ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 2/1 ਸਫ਼ੇ 25-30
  • ਪ੍ਰੇਮ ਦਾ ਰਾਹ ਕਦੇ ਟਲਦਾ ਨਹੀਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰੇਮ ਦਾ ਰਾਹ ਕਦੇ ਟਲਦਾ ਨਹੀਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰੇਮ ਘਮੰਡ ਉੱਤੇ ਜੇਤੂ ਹੋਣ ਵਿਚ ਸਾਡੀ ਮਦਦ ਕਰਦਾ ਹੈ
  • ਪ੍ਰੇਮ ਸ਼ਾਂਤਮਈ ਰਿਸ਼ਤੇ ਕਾਇਮ ਕਰਦਾ ਹੈ
  • ਪ੍ਰੇਮ ਸਾਨੂੰ ਸਹਾਰਨ ਵਿਚ ਮਦਦ ਦਿੰਦਾ ਹੈ
  • ਪ੍ਰੇਮ—“ਇੱਕ ਬਹੁਤ ਹੀ ਸਰੇਸ਼ਟ ਮਾਰਗ”
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
  • ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਿਆਰ—ਇਕ ਬਹੁਮੁੱਲਾ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 2/1 ਸਫ਼ੇ 25-30

ਪ੍ਰੇਮ ਦਾ ਰਾਹ ਕਦੇ ਟਲਦਾ ਨਹੀਂ

“ਤੁਸੀਂ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਸਰੇਸ਼ਟ ਮਾਰਗ ਦੱਸਦਾ ਹਾਂ।”—1 ਕੁਰਿੰਥੀਆਂ 12:31.

1-3. (ੳ) ਪ੍ਰੇਮ ਨੂੰ ਦਿਖਾਉਣਾ ਸਿੱਖਣਾ ਕਿਵੇਂ ਇਕ ਨਵੀਂ ਭਾਸ਼ਾ ਸਿੱਖਣ ਵਾਂਗ ਹੈ? (ਅ) ਪ੍ਰੇਮ ਨੂੰ ਦਿਖਾਉਣਾ ਸਿੱਖਣਾ ਕਿਹੜੇ ਕਾਰਨਾਂ ਕਰਕੇ ਬਹੁਤ ਔਖਾ ਹੋ ਸਕਦਾ ਹੈ?

ਕੀ  ਤੁਸੀਂ ਕਦੀ ਕੋਈ ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕੀਤੀ ਹੈ? ਇਹ ਬਹੁਤ ਔਖਾ ਹੋ ਸਕਦਾ ਹੈ! ਇਹ ਸੱਚ ਹੈ ਕਿ ਇਕ ਛੋਟਾ ਨਿਆਣਾ ਭਾਸ਼ਾ ਨੂੰ ਸਿਰਫ਼ ਸੁਣਨ ਦੁਆਰਾ ਸਿੱਖ ਸਕਦਾ ਹੈ। ਉਸ ਦਾ ਦਿਮਾਗ਼ ਆਵਾਜ਼ਾਂ ਅਤੇ ਸ਼ਬਦਾਂ ਦੇ ਮਤਲਬ ਚੰਗੀ ਤਰ੍ਹਾਂ ਸਮਝ ਜਾਂਦਾ ਹੈ ਤਾਂਕਿ ਨਿਆਣਾ ਬਹੁਤ ਜਲਦੀ ਚੰਗੀ ਤਰ੍ਹਾਂ ਗੱਲ ਕਰ ਸਕਦਾ ਹੈ ਅਤੇ ਸ਼ਾਇਦ ਬਹੁਤੀਆਂ ਗੱਲਾਂ ਮਾਰਦਾ ਰਹੇ। ਪਰ ਸਿਆਣਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਦੂਸਰੀ ਭਾਸ਼ਾ ਵਿਚ ਸਿਰਫ਼ ਕੁਝ ਸੌਖੇ ਸ਼ਬਦ ਸਿੱਖਣ ਲਈ ਹੀ ਸ਼ਾਇਦ ਅਸੀਂ ਵਾਰ-ਵਾਰ ਸ਼ਬਦ-ਕੋਸ਼ ਦੇਖਦੇ ਰਹੀਏ। ਲੇਕਿਨ, ਸਮੇਂ ਦੇ ਬੀਤਣ ਨਾਲ ਅਤੇ ਉਸ ਨਵੀਂ ਭਾਸ਼ਾ ਨੂੰ ਸੁਣਨ ਅਤੇ ਵਰਤਣ ਨਾਲ ਅਸੀਂ ਉਸ ਵਿਚ ਸੋਚਣ ਲੱਗਦੇ ਹਾਂ, ਅਤੇ ਉਸ ਨੂੰ ਬੋਲਣਾ ਹੋਰ ਸੌਖਾ ਹੋ ਜਾਂਦਾ ਹੈ।

2 ਪ੍ਰੇਮ ਨੂੰ ਦਿਖਾਉਣਾ ਸਿੱਖਣਾ ਇਕ ਨਵੀਂ ਭਾਸ਼ਾ ਸਿੱਖਣ ਵਾਂਗ ਹੈ। ਇਹ ਸੱਚ ਹੈ ਕਿ ਇਹ ਈਸ਼ਵਰੀ ਗੁਣ ਮਨੁੱਖਾਂ ਵਿਚ ਕੁਦਰਤੀ ਹੁੰਦਾ ਹੈ। (ਉਤਪਤ 1:27. 1 ਯੂਹੰਨਾ 4:8 ਦੀ ਤੁਲਨਾ ਕਰੋ।) ਫਿਰ ਵੀ, ਇਹ ਸਿੱਖਣ ਵਿਚ ਕਿ ਪ੍ਰੇਮ ਕਿਵੇਂ ਦਿਖਾਉਣਾ ਚਾਹੀਦਾ ਹੈ, ਖ਼ਾਸ ਜਤਨ ਕਰਨ ਦੀ ਲੋੜ ਹੈ—ਖ਼ਾਸ ਕਰਕੇ ਅੱਜ-ਕੱਲ੍ਹ ਜਦੋਂ ਮੋਹ ਬਹੁਤ ਘੱਟ ਗਿਆ ਹੈ। (2 ਤਿਮੋਥਿਉਸ 3:1-5) ਕਦੀ-ਕਦੀ ਪਰਿਵਾਰਾਂ ਵਿਚ ਹੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਜੀ ਹਾਂ, ਕਈ ਬੱਚੇ ਅਜਿਹੇ ਨਿਰਦਈ ਮਾਹੌਲ ਵਿਚ ਪਲਦੇ ਹਨ ਜਿੱਥੇ ਪ੍ਰੇਮ ਦੇ ਦੋ ਬੋਲ ਵੀ ਨਹੀਂ ਬੋਲੇ ਜਾਂਦੇ, ਜੇਕਰ ਕਦੀ ਬੋਲੇ ਵੀ ਜਾਣ, ਤਾਂ ਬਹੁਤ ਘੱਟ। (ਅਫ਼ਸੀਆਂ 4:29-31; 6:4) ਤਾਂ ਫਿਰ, ਅਸੀਂ ਪ੍ਰੇਮ ਦਿਖਾਉਣਾ ਕਿਵੇਂ ਸਿੱਖ ਸਕਦੇ ਹਾਂ—ਭਾਵੇਂ ਸਾਡੇ ਨਾਲ ਸ਼ਾਇਦ ਘੱਟ ਹੀ ਪ੍ਰੇਮ ਕੀਤਾ ਗਿਆ ਹੋਵੇ?

