ ਵਰਨਾ ਸਾਡੇ ਲੇਖੇ ਲਾਇਆ ਜਾਂਦਾ। ਇਸ ਤਰ੍ਹਾਂ ਪਸ਼ਚਾਤਾਪੀ ਪਾਪੀ ਦਿਲਾਸਾ ਪ੍ਰਾਪਤ ਕਰ ਸਕਦੇ ਹਨ। ਯਹੋਵਾਹ ਉਸ ਕਰਜ਼ ਦੇ ਭੁਗਤਾਨ ਦੀ ਕਦੀ ਵੀ ਮੰਗ ਨਹੀਂ ਕਰੇਗਾ ਜੋ ਉਸ ਨੇ ਛੱਡ ਦਿੱਤਾ ਹੈ!—ਜ਼ਬੂਰ 32:1, 2; ਤੁਲਨਾ ਕਰੋ ਮੱਤੀ 18:23-35.

10, 11. (ੳ) ਰਸੂਲਾਂ ਦੇ ਕਰਤੱਬ 3:19 ਵਿਚ ਪਾਏ ਜਾਂਦੇ ਵਾਕਾਂਸ਼ “ਮਿਟਾਏ ਜਾਣ” ਦੁਆਰਾ ਕਿਹੜਾ ਵਿਚਾਰ ਪ੍ਰਗਟ ਕੀਤਾ ਗਿਆ ਹੈ? (ਅ) ਯਹੋਵਾਹ ਦੀ ਮਾਫ਼ੀ ਦੀ ਪੂਰਣਤਾ ਕਿਵੇਂ ਦਰਸਾਈ ਜਾਂਦੀ ਹੈ?

10 ਰਸੂਲਾਂ ਦੇ ਕਰਤੱਬ 3:19 ਵਿਚ, ਬਾਈਬਲ ਪਰਮੇਸ਼ੁਰ ਦੀ ਮਾਫ਼ੀ ਦਾ ਵਰਣਨ ਕਰਨ ਲਈ ਇਕ ਹੋਰ ਤਰ੍ਹਾਂ ਦੀ ਤਸਵੀਰੀ ਭਾਸ਼ਾ ਦਾ ਇਸਤੇਮਾਲ ਕਰਦੀ ਹੈ: “ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।” ਇਹ ਵਾਕਾਂਸ਼ “ਮਿਟਾਏ ਜਾਣ” ਉਸ ਯੂਨਾਨੀ ਕ੍ਰਿਆ ਦਾ ਅਨੁਵਾਦ ਹੈ ਜੋ “ਪੂੰਝ ਦੇਣ, ਸਫ਼ਾਇਆ ਕਰਨ, ਕਾਟਾ ਫੇਰਨ ਜਾਂ ਨਾਸ਼ ਕਰ ਦੇਣ” ਦਾ ਅਰਥ ਰੱਖ ਸਕਦਾ ਹੈ, ਜਦੋਂ ਇਹ ਤਸਵੀਰੀ ਭਾਸ਼ਾ ਵਿਚ ਵਰਤਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ, ਇਹ ਲਿਖਾਈ ਨੂੰ ਮਿਟਾਉਣ ਦਾ ਵਿਚਾਰ ਪ੍ਰਗਟ ਕਰਦਾ ਹੈ। ਇਹ ਕਿਸ ਤਰ੍ਹਾਂ ਸੰਭਵ ਹੈ? ਪ੍ਰਾਚੀਨ ਸਮਿਆਂ ਵਿਚ ਆਮ ਵਰਤੀ ਜਾਂਦੀ ਸਿਆਹੀ ਕਾਰਬਨ, ਗੂੰਦ, ਅਤੇ ਪਾਣੀ ਦੇ ਮਿਸ਼ਰਣ ਤੋਂ ਬਣੀ ਹੁੰਦੀ ਸੀ। ਅਜਿਹੀ ਸਿਆਹੀ ਨਾਲ ਲਿਖਣ ਤੋਂ ਜਲਦੀ ਹੀ ਬਾਅਦ, ਇਕ ਵਿਅਕਤੀ ਗਿੱਲੇ ਸਪੰਜ ਨਾਲ ਲਿਖਾਈ ਨੂੰ ਪੂੰਝ ਸਕਦਾ ਸੀ।

