ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 6/1 ਸਫ਼ੇ 6-8
  • ਧਰਤੀ ਹੋਂਦ ਵਿਚ ਕਿਉਂ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਧਰਤੀ ਹੋਂਦ ਵਿਚ ਕਿਉਂ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਕੀ ਕਹਿੰਦੀ ਹੈ?
  • ਪਰਮੇਸ਼ੁਰ ਦਾ ਉਦੇਸ਼ ਅਟਕਿਆ, ਪਰ ਬਦਲਿਆ ਨਹੀਂ
  • ਜੀਵਨ ਦਾ ਇਕ ਮਹਾਨ ਮਕਸਦ ਹੈ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਪਰਮੇਸ਼ੁਰ ਨੇ ਸਾਨੂੰ ਕਿਉਂ ਬਣਾਇਆ?
    ਜਾਗਰੂਕ ਬਣੋ!—1999
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ
    ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 6/1 ਸਫ਼ੇ 6-8

ਧਰਤੀ ਹੋਂਦ ਵਿਚ ਕਿਉਂ ਹੈ?

ਤੁਹਾਡਾ ਇਸ ਸਵਾਲ ਉੱਤੇ ਗੌਰ ਕਰਨਾ ਉਚਿਤ ਹੋਵੇਗਾ: ਸਾਡੇ ਸੁੰਦਰ ਗ੍ਰਹਿ ਨੂੰ ਕੀ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਨੇ ਬਣਾਇਆ ਸੀ, ਜਿਸ ਦਾ ਧਰਤੀ ਲਈ ਅਤੇ ਇਸ ਉੱਤੇ ਜੀ ਰਹੇ ਮਨੁੱਖਾਂ ਲਈ ਉਦੇਸ਼ ਹੈ? ਇਸ ਸਵਾਲ ਦਾ ਸੰਤੋਖਜਨਕ ਜਵਾਬ ਇਹ ਦੇਖਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਕਿ ਸਾਡੇ ਗ੍ਰਹਿ ਦਾ ਭਵਿੱਖ ਕੀ ਹੈ।

ਬ੍ਰਹਿਮੰਡ ਦਾ ਅਤੇ ਸਾਡੀ ਧਰਤੀ ਦਾ ਵਿਸਤਾਰਪੂਰਵਕ ਅਧਿਐਨ ਕਰਨ ਵਾਲੇ ਬਹੁਤ ਸਾਰੇ ਵਿਗਿਆਨੀਆਂ ਨੇ ਅਜਿਹੇ ਸਬੂਤ ਦੇਖੇ ਹਨ ਜੋ ਇਕ ਸ੍ਰਿਸ਼ਟੀਕਰਤਾ ਵੱਲ ਸੰਕੇਤ ਕਰਦੇ ਹਨ, ਅਤੇ ਕਿ ਬ੍ਰਹਿਮੰਡ ਦੇ ਪਿੱਛੇ ਪਰਮੇਸ਼ੁਰ ਦਾ ਹੱਥ ਹੈ। ਕੇਵਲ ਇਕ ਵਿਗਿਆਨੀ ਦੀਆਂ ਟਿੱਪਣੀਆਂ ਉੱਤੇ ਗੌਰ ਕਰੋ:

ਪ੍ਰੋਫ਼ੈਸਰ ਪੌਲ ਡੇਵਿਸ ਆਪਣੀ ਪੁਸਤਕ ਪਰਮੇਸ਼ੁਰ ਦਾ ਮਨ (ਅੰਗ੍ਰੇਜ਼ੀ) ਵਿਚ ਲਿਖਦਾ ਹੈ: “ਸਥਿਰ, ਸੁਵਿਵਸਥਿਤ, ਅਤੇ ਗੁੰਝਲਦਾਰ ਢਾਂਚਿਆਂ ਵਾਲੇ ਇਕ ਬਾਤਰਤੀਬ ਬ੍ਰਹਿਮੰਡ ਜਿਸ ਵਿਚ ਸੁਮੇਲ ਹੋਵੇ, ਦੀ ਹੋਂਦ ਲਈ ਬਹੁਤ ਖ਼ਾਸ ਕਿਸਮ ਦੇ ਨਿਯਮਾਂ ਅਤੇ ਹਾਲਤਾਂ ਦੀ ਲੋੜ ਪੈਂਦੀ ਹੈ।”

