ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਸਭ ਤੋਂ ਮਹਾਨ ਮਨੁੱਖ ਇਕ ਨਿਮਰ ਸੇਵਾ ਕਰਦਾ ਹੈ
ਯਿਸੂ ਜਾਣਦਾ ਸੀ ਕਿ ਆਪਣੇ ਰਸੂਲਾਂ ਨਾਲ ਬਿਤਾਈਆਂ ਗਈਆਂ ਉਸ ਦੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਕੀਮਤੀ ਹੋਣਗੀਆਂ। ਜਲਦੀ ਹੀ, ਉਹ ਫੜਿਆ ਜਾਵੇਗਾ ਅਤੇ ਉਸ ਦੀ ਨਿਹਚਾ ਪਹਿਲਾਂ ਨਾਲੋਂ ਕਿਤੇ ਵੱਧ ਪਰਖੀ ਜਾਵੇਗੀ। ਯਿਸੂ ਨੂੰ ਇਹ ਵੀ ਪਤਾ ਸੀ ਕਿ ਅਗਾਹਾਂ ਨੂੰ ਉਸ ਨੂੰ ਵੱਡੀਆਂ ਬਰਕਤਾਂ ਮਿਲਣਗੀਆਂ। ਜਲਦੀ ਹੀ, ਉਸ ਨੂੰ ਅੱਤ ਉੱਚਾ ਕਰ ਕੇ ਪਰਮੇਸ਼ੁਰ ਦੇ ਸੱਜੇ ਹੱਥ ਬਿਠਾਇਆ ਜਾਵੇਗਾ ਅਤੇ ‘ਉਸ ਨੂੰ ਉਹ ਨਾਮ ਦਿੱਤਾ ਜਾਵੇਗਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ।’—ਫ਼ਿਲਿੱਪੀਆਂ 2:9, 10.
ਫਿਰ ਵੀ, ਯਿਸੂ ਆਪਣੇ ਸਿਰ ਤੇ ਮੰਡਲਾਉਂਦੀ ਮੌਤ ਬਾਰੇ ਚਿੰਤਾ ਦੇ ਕਾਰਨ ਜਾਂ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਗਏ ਇਨਾਮ ਨੂੰ ਹਾਸਲ ਕਰਨ ਦੀ ਉਤਸੁਕਤਾ ਦੇ ਕਾਰਨ ਆਪਣੇ ਰਸੂਲਾਂ ਦੀਆਂ ਲੋੜਾਂ ਨੂੰ ਨਹੀਂ ਭੁੱਲਿਆ। ਯੂਹੰਨਾ ਨੇ ਬਾਅਦ ਵਿਚ ਆਪਣੀ ਇੰਜੀਲ ਵਿਚ ਲਿਖਿਆ ਕਿ ਯਿਸੂ “ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।” (ਯੂਹੰਨਾ 13:1) ਅਤੇ ਇਕ ਸੰਪੂਰਣ ਮਨੁੱਖ ਦੇ ਤੌਰ ਤੇ ਆਪਣੀ ਜ਼ਿੰਦਗੀ ਦੇ ਇਸ ਨਾਜ਼ੁਕ ਅੰਤਿਮ ਸਮੇਂ ਵਿਚ ਯਿਸੂ ਨੇ ਆਪਣੇ ਰਸੂਲਾਂ ਨੂੰ ਇਕ ਅਹਿਮ ਸਬਕ ਸਿਖਾਇਆ।
ਨਿਮਰਤਾ ਦਾ ਸਬਕ
ਰਸੂਲ, ਯਿਸੂ ਦੇ ਨਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਵਿਖੇ ਇਕ ਉੱਪਰਲੇ ਕਮਰੇ ਵਿਚ ਮੌਜੂਦ ਸਨ। ਪਹਿਲਾਂ ਵੀ ਯਿਸੂ ਨੇ ਉਨ੍ਹਾਂ ਨੂੰ ਇਹ ਬਹਿਸ ਕਰਦੇ ਹੋਏ ਸੁਣਿਆ ਸੀ ਕਿ ਉਨ੍ਹਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ। (ਮੱਤੀ 