11 ਇਸ ਵਿਚ ਯਹੋਵਾਹ ਦੀ ਮਾਫ਼ੀ ਦੀ ਪੂਰਣਤਾ ਦੀ ਸੁੰਦਰ ਤਸਵੀਰ ਹੈ। ਜਦੋਂ ਉਹ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ, ਤਾਂ ਮਾਣੋ ਉਹ ਸਪੰਜ ਲੈ ਕੇ ਉਨ੍ਹਾਂ ਨੂੰ ਪੂੰਝ ਦਿੰਦਾ ਹੈ। ਸਾਨੂੰ ਡਰਨ ਦੀ ਲੋੜ ਨਹੀਂ ਕਿ ਉਹ ਭਵਿੱਖ ਵਿਚ ਅਜਿਹੇ ਪਾਪਾਂ ਨੂੰ ਸਾਡੇ ਵਿਰੁੱਧ ਵਰਤੇਗਾ, ਕਿਉਂਕਿ ਬਾਈਬਲ ਯਹੋਵਾਹ ਦੀ ਦਇਆ ਬਾਰੇ ਇਕ ਹੋਰ ਗੱਲ ਜ਼ਾਹਰ ਕਰਦੀ ਹੈ ਜੋ ਸੱਚ-ਮੁੱਚ ਅਨੂਠੀ ਹੈ: ਜਦੋਂ ਉਹ ਮਾਫ਼ ਕਰਦਾ ਹੈ, ਤਾਂ ਉਹ ਭੁਲਾ ਵੀ ਦਿੰਦਾ ਹੈ!

‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ’

12. ਜਦੋਂ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਸਾਡੇ ਪਾਪਾਂ ਨੂੰ ਭੁਲਾ ਦਿੰਦਾ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਉਨ੍ਹਾਂ ਨੂੰ ਦੁਬਾਰਾ ਯਾਦ ਕਰਨ ਵਿਚ ਅਸਮਰਥ ਹੈ, ਅਤੇ ਤੁਸੀਂ ਇਸ ਤਰ੍ਹਾਂ ਕਿਉਂ ਜਵਾਬ ਦਿੰਦੇ ਹੋ?

12 ਯਿਰਮਿਯਾਹ ਨਬੀ ਦੁਆਰਾ, ਯਹੋਵਾਹ ਨੇ ਨਵੇਂ ਨੇਮ ਵਿਚ ਸ਼ਾਮਲ ਲੋਕਾਂ ਦੇ ਸੰਬੰਧ ਵਿਚ ਵਾਅਦਾ ਕੀਤਾ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” (ਯਿਰਮਿਯਾਹ 31:34) ਕੀ ਇਸ ਦਾ ਇਹ ਮਤਲਬ ਹੈ ਕਿ ਜਦੋਂ ਯਹੋਵਾਹ ਮਾਫ਼ ਕਰਦਾ ਹੈ ਤਾਂ ਉਹ ਪਾਪਾਂ ਨੂੰ ਦੁਬਾਰਾ ਯਾਦ ਕਰਨ ਵਿਚ ਅਸਮਰਥ ਹੈ? ਇਹ ਤਾਂ ਹੋ ਹੀ ਨਹੀਂ ਸਕਦਾ। ਬਾਈਬਲ ਬਹੁਤ ਸਾਰੇ ਵਿਅਕਤੀਆਂ ਦੇ ਪਾਪਾਂ ਬਾਰੇ ਸਾਨੂੰ ਦੱਸਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਾਫ਼ ਕੀਤਾ ਸੀ, ਜਿਨ੍ਹਾਂ ਵਿਚ ਦਾਊਦ ਵੀ ਸ਼ਾਮਲ ਸੀ। (2 ਸਮੂਏਲ 11:1-17; 12:1-13) ਸਪੱਸ਼ਟ ਤੌਰ ਤੇ ਯਹੋਵਾਹ ਉਨ੍ਹਾਂ ਦੀਆਂ ਗ਼ਲਤੀਆਂ ਬਾਰੇ ਅਜੇ ਵੀ ਜਾਣਦਾ ਹੈ, ਅਤੇ ਸਾਨੂੰ ਵੀ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਦੇ ਪਾਪਾਂ ਦਾ, ਨਾਲ ਹੀ ਨਾਲ ਉਨ੍ਹਾਂ ਦੇ ਪਛਤਾਵੇ ਅਤੇ ਪਰਮੇਸ਼ੁਰ ਦੁਆਰਾ ਮਾਫ਼ੀ ਦਾ ਰਿਕਾਰਡ ਸਾਡੇ ਲਾਭ ਲਈ ਸਾਂਭ ਕੇ ਰੱਖਿਆ ਹੋਇਆ ਹੈ। (ਰੋਮੀਆਂ 15:4) ਫਿਰ ਬਾਈਬਲ ਦਾ ਕੀ ਅਰਥ ਹੈ ਜਦੋਂ ਇਹ ਕਹਿੰਦੀ ਹੈ ਕਿ ਯਹੋਵਾਹ ਉਨ੍ਹਾਂ ਦੇ ਪਾਪ “ਚੇਤੇ” ਨਹੀਂ ਕਰਦਾ ਹੈ ਜਿਨ੍ਹਾਂ ਨੂੰ ਉਹ ਮਾਫ਼ ਕਰਦਾ ਹੈ?