3 ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਪਹਿਲਾ ਕੁਰਿੰਥੀਆਂ 13:4-8 ਵਿਚ, ਪੌਲੁਸ ਨੇ ਸਿਰਫ਼ ਇਹ ਨਹੀਂ ਦੱਸਿਆ ਕਿ ਪ੍ਰੇਮ ਕੀ ਚੀਜ਼ ਹੈ, ਲੇਕਿਨ ਉਸ ਨੇ ਸਾਫ਼-ਸਾਫ਼ ਵਰਣਨ ਕੀਤਾ ਕਿ ਪ੍ਰੇਮ ਦਾ ਇਹ ਸਭ ਤੋਂ ਵਧੀਆ ਰੂਪ ਕਿਨ੍ਹਾਂ ਤਰੀਕਿਆਂ ਵਿਚ ਦਿਖਾਇਆ ਜਾ ਸਕਦਾ ਹੈ। ਇਨ੍ਹਾਂ ਆਇਤਾਂ ਉੱਤੇ ਗੌਰ ਕਰਨ ਨਾਲ ਸਾਨੂੰ ਇਸ ਈਸ਼ਵਰੀ ਗੁਣ ਨੂੰ ਸਮਝਣ ਵਿਚ ਮਦਦ ਮਿਲੇਗੀ ਅਤੇ ਇਸ ਨੂੰ ਦਿਖਾਉਣ ਲਈ ਅਸੀਂ ਚੰਗੀ ਤਰ੍ਹਾਂ ਤਿਆਰ ਹੋਵਾਂਗੇ। ਆਓ ਅਸੀਂ ਪੌਲੁਸ ਦੁਆਰਾ ਵਰਣਿਤ ਕੀਤੇ ਗਏ ਪ੍ਰੇਮ ਦੇ ਕੁਝ ਪਹਿਲੂਆਂ ਉੱਤੇ ਵਿਚਾਰ ਕਰੀਏ। ਅਸੀਂ ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਾਂਗੇ: ਸਾਡਾ ਚਾਲ-ਚਲਣ; ਫਿਰ, ਖ਼ਾਸ ਕਰਕੇ ਦੂਜਿਆਂ ਦੇ ਨਾਲ ਸਾਡਾ ਰਿਸ਼ਤਾ; ਅਤੇ, ਅਖ਼ੀਰ ਵਿਚ, ਸਾਡੀ ਸਹਿਣਸ਼ੀਲਤਾ।

ਪ੍ਰੇਮ ਘਮੰਡ ਉੱਤੇ ਜੇਤੂ ਹੋਣ ਵਿਚ ਸਾਡੀ ਮਦਦ ਕਰਦਾ ਹੈ

4. ਬਾਈਬਲ ਖੁਣਸ ਬਾਰੇ ਕੀ ਸਮਝਾਉਂਦੀ ਹੈ?

4 ਪ੍ਰੇਮ ਬਾਰੇ ਆਪਣੀਆਂ ਪਹਿਲੀਆਂ ਟਿੱਪਣੀਆਂ ਤੋਂ ਬਾਅਦ, ਪੌਲੁਸ ਨੇ ਕੁਰਿੰਥੀਆਂ ਨੂੰ ਲਿਖਿਆ: “ਪ੍ਰੇਮ ਖੁਣਸ ਨਹੀਂ ਕਰਦਾ।” (1 ਕੁਰਿੰਥੀਆਂ 13:4) ਦੂਜਿਆਂ ਦੀ ਖ਼ੁਸ਼ੀ ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਦੇਖ ਕੇ ਜਲਨ ਦੁਆਰਾ ਜਾਂ ਉਨ੍ਹਾਂ ਬਾਰੇ ਸ਼ਿਕਾਇਤ ਕਰਨ ਦੁਆਰਾ ਈਰਖਾ ਦਿਖਾਈ ਜਾ ਸਕਦੀ ਹੈ। ਅਜਿਹੀ ਈਰਖਾ, ਸਰੀਰਕ, ਜਜ਼ਬਾਤੀ, ਅਤੇ ਅਧਿਆਤਮਿਕ ਤੌਰ ਤੇ ਬਰਬਾਦ ਕਰਦੀ ਹੈ।—ਕਹਾਉਤਾਂ 14:30; ਰੋਮੀਆਂ 13:13; ਯਾਕੂਬ 3:14-16.

5. ਜਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਲੀਸਿਯਾ ਵਿਚ ਸਾਡੀ ਜਗ੍ਹਾ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਈਰਖਾ ਉੱਤੇ ਜੇਤੂ ਹੋਣ ਵਿਚ ਪ੍ਰੇਮ ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦਾ ਹੈ?

5 ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਈਰਖਾ ਕਰਦਾ ਹਾਂ ਜਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਲੀਸਿਯਾ ਵਿਚ ਮੇਰੀ ਜਗ੍ਹਾ ਕਿਸੇ ਹੋਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ?’ ਜੇਕਰ ਹਾਂ, ਤਾਂ ਮਾਯੂਸ ਨਾ ਹੋਵੋ। ਬਾਈਬਲ ਦੇ ਲਿਖਾਰੀ ਯਾਕੂਬ ਨੇ ਸਾਨੂੰ ਯਾਦ ਦਿਲਾਇਆ ਹੈ ਕਿ ‘ਜਲਨ ਦਾ ਝੁਕਾਅ’ ਸਾਰੇ ਅਪੂਰਣ ਮਨੁੱਖਾਂ ਵਿਚ ਹੈ। (ਯਾਕੂਬ 4:5, ਨਿ ਵ) ਆਪਣੇ ਭਰਾ ਲਈ ਪ੍ਰੇਮ ਤੁਹਾਨੂੰ ਆਪਣੇ ਰਵੱਈਏ ਨੂੰ ਸਹੀ ਕਰਨ ਵਿਚ ਮਦਦ ਕਰੇਗਾ। ਇਹ ਖ਼ੁਸ਼ੀ ਮਨਾਉਣ ਵਾਲਿਆਂ ਨਾਲ ਖ਼ੁਸ਼ੀ ਮਨਾਉਣ ਵਿਚ ਤੁਹਾਡੀ ਮਦਦ ਕਰੇਗਾ। ਅਤੇ ਜਦੋਂ ਹੋਰ ਕਿਸੇ ਨੂੰ ਬਰਕਤ ਮਿਲਦੀ ਹੈ ਜਾਂ ਉਨ੍ਹਾਂ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਅਜਿਹੇ ਪ੍ਰੇਮ ਕਾਰਨ ਤੁਸੀਂ ਇਹ ਨਹੀਂ ਸਮਝੋਗੇ ਕਿ ਤੁਹਾਡੀ ਬੇਇੱਜ਼ਤੀ ਹੋਈ ਹੈ।—1 ਸਮੂਏਲ 18:7-9 ਦੀ ਤੁਲਨਾ ਕਰੋ।

6. ਪਹਿਲੀ ਸਦੀ ਦੀ ਕੁਰਿੰਥੀ ਕਲੀਸਿਯਾ ਵਿਚ ਕਿਹੜੀ ਖ਼ਰਾਬ ਹਾਲਤ ਪੈਦਾ ਹੋ ਗਈ ਸੀ?

6 ਪੌਲੁਸ ਅੱਗੇ ਕਹਿੰਦਾ ਹੈ ਕਿ “ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।” (1 ਕੁਰਿੰਥੀਆਂ 13:4) ਜੇਕਰ ਸਾਡੇ ਕੋਲ ਕੋਈ ਖ਼ਾਸ ਗੁਣ ਜਾਂ ਯੋਗਤਾ ਹੈ, ਤਾਂ ਇਸ ਦਾ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ। ਸਪੱਸ਼ਟ ਹੈ ਕਿ ਕੁਰਿੰਥੀਆਂ ਦੀ ਪ੍ਰਾਚੀਨ ਕਲੀਸਿਯਾ ਵਿਚ ਜੋ ਅਭਿਲਾਸ਼ੀ ਮਨੁੱਖ ਵੜ ਗਏ ਸਨ ਉਨ੍ਹਾਂ ਵਿੱਚੋਂ ਕਈ ਅਜਿਹੇ ਸਨ। ਹੋ ਸਕਦਾ ਹੈ ਕਿ ਉਹ ਆਪਣੇ ਵਿਚਾਰ ਪੇਸ਼ ਕਰਨ ਵਿਚ ਬਹੁਤ ਕਾਬਲ ਸਨ ਜਾਂ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਬਿਹਤਰ ਸਨ। ਉਨ੍ਹਾਂ ਦੁਆਰਾ ਦੂਸਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਕਾਰਨ ਹੀ ਸ਼ਾਇਦ ਕਲੀਸਿਯਾ ਵਿਚ ਫੁੱਟ ਪੈ ਗਈ ਸੀ। (1 ਕੁਰਿੰਥੀਆਂ 3:3, 4; 2 ਕੁਰਿੰਥੀਆਂ 12:20) ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਪੌਲੁਸ ਨੂੰ ਅਜਿਹੇ ‘ਮੂਰਖਾਂ ਦਾ ਖ਼ੁਸ਼ੀ ਨਾਲ ਸਹਾਰਾ ਲੈਣ’ ਲਈ ਕੁਰਿੰਥੀਆਂ ਨੂੰ ਝਿੜਕਣਾ ਪਿਆ, ਜਿਨ੍ਹਾਂ ਮੂਰਖਾਂ ਉੱਤੇ ਉਸ ਨੇ ‘ਮਹਾਨ ਰਸੂਲ’ ਹੋਣ ਦਾ ਦੋਸ਼ ਲਾਇਆ ਸੀ।—2 ਕੁਰਿੰਥੀਆਂ 11:5, 19, 20.

