ਅਧਿਐਨ ਲੇਖ 34
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
ਭਰੋਸਾ ਰੱਖੋ ਕਿ ਯਹੋਵਾਹ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ
“ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।”—ਜ਼ਬੂ. 32:5.
ਕੀ ਸਿੱਖਾਂਗੇ?
ਸਾਡੇ ਲਈ ਇਹ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਦਾ ਹੈ? ਨਾਲੇ ਬਾਈਬਲ ਸਾਨੂੰ ਇਸ ਗੱਲ ਦਾ ਭਰੋਸਾ ਕਿਵੇਂ ਦਿਵਾਉਂਦੀ ਹੈ ਕਿ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ?
1-2. ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ? (ਤਸਵੀਰ ਵੀ ਦੇਖੋ।)
ਰਾਜਾ ਦਾਊਦ ਨੇ ਕਈ ਗੰਭੀਰ ਪਾਪ ਕੀਤੇ ਸਨ ਜਿਸ ਕਰਕੇ ਉਹ ਦੋਸ਼ੀ ਮਹਿਸੂਸ ਕਰਦਾ ਸੀ। (ਜ਼ਬੂ. 40:12; 51:3; ਸਿਰਲੇਖ) ਪਰ ਫਿਰ ਉਸ ਨੇ ਦਿਲੋਂ ਤੋਬਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। (2 ਸਮੂ. 12:13) ਨਤੀਜੇ ਵਜੋਂ, ਯਹੋਵਾਹ ਤੋਂ ਮਾਫ਼ੀ ਮਿਲਣ ਕਰਕੇ ਦਾਊਦ ਨੂੰ ਬਹੁਤ ਰਾਹਤ ਮਹਿਸੂਸ ਹੋਈ।—ਜ਼ਬੂ. 32:1.
2 ਜਦੋਂ ਯਹੋਵਾਹ ਸਾਡੇ ʼਤੇ ਦਇਆ ਕਰਦਾ ਹੈ ਅਤੇ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਅਸੀਂ ਵੀ ਦਾਊਦ ਵਾਂਗ ਰਾਹਤ ਮਹਿਸੂਸ ਕਰਦੇ ਹਾਂ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੇ ਪਾਪ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ, ਇੱਥੋਂ ਤਕ ਕਿ ਗੰਭੀਰ ਪਾਪ ਵੀ। ਪਰ ਇਸ ਲਈ ਸਾਨੂੰ ਦਿਲੋਂ ਤੋਬਾ ਕਰਨੀ ਪਵੇਗੀ, ਆਪਣੇ ਪਾਪ ਕਬੂਲ ਕਰਨੇ ਪੈਣਗੇ ਅਤੇ ਇਨ੍ਹਾਂ ਨੂੰ ਨਾ ਦੁਹਰਾਉਣ ਦੀ ਪੂਰੀ ਕੋਸ਼ਿਸ਼ ਕਰਨੀ ਪਵੇਗੀ। (ਕਹਾ. 28:13; ਰਸੂ. 26:20; 1 ਯੂਹੰ. 1:9) ਸਾਨੂੰ ਇਹ ਜਾਣ ਕੇ ਵੀ ਵਧੀਆ ਲੱਗਦਾ ਹੈ ਕਿ ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ, ਉਹ ਵੀ ਇੱਦਾਂ ਜਿੱਦਾਂ ਅਸੀਂ ਉਹ ਪਾਪ ਕਦੇ ਕੀਤੇ ਹੀ ਨਾ ਹੋਣ।—ਹਿਜ਼. 33:16.
ਰਾਜਾ ਦਾਊਦ ਨੇ ਕਈ ਜ਼ਬੂਰ ਲਿਖੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਾਫ਼ ਕਰਦਾ ਹੈ (ਪੈਰੇ 1-2 ਦੇਖੋ)
3-4. (ੳ) ਬਪਤਿਸਮਾ ਲੈਣ ਤੋਂ ਬਾਅਦ ਵੀ ਇਕ ਭੈਣ ਨੂੰ ਕਿੱਦਾਂ ਲੱਗ ਰਿਹਾ ਸੀ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
3 ਪਰ ਕਦੇ-ਕਦੇ ਕੁਝ ਜਣਿਆਂ ਨੂੰ ਭਰੋਸਾ ਕਰਨਾ ਔਖਾ ਲੱਗਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ। ਜ਼ਰਾ ਜੈਨੀਫ਼ਰ ਦੀ ਮਿਸਾਲ ʼਤੇ ਗੌਰ ਕਰੋ ਜਿਸ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਜਦੋਂ ਉਹ ਵੱਡੀ ਹੋ ਰਹੀ ਸੀ, ਤਾਂ ਉਹ ਗ਼ਲਤ ਕੰਮ ਕਰਨ ਲੱਗ ਪਈ ਅਤੇ ਦੋਹਰੀ ਜ਼ਿੰਦਗੀ ਜੀਉਣ ਲੱਗ ਪਈ। ਫਿਰ ਕਈ ਸਾਲਾਂ ਬਾਅਦ ਉਹ ਯਹੋਵਾਹ ਕੋਲ ਵਾਪਸ ਆ ਗਈ ਅਤੇ ਉਸ ਨੇ ਬਪਤਿਸਮਾ ਲੈ ਲਿਆ। ਉਹ ਦੱਸਦੀ ਹੈ: “ਮੈਂ ਪੈਸਿਆਂ ਪਿੱਛੇ ਪਾਗਲ ਸੀ, ਬਦਚਲਣ ਜ਼ਿੰਦਗੀ ਜੀਉਂਦੀ ਸੀ, ਹੱਦੋਂ ਵੱਧ ਸ਼ਰਾਬ ਪੀਂਦੀ ਸੀ ਅਤੇ ਬਹੁਤ ਗੁੱਸੇਖ਼ੋਰ ਸੀ। ਮੈਂ ਜਾਣਦੀ ਸੀ ਕਿ ਤੋਬਾ ਕਰਨ ਅਤੇ ਮਾਫ਼ੀ ਲਈ ਤਰਲੇ-ਮਿੰਨਤਾਂ ਕਰਨ ਤੋਂ ਬਾਅਦ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਦੇ ਆਧਾਰ ʼਤੇ ਮੈਨੂੰ ਮਾਫ਼ ਕਰ ਦਿੱਤਾ ਸੀ। ਪਰ ਮੈਨੂੰ ਭਰੋਸਾ ਨਹੀਂ ਸੀ ਹੋ ਰਿਹਾ ਕਿ ਯਹੋਵਾਹ ਨੇ ਮੈਨੂੰ ਸੱਚੀਂ ਮਾਫ਼ ਕਰ ਦਿੱਤਾ ਸੀ।”