13. (ੳ) ‘ਮੈਂ ਚੇਤੇ ਕਰਾਂਗਾ’ ਅਨੁਵਾਦ ਕੀਤੀ ਗਈ ਇਬਰਾਨੀ ਕ੍ਰਿਆ ਦੇ ਅਰਥ ਵਿਚ ਕੀ ਸ਼ਾਮਲ ਹੈ? (ਅ) ਜਦੋਂ ਯਹੋਵਾਹ ਕਹਿੰਦਾ ਹੈ, ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ,’ ਤਾਂ ਉਹ ਸਾਨੂੰ ਕੀ ਯਕੀਨ ਦਿਵਾ ਰਿਹਾ ਹੈ?

13 ‘ਮੈਂ ਚੇਤੇ ਕਰਾਂਗਾ’ ਅਨੁਵਾਦ ਕੀਤੀ ਗਈ ਇਬਰਾਨੀ ਕ੍ਰਿਆ ਬੀਤੇ ਸਮੇਂ ਨੂੰ ਮਹਿਜ਼ ਯਾਦ ਕਰਨ ਤੋਂ ਜ਼ਿਆਦਾ ਅਰਥ ਰੱਖਦੀ ਹੈ। ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ ਦੇ ਅਨੁਸਾਰ, ਇਸ ਵਿਚ “ਢੁਕਵੀਂ ਕਾਰਵਾਈ ਕਰਨ ਦਾ ਹੋਰ ਭਾਵ” ਸ਼ਾਮਲ ਹੈ। ਇਸ ਲਈ ਇਸ ਭਾਵ ਵਿਚ, ਪਾਪ “ਚੇਤੇ” ਕਰਨ ਵਿਚ ਪਾਪੀਆਂ ਦੇ ਵਿਰੁੱਧ ਕਾਰਵਾਈ ਕਰਨੀ ਸ਼ਾਮਲ ਹੈ। ਜਦੋਂ ਹੋਸ਼ੇਆ ਨਬੀ ਨੇ ਮਨਮਤੀਏ ਇਸਰਾਏਲੀਆਂ ਬਾਰੇ ਕਿਹਾ, “ਉਹ [ਯਹੋਵਾਹ] ਓਹਨਾਂ ਦੀ ਬਦੀ ਨੂੰ ਚੇਤੇ ਕਰੇਗਾ,” ਤਾਂ ਨਬੀ ਦੇ ਕਹਿਣ ਦਾ ਮਤਲਬ ਸੀ ਕਿ ਉਨ੍ਹਾਂ ਵਿਚ ਪਛਤਾਵੇ ਦੀ ਘਾਟ ਦੇ ਕਾਰਨ ਯਹੋਵਾਹ ਉਨ੍ਹਾਂ ਵਿਰੁੱਧ ਕਾਰਵਾਈ ਕਰੇਗਾ। ਇਸ ਲਈ, ਆਇਤ ਦਾ ਬਾਕੀ ਹਿੱਸਾ ਕਹਿੰਦਾ ਹੈ: “ਉਹ ਓਹਨਾਂ ਦੇ ਪਾਪਾਂ ਦੀ ਖਬਰ ਲਵੇਗਾ।” (ਹੋਸ਼ੇਆ 9:9) ਦੂਸਰੇ ਪਾਸੇ, ਜਦੋਂ ਯਹੋਵਾਹ ਕਹਿੰਦਾ ਹੈ, ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ,’ ਤਾਂ ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਜਦੋਂ ਉਹ ਇਕ ਵਾਰ ਪਸ਼ਚਾਤਾਪੀ ਵਿਅਕਤੀ ਦੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਭਵਿੱਖ ਵਿਚ ਉਨ੍ਹਾਂ ਪਾਪਾਂ ਕਾਰਨ ਉਸ ਦੇ ਵਿਰੁੱਧ ਕਾਰਵਾਈ ਨਹੀਂ ਕਰੇਗਾ। (ਹਿਜ਼ਕੀਏਲ 18:21, 22) ਉਹ ਇਸ ਭਾਵ ਵਿਚ ਭੁੱਲ ਜਾਂਦਾ ਹੈ ਕਿ ਉਹ ਸਾਨੂੰ ਵਾਰ-ਵਾਰ ਦੋਸ਼ੀ ਠਹਿਰਾਉਣ ਜਾਂ ਸਜ਼ਾ ਦੇਣ ਲਈ ਸਾਡੇ ਪਾਪਾਂ ਦਾ ਦੁਬਾਰਾ ਜ਼ਿਕਰ ਨਹੀਂ ਕਰੇਗਾ। ਇਸ ਤਰ੍ਹਾਂ, ਯਹੋਵਾਹ ਸਾਡੇ ਸਾਮ੍ਹਣੇ ਇਕ ਸ਼ਾਨਦਾਰ ਉਦਾਹਰਣ ਰੱਖਦਾ ਹੈ, ਕਿ ਸਾਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ। ਜਦੋਂ ਮਤਭੇਦ ਫੁੱਟਦੇ ਹਨ, ਤਾਂ ਉਦੋਂ ਪੁਰਾਣੇ ਦੋਸ਼ਾਂ ਨੂੰ ਯਾਦ ਨਾ ਕਰਨਾ ਚੰਗਾ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਮਾਫ਼ ਕਰਨ ਲਈ ਰਜ਼ਾਮੰਦ ਹੋਏ ਸੀ।

