ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 4/15 ਸਫ਼ੇ 9-14
  • ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਮਸੀਹ ਦੀ ਭੂਮਿਕਾ
  • ਵਾਅਦਾ ਕੀਤੀ ਗਈ ਸੰਤਾਨ
  • ਰਿਹਾਈ-ਕੀਮਤ ਦੇ ਫ਼ਾਇਦੇ
  • ਸ਼ਾਨਦਾਰ ਸੰਭਾਵਨਾ
  • ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨੀਆਂ
  • ਯਿਸੂ ਮਸੀਹ—ਪਰਮੇਸ਼ੁਰ ਦਾ ਭੇਜਿਆ ਹੋਇਆ?
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਯਿਸੂ ਤੁਹਾਨੂੰ ਬਚਾ ਸਕਦਾ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕੀ ਕੀਤਾ ਹੈ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਮਸੀਹ ਦੀ ਰਿਹਾਈ-ਕੀਮਤ—ਮੁਕਤੀ ਲਈ ਪਰਮੇਸ਼ੁਰ ਦਾ ਰਾਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 4/15 ਸਫ਼ੇ 9-14

ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ

“ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ।”—ਯੂਹੰਨਾ 14:6.

1, 2. ਯਿਸੂ ਨੇ ਸਦੀਪਕ ਜੀਵਨ ਦੇ ਰਾਹ ਦੀ ਕਿਸ ਚੀਜ਼ ਨਾਲ ਤੁਲਨਾ ਕੀਤੀ, ਅਤੇ ਇਸ ਉਦਾਹਰਣ ਦਾ ਅਰਥ ਕੀ ਹੈ?

ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਸਦੀਪਕ ਜੀਵਨ ਦੇ ਰਾਹ ਦੀ ਤੁਲਨਾ ਅਜਿਹੇ ਰਾਹ ਨਾਲ ਕੀਤੀ ਜਿਸ ਉੱਤੇ ਤੁਰਨ ਲਈ ਕਿਸੇ ਵਿਅਕਤੀ ਨੂੰ ਇਕ ਫਾਟਕ ਰਾਹੀਂ ਜਾਣਾ ਪੈਂਦਾ ਹੈ। ਗੌਰ ਕਰੋ ਕਿ ਯਿਸੂ ਨੇ ਜ਼ੋਰ ਦਿੱਤਾ ਕਿ ਜੀਵਨ ਨੂੰ ਜਾਂਦਾ ਰਾਹ ਸੌਖਾ ਨਹੀਂ ਹੈ। ਉਸ ਨੇ ਕਿਹਾ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ [ਸਦੀਪਕ] ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।”—ਮੱਤੀ 7:13, 14.

2 ਕੀ ਤੁਸੀਂ ਇਸ ਉਦਾਹਰਣ ਦਾ ਅਰਥ ਸਮਝਦੇ ਹੋ? ਕੀ ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਜੀਵਨ ਨੂੰ ਸਿਰਫ਼ ਇਕ ਹੀ ਰਾਹ ਜਾਂਦਾ ਹੈ ਅਤੇ ਉਸ ਜੀਵਨ ਦੇ ਰਾਹ ਤੋਂ ਲਾਂਭੇ ਨਾ ਹੋਣ ਲਈ ਸਾਨੂੰ ਬਹੁਤ ਜਤਨ ਕਰਨਾ ਪਵੇਗਾ? ਤਾਂ ਫਿਰ, ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ ਕਿਹੜਾ ਹੈ?

ਯਿਸੂ ਮਸੀਹ ਦੀ ਭੂਮਿਕਾ

3, 4. (ੳ) ਬਾਈਬਲ ਸਾਡੀ ਮੁਕਤੀ ਵਿਚ ਯਿਸੂ ਦੀ ਮਹੱਤਵਪੂਰਣ ਭੂਮਿਕਾ ਕਿਵੇਂ ਦਿਖਾਉਂਦੀ ਹੈ? (ਅ) ਪਰਮੇਸ਼ੁਰ ਨੇ ਪਹਿਲਾਂ ਕਦੋਂ ਪ੍ਰਗਟ ਕੀਤਾ ਸੀ ਕਿ ਮਨੁੱਖਜਾਤੀ ਸਦੀਪਕ ਜੀਵਨ ਹਾਸਲ ਕਰ ਸਕਦੀ ਹੈ?

3 ਸਪੱਸ਼ਟ ਤੌਰ ਤੇ, ਇਸ ਰਾਹ ਦੇ ਸੰਬੰਧ ਵਿਚ ਯਿਸੂ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਜਿਵੇਂ ਪਤਰਸ ਰਸੂਲ ਨੇ ਐਲਾਨ ਕੀਤਾ: “ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ [ਯਿਸੂ ਦੇ ਨਾਂ ਤੋਂ ਸਿਵਾਇ] ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।” (ਰਸੂਲਾਂ ਦੇ ਕਰਤੱਬ 4:12) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਵੀ ਐਲਾਨ ਕੀਤਾ: “ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਯਿਸੂ ਨੇ ਖ਼ੁਦ ਪ੍ਰਗਟ ਕੀਤਾ ਕਿ ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ ਉਸ ਦੇ ਰਾਹੀਂ ਹੈ, ਕਿਉਂਕਿ ਉਸ ਨੇ ਐਲਾਨ ਕੀਤਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ।”—ਯੂਹੰਨਾ 14:6.