7, 8. ਬਾਈਬਲ ਵਿੱਚੋਂ ਦਿਖਾਓ ਕਿ ਅਸੀਂ ਆਪਣੀ ਕਿਸੇ ਵੀ ਯੋਗਤਾ ਨੂੰ ਏਕਤਾ ਵਧਾਉਣ ਵਾਸਤੇ ਕਿਸ ਤਰ੍ਹਾਂ ਵਰਤ ਸਕਦੇ ਹਾਂ।

7 ਅਜਿਹੀ ਹਾਲਤ ਅੱਜ ਵੀ ਪੈਦਾ ਹੋ ਸਕਦੀ ਹੈ। ਮਿਸਾਲ ਲਈ, ਸੇਵਕਾਈ ਵਿਚ ਕਈਆਂ ਦੀ ਸ਼ਾਇਦ ਆਪਣੀਆਂ ਪ੍ਰਾਪਤੀਆਂ ਜਾਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੇ ਸਨਮਾਨਾਂ ਦੀ ਸ਼ੇਖ਼ੀ ਮਾਰਨ ਦੀ ਆਦਤ ਹੋਵੇ। ਜੇਕਰ ਸਾਡੇ ਵਿਚ ਕੋਈ ਖ਼ਾਸ ਕੁਸ਼ਲਤਾ ਜਾਂ ਯੋਗਤਾ ਹੈ ਜੋ ਕਲੀਸਿਯਾ ਦੇ ਦੂਸਰੇ ਭੈਣਾਂ-ਭਰਾਵਾਂ ਵਿਚ ਨਹੀਂ ਹੈ, ਕੀ ਇਸ ਕਾਰਨ ਸਾਨੂੰ ਫੂੰ ਫੂੰ ਕਰਨੀ ਚਾਹੀਦੀ ਹੈ? ਵੈਸੇ, ਜੋ ਵੀ ਕੁਦਰਤੀ ਯੋਗਤਾਵਾਂ ਸਾਡੇ ਵਿਚ ਹਨ, ਸਾਨੂੰ ਉਨ੍ਹਾਂ ਨੂੰ ਏਕਤਾ ਵਧਾਉਣ ਵਾਸਤੇ ਵਰਤਣਾ ਚਾਹੀਦਾ ਹੈ—ਨਾ ਕਿ ਆਪਣੇ ਆਪ ਨੂੰ ਅੱਗੇ ਵਧਾਉਣ ਲਈ।—ਮੱਤੀ 23:12; 1 ਪਤਰਸ 5:6.

8 ਪੌਲੁਸ ਨੇ ਲਿਖਿਆ ਕਿ ਭਾਵੇਂ ਇਕ ਕਲੀਸਿਯਾ ਦੇ ਬਹੁਤ ਸਾਰੇ ਅੰਗ ਹੁੰਦੇ ਹਨ, ‘ਪਰਮੇਸ਼ੁਰ ਨੇ ਸਰੀਰ ਨੂੰ ਜੋੜਿਆ’ ਹੈ। (1 ਕੁਰਿੰਥੀਆਂ 12:19-26) ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ “ਜੋੜਿਆ” ਆਪਸ ਵਿਚ ਘੁਲ-ਮਿਲ ਜਾਣ ਵੱਲ ਸੰਕੇਤ ਕਰਦਾ ਹੈ, ਜਿਵੇਂ ਕਿ ਰੰਗਾਂ ਨੂੰ ਇਕ ਦੂਜੇ ਵਿਚ ਘੋਲਿਆ ਜਾਂਦਾ ਹੈ। ਇਸ ਲਈ ਕਲੀਸਿਯਾ ਦੇ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਯੋਗਤਾਵਾਂ ਉੱਤੇ ਫੂੰ ਫੂੰ ਨਹੀਂ ਕਰਨੀ ਚਾਹੀਦੀ ਅਤੇ ਦੂਜਿਆਂ ਉੱਤੇ ਦਬਾਉ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਯਹੋਵਾਹ ਦੇ ਸੰਗਠਨ ਵਿਚ ਘਮੰਡ ਅਤੇ ਅਭਿਲਾਸ਼ਾ ਲਈ ਕੋਈ ਜਗ੍ਹਾ ਨਹੀਂ ਹੈ।—ਕਹਾਉਤਾਂ 16:19; 1 ਕੁਰਿੰਥੀਆਂ 14:12; 1 ਪਤਰਸ 5:2, 3.

9. ਬਾਈਬਲ ਉਨ੍ਹਾਂ ਵਿਅਕਤੀਆਂ ਦੀਆਂ, ਜੋ ਸਿਰਫ਼ ਆਪਣੇ ਵਿਚ ਦਿਲਚਸਪੀ ਰੱਖਦੇ ਸਨ, ਚੇਤਾਵਨੀ ਦੇਣ ਵਾਲੀਆਂ ਕਿਹੜੀਆਂ ਉਦਾਹਰਣਾਂ ਦਿੰਦੀ ਹੈ?

