ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 11/1 ਸਫ਼ੇ 13-18
  • ਆਪਣੀ ਮੁਕਤੀ ਦਾ ਕੰਮ ਨਿਭਾਉਂਦੇ ਰਹੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਮੁਕਤੀ ਦਾ ਕੰਮ ਨਿਭਾਉਂਦੇ ਰਹੋ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਉਸਾਰੀ” ਦਾ ਕੰਮ ਜੋ ਅਸੀਂ ਆਪਣੇ ਵਿਚ ਕਰਦੇ ਹਾਂ
  • ਯਹੂਦਾਹ ਦੇ ਰਾਜੇ—ਉਨ੍ਹਾਂ ਨੇ ਆਪ ਚੋਣ ਕੀਤੀ
  • ਯਹੋਵਾਹ ਤੁਹਾਡੇ ਉੱਤੇ ਭਰੋਸਾ ਰੱਖਦਾ ਹੈ!
  • ਉਹ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦਾ ਮਾਣ ਬਖ਼ਸ਼ਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਨੌਜਵਾਨੋ, ਸਹੀ ਫ਼ੈਸਲੇ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਤੁਹਾਨੂੰ ਪਰਮੇਸ਼ੁਰ ਦੇ ਬਚਨ ਨਾਲ ਕਿੰਨੀ ਪ੍ਰੀਤ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਕੀ ਉਹ ਵੱਡੇ ਹੋ ਕੇ ਵੀ ਪਰਮੇਸ਼ੁਰ ਦੀ ਸੇਵਾ ਕਰਨਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 11/1 ਸਫ਼ੇ 13-18

ਆਪਣੀ ਮੁਕਤੀ ਦਾ ਕੰਮ ਨਿਭਾਉਂਦੇ ਰਹੋ!

“ਹੇ ਮੇਰੇ ਪਿਆਰਿਓ, . . . ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ।”—ਫ਼ਿਲਿੱਪੀਆਂ 2:12.

1, 2. ਬਹੁਤ ਸਾਰੇ ਲੋਕ ਕਿਹੜੀਆਂ ਆਮ ਧਾਰਣਾਵਾਂ ਦੇ ਕਾਰਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਆਪਣੀ ਜ਼ਿੰਦਗੀ ਉੱਤੇ ਜ਼ਿਆਦਾ ਵੱਸ ਨਹੀਂ ਚੱਲਦਾ ਹੈ?

“ਕੀ ਇਹ ਤੁਹਾਡੇ ਖ਼ੂਨ ਵਿਚ ਸਮਾਇਆ ਹੋਇਆ ਹੈ?” ਹਾਲ ਹੀ ਵਿਚ, ਇਹ ਸਵਾਲ ਇਕ ਮਸ਼ਹੂਰ ਰਸਾਲੇ ਦੇ ਮੁੱਖ ਸਫ਼ੇ ਉੱਤੇ ਵੱਡੇ-ਵੱਡੇ ਅੱਖਰਾਂ ਵਿਚ ਛਪਿਆ ਸੀ। ਸੁਰਖੀ ਦੇ ਥੱਲੇ ਇਹ ਸ਼ਬਦ ਸਨ: “ਵਿਅਕਤਿੱਤਵ, ਸੁਭਾਅ, ਅਤੇ ਜੀਵਨ ਵਿਚ ਕੀਤੀਆਂ ਚੋਣਾਂ। ਮੌਜੂਦਾ ਖੋਜਾਂ ਦਿਖਾਉਂਦੀਆਂ ਹਨ ਕਿ ਇਹ ਜ਼ਿਆਦਾ ਕਰਕੇ ਤੁਹਾਡੇ ਖ਼ੂਨ ਵਿਚ ਹੁੰਦੇ ਹਨ।” ਅਜਿਹੇ ਦਾਅਵਿਆਂ ਕਾਰਨ ਸ਼ਾਇਦ ਕੁਝ ਲੋਕ ਮਹਿਸੂਸ ਕਰਨ ਕਿ ਉਨ੍ਹਾਂ ਦਾ ਆਪਣੀ ਜ਼ਿੰਦਗੀ ਉੱਤੇ ਜ਼ਿਆਦਾ ਵੱਸ ਨਹੀਂ ਚੱਲਦਾ ਹੈ।

2 ਦੂਸਰੇ ਲੋਕ ਡਰਦੇ ਹਨ ਕਿ ਮਾਪਿਆਂ ਦੁਆਰਾ ਚੰਗਾ ਪਾਲਣ-ਪੋਸਣ ਨਾ ਮਿਲਣ ਕਰਕੇ ਜਾਂ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਚੰਗੇ ਤਰੀਕੇ ਨਾਲ ਨਾ ਸਿਖਾਉਣ ਕਰਕੇ ਉਨ੍ਹਾਂ ਨੂੰ ਦੁਖੀ ਜੀਵਨ ਬਿਤਾਉਣਾ ਪਵੇਗਾ। ਉਹ ਸ਼ਾਇਦ ਮਹਿਸੂਸ ਕਰਨ ਕਿ ਉਹ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਦੁਹਰਾਉਣ, ਆਪਣੀਆਂ ਗ਼ਲਤ ਇੱਛਾਵਾਂ ਅੱਗੇ ਹਾਰ ਮੰਨਣ, ਯਹੋਵਾਹ ਦੇ ਵਫ਼ਾਦਾਰ ਨਾ ਰਹਿਣ—ਜਾਂ ਕਹੋ, ਗ਼ਲਤ ਚੋਣਾਂ ਕਰਨ—ਤੋਂ ਨਹੀਂ ਬਚ ਸਕਦੇ ਹਨ। ਕੀ ਬਾਈਬਲ ਇਹ ਸਿਖਾਉਂਦੀ ਹੈ? ਯਕੀਨਨ ਅਜਿਹੇ ਧਾਰਮਿਕ ਵਿਅਕਤੀ ਹਨ ਜੋ ਦਾਅਵਾ ਕਰਦੇ ਹਨ ਕਿ ਬਾਈਬਲ ਇਸ ਤਰ੍ਹਾਂ ਦੀ ਸਿੱਖਿਆ, ਅਰਥਾਤ ਕਿਸਮਤ ਦੀ ਸਿੱਖਿਆ ਦਿੰਦੀ ਹੈ। ਇਸ ਸਿੱਖਿਆ ਦੇ ਅਨੁਸਾਰ, ਪਰਮੇਸ਼ੁਰ ਨੇ ਬਹੁਤ ਪਹਿਲਾਂ ਤੋਂ ਹੀ ਤੁਹਾਡੇ ਜੀਵਨ ਵਿਚ ਹਰ ਘਟਨਾ ਲਿਖ ਦਿੱਤੀ ਸੀ।

3. ਆਪਣੇ ਭਵਿੱਖ ਦੀ ਜ਼ਿੰਮੇਵਾਰੀ ਲੈਣ ਦੀ ਯੋਗਤਾ ਦੇ ਸੰਬੰਧ ਵਿਚ ਬਾਈਬਲ ਕਿਹੜਾ ਉਤਸ਼ਾਹ-ਵਧਾਉ ਸੰਦੇਸ਼ ਦਿੰਦੀ ਹੈ?

3 ਇਨ੍ਹਾਂ ਸਾਰੀਆਂ ਵੱਖੋ-ਵੱਖਰੀਆਂ ਧਾਰਣਾਵਾਂ ਦਾ ਇੱਕੋ ਹੀ ਸੰਦੇਸ਼ ਹੈ: ਤੁਹਾਨੂੰ ਚੋਣ ਕਰਨ ਦੀ ਆਜ਼ਾਦੀ ਨਹੀਂ ਹੈ, ਤੁਹਾਡਾ ਆਪਣੀ ਜ਼ਿੰਦਗੀ ਉੱਤੇ ਜ਼ਿਆਦਾ ਵੱਸ ਨਹੀਂ ਚੱਲਦਾ ਹੈ। ਕੀ ਇਹ ਇਕ ਨਿਰਾਸ਼ ਕਰਨ ਵਾਲਾ ਸੰਦੇਸ਼ ਨਹੀਂ ਹੈ? ਅਤੇ ਨਿਰਾਸ਼ਾ ਕਾਰਨ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ। ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਪਰ ਸਾਨੂੰ ਬਾਈਬਲ ਤੋਂ ਇਹ ਜਾਣ ਕੇ ਬਹੁਤ ਉਤਸ਼ਾਹ ਮਿਲਦਾ ਹੈ ਕਿ ਅਸੀਂ ‘ਆਪਣੀ ਮੁਕਤੀ ਦਾ ਕੰਮ ਨਿਬਾਹ’ ਸਕਦੇ ਹਾਂ। (ਫ਼ਿਲਿੱਪੀਆਂ 2:12) ਅਸੀਂ ਇਸ ਉਤਸ਼ਾਹ-ਵਧਾਉ ਬਾਈਬਲੀ ਸਿੱਖਿਆ ਵਿਚ ਆਪਣਾ ਭਰੋਸਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ?