4 ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਭੂਮਿਕਾ ਨੂੰ ਸਵੀਕਾਰ ਕਰੀਏ ਕਿ ਉਹੀ ਸਦੀਪਕ ਜੀਵਨ ਨੂੰ ਸੰਭਵ ਬਣਾਵੇਗਾ। ਆਓ ਫਿਰ, ਆਪਾਂ ਉਸ ਦੀ ਭੂਮਿਕਾ ਨੂੰ ਜ਼ਿਆਦਾ ਧਿਆਨ ਨਾਲ ਦੇਖੀਏ। ਕੀ ਤੁਹਾਨੂੰ ਪਤਾ ਹੈ ਕਿ ਆਦਮ ਦੇ ਪਾਪ ਤੋਂ ਬਾਅਦ, ਯਹੋਵਾਹ ਪਰਮੇਸ਼ੁਰ ਨੇ ਪਹਿਲਾਂ ਕਦੋਂ ਦੱਸਿਆ ਸੀ ਕਿ ਮਨੁੱਖਜਾਤੀ ਸਦੀਪਕ ਜੀਵਨ ਦਾ ਆਨੰਦ ਮਾਣ ਸਕਦੀ ਹੈ? ਇਹ ਆਦਮ ਦੇ ਪਾਪ ਕਰਨ ਤੋਂ ਇਕਦਮ ਬਾਅਦ ਦੱਸਿਆ ਗਿਆ ਸੀ। ਆਓ ਆਪਾਂ ਦੇਖੀਏ ਕਿ ਮਨੁੱਖਜਾਤੀ ਦੇ ਮੁਕਤੀਦਾਤੇ ਵਜੋਂ ਯਿਸੂ ਮਸੀਹ ਦੇ ਪ੍ਰਬੰਧ ਬਾਰੇ ਪਹਿਲਾਂ ਕਿਵੇਂ ਦੱਸਿਆ ਗਿਆ ਸੀ।

ਵਾਅਦਾ ਕੀਤੀ ਗਈ ਸੰਤਾਨ

5. ਅਸੀਂ ਉਸ ਸੱਪ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਜਿਸ ਨੇ ਹੱਵਾਹ ਨੂੰ ਭਰਮਾਇਆ ਸੀ?

5 ਪਰਮੇਸ਼ੁਰ ਨੇ ਤਸਵੀਰੀ ਸ਼ਬਦਾਂ ਵਿਚ ਉਸ ਵਾਅਦਾ ਕੀਤੇ ਗਏ ਮੁਕਤੀਦਾਤੇ ਦੀ ਪਛਾਣ ਕਰਵਾਈ। ਉਸ ਨੇ “ਸੱਪ” ਨੂੰ ਸਜ਼ਾ ਸੁਣਾਉਂਦੇ ਸਮੇਂ ਇਹ ਕੀਤਾ। ਇਸ ਸੱਪ ਨੇ ਹੱਵਾਹ ਨੂੰ ਪਰਮੇਸ਼ੁਰ ਦੀ ਅਵੱਗਿਆ ਕਰਨ ਲਈ ਭਰਮਾਇਆ ਸੀ ਕਿ ਉਹ ਮਨ੍ਹਾ ਕੀਤਾ ਗਿਆ ਫਲ ਖਾਵੇ। (ਉਤਪਤ 3:1-5) ਨਿਸ਼ਚੇ ਹੀ, ਇਹ ਕੋਈ ਅਸਲੀ ਸੱਪ ਨਹੀਂ ਸੀ। ਇਹ ਇਕ ਸ਼ਕਤੀਸ਼ਾਲੀ ਦੂਤਮਈ ਪ੍ਰਾਣੀ ਸੀ ਜਿਸ ਦੀ ਪਛਾਣ ਬਾਈਬਲ ਵਿਚ ‘ਪੁਰਾਣੇ ਸੱਪ’ ਵਜੋਂ ਕਰਵਾਈ ਜਾਂਦੀ ਹੈ, “ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਹੱਵਾਹ ਨੂੰ ਭਰਮਾਉਣ ਲਈ ਸ਼ਤਾਨ ਨੇ ਇਸ ਨੀਵੇਂ ਜੀਵ ਨੂੰ ਉਸ ਨਾਲ ਬੋਲਣ ਲਈ ਇਸਤੇਮਾਲ ਕੀਤਾ। ਇਸ ਲਈ, ਸ਼ਤਾਨ ਨੂੰ ਸਜ਼ਾ ਦਿੰਦੇ ਹੋਏ, ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ [ਤੀਵੀਂ ਦੀ ਸੰਤਾਨ] ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15.