ਪਾਪਾਂ ਦੇ ਨਤੀਜਿਆਂ ਬਾਰੇ ਕੀ?

14. ਮਾਫ਼ੀ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਪਸ਼ਚਾਤਾਪੀ ਪਾਪੀ ਆਪਣੇ ਗ਼ਲਤ ਰਾਹ ਦੇ ਸਾਰੇ ਨਤੀਜਿਆਂ ਤੋਂ ਮੁਕਤ ਹੋ ਗਿਆ ਹੈ?

14 ਕੀ ਮਾਫ਼ ਕਰਨ ਲਈ ਯਹੋਵਾਹ ਦੀ ਤਿਆਰੀ ਦਾ ਇਹ ਮਤਲਬ ਹੈ ਕਿ ਇਕ ਪਸ਼ਚਾਤਾਪੀ ਪਾਪੀ ਆਪਣੀ ਗ਼ਲਤੀ ਦੇ ਸਾਰੇ ਨਤੀਜਿਆਂ ਤੋਂ ਮੁਕਤ ਹੋ ਗਿਆ ਹੈ? ਬਿਲਕੁਲ ਨਹੀਂ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਪਾਪ ਵੀ ਕਰੀਏ ਤੇ ਸਜ਼ਾ ਵੀ ਨਾ ਭੁਗਤੀਏ। ਪੌਲੁਸ ਨੇ ਲਿਖਿਆ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਆਪਣੇ ਕਾਰਜਾਂ ਜਾਂ ਸਮੱਸਿਆਵਾਂ ਕਾਰਨ ਅਸੀਂ ਸ਼ਾਇਦ ਕੁਝ ਖ਼ਾਸ ਫਲ ਭੋਗੀਏ, ਪਰੰਤੂ ਮਾਫ਼ੀ ਦੇਣ ਤੋਂ ਬਾਅਦ, ਯਹੋਵਾਹ ਸਾਡੇ ਉੱਤੇ ਕੋਈ ਆਫ਼ਤ ਨਹੀਂ ਲਿਆਵੇਗਾ। ਮੁਸੀਬਤਾਂ ਪੈਣ ਦੇ ਕਾਰਨ ਇਕ ਮਸੀਹੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ‘ਸ਼ਾਇਦ ਯਹੋਵਾਹ ਮੇਰੇ ਪਿਛਲੇ ਪਾਪਾਂ ਕਾਰਨ ਮੈਨੂੰ ਸਜ਼ਾ ਦੇ ਰਿਹਾ ਹੈ।’ (ਤੁਲਨਾ ਕਰੋ ਯਾਕੂਬ 1:13.) ਦੂਸਰੇ ਪਾਸੇ, ਯਹੋਵਾਹ ਸਾਡੇ ਗ਼ਲਤ ਕੰਮਾਂ ਦੇ ਸਾਰੇ ਪ੍ਰਭਾਵਾਂ ਤੋਂ ਸਾਨੂੰ ਨਹੀਂ ਬਚਾਉਂਦਾ। ਤਲਾਕ, ਅਣਚਾਹਿਆ ਗਰਭ, ਲਿੰਗੀ ਬੀਮਾਰੀਆਂ, ਭਰੋਸਾ ਜਾਂ ਆਦਰ ਗੁਆਉਣਾ—ਇਹ ਸਾਰੇ ਪਾਪ ਦੇ ਬੁਰੇ ਨਤੀਜੇ ਹੋ ਸਕਦੇ ਹਨ, ਅਤੇ ਯਹੋਵਾਹ ਸਾਨੂੰ ਇਨ੍ਹਾਂ ਤੋਂ ਨਹੀਂ ਬਚਾਵੇਗਾ। ਯਾਦ ਕਰੋ ਕਿ ਭਾਵੇਂ ਉਸ ਨੇ ਬਥ-ਸ਼ਬਾ ਅਤੇ ਉਰਿੱਯਾਹ ਦੇ ਸੰਬੰਧ ਵਿਚ ਦਾਊਦ ਦੁਆਰਾ ਕੀਤੇ ਪਾਪ ਮਾਫ਼ ਕਰ ਦਿੱਤੇ ਸਨ, ਪਰ ਇਨ੍ਹਾਂ ਪਾਪਾਂ ਦੇ ਬਿਪਤਾਜਨਕ ਨਤੀਜਿਆਂ ਤੋਂ ਯਹੋਵਾਹ ਨੇ ਦਾਊਦ ਦੀ ਰੱਖਿਆ ਨਹੀਂ ਕੀਤੀ ਸੀ।—2 ਸਮੂਏਲ 12:9-14.

