ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 11/1 ਸਫ਼ੇ 19-24
  • ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਪਹਿਲੇ ਕਦਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਪਹਿਲੇ ਕਦਮ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਹੀ ਗਿਆਨ ਜ਼ਰੂਰੀ ਹੈ
  • ਸਮਰਪਣ ਅਤੇ ਬਪਤਿਸਮਾ—ਦੋ ਮਹੱਤਵਪੂਰਣ ਕਦਮ
  • ਯਿਸੂ ਦੇ ਕਦਮਾਂ ਉੱਤੇ ਚੱਲਣਾ
  • ਪਰਮੇਸ਼ੁਰ ਉੱਤੇ ਭਰੋਸਾ ਰੱਖੋ ਕਿ ਉਹ ਤੁਹਾਨੂੰ ਸੰਭਾਲੇ
  • ਕੀ ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਦਾ ਦੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਆਪਣਾ ਟੀਚਾ ਬਣਾਓ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ‘ਤੁਸੀਂ ਜਾ ਕੇ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਬਪਤਿਸਮਾ ਲੈ ਕੇ ਰੱਬ ਨਾਲ ਪੱਕਾ ਰਿਸ਼ਤਾ ਜੋੜੋ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 11/1 ਸਫ਼ੇ 19-24

ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਪਹਿਲੇ ਕਦਮ

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.

1, 2. ਤੁਸੀਂ ਕਿਉਂ ਕਹੋਗੇ ਕਿ ਯਹੋਵਾਹ ਦੀ ਉਪਾਸਨਾ ਕਰਨੀ ਇਕ ਵੱਡਾ ਵਿਸ਼ੇਸ਼-ਸਨਮਾਨ ਹੈ?

ਉਸ ਇਨਸਾਨ ਨੇ ਕਈ ਸਾਲਾਂ ਤਕ ਕੈਦ ਵਿਚ ਕਸ਼ਟ ਸਹਿਆ ਸੀ। ਫਿਰ ਉਸ ਨੂੰ ਦੇਸ਼ ਦੇ ਹਾਕਮ ਸਾਮ੍ਹਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ। ਘਟਨਾਵਾਂ ਛੇਤੀ ਵਾਪਰੀਆਂ। ਅਚਾਨਕ ਹੀ, ਕੈਦੀ ਨੇ ਆਪਣੇ ਆਪ ਨੂੰ ਧਰਤੀ ਤੇ ਸਭ ਤੋਂ ਸ਼ਕਤੀਸ਼ਾਲੀ ਬਾਦਸ਼ਾਹ ਦੀ ਸੇਵਾ ਵਿਚ ਪਾਇਆ। ਇਸ ਕੈਦੀ ਨੂੰ ਵੱਡੀ ਜ਼ਿੰਮੇਵਾਰੀ ਅਤੇ ਖ਼ਾਸ ਰੁਤਬੇ ਨਾਲ ਸਨਮਾਨਿਆ ਗਿਆ। ਯੂਸੁਫ਼—ਉਹ ਇਨਸਾਨ ਜਿਸ ਦੇ ਪੈਰਾਂ ਵਿਚ ਪਹਿਲਾਂ ਬੇੜੀਆਂ ਹੁੰਦੀਆਂ ਸਨ—ਹੁਣ ਰਾਜੇ ਦੇ ਨਾਲ-ਨਾਲ ਚੱਲਦਾ ਸੀ!—ਉਤਪਤ 41:14, 39-43; ਜ਼ਬੂਰ 105:17, 18.

2 ਅੱਜ, ਇਨਸਾਨਾਂ ਕੋਲ ਉਸ ਬਾਦਸ਼ਾਹ ਦੀ ਸੇਵਾ ਕਰਨ ਦਾ ਮੌਕਾ ਹੈ ਜੋ ਮਿਸਰ ਦੇ ਫ਼ਿਰਊਨ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਵਿਸ਼ਵ ਦਾ ਅੱਤ ਮਹਾਨ ਸਾਨੂੰ ਸਾਰਿਆਂ ਨੂੰ ਉਸ ਦੀ ਸੇਵਾ ਕਰਨ ਦਾ ਸੱਦਾ ਦਿੰਦਾ ਹੈ। ਸਰਬਸ਼ਕਤੀਮਾਨ ਪਰਮੇਸ਼ੁਰ, ਯਹੋਵਾਹ, ਦੀ ਸੇਵਾ ਕਰਨੀ ਅਤੇ ਉਸ ਨਾਲ ਇਕ ਗੂੜ੍ਹਾ ਰਿਸ਼ਤਾ ਜੋੜਨਾ ਕਿੰਨਾ ਅਸਚਰਜ ਵਿਸ਼ੇਸ਼-ਸਨਮਾਨ ਹੈ! ਸ਼ਾਸਤਰ-ਵਚਨਾਂ ਵਿਚ, ਬੁਲੰਦ ਸ਼ਕਤੀ ਅਤੇ ਸ਼ਾਨ ਦੇ ਨਾਲ-ਨਾਲ ਸ਼ਾਂਤੀ, ਸੁੰਦਰਤਾ, ਅਤੇ ਸੁਹਾਵਣਾਪਣ ਉਸ ਦੇ ਨਾਲ ਜੋੜੇ ਗਏ ਹਨ। (ਹਿਜ਼ਕੀਏਲ 1:26-28; ਪਰਕਾਸ਼ ਦੀ ਪੋਥੀ 4:1-3) ਉਸ ਦੇ ਸਾਰੇ ਕੰਮਾਂ ਵਿਚ ਪ੍ਰੇਮ ਝਲਕਦਾ ਹੈ। (1 ਯੂਹੰਨਾ 4:8) ਉਹ ਕਦੀ ਝੂਠ ਨਹੀਂ ਬੋਲਦਾ। (ਗਿਣਤੀ 23:19) ਅਤੇ ਯਹੋਵਾਹ ਉਨ੍ਹਾਂ ਨੂੰ ਕਦੀ ਵੀ ਨਿਰਾਸ਼ ਨਹੀਂ ਕਰਦਾ ਜੋ ਉਸ ਪ੍ਰਤੀ ਨਿਸ਼ਠਾਵਾਨ ਹਨ। (ਜ਼ਬੂਰ 18:25) ਉਸ ਦੀਆਂ ਧਰਮੀ ਮੰਗਾਂ ਅਨੁਸਾਰ ਚੱਲਣ ਦੁਆਰਾ, ਅਸੀਂ ਸਦੀਪਕ ਜੀਵਨ ਨੂੰ ਨਜ਼ਰ ਵਿਚ ਰੱਖਦੇ ਹੋਏ ਹੁਣ ਖ਼ੁਸ਼ੀ ਭਰਿਆ ਅਰਥਪੂਰਣ ਜੀਵਨ ਬਤੀਤ ਕਰ ਸਕਦੇ ਹਾਂ। (ਯੂਹੰਨਾ 17:3) ਕੋਈ ਵੀ ਮਨੁੱਖੀ ਹਾਕਮ ਅਜਿਹਾ ਕੁਝ ਵੀ ਨਹੀਂ ਦਿੰਦਾ ਜੋ ਅਜਿਹੀਆਂ ਬਰਕਤਾਂ ਅਤੇ ਵਿਸ਼ੇਸ਼-ਸਨਮਾਨਾਂ ਦੀ ਬਰਾਬਰੀ ਕਰੇ।

3. ਨੂਹ ਕਿਸ ਭਾਵ ਵਿਚ ‘ਪਰਮੇਸ਼ੁਰ ਦੇ ਨਾਲ ਨਾਲ ਚਲਿਆ’?