4 ਕੀ ਤੁਹਾਨੂੰ ਵੀ ਕਦੇ-ਕਦੇ ਇਹ ਭਰੋਸਾ ਕਰਨਾ ਔਖਾ ਲੱਗਦਾ ਹੈ ਕਿ ਯਹੋਵਾਹ ਨੇ ਤੁਹਾਡੀਆਂ ਪੁਰਾਣੀਆਂ ਗ਼ਲਤੀਆਂ ਮਾਫ਼ ਕਰ ਦਿੱਤੀਆਂ ਹਨ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵੀ ਦਾਊਦ ਵਾਂਗ ਇਹ ਭਰੋਸਾ ਰੱਖੋ ਕਿ ਉਸ ਨੇ ਤੁਹਾਡੇ ਪਾਪ ਮਾਫ਼ ਕਰ ਦਿੱਤੇ ਹਨ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਰਾਹਤ ਮਹਿਸੂਸ ਕਰੋ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਸਾਡੇ ਲਈ ਇਹ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰ ਦਿੱਤੇ ਹਨ ਅਤੇ ਅਸੀਂ ਖ਼ੁਦ ਨੂੰ ਇਸ ਗੱਲ ʼਤੇ ਭਰੋਸਾ ਕਿਵੇਂ ਦਿਵਾ ਸਕਦੇ ਹਾਂ।
ਸਾਡੇ ਲਈ ਇਹ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਦਾ ਹੈ?
5. ਸ਼ੈਤਾਨ ਸਾਨੂੰ ਕਿਹੜੀ ਗੱਲ ਦਾ ਭਰੋਸਾ ਦਿਵਾਉਣਾ ਚਾਹੁੰਦਾ ਹੈ? ਇਕ ਮਿਸਾਲ ਦਿਓ।
5 ਇਹ ਭਰੋਸਾ ਕਰਨ ਕਰਕੇ ਅਸੀਂ ਸ਼ੈਤਾਨ ਦੇ ਫੰਦੇ ਵਿਚ ਨਹੀਂ ਫਸਾਂਗੇ। ਯਾਦ ਰੱਖੋ, ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ ਅਤੇ ਇੱਦਾਂ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਮਿਸਾਲ ਲਈ, ਉਹ ਚਾਹੁੰਦਾ ਹੈ ਕਿ ਅਸੀਂ ਇਹ ਮੰਨ ਲਈਏ ਕਿ ਅਸੀਂ ਇੰਨਾ ਵੱਡਾ ਪਾਪ ਕੀਤਾ ਹੈ ਜਿਸ ਦੀ ਸਾਨੂੰ ਕਦੇ ਮਾਫ਼ੀ ਮਿਲ ਹੀ ਨਹੀਂ ਸਕਦੀ। ਜ਼ਰਾ ਕੁਰਿੰਥੁਸ ਦੀ ਮੰਡਲੀ ਦੇ ਉਸ ਆਦਮੀ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੇ ਹਰਾਮਕਾਰੀ ਕੀਤੀ ਸੀ ਅਤੇ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ। (1 ਕੁਰਿੰ. 5:1, 5, 13) ਬਾਅਦ ਵਿਚ ਉਸ ਨੇ ਆਪਣੇ ਪਾਪਾਂ ਲਈ ਤੋਬਾ ਕੀਤੀ। ਪਰ ਸ਼ੈਤਾਨ ਚਾਹੁੰਦਾ ਸੀ ਕਿ ਮੰਡਲੀ ਦੇ ਭੈਣ-ਭਰਾ ਉਸ ਨੂੰ ਮਾਫ਼ ਨਾ ਕਰਨ, ਇੱਥੋਂ ਤਕ ਕਿ ਉਸ ਦਾ ਮੰਡਲੀ ਵਿਚ ਸੁਆਗਤ ਤਕ ਨਾ ਕਰਨ। ਪਰ ਜੇ ਭੈਣ-ਭਰਾ ਉਸ ਆਦਮੀ ਨੂੰ ਮਾਫ਼ ਨਾ ਕਰਦੇ, ਤਾਂ ਉਹ ਸੋਚ ਸਕਦਾ ਸੀ ਕਿ ਯਹੋਵਾਹ ਨੇ ਵੀ ਉਸ ਨੂੰ ਮਾਫ਼ ਨਹੀਂ ਕੀਤਾ। ਇਸ ਕਰਕੇ ਸ਼ਾਇਦ ਉਹ ‘ਹੱਦੋਂ ਵੱਧ ਉਦਾਸੀ ਵਿਚ ਡੁੱਬ ਜਾਂਦਾ’ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦਾ। ਸ਼ੈਤਾਨ ਬਦਲਿਆ ਨਹੀਂ ਹੈ ਅਤੇ ਉਹ ਅੱਜ ਵੀ ਇਹੀ ਚਾਲਾਂ ਚੱਲਦਾ ਹੈ। ਉਹ ਸਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਸਾਡੇ ਪਾਪ ਮਾਫ਼ੀ ਦੇ ਲਾਇਕ ਨਹੀਂ ਹਨ। ਪਰ “ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।”—2 ਕੁਰਿੰ. 2:5-11.