6, 7. (ੳ) ਉਹ ਤੀਵੀਂ ਕੌਣ ਹੈ ਜੋ “ਸੰਤਾਨ” ਨੂੰ ਜਨਮ ਦਿੰਦੀ ਹੈ? (ਅ) ਵਾਅਦਾ ਕੀਤੀ ਗਈ ਸੰਤਾਨ ਕੌਣ ਹੈ, ਅਤੇ ਉਹ ਕਿਹੜਾ ਕੰਮ ਪੂਰਾ ਕਰੇਗਾ?

6 ਇਹ “ਤੀਵੀਂ” ਕੌਣ ਹੈ ਜਿਸ ਦੇ ਨਾਲ ਸ਼ਤਾਨ ਨੂੰ ਵੈਰ, ਜਾਂ ਨਫ਼ਰਤ ਹੈ? ਠੀਕ ਜਿਵੇਂ ਪਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਵਿਚ ‘ਪੁਰਾਣੇ ਸੱਪ’ ਦੀ ਪਛਾਣ ਕਰਵਾਈ ਗਈ ਹੈ, ਉਸੇ ਤਰ੍ਹਾਂ ਉਸ ਤੀਵੀਂ ਦੀ ਵੀ ਪਛਾਣ ਕਰਵਾਈ ਗਈ ਹੈ ਜਿਸ ਨਾਲ ਸ਼ਤਾਨ ਨੂੰ ਨਫ਼ਰਤ ਹੈ। ਧਿਆਨ ਦਿਓ ਕਿ ਪਹਿਲੀ ਆਇਤ ਵਿਚ ਉਸ ਬਾਰੇ ਕਿਹਾ ਗਿਆ ਹੈ ਕਿ ਉਹ “ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ।” ਇਹ ਤੀਵੀਂ ਪਰਮੇਸ਼ੁਰ ਦੇ ਵਫ਼ਾਦਾਰ ਦੂਤਾਂ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ, ਅਤੇ ਜਿਸ “ਨਰ ਬਾਲ” ਨੂੰ ਉਹ ਜਨਮ ਦਿੰਦੀ ਹੈ ਉਹ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ ਜਿਸ ਵਿਚ ਰਾਜੇ ਵਜੋਂ ਯਿਸੂ ਮਸੀਹ ਰਾਜ ਕਰ ਰਿਹਾ ਹੈ।—ਪਰਕਾਸ਼ ਦੀ ਪੋਥੀ 12:1-5.

7 ਤਾਂ ਫਿਰ, ਉਤਪਤ 3:15 ਵਿਚ ਜ਼ਿਕਰ ਕੀਤੀ ਗਈ ਤੀਵੀਂ ਦੀ ਇਹ “ਸੰਤਾਨ,” ਜਾਂ ਔਲਾਦ ਕੌਣ ਹੈ, ਜੋ ਸ਼ਤਾਨ ਦੇ ‘ਸਿਰ ਨੂੰ ਫੇਹ’ ਕੇ ਉਸ ਨੂੰ ਮਾਰ ਦੇਵੇਗਾ? ਇਹ ਉਹ ਵਿਅਕਤੀ ਹੈ ਜਿਸ ਨੂੰ ਪਰਮੇਸ਼ੁਰ ਨੇ ਸਵਰਗ ਤੋਂ ਇਕ ਕੁਆਰੀ ਤੋਂ ਚਮਤਕਾਰੀ ਢੰਗ ਨਾਲ ਜਨਮ ਲੈਣ ਲਈ ਘੱਲਿਆ ਸੀ, ਜੀ ਹਾਂ, ਉਹ ਮਨੁੱਖ ਯਿਸੂ ਹੈ। (ਮੱਤੀ 1:18-23; ਯੂਹੰਨਾ 6:38) ਪਰਕਾਸ਼ ਦੀ ਪੋਥੀ ਦਾ 12ਵਾਂ ਅਧਿਆਇ ਦਿਖਾਉਂਦਾ ਹੈ ਕਿ ਇਹ ਸੰਤਾਨ, ਯਾਨੀ ਕਿ ਯਿਸੂ ਮਸੀਹ, ਇਕ ਜੀ ਉੱਠੇ ਸਵਰਗੀ ਸ਼ਾਸਕ ਵਜੋਂ ਸ਼ਤਾਨ ਉੱਤੇ ਜਿੱਤ ਹਾਸਲ ਕਰਨ ਵਿਚ ਅਗਵਾਈ ਕਰੇਗਾ ਅਤੇ ਜਿਵੇਂ ਪਰਕਾਸ਼ ਦੀ ਪੋਥੀ 12:10 ਕਹਿੰਦੀ ਹੈ, ‘ਸਾਡੇ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਮਸੀਹ ਦੇ ਇਖ਼ਤਿਆਰ’ ਨੂੰ ਸਥਾਪਿਤ ਕਰੇਗਾ।

8. (ੳ) ਆਪਣੇ ਮੁਢਲੇ ਮਕਸਦ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਕਿਸ ਨਵੀਂ ਚੀਜ਼ ਦਾ ਪ੍ਰਬੰਧ ਕੀਤਾ? (ਅ) ਪਰਮੇਸ਼ੁਰ ਦੀ ਨਵੀਂ ਸਰਕਾਰ ਵਿਚ ਕੌਣ ਭਾਗ ਲੈਂਦੇ ਹਨ?