3 ਕਈ ਸਾਲ ਪਹਿਲਾਂ, ਕੁਲ-ਪਿਤਾ ਨੂਹ ਨੇ ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਦੇ ਅਨੁਸਾਰ ਜੀਉਣ ਦਾ ਦ੍ਰਿੜ੍ਹ ਇਰਾਦਾ ਕੀਤਾ ਸੀ। ਉਸ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ: “ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:9) ਨਿਰਸੰਦੇਹ, ਨੂਹ ਯਹੋਵਾਹ ਨਾਲ ਸੱਚ-ਮੁੱਚ ਨਹੀਂ ਤੁਰਿਆ, ਕਿਉਂ ਜੋ ਕਿਸੇ ਵੀ ਇਨਸਾਨ ਨੇ “ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18) ਬਲਕਿ, ਨੂਹ ਪਰਮੇਸ਼ੁਰ ਦੇ ਨਾਲ-ਨਾਲ ਇਸ ਭਾਵ ਵਿਚ ਚੱਲਿਆ ਕਿ ਉਸ ਨੇ ਉਹੀ ਕੀਤਾ ਜੋ ਪਰਮੇਸ਼ੁਰ ਨੇ ਉਸ ਨੂੰ ਕਰਨ ਲਈ ਕਿਹਾ ਸੀ। ਕਿਉਂਕਿ ਨੂਹ ਨੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣਾ ਜੀਵਨ ਅਰਪਿਤ ਕੀਤਾ ਸੀ, ਉਸ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਇਕ ਨਿੱਘੇ

ਅਤੇ ਨਿੱਜੀ ਰਿਸ਼ਤੇ ਦਾ ਆਨੰਦ ਮਾਣਿਆ। ਨੂਹ ਵਾਂਗ, ਲੱਖਾਂ ਹੀ ਲੋਕ ਯਹੋਵਾਹ ਦੀ ਸਲਾਹ ਅਤੇ ਸਿੱਖਿਆ ਦੇ ਅਨੁਸਾਰ ਜੀਉਣ ਦੁਆਰਾ ‘ਪਰਮੇਸ਼ੁਰ ਦੇ ਨਾਲ ਨਾਲ ਚਲ’ ਰਹੇ ਹਨ। ਇਕ ਵਿਅਕਤੀ ਅਜਿਹੇ ਰਾਹ ਤੇ ਚੱਲਣਾ ਕਿਵੇਂ ਸ਼ੁਰੂ ਕਰਦਾ ਹੈ?

ਸਹੀ ਗਿਆਨ ਜ਼ਰੂਰੀ ਹੈ

4. ਯਹੋਵਾਹ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਸਿਖਾਉਂਦਾ ਹੈ?

4 ਯਹੋਵਾਹ ਦੇ ਨਾਲ-ਨਾਲ ਚੱਲਣ ਵਾਸਤੇ, ਸਾਨੂੰ ਪਹਿਲਾਂ ਉਸ ਨੂੰ ਜਾਣਨ ਦੀ ਲੋੜ ਹੈ। ਨਬੀ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।” (ਯਸਾਯਾਹ 2:2, 3) ਜੀ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਨੂੰ ਸਿੱਖਿਆ ਦੇਵੇਗਾ, ਜੋ ਉਸ ਦੇ ਰਾਹਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਯਹੋਵਾਹ ਨੇ ਆਪਣੇ ਬਚਨ, ਯਾਨੀ ਬਾਈਬਲ ਦਾ ਪ੍ਰਬੰਧ ਕੀਤਾ ਹੈ, ਅਤੇ ਉਸ ਨੂੰ ਸਮਝਣ ਵਿਚ ਉਹ ਸਾਡੀ ਮਦਦ ਕਰਦਾ ਹੈ। ਉਸ ਦਾ ਮਦਦ ਕਰਨ ਦਾ ਇਕ ਜ਼ਰੀਆ ਹੈ “ਮਾਤਬਰ ਅਤੇ ਬੁੱਧਵਾਨ ਨੌਕਰ।” (ਮੱਤੀ 24:45-47) ਯਹੋਵਾਹ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ, ਮਸੀਹੀ ਸਭਾਵਾਂ, ਅਤੇ ਮੁਫ਼ਤ ਬਾਈਬਲ ਅਧਿਐਨ ਦੇ ਪ੍ਰਬੰਧ ਰਾਹੀਂ, ਅਧਿਆਤਮਿਕ ਸਿਖਲਾਈ ਦੇਣ ਲਈ ‘ਮਾਤਬਰ ਨੌਕਰ’ ਨੂੰ ਇਸਤੇਮਾਲ ਕਰਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਆਪਣਾ ਬਚਨ ਸਮਝਾਉਣ ਲਈ ਆਪਣੀ ਪਵਿੱਤਰ ਆਤਮਾ ਰਾਹੀਂ ਵੀ ਮਦਦ ਦਿੰਦਾ ਹੈ।—1 ਕੁਰਿੰਥੀਆਂ 2:10-16.

5. ਸ਼ਾਸਤਰ-ਸੰਬੰਧੀ ਸੱਚਾਈ ਇੰਨੀ ਕੀਮਤੀ ਕਿਉਂ ਹੈ?

5 ਭਾਵੇਂ ਕਿ ਅਸੀਂ ਬਾਈਬਲ ਦੀ ਸੱਚਾਈ ਸਿੱਖਣ ਲਈ ਪੈਸੇ ਨਹੀਂ ਦਿੰਦੇ ਹਾਂ, ਇਹ ਬਹੁਤ ਹੀ ਕੀਮਤੀ ਹੈ। ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ, ਅਸੀਂ ਖ਼ੁਦ ਪਰਮੇਸ਼ੁਰ—ਉਸ ਦੇ ਨਾਂ, ਉਸ ਦੇ ਵਿਅਕਤਿੱਤਵ, ਉਸ ਦੇ ਮਕਸਦ, ਅਤੇ ਮਨੁੱਖਾਂ ਨਾਲ ਉਸ ਦੇ ਵਰਤਾਉ—ਬਾਰੇ ਜਾਣਕਾਰੀ ਲੈਂਦੇ ਹਾਂ। ਅਸੀਂ ਜੀਵਨ ਦੇ ਮੂਲ ਸਵਾਲਾਂ ਦੇ ਆਜ਼ਾਦ ਕਰਨ ਵਾਲੇ ਜਵਾਬ ਵੀ ਪਾਉਂਦੇ ਹਾਂ: ਅਸੀਂ ਇੱਥੇ ਕਿਉਂ ਹਾਂ? ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਭਵਿੱਖ ਵਿਚ ਕੀ ਹੋਵੇਗਾ? ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? ਕੀ ਮੌਤ ਤੋਂ ਬਾਅਦ ਜੀਵਨ ਹੈ? ਇਸ ਤੋਂ ਇਲਾਵਾ, ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਸਾਡੇ ਲਈ ਕੀ ਚਾਹੁੰਦਾ ਹੈ, ਮਤਲਬ ਕਿ ਉਸ ਨੂੰ ਪੂਰੀ ਤਰ੍ਹਾਂ ਪ੍ਰਸੰਨ ਕਰਨ ਲਈ ਸਾਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ। ਅਸੀਂ ਸਿੱਖਦੇ ਹਾਂ ਕਿ ਉਸ ਦੀਆਂ ਮੰਗਾਂ ਜਾਇਜ਼ ਅਤੇ ਬਹੁਤ ਹੀ ਲਾਭਕਾਰੀ ਸਾਬਤ ਹੁੰਦੀਆਂ ਹਨ ਜਦੋਂ ਅਸੀਂ ਉਨ੍ਹਾਂ ਉੱਤੇ ਪੂਰਾ ਉਤਰਦੇ ਹਾਂ। ਪਰਮੇਸ਼ੁਰ ਦੀ ਸਿੱਖਿਆ ਤੋਂ ਬਗੈਰ, ਅਸੀਂ ਅਜਿਹੀਆਂ ਚੀਜ਼ਾਂ ਕਦੀ ਵੀ ਨਹੀਂ ਸਮਝ ਸਕਦੇ।

6. ਸਹੀ ਬਾਈਬਲ ਗਿਆਨ ਸਾਡੇ ਲਈ ਕਿਹੜੇ ਮਾਰਗ ਉੱਤੇ ਚੱਲਣਾ ਸੰਭਵ ਬਣਾਉਂਦਾ ਹੈ?

6 ਬਾਈਬਲ ਸੱਚਾਈ ਸ਼ਕਤੀਸ਼ਾਲੀ ਹੈ ਅਤੇ ਇਹ ਸਾਨੂੰ ਆਪਣੇ ਜੀਵਨਾਂ ਵਿਚ ਤਬਦੀਲੀਆਂ ਲਿਆਉਣ ਲਈ ਪ੍ਰੇਰਿਤ ਕਰਦੀ ਹੈ। (ਇਬਰਾਨੀਆਂ 4:12) ਸ਼ਾਸਤਰ ਵਿੱਚੋਂ ਗਿਆਨ ਲੈਣ ਤੋਂ ਪਹਿਲਾਂ, ਅਸੀਂ ਸਿਰਫ਼ “ਇਸ ਸੰਸਾਰ ਦੇ ਵਿਹਾਰ ਅਨੁਸਾਰ” ਹੀ ਚੱਲ ਸਕਦੇ ਸੀ। (ਅਫ਼ਸੀਆਂ 2:2) ਲੇਕਿਨ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਸਾਡੇ ਲਈ ਇਕ ਹੋਰ ਰਾਹ ਤਿਆਰ ਕਰਦਾ ਹੈ ਤਾਂਕਿ ਅਸੀਂ ‘ਅਜਿਹੀ ਜੋਗ ਚਾਲ ਚੱਲ ਸਕੀਏ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ।’ (ਕੁਲੁੱਸੀਆਂ 1:10) ਵਿਸ਼ਵ ਦੇ ਸਭ ਤੋਂ ਮਹਾਨ ਵਿਅਕਤੀ, ਯਹੋਵਾਹ, ਦੇ ਨਾਲ-ਨਾਲ ਚੱਲਣ ਲਈ ਆਪਣੇ ਪਹਿਲੇ ਕਦਮ ਚੁੱਕਣੇ ਕਿੰਨੀ ਖ਼ੁਸ਼ੀ ਦੀ ਗੱਲ ਹੈ!—ਲੂਕਾ 11:28.

ਸਮਰਪਣ ਅਤੇ ਬਪਤਿਸਮਾ—ਦੋ ਮਹੱਤਵਪੂਰਣ ਕਦਮ

7. ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ, ਮਨੁੱਖੀ ਅਗਵਾਈ ਬਾਰੇ ਕਿਹੜੀ ਸੱਚਾਈ ਜ਼ਾਹਰ ਹੁੰਦੀ ਹੈ?

7 ਜਦੋਂ ਬਾਈਬਲ ਵਿਚ ਸਾਡੀ ਸਮਝ ਵਧਦੀ ਹੈ, ਅਸੀਂ ਮਨੁੱਖੀ ਮਾਮਲਿਆਂ ਨੂੰ ਅਤੇ ਆਪਣੇ ਜੀਵਨਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਅਧਿਆਤਮਿਕ ਰੋਸ਼ਨੀ ਵਿਚ ਦੇਖਣ ਲੱਗਦੇ ਹਾਂ। ਇਸ ਤਰ੍ਹਾਂ ਇਕ ਮਹੱਤਵਪੂਰਣ ਸੱਚਾਈ ਜ਼ਾਹਰ ਹੁੰਦੀ ਹੈ। ਇਹ ਸੱਚਾਈ ਕਈ ਸਾਲ ਪਹਿਲਾਂ ਨਬੀ ਯਿਰਮਿਯਾਹ ਦੁਆਰਾ ਪ੍ਰਗਟ ਕੀਤੀ ਗਈ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਾਰੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਲੋੜ ਹੈ।

8. (ੳ) ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਨ ਲਈ ਕਿਹੜੀ ਚੀਜ਼ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ? (ਅ) ਮਸੀਹੀ ਸਮਰਪਣ ਕੀ ਹੈ?

8 ਇਸ ਜ਼ਰੂਰੀ ਗੱਲ ਦੀ ਸਮਝ, ਸਾਨੂੰ ਯਹੋਵਾਹ ਤੋਂ ਅਗਵਾਈ ਭਾਲਣ ਲਈ ਪ੍ਰੇਰਿਤ ਕਰਦੀ ਹੈ। ਅਤੇ ਪਰਮੇਸ਼ੁਰ ਲਈ ਪ੍ਰੇਮ ਸਾਨੂੰ ਉਸ ਨੂੰ ਆਪਣਾ ਜੀਵਨ ਸਮਰਪਣ ਕਰਨ ਲਈ ਪ੍ਰੇਰਿਤ ਕਰਦਾ ਹੈ। ਪਰਮੇਸ਼ੁਰ ਨੂੰ ਸਮਰਪਣ ਕਰਨ ਦਾ ਮਤਲਬ ਹੈ ਕਿ ਉਸ ਕੋਲ ਪ੍ਰਾਰਥਨਾ ਵਿਚ ਜਾਣਾ ਅਤੇ ਸੱਚੇ ਦਿਲੋਂ ਵਾਅਦਾ ਕਰਨਾ ਕਿ ਅਸੀਂ ਆਪਣਾ ਜੀਵਨ ਉਸ ਦੀ ਸੇਵਾ ਕਰਨ ਵਿਚ ਵਰਤਾਂਗੇ ਅਤੇ ਉਸ ਦੇ ਰਾਹਾਂ ਉੱਤੇ ਵਫ਼ਾਦਾਰੀ ਨਾਲ ਚੱਲਾਂਗੇ। ਇਸ ਤਰ੍ਹਾਂ ਕਰਕੇ ਅਸੀਂ ਯਿਸੂ ਦੀ ਮਿਸਾਲ ਦੀ ਪੈਰਵੀ ਕਰਦੇ ਹਾਂ, ਜਿਸ ਨੇ ਦ੍ਰਿੜ੍ਹਤਾ ਨਾਲ ਈਸ਼ਵਰੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਯਹੋਵਾਹ ਨੂੰ ਪੇਸ਼ ਕੀਤਾ।—ਇਬਰਾਨੀਆਂ 10:7.

9. ਇਕ ਵਿਅਕਤੀ ਯਹੋਵਾਹ ਨੂੰ ਆਪਣਾ ਜੀਵਨ ਕਿਉਂ ਸਮਰਪਿਤ ਕਰਦਾ ਹੈ?