18:1; ਮਰਕੁਸ 9:33, 34) ਉਸ ਨੇ ਉਨ੍ਹਾਂ ਨਾਲ ਇਸ ਮਾਮਲੇ ਬਾਰੇ ਚਰਚਾ ਕੀਤੀ ਸੀ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। (ਲੂਕਾ 9:46) ਪਰੰਤੂ, ਇਸ ਵਾਰ ਯਿਸੂ ਇਨ੍ਹਾਂ ਸਬਕਾਂ ਉੱਤੇ ਜ਼ੋਰ ਦੇਣ ਲਈ ਇਕ ਅਲੱਗ ਤਰੀਕਾ ਅਪਣਾਉਂਦਾ ਹੈ। ਉਹ ਉਨ੍ਹਾਂ ਨੂੰ ਨਿਮਰਤਾ ਬਾਰੇ ਸਿਰਫ਼ ਦੱਸਦਾ ਹੀ ਨਹੀਂ ਹੈ, ਬਲਕਿ ਇਸ ਨੂੰ ਉਦਾਹਰਣ ਦੁਆਰਾ ਪ੍ਰਦਰਸ਼ਿਤ ਵੀ ਕਰਦਾ ਹੈ।
ਯੂਹੰਨਾ ਲਿਖਦਾ ਹੈ ਕਿ ਯਿਸੂ “ਖਾਣੇ ਤੋਂ ਉੱਠਿਆ ਅਰ ਆਪਣੇ ਬਸਤ੍ਰ [“ਬਾਹਰੀ ਬਸਤਰ,” ਨਿ ਵ] ਲਾਹ ਛੱਡੇ ਅਰ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ। ਫੇਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਸੀ ਪੂੰਝਣ ਲੱਗਾ।”—ਯੂਹੰਨਾ 13:4, 5.
ਪ੍ਰਾਚੀਨ ਸਮੇਂ ਵਿਚ ਮੱਧ ਪੂਰਬੀ ਦੇਸ਼ਾਂ ਦੇ ਗਰਮ ਮੌਸਮ ਕਰਕੇ ਲੋਕ ਅਕਸਰ ਸੈਂਡਲ ਪਾ ਕੇ ਧੂੜ ਭਰੀਆਂ ਸੜਕਾਂ ਤੇ ਚੱਲਦੇ ਸਨ। ਜਦੋਂ ਉਹ ਕਿਸੇ ਆਮ ਵਿਅਕਤੀ ਦੇ ਘਰ ਵਿਚ ਦਾਖ਼ਲ ਹੁੰਦੇ, ਤਾਂ ਮੇਜ਼ਬਾਨ ਉਨ੍ਹਾਂ ਦਾ ਸੁਆਗਤ ਕਰਦਾ, ਅਤੇ ਉਨ੍ਹਾਂ ਨੂੰ ਪੈਰ ਧੋਣ ਲਈ ਬਾਟੀ ਅਤੇ ਪਾਣੀ ਦਿੰਦਾ ਸੀ। ਅਮੀਰ ਘਰਾਂ ਵਿਚ, ਇਕ ਦਾਸ ਉਨ੍ਹਾਂ ਦੇ ਪੈਰ ਧੋਣ ਦਾ ਕੰਮ ਕਰਦਾ ਸੀ।—ਨਿਆਈਆਂ 19:21; 1 ਸਮੂਏਲ 25:40-42.
ਉਸ ਉੱਪਰਲੇ ਕਮਰੇ ਵਿਚ, ਯਿਸੂ ਅਤੇ ਉਸ ਦੇ ਰਸੂਲ ਕਿਸੇ ਦੇ ਮਹਿਮਾਨ ਨਹੀਂ ਸਨ। ਉੱਥੇ ਭਾਂਡਿਆਂ ਦਾ ਬੰਦੋਬਸਤ ਕਰਨ ਲਈ ਕੋਈ ਵੀ ਮੇਜ਼ਬਾਨ ਜਾਂ ਉਨ੍ਹਾਂ ਦੇ ਪੈਰ ਧੋਣ ਲਈ ਕੋਈ ਵੀ ਦਾਸ ਨਹੀਂ ਸੀ। ਜਦੋਂ ਯਿਸੂ ਨੇ ਉਨ੍ਹਾਂ ਦੇ ਪੈਰਾਂ ਨੂੰ ਧੋਣਾ ਸ਼ੁਰੂ ਕੀਤਾ, ਤਾਂ ਰਸੂਲਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ। ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਮਨੁੱਖ ਇੰਨਾ ਨਿਮਰ ਕੰਮ ਕਰ ਰਿਹਾ ਸੀ!