“ਉਸਾਰੀ” ਦਾ ਕੰਮ ਜੋ ਅਸੀਂ ਆਪਣੇ ਵਿਚ ਕਰਦੇ ਹਾਂ

4. ਭਾਵੇਂ ਕਿ 1 ਕੁਰਿੰਥੀਆਂ 3:10-15 ਅੱਗ ਰੋਕਣ ਵਾਲੇ ਸਮਾਨ ਨਾਲ ਉਸਾਰੀ ਕਰਨ ਦੀ ਗੱਲ ਕਰਦਾ ਹੈ, ਇਸ ਦਾ ਅਰਥ ਕੀ ਨਹੀਂ ਹੈ?

4 ਪਹਿਲੇ ਕੁਰਿੰਥੀਆਂ 3:10-15 ਵਿਚ ਪਾਏ ਜਾਂਦੇ ਪੌਲੁਸ ਦੇ ਦ੍ਰਿਸ਼ਟਾਂਤ ਉੱਤੇ ਗੌਰ ਕਰੋ। ਇਸ ਵਿਚ, ਉਹ ਉਸਾਰੀ ਦੇ ਮਸੀਹੀ ਕੰਮ ਬਾਰੇ ਗੱਲ ਕਰਦਾ ਹੈ, ਅਤੇ ਉਸ ਦੇ ਦ੍ਰਿਸ਼ਟਾਂਤ ਦਾ ਨਿਯਮ ਕਲੀਸਿਯਾ ਅਤੇ ਪਰਿਵਾਰ ਵਿਚ ਸੇਵਕਾਈ, ਅਤੇ ਖੇਤਰ ਸੇਵਕਾਈ ਉੱਤੇ ਲਾਗੂ ਹੋ ਸਕਦਾ ਹੈ। ਕੀ ਉਹ ਇਹ ਇਸ਼ਾਰਾ ਕਰਦਾ ਹੈ ਕਿ ਇਕ ਚੇਲੇ ਦੀ ਆਖ਼ਰ ਵਿਚ ਚੋਣ ਕਿ ਉਹ ਯਹੋਵਾਹ ਦੀ ਸੇਵਾ ਕਰੇਗਾ ਜਾਂ ਨਹੀਂ ਅਤੇ ਵਫ਼ਾਦਾਰ ਰਹੇਗਾ ਜਾਂ ਨਹੀਂ, ਉਸ ਨੂੰ ਸਿੱਖਿਆ ਅਤੇ ਸਿਖਲਾਈ ਦੇਣ ਵਾਲੇ ਉੱਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ? ਨਹੀਂ। ਪੌਲੁਸ, ਸਿੱਖਿਅਕ ਵੱਲੋਂ ਉਸਾਰੀ ਦੇ ਕੰਮ ਕਰਨ ਵਿਚ ਪੂਰੀ ਕੋਸ਼ਿਸ਼ ਕਰਨ ਦੀ ਮਹੱਤਤਾ ਉੱਤੇ ਜ਼ੋਰ ਦੇ ਰਿਹਾ ਸੀ। ਪਰ ਜਿਵੇਂ ਕਿ ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ, ਉਹ ਇਹ ਨਹੀਂ ਕਹਿ ਰਿਹਾ ਸੀ ਕਿ ਸਿੱਖਿਆਰਥੀ ਜਾਂ ਚੇਲਾ ਇਸ ਮਾਮਲੇ ਵਿਚ ਚੋਣ ਨਹੀਂ ਕਰ ਸਕਦਾ ਹੈ। ਇਹ ਸੱਚ ਹੈ ਕਿ ਪੌਲੁਸ ਆਪਣੇ ਦ੍ਰਿਸ਼ਟਾਂਤ ਵਿਚ ਉਸ ਉਸਾਰੀ ਦੇ ਕੰਮ ਉੱਤੇ ਧਿਆਨ ਖਿੱਚ ਰਿਹਾ ਹੈ ਜੋ ਅਸੀਂ ਦੂਸਰਿਆਂ ਵਿਚ ਕਰਦੇ ਹਾਂ, ਨਾ ਕਿ ਆਪਣੇ ਆਪ ਦੀ ਉਸਾਰੀ ਕਰਨ ਉੱਤੇ। ਇਹ ਸਪੱਸ਼ਟ ਹੈ ਕਿਉਂਕਿ ਪੌਲੁਸ ਘਟੀਆ ਉਸਾਰੀ ਦੇ ਕੰਮ ਦੇ ਨਾਸ਼ ਹੋਣ ਬਾਰੇ ਗੱਲ ਕਰਦਾ ਹੈ, ਜਦ ਕਿ ਉਸਰਈਆ ਆਪ ਬਚ ਜਾਂਦਾ ਹੈ। ਫਿਰ ਵੀ, ਕਿਸੇ ਕਿਸੇ ਵੇਲੇ ਬਾਈਬਲ ਇਨ੍ਹਾਂ ਲਾਖਣਿਕ ਸ਼ਬਦਾਂ ਨੂੰ ਉਸ ਉਸਾਰੀ ਦੇ ਕੰਮ ਉੱਤੇ ਵੀ ਲਾਗੂ ਕਰਦੀ ਹੈ ਜੋ ਅਸੀਂ ਆਪਣੇ ਵਿਚ ਕਰਦੇ ਹਾਂ।

5. ਕਿਹੜੇ ਸ਼ਾਸਤਰਵਚਨ ਦਿਖਾਉਂਦੇ ਹਨ ਕਿ ਮਸੀਹੀਆਂ ਨੂੰ ਆਪਣੇ ਵਿਚ “ਉਸਾਰੀ” ਦਾ ਕੰਮ ਕਰਨਾ ਚਾਹੀਦਾ ਹੈ?

5 ਉਦਾਹਰਣ ਲਈ, ਯਹੂਦਾਹ 20, 21 ਉੱਤੇ ਗੌਰ ਕਰੋ: “ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ, ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ।” ਯਹੂਦਾਹ ਇੱਥੇ “ਉਸਾਰੀ” ਲਈ ਉਸੇ ਯੂਨਾਨੀ ਸ਼ਬਦ ਦਾ ਇਸਤੇਮਾਲ ਕਰਦਾ ਹੈ ਜੋ ਪੌਲੁਸ 1 ਕੁਰਿੰਥੀਆਂ ਅਧਿਆਇ 3 ਵਿਚ ਇਸਤੇਮਾਲ ਕਰਦਾ ਹੈ, ਪਰ ਯਹੂਦਾਹ ਦੇ ਕਹਿਣ ਦਾ ਇਹ ਅਰਥ ਜਾਪਦਾ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੀ ਨਿਹਚਾ ਦੀ ਨੀਂਹ ਉੱਤੇ ਉਸਾਰੀਏ। ਲੂਕਾ, ਯਿਸੂ ਦੇ ਉਸ ਦ੍ਰਿਸ਼ਟਾਂਤ ਨੂੰ ਦਰਜ ਕਰਦੇ ਸਮੇਂ, ਜਿਸ ਵਿਚ ਇਕ ਆਦਮੀ ਨੇ ਆਪਣੇ ਘਰ ਦੀ ਨੀਂਹ ਪੱਥਰ ਉੱਤੇ ਧਰੀ ਸੀ, “ਨੀਉਂ” ਲਈ ਉਸੇ ਯੂਨਾਨੀ ਸ਼ਬਦ ਨੂੰ ਇਸਤੇਮਾਲ ਕਰਦਾ ਹੈ ਜੋ ਪੌਲੁਸ ਮਸੀਹੀ ਉਸਾਰੀ ਦੇ ਆਪਣੇ ਦ੍ਰਿਸ਼ਟਾਂਤ ਵਿਚ ਇਸਤੇਮਾਲ ਕਰਦਾ ਹੈ। (ਲੂਕਾ 6:48, 49) ਇਸ ਤੋਂ ਇਲਾਵਾ, ਆਪਣੇ ਸੰਗੀ ਮਸੀਹੀਆਂ ਨੂੰ ਅਧਿਆਤਮਿਕ ਤਰੱਕੀ ਕਰਨ ਦੀ ਤਾਕੀਦ ਕਰਦੇ ਸਮੇਂ, ਪੌਲੁਸ ਲਾਖਣਿਕ ਭਾਸ਼ਾ ਵਿਚ ਉਨ੍ਹਾਂ ਨੂੰ ਦੱਸਦਾ ਹੈ ਕਿ ਉਹ ਇਕ “ਨੀਂਹ” ਉੱਤੇ ਕਾਇਮ ਕੀਤੇ ਜਾ ਰਹੇ ਹਨ। ਜੀ ਹਾਂ, ਪਰਮੇਸ਼ੁਰ ਦਾ ਬਚਨ ਸਿਖਾਉਂਦਾ ਹੈ ਕਿ ਅਸੀਂ ਆਪਣੇ ਵਿਚ “ਉਸਾਰੀ” ਦਾ ਕੰਮ ਕਰਦੇ ਹਾਂ।—ਅਫ਼ਸੀਆਂ 3:15-19; ਕੁਲੁੱਸੀਆਂ 1:23; 2:7.