6. ਦੋਸ਼ੀ ਭਾਵਨਾਵਾਂ ਤੋਂ ਰਾਹਤ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
6 ਇਹ ਭਰੋਸਾ ਕਰਨ ਕਰਕੇ ਸਾਨੂੰ ਦੋਸ਼ੀ ਭਾਵਨਾਵਾਂ ਤੋਂ ਰਾਹਤ ਮਿਲਦੀ ਹੈ। ਕੋਈ ਪਾਪ ਕਰਨ ਤੇ ਅਸੀਂ ਦੋਸ਼ੀ ਮਹਿਸੂਸ ਕਰਦੇ ਹਾਂ। (ਜ਼ਬੂ. 51:17) ਕੁਝ ਹੱਦ ਤਕ ਇੱਦਾਂ ਮਹਿਸੂਸ ਕਰਨਾ ਸਹੀ ਵੀ ਹੈ ਕਿਉਂਕਿ ਇਸ ਨਾਲ ਸਾਡੀ ਜ਼ਮੀਰ ਸਹੀ ਕੰਮ ਕਰਨ ਲਈ ਸਾਨੂੰ ਪ੍ਰੇਰਿਤ ਕਰ ਸਕਦੀ ਹੈ। (2 ਕੁਰਿੰ. 7:10, 11) ਪਰ ਜੇ ਅਸੀਂ ਤੋਬਾ ਕਰਨ ਤੋਂ ਬਾਅਦ ਵੀ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਾਂ, ਤਾਂ ਸ਼ਾਇਦ ਅਸੀਂ ਹਾਰ ਮੰਨ ਲਈਏ। ਜਦੋਂ ਅਸੀਂ ਇਸ ਗੱਲ ʼਤੇ ਭਰੋਸਾ ਰੱਖਾਂਗੇ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ, ਤਾਂ ਅਸੀਂ ਦੋਸ਼ੀ ਮਹਿਸੂਸ ਕਰਨ ਦੀ ਬਜਾਇ ਸਾਫ਼ ਜ਼ਮੀਰ ਅਤੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਾਂਗੇ। ਨਾਲੇ ਯਹੋਵਾਹ ਵੀ ਇਹੀ ਚਾਹੁੰਦਾ ਹੈ। (ਕੁਲੁ. 1:10, 11; 2 ਤਿਮੋ. 1:3) ਪਰ ਅਸੀਂ ਖ਼ੁਦ ਨੂੰ ਭਰੋਸਾ ਕਿਵੇਂ ਦਿਵਾ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ?
ਅਸੀਂ ਖ਼ੁਦ ਨੂੰ ਭਰੋਸਾ ਕਿਵੇਂ ਦਿਵਾ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ?
7-8. ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਕੀ ਦੱਸਿਆ ਅਤੇ ਅਸੀਂ ਕਿਹੜੀ ਗੱਲ ਦਾ ਭਰੋਸਾ ਕਰ ਸਕਦੇ ਹਾਂ? (ਕੂਚ 34:6, 7)
7 ਇਸ ਬਾਰੇ ਸੋਚੋ ਕਿ ਯਹੋਵਾਹ ਨੇ ਆਪਣੇ ਬਾਰੇ ਕੀ ਦੱਸਿਆ ਹੈ। ਜ਼ਰਾ ਗੌਰ ਕਰੋ ਕਿ ਸੀਨਈ ਪਹਾੜ ʼਤੇ ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਕੀ ਦੱਸਿਆ।a (ਕੂਚ 34:6, 7 ਪੜ੍ਹੋ।) ਉਹ ਮੂਸਾ ਨੂੰ ਆਪਣੇ ਗੁਣਾਂ ਅਤੇ ਰਾਹਾਂ ਬਾਰੇ ਬਹੁਤ ਕੁਝ ਦੱਸ ਸਕਦਾ ਸੀ। ਪਰ ਉਸ ਨੇ ਆਪਣੇ ਬਾਰੇ ਮੂਸਾ ਨੂੰ ਕਿਹਾ ਕਿ ਉਹ “ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ” ਹੈ। ਕੀ ਇੱਦਾਂ ਹੋ ਸਕਦਾ ਕਿ ਅਜਿਹਾ ਪਰਮੇਸ਼ੁਰ ਦਿਲੋਂ ਤੋਬਾ ਕਰਨ ਵਾਲੇ ਆਪਣੇ ਸੇਵਕ ਨੂੰ ਮਾਫ਼ ਹੀ ਨਾ ਕਰੇ? ਨਹੀਂ, ਇੱਦਾਂ ਹੋ ਹੀ ਨਹੀਂ ਸਕਦਾ! ਜੇ ਯਹੋਵਾਹ ਮਾਫ਼ ਨਾ ਕਰੇ, ਤਾਂ ਉਹ ਬੇਰਹਿਮ ਅਤੇ ਪੱਥਰ-ਦਿਲ ਪਰਮੇਸ਼ੁਰ ਹੋਵੇਗਾ। ਪਰ ਯਹੋਵਾਹ ਇੱਦਾਂ ਦਾ ਪਰਮੇਸ਼ੁਰ ਨਹੀਂ ਹੈ।
8 ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਸੱਚਾ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਕਦੇ ਵੀ ਆਪਣੇ ਬਾਰੇ ਝੂਠ ਨਹੀਂ ਦੱਸੇਗਾ। (ਜ਼ਬੂ. 31:5) ਇਸ ਲਈ ਅਸੀਂ ਉਸ ਦੀ ਹਰ ਗੱਲ ʼਤੇ ਭਰੋਸਾ ਕਰ ਸਕਦੇ ਹਾਂ। ਜੇ ਤੁਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹੋ, ਤਾਂ ਖ਼ੁਦ ਨੂੰ ਪੁੱਛੋ: ‘ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਸੱਚ-ਮੁੱਚ ਦਇਆਵਾਨ ਤੇ ਰਹਿਮਦਿਲ ਪਰਮੇਸ਼ੁਰ ਹੈ ਅਤੇ ਤੋਬਾ ਕਰਨ ਵਾਲੇ ਹਰ ਪਾਪੀ ਨੂੰ ਮਾਫ਼ ਕਰਦਾ ਹੈ? ਜੇ ਹਾਂ, ਤਾਂ ਕੀ ਮੈਨੂੰ ਇਸ ਗੱਲ ʼਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਉਸ ਨੇ ਮੈਨੂੰ ਵੀ ਮਾਫ਼ ਕਰ ਦਿੱਤਾ ਹੈ?’
9. ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ? (ਜ਼ਬੂਰ 32:5)
9 ਯਹੋਵਾਹ ਸਾਨੂੰ ਕਿਵੇਂ ਮਾਫ਼ ਕਰਦਾ ਹੈ, ਇਸ ਬਾਰੇ ਉਸ ਨੇ ਬਾਈਬਲ ਵਿਚ ਜੋ ਲਿਖਵਾਇਆ ਹੈ, ਉਸ ʼਤੇ ਸੋਚ-ਵਿਚਾਰ ਕਰੋ। ਜ਼ਰਾ ਧਿਆਨ ਦਿਓ ਕਿ ਬਾਈਬਲ ਦੇ ਇਕ ਲਿਖਾਰੀ ਦਾਊਦ ਨੇ ਇਸ ਬਾਰੇ ਕੀ ਲਿਖਿਆ। (ਜ਼ਬੂਰ 32:5 ਪੜ੍ਹੋ।) ਉਸ ਨੇ ਕਿਹਾ: “ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।” ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਮਾਫ਼ ਕਰ ਦਿੱਤੇ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਚੁੱਕਣਾ” ਜਾਂ “ਚੁੱਕ ਕੇ ਲੈ ਜਾਣਾ।” ਜਦੋਂ ਯਹੋਵਾਹ ਨੇ ਦਾਊਦ ਨੂੰ ਮਾਫ਼ ਕੀਤਾ, ਤਾਂ ਉਸ ਨੇ ਇਕ ਤਰ੍ਹਾਂ ਨਾਲ ਦਾਊਦ ਦੇ ਪਾਪ ਦਾ ਬੋਝ ਚੁੱਕਿਆ ਅਤੇ ਇਸ ਨੂੰ ਦੂਰ ਲੈ ਗਿਆ। ਯਹੋਵਾਹ ਵੱਲੋਂ ਪੂਰੀ ਤਰ੍ਹਾਂ ਮਾਫ਼ੀ ਮਿਲਣ ਤੋਂ ਬਾਅਦ ਦਾਊਦ ਨੂੰ ਰਾਹਤ ਮਹਿਸੂਸ ਹੋਈ। (ਜ਼ਬੂ. 32:2-4) ਬਿਲਕੁਲ ਇਸੇ ਤਰ੍ਹਾਂ ਸਾਨੂੰ ਵੀ ਰਾਹਤ ਮਿਲ ਸਕਦੀ ਹੈ। ਜਦੋਂ ਅਸੀਂ ਵੀ ਆਪਣੇ ਪਾਪਾਂ ਤੋਂ ਦਿਲੋਂ ਤੋਬਾ ਕਰਦੇ ਹਾਂ, ਤਾਂ ਸਾਨੂੰ ਦੋਸ਼ੀ ਮਹਿਸੂਸ ਕਰਦੇ ਰਹਿਣ ਦੀ ਲੋੜ ਨਹੀਂ ਹੈ ਕਿਉਂਕਿ ਯਹੋਵਾਹ ਨੇ ਸਾਡੇ ਪਾਪ ਦਾ ਬੋਝ ਚੁੱਕ ਲਿਆ ਅਤੇ ਇਸ ਨੂੰ ਸਾਡੇ ਤੋਂ ਦੂਰ ਲੈ ਗਿਆ।
10-11. ਯਹੋਵਾਹ “ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ,” ਇਸ ਤੋਂ ਸਾਨੂੰ ਉਸ ਬਾਰੇ ਕੀ ਪਤਾ ਲੱਗਦਾ ਹੈ? (ਜ਼ਬੂਰ 86:5)
10 ਜ਼ਬੂਰ 86:5 ਪੜ੍ਹੋ। ਦਾਊਦ ਨੇ ਇਸ ਆਇਤ ਵਿਚ ਯਹੋਵਾਹ ਬਾਰੇ ਲਿਖਿਆ ਕਿ ਉਹ “ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।” ਇਨ੍ਹਾਂ ਸ਼ਬਦਾਂ ਬਾਰੇ ਬਾਈਬਲ ਦੀ ਸਮਝ ਦੇਣ ਵਾਲੀ ਇਕ ਕਿਤਾਬ ਵਿਚ ਯਹੋਵਾਹ ਬਾਰੇ ਲਿਖਿਆ ਹੈ: “[ਉਹ] ‘ਮਾਫ਼’ ਕਰਨ ਵਾਲਾ ਪਰਮੇਸ਼ੁਰ ਹੈ ਯਾਨੀ ਇਹ ਉਸ ਦੇ ‘ਸੁਭਾਅ’ ਵਿਚ ਹੈ।” ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਇਸ ਦਾ ਜਵਾਬ ਸਾਨੂੰ ਆਇਤ ਦੇ ਦੂਜੇ ਹਿੱਸੇ ਤੋਂ ਮਿਲਦਾ ਹੈ। ਇੱਥੇ ਲਿਖਿਆ ਹੈ: “ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।” ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਅਟੱਲ ਪਿਆਰ ਕਰਦਾ ਹੈ ਯਾਨੀ ਉਹ ਉਨ੍ਹਾਂ ਨਾਲ ਗਹਿਰਾ ਲਗਾਅ ਰੱਖਦਾ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦਾ ਹੈ। ਇਸ ਲਈ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ “ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।” (ਯਸਾ. 