ਕੀ ਅਨਿਆਉਂ ਅਟੱਲ ਹੈ?
“ਇਨ੍ਹਾਂ ਸਭ ਗੱਲਾਂ ਦੇ ਬਾਵਜੂਦ, ਮੈਂ ਅਜੇ ਵੀ ਵਿਸ਼ਵਾਸ ਕਰਦੀ ਹਾਂ ਕਿ ਲੋਕ ਸੱਚ-ਮੁੱਚ ਦਿਲ ਦੇ ਚੰਗੇ ਹਨ। ਮੈਂ ਮਹਿਜ਼ ਉਲਝਣ, ਦੁੱਖ, ਅਤੇ ਮੌਤ ਨਾਲ ਬਣੀ ਨੀਂਹ ਉੱਤੇ ਆਪਣੀਆਂ ਉਮੀਦਾਂ ਕਾਇਮ ਨਹੀਂ ਕਰ ਸਕਦੀ।”—ਐਨ ਫ਼ਰੈਂਕ।
ਐਨ ਫ਼ਰੈਂਕ, 15 ਸਾਲ ਦੀ ਇਕ ਜਵਾਨ ਯਹੂਦੀ ਕੁੜੀ ਨੇ ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੀ ਡਾਇਰੀ ਵਿਚ ਇਹ ਦਿਲ-ਟੁੰਬਵੇਂ ਸ਼ਬਦ ਲਿਖੇ। ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤਕ, ਉਸ ਦਾ ਪਰਿਵਾਰ ਅਮਸਟਰਡਮ ਵਿਚ ਇਕ ਚੁਬਾਰੇ ਵਿਚ ਲੁਕਿਆ ਰਿਹਾ। ਬਿਹਤਰ ਸੰਸਾਰ ਦੀਆਂ ਉਸ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਜਦੋਂ ਇਕ ਸੂਹੀਏ ਨੇ ਨਾਜ਼ੀਆਂ ਨੂੰ ਉਨ੍ਹਾਂ ਦਾ ਅਤਾ-ਪਤਾ ਦੱਸ ਦਿੱਤਾ। ਅਗਲੇ ਸਾਲ, 1945 ਵਿਚ ਐਨ ਬਰਗਨ-ਬੈਲਜਨ ਨਜ਼ਰਬੰਦੀ-ਕੈਂਪ ਵਿਚ ਟਾਈਫਸ ਨਾਲ ਮਰ ਗਈ। 60 ਲੱਖ ਦੂਜੇ ਯਹੂਦੀਆਂ ਦਾ ਵੀ ਇਹੋ ਹਾਲ ਹੋਇਆ।
ਇਕ ਪੂਰੀ ਜਾਤੀ ਨੂੰ ਖ਼ਤਮ ਕਰਨ ਦੀ ਹਿਟਲਰ ਦੀ ਕਰੂਰ ਯੋਜਨਾ ਸ਼ਾਇਦ ਸਾਡੀ ਸਦੀ ਵਿਚ ਜਾਤੀਗਤ ਅਨਿਆਉਂ ਦੀ ਬਦਤਰੀਨ ਮਿਸਾਲ ਹੋਵੇ, ਪਰੰਤੂ ਇਹ ਇੱਕੋ-ਇਕ ਮਿਸਾਲ ਨਹੀਂ ਹੈ। 1994 ਵਿਚ ਪੰਜ ਲੱਖ ਤੋਂ ਜ਼ਿਆਦਾ ਟੂਟਸੀ ਲੋਕਾਂ ਦਾ ਮਹਿਜ਼ ਇਸ ਕਰਕੇ ਕਤਲਾਮ ਕੀਤਾ ਗਿਆ ਸੀ ਕਿਉਂਕਿ ਉਹ “ਦੂਸਰੇ” ਕਬੀਲੇ ਦੇ ਸਨ। ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ, ਲਗਭਗ ਦਸ ਲੱਖ ਆਰਮੀਨੀ ਲੋਕ ਨਸਲੀ ਸ਼ੁੱਧੀਕਰਣ ਵਿਚ ਮਾਰੇ ਗਏ।
ਅਨਿਆਉਂ ਦੇ ਕਰੂਰ ਰੂਪ