9 ਯਹੋਵਾਹ ਪਰਮੇਸ਼ੁਰ ਕਦੀ ਵੀ ਕਿਸੇ ਉੱਤੇ ਦਬਾਅ ਨਹੀਂ ਪਾਉਂਦਾ ਜਾਂ ਕਿਸੇ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਆਪਣੇ ਆਪ ਨੂੰ ਉਸ ਨੂੰ ਸਮਰਪਿਤ ਕਰਨ। (2 ਕੁਰਿੰਥੀਆਂ 9:7 ਦੀ ਤੁਲਨਾ ਕਰੋ।) ਇਸ ਤੋਂ ਇਲਾਵਾ, ਪਰਮੇਸ਼ੁਰ ਕਦੀ ਵੀ ਕਿਸੇ ਤੋਂ ਇਹ ਉਮੀਦ ਨਹੀਂ ਰੱਖਦਾ ਕਿ ਉਹ ਡੂੰਘੀ ਸੋਚ-ਸਮਝ ਤੋਂ ਬਿਨਾਂ ਆਪਣਾ ਜੀਵਨ ਉਸ ਨੂੰ ਸਮਰਪਿਤ ਕਰੇ। ਬਪਤਿਸਮਾ ਲੈਣ ਤੋਂ ਪਹਿਲਾਂ ਹੀ ਇਕ ਵਿਅਕਤੀ ਨੂੰ ਚੇਲਾ ਹੋਣਾ ਚਾਹੀਦਾ ਹੈ, ਅਤੇ ਇਹ ਗਿਆਨ ਹਾਸਲ ਕਰਨ ਲਈ ਸਖ਼ਤ ਜਤਨ ਲੋੜਦਾ ਹੈ। (ਮੱਤੀ 28:19, 20) ਪੌਲੁਸ ਨੇ ਉਨ੍ਹਾਂ ਅੱਗੇ ਬੇਨਤੀ ਕੀਤੀ ਜੋ ਪਹਿਲਾਂ ਹੀ ਬਪਤਿਸਮਾ-ਪ੍ਰਾਪਤ ਸਨ ਕਿ ‘ਉਹ ਆਪਣੀਆਂ ਦੇਹਾਂ ਨੂੰ ਜੀਉਂਦਾ, ਪਵਿੱਤਰ ਅਤੇ ਪਰਮੇਸ਼ੁਰ ਨੂੰ ਪ੍ਰਵਾਨ ਬਲੀਦਾਨ ਦੇ ਤੌਰ ਤੇ ਚੜ੍ਹਾਉਣ, ਅਰਥਾਤ ਆਪਣੀ ਤਰਕ-ਸ਼ਕਤੀ ਦੇ ਨਾਲ ਇਕ ਪਾਵਨ ਸੇਵਾ।’ (ਰੋਮੀਆਂ 12:1, ਨਿ ਵ) ਆਪਣੀ ਤਰਕ-ਸ਼ਕਤੀ ਨੂੰ ਇਸੇ ਤਰ੍ਹਾਂ ਇਸਤੇਮਾਲ ਕਰ ਕੇ ਹੀ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਦੇ ਹਾਂ। ਇਹ ਪਤਾ ਕਰਨ ਤੋਂ ਬਾਅਦ ਕਿ ਇਸ ਵਿਚ ਕੀ ਸ਼ਾਮਲ ਹੈ ਅਤੇ ਇਸ ਉੱਤੇ ਧਿਆਨ ਨਾਲ ਤਰਕ ਕਰ ਕੇ, ਅਸੀਂ ਆਪਣੀ ਮਰਜ਼ੀ ਨਾਲ ਅਤੇ ਖ਼ੁਸ਼ੀ ਨਾਲ ਆਪਣਾ ਜੀਵਨ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹਾਂ।—ਜ਼ਬੂਰ 110:3.

10. ਸਮਰਪਣ ਦਾ ਬਪਤਿਸਮੇ ਨਾਲ ਕੀ ਸੰਬੰਧ ਹੈ?

10 ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣ ਦੀ ਆਪਣੀ ਦ੍ਰਿੜ੍ਹਤਾ ਨੂੰ ਪ੍ਰਗਟ ਕਰਨ ਲਈ ਏਕਾਂਤ ਵਿਚ ਉਸ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ, ਅਸੀਂ ਅਗਲਾ ਕਦਮ ਚੁੱਕਦੇ ਹਾਂ। ਅਸੀਂ ਆਪਣੇ ਸਮਰਪਣ ਨੂੰ ਪਾਣੀ ਵਿਚ ਆਪਣੇ ਬਪਤਿਸਮੇ ਦੁਆਰਾ ਖੁੱਲ੍ਹੇ-ਆਮ ਜ਼ਾਹਰ ਕਰਦੇ ਹਾਂ। ਇਹ ਇਕ ਜਨਤਕ ਐਲਾਨ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਹੈ। ਧਰਤੀ ਉੱਤੇ ਆਪਣੀ ਸੇਵਕਾਈ ਦੇ ਸ਼ੁਰੂ ਵਿਚ, ਯਿਸੂ ਨੇ ਯੂਹੰਨਾ ਤੋਂ ਬਪਤਿਸਮਾ ਲਿਆ ਸੀ, ਅਤੇ ਇਸ ਤਰ੍ਹਾਂ ਸਾਡੇ ਲਈ ਮਿਸਾਲ ਛੱਡੀ। (ਮੱਤੀ 3:13-17) ਬਾਅਦ ਵਿਚ, ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਬਪਤਿਸਮਾ ਦੇਣ। ਇਸ ਲਈ, ਉਨ੍ਹਾਂ ਸਾਰਿਆਂ ਲਈ ਜੋ ਯਹੋਵਾਹ ਦੇ ਨਾਲ-ਨਾਲ ਚੱਲਣਾ ਚਾਹੁੰਦੇ ਹਨ, ਸਮਰਪਣ ਅਤੇ ਬਪਤਿਸਮਾ ਜ਼ਰੂਰੀ ਕਦਮ ਹਨ।

11, 12. (ੳ) ਬਪਤਿਸਮੇ ਦੀ ਵਿਆਹ ਦੇ ਨਾਲ ਸ਼ਾਇਦ ਕਿਸ ਤਰ੍ਹਾਂ ਤੁਲਨਾ ਕੀਤੀ ਜਾ ਸਕਦੀ ਹੈ? (ਅ) ਯਹੋਵਾਹ ਨਾਲ ਸਾਡੇ ਰਿਸ਼ਤੇ ਅਤੇ ਇਕ ਪਤੀ ਪਤਨੀ ਦੇ ਰਿਸ਼ਤੇ ਵਿਚਕਾਰ ਕਿਹੜੀ ਸਮਾਨਤਾ ਦੇਖੀ ਜਾ ਸਕਦੀ ਹੈ?