55:7) ਜੇ ਤੁਹਾਨੂੰ ਇਸ ਗੱਲ ʼਤੇ ਭਰੋਸਾ ਕਰਨਾ ਔਖਾ ਲੱਗਦਾ ਹੈ ਕਿ ਯਹੋਵਾਹ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਤਾਂ ਤੁਸੀਂ ਖ਼ੁਦ ਨੂੰ ਪੁੱਛ ਸਕਦੇ ਹੋ, ‘ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ ਤੇ ਦਿਲੋਂ ਤੋਬਾ ਕਰਨ ਵਾਲਿਆਂ ਅਤੇ ਉਸ ਦੀ ਦਇਆ ਲਈ ਤਰਲੇ-ਮਿੰਨਤਾਂ ਕਰਨ ਵਾਲਿਆਂ ਨੂੰ ਮਾਫ਼ ਕਰ ਦਿੰਦਾ ਹੈ? ਜੇ ਹਾਂ, ਤਾਂ ਕੀ ਮੈਨੂੰ ਇਹ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਦਿਲੋਂ ਤੋਬਾ ਕਰਨ ਕਰਕੇ ਅਤੇ ਤਰਲੇ-ਮਿੰਨਤਾਂ ਕਰਨ ਕਰਕੇ ਉਸ ਨੇ ਮੈਨੂੰ ਵੀ ਮਾਫ਼ ਕਰ ਦਿੱਤਾ ਹੈ?’
11 ਸਾਨੂੰ ਇਹ ਜਾਣ ਕੇ ਵੀ ਦਿਲਾਸਾ ਮਿਲ ਸਕਦਾ ਹੈ ਕਿ ਯਹੋਵਾਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਸੀਂ ਨਾਮੁਕੰਮਲ ਹਾਂ। (ਜ਼ਬੂ. 139:1, 2) ਦਾਊਦ ਦੇ ਇਕ ਹੋਰ ਜ਼ਬੂਰ ਤੋਂ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਯਹੋਵਾਹ ਸਾਨੂੰ ਮਾਫ਼ ਕਰਦਾ ਹੈ। ਆਓ ਆਪਾਂ ਉਸ ਜ਼ਬੂਰ ʼਤੇ ਗੌਰ ਕਰੀਏ।
ਯਹੋਵਾਹ ਜੋ ਯਾਦ ਰੱਖਦਾ ਹੈ, ਉਸ ਨੂੰ ਕਦੇ ਨਾ ਭੁੱਲੋ
12-13. ਜ਼ਬੂਰ 103:14 ਮੁਤਾਬਕ ਯਹੋਵਾਹ ਸਾਡੇ ਬਾਰੇ ਕਿਹੜੀ ਗੱਲ ਯਾਦ ਰੱਖਦਾ ਹੈ ਅਤੇ ਇਸ ਕਰਕੇ ਉਹ ਕੀ ਕਰਦਾ ਹੈ?
12 ਜ਼ਬੂਰ 103:14 ਪੜ੍ਹੋ। ਦਾਊਦ ਇੱਥੇ ਇਕ ਹੋਰ ਕਾਰਨ ਦੱਸਦਾ ਹੈ ਕਿ ਯਹੋਵਾਹ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਤਿਆਰ ਕਿਉਂ ਰਹਿੰਦਾ ਹੈ। ਦਾਊਦ ਕਹਿੰਦਾ ਹੈ: “ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।” ਇਸ ਦਾ ਮਤਲਬ ਹੈ ਕਿ ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਸੀਂ ਨਾਮੁਕੰਮਲ ਹਾਂ। ਇਸ ਗੱਲ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਲਈ ਆਓ ਆਪਾਂ ਦਾਊਦ ਦੇ ਸ਼ਬਦਾਂ ਦੀ ਹੋਰ ਗਹਿਰਾਈ ਨਾਲ ਜਾਂਚ ਕਰੀਏ।