ਸਿਰਫ਼ ਕੁਲ-ਨਾਸ਼ ਹੀ ਅਨਿਆਉਂ ਦਾ ਇੱਕੋ-ਇਕ ਰੂਪ ਨਹੀਂ ਹੈ। ਸਮਾਜਕ ਅਨਿਆਉਂ ਮਨੁੱਖਜਾਤੀ ਦੇ ਲਗਭਗ 20 ਪ੍ਰਤਿਸ਼ਤ ਲੋਕਾਂ ਨੂੰ ਜੀਵਨ-ਭਰ ਲਈ ਘੋਰ ਗ਼ਰੀਬੀ ਦੇ ਮੂੰਹ ਵਿਚ ਸੁੱਟ ਦਿੰਦਾ ਹੈ। ਇਸ ਤੋਂ ਵੀ ਬਦਤਰ, ਮਨੁੱਖੀ ਅਧਿਕਾਰ ਸਮੂਹ, ਐਂਟੀ-ਸਲੇਵਰੀ ਇੰਟਰਨੈਸ਼ਨਲ ਅੰਦਾਜ਼ਾ ਲਗਾਉਂਦਾ ਹੈ ਕਿ 20,00,00,000 ਲੋਕ ਗ਼ੁਲਾਮੀ ਵਿਚ ਹਨ। ਇਤਿਹਾਸ ਦੇ ਕਿਸੇ ਹੋਰ ਸਮੇਂ ਨਾਲੋਂ ਅੱਜ ਦੁਨੀਆਂ ਵਿਚ ਕਿਤੇ ਜ਼ਿਆਦਾ ਗ਼ੁਲਾਮ ਹਨ। ਭਾਵੇਂ ਇਨ੍ਹਾਂ ਨੂੰ ਖੁੱਲ੍ਹੇ-ਆਮ ਨੀਲਾਮ ਨਹੀਂ ਕੀਤਾ ਜਾਂਦਾ ਹੈ, ਪਰੰਤੂ ਇਨ੍ਹਾਂ ਦੇ ਕੰਮ ਕਰਨ ਦੇ ਹਾਲਾਤ ਅਕਸਰ ਪੁਰਾਣੇ ਜ਼ਮਾਨੇ ਦੇ ਜ਼ਿਆਦਾਤਰ ਗ਼ੁਲਾਮਾਂ ਨਾਲੋਂ ਬਦਤਰ ਹੁੰਦੇ ਹਨ।
ਕਾਨੂੰਨੀ ਅਨਿਆਉਂ ਲੱਖਾਂ ਲੋਕਾਂ ਤੋਂ ਉਨ੍ਹਾਂ ਦੇ ਬੁਨਿਆਦੀ ਅਧਿਕਾਰ ਖੋਹ ਲੈਂਦਾ ਹੈ। “ਸੰਸਾਰ ਵਿਚ ਕਿਤੇ-ਨਾ-ਕਿਤੇ ਮਨੁੱਖੀ ਅਧਿਕਾਰਾਂ ਸੰਬੰਧੀ ਅਤਿਆਚਾਰ ਲਗਭਗ ਹਰ ਦਿਨ ਕੀਤੇ ਜਾਂਦੇ ਹਨ,” ਐਮਨਸਟੀ ਇੰਟਰਨੈਸ਼ਨਲ ਆਪਣੀ 1996 ਦੀ ਰਿਪੋਰਟ ਵਿਚ ਬਿਆਨ ਕਰਦਾ ਹੈ। “ਜ਼ਿਆਦਾਤਰ ਸ਼ਿਕਾਰ ਗ਼ਰੀਬ ਅਤੇ ਪਿਛੜੇ ਲੋਕ ਹਨ, ਖ਼ਾਸ ਕਰਕੇ ਔਰਤਾਂ, ਬੱਚੇ, ਬੁੱਢੇ ਅਤੇ ਸ਼ਰਨਾਰਥੀ।” ਰਿਪੋਰਟ ਨੇ ਕਿਹਾ: “ਕੁਝ ਦੇਸ਼ਾਂ ਵਿਚ, ਰਾਜਨੀਤਿਕ ਵਿਵਸਥਾ ਲਗਭਗ ਢਹਿ ਚੁੱਕੀ ਹੈ, ਜਿਸ ਕਾਰਨ ਕਮਜ਼ੋਰ ਨੂੰ ਤਕੜੇ ਤੋਂ ਬਚਾਉਣ ਲਈ ਕੋਈ ਕਾਨੂੰਨੀ ਅਧਿਕਾਰੀ ਨਹੀਂ ਹੈ।”