8 ਯਿਸੂ ਮਸੀਹ ਦੇ ਹੱਥਾਂ ਵਿਚ ਇਹ ਰਾਜ ਉਹ ਨਵੀਂ ਚੀਜ਼ ਹੈ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਆਪਣੇ ਮੁਢਲੇ ਮਕਸਦ ਦੇ ਸੰਬੰਧ ਵਿਚ ਕੀਤਾ ਹੈ, ਯਾਨੀ ਕਿ ਮਨੁੱਖਾਂ ਨੂੰ ਧਰਤੀ ਉੱਤੇ ਸਦੀਪਕ ਜੀਵਨ ਦੇਣ ਦਾ ਮਕਸਦ। ਸ਼ਤਾਨ ਦੀ ਬਗਾਵਤ ਤੋਂ ਬਾਅਦ, ਯਹੋਵਾਹ ਨੇ ਇਸ ਨਵੀਂ ਰਾਜ ਸਰਕਾਰ ਦੁਆਰਾ ਦੁਸ਼ਟਤਾ ਦੇ ਸਾਰੇ ਬੁਰੇ ਨਤੀਜਿਆਂ ਨੂੰ ਉਲਟਾਉਣ ਦਾ ਫ਼ੌਰਨ ਪ੍ਰਬੰਧ ਕੀਤਾ। ਜਦੋਂ ਯਿਸੂ ਧਰਤੀ ਉੱਤੇ ਸੀ ਉਸ ਨੇ ਪ੍ਰਗਟ ਕੀਤਾ ਕਿ ਉਹ ਇਸ ਰਾਜ ਹਕੂਮਤ ਵਿਚ ਇਕੱਲਾ ਰਾਜਾ ਨਹੀਂ ਹੋਵੇਗਾ। (ਲੂਕਾ 22:28-30) ਮਨੁੱਖਜਾਤੀ ਵਿੱਚੋਂ ਦੂਜੇ ਵਿਅਕਤੀ ਵੀ ਚੁਣੇ ਜਾਣੇ ਸਨ, ਜੋ ਉਸ ਨਾਲ ਰਾਜ ਕਰਨ ਲਈ ਸਵਰਗ ਨੂੰ ਜਾਣਗੇ, ਅਤੇ ਇਸ ਤਰ੍ਹਾਂ ਉਸ ਤੀਵੀਂ ਦੀ ਸੰਤਾਨ ਦਾ ਇਕ ਸਹਾਇਕ ਭਾਗ ਹੋਣਗੇ। (ਗਲਾਤੀਆਂ 3:16, 29) ਬਾਈਬਲ ਵਿਚ, ਯਿਸੂ ਨਾਲ ਸੰਗੀ ਸ਼ਾਸਕ ਬਣਨ ਵਾਲਿਆਂ ਦੀ ਗਿਣਤੀ 1,44,000 ਦੱਸੀ ਗਈ ਹੈ। ਇਹ ਸਾਰੇ ਹੀ ਧਰਤੀ ਉੱਤੋਂ ਪਾਪੀ ਮਨੁੱਖਜਾਤੀ ਵਿੱਚੋਂ ਲਏ ਗਏ ਹਨ।—ਪਰਕਾਸ਼ ਦੀ ਪੋਥੀ 14:1-3.

9. (ੳ) ਯਿਸੂ ਲਈ ਧਰਤੀ ਉੱਤੇ ਪ੍ਰਗਟ ਹੋਣਾ ਕਿਉਂ ਜ਼ਰੂਰੀ ਸੀ? (ਅ) ਯਿਸੂ ਨੇ ਸ਼ਤਾਨ ਦੇ ਕੰਮ ਕਿਵੇਂ ਉਲਟਾਏ?