15, 16. ਲੇਵੀਆਂ 6:1-7 ਵਿਚ ਦਰਜ ਕੀਤੀ ਬਿਵਸਥਾ ਕਿਸ ਤਰ੍ਹਾਂ ਅਪਰਾਧ ਸਹਿਣ ਵਾਲੇ ਅਤੇ ਦੋਸ਼ੀ ਦੋਹਾਂ ਨੂੰ ਲਾਭ ਪਹੁੰਚਾਉਂਦੀ ਸੀ?

15 ਸਾਡੇ ਪਾਪਾਂ ਦੇ ਸ਼ਾਇਦ ਦੂਸਰੇ ਨਤੀਜੇ ਵੀ ਹੋਣ। ਉਦਾਹਰਣ ਲਈ, ਲੇਵੀਆਂ ਦੀ ਪੋਥੀ ਅਧਿਆਇ 6 ਦੇ ਬਿਰਤਾਂਤ ਉੱਤੇ ਵਿਚਾਰ ਕਰੋ। ਮੂਸਾ ਦੀ ਬਿਵਸਥਾ ਇੱਥੇ ਉਸ ਹਾਲਤ ਬਾਰੇ ਦੱਸਦੀ ਹੈ ਜਿਸ ਵਿਚ ਇਕ ਵਿਅਕਤੀ ਆਪਣੇ ਸੰਗੀ ਇਸਰਾਏਲੀ ਦੀਆਂ ਚੀਜ਼ਾਂ ਨੂੰ ਲੁੱਟਣ, ਬਟੋਰਨ, ਜਾਂ ਚਾਲਬਾਜ਼ੀ ਦੇ ਜ਼ਰੀਏ ਜ਼ਬਤ ਕਰ ਕੇ, ਇਕ ਗੰਭੀਰ ਪਾਪ ਕਰਦਾ ਹੈ। ਫਿਰ ਪਾਪੀ ਦੋਸ਼ੀ ਹੋਣ ਤੋਂ ਇਨਕਾਰ ਕਰਦਾ ਹੈ, ਇੱਥੋਂ ਤਕ ਕਿ ਬੇਪਰਵਾਹੀ ਨਾਲ ਉਹ ਝੂਠੀ ਸੌਂਹ ਖਾਂਦਾ ਹੈ। ਇਹ ਇਕ ਦੂਜੇ ਉੱਤੇ ਇਲਜ਼ਾਮ ਲਗਾਉਣ ਵਾਲਾ ਮਾਮਲਾ ਬਣ ਜਾਂਦਾ ਹੈ। ਪਰੰਤੂ, ਬਾਅਦ ਵਿਚ ਦੋਸ਼ੀ ਦਾ ਅੰਤਹਕਰਣ ਉਸ ਨੂੰ ਤੰਗ ਕਰਦਾ ਹੈ ਅਤੇ ਉਹ ਆਪਣੇ ਪਾਪ ਦਾ ਇਕਰਾਰ ਕਰਦਾ ਹੈ। ਪਰਮੇਸ਼ੁਰ ਤੋਂ ਮਾਫ਼ੀ ਪ੍ਰਾਪਤ ਕਰਨ ਲਈ, ਉਸ ਨੂੰ ਤਿੰਨ ਹੋਰ ਕੰਮ ਕਰਨੇ ਪੈਣਗੇ: ਲੁੱਟੀਆਂ ਚੀਜ਼ਾਂ ਵਾਪਸ ਕਰਨੀਆਂ, ਅਪਰਾਧ ਸਹਿਣ ਵਾਲੇ ਨੂੰ ਜੁਰਮਾਨੇ ਦਾ 20 ਪ੍ਰਤਿਸ਼ਤ ਹਿੱਸਾ ਦੇਣਾ, ਅਤੇ ਦੋਸ਼ ਦੀ ਭੇਟ ਵਜੋਂ ਇਕ ਛਤਰਾ ਚੜ੍ਹਾਉਣਾ। ਫਿਰ, ਬਿਵਸਥਾ ਕਹਿੰਦੀ ਹੈ: “ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ . . . ਸੋ ਸਭ ਕੁਝ ਦੀ ਖਿਮਾ ਉਸ ਨੂੰ ਹੋ ਜਾਵੇਗੀ।”—ਲੇਵੀਆਂ 6:1-7; ਤੁਲਨਾ ਕਰੋ ਮੱਤੀ 5:23, 24.