9 ਪ੍ਰੇਮ “ਆਪ ਸੁਆਰਥੀ ਨਹੀਂ” ਹੈ। (1 ਕੁਰਿੰਥੀਆਂ 13:5) ਪਿਆਰ ਕਰਨ ਵਾਲਾ ਕੋਈ ਵਿਅਕਤੀ ਚਲਾਕੀ ਨਾਲ ਆਪਣੀ ਮਰਜ਼ੀ ਨਹੀਂ ਮਨਵਾਉਂਦਾ। ਇਸ ਬਾਰੇ ਬਾਈਬਲ ਇਕ ਚੇਤਾਵਨੀ ਦੇਣ ਵਾਲੀ ਉਦਾਹਰਣ ਦਿੰਦੀ ਹੈ। ਮਿਸਾਲ ਲਈ: ਅਸੀਂ ਦਲੀਲਾਹ, ਈਜ਼ਬਲ, ਅਤੇ ਅਥਲਯਾਹ ਬਾਰੇ ਪੜ੍ਹਦੇ ਹਾਂ, ਜਿਹੜੀਆਂ ਤੀਵੀਆਂ ਨੇ ਖ਼ੁਦਗਰਜ਼ੀ ਕਾਰਨ ਦੂਜਿਆਂ ਨੂੰ ਆਪਣੀਆਂ ਉਂਗਲ਼ੀਆਂ ਤੇ ਨਚਾਇਆ। (ਨਿਆਈਆਂ 16:16; 1 ਰਾਜਿਆਂ 21:25; 2 ਇਤਹਾਸ 22:10-12) ਰਾਜਾ ਦਾਊਦ ਦਾ ਪੁੱਤਰ ਅਬਸ਼ਾਲੋਮ ਵੀ ਇਸੇ ਤਰ੍ਹਾਂ ਕਰਦਾ ਸੀ। ਜਦੋਂ ਲੋਕ ਫ਼ਰਿਆਦ ਲੈ ਕੇ ਸ਼ਹਿਰ ਦੇ ਫਾਟਕ ਤੇ ਆਉਂਦੇ ਸਨ, ਤਾਂ ਉਹ ਉਨ੍ਹਾਂ ਕੋਲ ਜਾ ਕੇ ਚਲਾਕੀ ਨਾਲ ਇਹ ਕਹਿੰਦਾ ਸੀ ਕਿ ਰਾਜੇ ਦੇ ਦਰਬਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਵਿਚ ਸੱਚੀ ਦਿਲਚਸਪੀ ਨਹੀਂ ਰੱਖਦੇ ਸਨ। ਫਿਰ ਉਹ ਸਾਫ਼-ਸਾਫ਼ ਦੱਸ ਦਿੰਦਾ ਸੀ ਕਿ ਦਰਬਾਰ ਵਿਚ ਉਸ ਵਰਗੇ ਹਮਦਰਦ ਬੰਦੇ ਦੀ ਲੋੜ ਸੀ! (2 ਸਮੂਏਲ 15:2-4) ਬਿਨਾਂ ਸ਼ੱਕ, ਅਬਸ਼ਾਲੋਮ ਉਨ੍ਹਾਂ ਲਤਾੜੇ ਹੋਏ ਲੋਕਾਂ ਵਿਚ ਨਹੀਂ, ਪਰ ਸਿਰਫ਼ ਆਪਣੇ ਆਪ ਵਿਚ ਦਿਲਚਸਪੀ ਰੱਖਦਾ ਸੀ। ਉਸ ਨੇ ਆਪਣੇ ਆਪ ਨੂੰ ਖ਼ੁਦ ਰਾਜਾ ਬਣਾ ਕੇ ਕਈਆਂ ਦੇ ਦਿਲਾਂ ਉੱਤੇ ਪ੍ਰਭਾਵ ਪਾਇਆ। ਲੇਕਿਨ ਅਖ਼ੀਰ ਵਿਚ, ਅਬਸ਼ਾਲੋਮ ਨੂੰ ਖ਼ਤਮ ਕਰ ਦਿੱਤਾ ਗਿਆ। ਉਸ ਦੀ ਮੌਤ ਤੇ ਉਸ ਨੂੰ ਦਫ਼ਨਾਉਣ ਦੇ ਲਾਇਕ ਵੀ ਨਹੀਂ ਸਮਝਿਆ ਗਿਆ ਸੀ।—2 ਸਮੂਏਲ 18:6-17.

10. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦੂਜਿਆਂ ਦੇ ਭਲੇ ਨੂੰ ਧਿਆਨ ਵਿਚ ਰੱਖ ਰਹੇ ਹਾਂ?

10 ਮਸੀਹੀਆਂ ਲਈ ਇਹ ਅੱਜ ਇਕ ਚੇਤਾਵਨੀ ਹੈ। ਚਾਹੇ ਅਸੀਂ ਨਰ ਜਾਂ ਨਾਰੀ ਹੋਈਏ, ਸ਼ਾਇਦ ਸਾਡਾ ਦੂਜਿਆਂ ਤੋਂ ਆਪਣੀ ਮਰਜ਼ੀ ਮਨਵਾਉਣ ਦਾ ਸੁਭਾਅ ਹੋਵੇ। ਸਾਡੇ ਲਈ ਸ਼ਾਇਦ ਆਪਣੀ ਮਰਜ਼ੀ ਮਨਵਾਉਣੀ ਸੌਖੀ ਹੋਵੇ ਜਿਵੇਂ ਕਿ ਕਿਸੇ ਗੱਲਬਾਤ ਵਿਚ ਪ੍ਰਭਾਵ ਜਮਾਉਣ ਦੁਆਰਾ, ਜਾਂ ਜ਼ਿੱਦੀ ਹੋ ਕੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੁਆਰਾ ਜਿਨ੍ਹਾਂ ਦੇ ਵਿਚਾਰ ਤੁਹਾਡੇ ਵਿਚਾਰਾਂ ਤੋਂ ਵੱਖਰੇ ਹਨ। ਲੇਕਿਨ, ਜੇਕਰ ਅਸੀਂ ਸੱਚ-ਮੁੱਚ ਪ੍ਰੇਮਪੂਰਣ ਹਾਂ, ਤਾਂ ਅਸੀਂ ਦੂਜਿਆਂ ਦੇ ਭਲੇ ਨੂੰ ਧਿਆਨ ਵਿਚ ਰੱਖਾਂਗੇ। (ਫ਼ਿਲਿੱਪੀਆਂ 2:2-4) ਅਸੀਂ ਆਪਣੇ ਤਜਰਬੇ ਜਾਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੇ ਦਰਜੇ ਦੇ ਕਾਰਨ ਦੂਜਿਆਂ ਦਾ ਫ਼ਾਇਦਾ ਨਹੀਂ ਉਠਾਵਾਂਗੇ ਜਾਂ ਸ਼ੱਕ ਪੈਦਾ ਕਰਨ ਵਾਲੇ ਖ਼ਿਆਲਾਂ ਨੂੰ ਅੱਗੇ ਨਹੀਂ ਵਧਾਵਾਂਗੇ ਜਿਵੇਂ ਕਿ ਸਿਰਫ਼ ਸਾਡੇ ਹੀ ਵਿਚਾਰ ਧਿਆਨ ਦੇਣ ਯੋਗ ਹਨ। ਇਸ ਦੀ ਬਜਾਇ, ਅਸੀਂ ਬਾਈਬਲ ਦੀ ਇਹ ਕਹਾਵਤ ਯਾਦ ਰੱਖਾਂਗੇ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”—ਕਹਾਉਤਾਂ 16:18.

ਪ੍ਰੇਮ ਸ਼ਾਂਤਮਈ ਰਿਸ਼ਤੇ ਕਾਇਮ ਕਰਦਾ ਹੈ

11. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਪ੍ਰੇਮ ਕਿਰਪਾਲੂ ਅਤੇ ਸੁਚੱਜਾ ਹੈ? (ਅ) ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਕੁਧਰਮ ਤੋਂ ਆਨੰਦ ਨਹੀਂ ਲੈਂਦੇ?

11 ਪੌਲੁਸ ਨੇ ਲਿਖਿਆ ਕਿ ਪ੍ਰੇਮ “ਕਿਰਪਾਲੂ” ਹੈ ਅਤੇ “ਕੁਚੱਜਿਆਂ ਨਹੀਂ ਕਰਦਾ।” (1 ਕੁਰਿੰਥੀਆਂ 13:4, 5) ਜੀ ਹਾਂ, ਪ੍ਰੇਮ ਸਾਨੂੰ ਬਦਤਮੀਜ਼, ਲੱਚਰ ਜਾਂ ਰੁੱਖੇ ਨਹੀਂ ਬਣਨ ਦੇਵੇਗਾ। ਇਸ ਦੀ ਬਜਾਇ, ਅਸੀਂ ਦੂਸਰਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਾਂਗੇ। ਮਿਸਾਲ ਲਈ, ਇਕ ਪ੍ਰੇਮਪੂਰਣ ਵਿਅਕਤੀ ਅਜਿਹੇ ਕੰਮਾਂ ਤੋਂ ਬਚੇਗਾ ਜੋ ਦੂਸਰਿਆਂ ਦੇ ਅੰਤਹਕਰਣ ਨੂੰ ਠੋਕਰ ਖੁਆਉਣ। (1 ਕੁਰਿੰਥੀਆਂ 8:13 ਦੀ ਤੁਲਨਾ ਕਰੋ।) ਪ੍ਰੇਮ, “ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ।” (1 ਕੁਰਿੰਥੀਆਂ 13:6) ਜੇਕਰ ਅਸੀਂ ਯਹੋਵਾਹ ਦੇ ਨਿਯਮਾਂ ਨਾਲ ਪ੍ਰੀਤ ਰੱਖਦੇ ਹਾਂ ਤਾਂ ਅਸੀਂ ਅਨੈਤਿਕਤਾ ਨੂੰ ਐਵੇਂ ਨਹੀਂ ਸਮਝਾਂਗੇ, ਜਾਂ ਉਨ੍ਹਾਂ ਚੀਜ਼ਾਂ ਤੋਂ ਪ੍ਰਸੰਨ ਨਹੀਂ ਹੋਵਾਂਗੇ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। (ਜ਼ਬੂਰ 119:97) ਪ੍ਰੇਮ ਉਨ੍ਹਾਂ ਚੀਜ਼ਾਂ ਤੋਂ ਆਨੰਦ ਪ੍ਰਾਪਤ ਕਰਨ ਵਿਚ ਸਾਡੀ ਮਦਦ ਕਰੇਗਾ ਜੋ ਕਿਸੇ ਨੂੰ ਢਾਹੁਣ ਦੀ ਬਜਾਇ ਉਸ ਨੂੰ ਉਤਸ਼ਾਹਿਤ ਕਰਦੀਆਂ ਹਨ।—ਰੋਮੀਆਂ 15:2; 1 ਕੁਰਿੰਥੀਆਂ 10:23, 24; 14:26.