11 ਯਿਸੂ ਮਸੀਹ ਦਾ ਇਕ ਸਮਰਪਿਤ, ਬਪਤਿਸਮਾ-ਪ੍ਰਾਪਤ ਚੇਲਾ ਬਣਨਾ ਕੁਝ-ਕੁਝ ਵਿਆਹ ਕਰਵਾਉਣ ਦੇ ਸਮਾਨ ਹੈ। ਅਨੇਕ ਦੇਸ਼ਾਂ ਵਿਚ, ਵਿਆਹ ਦਾ ਦਿਨ ਕਈ ਕਦਮ ਚੁੱਕਣ ਤੋਂ ਬਾਅਦ ਆਉਂਦਾ ਹੈ। ਮੁੰਡਾ-ਕੁੜੀ ਇਕ-ਦੂਸਰੇ ਨੂੰ ਮਿਲਦੇ ਹਨ, ਇਕ ਦੂਸਰੇ ਨੂੰ ਜਾਣਨ ਲੱਗਦੇ ਹਨ, ਅਤੇ ਉਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ। ਫਿਰ ਮੰਗਣੀ ਹੁੰਦੀ ਹੈ। ਵਿਆਹ ਉਸ ਫ਼ੈਸਲੇ ਦਾ ਖੁੱਲ੍ਹੇ-ਆਮ ਐਲਾਨ ਕਰਦਾ ਹੈ ਜੋ ਏਕਾਂਤ ਵਿਚ ਕੀਤਾ ਗਿਆ ਹੈ, ਅਰਥਾਤ, ਵਿਆਹ ਕਰਾਉਣਾ ਅਤੇ ਫਿਰ ਪਤੀ ਪਤਨੀ ਵਜੋਂ ਇਕ ਦੂਜੇ ਨਾਲ ਰਹਿਣਾ। ਵਿਆਹ ਦਾ ਦਿਨ ਹੀ ਉਸ ਵਿਸ਼ੇਸ਼ ਰਿਸ਼ਤੇ ਦੀ ਸ਼ੁਰੂਆਤ ਦਾ ਖੁੱਲ੍ਹੇ-ਆਮ ਸੰਕੇਤ ਕਰਦਾ ਹੈ। ਉਹ ਤਾਰੀਖ਼ ਵਿਆਹ ਦੇ ਸ਼ੁਰੂਆਤ ਨੂੰ ਸੰਕੇਤ ਕਰਦੀ ਹੈ। ਇਸ ਦੀ ਤੁਲਨਾ ਵਿਚ, ਬਪਤਿਸਮਾ ਯਹੋਵਾਹ ਨਾਲ ਇਕ ਸਮਰਪਿਤ ਰਿਸ਼ਤੇ ਵਿਚ ਚੱਲਣ ਵਾਲੇ ਅਰਪਿਤ ਜੀਵਨ ਦੀ ਸ਼ੁਰੂਆਤ ਦਾ ਸੰਕੇਤ ਹੈ।

12 ਇਕ ਹੋਰ ਸਮਾਨਤਾ ਉੱਤੇ ਧਿਆਨ ਦਿਓ। ਵਿਆਹ ਦੇ ਦਿਨ ਤੋਂ ਬਾਅਦ, ਪਤੀ ਪਤਨੀ ਵਿਚ ਪਿਆਰ ਨੂੰ ਵਧਣਾ ਅਤੇ ਹੋਰ ਗੂੜ੍ਹਾ ਹੋਣਾ ਚਾਹੀਦਾ ਹੈ। ਇਕ ਦੂਜੇ ਦੇ ਹੋਰ ਜ਼ਿਆਦਾ ਨਜ਼ਦੀਕ ਆਉਣ ਲਈ, ਦੋਵੇਂ ਵਿਆਹੁਤਾ ਸਾਥੀਆਂ ਨੂੰ ਆਪਣੇ ਵਿਆਹੁਤਾ ਸੰਬੰਧ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਬਣਾਉਣ ਲਈ ਨਿਰਸੁਆਰਥ ਹੋ ਕੇ ਸਖ਼ਤ ਕੋਸ਼ਿਸ਼ ਕਰਨ ਦੀ ਲੋੜ ਹੈ। ਭਾਵੇਂ ਕਿ ਅਸੀਂ ਪਰਮੇਸ਼ੁਰ ਨਾਲ ਵਿਆਹ ਨਹੀਂ ਕਰਾਉਂਦੇ ਹਾਂ, ਪਰ ਆਪਣੇ ਬਪਤਿਸਮੇ ਤੋਂ ਬਾਅਦ ਸਾਨੂੰ ਯਹੋਵਾਹ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਰੱਖਣ ਲਈ ਕੰਮ ਕਰਨ ਦੀ ਲੋੜ ਹੈ। ਉਹ ਉਸ ਦੀ ਇੱਛਾ ਪੂਰੀ ਕਰਨ ਦੇ ਸਾਡੇ ਜਤਨਾਂ ਨੂੰ ਦੇਖਦਾ ਹੈ, ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਉਹ ਸਾਡੇ ਨੇੜੇ ਆਉਂਦਾ ਹੈ। “ਪਰਮੇਸ਼ੁਰ ਦੇ ਨੇੜੇ ਜਾਓ” ਚੇਲੇ ਯਾਕੂਬ ਨੇ ਲਿਖਿਆ, “ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.

ਯਿਸੂ ਦੇ ਕਦਮਾਂ ਉੱਤੇ ਚੱਲਣਾ

13. ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ, ਸਾਨੂੰ ਕਿਸ ਦੀ ਮਿਸਾਲ ਦੀ ਨਕਲ ਕਰਨੀ ਚਾਹੀਦੀ ਹੈ?

13 ਯਹੋਵਾਹ ਦੇ ਨਾਲ-ਨਾਲ ਚੱਲਣ ਲਈ, ਸਾਨੂੰ ਯਿਸੂ ਮਸੀਹ ਦੁਆਰਾ ਕਾਇਮ ਕੀਤੀ ਗਈ ਮਿਸਾਲ ਉੱਤੇ ਚੱਲਣ ਦੀ ਲੋੜ ਹੈ। ਰਸੂਲ ਪਤਰਸ ਨੇ ਲਿਖਿਆ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਕਿਉਂਕਿ ਯਿਸੂ ਸੰਪੂਰਣ ਸੀ ਅਤੇ ਅਸੀਂ ਅਪੂਰਣ ਹਾਂ, ਅਸੀਂ ਉਸ ਦੀ ਮਿਸਾਲ ਉੱਤੇ ਸੰਪੂਰਣ ਢੰਗ ਨਾਲ ਨਹੀਂ ਚੱਲ ਸਕਦੇ। ਫਿਰ ਵੀ, ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਆਪਣੀ ਹਿੰਮਤ ਅਨੁਸਾਰ ਪੂਰੀ ਕੋਸ਼ਿਸ਼ ਕਰੀਏ। ਆਓ ਅਸੀਂ ਯਿਸੂ ਦੇ ਜੀਵਨ ਅਤੇ ਉਸ ਦੀ ਸੇਵਕਾਈ ਦੇ ਪੰਜ ਪਹਿਲੂਆਂ ਉੱਤੇ ਧਿਆਨ ਦੇਈਏ ਜਿਨ੍ਹਾਂ ਦੀ ਸਮਰਪਿਤ ਮਸੀਹੀਆਂ ਨੂੰ ਨਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

14. ਪਰਮੇਸ਼ੁਰ ਦੇ ਬਚਨ ਨੂੰ ਜਾਣਨ ਵਿਚ ਕੀ ਸ਼ਾਮਲ ਹੈ?