ਖਗੋਲ-ਭੌਤਿਕ ਵਿਗਿਆਨੀਆਂ ਅਤੇ ਦੂਸਰੇ ਵਿਗਿਆਨੀਆਂ ਵੱਲੋਂ ਦੇਖੀਆਂ ਗਈਆਂ “ਸੰਜੋਗੀ ਘਟਨਾਵਾਂ” ਦੀ ਚਰਚਾ ਕਰਨ ਮਗਰੋਂ, ਪ੍ਰੋਫ਼ੈਸਰ ਡੇਵਿਸ ਅੱਗੇ ਕਹਿੰਦਾ ਹੈ: “ਇਨ੍ਹਾਂ [ਸੰਜੋਗੀ ਘਟਨਾਵਾਂ] ਉੱਤੇ ਸਮੁੱਚੇ ਤੌਰ ਤੇ ਵਿਚਾਰ ਕਰਨ ਨਾਲ ਇਕ ਪ੍ਰਭਾਵਸ਼ਾਲੀ ਸਬੂਤ ਮਿਲਦਾ ਹੈ ਕਿ ਜਿਸ ਜੀਵਨ ਨੂੰ ਅਸੀਂ ਜਾਣਦੇ ਹਾਂ, ਉਹ ਭੌਤਿਕ ਨਿਯਮਾਂ ਦੀ ਕਿਸਮ ਉੱਤੇ, ਨਾਲੇ ਉਨ੍ਹਾਂ ਸੰਜੋਗੀ ਜਾਪਦੀਆਂ ਘਟਨਾਵਾਂ ਉੱਤੇ ਵੀ ਅਤਿ ਸੰਵੇਦੀ ਢੰਗ ਨਾਲ ਨਿਰਭਰ ਕਰਦਾ ਹੈ, ਜਿਨ੍ਹਾਂ ਘਟਨਾਵਾਂ ਰਾਹੀਂ ਕੁਦਰਤ ਨੇ ਵਿਭਿੰਨ ਕਣਾਂ ਦੇ ਪੁੰਜ, ਊਰਜਾ ਸ਼ਕਤੀਆਂ, ਆਦਿ ਲਈ ਵਾਸਤਵਿਕ ਮੁੱਲ ਠਹਿਰਾਏ ਹਨ। . . . ਇਹ ਕਹਿਣਾ ਕਾਫ਼ੀ ਹੋਵੇਗਾ ਕਿ ਜੇ ਅਸੀਂ ਪਰਮੇਸ਼ੁਰ ਦੀ ਥਾਂ ਲੈ ਸਕਦੇ, ਅਤੇ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਮਾਤਰਾਵਾਂ ਦੇ ਮੁੱਲ ਨਿਸ਼ਚਿਤ ਕਰਨ ਲਈ ਕੰਟ੍ਰੋਲ-ਸਵਿੱਚਾਂ ਨੂੰ ਛੇੜੀਏ, ਤਾਂ ਅਸੀਂ ਦੇਖਦੇ ਕਿ ਭਾਵੇਂ ਕੰਟ੍ਰੋਲ-ਸਵਿੱਚਾਂ ਨੂੰ ਜਿਸ ਤਰ੍ਹਾਂ ਵੀ ਸੈੱਟ ਕੀਤਾ ਜਾਵੇ, ਉਨ੍ਹਾਂ ਦੀਆਂ ਲਗਭਗ ਸਾਰੀਆਂ ਸੈਟਿੰਗਜ਼ ਬ੍ਰਹਿਮੰਡ ਨੂੰ ਨਾ-ਵਸਣਯੋਗ ਬਣਾ ਦਿੰਦੀਆਂ। ਕੁਝ ਮਾਮਲਿਆਂ ਵਿਚ ਤਾਂ ਇੰਜ ਜਾਪਦਾ ਹੈ ਕਿ ਬ੍ਰਹਿਮੰਡ ਵਿਚ ਅਜਿਹੀ ਸਥਿਤੀ ਪੈਦਾ ਕਰਨ ਲਈ ਜਿਸ ਵਿਚ ਜੀਵਨ ਵੱਧ-ਫੁੱਲ ਸਕੇ, ਵੱਖੋ-ਵੱਖਰੇ ਕੰਟ੍ਰੋਲ-ਸਵਿੱਚਾਂ ਨੂੰ ਅਤਿਅੰਤ ਅਚੂਕਤਾ ਨਾਲ ਸੈੱਟ ਕਰਨਾ ਪਵੇਗਾ। . . . ਇਹ ਹਕੀਕਤ ਵੱਡੀ ਮਹੱਤਤਾ ਰੱਖਦੀ ਕਿ ਇਨ੍ਹਾਂ ਵਿਵਸਥਾਵਾਂ ਵਿਚ ਛੋਟੀ ਤੋਂ ਛੋਟੀ ਤਬਦੀਲੀ ਕਰਨ ਨਾਲ ਵੀ ਬ੍ਰਹਿਮੰਡ ਮਨੁੱਖ ਦੀ ਨਜ਼ਰ ਤੋਂ ਓਹਲੇ ਹੋ ਸਕਦਾ ਹੈ।”