ਪਹਿਲਾਂ-ਪਹਿਲ ਤਾਂ ਪਤਰਸ ਨੇ ਯਿਸੂ ਨੂੰ ਉਸ ਦੇ ਪੈਰ ਧੋਣ ਤੋਂ ਰੋਕਿਆ। ਪਰ ਯਿਸੂ ਨੇ ਉਸ ਨੂੰ ਕਿਹਾ: “ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ।” ਜਦੋਂ ਯਿਸੂ ਨੇ ਸਾਰੇ ਰਸੂਲਾਂ ਦੇ ਪੈਰ ਧੋ ਲਏ, ਤਾਂ ਉਸ ਨੇ ਕਿਹਾ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।”—ਯੂਹੰਨਾ 13:6-15.
ਇੱਥੇ ਯਿਸੂ ਪੈਰ ਧੋਣ ਦੀ ਕੋਈ ਰੀਤ ਸ਼ੁਰੂ ਨਹੀਂ ਕਰ ਰਿਹਾ ਸੀ। ਇਸ ਦੀ ਬਜਾਇ, ਉਹ ਆਪਣੇ ਰਸੂਲਾਂ ਦੀ ਮਦਦ ਕਰ ਰਿਹਾ ਸੀ ਕਿ ਉਹ ਇਕ ਨਵਾਂ ਰਵੱਈਆ ਅਪਣਾਉਣ—ਅਜਿਹਾ ਨਿਮਰ ਰਵੱਈਆ ਜਿਸ ਨਾਲ ਇਕ ਵਿਅਕਤੀ ਆਪਣੇ ਭਰਾਵਾਂ ਦੀ ਖ਼ਾਤਰ ਨੀਵੇਂ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਹੋਵੇਗਾ। ਸਪੱਸ਼ਟ ਹੈ ਕਿ ਉਹ ਉਸ ਦੀ ਗੱਲ ਸਮਝ ਗਏ। ਜ਼ਰਾ ਵਿਚਾਰ ਕਰੋ ਕਿ ਉਦੋਂ ਕੀ ਹੋਇਆ ਸੀ ਜਦੋਂ ਕਈ ਸਾਲਾਂ ਬਾਅਦ ਸੁੰਨਤ ਦਾ ਮਾਮਲਾ ਉੱਠਿਆ ਸੀ। ਭਾਵੇਂ ਕਿ “ਬਹੁਤ ਵਾਦ” ਹੋਇਆ, ਫਿਰ ਵੀ ਉੱਥੇ ਮੌਜੂਦ ਸਾਰਿਆਂ ਨੇ ਸ਼ਾਂਤੀ ਬਣਾਈ ਰੱਖੀ ਅਤੇ ਆਦਰ ਨਾਲ ਇਕ ਦੂਸਰੇ ਦੀ ਰਾਇ ਸੁਣੀ। ਇਸ ਤੋਂ ਇਲਾਵਾ, ਇੰਜ ਜਾਪਦਾ ਹੈ ਕਿ ਉਸ ਸਭਾ ਦਾ ਸਭਾਪਤੀ ਯਾਕੂਬ ਨਾਮਕ ਚੇਲਾ ਸੀ—ਕੋਈ ਰਸੂਲ ਨਹੀਂ, ਜਿਵੇਂ ਕਿ ਅਸੀਂ ਸ਼ਾਇਦ ਆਸ ਰੱਖਦੇ ਕਿਉਂਕਿ ਰਸੂਲ ਉੱਥੇ ਮੌਜੂਦ ਸਨ। ਰਸੂਲਾਂ ਦੇ ਕਰਤੱਬ ਦੀ ਪੋਥੀ ਵਿਚ ਦਿੱਤੇ ਗਏ ਇਸ ਬਿਰਤਾਂਤ ਵਿਚ ਇਹ ਵੇਰਵਾ ਸੂਚਿਤ ਕਰਦਾ ਹੈ ਕਿ ਰਸੂਲਾਂ ਨੇ ਆਪਣੇ ਵਿਚ ਨਿਮਰਤਾ ਦੇ ਗੁਣ ਨੂੰ ਪੈਦਾ ਕਰਨ ਵਿਚ ਕਾਫ਼ੀ ਤਰੱਕੀ ਕਰ ਲਈ ਸੀ।—ਰਸੂਲਾਂ ਦੇ ਕਰਤੱਬ 15:6-29.