6. (ੳ) ਉਦਾਹਰਣ ਦੇ ਕੇ ਸਮਝਾਓ ਕਿ ਕਿਸ ਤਰ੍ਹਾਂ ਹਰੇਕ ਮਸੀਹੀ ਚੇਲਾ ਇਕ ਸਾਂਝੀ ਉਸਾਰੀ ਯੋਜਨਾ ਦਾ ਨਤੀਜਾ ਹੁੰਦਾ ਹੈ। (ਅ) ਹਰੇਕ ਚੇਲੇ ਦੀ ਕਿਹੜੀ ਜ਼ਿੰਮੇਵਾਰੀ ਹੈ?

6 ਕੀ ਇਕ ਮਸੀਹੀ ਨੂੰ ਉਸਾਰਨਾ, ਕਿਸੇ ਵਿਅਕਤੀ ਦਾ ਕੰਮ ਹੈ? ਕਲਪਨਾ ਕਰੋ ਕਿ ਤੁਸੀਂ ਇਕ ਘਰ ਉਸਾਰਨ ਦਾ ਫ਼ੈਸਲਾ ਕੀਤਾ ਹੈ। ਤੁਸੀਂ ਨਕਸ਼ੇ ਲਈ ਇਕ ਆਰਕੀਟੈਕਟ ਕੋਲ ਜਾਂਦੇ ਹੋ। ਜਦ ਕਿ ਜ਼ਿਆਦਾਤਰ ਕੰਮ ਤੁਸੀਂ ਆਪ ਕਰਨਾ ਚਾਹੁੰਦੇ ਹੋ, ਫਿਰ ਵੀ ਤੁਸੀਂ ਇਕ ਠੇਕੇਦਾਰ ਨੂੰ ਲੈਂਦੇ ਹੋ ਕਿ ਉਹ ਤੁਹਾਡੇ ਨਾਲ ਕੰਮ ਕਰੇ, ਅਤੇ ਕੰਮ ਦੇ ਸੰਬੰਧ ਵਿਚ ਤੁਹਾਨੂੰ ਵਧੀਆ ਸਲਾਹ ਦੇਵੇ। ਜੇ ਉਹ ਇਕ ਮਜ਼ਬੂਤ ਨੀਂਹ ਧਰਦਾ ਹੈ, ਨਕਸ਼ੇ ਸਮਝਣ ਵਿਚ ਤੁਹਾਡੀ ਮਦਦ ਕਰਦਾ ਹੈ, ਵਧੀਆ ਸਮਾਨ ਖ਼ਰੀਦਣ ਦੀ ਸਲਾਹ ਦਿੰਦਾ ਹੈ, ਅਤੇ ਤੁਹਾਨੂੰ ਉਸਾਰੀ ਦੇ ਕੰਮ ਬਾਰੇ ਕਾਫ਼ੀ ਗੱਲਾਂ ਸਿਖਾਉਂਦਾ ਹੈ, ਤਾਂ ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਉਸ ਨੇ ਕੰਮ ਬਹੁਤ ਵਧੀਆ ਕੀਤਾ ਹੈ। ਪਰ ਉਦੋਂ ਕੀ ਜੇ ਤੁਸੀਂ ਉਸ ਦੀ ਸਲਾਹ ਨਹੀਂ ਮੰਨਦੇ ਹੋ, ਸਸਤਾ ਜਾਂ ਘਟੀਆ ਸਮਾਨ ਖ਼ਰੀਦਦੇ ਹੋ, ਅਤੇ ਆਰਕੀਟੈਕਟ ਦੇ ਨਕਸ਼ੇ ਅਨੁਸਾਰ ਉਸਾਰੀ ਨਹੀਂ ਕਰਦੇ ਹੋ? ਜੇ ਘਰ ਡਿੱਗ ਪੈਂਦਾ ਹੈ, ਤਾਂ ਯਕੀਨਨ ਤੁਸੀਂ ਠੇਕੇਦਾਰ ਜਾਂ ਆਰਕੀਟੈਕਟ ਨੂੰ ਦੋਸ਼ ਨਹੀਂ ਦੇ ਸਕਦੇ! ਇਸੇ ਤਰ੍ਹਾਂ, ਹਰੇਕ ਮਸੀਹੀ ਚੇਲਾ, ਇਕ ਸਾਂਝੀ ਉਸਾਰੀ ਯੋਜਨਾ ਦਾ ਨਤੀਜਾ ਹੈ। ਯਹੋਵਾਹ ਮਾਹਰ ਆਰਕੀਟੈਕਟ ਹੈ। ਉਹ ਉਸ ਵਫ਼ਾਦਾਰ ਮਸੀਹੀ ਦੀ ਮਦਦ ਕਰਦਾ ਹੈ ਜੋ ‘ਕੰਮ ਕਰਨ ਵਿੱਚ ਪਰਮੇਸ਼ੁਰ ਦਾ ਸਾਂਝੀ’ ਹੋਣ ਦੇ ਨਾਤੇ, ਸਿੱਖਿਆਰਥੀ ਨੂੰ ਸਿਖਾਉਂਦਾ ਅਤੇ ਉਸਾਰਦਾ ਹੈ। (1 ਕੁਰਿੰਥੀਆਂ 3:9) ਪਰ ਇਸ ਵਿਚ ਸਿੱਖਿਆਰਥੀ ਦਾ ਵੀ ਕੁਝ ਫ਼ਰਜ਼ ਬਣਦਾ ਹੈ। ਆਖ਼ਰਕਾਰ, ਜਿਸ ਰਾਹ ਉੱਤੇ ਉਹ ਚੱਲਦਾ ਹੈ, ਉਸ ਲਈ ਉਹ ਆਪ ਜ਼ਿੰਮੇਵਾਰ ਹੈ। (ਰੋਮੀਆਂ 14:12) ਜੇ ਉਹ ਚਾਹੁੰਦਾ ਹੈ ਕਿ ਉਸ ਵਿਚ ਚੰਗੇ ਮਸੀਹੀ ਗੁਣ ਹੋਣ, ਤਾਂ ਉਸ ਨੂੰ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ, ਅਰਥਾਤ ਇਨ੍ਹਾਂ ਨੂੰ ਆਪਣੇ ਵਿਚ ਉਸਾਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।—2 ਪਤਰਸ 1:5-8.

7. ਕੁਝ ਮਸੀਹੀ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ, ਅਤੇ ਉਨ੍ਹਾਂ ਨੂੰ ਕਿਹੜੀ ਗੱਲ ਤਸੱਲੀ ਦੇ ਸਕਦੀ ਹੈ?

7 ਤਾਂ ਫਿਰ, ਕੀ ਇਸ ਦਾ ਇਹ ਮਤਲਬ ਹੈ ਕਿ ਜਮਾਂਦਰੂ ਗੁਣ, ਮਾਹੌਲ, ਅਤੇ ਸਾਡੇ ਸਿੱਖਿਅਕਾਂ ਦੀਆਂ ਯੋਗਤਾਵਾਂ ਦੀ ਕੋਈ ਮਹੱਤਤਾ ਨਹੀਂ ਹੈ? ਬਿਲਕੁਲ ਨਹੀਂ। ਪਰਮੇਸ਼ੁਰ ਦਾ ਬਚਨ ਸਵੀਕਾਰ ਕਰਦਾ ਹੈ ਕਿ ਇਹ ਸਭ ਮਹੱਤਵਪੂਰਣ ਹਨ ਅਤੇ ਪ੍ਰਭਾਵ ਪਾਉਂਦੇ ਹਨ। ਬਹੁਤ ਸਾਰੇ ਪਾਪਮਈ, ਭੈੜੇ ਝੁਕਾਅ ਜਮਾਂਦਰੂ ਹੁੰਦੇ ਹਨ ਅਤੇ ਇਨ੍ਹਾਂ ਵਿਰੁੱਧ ਲੜਨਾ ਬਹੁਤ ਮੁਸ਼ਕਲ ਹੋ ਸਕਦਾ ਹੈ। (ਜ਼ਬੂਰ 51:5; ਰੋਮੀਆਂ 5:12; 7:21-23) ਮਾਪਿਆਂ ਵੱਲੋਂ ਸਿਖਲਾਈ ਅਤੇ ਘਰ ਦਾ ਮਾਹੌਲ, ਨੌਜਵਾਨਾਂ ਉੱਤੇ ਵੱਡਾ ਪ੍ਰਭਾਵ ਪਾ ਸਕਦਾ ਹੈ—ਚੰਗਾ ਜਾਂ ਮਾੜਾ। (ਕਹਾਉਤਾਂ 22:6; ਕੁਲੁੱਸੀਆਂ 3:21) ਯਹੂਦੀ ਧਾਰਮਿਕ ਆਗੂਆਂ ਦੀਆਂ ਸਿੱਖਿਆਵਾਂ ਦੇ ਕਾਰਨ ਦੂਸਰਿਆਂ ਉੱਤੇ ਪਏ ਬੁਰੇ ਪ੍ਰਭਾਵਾਂ ਕਰਕੇ ਯਿਸੂ ਨੇ ਉਨ੍ਹਾਂ ਦੀ ਭੰਡੀ ਕੀਤੀ। (ਮੱਤੀ 23:13, 15) ਅੱਜ, ਅਜਿਹੀਆਂ ਗੱਲਾਂ ਸਾਡੇ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਉਦਾਹਰਣ ਲਈ, ਪਰਮੇਸ਼ੁਰ ਦੇ ਕੁਝ ਲੋਕ ਮੁਸ਼ਕਲਾਂ ਭਰੇ ਬਚਪਨ ਦੇ ਕਾਰਨ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਨੂੰ ਸਾਡੇ ਪ੍ਰੇਮ ਅਤੇ ਦਇਆ ਦੀ ਜ਼ਰੂਰਤ ਹੈ। ਅਤੇ ਉਹ ਬਾਈਬਲ ਦੇ ਇਸ ਸੰਦੇਸ਼ ਤੋਂ ਤਸੱਲੀ ਪਾ ਸਕਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਉਹ ਆਪਣੇ ਮਾਪਿਆਂ ਦੀਆਂ ਗ਼ਲਤੀਆਂ ਨੂੰ ਦੁਹਰਾਉਣ ਜਾਂ ਸੱਚਾਈ ਨੂੰ ਛੱਡ ਦੇਣ। ਗੌਰ ਕਰੋ ਕਿ ਕਿਵੇਂ ਪ੍ਰਾਚੀਨ ਯਹੂਦਾਹ ਦੇ ਕੁਝ ਰਾਜੇ ਇਸ ਗੱਲ ਦੀ ਮਿਸਾਲ ਹਨ।