14 ਯਿਸੂ ਕੋਲ ਪਰਮੇਸ਼ੁਰ ਦੇ ਬਚਨ ਦਾ ਸਹੀ ਅਤੇ ਪੂਰਾ ਗਿਆਨ ਸੀ। ਆਪਣੀ ਸੇਵਕਾਈ ਦੇ ਦੌਰਾਨ, ਯਿਸੂ ਨੇ ਇਬਰਾਨੀ ਸ਼ਾਸਤਰ ਵਿੱਚੋਂ ਅਕਸਰ ਹਵਾਲੇ ਦਿੱਤੇ। (ਲੂਕਾ 4:4, 8) ਨਿਰਸੰਦੇਹ, ਉਨ੍ਹਾਂ ਦਿਨਾਂ ਵਿਚ ਦੁਸ਼ਟ ਧਾਰਮਿਕ ਆਗੂਆਂ ਨੇ ਵੀ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ। (ਮੱਤੀ 22:23, 24) ਫ਼ਰਕ ਸਿਰਫ਼ ਇੰਨਾ ਸੀ ਕਿ ਯਿਸੂ ਸਮਝਦਾ ਸੀ ਕਿ ਸ਼ਾਸਤਰ-ਵਚਨਾਂ ਦਾ ਕੀ ਅਰਥ ਸੀ, ਅਤੇ ਉਸ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ। ਉਹ ਸਿਰਫ਼ ਬਿਵਸਥਾ ਦੀ ਮਹੱਤਤਾ ਨੂੰ ਹੀ ਨਹੀਂ, ਬਲਕਿ ਉਸ ਦੇ ਅਸਲੀ ਅਰਥ ਨੂੰ ਵੀ ਸਮਝਦਾ ਸੀ। ਜਿਉਂ-ਜਿਉਂ ਅਸੀਂ ਮਸੀਹ ਦੀ ਮਿਸਾਲ ਦੀ ਨਕਲ ਕਰਦੇ ਹਾਂ, ਸਾਨੂੰ ਵੀ ਪਰਮੇਸ਼ੁਰ ਦੇ ਬਚਨ ਨੂੰ ਸਮਝਣ, ਅਤੇ ਉਸ ਦਾ ਅਸਲੀ ਅਰਥ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ, ਅਸੀਂ ਈਸ਼ਵਰੀ ਤੌਰ ਤੇ ਪ੍ਰਵਾਨਿਤ ਕਾਮੇ ਬਣ ਸਕਦੇ ਹਾਂ ਜੋ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲੇ ਹੋਣਗੇ।’—2 ਤਿਮੋਥਿਉਸ 2:15.

15. ਯਿਸੂ ਨੇ ਪਰਮੇਸ਼ੁਰ ਬਾਰੇ ਗੱਲ ਕਰਨ ਵਿਚ ਕਿਸ ਤਰ੍ਹਾਂ ਮਿਸਾਲ ਕਾਇਮ ਕੀਤੀ?

15 ਮਸੀਹ ਯਿਸੂ ਨੇ ਦੂਜਿਆਂ ਨਾਲ ਆਪਣੇ ਸਵਰਗੀ ਪਿਤਾ ਬਾਰੇ ਗੱਲ ਕੀਤੀ। ਯਿਸੂ ਨੇ ਪਰਮੇਸ਼ੁਰ ਦੇ ਬਚਨ ਦਾ ਗਿਆਨ ਆਪਣੇ ਕੋਲ ਹੀ ਨਹੀਂ ਸੀ ਰੱਖਿਆ। ਉਸ ਦੇ ਦੁਸ਼ਮਣਾਂ ਨੇ ਵੀ ਉਸ ਨੂੰ “ਗੁਰੂ ਜੀ” ਕਹਿ ਕੇ ਬੁਲਾਇਆ, ਕਿਉਂਕਿ ਜਿੱਥੇ ਵੀ ਉਹ ਜਾਂਦਾ ਸੀ, ਉਹ ਦੂਜਿਆਂ ਨਾਲ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗੱਲ ਕਰਦਾ ਸੀ। (ਮੱਤੀ 12:38) ਯਿਸੂ ਨੇ ਹੈਕਲ ਵਿਚ, ਸਮਾਜਾਂ ਵਿਚ, ਨਗਰਾਂ ਵਿਚ, ਅਤੇ ਪਿੰਡਾਂ ਵਿਚ ਖੁੱਲ੍ਹੇ-ਆਮ ਪ੍ਰਚਾਰ ਕੀਤਾ। (ਮਰਕੁਸ 1:39; ਲੂਕਾ 8:1; ਯੂਹੰਨਾ 18:20) ਉਸ ਨੇ ਦਇਆ ਅਤੇ ਹਮਦਰਦੀ ਨਾਲ ਸਿਖਾਇਆ, ਅਤੇ ਉਨ੍ਹਾਂ ਲਈ ਪਿਆਰ ਦਿਖਾਇਆ ਜਿਨ੍ਹਾਂ ਦੀ ਉਸ ਨੇ ਮਦਦ ਕੀਤੀ। (ਮੱਤੀ 4:23) ਜਿਹੜੇ ਯਿਸੂ ਦੀ ਮਿਸਾਲ ਦੀ ਨਕਲ ਕਰਦੇ ਹਨ, ਉਹ ਵੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਵਧੀਆ ਮਕਸਦਾਂ ਬਾਰੇ ਦੂਜਿਆਂ ਨੂੰ ਸਿਖਾਉਣ ਲਈ ਅਨੇਕ ਥਾਂ ਅਤੇ ਤਰੀਕੇ ਲੱਭਦੇ ਹਨ।

16. ਯਹੋਵਾਹ ਦੇ ਉਪਾਸਕਾਂ ਨਾਲ ਯਿਸੂ ਦਾ ਰਿਸ਼ਤਾ ਕਿੰਨਾ ਕੁ ਨਜ਼ਦੀਕ ਸੀ?

16 ਯਿਸੂ, ਯਹੋਵਾਹ ਦੀ ਉਪਾਸਨਾ ਕਰਨ ਵਾਲਿਆਂ ਨਾਲ ਇਕ ਨਜ਼ਦੀਕੀ ਰਿਸ਼ਤਾ ਮਹਿਸੂਸ ਕਰਦਾ ਸੀ। ਇਕ ਮੌਕੇ ਤੇ, ਜਦ ਯਿਸੂ ਭੀੜ ਨਾਲ ਗੱਲ ਕਰ ਰਿਹਾ ਸੀ, ਉਸ ਦੀ ਮਾਤਾ ਅਤੇ ਉਸ ਦੇ ਅਵਿਸ਼ਵਾਸੀ ਭਰਾ ਉਸ ਨਾਲ ਗੱਲ ਕਰਨ ਆਏ। ਬਾਈਬਲ ਦਾ ਬਿਰਤਾਂਤ ਕਹਿੰਦਾ ਹੈ: “ਕਿਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। ਪਰ ਉਹ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ? ਅਤੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ। ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।” (ਮੱਤੀ 12:47-50) ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਆਪਣੇ ਪਰਿਵਾਰ ਨੂੰ ਤਿਆਗ ਦਿੱਤਾ ਸੀ, ਕਿਉਂਕਿ ਬਾਅਦ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। (ਯੂਹੰਨਾ 19:25-27) ਫਿਰ ਵੀ, ਇਹ ਬਿਰਤਾਂਤ ਉਸ ਪ੍ਰੇਮ ਉੱਤੇ ਜ਼ੋਰ ਪਾਉਂਦਾ ਹੈ ਜੋ ਯਿਸੂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਕਰਦਾ ਸੀ। ਇਸੇ ਤਰ੍ਹਾਂ ਅੱਜ, ਜਿਹੜੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਨ ਉਹ ਯਹੋਵਾਹ ਦੇ ਦੂਸਰੇ ਸੇਵਕਾਂ ਦਾ ਸਾਥ ਭਾਲਦੇ ਹਨ ਅਤੇ ਉਨ੍ਹਾਂ ਨਾਲ ਗੂੜ੍ਹਾ ਪ੍ਰੇਮ ਕਰਦੇ ਹਨ।—1 ਪਤਰਸ 4:8.

17. ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਨ ਬਾਰੇ ਯਿਸੂ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ, ਅਤੇ ਇਸ ਨੂੰ ਸਾਡੇ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਉਣਾ ਚਾਹੀਦਾ ਹੈ?