12, 13. (ੳ) ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਕੋਈ ਸਾਨੂੰ ਨਾਰਾਜ਼ ਕਰ ਦਿੰਦਾ ਹੈ? (ਅ) ਬਾਈਬਲ ਦੀਆਂ ਉਦਾਹਰਣਾਂ ਦਿਓ ਜੋ ਦਿਖਾਉਂਦੀਆਂ ਹਨ ਕਿ ਅਸੀਂ ਜਾਇਜ਼ ਕ੍ਰੋਧ ਦੇ ਕਾਰਨ ਵੀ ਸ਼ਾਇਦ ਗ਼ਲਤੀ ਕਰ ਬੈਠੀਏ।

12 ਪੌਲੁਸ ਨੇ ਲਿਖਿਆ ਕਿ ਪ੍ਰੇਮ “ਚਿੜ੍ਹਦਾ ਨਹੀਂ।” (1 ਕੁਰਿੰਥੀਆਂ 13:5) ਇਹ ਸੱਚ ਹੈ ਕਿ ਜਦੋਂ ਕੋਈ ਸਾਨੂੰ ਨਾਰਾਜ਼ ਕਰਦਾ ਹੈ ਤਾਂ ਅਪੂਰਣ ਮਨੁੱਖ ਹੋਣ ਕਰਕੇ ਸਾਡੇ ਲਈ ਪਰੇਸ਼ਾਨ ਹੋਣਾ ਜਾਂ ਥੋੜ੍ਹਾ-ਬਹੁਤਾ ਗੁੱਸੇ ਹੋਣਾ ਆਮ ਗੱਲ ਹੈ। ਫਿਰ ਵੀ, ਨਾਰਾਜ਼ਗੀ ਨੂੰ ਮਨ ਵਿਚ ਰੱਖੀ ਛੱਡਣਾ ਜਾਂ ਸੜੀ ਜਾਣਾ ਗ਼ਲਤ ਹੋਵੇਗਾ। (ਜ਼ਬੂਰ 4:4; ਅਫ਼ਸੀਆਂ 4:26) ਜੇਕਰ ਇਸ ਉੱਤੇ ਕਾਬੂ ਨਾ ਪਾਇਆ ਜਾਵੇ ਤਾਂ ਕ੍ਰੋਧ, ਜੋ ਸ਼ਾਇਦ ਜਾਇਜ਼ ਵੀ ਹੋਵੇ, ਸਾਨੂੰ ਗ਼ਲਤ ਪਾਸੇ ਲੈ ਜਾ ਸਕਦਾ ਹੈ, ਅਤੇ ਇਸ ਹਾਲ ਵਿਚ ਕੀਤੇ ਗਏ ਕਿਸੇ ਵੀ ਗ਼ਲਤ ਕੰਮ ਲਈ ਯਹੋਵਾਹ ਸਾਨੂੰ ਜ਼ਿੰਮੇਵਾਰ ਠਹਿਰਾ ਸਕਦਾ ਹੈ।—ਉਤਪਤ 34:1-31; 49:5-7; ਗਿਣਤੀ 12:3; 20:10-12; ਜ਼ਬੂਰ 106:32, 33.

13 ਕਈਆਂ ਨੇ ਦੂਸਰਿਆਂ ਦੀਆਂ ਅਪੂਰਣਤਾਵਾਂ ਦੇ ਕਾਰਨ ਸਭਾਵਾਂ ਵਿਚ ਹਾਜ਼ਰ ਹੋਣਾ ਜਾਂ ਪ੍ਰਚਾਰ ਸੇਵਾ ਵਿਚ ਹਿੱਸਾ ਲੈਣਾ ਛੱਡ ਦਿੱਤਾ ਹੈ। ਪਹਿਲਾਂ ਸ਼ਾਇਦ ਇਨ੍ਹਾਂ ਵਿੱਚੋਂ ਕਈਆਂ ਨੇ ਨਿਹਚਾ ਲਈ ਸਖ਼ਤ ਲੜਾਈ ਲੜੀ ਹੋਵੇ, ਸ਼ਾਇਦ ਪਰਿਵਾਰ ਤੋਂ ਵਿਰੋਧਤਾ ਅਤੇ ਕੰਮ ਤੇ ਆਪਣੇ ਸਾਥੀਆਂ ਦੇ ਮਖੌਲ ਨੂੰ ਸਹਾਰਿਆ ਹੋਵੇ। ਇਹ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਅਜਿਹੀਆਂ ਰੁਕਾਵਟਾਂ ਨੂੰ ਖਰਿਆਈ ਦੀਆਂ ਪਰੀਖਿਆਵਾਂ ਸਮਝ ਕੇ ਸਹਾਰ ਲਿਆ, ਅਤੇ ਇਹ ਬਿਲਕੁਲ ਠੀਕ ਹੈ। ਪਰ ਜਦੋਂ ਇਕ ਸੰਗੀ ਵਿਸ਼ਵਾਸੀ ਬਿਨਾਂ ਸੋਚੇ-ਸਮਝੇ ਕੁਝ ਕਹਿ ਦਿੰਦਾ ਹੈ ਜਾਂ ਕਰ ਦਿੰਦਾ ਹੈ, ਤਾਂ ਉਦੋਂ ਕੀ ਹੁੰਦਾ ਹੈ? ਕੀ ਇਹ ਵੀ ਖਰਿਆਈ ਦੀ ਪਰੀਖਿਆ ਨਹੀਂ ਹੈ? ਹਾਂ ਬਿਲਕੁਲ ਹੈ, ਇਸ ਲਈ ਕਿ ਜੇ ਅਸੀਂ ਕ੍ਰੋਧ ਵਿਚ ਰਹੀਏ, ਤਾਂ ਅਸੀਂ ‘ਸ਼ਤਾਨ ਨੂੰ ਥਾਂ ਦੇ’ ਸਕਦੇ ਹਾਂ।—ਅਫ਼ਸੀਆਂ 4:27.

14, 15. (ੳ) ‘ਬੁਰਾ ਨਾ ਮੰਨਣ’ ਦਾ ਕੀ ਅਰਥ ਹੈ? (ਅ) ਅਸੀਂ ਮਾਫ਼ ਕਰਨ ਵਿਚ ਯਹੋਵਾਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?