13 ਦਾਊਦ ਨੇ ਕਿਹਾ ਕਿ ਯਹੋਵਾਹ “ਸਾਡੀ ਰਚਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।” ਯਹੋਵਾਹ ਨੇ ਆਦਮ ਨੂੰ “ਜ਼ਮੀਨ ਦੀ ਮਿੱਟੀ ਤੋਂ ਬਣਾਇਆ” ਸੀ। ਇਸ ਲਈ ਉਹ ਜਾਣਦਾ ਹੈ ਕਿ ਇਨਸਾਨਾਂ ਨੂੰ ਕਿੱਦਾਂ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੀਆਂ ਕੀ ਲੋੜਾਂ ਹਨ। ਮਿਸਾਲ ਲਈ, ਉਨ੍ਹਾਂ ਨੂੰ ਜੀਉਂਦਾ ਰਹਿਣ ਲਈ ਖਾਣ-ਪੀਣ, ਸੌਣ ਅਤੇ ਸਾਹ ਲੈਣ ਦੀ ਲੋੜ ਹੈ, ਇੱਥੋਂ ਤਕ ਕਿ ਮੁਕੰਮਲ ਇਨਸਾਨਾਂ ਨੂੰ ਵੀ। (ਉਤ. 2:7) ਪਰ ਜਦੋਂ ਆਦਮ ਅਤੇ ਹੱਵਾਹ ਨੇ ਪਾਪ ਕੀਤਾ, ਤਾਂ ਉਹ ਨਾਮੁਕੰਮਲ ਹੋ ਗਏ। ਅੱਗੇ ਚੱਲ ਕੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਵਿਰਾਸਤ ਵਿਚ ਪਾਪ ਦਿੱਤਾ। ਇਸ ਕਰਕੇ ਮਿੱਟੀ ਤੋਂ ਬਣੇ ਇਨਸਾਨਾਂ ਦਾ ਝੁਕਾਅ ਹਮੇਸ਼ਾ ਬੁਰਾਈ ਵੱਲ ਹੁੰਦਾ ਹੈ। ਯਹੋਵਾਹ ਸਿਰਫ਼ ਇਹ ਗੱਲ ਨਹੀਂ ਜਾਣਦਾ ਕਿ ਅਸੀਂ ਪਾਪੀ ਹਾਂ, ਸਗੋਂ ਜਿੱਦਾਂ ਦਾਊਦ ਨੇ ਕਿਹਾ, ਯਹੋਵਾਹ ਨੂੰ “ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।” ਉਹ ਜਾਣਦਾ ਹੈ ਕਿ ਸਾਡੇ ਤੋਂ ਗ਼ਲਤੀਆਂ ਹੋਣਗੀਆਂ ਹੀ। ਪਰ ਜਦੋਂ ਉਹ ਦੇਖਦਾ ਹੈ ਕਿ ਅਸੀਂ ਆਪਣੇ ਪਾਪਾਂ ਲਈ ਦਿਲੋਂ ਤੋਬਾ ਕਰਦੇ ਹਾਂ, ਤਾਂ ਉਹ ਦਇਆ ਦਿਖਾਉਂਦਾ ਹੈ ਅਤੇ ਸਾਨੂੰ ਮਾਫ਼ ਕਰਦਾ ਹੈ।—ਜ਼ਬੂ. 78:38, 39.
14. (ੳ) ਯਹੋਵਾਹ ਸਾਨੂੰ ਕਿਸ ਹੱਦ ਤਕ ਮਾਫ਼ ਕਰਦਾ ਹੈ, ਇਸ ਬਾਰੇ ਦਾਊਦ ਨੇ ਕੀ ਕਿਹਾ? (ਜ਼ਬੂਰ 103:12) (ਅ) ਦਾਊਦ ਦੀ ਮਿਸਾਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ? (“ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ ਅਤੇ ਭੁੱਲ ਜਾਂਦਾ ਹੈ” ਨਾਂ ਦੀ ਡੱਬੀ ਵੀ ਦੇਖੋ।)
14 ਯਹੋਵਾਹ ਸਾਨੂੰ ਕਿਸ ਹੱਦ ਤਕ ਮਾਫ਼ ਕਰਦਾ ਹੈ? (ਜ਼ਬੂਰ 103:12 ਪੜ੍ਹੋ।) ਦਾਊਦ ਨੇ ਕਿਹਾ ਕਿ ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਇੰਨੀ ਦੂਰ ਸੁੱਟ ਦਿੰਦਾ ਹੈ “ਜਿੰਨਾ ਪੂਰਬ ਪੱਛਮ ਤੋਂ ਦੂਰ ਹੈ।” ਪੂਰਬ ਅਤੇ ਪੱਛਮ ਵਿਚਲੇ ਫ਼ਾਸਲੇ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਅਤੇ ਇਹ ਹਮੇਸ਼ਾ ਇਕ-ਦੂਜੇ ਤੋਂ ਦੂਰ ਹੀ ਰਹਿਣਗੇ। ਇਸ ਦਾ ਮਤਲਬ ਹੈ ਕਿ ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਇਹ ਇੱਦਾਂ ਹੈ ਜਿੱਦਾਂ ਉਹ ਸਾਡੇ ਪਾਪਾਂ ਨੂੰ ਚੁੱਕ ਕੇ ਸਾਡੇ ਤੋਂ ਕਿਤੇ ਦੂਰ ਲੈ ਗਿਆ ਹੋਵੇ। ਫਿਰ ਉਹ ਕਦੇ ਵੀ ਉਨ੍ਹਾਂ ਪਾਪਾਂ ਨੂੰ ਯਾਦ ਨਹੀਂ ਕਰਦਾ ਅਤੇ ਸਾਨੂੰ ਵੀ ਯਾਦ ਨਹੀਂ ਕਰਾਉਂਦਾ ਹੈ। ਉਹ ਸਾਨੂੰ ਨਾ ਤਾਂ ਉਨ੍ਹਾਂ ਲਈ ਦੋਸ਼ੀ ਠਹਿਰਾਉਂਦਾ ਹੈ ਤੇ ਨਾ ਹੀ ਸਜ਼ਾ ਦਿੰਦਾ ਹੈ।—ਹਿਜ਼. 18:21, 22; ਰਸੂ. 3:19.
15. ਜੇ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ?