ਇਹ ਗੱਲਾਂ ਬਹੁਤ ਸਾਰੇ ਲੋਕਾਂ ਨੂੰ ਦਿਖਾਉਂਦੀਆਂ ਹਨ ਕਿ ਸਾਡੀ ਧਰਤੀ ਨੂੰ, ਨਾਲੇ ਬਾਕੀ ਦੇ ਬ੍ਰਹਿਮੰਡ ਨੂੰ ਇਕ ਉਦੇਸ਼ਪੂਰਣ ਸ੍ਰਿਸ਼ਟੀਕਰਤਾ ਨੇ ਉਤਪੰਨ ਕੀਤਾ ਹੈ। ਜੇ ਇਹ ਸੱਚ ਹੈ, ਤਾਂ ਸਾਨੂੰ ਪਹਿਲਾਂ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਉਸ ਨੇ ਧਰਤੀ ਨੂੰ ਕਿਸ ਉਦੇਸ਼ ਨਾਲ ਬਣਾਇਆ ਸੀ। ਸਾਨੂੰ ਇਹ ਵੀ ਨਿਸ਼ਚਿਤ ਕਰਨ ਦੀ ਲੋੜ ਹੈ, ਜੇ ਅਸੀਂ ਕਰ ਸਕਦੇ ਹਾਂ, ਕਿ ਧਰਤੀ ਲਈ ਉਸ ਦਾ ਕੀ ਉਦੇਸ਼ ਹੈ। ਇਸ ਸੰਬੰਧ ਵਿਚ ਇਕ ਅਜੀਬ ਗੱਲ ਦੇਖਣ ਵਿਚ ਆਉਂਦੀ ਹੈ। ਨਾਸਤਿਕਤਾ ਦੀ ਵਿਆਪਕ ਲੋਕਪ੍ਰਿਯਤਾ ਦੇ ਬਾਵਜੂਦ, ਕਾਫ਼ੀ ਸਾਰੇ ਲੋਕ ਅਜੇ ਵੀ ਇਕ ਬੁੱਧੀਮਾਨ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ। ਈਸਾਈ-ਜਗਤ ਦੇ ਜ਼ਿਆਦਾਤਰ ਗਿਰਜੇ ਕਹਿਣ ਨੂੰ ਤਾਂ ਇਕ ਸਰਬਸ਼ਕਤੀਮਾਨ ਪਰਮੇਸ਼ੁਰ ਬਾਰੇ ਅਤੇ ਸਾਡੇ ਵਿਸ਼ਵ ਦੇ ਸ੍ਰਿਸ਼ਟੀਕਰਤਾ ਬਾਰੇ ਗੱਲ ਕਰਦੇ ਹਨ। ਪਰੰਤੂ, ਇਨ੍ਹਾਂ ਧਰਮਾਂ ਵਿੱਚੋਂ ਘੱਟ ਹੀ ਕੋਈ ਧਰਮ ਧਰਤੀ ਦੇ ਭਵਿੱਖ ਸੰਬੰਧੀ ਪਰਮੇਸ਼ੁਰ ਦੇ ਉਦੇਸ਼ ਬਾਰੇ ਯਕੀਨ ਨਾਲ ਅਤੇ ਦ੍ਰਿੜ੍ਹ-ਵਿਸ਼ਵਾਸ ਨਾਲ ਗੱਲ ਕਰਦਾ ਹੈ।

ਬਾਈਬਲ ਕੀ ਕਹਿੰਦੀ ਹੈ?