9 ਪਰ, ਇਸ ਤੋਂ ਪਹਿਲਾਂ ਕਿ ਇਹ ਰਾਜ ਆਪਣਾ ਸ਼ਾਸਨ ਸ਼ੁਰੂ ਕਰ ਸਕੇ, ਇਹ ਬਹੁਤ ਹੀ ਜ਼ਰੂਰੀ ਸੀ ਕਿ ਸੰਤਾਨ ਦਾ ਪ੍ਰਮੁੱਖ ਹਿੱਸਾ, ਯਿਸੂ ਮਸੀਹ, ਧਰਤੀ ਉੱਤੇ ਪ੍ਰਗਟ ਹੋਵੇ। ਇਹ ਕਿਉਂ? ਕਿਉਂਕਿ ਉਸ ਨੂੰ ‘ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰਨ, [ਜਾਂ, ਉਲਟਾਉਣ] ਲਈ’ ਯਹੋਵਾਹ ਪਰਮੇਸ਼ੁਰ ਦੁਆਰਾ ਨਿਯੁਕਤ ਕੀਤਾ ਗਿਆ ਸੀ। (1 ਯੂਹੰਨਾ 3:8) ਸ਼ਤਾਨ ਦੇ ਕੰਮਾਂ ਵਿਚ ਆਦਮ ਨੂੰ ਪਾਪ ਕਰਨ ਲਈ ਲਲਚਾਉਣਾ ਵੀ ਸ਼ਾਮਲ ਸੀ, ਜਿਸ ਦੇ ਕਾਰਨ ਉਸ ਦੀ ਸਾਰੀ ਔਲਾਦ ਨੂੰ ਪਾਪ ਅਤੇ ਮੌਤ ਦੀ ਸਜ਼ਾ ਭੁਗਤਣੀ ਪਈ। (ਰੋਮੀਆਂ 5:12) ਯਿਸੂ ਨੇ ਆਪਣੀ ਜਾਨ ਨੂੰ ਇਕ ਰਿਹਾਈ-ਕੀਮਤ ਵਜੋਂ ਦੇ ਕੇ ਸ਼ਤਾਨ ਦੇ ਇਸ ਕੰਮ ਨੂੰ ਉਲਟਾ ਦਿੱਤਾ। ਇਸ ਤਰ੍ਹਾਂ ਯਿਸੂ ਨੇ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਦੀ ਸਜ਼ਾ ਤੋਂ ਛੁਟਕਾਰਾ ਦਿਲਾਉਣ ਲਈ ਇਕ ਆਧਾਰ ਪੇਸ਼ ਕੀਤਾ ਅਤੇ ਸਦੀਪਕ ਜੀਵਨ ਦਾ ਰਾਹ ਖੋਲ੍ਹਿਆ।—ਮੱਤੀ 20:28; ਰੋਮੀਆਂ 3:24; ਅਫ਼ਸੀਆਂ 1:7.

ਰਿਹਾਈ-ਕੀਮਤ ਦੇ ਫ਼ਾਇਦੇ

10. ਯਿਸੂ ਅਤੇ ਆਦਮ ਇਕ ਦੂਜੇ ਵਰਗੇ ਕਿਵੇਂ ਸਨ?

10 ਯਿਸੂ ਦੀ ਜਾਨ ਨੂੰ ਸਵਰਗ ਤੋਂ ਇਕ ਇਸਤਰੀ ਦੀ ਕੁੱਖ ਵਿਚ ਪਾਇਆ ਗਿਆ ਸੀ, ਇਸ ਕਰਕੇ ਉਸ ਨੇ ਆਦਮ ਦੇ ਪਾਪ ਤੋਂ ਬੇਦਾਗ਼ ਰਹਿ ਕੇ ਇਕ ਸੰਪੂਰਣ ਇਨਸਾਨ ਵਜੋਂ ਜਨਮ ਲਿਆ। ਉਸ ਵਿਚ ਧਰਤੀ ਉੱਤੇ ਸਦਾ ਲਈ ਜੀਉਣ ਦੀ ਯੋਗਤਾ ਸੀ। ਆਦਮ ਨੂੰ ਵੀ ਇਕ ਸੰਪੂਰਣ ਇਨਸਾਨ ਵਜੋਂ ਬਣਾਇਆ ਗਿਆ ਸੀ, ਅਤੇ ਉਸ ਵਿਚ ਵੀ ਇਸੇ ਤਰ੍ਹਾਂ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਮਾਣਨ ਦੀ ਸੰਭਾਵਨਾ ਸੀ। ਪੌਲੁਸ ਰਸੂਲ ਦੇ ਮਨ ਵਿਚ ਇਨ੍ਹਾਂ ਦੋਹਾਂ ਮਨੁੱਖਾਂ ਦਰਮਿਆਨ ਸਮਾਨਤਾ ਸੀ ਜਦੋਂ ਉਸ ਨੇ ਲਿਖਿਆ: “ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ, ਛੇਕੜਲਾ ਆਦਮ [ਯਿਸੂ ਮਸੀਹ] ਜੀਵਨ ਦਾਤਾ . . . ਹੋਇਆ। ਪਹਿਲਾ ਮਨੁੱਖ ਮਿੱਟੀ ਦਾ ਬਣਿਆ। ਦੂਜਾ ਮਨੁੱਖ ਸੁਰਗੋਂ ਹੈ।”—1 ਕੁਰਿੰਥੀਆਂ 15:45, 47.