16 ਇਹ ਬਿਵਸਥਾ ਪਰਮੇਸ਼ੁਰ ਵੱਲੋਂ ਇਕ ਦਿਆਲੂ ਪ੍ਰਬੰਧ ਸੀ। ਇਸ ਨਾਲ ਅਪਰਾਧ ਸਹਿਣ ਵਾਲੇ ਨੂੰ ਲਾਭ ਹੁੰਦਾ ਸੀ, ਜਿਸ ਨੂੰ ਆਪਣੀ ਜਾਇਦਾਦ ਵਾਪਸ ਮਿਲ ਜਾਂਦੀ ਸੀ ਅਤੇ ਜੋ ਬਿਨਾਂ ਸ਼ੱਕ ਕਾਫ਼ੀ ਰਾਹਤ ਮਹਿਸੂਸ ਕਰਦਾ ਸੀ ਜਦੋਂ ਦੋਸ਼ੀ ਅਖ਼ੀਰ ਵਿਚ ਆਪਣਾ ਪਾਪ ਸਵੀਕਾਰ ਕਰ ਲੈਂਦਾ ਸੀ। ਨਾਲ ਹੀ ਨਾਲ, ਇਹ ਬਿਵਸਥਾ ਉਸ ਵਿਅਕਤੀ ਨੂੰ ਵੀ ਲਾਭ ਪਹੁੰਚਾਉਂਦੀ ਸੀ ਜਿਸ ਦੇ ਅੰਤਹਕਰਣ ਨੇ ਅਖ਼ੀਰ ਵਿਚ ਉਸ ਨੂੰ ਆਪਣਾ ਦੋਸ਼ ਮੰਨਣ ਅਤੇ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਪ੍ਰੇਰਿਤ ਕੀਤਾ। ਵਾਕਈ, ਜੇ ਉਹ ਅਜਿਹਾ ਕਰਨ ਤੋਂ ਇਨਕਾਰ ਕਰਦਾ, ਤਾਂ ਪਰਮੇਸ਼ੁਰ ਵੱਲੋਂ ਉਸ ਨੂੰ ਕੋਈ ਮਾਫ਼ੀ ਨਹੀਂ ਮਿਲਣੀ ਸੀ।

17. ਜਦੋਂ ਸਾਡੇ ਪਾਪਾਂ ਕਾਰਨ ਦੂਸਰਿਆਂ ਨੂੰ ਚੋਟ ਪਹੁੰਚਦੀ ਹੋਵੇ, ਤਾਂ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖਦਾ ਹੈ?

17 ਭਾਵੇਂ ਅਸੀਂ ਮੂਸਾ ਦੀ ਬਿਵਸਥਾ ਅਧੀਨ ਨਹੀਂ ਹਾਂ, ਪਰ ਇਸ ਨਾਲ ਸਾਨੂੰ ਯਹੋਵਾਹ ਦੇ ਮਨ ਦੀ ਇਕ ਬਹੁਮੁੱਲੀ ਝਲਕ ਮਿਲਦੀ ਹੈ, ਜਿਸ ਵਿਚ ਮਾਫ਼ੀ ਬਾਰੇ ਉਸ ਦਾ ਦ੍ਰਿਸ਼ਟੀਕੋਣ ਵੀ ਸ਼ਾਮਲ ਹੈ। (ਕੁਲੁੱਸੀਆਂ 2:13, 14) ਜਦੋਂ ਸਾਡੇ ਪਾਪਾਂ ਕਾਰਨ ਦੂਸਰਿਆਂ ਨੂੰ ਚੋਟ ਪਹੁੰਚੀ ਹੋਵੇ ਜਾਂ ਉਹ ਇਨ੍ਹਾਂ ਦੇ ਸ਼ਿਕਾਰ ਬਣੇ ਹੋਣ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੀ ‘ਗ਼ਲਤੀ ਨੂੰ ਸੁਧਾਰਨ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (2 ਕੁਰਿੰਥੀਆਂ 7:11, ਨਿ ਵ) ਇਸ ਵਿਚ ਆਪਣੇ ਪਾਪ ਨੂੰ ਸਵੀਕਾਰ ਕਰਨਾ, ਦੋਸ਼ ਨੂੰ ਕਬੂਲ ਕਰਨਾ, ਅਤੇ ਅਪਰਾਧ ਸਹਿਣ ਵਾਲੇ ਕੋਲੋਂ ਮਾਫ਼ੀ ਮੰਗਣੀ ਵੀ ਸ਼ਾਮਲ ਹੈ। ਫਿਰ ਅਸੀਂ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਅਤੇ ਸਾਫ਼ ਅੰਤਹਕਰਣ ਕਾਰਨ ਅਤੇ ਇਸ ਭਰੋਸੇ ਕਾਰਨ ਕਿ ਅਸੀਂ ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਗਏ ਹਾਂ, ਰਾਹਤ ਅਨੁਭਵ ਕਰ ਸਕਦੇ ਹਾਂ।—ਇਬਰਾਨੀਆਂ 10:21, 22.