ਅਜਿਹੀ ਜਾਣਕਾਰੀ ਦੇ ਸੋਮੇ ਵੱਲ ਮੁੜਨਾ ਤਰਕਸੰਗਤ ਹੈ ਜਿਸ ਨੂੰ ਵਿਆਪਕ ਤੌਰ ਤੇ ਸ੍ਰਿਸ਼ਟੀਕਰਤਾ ਵੱਲੋਂ ਮੰਨਿਆ ਜਾਂਦਾ ਹੈ। ਇਹ ਸੋਮਾ ਬਾਈਬਲ ਹੈ। ਸਾਡੀ ਧਰਤੀ ਦੇ ਭਵਿੱਖ ਬਾਰੇ ਇਸ ਵਿਚ ਪਾਇਆ ਜਾਂਦਾ ਇਕ ਸਭ ਤੋਂ ਸਰਲ ਅਤੇ ਸਪੱਸ਼ਟ ਵਾਕ ਉਪਦੇਸ਼ਕ ਦੀ ਪੋਥੀ 1:4 ਵਿਚ ਪਾਇਆ ਜਾਂਦਾ ਹੈ। ਉੱਥੇ ਲਿਖਿਆ ਹੈ: “ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਹੈ।” ਬਾਈਬਲ ਸਪੱਸ਼ਟ ਤਰੀਕੇ ਨਾਲ ਸਮਝਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਧਰਤੀ ਨੂੰ ਕਿਉਂ ਰਚਿਆ ਸੀ। ਨਾਲੇ ਇਹ ਦਿਖਾਉਂਦੀ ਹੈ ਕਿ ਉਸ ਨੇ ਧਰਤੀ ਨੂੰ ਬ੍ਰਹਿਮੰਡ ਵਿਚ ਬਿਲਕੁਲ ਸਹੀ ਜਗ੍ਹਾ ਤੇ ਅਤੇ ਸਾਡੇ ਸੂਰਜ ਤੋਂ ਬਿਲਕੁਲ ਸਹੀ ਫ਼ਾਸਲੇ ਤੇ ਰੱਖਿਆ ਹੈ ਤਾਂਕਿ ਇਸ ਉੱਤੇ ਜੀਵਨ ਬਰਕਰਾਰ ਰਹਿ ਸਕੇ। ਸਰਬਸ਼ਕਤੀਮਾਨ ਪਰਮੇਸ਼ੁਰ ਨੇ ਪ੍ਰਾਚੀਨ ਸਮੇਂ ਦੇ ਨਬੀ ਯਸਾਯਾਹ ਨੂੰ ਇਹ ਲਿਖਣ ਲਈ ਪ੍ਰੇਰਿਆ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,—ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ।”—ਯਸਾਯਾਹ 45:18.

ਪਰੰਤੂ ਮਨੁੱਖ ਵੱਲੋਂ ਉਨ੍ਹਾਂ ਸਾਧਨਾਂ ਨੂੰ ਤਿਆਰ ਕਰਨ ਬਾਰੇ ਕੀ, ਜਿਨ੍ਹਾਂ ਦੁਆਰਾ ਉਹ ਧਰਤੀ ਉੱਤੇ ਹਰ ਜੀਵਨ ਨੂੰ ਨਾਸ਼ ਕਰ ਸਕਦੇ ਹਨ? ਆਪਣੀ ਬੇਮਿਸਾਲ ਬੁੱਧੀ ਅਨੁਸਾਰ, ਪਰਮੇਸ਼ੁਰ ਐਲਾਨ ਕਰਦਾ ਹੈ ਕਿ ਮਨੁੱਖਜਾਤੀ ਦੇ ਸਾਡੇ ਗ੍ਰਹਿ ਉੱਤੋਂ ਹਰ ਜੀਵਨ ਨੂੰ ਨਾਸ਼ ਕਰਨ ਤੋਂ ਪਹਿਲਾਂ, ਉਹ ਕਦਮ ਚੁੱਕੇਗਾ। ਬਾਈਬਲ ਦੀ ਆਖ਼ਰੀ ਪੁਸਤਕ, ਪਰਕਾਸ਼ ਦੀ ਪੋਥੀ ਵਿਚ ਇਸ ਭਰੋਸਾ-ਦਿਵਾਊ ਵਾਅਦੇ ਉੱਤੇ ਗੌਰ ਕਰੋ: “ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾ ਆ ਪਹੁੰਚਾ ਭਈ ਓਹਨਾਂ ਦਾ ਨਿਆਉਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਓਹਨਾਂ ਨੂੰ ਜੋ ਤੇਰੇ ਨਾਮ ਤੋਂ ਭੈ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਓਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ।”—ਪਰਕਾਸ਼ ਦੀ ਪੋਥੀ 11:18.