ਯਹੂਦਾਹ ਦੇ ਰਾਜੇ—ਉਨ੍ਹਾਂ ਨੇ ਆਪ ਚੋਣ ਕੀਤੀ

8. ਯੋਥਾਮ ਦੇ ਸਾਮ੍ਹਣੇ ਉਸ ਦੇ ਪਿਤਾ ਦੀ ਕਿਹੜੀ ਮਾੜੀ ਉਦਾਹਰਣ ਸੀ, ਫਿਰ ਵੀ ਉਸ ਨੇ ਕਿਹੜੀ ਚੋਣ ਕੀਤੀ?

8 ਉਜ਼ੀਯਾਹ 16 ਸਾਲ ਦੀ ਛੋਟੀ ਉਮਰ ਵਿਚ ਯਹੂਦਾਹ ਦਾ ਰਾਜਾ ਬਣਿਆ ਅਤੇ ਉਸ ਨੇ 52 ਸਾਲ ਸ਼ਾਸਨ ਕੀਤਾ। ਆਪਣੇ ਸ਼ਾਸਨ ਦੇ ਜ਼ਿਆਦਾਤਰ ਸਮੇਂ ਦੌਰਾਨ, “ਜਿਵੇਂ ਉਸ ਦੇ ਪਿਉ ਅਮਸਯਾਹ ਨੇ ਕੀਤਾ ਸੀ ਉਸ ਨੇ ਭੀ ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (2 ਰਾਜਿਆਂ 15:3) ਉਸ ਨੇ ਯਹੋਵਾਹ ਦੀ ਬਰਕਤ ਨਾਲ ਇਕ ਤੋਂ ਬਾਅਦ ਇਕ ਲੜਾਈ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਪਰ ਦੁੱਖ ਦੀ ਗੱਲ ਹੈ ਕਿ ਸਫ਼ਲਤਾ ਦੇ ਕਾਰਨ ਉਜ਼ੀਯਾਹ ਦਾ ਦਿਮਾਗ਼ ਸੱਤਵੇਂ ਆਸਮਾਨ ਤੇ ਜਾ ਲੱਗਾ। ਉਹ ਘਮੰਡੀ ਬਣ ਗਿਆ ਅਤੇ ਉਸ ਨੇ ਹੈਕਲ ਵਿਚ ਜਗਵੇਦੀ ਉੱਤੇ ਧੂਪ ਧੁਖਾ ਕੇ, ਜੋ ਕਿ ਸਿਰਫ਼ ਜਾਜਕਾਂ ਦਾ ਕੰਮ ਸੀ, ਯਹੋਵਾਹ ਵਿਰੁੱਧ ਬਗਾਵਤ ਕੀਤੀ। ਜਦੋਂ ਉਜ਼ੀਯਾਹ ਨੂੰ ਝਿੜਕਿਆ ਗਿਆ, ਤਾਂ ਉਹ ਕ੍ਰੋਧੀ ਹੋਇਆ। ਯਹੋਵਾਹ ਨੇ ਉਸ ਦੇ ਘਮੰਡ ਨੂੰ ਤੋੜਿਆ—ਉਸ ਨੂੰ ਕੋੜ੍ਹ ਹੋ ਗਿਆ ਜਿਸ ਕਰਕੇ ਉਹ ਆਪਣੀ ਬਾਕੀ ਜ਼ਿੰਦਗੀ ਦੂਸਰਿਆਂ ਤੋਂ ਅਲੱਗ ਰਹਿ ਕੇ ਗੁਜ਼ਾਰਨ ਲਈ ਮਜਬੂਰ ਹੋਇਆ। (2 ਇਤਹਾਸ 26:16-23) ਉਸ ਦੇ ਪੁੱਤਰ ਯੋਥਾਮ ਨੇ ਕੀ ਕੀਤਾ ਸੀ? ਇਸ ਨੌਜਵਾਨ ਉੱਤੇ ਆਪਣੇ ਪਿਤਾ ਦਾ ਪ੍ਰਭਾਵ ਆਸਾਨੀ ਨਾਲ ਪੈ ਸਕਦਾ ਸੀ ਅਤੇ ਯਹੋਵਾਹ ਵੱਲੋਂ ਦਿੱਤੀ ਤਾੜਨਾ ਦਾ ਉਹ ਬੁਰਾ ਮਨਾ ਸਕਦਾ ਸੀ। ਆਮ ਲੋਕਾਂ ਦਾ ਵੀ ਉਸ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਸੀ ਕਿਉਂਕਿ ਉਹ ਗ਼ਲਤ ਧਾਰਮਿਕ ਕੰਮਾਂ ਵਿਚ ਲੱਗੇ ਹੋਏ ਸਨ। (2 ਰਾਜਿਆਂ 15:4) ਪਰ ਯੋਥਾਮ ਨੇ ਆਪ ਚੋਣ ਕੀਤੀ। “ਉਹ ਨੇ . . . ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।”—2 ਇਤਹਾਸ 27:2.

9. ਆਹਾਜ਼ ਦੇ ਸਾਮ੍ਹਣੇ ਕਿਨ੍ਹਾਂ ਕੁਝ ਚੰਗੇ ਵਿਅਕਤੀਆਂ ਦੀਆਂ ਉਦਾਹਰਣਾਂ ਸਨ, ਪਰ ਉਸ ਦਾ ਜੀਵਨ ਕਿਸ ਤਰ੍ਹਾਂ ਦਾ ਸੀ?

9 ਯੋਥਾਮ ਨੇ 16 ਸਾਲ ਸ਼ਾਸਨ ਕੀਤਾ, ਅਤੇ ਉਹ ਇਸ ਪੂਰੇ ਸਮੇਂ ਦੌਰਾਨ ਯਹੋਵਾਹ ਦਾ ਵਫ਼ਾਦਾਰ ਰਿਹਾ। ਇਸ ਲਈ ਉਸ ਦੇ ਪੁੱਤਰ ਆਹਾਜ਼ ਸਾਮ੍ਹਣੇ ਆਪਣੇ ਪਿਤਾ ਦੀ ਉੱਤਮ ਉਦਾਹਰਣ ਸੀ। ਅਤੇ ਆਹਾਜ਼ ਸਾਮ੍ਹਣੇ ਦੂਸਰੇ ਚੰਗੇ ਵਿਅਕਤੀਆਂ ਦੀਆਂ ਉਦਾਹਰਣਾਂ ਵੀ ਸਨ। ਉਸ ਸਮੇਂ ਜੀਉਣ ਲਈ ਆਹਾਜ਼ ਸੁਭਾਗਾਂ ਵਾਲਾ ਸੀ ਕਿਉਂ ਜੋ ਵਫ਼ਾਦਾਰ ਨਬੀ ਯਸਾਯਾਹ, ਹੋਸ਼ੇਆ, ਅਤੇ ਮੀਕਾਹ ਉਸ ਸਮੇਂ ਦੇਸ਼ ਵਿਚ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਸਨ। ਪਰ ਉਸ ਨੇ ਗ਼ਲਤ ਚੋਣ ਕੀਤੀ। “ਉਸ ਨੇ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਦਾਂ ਉਸ ਦੇ ਪਿਤਾ ਦਾਊਦ ਨੇ ਕੀਤਾ ਸੀ।” ਉਸ ਨੇ ਬਆਲੀਮ ਦੀਆਂ ਮੂਰਤੀਆਂ ਬਣਵਾ ਕੇ ਉਨ੍ਹਾਂ ਦੀ ਉਪਾਸਨਾ ਕੀਤੀ ਅਤੇ ਝੂਠੇ ਦੇਵਤਿਆਂ ਦੇ ਸਾਮ੍ਹਣੇ ਆਪਣੇ ਕੁਝ ਪੁੱਤਰਾਂ ਦੀ ਅੱਗ ਵਿਚ ਬਲੀ ਦਿੱਤੀ। ਚੰਗੇ ਪ੍ਰਭਾਵਾਂ ਦੇ ਬਾਵਜੂਦ, ਉਹ ਇਕ ਰਾਜੇ ਵਜੋਂ ਅਤੇ ਯਹੋਵਾਹ ਦੇ ਸੇਵਕ ਵਜੋਂ ਬੁਰੀ ਤਰ੍ਹਾਂ ਨਾਕਾਮ ਰਿਹਾ।—2 ਇਤਹਾਸ 28:1-4.