14 ਪੌਲੁਸ ਕੋਲ ਅੱਗੇ ਇਹ ਕਹਿਣ ਲਈ ਚੰਗਾ ਕਾਰਨ ਸੀ ਕਿ ਪ੍ਰੇਮ “ਬੁਰਾ ਨਹੀਂ ਮੰਨਦਾ।” (1 ਕੁਰਿੰਥੀਆਂ 13:5) ਉਸ ਨੇ ਇੱਥੇ ਹਿਸਾਬ-ਕਿਤਾਬ ਨਾਲ ਸੰਬੰਧ ਰੱਖਣ ਵਾਲਾ ਸ਼ਬਦ ਵਰਤਿਆ ਸੀ, ਜੋ ਖਾਤੇ ਵਿਚ ਦੋਸ਼ ਲਿਖਣ ਦਾ ਸੰਕੇਤ ਕਰਦਾ ਹੈ ਤਾਂਕਿ ਦੋਸ਼ ਭੁੱਲ ਨਾ ਜਾਵੇ। ਕੀ ਆਪਣੇ ਮਨ ਵਿਚ ਦੁਖਦਾਇਕ ਸ਼ਬਦਾਂ ਜਾਂ ਕੰਮਾਂ ਦਾ ਪੱਕਾ ਰਿਕਾਰਡ ਰੱਖਣਾ ਪ੍ਰੇਮਪੂਰਣ ਹੋਵੇਗਾ, ਜਿੱਦਾਂ ਕਿ ਆਉਣ ਵਾਲੇ ਸਮੇਂ ਵਿਚ ਸਾਨੂੰ ਇਨ੍ਹਾਂ ਬਾਰੇ ਸੋਚਣ ਦੀ ਜ਼ਰੂਰਤ ਪਵੇਗੀ? ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਸਾਨੂੰ ਇੰਨੀ ਬੇਰਹਿਮੀ ਨਾਲ ਨਹੀਂ ਜਾਂਚਦਾ! (ਜ਼ਬੂਰ 130:3) ਜੀ ਹਾਂ, ਜਦੋਂ ਅਸੀਂ ਤੋਬਾ ਕਰਦੇ ਹਾਂ, ਤਾਂ ਉਹ ਸਾਡੇ ਪਾਪ ਮਿਟਾ ਦਿੰਦਾ ਹੈ।—ਰਸੂਲਾਂ ਦੇ ਕਰਤੱਬ 3:19.

15 ਅਸੀਂ ਇਸ ਸੰਬੰਧ ਵਿਚ ਯਹੋਵਾਹ ਦੀ ਰੀਸ ਕਰ ਸਕਦੇ ਹਾਂ। ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡਾ ਅਪਮਾਨ ਕੀਤਾ ਹੈ, ਤਾਂ ਸਾਨੂੰ ਹੱਦੋਂ ਵੱਧ ਜਜ਼ਬਾਤੀ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਜਲਦੀ ਹੀ ਬੁਰਾ ਮੰਨ ਲੈਂਦੇ ਹਾਂ, ਤਾਂ ਸ਼ਾਇਦ ਅਸੀਂ ਆਪਣੇ ਆਪ ਨੂੰ ਉਸ ਨਾਲੋਂ ਜ਼ਿਆਦਾ ਗਹਿਰਾ ਦੁੱਖ ਦੇ ਰਹੇ ਹਾਂ ਜੋ ਨਾਰਾਜ਼ ਕਰਨ ਵਾਲਾ ਵਿਅਕਤੀ ਸਾਨੂੰ ਦੇ ਸਕਦਾ ਸੀ। (ਉਪਦੇਸ਼ਕ ਦੀ ਪੋਥੀ 7:9, 22) ਇਸ ਦੀ ਬਜਾਇ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ। (1 ਕੁਰਿੰਥੀਆਂ 13:7) ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਭੋਲ਼ੇ ਹਾਂ, ਲੇਕਿਨ ਨਾ ਹੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਭੈਣਾਂ-ਭਰਾਵਾਂ ਦੇ ਦਿਲਾਂ ਵਿਚ ਕੋਈ ਖੋਟ ਹੈ। ਜਦੋਂ ਵੀ ਮੁਮਕਿਨ ਹੋਵੇ, ਆਓ ਅਸੀਂ ਇਹੀ ਸਮਝੀਏ ਕਿ ਦੂਸਰਿਆਂ ਦੀ ਨੀਅਤ ਚੰਗੀ ਹੈ।—ਕੁਲੁੱਸੀਆਂ 3:13.

ਪ੍ਰੇਮ ਸਾਨੂੰ ਸਹਾਰਨ ਵਿਚ ਮਦਦ ਦਿੰਦਾ ਹੈ

16. ਪ੍ਰੇਮ ਸਾਨੂੰ ਕਿਨ੍ਹਾਂ ਹਾਲਤਾਂ ਵਿਚ ਧੀਰਜ ਰੱਖਣ ਲਈ ਮਦਦ ਦਿੰਦਾ ਹੈ?

16 ਪੌਲੁਸ ਫਿਰ ਸਾਨੂੰ ਦੱਸਦਾ ਹੈ ਕਿ “ਪ੍ਰੇਮ ਧੀਰਜਵਾਨ” ਹੈ। (1 ਕੁਰਿੰਥੀਆਂ 13:4) ਇਹ ਸਾਨੂੰ ਸ਼ਾਇਦ ਅਜ਼ਮਾਇਸ਼ੀ ਹਾਲਤਾਂ ਦਾ ਲੰਮੇ ਸਮੇਂ ਤਕ ਸਾਮ੍ਹਣਾ ਕਰਨ ਦੇ ਯੋਗ ਬਣਾਉਂਦਾ ਹੈ। ਮਿਸਾਲ ਲਈ, ਕਈ ਮਸੀਹੀਆਂ ਨੇ ਅਜਿਹੇ ਪਰਿਵਾਰਾਂ ਵਿਚ ਕਈ ਸਾਲ ਗੁਜ਼ਾਰੇ ਹਨ ਜਿਨ੍ਹਾਂ ਵਿਚ ਸਾਰੇ ਮੈਂਬਰ ਇਕ ਧਰਮ ਦੇ ਨਹੀਂ ਹਨ। ਦੂਸਰੇ ਮਸੀਹੀਆਂ ਦਾ ਵਿਆਹ ਨਹੀਂ ਹੋਇਆ, ਇਸ ਲਈ ਨਹੀਂ ਕਿ ਉਹ ਕਰਵਾਉਣਾ ਨਹੀਂ ਚਾਹੁੰਦੇ, ਪਰ ਇਸ ਲਈ ਕਿਉਂਕਿ ਉਨ੍ਹਾਂ ਨੂੰ ਹਾਲੇ “ਪ੍ਰਭੁ ਵਿੱਚ” ਕੋਈ ਪਸੰਦ ਦਾ ਸਾਥੀ ਨਹੀਂ ਮਿਲਿਆ। (1 ਕੁਰਿੰਥੀਆਂ 7:39; 2 ਕੁਰਿੰਥੀਆਂ 6:14) ਅਜਿਹੇ ਭੈਣ-ਭਰਾ ਵੀ ਹਨ ਜੋ ਸਿਹਤ ਦੀਆਂ ਕਮਜ਼ੋਰੀਆਂ ਸਹਾਰ ਰਹੇ ਹਨ। (ਗਲਾਤੀਆਂ 4:13, 14; ਫ਼ਿਲਿੱਪੀਆਂ 2:25-30) ਇਹ ਸੱਚ ਹੈ ਕਿ ਇਸ ਅਪੂਰਣ ਵਿਵਸਥਾ ਵਿਚ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਅਜਿਹੇ ਹਾਲਾਤ ਨਹੀਂ ਹਨ ਜਿਸ ਵਿਚ ਸਹਿਣਸ਼ੀਲਤਾ ਦੀ ਲੋੜ ਨਹੀਂ ਪੈਂਦੀ।—ਮੱਤੀ 10:22; ਯਾਕੂਬ 1:12.