ਯਹੋਵਾਹ ਸਾਨੂੰ ਦੱਸਦਾ ਹੈ ਕਿ ਧਰਤੀ ਨੂੰ ਰਚਣ ਵਿਚ ਉਸ ਦਾ ਮੁਢਲਾ ਉਦੇਸ਼ ਕੀ ਸੀ। ਇਸ ਧਰਤੀ ਨੂੰ ਇਕ ਪੁਲਾੜ-ਯਾਤਰੀ ਨੇ ਧਰਤੀ ਦਾ ਚੱਕਰ ਲਗਾਉਣ ਵੇਲੇ ਪੁਲਾੜ ਦਾ ਰਤਨ ਕਿਹਾ ਸੀ। ਪਰਮੇਸ਼ੁਰ ਦਾ ਉਦੇਸ਼ ਸੀ ਕਿ ਧਰਤੀ ਇਕ ਵਿਆਪਕ ਪਰਾਦੀਸ ਬਣੇ, ਅਤੇ ਇਸ ਵਿਚ ਸ਼ਾਂਤੀ ਅਤੇ ਅਮਨ-ਚੈਨ ਨਾਲ ਜੀਉਣ ਵਾਲੇ ਇਨਸਾਨ—ਆਦਮੀ ਅਤੇ ਔਰਤਾਂ—ਸਾਰੇ ਆਰਾਮ ਨਾਲ ਵਸਣ। ਉਸ ਨੇ ਪਹਿਲੇ ਮਨੁੱਖੀ ਜੋੜੇ ਨੂੰ ਸੰਤਾਨ ਪੈਦਾ ਕਰਨ ਦੀ ਯੋਗਤਾ ਪ੍ਰਦਾਨ ਕਰ ਕੇ ਇਸ ਗ੍ਰਹਿ ਨੂੰ ਸਹਿਜੇ-ਸਹਿਜੇ ਆਬਾਦ ਕਰਨ ਦਾ ਪ੍ਰਬੰਧ ਕੀਤਾ। ਉਸ ਪਹਿਲੇ ਮਨੁੱਖੀ ਜੋੜੇ ਦੀ ਖ਼ੁਸ਼ੀ ਅਤੇ ਮਨੋਰੰਜਨ ਲਈ, ਯਹੋਵਾਹ ਨੇ ਧਰਤੀ ਦੇ ਇਕ ਛੋਟੇ ਜਿਹੇ ਹਿੱਸੇ ਨੂੰ ਪਰਾਦੀਸ ਬਣਾਇਆ। ਜਿਉਂ-ਜਿਉਂ ਸਾਲ ਅਤੇ ਸਦੀਆਂ ਦੇ ਬੀਤਣ ਨਾਲ ਮਨੁੱਖੀ ਪਰਿਵਾਰ ਵਧਦੇ ਚਲੇ ਜਾਂਦੇ, ਤਿਉਂ-ਤਿਉਂ ਇਹ ਅਦਨ ਦਾ ਬਾਗ਼ ਸਹਿਜੇ-ਸਹਿਜੇ ਫੈਲਦਾ ਜਾਂਦਾ, ਜਦ ਤਕ ਕਿ ਉਤਪਤ 1:28 ਦੀ ਪੂਰਤੀ ਨਾ ਹੋ ਜਾਂਦੀ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।”