11. (ੳ) ਆਦਮ ਅਤੇ ਯਿਸੂ ਨੇ ਮਨੁੱਖਜਾਤੀ ਉੱਤੇ ਕਿਹੜਾ ਅਸਰ ਪਾਇਆ? (ਅ) ਸਾਨੂੰ ਯਿਸੂ ਦੇ ਬਲੀਦਾਨ ਨੂੰ ਕਿਸ ਤਰ੍ਹਾਂ ਵਿਚਾਰਨਾ ਚਾਹੀਦਾ ਹੈ?

11 ਅਜੇ ਤਕ ਧਰਤੀ ਉੱਤੇ ਸਿਰਫ਼ ਇਹੀ ਦੋ ਸੰਪੂਰਣ ਮਨੁੱਖ ਜੀਏ ਹਨ। ਬਾਈਬਲ ਦੇ ਇਸ ਐਲਾਨ ਰਾਹੀਂ ਇਨ੍ਹਾਂ ਦੋਹਾਂ ਦਰਮਿਆਨ ਸਮਾਨਤਾ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਯਿਸੂ ਨੇ ‘ਆਪਣੇ ਆਪ ਨੂੰ ਸਭਨਾਂ ਲਈ ਇਕ ਬਰਾਬਰ ਦੀ ਰਿਹਾਈ-ਕੀਮਤ ਵਜੋਂ ਦੇ ਦਿੱਤਾ।’ (1 ਤਿਮੋਥਿਉਸ 2:6, ਨਿ ਵ) ਯਿਸੂ ਕਿਸ ਦੇ ਬਰਾਬਰ ਸੀ? ਨਿਸ਼ਚੇ ਹੀ, ਆਦਮ ਦੇ ਜਦੋਂ ਉਹ ਅਜੇ ਇਕ ਸੰਪੂਰਣ ਮਨੁੱਖ ਸੀ! ਪਹਿਲੇ ਆਦਮ ਦੇ ਪਾਪ ਦੇ ਨਤੀਜੇ ਵਜੋਂ ਪੂਰੇ ਮਾਨਵੀ ਪਰਿਵਾਰ ਨੂੰ ਮੌਤ ਦੀ ਸਜ਼ਾ ਮਿਲੀ। ‘ਛੇਕੜਲੇ ਆਦਮ’ ਦਾ ਬਲੀਦਾਨ ਪਾਪ ਅਤੇ ਮੌਤ ਤੋਂ ਮੁਕਤੀ ਹਾਸਲ ਕਰਨ ਦਾ ਆਧਾਰ ਪੇਸ਼ ਕਰਦਾ ਹੈ, ਤਾਂਕਿ ਅਸੀਂ ਸਦਾ ਲਈ ਜੀ ਸਕੀਏ। ਯਿਸੂ ਦਾ ਬਲੀਦਾਨ ਬਹੁਮੁੱਲਾ ਹੈ! ਪਤਰਸ ਰਸੂਲ ਨੇ ਕਿਹਾ: ‘ਤੁਸੀਂ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਨਿਸਤਾਰਾ ਪਾਇਆ।’ ਸਗੋਂ, ਪਤਰਸ ਸਮਝਾਉਂਦਾ ਹੈ: “ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।”—1 ਪਤਰਸ 1:18, 19.

12. ਬਾਈਬਲ ਮੌਤ ਦੀ ਸਜ਼ਾ ਨੂੰ ਉਲਟਾਉਣ ਦਾ ਕਿਵੇਂ ਵਰਣਨ ਕਰਦੀ ਹੈ?

12 ਬਾਈਬਲ ਸੋਹਣੇ ਢੰਗ ਨਾਲ ਵਰਣਨ ਕਰਦੀ ਹੈ ਕਿ ਮਾਨਵੀ ਪਰਿਵਾਰ ਉੱਤੋਂ ਮੌਤ ਦੀ ਸਜ਼ਾ ਨੂੰ ਕਿਸ ਤਰੀਕੇ ਨਾਲ ਉਲਟਾਇਆ ਜਾਵੇਗਾ। ਇਹ ਕਹਿੰਦੀ ਹੈ: “ਇੱਕ ਅਪਰਾਧ ਦੇ ਕਾਰਨ [ਜੋ ਆਦਮ ਨੇ ਕੀਤਾ] ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ [ਯਿਸੂ ਦਾ ਖਰਿਆਈ ਵਾਲਾ ਜੀਵਨ, ਜਿਸ ਦਾ ਅੰਤ ਉਸ ਦੀ ਮੌਤ ਸੀ] ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ। ਕਿਉਂਕਿ ਜਿਵੇਂ ਉਸ ਇੱਕ ਮਨੁੱਖ [ਆਦਮ] ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ [ਮਨੁੱਖ ਯਿਸੂ] ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ।”—ਰੋਮੀਆਂ 5:18, 19.