10. ਆਹਾਜ਼ ਕਿਸ ਤਰ੍ਹਾਂ ਦਾ ਪਿਤਾ ਸੀ, ਪਰ ਉਸ ਦੇ ਪੁੱਤਰ ਹਿਜ਼ਕੀਯਾਹ ਨੇ ਕਿਸ ਤਰ੍ਹਾਂ ਦੀ ਚੋਣ ਕੀਤੀ?

10 ਸ਼ੁੱਧ ਉਪਾਸਨਾ ਦੇ ਸੰਬੰਧ ਵਿਚ, ਆਹਾਜ਼ ਤੋਂ ਬੁਰਾ ਪਿਤਾ ਹੋ ਹੀ ਨਹੀਂ ਸਕਦਾ ਸੀ। ਪਰੰਤੂ, ਹਿਜ਼ਕੀਯਾਹ ਆਪਣਾ ਪਿਤਾ ਖ਼ੁਦ ਨਹੀਂ ਚੁਣ ਸਕਦਾ ਸੀ! ਜਿਨ੍ਹਾਂ ਜਵਾਨ ਪੁੱਤਰਾਂ ਦੀ ਆਹਾਜ਼ ਨੇ ਬਆਲ ਦੇ ਸਾਮ੍ਹਣੇ ਬਲੀ ਦਿੱਤੀ ਸੀ, ਉਹ ਸ਼ਾਇਦ ਹਿਜ਼ਕੀਯਾਹ ਦੇ ਆਪਣੇ ਭਰਾ ਸਨ। ਕੀ ਇਸ ਭਿਆਨਕ ਪਿਛੋਕੜ ਦੇ ਕਾਰਨ ਹਿਜ਼ਕੀਯਾਹ ਹੁਣ ਯਹੋਵਾਹ ਪ੍ਰਤੀ ਬੇਵਫ਼ਾ ਹੋਵੇਗਾ? ਇਸ ਦੇ ਉਲਟ, ਹਿਜ਼ਕੀਯਾਹ ਯਹੂਦਾਹ ਦੇ ਕੁਝ ਸੱਚ-ਮੁੱਚ ਮਹਾਨ ਰਾਜਿਆਂ ਵਿੱਚੋਂ ਇਕ ਬਣਿਆ—ਵਫ਼ਾਦਾਰ, ਬੁੱਧੀਮਾਨ, ਅਤੇ ਪਿਆਰਾ। “ਯਹੋਵਾਹ ਉਸ ਦੇ ਅੰਗ ਸੰਗ ਰਿਹਾ।” (2 ਰਾਜਿਆਂ 18:3-7) ਅਸਲ ਵਿਚ, ਇਹ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਜਦੋਂ ਹਿਜ਼ਕੀਯਾਹ ਅਜੇ ਨੌਜਵਾਨ ਰਾਜਕੁਮਾਰ ਹੀ ਸੀ, ਉਸ ਨੇ ਪ੍ਰੇਰਣਾ ਅਧੀਨ 119ਵੇਂ ਜ਼ਬੂਰ ਨੂੰ ਰਚਿਆ ਸੀ। ਜੇ ਇਹ ਸੱਚ ਹੈ, ਤਾਂ ਫਿਰ ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਸ ਨੇ ਇਹ ਸ਼ਬਦ ਕਿਉਂ ਲਿਖੇ ਹੋਣਗੇ: “ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ।” (ਜ਼ਬੂਰ 119:28) ਆਪਣੀਆਂ ਘੋਰ ਸਮੱਸਿਆਵਾਂ ਦੇ ਬਾਵਜੂਦ, ਹਿਜ਼ਕੀਯਾਹ ਯਹੋਵਾਹ ਦੇ ਬਚਨ ਅਨੁਸਾਰ ਚੱਲਿਆ। ਜ਼ਬੂਰ 119:105 ਕਹਿੰਦਾ ਹੈ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” ਹਿਜ਼ਕੀਯਾਹ ਨੇ ਆਪ ਚੋਣ ਕੀਤੀ—ਜੀ ਹਾਂ, ਸਹੀ ਚੋਣ।

11. (ੳ) ਆਪਣੇ ਪਿਤਾ ਦੇ ਚੰਗੇ ਪ੍ਰਭਾਵ ਦੇ ਬਾਵਜੂਦ, ਮਨੱਸ਼ਹ ਨੇ ਕਿਸ ਹੱਦ ਤਕ ਯਹੋਵਾਹ ਦਾ ਵਿਰੋਧ ਕੀਤਾ? (ਅ) ਮਨੱਸ਼ਹ ਨੇ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਸਾਲਾਂ ਵਿਚ ਕਿਹੜੀ ਚੋਣ ਕੀਤੀ, ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

11  ਪਰ ਇਹ ਹੈਰਾਨੀ ਦੀ ਗੱਲ ਹੈ ਕਿ ਯਹੂਦਾਹ ਦੇ ਇਕ ਸਭ ਤੋਂ ਚੰਗੇ ਰਾਜੇ ਤੋਂ ਇਕ ਸਭ ਤੋਂ ਬੁਰਾ ਰਾਜਾ ਪੈਦਾ ਹੋਇਆ। ਹਿਜ਼ਕੀਯਾਹ ਦੇ ਪੁੱਤਰ ਮਨੱਸ਼ਹ ਨੇ ਮੂਰਤੀ-ਪੂਜਾ, ਪ੍ਰੇਤਵਾਦ, ਅਤੇ ਅੰਨ੍ਹੇਵਾਹ ਹਿੰਸਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧਾ ਦਿੱਤਾ। ਬਾਈਬਲ ਦੱਸਦੀ ਹੈ ਕਿ “ਯਹੋਵਾਹ ਨੇ,” ਸੰਭਵ ਤੌਰ ਤੇ ਨਬੀਆਂ ਦੁਆਰਾ, “ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲਾਂ ਕੀਤੀਆਂ।” (2 ਇਤਹਾਸ 33:10) ਯਹੂਦੀ ਰੀਤ ਦਾ ਕਹਿਣਾ ਹੈ ਕਿ ਮਨੱਸ਼ਹ ਨੇ ਜਵਾਬ ਵਿਚ ਯਸਾਯਾਹ ਨੂੰ ਆਰਿਆਂ ਨਾਲ ਚਿਰਵਾ ਦਿੱਤਾ। (ਇਬਰਾਨੀਆਂ 11:37 ਦੀ ਤੁਲਨਾ ਕਰੋ।) ਚਾਹੇ ਇਹ ਗੱਲ ਸੱਚ ਹੈ ਜਾਂ ਨਹੀਂ, ਪਰ ਮਨੱਸ਼ਹ ਨੇ ਕਿਸੇ ਵੀ ਈਸ਼ਵਰੀ ਚੇਤਾਵਨੀ ਨੂੰ ਨਹੀਂ ਸੁਣਿਆ। ਉਸ ਨੇ ਤਾਂ ਆਪਣੇ ਹੀ ਕੁਝ ਪੁੱਤਰਾਂ ਨੂੰ ਸਾੜ ਕੇ ਉਨ੍ਹਾਂ ਦੀ ਬਲੀ ਚੜ੍ਹਾਈ ਸੀ, ਜਿਵੇਂ ਕਿ ਉਸ ਦੇ ਦਾਦੇ ਆਹਾਜ਼ ਨੇ ਕੀਤਾ ਸੀ। ਪਰ, ਇਸ ਦੁਸ਼ਟ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਸਾਲਾਂ ਵਿਚ ਵੱਡੀਆਂ ਦੁੱਖ-ਤਕਲੀਫ਼ਾਂ ਆਉਣ ਕਰਕੇ ਪਸ਼ਚਾਤਾਪ ਕੀਤਾ ਅਤੇ ਆਪਣੀ ਜ਼ਿੰਦਗੀ ਨੂੰ ਬਦਲਿਆ। (2 ਇਤਹਾਸ 33:1-6, 11-20) ਉਸ ਦੀ ਉਦਾਹਰਣ ਸਾਨੂੰ ਸਿਖਾਉਂਦੀ ਹੈ ਕਿ ਇਕ ਵਿਅਕਤੀ ਜਿਸ ਨੇ ਬਹੁਤ ਗ਼ਲਤ ਚੋਣਾਂ ਕੀਤੀਆਂ ਹਨ, ਉਹ ਵੀ ਪਸ਼ਚਾਤਾਪ ਕਰ ਸਕਦਾ ਹੈ। ਉਹ ਬਦਲ ਸਕਦਾ ਹੈ।

12. ਯਹੋਵਾਹ ਦੀ ਸੇਵਾ ਕਰਨ ਦੇ ਸੰਬੰਧ ਵਿਚ ਆਮੋਨ ਅਤੇ ਉਸ ਦੇ ਪੁੱਤਰ ਯੋਸ਼ੀਯਾਹ ਨੇ ਕਿਹੜੀਆਂ ਉਲਟ ਚੋਣਾਂ ਕੀਤੀਆਂ?