ਸਾਲ 1996 ਦੇ ਦੌਰਾਨ, ਸੌ ਤੋਂ ਵੱਧ ਦੇਸ਼ਾਂ ਵਿਚ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਤਸੀਹੇ ਦਿੱਤੇ ਗਏ। ਅਤੇ ਹਾਲ ਹੀ ਦੇ ਸਾਲਾਂ ਵਿਚ, ਲੱਖਾਂ ਲੋਕ ਅਚਾਨਕ ਗਾਇਬ ਹੋ ਗਏ ਹਨ, ਸਪੱਸ਼ਟ ਤੌਰ ਤੇ ਉਹ ਜਾਂ ਤਾਂ ਸੁਰੱਖਿਆ ਦਲਾਂ ਦੁਆਰਾ ਅਗਵਾ ਕੀਤੇ ਗਏ ਸਨ ਜਾਂ ਅੱਤਵਾਦੀ ਸਮੂਹਾਂ ਦੁਆਰਾ। ਇਹ ਮੰਨਿਆ ਗਿਆ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਦਿੱਤਾ ਗਿਆ ਹੈ।
ਬੇਸ਼ੱਕ, ਲੜਾਈਆਂ ਵਿਚ ਅਨਿਆਉਂ ਹੁੰਦਾ ਹੈ, ਪਰ ਇਨ੍ਹਾਂ ਵਿਚ ਹੁਣ ਹੋਰ ਜ਼ਿਆਦਾ ਅਨਿਆਉਂ ਹੋ ਰਿਹਾ ਹੈ। ਅੱਜ ਲੜਾਈਆਂ ਆਮ ਨਾਗਰਿਕਾਂ ਨੂੰ ਨਿਸ਼ਾਨਾਂ ਬਣਾਉਂਦੀਆਂ ਹਨ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਅਤੇ ਇਹ ਸਿਰਫ਼ ਸ਼ਹਿਰਾਂ ਉੱਤੇ ਅੰਨ੍ਹੇਵਾਹ ਬੰਬਾਰੀ ਕਰਨ ਕਰਕੇ ਨਹੀਂ ਹੁੰਦਾ ਹੈ। ਫ਼ੌਜੀ ਕਾਰਵਾਈ ਦੌਰਾਨ ਔਰਤਾਂ ਅਤੇ ਕੁੜੀਆਂ ਨਾਲ ਨਿੱਤ-ਦਿਹਾੜੀ ਬਲਾਤਕਾਰ ਕੀਤਾ ਜਾਂਦਾ ਹੈ, ਅਤੇ ਬਹੁਤ ਸਾਰੇ ਬਾਗ਼ੀ ਸਮੂਹ ਬੱਚਿਆਂ ਨੂੰ ਹਤਿਆਰੇ ਬਣਨ ਦੀ ਸਿਖਲਾਈ ਦੇਣ ਲਈ ਜ਼ਬਰਦਸਤੀ ਅਗਵਾ ਕਰ ਲੈਂਦੇ ਹਨ। ਅਜਿਹੇ ਰੁਝਾਨਾਂ ਉੱਤੇ ਟਿੱਪਣੀ ਕਰਦੇ ਹੋਏ, ਸੰਯੁਕਤ ਰਾਸ਼ਟਰ-ਸੰਘ ਦੀ ਰਿਪੋਰਟ “ਬੱਚਿਆਂ ਉੱਤੇ ਹਥਿਆਰਬੰਦ ਲੜਾਈ ਦਾ ਅਸਰ,” ਬਿਆਨ ਕਰਦੀ ਹੈ: “ਸੰਸਾਰ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਘੋਰ ਅਨੈਤਿਕਤਾ ਦੀ ਖਾਈ ਵਿਚ ਡਿੱਗਦੇ ਜਾ ਰਹੇ ਹਨ।”
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਅਨੈਤਿਕਤਾ ਦੇ ਕਾਰਨ ਸੰਸਾਰ ਅਨਿਆਉਂ ਨਾਲ ਭਰ ਗਿਆ ਹੈ, ਚਾਹੇ ਇਹ ਜਾਤੀਗਤ, ਸਮਾਜਕ, ਕਾਨੂੰਨੀ, ਜਾਂ ਫ਼ੌਜੀ ਅਨਿਆਉਂ ਹੋਵੇ। ਨਿਰਸੰਦੇਹ, ਇਹ ਕੋਈ ਨਵੀਂ ਗੱਲ ਨਹੀਂ ਹੈ। ਕੁਝ ਢਾਈ ਹਜ਼ਾਰ ਸਾਲ ਪਹਿਲਾਂ, ਇਕ ਇਬਰਾਨੀ ਨਬੀ ਨੇ ਵਿਰਲਾਪ ਕੀਤਾ: “ਕਾਨੂੰਨ ਕਮਜ਼ੋਰ ਅਤੇ ਵਿਅਰਥ ਹੈ, ਅਤੇ ਨਿਆਉਂ ਕਦੀ ਵੀ ਨਹੀਂ ਕੀਤਾ ਜਾਂਦਾ ਹੈ। ਦੁਸ਼ਟ ਲੋਕ ਧਰਮੀਆਂ ਨੂੰ ਹਰਾ ਦਿੰਦੇ ਹਨ, ਅਤੇ ਇਸ ਲਈ ਨਿਆਉਂ ਵਿਗੜ ਗਿਆ ਹੈ।” (ਹਬੱਕੂਕ 1:4, ਟੂਡੇਜ਼ ਇੰਗਲਿਸ਼ ਵਰਯਨ) ਭਾਵੇਂ ਕਿ ਅਨਿਆਉਂ ਹਮੇਸ਼ਾ ਹੀ ਪ੍ਰਚਲਿਤ ਰਿਹਾ ਹੈ, 20ਵੀਂ ਸਦੀ ਅਜਿਹਾ ਯੁਗ ਰਿਹਾ ਹੈ ਜਿਸ ਵਿਚ ਅਨਿਆਉਂ ਦੇ ਪੱਧਰ ਨੇ ਨਵੀਆਂ ਸਿਖਰਾਂ ਛੋਹੀਆਂ ਹਨ।
ਕੀ ਅਨਿਆਉਂ ਨਾਲ ਫ਼ਰਕ ਪੈਂਦਾ ਹੈ?
ਫ਼ਰਕ ਪੈਂਦਾ ਹੈ ਜਦੋਂ ਤੁਸੀਂ ਨਿੱਜੀ ਤੌਰ ਤੇ ਅਨਿਆਉਂ ਦੇ ਕਾਰਨ ਦੁੱਖ ਭੋਗਦੇ ਹੋ। ਫ਼ਰਕ ਪੈਂਦਾ ਹੈ ਕਿਉਂਕਿ ਇਹ ਮਨੁੱਖਜਾਤੀ ਦੇ ਜ਼ਿਆਦਾਤਰ ਲੋਕਾਂ ਤੋਂ ਉਨ੍ਹਾਂ ਦੇ ਖ਼ੁਸ਼ ਰਹਿਣ ਦੇ ਅਧਿਕਾਰ ਨੂੰ ਖੋਹ ਲੈਂਦਾ ਹੈ। ਅਤੇ ਇਸ ਲਈ ਵੀ ਫ਼ਰਕ ਪੈਂਦਾ ਹੈ ਕਿਉਂਕਿ ਅਨਿਆਉਂ ਬਾਰੰਬਾਰ ਖ਼ੂਨੀ ਲੜਾਈਆਂ ਭੜਕਾਉਂਦਾ ਹੈ, ਜੋ ਅੱਗੋਂ ਦੀ ਅਨਿਆਉਂ ਦੀਆਂ ਲਪਟਾਂ ਨੂੰ ਬਲਦੇ ਰੱਖਦੀਆਂ ਹਨ।
ਸ਼ਾਂਤੀ ਅਤੇ ਖ਼ੁਸ਼ੀ ਦਾ ਨਿਆਉਂ ਨਾਲ ਅਟੁੱਟ ਰਿਸ਼ਤਾ ਹੈ, ਪਰੰਤੂ ਅਨਿਆਉਂ ਉਮੀਦਾਂ ਉੱਤੇ ਪਾਣੀ ਫੇਰ ਦਿੰਦਾ ਹੈ ਅਤੇ ਆਸਾਂ ਨੂੰ ਕੁਚਲ ਦਿੰਦਾ ਹੈ। ਜਿਵੇਂ ਕਿ ਐਨ ਫ਼ਰੈਂਕ ਨੂੰ ਦੁਖਦਾਈ ਢੰਗ ਨਾਲ ਪਤਾ ਲੱਗਾ, ਲੋਕ ਉਲਝਣ, ਦੁੱਖ, ਅਤੇ ਮੌਤ ਨਾਲ ਬਣੀ ਨੀਂਹ ਉੱਤੇ ਆਪਣੀਆਂ ਉਮੀਦਾਂ ਕਾਇਮ ਨਹੀਂ ਕਰ ਸਕਦੇ। ਉਸ ਵਾਂਗ, ਅਸੀਂ ਸਾਰੇ ਵੀ ਕੁਝ ਬਿਹਤਰ ਚੀਜ਼ ਲਈ ਲੋਚਦੇ ਹਾਂ।