17 ਈਸ਼ਵਰੀ ਇੱਛਾ ਪੂਰੀ ਕਰਨ ਦੁਆਰਾ, ਯਿਸੂ ਨੇ ਆਪਣੇ ਸਵਰਗੀ ਪਿਤਾ ਲਈ ਪਿਆਰ ਦਿਖਾਇਆ। ਯਿਸੂ ਨੇ ਹਰੇਕ ਗੱਲ ਵਿਚ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਮਸੀਹ ਨੇ ਇਹ ਵੀ ਕਿਹਾ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ [ਪਰਮੇਸ਼ੁਰ] ਨੂੰ ਭਾਉਂਦੇ ਹਨ।” (ਯੂਹੰਨਾ 8:29) ਯਿਸੂ ਆਪਣੇ ਸਵਰਗੀ ਪਿਤਾ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:8) ਇਸ ਕਾਰਨ, ਯਹੋਵਾਹ ਨੇ ਯਿਸੂ ਨੂੰ ਬਰਕਤ ਦਿੱਤੀ, ਅਤੇ ਉਸ ਨੂੰ ਉਸ ਅਧਿਕਾਰ ਅਤੇ ਸਨਮਾਨ ਦਾ ਉੱਚਾ ਦਰਜਾ ਦਿੱਤਾ ਗਿਆ ਜੋ ਖ਼ੁਦ ਯਹੋਵਾਹ ਤੋਂ ਦੂਜੇ ਦਰਜੇ ਤੇ ਸੀ। (ਫ਼ਿਲਿੱਪੀਆਂ 2:9-11) ਯਿਸੂ ਵਾਂਗ, ਅਸੀਂ ਪਰਮੇਸ਼ੁਰ ਲਈ ਆਪਣਾ ਪਿਆਰ ਉਸ ਦੇ ਹੁਕਮਾਂ ਨੂੰ ਮੰਨਣ ਦੁਆਰਾ ਅਤੇ ਉਸ ਦੀ ਇੱਛਾ ਪੂਰੀ ਕਰਨ ਦੁਆਰਾ ਦਿਖਾਉਂਦੇ ਹਾਂ।—1 ਯੂਹੰਨਾ 5:3.

18. ਯਿਸੂ ਨੇ ਪ੍ਰਾਰਥਨਾ ਦੇ ਮਾਮਲੇ ਵਿਚ ਕਿਸ ਤਰ੍ਹਾਂ ਮਿਸਾਲ ਕਾਇਮ ਕੀਤੀ?

18 ਯਿਸੂ ਨੇ ਪ੍ਰਾਰਥਨਾ ਕਰਨੀ ਆਪਣੀ ਆਦਤ ਬਣਾਈ। ਉਸ ਨੇ ਆਪਣੇ ਬਪਤਿਸਮੇ ਤੇ ਪ੍ਰਾਰਥਨਾ ਕੀਤੀ। (ਲੂਕਾ 3:21) ਆਪਣੇ 12 ਰਸੂਲਾਂ ਨੂੰ ਚੁਣਨ ਤੋਂ ਪਹਿਲਾਂ, ਉਸ ਨੇ ਸਾਰੀ ਰਾਤ ਪ੍ਰਾਰਥਨਾ ਕਰਦੇ ਹੋਏ ਕੱਟੀ। (ਲੂਕਾ 6:12, 13) ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। (ਲੂਕਾ 11:1-4) ਆਪਣੀ ਮੌਤ ਤੋਂ ਇਕ ਰਾਤ ਪਹਿਲਾਂ, ਉਸ ਨੇ ਆਪਣੇ ਚੇਲਿਆਂ ਲਈ ਅਤੇ ਉਨ੍ਹਾਂ ਨਾਲ ਪ੍ਰਾਰਥਨਾ ਕੀਤੀ। (ਯੂਹੰਨਾ 17:1-26) ਪ੍ਰਾਰਥਨਾ ਯਿਸੂ ਦੇ ਜੀਵਨ ਦਾ ਇਕ ਮਹੱਤਵਪੂਰਣ ਹਿੱਸਾ ਸੀ, ਇਸੇ ਤਰ੍ਹਾਂ ਇਸ ਨੂੰ ਸਾਡੇ ਜੀਵਨ ਦਾ ਵੀ ਮਹੱਤਵਪੂਰਣ ਹਿੱਸਾ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਉਸ ਦੇ ਚੇਲੇ ਹਾਂ। ਵਿਸ਼ਵ ਸਰਬਸੱਤਾਵਾਨ ਨਾਲ ਪ੍ਰਾਰਥਨਾ ਰਾਹੀਂ ਗੱਲ ਕਰਨੀ ਕਿੰਨੇ ਮਾਣ ਦੀ ਗੱਲ ਹੈ! ਇਸ ਤੋਂ ਇਲਾਵਾ, ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਵੀ ਦਿੰਦਾ ਹੈ, ਕਿਉਂਕਿ ਯੂਹੰਨਾ ਨੇ ਲਿਖਿਆ: “ਉਹ ਦੇ ਅੱਗੇ ਜੋ ਸਾਨੂੰ ਦਿਲੇਰੀ ਹੈ ਸੋ ਇਹ ਹੈ ਭਈ ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ। ਅਤੇ ਜੇ ਅਸੀਂ ਜਾਣਦੇ ਹਾਂ ਭਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਏਹ ਵੀ ਜਾਣਦੇ ਹਾਂ ਭਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਓਸ ਤੋਂ ਮੰਗੀਆਂ ਹਨ ਓਹ ਸਾਨੂੰ ਪਰਾਪਤ ਹੋ ਜਾਂਦੀਆਂ ਹਨ।”—1 ਯੂਹੰਨਾ 5:14, 15.

19. (ੳ) ਸਾਨੂੰ ਯਿਸੂ ਦੇ ਕਿਨ੍ਹਾਂ ਗੁਣਾਂ ਦੀ ਨਕਲ ਕਰਨੀ ਚਾਹੀਦੀ ਹੈ? (ਅ) ਯਿਸੂ ਦੇ ਜੀਵਨ ਅਤੇ ਸੇਵਕਾਈ ਦੇ ਅਧਿਐਨ ਤੋਂ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਲਾਭ ਉਠਾਉਂਦੇ ਹਾਂ?

19 ਧਰਤੀ ਉੱਤੇ ਯਿਸੂ ਮਸੀਹ ਦੇ ਜੀਵਨ ਅਤੇ ਸੇਵਕਾਈ ਦੀ ਧਿਆਨ ਨਾਲ ਜਾਂਚ ਕਰਨ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ! ਉਨ੍ਹਾਂ ਗੁਣਾਂ ਉੱਤੇ ਵਿਚਾਰ ਕਰੋ ਜੋ ਉਸ ਨੇ ਪ੍ਰਗਟ ਕੀਤੇ ਸਨ: ਪ੍ਰੇਮ, ਦਇਆ, ਦਿਆਲਤਾ, ਤਾਕਤ, ਸੰਤੁਲਨ, ਤਰਕਸੰਗਤੀ, ਨਿਮਰਤਾ, ਹਿੰਮਤ, ਅਤੇ ਨਿਰਸੁਆਰਥਤਾ। ਯਿਸੂ ਬਾਰੇ ਜਿੰਨਾ ਜ਼ਿਆਦਾ ਅਸੀਂ ਸਿੱਖਦੇ ਹਾਂ, ਉੱਨੀ ਜ਼ਿਆਦਾ ਸਾਡੀ ਉਸ ਦੇ ਵਫ਼ਾਦਾਰ ਚੇਲੇ ਬਣਨ ਦੀ ਇੱਛਾ ਹੋਵੇਗੀ। ਯਿਸੂ ਬਾਰੇ ਗਿਆਨ, ਸਾਨੂੰ ਯਹੋਵਾਹ ਦੇ ਵੀ ਹੋਰ ਨਜ਼ਦੀਕ ਲਿਆਉਂਦਾ ਹੈ। ਆਖ਼ਰ, ਯਿਸੂ ਆਪਣੇ ਸਵਰਗੀ ਪਿਤਾ ਦਾ ਇਕ ਹੂ ਬਹੂ ਅਕਸ ਸੀ। ਉਹ ਯਹੋਵਾਹ ਦੇ ਇੰਨਾ ਨਜ਼ਦੀਕ ਸੀ ਕਿ ਉਹ ਕਹਿ ਸਕਦਾ ਸੀ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰਨਾ 14:9.