12 ਮਨੱਸ਼ਹ ਦਾ ਪੁੱਤਰ ਆਮੋਨ ਆਪਣੇ ਪਿਤਾ ਦੇ ਪਸ਼ਚਾਤਾਪ ਤੋਂ ਬਹੁਤ ਕੁਝ ਸਿੱਖ ਸਕਦਾ ਸੀ। ਪਰ ਉਸ ਨੇ ਗ਼ਲਤ ਚੋਣਾਂ ਕੀਤੀਆਂ। ਆਮੋਨ ਉਦੋਂ ਤਕ “ਵਧੀਕ ਅਪਰਾਧ ਕਰਦਾ ਗਿਆ” ਜਦੋਂ ਤਕ ਉਸ ਦਾ ਕਤਲ ਨਹੀਂ ਕਰ ਦਿੱਤਾ ਗਿਆ। ਪਰ ਉਸ ਦਾ ਪੁੱਤਰ ਯੋਸੀਯਾਹ ਬਿਲਕੁਲ ਉਲਟ ਨਿਕਲਿਆ। ਸਪੱਸ਼ਟ ਹੈ ਕਿ ਯੋਸੀਯਾਹ ਦੇ ਦਾਦੇ ਨਾਲ ਜੋ ਵਾਪਰਿਆ ਸੀ, ਉਸ ਤੋਂ ਉਸ ਨੇ ਸਬਕ ਸਿੱਖਿਆ। ਉਸ ਨੇ ਸਿਰਫ਼ ਅੱਠ ਸਾਲ ਦੀ ਉਮਰ ਤੇ ਸ਼ਾਸਨ ਕਰਨਾ ਸ਼ੁਰੂ ਕੀਤਾ। ਜਦੋਂ ਉਹ 16 ਸਾਲ ਦਾ ਸੀ, ਤਾਂ ਉਹ ਯਹੋਵਾਹ ਦਾ ਤਾਲਿਬ ਹੋਇਆ, ਅਤੇ ਉਦੋਂ ਤੋਂ ਉਹ ਇਕ ਮਿਸਾਲੀ, ਵਫ਼ਾਦਾਰ ਰਾਜਾ ਸਿੱਧ ਹੋਇਆ। (2 ਇਤਹਾਸ 33:20–34:5) ਉਸ ਨੇ ਚੋਣ—ਸਹੀ ਚੋਣ—ਕੀਤੀ।

13. (ੳ) ਅਸੀਂ ਯਹੂਦਾਹ ਦੇ ਉਨ੍ਹਾਂ ਰਾਜਿਆਂ ਤੋਂ ਕੀ ਸਿੱਖਦੇ ਹਾਂ ਜਿਨ੍ਹਾਂ ਬਾਰੇ ਅਸੀਂ ਚਰਚਾ ਕੀਤੀ ਹੈ? (ਅ) ਮਾਪਿਆਂ ਦੁਆਰਾ ਦਿੱਤੀ ਸਿਖਲਾਈ ਕਿੰਨੀ ਕੁ ਮਹੱਤਵਪੂਰਣ ਹੈ?

13 ਯਹੂਦਾਹ ਦੇ ਸੱਤ ਰਾਜਿਆਂ ਬਾਰੇ ਇਹ ਸੰਖੇਪ ਚਰਚਾ ਬਹੁਤ ਪ੍ਰਭਾਵਸ਼ਾਲੀ ਸਬਕ ਸਿਖਾਉਂਦੀ ਹੈ। ਕੁਝ ਮਿਸਾਲਾਂ ਵਿਚ, ਸਭ ਤੋਂ ਭੈੜੇ ਰਾਜਿਆਂ ਦੇ ਸਭ ਤੋਂ ਚੰਗੇ ਪੁੱਤਰ ਸਨ ਅਤੇ, ਇਸ ਦੇ ਉਲਟ, ਸਭ ਤੋਂ ਚੰਗੇ ਰਾਜਿਆਂ ਦੇ ਸਭ ਤੋਂ ਭੈੜੇ ਪੁੱਤਰ ਸਨ। (ਉਪਦੇਸ਼ਕ ਦੀ ਪੋਥੀ 2:18-21 ਦੀ ਤੁਲਨਾ ਕਰੋ।) ਇਹ ਮਾਪਿਆਂ ਦੁਆਰਾ ਦਿੱਤੀ ਸਿਖਲਾਈ ਦੀ ਮਹੱਤਤਾ ਨੂੰ ਨਹੀਂ ਘਟਾਉਂਦਾ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਤਰੀਕੇ ਅਨੁਸਾਰ ਸਿਖਲਾਈ ਦਿੰਦੇ ਹਨ, ਉਹ ਨਿਸ਼ਚਿਤ ਹੀ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਨ ਦਾ ਵਧੀਆ ਮੌਕਾ ਦਿੰਦੇ ਹਨ। (ਬਿਵਸਥਾ ਸਾਰ 6:6, 7) ਪਰ, ਕੁਝ ਬੱਚੇ ਵਫ਼ਾਦਾਰ ਮਾਪਿਆਂ ਦੀ ਹਰ ਕੋਸ਼ਿਸ਼ ਦੇ ਬਾਵਜੂਦ ਗ਼ਲਤ ਰਸਤੇ ਨੂੰ ਚੁਣਦੇ ਹਨ। ਦੂਸਰੇ ਬੱਚੇ ਮਾਪਿਆਂ ਦੇ ਭੈੜੇ ਪ੍ਰਭਾਵ ਦੇ ਬਾਵਜੂਦ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਚੁਣਦੇ ਹਨ। ਉਸ ਦੀ ਬਰਕਤ ਨਾਲ, ਉਹ ਆਪਣੀ ਜ਼ਿੰਦਗੀ ਵਿਚ ਸਫ਼ਲ ਹੁੰਦੇ ਹਨ। ਕਦੀ-ਕਦਾਈਂ, ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੇ ਬਣੋਗੇ? ਤਾਂ, ਆਓ ਅਸੀਂ ਯਹੋਵਾਹ ਦੁਆਰਾ ਦਿੱਤੇ ਗਏ ਭਰੋਸੇ ਉੱਤੇ ਗੌਰ ਕਰੀਏ ਕਿ ਤੁਸੀਂ ਸਹੀ ਚੋਣ ਕਰ ਸਕਦੇ ਹੋ!

ਯਹੋਵਾਹ ਤੁਹਾਡੇ ਉੱਤੇ ਭਰੋਸਾ ਰੱਖਦਾ ਹੈ!

14. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਡੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ?

14 ਯਹੋਵਾਹ ਹਰ ਚੀਜ਼ ਦੇਖਦਾ ਹੈ। ਕਹਾਉਤਾਂ 15:3 ਕਹਿੰਦਾ ਹੈ: “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।” ਰਾਜਾ ਦਾਊਦ ਨੇ ਯਹੋਵਾਹ ਬਾਰੇ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।” (ਜ਼ਬੂਰ 139:16) ਇਸ ਲਈ ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿਨ੍ਹਾਂ ਬੁਰੇ ਝੁਕਾਵਾਂ ਨਾਲ ਲੜਦੇ ਹੋ—ਚਾਹੇ ਕਿ ਇਹ ਜਮਾਂਦਰੂ ਹਨ ਜਾਂ ਕਿ ਇਹ ਦੂਸਰੇ ਪ੍ਰਭਾਵਾਂ ਕਾਰਨ ਤੁਹਾਡੇ ਵਿਚ ਪੈਦਾ ਹੋਏ ਹਨ ਜਿਨ੍ਹਾਂ ਉੱਤੇ ਤੁਹਾਡਾ ਵੱਸ ਨਹੀਂ ਚੱਲਦਾ ਹੈ। ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਨ੍ਹਾਂ ਨੇ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਤੁਹਾਡੀਆਂ ਕਮਜ਼ੋਰੀਆਂ ਬਾਰੇ ਜਾਣਦਾ ਹੈ। ਅਤੇ ਉਹ ਦਿਆਲੂ ਹੈ। ਜਿੰਨਾ ਅਸੀਂ ਕਰ ਸਕਦੇ ਹਾਂ, ਉਸ ਤੋਂ ਜ਼ਿਆਦਾ ਕਰਨ ਦੀ ਉਹ ਸਾਡੇ ਤੋਂ ਕਦੀ ਆਸ ਨਹੀਂ ਰੱਖਦਾ ਹੈ।—ਜ਼ਬੂਰ 103:13, 14.