ਕਿਉਂ ਜੋ ਅੱਜ ਅਸੀਂ ਧਰਤੀ ਅਤੇ ਇਸ ਉੱਤੇ ਵਸਣ ਵਾਲਿਆਂ ਦੀ ਅਫ਼ਸੋਸਜਨਕ ਹਾਲਤ ਦੇਖਦੇ ਹਾਂ, ਕੀ ਇਸ ਦਾ ਇਹ ਮਤਲਬ ਹੈ ਕਿ ਧਰਤੀ ਲਈ ਪਰਮੇਸ਼ੁਰ ਦਾ ਮੁਢਲਾ ਉਦੇਸ਼ ਅਸਫ਼ਲ ਹੋ ਗਿਆ ਹੈ? ਜਾਂ ਕੀ ਉਸ ਨੇ ਆਪਣਾ ਉਦੇਸ਼ ਬਦਲ ਲਿਆ ਹੈ ਅਤੇ ਫ਼ੈਸਲਾ ਕੀਤਾ ਹੈ ਕਿ ਉਹ ਮਨੁੱਖਜਾਤੀ ਦੇ ਵਿਰੋਧੀ ਸੁਭਾਅ ਕਾਰਨ ਇਸ ਗ੍ਰਹਿ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਹੋਣ ਦੇਵੇਗਾ ਅਤੇ ਫਿਰ ਮਾਨੋ, ਨਵੇਂ ਸਿਰਿਓਂ ਸ਼ੁਰੂ ਕਰੇਗਾ? ਨਹੀਂ, ਅਸੀਂ ਯਕੀਨੀ ਹੋ ਸਕਦੇ ਹਾਂ ਕਿ ਇਹ ਸੱਚ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਦਾ ਜੋ ਵੀ ਉਦੇਸ਼ ਹੁੰਦਾ ਹੈ, ਉਹ ਆਖ਼ਰ ਪੂਰਾ ਹੋ ਕੇ ਰਹੇਗਾ, ਅਤੇ ਉਹ ਜੋ ਫ਼ੈਸਲਾ ਕਰਦਾ ਹੈ, ਉਸ ਨੂੰ ਕੋਈ ਵਿਅਕਤੀ ਜਾਂ ਇੱਥੋਂ ਤਕ ਕਿ ਅਚਾਨਕ ਵਿਕਸਿਤ ਹੋਈ ਕੋਈ ਸਥਿਤੀ ਵੀ ਨਿਸਫਲ ਨਹੀਂ ਕਰ ਸਕਦੀ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.

ਪਰਮੇਸ਼ੁਰ ਦਾ ਉਦੇਸ਼ ਅਟਕਿਆ, ਪਰ ਬਦਲਿਆ ਨਹੀਂ

ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਸਾਥ ਛੱਡਿਆ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢਿਆ ਗਿਆ, ਉਦੋਂ ਇਹ ਗੱਲ ਸਪੱਸ਼ਟ ਸੀ ਕਿ ਪਰਮੇਸ਼ੁਰ ਦਾ ਧਰਤੀ ਨੂੰ ਪਰਾਦੀਸ ਬਣਾਉਣ ਦਾ ਉਦੇਸ਼ ਉਨ੍ਹਾਂ ਤੋਂ ਬਗੈਰ ਹੀ ਪੂਰਾ ਹੋਵੇਗਾ। ਪਰੰਤੂ, ਉਸੇ ਵੇਲੇ ਯਹੋਵਾਹ ਨੇ ਸੰਕੇਤ ਕੀਤਾ ਕਿ ਉਨ੍ਹਾਂ ਦੀ ਸੰਤਾਨ ਵਿੱਚੋਂ ਕੁਝ ਉਸ ਦੇ ਮੁਢਲੇ ਆਦੇਸ਼ ਦੀ ਪੂਰਤੀ ਕਰਨਗੇ। ਇਹ ਸੱਚ ਹੈ ਕਿ ਇਸ ਵਿਚ ਸਮਾਂ ਲੱਗੇਗਾ, ਸ਼ਾਇਦ ਕਈ ਸਦੀਆਂ ਲੱਗ ਜਾਣਗੀਆਂ, ਪਰੰਤੂ ਬਾਈਬਲ ਕੋਈ ਸੰਕੇਤ ਨਹੀਂ ਦਿੰਦੀ ਹੈ ਕਿ ਜੇਕਰ ਆਦਮ ਅਤੇ ਹੱਵਾਹ ਦੋਵੇਂ ਸੰਪੂਰਣਤਾ ਵਿਚ ਜੀਉਂਦੇ ਰਹਿੰਦੇ, ਤਾਂ ਉਦੋਂ ਮੁਢਲੇ ਆਦੇਸ਼ ਦੀ ਪੂਰਤੀ ਹੋਣ ਵਿਚ ਕਿੰਨਾ ਕੁ ਸਮਾਂ ਲੱਗਣਾ ਸੀ। ਹਕੀਕਤ ਇਹ ਹੈ ਕਿ ਮਸੀਹ ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤਕ—ਹੁਣ ਤੋਂ ਹਜ਼ਾਰ ਕੁ ਸਾਲ—ਪੂਰੀ ਧਰਤੀ ਉੱਤੇ ਅਦਨ ਵਰਗੇ ਪਰਾਦੀਸੀ ਹਾਲਾਤ ਹੋਣਗੇ ਅਤੇ ਧਰਤੀ ਪਹਿਲੇ ਮਨੁੱਖੀ ਜੋੜੇ ਦੀ ਸ਼ਾਂਤਮਈ ਅਤੇ ਆਨੰਦਮਈ ਸੰਤਾਨ ਨਾਲ ਆਬਾਦ ਹੋਵੇਗੀ। ਸੱਚ-ਮੁੱਚ, ਇਕ ਅਚੂਕ ਉਦੇਸ਼ਕਰਤਾ ਵਜੋਂ ਯਹੋਵਾਹ ਦੀ ਯੋਗਤਾ ਹਮੇਸ਼ਾ ਲਈ ਸਿੱਧ ਹੋ ਜਾਵੇਗੀ!