18. ਯਹੋਵਾਹ ਦੀ ਮਾਫ਼ੀ ਦੇ ਨਾਲ-ਨਾਲ ਕਿਹੜੀ ਤਾੜਨਾ ਦਿੱਤੀ ਜਾ ਸਕਦੀ ਹੈ?

18 ਕਿਸੇ ਵੀ ਪ੍ਰੇਮਮਈ ਮਾਤਾ ਜਾਂ ਪਿਤਾ ਦੀ ਤਰ੍ਹਾਂ, ਯਹੋਵਾਹ ਸ਼ਾਇਦ ਮਾਫ਼ੀ ਦੇ ਨਾਲ-ਨਾਲ ਕੁਝ ਹੱਦ ਤਕ ਤਾੜਨਾ ਵੀ ਦੇਵੇ। (ਕਹਾਉਤਾਂ 3:11, 12) ਗੰਭੀਰ ਪਾਪ ਦੇ ਮਾਮਲੇ ਵਿਚ, ਇਕ ਪਸ਼ਚਾਤਾਪੀ ਮਸੀਹੀ ਨੂੰ ਸ਼ਾਇਦ ਇਕ ਬਜ਼ੁਰਗ, ਇਕ ਸਹਾਇਕ ਸੇਵਕ, ਜਾਂ ਇਕ ਪਾਇਨੀਅਰ ਵਜੋਂ ਆਪਣਾ ਵਿਸ਼ੇਸ਼-ਸਨਮਾਨ ਛੱਡਣਾ ਪਵੇ। ਆਪਣੇ ਉਨ੍ਹਾਂ ਵਿਸ਼ੇਸ਼-ਸਨਮਾਨਾਂ ਨੂੰ ਕੁਝ ਸਮੇਂ ਲਈ ਗੁਆਉਣਾ ਸ਼ਾਇਦ ਦੁਖਦਾਈ ਹੋਵੇ ਜੋ ਉਸ ਲਈ ਬਹੁਤ ਕੀਮਤੀ ਸਨ। ਪਰੰਤੂ, ਅਜਿਹੀ ਤਾੜਨਾ ਦਾ ਇਹ ਮਤਲਬ ਨਹੀਂ ਕਿ ਉਸ ਉੱਤੇ ਯਹੋਵਾਹ ਦੀ ਮਿਹਰ ਨਹੀਂ ਹੈ ਜਾਂ ਕਿ ਯਹੋਵਾਹ ਨੇ ਮਾਫ਼ੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਤਾੜਨਾ ਸਾਡੇ ਪ੍ਰਤੀ ਯਹੋਵਾਹ ਦੇ ਪ੍ਰੇਮ ਦਾ ਸਬੂਤ ਹੈ। ਇਸ ਨੂੰ ਸਵੀਕਾਰ ਕਰਨਾ ਅਤੇ ਲਾਗੂ ਕਰਨਾ ਸਾਡੇ ਭਲੇ ਲਈ ਹੈ ਅਤੇ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ।—ਇਬਰਾਨੀਆਂ 12:5-11.

19, 20. (ੳ) ਜੇ ਤੁਸੀਂ ਗ਼ਲਤੀਆਂ ਕੀਤੀਆਂ ਹਨ, ਤਾਂ ਤੁਹਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਤੁਹਾਨੂੰ ਯਹੋਵਾਹ ਦੀ ਦਇਆ ਅਪ੍ਰਾਪਤ ਹੈ? (ਅ) ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?