15. (ੳ) ਜਿਨ੍ਹਾਂ ਵਿਅਕਤੀਆਂ ਨੂੰ ਦੂਸਰਿਆਂ ਨੇ ਜਾਣ-ਬੁੱਝ ਕੇ ਦੁੱਖ ਪਹੁੰਚਾਇਆ ਹੈ, ਉਹ ਕਿਸ ਗੱਲ ਤੋਂ ਦਿਲਾਸਾ ਪਾ ਸਕਦੇ ਹਨ? (ਅ) ਯਹੋਵਾਹ ਕਿਹੜੀ ਜ਼ਿੰਮੇਵਾਰੀ ਦੇ ਕੇ ਸਾਨੂੰ ਸਾਰਿਆਂ ਨੂੰ ਮਾਣ ਬਖ਼ਸ਼ਦਾ ਹੈ?

15 ਦੂਸਰੇ ਪਾਸੇ, ਯਹੋਵਾਹ ਸਾਨੂੰ ਹਾਲਾਤ ਦੇ ਸ਼ਿਕਾਰ ਹੋਏ ਲਾਚਾਰ ਵਿਅਕਤੀਆਂ ਵਜੋਂ ਨਹੀਂ ਵਿਚਾਰਦਾ ਹੈ। ਜੇ ਅਸੀਂ ਬੀਤੇ ਸਮੇਂ ਵਿਚ ਬੁਰੇ ਹਾਲਾਤ ਦਾ ਅਨੁਭਵ ਕੀਤਾ ਹੈ, ਤਾਂ ਅਸੀਂ ਇਸ ਭਰੋਸੇ ਤੋਂ ਦਿਲਾਸਾ ਪਾ ਸਕਦੇ ਹਾਂ ਕਿ ਯਹੋਵਾਹ ਦੂਸਰਿਆਂ ਨੂੰ ਦੁੱਖ ਪਹੁੰਚਾਉਣ ਲਈ ਜਾਣ-ਬੁੱਝ ਕੇ ਕੀਤੇ ਗਏ ਸਲੂਕ ਨੂੰ ਨਫ਼ਰਤ ਕਰਦਾ ਹੈ। (ਜ਼ਬੂਰ 11:5; ਰੋਮੀਆਂ 12:19) ਪਰ ਜੇ ਅਸੀਂ ਬੇਮੁਖ ਹੁੰਦੇ ਹਾਂ ਅਤੇ ਜਾਣ-ਬੁੱਝ ਕੇ ਗ਼ਲਤ ਚੋਣਾਂ ਕਰਦੇ ਹਾਂ, ਤਾਂ ਕੀ ਉਹ ਸਾਨੂੰ ਇਨ੍ਹਾਂ ਦੇ ਬੁਰੇ ਨਤੀਜਿਆਂ ਤੋਂ ਬਚਾਵੇਗਾ? ਬਿਲਕੁਲ ਨਹੀਂ। ਉਸ ਦਾ ਬਚਨ ਕਹਿੰਦਾ ਹੈ: “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਯਹੋਵਾਹ ਆਪਣੇ ਬੁੱਧੀਮਾਨ ਪ੍ਰਾਣੀਆਂ ਨੂੰ ਸਹੀ ਕੰਮ ਕਰਨ ਅਤੇ ਉਸ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਨੂੰ ਮਾਣ ਬਖ਼ਸ਼ਦਾ ਹੈ। ਮੂਸਾ ਨੇ ਵੀ ਇਸਰਾਏਲ ਕੌਮ ਨੂੰ ਇਸੇ ਤਰ੍ਹਾਂ ਕਿਹਾ ਸੀ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ।” (ਬਿਵਸਥਾ ਸਾਰ 30:19) ਯਹੋਵਾਹ ਨੂੰ ਭਰੋਸਾ ਹੈ ਕਿ ਅਸੀਂ ਵੀ ਸਹੀ ਚੋਣ ਕਰ ਸਕਦੇ ਹਾਂ। ਅਸੀਂ ਇਹ ਕਿਵੇਂ ਜਾਣਦੇ ਹਾਂ?

16. ਅਸੀਂ ‘ਆਪਣੀ ਮੁਕਤੀ ਦਾ ਕੰਮ ਨਿਬਾਉਣ’ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ?

16 ਪੌਲੁਸ ਨੇ ਜੋ ਲਿਖਿਆ ਉਸ ਉੱਤੇ ਧਿਆਨ ਦਿਓ: “ਇਸ ਲਈ, ਹੇ ਮੇਰੇ ਪਿਆਰਿਓ, . . . ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੋ; ਕਿਉਂ ਜੋ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸ਼ਾ ਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ।” (ਫ਼ਿਲਿੱਪੀਆਂ 2:12, 13) ਇੱਥੇ “ਕੰਮ ਨਿਬਾਹੋ” ਲਈ ਮੂਲ ਯੂਨਾਨੀ ਸ਼ਬਦ, ਕਿਸੇ ਕੰਮ ਨੂੰ ਪੂਰਾ ਕਰਨ ਨੂੰ ਸੰਕੇਤ ਕਰਦਾ ਹੈ। ਇਸ ਲਈ ਸਾਡੇ ਵਿੱਚੋਂ ਕੋਈ ਵੀ ਅਸਫ਼ਲ ਹੋਣ ਜਾਂ ਹਾਰ ਮੰਨਣ ਲਈ ਮਜਬੂਰ ਨਹੀਂ ਹੈ। ਯਹੋਵਾਹ ਨੂੰ ਜ਼ਰੂਰ ਪੱਕਾ ਭਰੋਸਾ ਹੋਣਾ ਕਿ ਜੋ ਕੰਮ ਉਸ ਨੇ ਸਾਨੂੰ ਦਿੱਤਾ ਹੈ—ਉਹ ਕੰਮ ਜੋ ਸਾਨੂੰ ਮੁਕਤੀ ਦੇਵੇਗਾ—ਉਸ ਨੂੰ ਅਸੀਂ ਪੂਰਾ ਕਰ ਸਕਦੇ ਹਾਂ, ਨਹੀਂ ਤਾਂ ਉਹ ਅਜਿਹਾ ਕਥਨ ਕਦੇ ਨਾ ਲਿਖਵਾਉਂਦਾ। ਪਰ ਅਸੀਂ ਸਫ਼ਲ ਕਿਵੇਂ ਹੋ ਸਕਦੇ ਹਾਂ? ਅਸੀਂ ਆਪਣੀ ਤਾਕਤ ਨਾਲ ਸਫ਼ਲ ਨਹੀਂ ਹੋ ਸਕਦੇ। ਜੇ ਅਸੀਂ ਤਾਕਤਵਰ ਹੁੰਦੇ, ਤਾਂ ‘ਡਰਨ ਅਤੇ ਕੰਬਣ’ ਦੀ ਲੋੜ ਨਾ ਹੁੰਦੀ। ਇਸ ਦੀ ਬਜਾਇ, ਯਹੋਵਾਹ ‘ਸਾਡੇ ਵਿਚ’ ਕੰਮ ਕਰਦਾ ਹੈ, ਅਤੇ ਉਸ ਦੀ ਪਵਿੱਤਰ ਆਤਮਾ ਸਾਡੇ ਦਿਲਾਂ-ਦਿਮਾਗਾਂ ਵਿਚ ਕੰਮ ਕਰਦੀ ਹੈ ਅਤੇ ‘ਮਨਸ਼ਾ ਤੇ ਅਮਲ ਨੂੰ ਪੈਦਾ ਕਰਨ ਲਈ’ ਸਾਡੀ ਮਦਦ ਕਰਦੀ ਹੈ। ਅਜਿਹੀ ਪ੍ਰੇਮਮਈ ਮਦਦ ਦੇ ਹੁੰਦੇ ਹੋਏ, ਕੀ ਅਸੀਂ ਆਪਣੀ ਜ਼ਿੰਦਗੀ ਵਿਚ ਸਹੀ ਚੋਣਾਂ ਕਰ ਕੇ ਉਨ੍ਹਾਂ ਅਨੁਸਾਰ ਜੀ ਨਹੀਂ ਸਕਦੇ ਹਾਂ? ਅਸੀਂ ਜ਼ਰੂਰ ਜੀ ਸਕਦੇ ਹਾਂ!—ਲੂਕਾ 11:13.