17. ਸਭ ਕੁਝ ਸਹਿਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

17 ਪੌਲੁਸ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਪ੍ਰੇਮ “ਸਭ ਕੁਝ ਝੱਲ ਲੈਂਦਾ, . . . ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ” ਹੈ। (1 ਕੁਰਿੰਥੀਆਂ 13:7) ਯਹੋਵਾਹ ਲਈ ਪ੍ਰੇਮ ਸਾਨੂੰ ਧਾਰਮਿਕਤਾ ਦੀ ਖ਼ਾਤਰ ਕਿਸੇ ਵੀ ਹਾਲਤ ਦਾ ਸਾਮ੍ਹਣਾ ਕਰਨ ਦੇਵੇਗਾ। (ਮੱਤੀ 16:24; 1 ਕੁਰਿੰਥੀਆਂ 10:13) ਅਸੀਂ ਸ਼ਹੀਦ ਨਹੀਂ ਹੋਣਾ ਚਾਹੁੰਦੇ ਹਾਂ। ਇਸ ਦੀ ਬਜਾਇ, ਅਸੀਂ ਸ਼ਾਂਤਮਈ, ਚੁੱਪ-ਚਾਪ ਜੀਵਨ ਜੀਉਣਾ ਚਾਹੁੰਦੇ ਹਾਂ। (ਰੋਮੀਆਂ 12:18; 1 ਥੱਸਲੁਨੀਕੀਆਂ 4:11, 12) ਫਿਰ ਵੀ, ਜਦੋਂ ਨਿਹਚਾ ਦੀਆਂ ਪਰੀਖਿਆਵਾਂ ਆਉਂਦੀਆਂ ਹਨ, ਤਾਂ ਅਸੀਂ ਇਨ੍ਹਾਂ ਨੂੰ ਮਸੀਹੀ ਸ਼ਾਗਿਰਦੀ ਦੀ ਕੀਮਤ ਸਮਝ ਕੇ ਖ਼ੁਸ਼ੀ ਨਾਲ ਸਹਿ ਲੈਂਦੇ ਹਾਂ। (ਲੂਕਾ 14:28-33) ਇਨ੍ਹਾਂ ਨੂੰ ਸਹਿੰਦੇ ਹੋਏ, ਅਸੀਂ ਇਕ ਚੰਗਾ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਜ਼ਮਾਇਸ਼ੀ ਹਾਲਤਾਂ ਦੌਰਾਨ ਸਭ ਤੋਂ ਚੰਗੇ ਨਤੀਜੇ ਦੀ ਉਮੀਦ ਰੱਖਦੇ ਹਾਂ।

18. ਚੰਗੇ ਵੇਲਿਆਂ ਦੌਰਾਨ ਵੀ ਧੀਰਜ ਦੀ ਕਿਸ ਤਰ੍ਹਾਂ ਲੋੜ ਪੈਂਦੀ ਹੈ?

18 ਸਾਨੂੰ ਸਿਰਫ਼ ਅਜ਼ਮਾਇਸ਼ਾਂ ਹੀ ਨਹੀਂ ਸਹਾਰਨੀਆਂ ਪੈਂਦੀਆਂ। ਕਈ ਵਾਰ, ਸਹਾਰਨ ਦਾ ਮਤਲਬ ਅੰਤ ਤਕ ਕਾਇਮ ਰਹਿਣਾ ਹੈ, ਯਾਨੀ ਕਿਸੇ ਰਾਹ ਤੇ ਚੱਲਦੇ ਰਹਿਣਾ ਭਾਵੇਂ ਅਜ਼ਮਾਇਸ਼ਾਂ ਹੋਣ ਜਾਂ ਨਾ ਹੋਣ। ਸਹਾਰਨ ਵਿਚ ਇਹ ਵੀ ਜ਼ਰੂਰੀ ਹੈ ਕਿ ਅਸੀਂ ਧਰਮ ਦੇ ਕੰਮਾਂ ਵਿਚ ਲੱਗੇ ਰਹੀਏ। ਮਿਸਾਲ ਲਈ, ਕੀ ਤੁਸੀਂ ਆਪਣੀਆਂ ਹਾਲਤਾਂ ਦੇ ਅਨੁਸਾਰ, ਪ੍ਰਚਾਰ ਸੇਵਾ ਵਿਚ ਚੰਗਾ ਹਿੱਸਾ ਲੈ ਰਹੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਰਹੇ ਹੋ ਅਤੇ ਉਸ ਉੱਤੇ ਮਨਨ ਕਰ ਰਹੇ ਹੋ ਅਤੇ ਆਪਣੇ ਸਵਰਗੀ ਪਿਤਾ ਨਾਲ ਪ੍ਰਾਰਥਨਾ ਰਾਹੀਂ ਗੱਲ ਕਰ ਰਹੇ ਹੋ? ਕੀ ਤੁਸੀਂ ਨਿਯਮਿਤ ਤੌਰ ਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੁੰਦੇ ਹੋ, ਅਤੇ ਕੀ ਤੁਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਰਲ ਕੇ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦਾ ਲਾਭ ਉਠਾਉਂਦੇ ਹੋ? ਜੇਕਰ ਇਸ ਤਰ੍ਹਾਂ ਹੈ, ਤਾਂ ਭਾਵੇਂ ਹੁਣ ਚੰਗਾ ਵੇਲਾ ਹੈ ਜਾਂ ਦੁੱਖ ਦਾ ਵੇਲਾ ਹੈ, ਤੁਸੀਂ ਸਹਿ ਰਹੇ ਹੋ। ਹਾਰ ਨਾ ਮੰਨੋ, ‘ਕਿਉਂਕਿ ਜੇ ਅਸੀਂ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।’—ਗਲਾਤੀਆਂ 6:9.

ਪ੍ਰੇਮ—“ਇੱਕ ਬਹੁਤ ਹੀ ਸਰੇਸ਼ਟ ਮਾਰਗ”

19. ਪ੍ਰੇਮ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਕਿਸ ਤਰ੍ਹਾਂ ਹੈ?

19 ਪ੍ਰੇਮ ਨੂੰ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਸੱਦਣ ਦੁਆਰਾ ਪੌਲੁਸ ਨੇ ਇਸ ਈਸ਼ਵਰੀ ਗੁਣ ਦਿਖਾਉਣ ਦੀ ਮਹੱਤਤਾ ਉੱਤੇ ਜ਼ੋਰ ਪਾਇਆ। (1 ਕੁਰਿੰਥੀਆਂ 12:31) ਇਹ ਕਿਸ ਅਰਥ ਵਿਚ “ਬਹੁਤ ਹੀ ਸਰੇਸ਼ਟ” ਹੈ? ਪੌਲੁਸ ਨੇ ਹੁਣੇ ਹੀ ਉਨ੍ਹਾਂ ਆਤਮਾ ਦੀਆਂ ਦਾਤਾਂ ਨੂੰ ਗਿਣ ਕੇ ਦੱਸਿਆ ਸੀ, ਜੋ ਪਹਿਲੀ ਸਦੀ ਦੇ ਮਸੀਹੀਆਂ ਦੇ ਵਿਚਕਾਰ ਆਮ ਸਨ। ਕੁਝ ਲੋਕ ਭਵਿੱਖਬਾਣੀ ਕਰ ਸਕਦੇ ਸਨ, ਦੂਸਰਿਆਂ ਨੂੰ ਬੀਮਾਰੀਆਂ ਠੀਕ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਸੀ, ਅਤੇ ਕਈਆਂ ਨੂੰ ਦੂਸਰੀਆਂ ਬੋਲੀਆਂ ਬੋਲਣ ਦੀ ਯੋਗਤਾ ਦਿੱਤੀ ਗਈ ਸੀ। ਸੱਚ-ਮੁੱਚ ਹੀ, ਇਹ ਕਿੰਨੀਆਂ ਹੈਰਾਨ ਕਰਨ ਵਾਲੀਆਂ ਦਾਤਾਂ ਸਨ! ਲੇਕਿਨ, ਪੌਲੁਸ ਨੇ ਕੁਰਿੰਥੀਆਂ ਨੂੰ ਦੱਸਿਆ: “ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ। ਅਤੇ ਭਾਵੇਂ ਮੈਨੂੰ ਅਗੰਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ।” (1 ਕੁਰਿੰਥੀਆਂ 13:1, 2) ਜੀ ਹਾਂ, ਜੋ ਕੰਮ ਸ਼ਾਇਦ ਬਹੁਤ ਚੰਗੇ ਵੀ ਹੋਣ, ‘ਮੁਰਦੇ ਕੰਮ’ ਬਣ ਜਾਂਦੇ ਹਨ ਜੇਕਰ ਉਹ ਪਰਮੇਸ਼ੁਰ ਲਈ ਜਾਂ ਗੁਆਂਢੀ ਲਈ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਨਹੀਂ ਕੀਤੇ ਜਾਂਦੇ।—ਇਬਰਾਨੀਆਂ 6:1.