ਸਾਡੇ ਲਈ ਇਕ ਸਬਕ
ਆਪਣੇ ਚੇਲਿਆਂ ਦੇ ਪੈਰ ਧੋਣ ਦੁਆਰਾ ਯਿਸੂ ਨੇ ਨਿਮਰਤਾ ਦਾ ਇਕ ਜ਼ਬਰਦਸਤ ਸਬਕ ਸਿਖਾਇਆ। ਸੱਚ-ਮੁੱਚ, ਮਸੀਹੀਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਇੰਨੇ ਵੱਡੇ ਹਨ ਕਿ ਦੂਜਿਆਂ ਨੂੰ ਹਮੇਸ਼ਾ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ, ਅਤੇ ਨਾ ਹੀ ਉਨ੍ਹਾਂ ਨੂੰ ਮਾਣ ਅਤੇ ਸ਼ਾਨ ਵਾਲੀਆਂ ਪਦਵੀਆਂ ਨੂੰ ਲੋਚਣਾ ਚਾਹੀਦਾ ਹੈ। ਇਸ ਦੀ ਬਜਾਇ, ਉਨ੍ਹਾਂ ਨੂੰ ਯਿਸੂ ਦੁਆਰਾ ਕਾਇਮ ਕੀਤੇ ਗਏ ਨਮੂਨੇ ਉੱਤੇ ਚੱਲਣਾ ਚਾਹੀਦਾ ਹੈ, ਕਿਉਂਕਿ ਯਿਸੂ “ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ” ਸੀ। (ਮੱਤੀ 20:28) ਜੀ ਹਾਂ, ਯਿਸੂ ਦੇ ਚੇਲਿਆਂ ਨੂੰ ਇਕ ਦੂਸਰੇ ਦੇ ਲਈ ਨੀਵੇਂ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਚੰਗੇ ਕਾਰਨ ਕਰਕੇ ਪਤਰਸ ਨੇ ਲਿਖਿਆ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) “ਲੱਕ ਬੰਨ੍ਹੋਂ” ਦੇ ਲਈ ਯੂਨਾਨੀ ਸ਼ਬਦ ਉਸ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ “ਦਾਸ ਦਾ ਪੇਟਬੰਦ,” ਜਿਸ ਨੂੰ ਖੁੱਲ੍ਹੇ ਅਤੇ ਢਿੱਲੇ ਪੁਸ਼ਾਕ ਨੂੰ ਲੱਕ ਉੱਤੇ ਬੰਨ੍ਹਣ ਲਈ ਵਰਤਿਆ ਜਾਂਦਾ ਸੀ। ਕੀ ਪਤਰਸ ਯਿਸੂ ਦੇ ਉਸ ਕੰਮ ਵੱਲ ਸੰਕੇਤ ਕਰ ਰਿਹਾ ਸੀ ਜਦੋਂ ਉਸ ਨੇ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ ਸੀ ਅਤੇ ਆਪਣੇ ਰਸੂਲਾਂ ਦੇ ਪੈਰ ਧੋਤੇ ਸਨ? ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ। ਫਿਰ ਵੀ, ਯਿਸੂ ਦੀ ਨਿਮਰ ਸੇਵਾ ਨੇ ਪਤਰਸ ਦੇ ਦਿਲ ਤੇ ਡੂੰਘਾ ਪ੍ਰਭਾਵ ਪਾਇਆ, ਅਤੇ ਇਹੋ ਪ੍ਰਭਾਵ ਮਸੀਹ ਦੇ ਸਾਰੇ ਚੇਲਿਆਂ ਦੇ ਦਿਲਾਂ ਉੱਤੇ ਵੀ ਪੈਣਾ ਚਾਹੀਦਾ ਹੈ।—ਕੁਲੁੱਸੀਆਂ 3:12-14.