17. ਅਸੀਂ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹਾਂ, ਅਤੇ ਇਸ ਤਰ੍ਹਾਂ ਕਰਨ ਲਈ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

17 ਸਾਨੂੰ ਔਕੜਾਂ ਪਾਰ ਕਰਨੀਆਂ ਪੈਣਗੀਆਂ—ਸ਼ਾਇਦ ਲੰਮੇ ਸਮੇਂ ਤੋਂ ਲੱਗੀਆਂ ਬੁਰੀਆਂ ਆਦਤਾਂ ਜਾਂ ਹਾਨੀਕਾਰਕ ਪ੍ਰਭਾਵ ਜੋ ਸਾਡੀ ਸੋਚਣੀ ਨੂੰ ਖ਼ਰਾਬ ਕਰ ਸਕਦੇ ਹਨ। ਫਿਰ ਵੀ, ਯਹੋਵਾਹ ਦੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ, ਅਸੀਂ ਇਨ੍ਹਾਂ ਔਕੜਾਂ ਨੂੰ ਪਾਰ ਕਰ ਸਕਦੇ ਹਾਂ! ਜਿਵੇਂ ਕਿ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ ਸੀ, ਪਰਮੇਸ਼ੁਰ ਦਾ ਬਚਨ “ਕਿਲ੍ਹਿਆਂ” ਵਾਂਗ ਗੱਡੀਆਂ ਬੁਰੀਆਂ ਆਦਤਾਂ ਨੂੰ ਪੁੱਟ ਸੁੱਟਣ ਲਈ ਤਾਕਤਵਰ ਹੈ। (2 ਕੁਰਿੰਥੀਆਂ 10:4) ਅਸਲ ਵਿਚ, ਵੱਡੀਆਂ ਤਬਦੀਲੀਆਂ ਕਰਨ ਲਈ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ। ਉਸ ਦਾ ਬਚਨ ਸਾਨੂੰ ‘ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟਣ’ ਅਤੇ ‘ਨਵੀਂ ਇਨਸਾਨੀਅਤ ਨੂੰ ਪਹਿਨਣ’ ਦੀ ਤਾਕੀਦ ਕਰਦਾ ਹੈ “ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼ਸੀਆਂ 4:22-24) ਕੀ ਅਜਿਹੀਆਂ ਤਬਦੀਲੀਆਂ ਕਰਨ ਲਈ ਯਹੋਵਾਹ ਦੀ ਆਤਮਾ ਸੱਚ-ਮੁੱਚ ਸਾਡੀ ਮਦਦ ਕਰ ਸਕਦੀ ਹੈ? ਬਿਲਕੁਲ! ਪਰਮੇਸ਼ੁਰ ਦੀ ਆਤਮਾ ਸਾਡੇ ਵਿਚ ਫਲ ਪੈਦਾ ਕਰਦੀ ਹੈ—ਵਧੀਆ, ਬਹੁਮੁੱਲੇ ਗੁਣ ਜੋ ਅਸੀਂ ਸਾਰੇ ਆਪਣੇ ਵਿਚ ਪੈਦਾ ਕਰਨੇ ਚਾਹੁੰਦੇ ਹਾਂ। ਇਨ੍ਹਾਂ ਵਿੱਚੋਂ ਪਹਿਲਾ ਗੁਣ ਹੈ ਪਿਆਰ।—ਗਲਾਤੀਆਂ 5:22, 23.

18. ਹਰ ਸਿਆਣਾ ਇਨਸਾਨ ਕਿਹੜੀ ਚੋਣ ਕਰਨ ਦੇ ਪੂਰੀ ਤਰ੍ਹਾਂ ਯੋਗ ਹੈ, ਅਤੇ ਇਸ ਨੂੰ ਦ੍ਰਿੜ੍ਹਤਾ ਨਾਲ ਕੀ ਕਰਨ ਵਿਚ ਸਾਡੀ ਮਦਦ ਕਰਨੀ ਚਾਹੀਦੀ ਹੈ?

18 ਇਸ ਵਿਚ ਇਕ ਆਜ਼ਾਦ ਕਰ ਦੇਣ ਵਾਲੀ ਵੱਡੀ ਸੱਚਾਈ ਹੈ। ਯਹੋਵਾਹ ਪਰਮੇਸ਼ੁਰ ਦਾ ਪਿਆਰ ਅਸੀਮ ਹੈ, ਅਤੇ ਅਸੀਂ ਉਸ ਦੇ ਸਰੂਪ ਤੇ ਬਣਾਏ ਗਏ ਹਾਂ। (ਉਤਪਤ 1:26; 1 ਯੂਹੰਨਾ 4:8) ਇਸ ਲਈ ਅਸੀਂ ਯਹੋਵਾਹ ਨੂੰ ਪਿਆਰ ਕਰਨਾ ਚੁਣ ਸਕਦੇ ਹਾਂ। ਅਤੇ ਇਹ ਪਿਆਰ—ਨਾ ਕਿ ਸਾਡੀ ਪੁਰਾਣੀ ਜ਼ਿੰਦਗੀ, ਪੈਦਾ ਕੀਤੇ ਭੈੜੇ ਗੁਣ, ਜਾਂ ਗ਼ਲਤ ਕੰਮ ਕਰਨ ਦਾ ਸਾਡਾ ਜਮਾਂਦਰੂ ਝੁਕਾਅ—ਸਾਡੇ ਭਵਿੱਖ ਦੀ ਕੁੰਜੀ ਹੈ। ਅਦਨ ਵਿਚ ਵਫ਼ਾਦਾਰ ਰਹਿਣ ਲਈ ਆਦਮ ਅਤੇ ਹੱਵਾਹ ਨੂੰ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਲੋੜ ਸੀ। ਆਰਮਾਗੇਡਨ ਵਿੱਚੋਂ ਬਚਣ ਅਤੇ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੇ ਅੰਤ ਤੇ ਆਖ਼ਰੀ ਪਰੀਖਿਆ ਨੂੰ ਪਾਸ ਕਰਨ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਪਿਆਰ ਦੀ ਲੋੜ ਹੈ। (ਪਰਕਾਸ਼ ਦੀ ਪੋਥੀ 7:14; 20:5, 7-10) ਆਪਣੇ ਹਾਲਾਤ ਦੇ ਬਾਵਜੂਦ, ਸਾਡੇ ਵਿੱਚੋਂ ਹਰ ਕੋਈ ਅਜਿਹਾ ਪਿਆਰ ਵਿਕਸਿਤ ਕਰ ਸਕਦਾ ਹੈ। (ਮੱਤੀ 22:37; 1 ਕੁਰਿੰਥੀਆਂ 13:13) ਆਓ ਅਸੀਂ ਯਹੋਵਾਹ ਨੂੰ ਪਿਆਰ ਕਰਨ ਅਤੇ ਇਸ ਪਿਆਰ ਨੂੰ ਹਮੇਸ਼ਾ ਦ੍ਰਿੜ੍ਹਤਾ ਨਾਲ ਵਧਾਉਂਦੇ ਰਹਿਣ ਦਾ ਇਰਾਦਾ ਕਰੀਏ।

ਤੁਸੀਂ ਕੀ ਸੋਚਦੇ ਹੋ?

◻ ਹਰੇਕ ਵਿਅਕਤੀ ਦੀ ਨਿੱਜੀ ਜ਼ਿੰਮੇਵਾਰੀ ਦੇ ਸੰਬੰਧ ਵਿਚ ਕਿਹੜੀਆਂ ਆਮ ਧਾਰਣਾਵਾਂ ਬਾਈਬਲ ਦੀ ਆਸ਼ਾਵਾਦੀ ਸਿੱਖਿਆ ਦੇ ਉਲਟ ਹਨ?

◻ ਹਰ ਮਸੀਹੀ ਨੂੰ ਆਪਣੇ ਵਿਚ ਉਸਾਰੀ ਦਾ ਕਿਹੜਾ ਕੰਮ ਕਰਨਾ ਪਵੇਗਾ?

◻ ਯਹੂਦਾਹ ਦੇ ਰਾਜਿਆਂ ਦੀਆਂ ਉਦਾਹਰਣਾਂ ਕਿਵੇਂ ਦਿਖਾਉਂਦੀਆਂ ਹਨ ਕਿ ਹਰੇਕ ਵਿਅਕਤੀ ਆਪ ਚੋਣ ਕਰਦਾ ਹੈ?

◻ ਯਹੋਵਾਹ ਸਾਨੂੰ ਕਿਵੇਂ ਭਰੋਸਾ ਦਿੰਦਾ ਹੈ ਕਿ ਅਸੀਂ ਆਪਣੇ ਉੱਤੇ ਪੈਂਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਸਹੀ ਚੋਣ ਕਰ ਸਕਦੇ ਹਾਂ?

[ਸਫ਼ੇ 15 ਉੱਤੇ ਤਸਵੀਰ]

ਕੀ ਤੁਹਾਡਾ ਭਵਿੱਖ ਜਮਾਂਦਰੂ ਗੁਣਾਂ ਉਤੇ ਨਿਰਭਰ ਹੈ?

[ਸਫ਼ੇ 17 ਉੱਤੇ ਤਸਵੀਰ]

ਆਪਣੇ ਪਿਤਾ ਦੀ ਬੁਰੀ ਉਦਾਹਰਣ ਦੇ ਬਾਵਜੂਦ, ਰਾਜਾ ਯੋਸ਼ੀਯਾਹ ਨੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਚੋਣ ਕੀਤੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