ਸ਼ਾਨਦਾਰ ਸੰਭਾਵਨਾ

13. ਕਈ ਲੋਕ ਸਦਾ ਲਈ ਕਿਉਂ ਨਹੀਂ ਜੀਉਣਾ ਚਾਹੁੰਦੇ?

13 ਪਰਮੇਸ਼ੁਰ ਦੁਆਰਾ ਕੀਤੇ ਗਏ ਇਸ ਪ੍ਰਬੰਧ ਤੋਂ ਸਾਨੂੰ ਬਹੁਤ ਹੀ ਖ਼ੁਸ਼ ਹੋਣਾ ਚਾਹੀਦਾ ਹੈ! ਕੀ ਤੁਸੀਂ ਖ਼ੁਸ਼ ਨਹੀਂ ਹੋ ਕਿ ਇਕ ਮੁਕਤੀਦਾਤੇ ਦਾ ਪ੍ਰਬੰਧ ਕੀਤਾ ਗਿਆ ਹੈ? ਜਦੋਂ ਅਮਰੀਕਾ ਦੇ ਇਕ ਵੱਡੇ ਸ਼ਹਿਰ ਦੇ ਅਖ਼ਬਾਰ ਨੇ ਸਰਵੇਖਣ ਵਿਚ ਪੁੱਛਿਆ ਕਿ “ਕੀ ਸਦਾ ਲਈ ਜੀਉਣ ਦੀ ਸੰਭਾਵਨਾ ਤੁਹਾਨੂੰ ਭਾਉਂਦੀ ਹੈ?” ਤਾਂ ਹੈਰਾਨੀ ਦੀ ਗੱਲ ਹੈ ਕਿ 67.4 ਫੀ ਸਦੀ ਲੋਕਾਂ ਨੇ “ਨਹੀਂ” ਕਿਹਾ। ਉਨ੍ਹਾਂ ਨੇ ਕਿਉਂ ਕਿਹਾ ਕਿ ਉਹ ਸਦਾ ਲਈ ਨਹੀਂ ਜੀਉਣਾ ਚਾਹੁੰਦੇ ਸਨ? ਜ਼ਾਹਰਾ ਤੌਰ ਤੇ ਕਿਉਂਕਿ ਧਰਤੀ ਉੱਤੇ ਜੀਵਨ ਹੁਣ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਭਰਿਆ ਹੋਇਆ ਹੈ। ਇਕ ਔਰਤ ਨੇ ਕਿਹਾ: “ਮੈਂ ਆਪਣੇ ਆਪ ਨੂੰ 200 ਸਾਲ ਦੀ ਬੁੱਢੀ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੀ।”

14. ਸਦਾ ਲਈ ਜੀਉਣਾ ਪੂਰੇ ਆਨੰਦ ਦੀ ਗੱਲ ਕਿਉਂ ਹੋਵੇਗੀ?

14 ਲੇਕਿਨ, ਬਾਈਬਲ ਅਜਿਹੇ ਸੰਸਾਰ ਵਿਚ ਸਦਾ ਲਈ ਜੀਉਣ ਦੀ ਗੱਲ ਨਹੀਂ ਕਰ ਰਹੀ ਜਿੱਥੇ ਲੋਕ ਬੀਮਾਰੀ, ਬੁਢਾਪੇ, ਅਤੇ ਦੂਜੀਆਂ ਬਿਪਤਾਵਾਂ ਦਾ ਦੁੱਖ ਭੋਗਦੇ ਹਨ। ਨਹੀਂ, ਕਿਉਂਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ, ਯਿਸੂ ਸ਼ਤਾਨ ਦੁਆਰਾ ਲਿਆਂਦੀਆਂ ਅਜਿਹੀਆਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗਾ। ਬਾਈਬਲ ਦੇ ਅਨੁਸਾਰ, ਪਰਮੇਸ਼ੁਰ ਦਾ ਰਾਜ ਸੰਸਾਰ ਦੀਆਂ ਸਾਰੀਆਂ ਭੈੜੀਆਂ ਸਰਕਾਰਾਂ ਦਾ “ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” (ਦਾਨੀਏਲ 2:44) ਉਸ ਸਮੇਂ, ਯਿਸੂ ਦੁਆਰਾ ਆਪਣੇ ਚੇਲਿਆਂ ਨੂੰ ਸਿਖਾਈ ਗਈ ਪ੍ਰਾਰਥਨਾ ਦੇ ਜਵਾਬ ਵਿਚ, ਪਰਮੇਸ਼ੁਰ ਦੀ ‘ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਪੂਰੀ ਹੋਵੇਗੀ।’ (ਮੱਤੀ 6:9, 10) ਧਰਤੀ ਉੱਤੋਂ ਸਾਰੀ ਬੁਰਿਆਈ ਨੂੰ ਖ਼ਤਮ ਕਰਨ ਤੋਂ ਬਾਅਦ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਿਸੂ ਦੀ ਰਿਹਾਈ-ਕੀਮਤ ਦੇ ਲਾਭ ਲਾਗੂ ਕੀਤੇ ਜਾਣਗੇ। ਜੀ ਹਾਂ, ਸਾਰੇ ਯੋਗ ਵਿਅਕਤੀਆਂ ਨੂੰ ਸੰਪੂਰਣ ਸਿਹਤ ਮਿਲੇਗੀ!