20. ਜੇਕਰ ਅਸੀਂ ਪ੍ਰੇਮ ਵਿਕਸਿਤ ਕਰਨਾ ਹੈ, ਤਾਂ ਲਗਾਤਾਰ ਜਤਨ ਦੀ ਕਿਉਂ ਲੋੜ ਹੈ?

20 ਯਿਸੂ ਸਾਨੂੰ ਇਸ ਈਸ਼ਵਰੀ ਗੁਣ ਨੂੰ ਪੈਦਾ ਕਰਨ ਦਾ ਇਕ ਹੋਰ ਕਾਰਨ ਦਿੰਦਾ ਹੈ। ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਹ ਸ਼ਬਦ “ਜੇ” ਹਰੇਕ ਮਸੀਹੀ ਉੱਤੇ ਗੱਲ ਛੱਡ ਦਿੰਦਾ ਹੈ ਕਿ ਉਹ ਪ੍ਰੇਮ ਦਿਖਾਉਣਾ ਸਿੱਖੇਗਾ ਜਾਂ ਨਹੀਂ। ਜਿਸ ਤਰ੍ਹਾਂ ਕਿ ਸਿਰਫ਼ ਵਿਦੇਸ਼ ਵਿਚ ਰਹਿਣਾ ਸਾਨੂੰ ਉਸ ਦੇਸ਼ ਦੀ ਭਾਸ਼ਾ ਬੋਲਣ ਲਈ ਮਜਬੂਰ ਨਹੀਂ ਕਰੇਗਾ। ਇਸੇ ਤਰ੍ਹਾਂ, ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਸਿਰਫ਼ ਜਾਣ ਨਾਲ, ਜਾਂ ਸੰਗੀ ਵਿਸ਼ਵਾਸੀਆਂ ਨਾਲ ਸੰਗਤ ਰੱਖਣ ਨਾਲ ਹੀ ਅਸੀਂ ਖ਼ੁਦ-ਬਖ਼ੁਦ ਪ੍ਰੇਮ ਦਿਖਾਉਣਾ ਨਹੀਂ ਸਿੱਖਾਂਗੇ। ਇਸ “ਭਾਸ਼ਾ” ਨੂੰ ਸਿੱਖਣ ਲਈ ਲਗਾਤਾਰ ਜਤਨ ਕਰਨ ਦੀ ਲੋੜ ਹੈ।

21, 22. (ੳ) ਜੇਕਰ ਅਸੀਂ ਪੌਲੁਸ ਦੁਆਰਾ ਚਰਚਾ ਕੀਤੇ ਗਏ ਪ੍ਰੇਮ ਦੇ ਪਹਿਲੂਆਂ ਵਿੱਚੋਂ ਕਿਸੇ ਇਕ ਤੇ ਪੂਰਾ ਨਹੀਂ ਉਤਰਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਇਹ ਕਿਸ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ “ਪ੍ਰੇਮ ਕਦੇ ਟਲਦਾ ਨਹੀਂ”?

21 ਕਦੀ-ਕਦੀ, ਤੁਸੀਂ ਸ਼ਾਇਦ ਪੌਲੁਸ ਦੁਆਰਾ ਚਰਚਾ ਕੀਤੇ ਗਏ ਪ੍ਰੇਮ ਦੇ ਪਹਿਲੂਆਂ ਵਿੱਚੋਂ ਕਿਸੇ ਤੇ ਪੂਰਾ ਨਹੀਂ ਉਤਰੋਗੇ। ਲੇਕਿਨ ਹੌਸਲਾ ਨਾ ਹਾਰੋ। ਧੀਰਜ ਨਾਲ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹੋ। ਬਾਈਬਲ ਦੀ ਸਲਾਹ ਭਾਲਦੇ ਰਹੋ ਅਤੇ ਦੂਸਰਿਆਂ ਨਾਲ ਆਪਣੇ ਵਰਤਾਉ ਵਿਚ ਉਸ ਦੇ ਸਿਧਾਂਤਾਂ ਨੂੰ ਲਾਗੂ ਕਰਦੇ ਰਹੋ। ਯਹੋਵਾਹ ਨੇ ਜੋ ਮਿਸਾਲ ਸਾਡੇ ਲਈ ਕਾਇਮ ਕੀਤੀ ਹੈ ਉਸ ਨੂੰ ਕਦੀ ਨਾ ਭੁੱਲੋ। ਪੌਲੁਸ ਨੇ ਅਫ਼ਸੀਆਂ ਨੂੰ ਸਲਾਹ ਦਿੱਤੀ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।”—ਅਫ਼ਸੀਆਂ 4:32.

22 ਜਿਸ ਤਰ੍ਹਾਂ ਇਕ ਨਵੀਂ ਭਾਸ਼ਾ ਵਿਚ ਗੱਲ ਕਰਨੀ ਬਾਅਦ ਵਿਚ ਸੌਖੀ ਹੋ ਜਾਂਦੀ ਹੈ, ਉਸੇ ਤਰ੍ਹਾਂ ਸਮਾਂ ਬੀਤਣ ਨਾਲ ਤੁਸੀਂ ਦੇਖੋਗੇ ਕਿ ਪ੍ਰੇਮ ਦਿਖਾਉਣਾ ਸੌਖਾ ਹੋ ਜਾਵੇਗਾ। ਪੌਲੁਸ ਸਾਨੂੰ ਭਰੋਸਾ ਦਿੰਦਾ ਹੈ ਕਿ “ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:8) ਆਤਮਾ ਦੀਆਂ ਚਮਤਕਾਰੀ ਦਾਤਾਂ ਤੋਂ ਭਿੰਨ, ਪ੍ਰੇਮ ਕਦੀ ਵੀ ਮਿਟੇਗਾ ਨਹੀਂ। ਇਸ ਲਈ ਇਸ ਈਸ਼ਵਰੀ ਗੁਣ ਨੂੰ ਦਿਖਾਉਣਾ ਸਿੱਖਦੇ ਰਹੋ। ਜਿਵੇਂ ਪੌਲੁਸ ਨੇ ਕਿਹਾ ਸੀ, ਇਹ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਹੈ।

ਕੀ ਤੁਸੀਂ ਸਮਝਾ ਸਕਦੇ ਹੋ?

◻ ਪ੍ਰੇਮ ਘਮੰਡ ਉੱਤੇ ਕਿਸ ਤਰ੍ਹਾਂ ਜੇਤੂ ਹੋ ਸਕਦਾ ਹੈ?

◻ ਕਲੀਸਿਯਾ ਵਿਚ ਸ਼ਾਂਤੀ ਵਧਾਉਣ ਲਈ ਪ੍ਰੇਮ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦਾ ਹੈ?

◻ ਪ੍ਰੇਮ, ਸਹਾਰਨ ਵਿਚ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

◻ ਪ੍ਰੇਮ ਕਿਵੇਂ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਹੈ?

[ਸਫ਼ੇ 26 ਉੱਤੇ ਤਸਵੀਰ]

ਪ੍ਰੇਮ ਸੰਗੀ ਵਿਸ਼ਵਾਸੀਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨ ਵਿਚ ਸਾਡੀ ਮਦਦ ਕਰੇਗਾ

[ਸਫ਼ੇ 30 ਉੱਤੇ ਤਸਵੀਰਾਂ]

ਸਹਾਰਨ ਵਿਚ ਇਹ ਵੀ ਜ਼ਰੂਰੀ ਹੈ ਕਿ ਅਸੀਂ ਧਰਮ ਦੇ ਕੰਮਾਂ ਵਿਚ ਲੱਗੇ ਰਹੀਏ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