ਪਰਮੇਸ਼ੁਰ ਉੱਤੇ ਭਰੋਸਾ ਰੱਖੋ ਕਿ ਉਹ ਤੁਹਾਨੂੰ ਸੰਭਾਲੇ

20. ਯਹੋਵਾਹ ਦੇ ਨਾਲ-ਨਾਲ ਚੱਲਣ ਲਈ ਅਸੀਂ ਕਿਸ ਤਰ੍ਹਾਂ ਭਰੋਸਾ ਹਾਸਲ ਕਰ ਸਕਦੇ ਹਾਂ?

20 ਜਦੋਂ ਬੱਚੇ ਹਾਲੇ ਤੁਰਨਾ ਸਿੱਖ ਰਹੇ ਹੁੰਦੇ ਹਨ, ਤਾਂ ਉਨ੍ਹਾਂ ਦੇ ਕਦਮ ਡਾਵਾਂ-ਡੋਲ ਹੁੰਦੇ ਹਨ। ਉਹ ਭਰੋਸੇ ਨਾਲ ਤੁਰਨਾ ਕਿਸ ਤਰ੍ਹਾਂ ਸਿੱਖਦੇ ਹਨ? ਸਿਰਫ਼ ਕੋਸ਼ਿਸ਼ ਅਤੇ ਲਗਨ ਨਾਲ। ਜਿਹੜੇ ਯਹੋਵਾਹ ਦੇ ਨਾਲ-ਨਾਲ ਚੱਲਦੇ ਹਨ, ਉਹ ਭਰੋਸੇ ਵਾਲੇ, ਠੋਸ ਕਦਮ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਿਚ ਵੀ ਸਮੇਂ ਅਤੇ ਦ੍ਰਿੜ੍ਹਤਾ ਦੀ ਲੋੜ ਹੈ। ਪੌਲੁਸ ਨੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਲਗਨ ਦੀ ਮਹੱਤਤਾ ਸਪੱਸ਼ਟ ਕੀਤੀ ਜਦੋਂ ਉਸ ਨੇ ਲਿਖਿਆ: “ਮੁਕਦੀ ਗੱਲ, ਹੇ ਭਰਾਵੋ, ਅਸੀਂ ਪ੍ਰਭੁ ਯਿਸੂ ਵਿੱਚ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਤਗੀਦ ਕਰਦੇ ਹਾਂ ਕਿ ਜਿਵੇਂ ਤੁਸਾਂ ਸਾਥੋਂ ਸਿੱਖਿਆ ਪਾਈ ਭਈ ਕਿੱਕੁਰ ਚੱਲਣਾ ਅਤੇ ਪਰਮੇਸ਼ੁਰ ਨੂੰ ਪਰਸੰਨ ਕਰਨਾ ਚਾਹੀਦਾ ਹੈ—ਜਿਵੇਂ ਤੁਸੀਂ ਚੱਲਦੇ ਵੀ ਹੋ—ਸੋ ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਓ।”—1 ਥੱਸਲੁਨੀਕੀਆਂ 4:1.

21. ਜਿਉਂ-ਜਿਉਂ ਅਸੀਂ ਯਹੋਵਾਹ ਦੇ ਨਾਲ-ਨਾਲ ਚੱਲਦੇ ਹਾਂ, ਅਸੀਂ ਕਿਨ੍ਹਾਂ ਬਰਕਤਾਂ ਦਾ ਆਨੰਦ ਮਾਣ ਸਕਦੇ ਹਾਂ?

21 ਜੇਕਰ ਅਸੀਂ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਅਰਪਿਤ ਹਾਂ, ਉਹ ਆਪਣੇ ਨਾਲ-ਨਾਲ ਚੱਲਦੇ ਰਹਿਣ ਵਿਚ ਸਾਡੀ ਮਦਦ ਕਰੇਗਾ। (ਯਸਾਯਾਹ 40:29-31) ਇਸ ਸੰਸਾਰ ਦੀ ਪੇਸ਼ ਕੀਤੀ ਗਈ ਕੋਈ ਵੀ ਚੀਜ਼, ਉਨ੍ਹਾਂ ਬਰਕਤਾਂ ਨਾਲ ਨਹੀਂ ਤੋਲੀ ਜਾ ਸਕਦੀ ਜੋ ਉਹ ਉਨ੍ਹਾਂ ਨੂੰ ਦਿੰਦਾ ਜੋ ਉਸ ਦੇ ਰਾਹਾਂ ਉੱਤੇ ਚੱਲਦੇ ਹਨ। ਉਹੀ ‘ਸਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ, ਜੋ ਸਾਨੂੰ ਉਸ ਰਾਹ ਪਾਉਂਦਾ ਜਿਸ ਰਾਹ ਅਸੀਂ ਜਾਣਾ ਹੈ। ਕਾਸ਼ ਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ! ਤਾਂ ਸਾਡੀ ਸ਼ਾਂਤੀ ਨਦੀ ਵਾਂਙੁ, ਤਾਂ ਸਾਡਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।’ (ਯਸਾਯਾਹ 48:17, 18) ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਸੱਦੇ ਨੂੰ ਸਵੀਕਾਰ ਕਰਨ ਅਤੇ ਵਫ਼ਾਦਾਰੀ ਨਾਲ ਚੱਲਣ ਦੁਆਰਾ, ਅਸੀਂ ਉਸ ਨਾਲ ਹਮੇਸ਼ਾ ਲਈ ਸ਼ਾਂਤੀ ਦਾ ਆਨੰਦ ਮਾਣ ਸਕਦੇ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

◻ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ ਇਕ ਸਨਮਾਨ ਕਿਉਂ ਹੈ?

◻ ਅਧਿਐਨ, ਸਮਰਪਣ, ਅਤੇ ਬਪਤਿਸਮਾ ਯਹੋਵਾਹ ਦੇ ਨਾਲ-ਨਾਲ ਚੱਲਣ ਦੇ ਪਹਿਲੇ ਕਦਮ ਕਿਉਂ ਹਨ?

◻ ਅਸੀਂ ਯਿਸੂ ਦੀ ਪੈੜ ਉੱਤੇ ਕਿਸ ਤਰ੍ਹਾਂ ਚੱਲ ਸਕਦੇ ਹਾਂ?

◻ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਸੰਭਾਲੇਗਾ ਜਿਉਂ-ਜਿਉਂ ਅਸੀਂ ਉਸ ਦੇ ਨਾਲ-ਨਾਲ ਚੱਲਦੇ ਹਾਂ?

[ਸਫ਼ੇ 22 ਉੱਤੇ ਤਸਵੀਰਾਂ]

ਅਧਿਐਨ, ਸਮਰਪਣ, ਅਤੇ ਬਪਤਿਸਮਾ ਪਰਮੇਸ਼ੁਰ ਨਾਲ ਚੱਲਣ ਦੇ ਪਹਿਲੇ ਕਦਮ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