15 ਜ਼ਬੂਰ 103 ਵਿਚ ਦਰਜ ਦਾਊਦ ਦੇ ਸ਼ਬਦਾਂ ਤੋਂ ਸਾਨੂੰ ਇਹ ਭਰੋਸਾ ਰੱਖਣ ਵਿਚ ਕਿੱਦਾਂ ਮਦਦ ਮਿਲ ਸਕਦੀ ਹੈ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ? ਜੇ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਮਹਿਸੂਸ ਕਰ ਰਹੇ ਹਾਂ, ਤਾਂ ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ, ‘ਕੀ ਮੈਂ ਉਹ ਗੱਲ ਭੁੱਲ ਰਿਹਾ ਹਾਂ ਜਿਹੜੀ ਯਹੋਵਾਹ ਯਾਦ ਰੱਖਦਾ ਹੈ: ਕੀ ਮੈਂ ਇਹ ਭੁੱਲ ਰਿਹਾ ਹਾਂ ਕਿ ਯਹੋਵਾਹ ਯਾਦ ਰੱਖਦਾ ਹੈ ਕਿ ਮੈਂ ਮਿੱਟੀ ਹੀ ਹਾਂ ਅਤੇ ਤੋਬਾ ਕਰਨ ਤੇ ਉਹ ਮੈਨੂੰ ਮਾਫ਼ ਕਰ ਦਿੰਦਾ ਹੈ? ਕੀ ਮੈਂ ਉਹ ਗੱਲ ਯਾਦ ਰੱਖ ਰਿਹਾ ਹਾਂ ਜਿਹੜੀ ਯਹੋਵਾਹ ਭੁੱਲ ਜਾਂਦਾ ਹੈ: ਕੀ ਮੈਂ ਉਹ ਪਾਪ ਯਾਦ ਰੱਖ ਰਿਹਾ ਹਾਂ ਜੋ ਯਹੋਵਾਹ ਨੇ ਮਾਫ਼ ਕਰ ਦਿੱਤੇ ਹਨ ਅਤੇ ਜਿਨ੍ਹਾਂ ਲਈ ਉਹ ਕਦੇ ਵੀ ਮੈਨੂੰ ਸਜ਼ਾ ਨਹੀਂ ਦੇਵੇਗਾ?’ ਯਾਦ ਰੱਖੋ ਯਹੋਵਾਹ ਸਾਡੀਆਂ ਪੁਰਾਣੀਆਂ ਗ਼ਲਤੀਆਂ ʼਤੇ ਧਿਆਨ ਨਹੀਂ ਦਿੰਦਾ ਤੇ ਸਾਨੂੰ ਵੀ ਨਹੀਂ ਦੇਣਾ ਚਾਹੀਦਾ। (ਜ਼ਬੂ. 130:3) ਜਦੋਂ ਸਾਨੂੰ ਭਰੋਸਾ ਹੋਵੇਗਾ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ, ਤਾਂ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਕਰਕੇ ਦੋਸ਼ੀ ਮਹਿਸੂਸ ਨਹੀਂ ਕਰਾਂਗੇ ਅਤੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ।
16. ਪੁਰਾਣੀਆਂ ਗ਼ਲਤੀਆਂ ਨੂੰ ਯਾਦ ਕਰਦੇ ਰਹਿਣਾ ਖ਼ਤਰਨਾਕ ਕਿਉਂ ਹੋ ਸਕਦਾ ਹੈ? ਇਕ ਮਿਸਾਲ ਦੇ ਕੇ ਸਮਝਾਓ। (ਤਸਵੀਰ ਵੀ ਦੇਖੋ।)
16 ਜ਼ਰਾ ਇਕ ਮਿਸਾਲ ʼਤੇ ਧਿਆਨ ਦਿਓ। ਜੇ ਇਕ ਵਿਅਕਤੀ ਗੱਡੀ ਚਲਾਉਂਦਿਆਂ ਅੱਗੇ ਦੇਖਣ ਦੀ ਬਜਾਇ ਸ਼ੀਸ਼ੇ ਵਿਚ ਪਿੱਛੇ ਦੇਖਦਾ ਰਹਿੰਦਾ ਹੈ, ਤਾਂ ਕੀ ਹੋ ਸਕਦਾ ਹੈ? ਇੱਦਾਂ ਉਸ ਦਾ ਐਕਸੀਡੈਂਟ ਹੋ ਸਕਦਾ ਹੈ। ਮੰਨਿਆ ਕਿ ਕਦੇ-ਕਦੇ ਪਿੱਛੇ ਦੇਖਣਾ ਵਧੀਆ ਹੁੰਦਾ ਹੈ, ਪਰ ਹਮੇਸ਼ਾ ਇੱਦਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਇਸੇ ਤਰ੍ਹਾਂ ਕਦੇ-ਕਦੇ ਆਪਣੀਆਂ ਗ਼ਲਤੀਆਂ ਬਾਰੇ ਸੋਚਣ ਵਿਚ ਕੋਈ ਬੁਰਾਈ ਨਹੀਂ ਹੈ। ਇੱਦਾਂ ਕਰਨ ਨਾਲ ਅਸੀਂ ਉਨ੍ਹਾਂ ਗ਼ਲਤੀਆਂ ਨੂੰ ਦੁਹਰਾਉਣ ਤੋਂ ਬਚ ਸਕਦੇ ਹਾਂ। ਪਰ ਜੇ ਅਸੀਂ ਦਿਨ-ਰਾਤ ਆਪਣੀਆਂ ਗ਼ਲਤੀਆਂ ਬਾਰੇ ਹੀ ਸੋਚਦੇ ਰਹਿੰਦੇ ਹਾਂ ਅਤੇ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਾਂ, ਤਾਂ ਅਸੀਂ ਅੱਜ ਯਹੋਵਾਹ ਦੀ ਸੇਵਾ ਵਿਚ ਜੋ ਕਰ ਸਕਦੇ ਹਾਂ, ਉਹ ਨਹੀਂ ਕਰ ਸਕਾਂਗੇ। ਚੰਗਾ ਹੋਵੇਗਾ ਕਿ ਅਸੀਂ ਅੱਗੇ ਵੱਲ ਦੇਖੀਏ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ʼਤੇ ਆਪਣਾ ਧਿਆਨ ਲਾਈ ਰੱਖੀਏ ਜਿੱਥੇ ਬੁਰੀਆਂ ਯਾਦਾਂ ਫਿਰ ਕਦੇ “ਮਨ ਵਿਚ ਨਹੀਂ ਆਉਣਗੀਆਂ।”—ਯਸਾ. 65:17; ਕਹਾ. 4:25.