ਇਸ ਇੱਛਾ ਦੇ ਕਾਰਨ ਸੁਹਿਰਦ ਲੋਕਾਂ ਨੇ ਮਾਨਵ ਸਮਾਜ ਵਿਚ ਕੁਝ ਹੱਦ ਤਕ ਨਿਆਉਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਲਈ, ਸੰਯੁਕਤ ਰਾਸ਼ਟਰ-ਸੰਘ ਦੀ ਜਨਰਲ ਅਸੈਂਬਲੀ ਦੁਆਰਾ 1948 ਵਿਚ ਅਪਣਾਏ ਗਏ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਬਿਆਨ ਕਰਦਾ ਹੈ: “ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਹਨ ਅਤੇ ਸਾਰੇ ਬਰਾਬਰ ਸਨਮਾਨ ਤੇ ਅਧਿਕਾਰ ਦੇ ਯੋਗ ਹਨ। ਉਨ੍ਹਾਂ ਨੂੰ ਵਿਚਾਰ-ਸ਼ਕਤੀ ਅਤੇ ਅੰਤਹਕਰਣ ਬਖ਼ਸ਼ੇ ਗਏ ਹਨ ਅਤੇ ਉਨ੍ਹਾਂ ਨੂੰ ਭਾਈਚਾਰੇ ਦੀ ਭਾਵਨਾ ਨਾਲ ਇਕ ਦੂਜੇ ਨਾਲ ਪੇਸ਼ ਆਉਣਾ ਚਾਹੀਦਾ ਹੈ।”
ਇਹ ਸੱਚ-ਮੁੱਚ ਬਹੁਤ ਸੋਹਣੀਆਂ ਗੱਲਾਂ ਹਨ, ਪਰੰਤੂ ਮਨੁੱਖਜਾਤੀ ਇਸ ਅਜ਼ੀਜ਼ ਟੀਚੇ—ਇਕ ਨਿਆਂਪੂਰਣ ਸਮਾਜ ਜਿਸ ਵਿਚ ਹਰ ਇਨਸਾਨ ਬਰਾਬਰ ਅਧਿਕਾਰਾਂ ਦਾ ਆਨੰਦ ਮਾਣਦਾ ਹੈ ਅਤੇ ਆਪਣੇ ਸੰਗੀ ਮਨੁੱਖ ਨਾਲ ਭਰਾ ਵਾਂਗ ਪੇਸ਼ ਆਉਂਦਾ ਹੈ—ਨੂੰ ਪ੍ਰਾਪਤ ਕਰਨ ਤੋਂ ਅਜੇ ਬਹੁਤ ਦੂਰ ਹੈ। ਇਸ ਉਦੇਸ਼ ਦੀ ਪੂਰਤੀ, “ਸੰਸਾਰ ਵਿਚ ਆਜ਼ਾਦੀ, ਨਿਆਉਂ, ਅਤੇ ਸ਼ਾਂਤੀ ਦੀ ਨੀਂਹ” ਦੇ ਤੌਰ ਤੇ ਕੰਮ ਕਰੇਗੀ, ਜਿਵੇਂ ਕਿ ਯੂ. ਐੱਨ. ਘੋਸ਼ਣਾ-ਪੱਤਰ ਦੀ ਭੂਮਿਕਾ ਦੱਸਦੀ ਹੈ।
ਕੀ ਅਨਿਆਉਂ ਨੇ ਮਾਨਵ ਸਮਾਜ ਵਿਚ ਇੰਨੀ ਪੱਕੀ ਤਰ੍ਹਾਂ ਜੜ੍ਹ ਫੜ ਲਈ ਹੈ ਕਿ ਇਸ ਨੂੰ ਕਦੀ ਵੀ ਉਖੇੜਿਆ ਨਹੀਂ ਜਾ ਸਕਦਾ? ਜਾਂ ਕੀ ਆਜ਼ਾਦੀ, ਨਿਆਉਂ, ਅਤੇ ਸ਼ਾਂਤੀ ਦੀ ਕਿਸੇ ਨਾ ਕਿਸੇ ਤਰ੍ਹਾਂ ਠੋਸ ਨੀਂਹ ਰੱਖੀ ਜਾਵੇਗੀ? ਜੇਕਰ ਰੱਖੀ ਜਾਵੇਗੀ, ਤਾਂ ਕੌਣ ਇਸ ਨੂੰ ਰੱਖੇਗਾ ਅਤੇ ਯਕੀਨੀ ਬਣਾਵੇਗਾ ਕਿ ਸਾਰਿਆਂ ਨੂੰ ਫ਼ਾਇਦਾ ਹੋਵੇ?
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
UPI/Corbis-Bettmann