ਉਦੋਂ ਉਹ ਰੋਮਾਂਚਕ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ ਜੋ ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਲਿਖਵਾਈਆਂ ਸਨ। ਯਸਾਯਾਹ 11:6-9 ਵਰਗੇ ਸ਼ਾਸਤਰਵਚਨਾਂ ਦੀ ਸ਼ਾਨਦਾਰ ਤਰੀਕੇ ਨਾਲ ਪੂਰਤੀ ਹੋਵੇਗੀ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

ਮਾੜੀ ਸਿਹਤ ਅਤੇ ਘਾਤਕ ਬੀਮਾਰੀਆਂ ਨਹੀਂ ਹੋਣਗੀਆਂ, ਠੀਕ ਜਿਵੇਂ ਮੌਤ ਨਹੀਂ ਹੋਵੇਗੀ। ਕੀ ਬਾਈਬਲ ਦੀ ਆਖ਼ਰੀ ਪੁਸਤਕ ਵਿਚ ਪਾਏ ਜਾਂਦੇ ਇਨ੍ਹਾਂ ਸੌਖੇ ਸ਼ਬਦਾਂ ਨਾਲੋਂ ਜ਼ਿਆਦਾ ਸਪੱਸ਼ਟ ਕੋਈ ਗੱਲ ਹੋ ਸਕਦੀ ਹੈ? “ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

ਜੀ ਹਾਂ, ਅਸੀਂ ਹੌਸਲਾ ਰੱਖ ਸਕਦੇ ਹਾਂ—ਸਾਡਾ ਸੁੰਦਰ ਗ੍ਰਹਿ ਹਮੇਸ਼ਾ ਤਕ ਰਹੇਗਾ। ਇੰਜ ਹੋਵੇ ਕਿ ਤੁਸੀਂ ਇਸ ਦੁਸ਼ਟ ਰੀਤੀ-ਵਿਵਸਥਾ, ਨਾਲੇ ਇਸ ਦੇ ਧਰਤੀ-ਨਾਸ਼ਕ ਕੰਮਾਂ, ਦੇ ਅੰਤ ਵਿੱਚੋਂ ਬਚ ਕੇ ਨਿਕਲਣ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਕਰ ਸਕੋ। ਪਰਮੇਸ਼ੁਰ ਦੁਆਰਾ ਬਣਿਆ ਇਕ ਨਿਰਮਲ ਨਵਾਂ ਸੰਸਾਰ ਹੁਣ ਨੇੜੇ ਹੈ। ਅਤੇ ਪੁਨਰ-ਉਥਾਨ ਦੇ ਚਮਤਕਾਰ ਦੁਆਰਾ ਬਹੁਤ ਸਾਰੇ ਮਿੱਤਰ-ਪਿਆਰੇ ਮੌਤ ਤੋਂ ਜੀ ਉੱਠਣਗੇ। (ਯੂਹੰਨਾ 5:28, 29) ਸੱਚ-ਮੁੱਚ, ਸਾਡੀ ਧਰਤੀ ਹਮੇਸ਼ਾ ਤਕ ਰਹੇਗੀ, ਅਤੇ ਅਸੀਂ ਵੀ ਇਸ ਉੱਤੇ ਹਮੇਸ਼ਾ ਤਕ ਰਹਿ ਕੇ ਇਸ ਦਾ ਆਨੰਦ ਮਾਣ ਸਕਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