ਜਿਵੇਂ ਗੱਡੀ ਚਲਾਉਣ ਵਾਲੇ ਨੂੰ ਅੱਗੇ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਸ਼ੀਸ਼ੇ ਵਿਚ ਪਿੱਛੇ ਵੱਲ ਨੂੰ, ਉਸੇ ਤਰ੍ਹਾਂ ਸਾਨੂੰ ਵੀ ਅੱਗੇ ਮਿਲਣ ਵਾਲੀਆਂ ਬਰਕਤਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ, ਨਾ ਕਿ ਪਿਛਲੀਆਂ ਗ਼ਲਤੀਆਂ ʼਤੇ (ਪੈਰਾ 16 ਦੇਖੋ)
ਖ਼ੁਦ ਨੂੰ ਭਰੋਸਾ ਦਿਵਾਉਂਦੇ ਰਹੋ
17. ਸਾਨੂੰ ਖ਼ੁਦ ਨੂੰ ਭਰੋਸਾ ਕਿਉਂ ਦਿਵਾਉਂਦੇ ਰਹਿਣ ਦੀ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ?
17 ਸਾਨੂੰ ਖ਼ੁਦ ਨੂੰ ਭਰੋਸਾ ਦਿਵਾਉਂਦੇ ਰਹਿਣ ਦੀ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। (1 ਯੂਹੰ. 3:19) ਕਿਉਂ? ਕਿਉਂਕਿ ਸ਼ੈਤਾਨ ਸਾਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪਾਪੀ ਹੋਣ ਕਰਕੇ ਅਸੀਂ ਨਾ ਤਾਂ ਯਹੋਵਾਹ ਦੇ ਪਿਆਰ ਦੇ ਲਾਇਕ ਹਾਂ ਤੇ ਨਾ ਹੀ ਉਸ ਦੀ ਮਾਫ਼ੀ ਦੇ। ਜੋ ਵੀ ਹੋਵੇ, ਸ਼ੈਤਾਨ ਇਹੀ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। ਨਾਲੇ ਅਸੀਂ ਜਾਣਦੇ ਹਾਂ ਕਿ ਉਹ ਇੱਦਾਂ ਕਰਨ ਦੀ ਹੋਰ ਵੀ ਜ਼ਿਆਦਾ ਕੋਸ਼ਿਸ਼ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ। (ਪ੍ਰਕਾ. 12:12) ਪਰ ਸਾਨੂੰ ਕਦੇ ਵੀ ਸ਼ੈਤਾਨ ਨੂੰ ਜਿੱਤਣ ਨਹੀਂ ਦੇਣਾ ਚਾਹੀਦਾ!
18. ਤੁਸੀਂ ਖ਼ੁਦ ਨੂੰ ਭਰੋਸਾ ਕਿਵੇਂ ਦਿਵਾ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ?
18 ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਇਸ ਗੱਲ ਦਾ ਖ਼ੁਦ ਨੂੰ ਭਰੋਸਾ ਦਿਵਾਉਣ ਲਈ ਪਿਛਲੇ ਲੇਖ ਵਿਚ ਦਿੱਤੇ ਸੁਝਾਅ ਲਾਗੂ ਕਰੋ। ਯਹੋਵਾਹ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ, ਇਸ ਗੱਲ ʼਤੇ ਖ਼ੁਦ ਨੂੰ ਭਰੋਸਾ ਦਿਵਾਉਣ ਲਈ ਸੋਚੋ ਕਿ ਯਹੋਵਾਹ ਨੇ ਆਪਣੇ ਬਾਰੇ ਕੀ ਦੱਸਿਆ ਹੈ। ਨਾਲੇ ਯਹੋਵਾਹ ਸਾਨੂੰ ਕਿਵੇਂ ਮਾਫ਼ ਕਰਦਾ ਹੈ, ਇਸ ਬਾਰੇ ਉਸ ਨੇ ਬਾਈਬਲ ਵਿਚ ਜੋ ਲਿਖਵਾਇਆ ਹੈ, ਉਸ ʼਤੇ ਸੋਚ-ਵਿਚਾਰ ਕਰੋ। ਕਦੇ ਨਾ ਭੁੱਲੋ ਕਿ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਅਤੇ ਉਹ ਸਾਡੇ ʼਤੇ ਦਇਆ ਕਰਦਾ ਹੈ। ਇਹ ਵੀ ਯਾਦ ਰੱਖੋ ਕਿ ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰਦਾ ਹੈ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਦਾਊਦ ਵਾਂਗ ਪੂਰੇ ਭਰੋਸੇ ਨਾਲ ਕਹਿ ਸਕੋਗੇ: “ਸ਼ੁਕਰੀਆ ਯਹੋਵਾਹ, ‘ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ’!”—ਜ਼ਬੂ. 32:5.
ਗੀਤ 1 ਯਹੋਵਾਹ ਦੇ ਗੁਣ
a ਅਕਤੂਬਰ-ਦਸੰਬਰ 2009 ਦੇ ਪਹਿਰਾਬੁਰਜ ਵਿਚ “ਪਰਮੇਸ਼ੁਰ ਨੂੰ ਜਾਣੋ—ਜਦ ਯਹੋਵਾਹ ਨੇ ਆਪਣੇ ਗੁਣਾਂ ਬਾਰੇ ਦੱਸਿਆ” ਨਾਂ ਦਾ ਲੇਖ ਦੇਖੋ।