19 ਇਹ ਜਾਣਨਾ ਕਿੰਨਾ ਤਾਜ਼ਗੀਦਾਇਕ ਹੈ ਕਿ ਅਸੀਂ ਅਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੋ “ਮਾਫ਼ ਕਰਨ ਲਈ ਤਿਆਰ” ਹੈ! ਯਹੋਵਾਹ ਸਾਡੇ ਵਿਚ ਸਿਰਫ਼ ਪਾਪ ਜਾਂ ਗ਼ਲਤੀਆਂ ਹੀ ਨਹੀਂ ਦੇਖਦਾ ਹੈ। (ਜ਼ਬੂਰ 130:3, 4) ਉਹ ਸਾਡੇ ਦਿਲ ਦੀ ਗੱਲ ਜਾਣਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪਿਛਲੀਆਂ ਗ਼ਲਤੀਆਂ ਦੇ ਕਾਰਨ ਤੁਹਾਡਾ ਦਿਲ ਟੁੱਟਿਆ ਅਤੇ ਆਜਿਜ਼ ਹੈ, ਤਾਂ ਇਹ ਸਿੱਟਾ ਨਾ ਕੱਢੋ ਕਿ ਤੁਹਾਨੂੰ ਯਹੋਵਾਹ ਦੀ ਦਇਆ ਅਪ੍ਰਾਪਤ ਹੈ। ਭਾਵੇਂ ਤੁਸੀਂ ਕੋਈ ਵੀ ਗ਼ਲਤੀ ਕੀਤੀ ਹੋਵੇ, ਪਰੰਤੂ ਜੇਕਰ ਤੁਸੀਂ ਸੱਚ-ਮੁੱਚ ਤੋਬਾ ਕੀਤੀ ਹੈ, ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕੇ ਹਨ, ਅਤੇ ਯਿਸੂ ਦੇ ਵਹਾਏ ਗਏ ਖ਼ੂਨ ਦੇ ਆਧਾਰ ਤੇ ਯਹੋਵਾਹ ਦੀ ਮਾਫ਼ੀ ਲਈ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਹੈ, ਤਾਂ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ 1 ਯੂਹੰਨਾ 1:9 ਦੇ ਸ਼ਬਦ ਤੁਹਾਡੇ ਉੱਤੇ ਲਾਗੂ ਹੁੰਦੇ ਹਨ: “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।”

20 ਬਾਈਬਲ ਸਾਨੂੰ ਇਕ ਦੂਸਰੇ ਨਾਲ ਆਪਣੇ ਵਿਹਾਰਾਂ ਵਿਚ ਯਹੋਵਾਹ ਦੀ ਮਾਫ਼ੀ ਦੀ ਨਕਲ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪਰੰਤੂ, ਜਦੋਂ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਤਾਂ ਸਾਡੇ ਤੋਂ ਉਨ੍ਹਾਂ ਨੂੰ ਮਾਫ਼ ਕਰਨ ਅਤੇ ਮਾਮਲੇ ਨੂੰ ਭੁਲਾ ਦੇਣ ਦੀ ਕਿਸ ਹੱਦ ਤਕ ਆਸ ਕੀਤੀ ਜਾਂਦੀ ਹੈ? ਇਸ ਦੀ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਫੁਟਨੋਟ]

a ਦਿਲਚਸਪੀ ਦੀ ਗੱਲ ਹੈ ਕਿ “ਸਾਡੀ ਸਰਿਸ਼ਟ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਘੁਮਿਆਰ ਦੁਆਰਾ ਬਣਾਏ ਗਏ ਮਿੱਟੀ ਦੇ ਭਾਂਡਿਆਂ ਸੰਬੰਧ ਵਰਤਿਆ ਜਾਂਦਾ ਹੈ।—ਯਸਾਯਾਹ 29:16.

ਤੁਸੀਂ ਕਿਵੇਂ ਜਵਾਬ ਦਿਓਗੇ?

◻ ਯਹੋਵਾਹ “ਮਾਫ਼ ਕਰਨ ਲਈ ਤਿਆਰ” ਕਿਉਂ ਹੈ?

◻ ਬਾਈਬਲ ਯਹੋਵਾਹ ਦੀ ਮਾਫ਼ੀ ਦੀ ਪੂਰਣਤਾ ਦਾ ਵਰਣਨ ਕਿਵੇਂ ਕਰਦੀ ਹੈ?

◻ ਜਦੋਂ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਕਿਸ ਭਾਵ ਵਿਚ ਭੁਲਾ ਵੀ ਦਿੰਦਾ ਹੈ?

◻ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖਦਾ ਹੈ ਜਦੋਂ ਸਾਡੇ ਪਾਪਾਂ ਕਾਰਨ ਦੂਸਰਿਆਂ ਨੂੰ ਚੋਟ ਪਹੁੰਚੀ ਹੋਵੇ?

[ਸਫ਼ੇ 11 ਉੱਤੇ ਤਸਵੀਰ]

ਜਦੋਂ ਸਾਡੇ ਪਾਪਾਂ ਕਾਰਨ ਦੂਸਰਿਆਂ ਨੂੰ ਚੋਟ ਪਹੁੰਚੀ ਹੋਵੇ, ਤਾਂ ਯਹੋਵਾਹ ਸਾਡੇ ਤੋਂ ਹਾਨੀ-ਪੂਰਤੀ ਕਰਨ ਦੀ ਆਸ ਰੱਖਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