15, 16. ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਕਿਹੋ ਜਿਹੇ ਹਾਲਾਤ ਹੋਣਗੇ?

15 ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਰਹਿਣ ਵਾਲਿਆਂ ਲੋਕਾਂ ਉੱਤੇ ਇਹ ਬਾਈਬਲ ਆਇਤ ਲਾਗੂ ਹੋਵੇਗੀ: “ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।” (ਅੱਯੂਬ 33:25) ਬਾਈਬਲ ਦੇ ਇਕ ਹੋਰ ਵਾਅਦੇ ਦੀ ਪੂਰਤੀ ਵੀ ਹੋਵੇਗੀ: “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6.

16 ਜ਼ਰਾ ਸੋਚੋ: ਸਾਡੀ ਉਮਰ ਭਾਵੇਂ 80,800, ਜਾਂ ਇਸ ਤੋਂ ਜ਼ਿਆਦਾ ਸਾਲ ਦੀ ਕਿਉਂ ਨਾ ਹੋਵੇ, ਫਿਰ ਵੀ ਸਾਡੇ ਸਰੀਰ ਬਿਲਕੁਲ ਤੰਦਰੁਸਤ ਰਹਿਣਗੇ! ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਬਾਈਬਲ ਵਾਅਦਾ ਕਰਦੀ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਉਸ ਸਮੇਂ ਇਹ ਵਾਅਦਾ ਵੀ ਪੂਰਾ ਹੋਵੇਗਾ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਯਸਾਯਾਹ 33:24; ਪਰਕਾਸ਼ ਦੀ ਪੋਥੀ 21:3, 4.

17. ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਸੀਂ ਲੋਕਾਂ ਤੋਂ ਕਿਹੜੀਆਂ ਪ੍ਰਾਪਤੀਆਂ ਦੀ ਆਸ ਰੱਖ ਸਕਦੇ ਹਾਂ?

17 ਉਸ ਨਵੇਂ ਸੰਸਾਰ ਵਿਚ, ਅਸੀਂ ਆਪਣੇ ਸ਼ਾਨਦਾਰ ਦਿਮਾਗ਼ ਨੂੰ ਉਸ ਤਰ੍ਹਾਂ ਵਰਤ ਸਕਾਂਗੇ ਜਿਸ ਤਰ੍ਹਾਂ ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਸੀ ਜਦੋਂ ਉਸ ਨੇ ਇਸ ਨੂੰ ਬੇਅੰਤ ਸਿੱਖਿਆ ਹਾਸਲ ਕਰਨ ਦੀ ਯੋਗਤਾ ਨਾਲ ਡੀਜ਼ਾਈਨ ਕੀਤਾ ਸੀ। ਜ਼ਰਾ ਉਨ੍ਹਾਂ ਅਦਭੁਤ ਕੰਮਾਂ ਦੀ ਕਲਪਨਾ ਕਰੋ ਜੋ ਅਸੀਂ ਕਰ ਸਕਾਂਗੇ! ਹੁਣ ਵੀ ਅਪੂਰਣ ਮਨੁੱਖਾਂ ਨੇ ਧਰਤੀ ਦੇ ਭੰਡਾਰ ਵਿੱਚੋਂ ਉਹ ਸਾਰੀਆਂ ਚੀਜ਼ਾਂ ਬਣਾਈਆਂ ਹਨ ਜੋ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਜਿਵੇਂ ਕਿ ਮੋਬਾਇਲਫ਼ੋਨ, ਮਾਈਕ੍ਰੋਫ਼ੋਨ, ਘੜੀਆਂ, ਬੀਪਰ, ਕੰਪਿਊਟਰ, ਹਵਾਈ-ਜਹਾਜ਼, ਜੀ ਹਾਂ, ਕਿਸੇ ਵੀ ਚੀਜ਼ ਦਾ ਨਾਂ ਲੈ ਲਓ। ਉਨ੍ਹਾਂ ਨੇ ਇਹ ਚੀਜ਼ਾਂ ਬਣਾਉਣ ਲਈ ਵਿਸ਼ਵ-ਮੰਡਲ ਦੀ ਇਕ ਦੂਰ ਦੀ ਜਗ੍ਹਾ ਤੋਂ ਸਾਮਾਨ ਨਹੀਂ ਲਿਆਂਦਾ। ਆਉਣ ਵਾਲੇ ਜ਼ਮੀਨੀ ਫਿਰਦੌਸ ਵਿਚ ਹਮੇਸ਼ਾ ਲਈ ਜੀਉਣ ਕਰਕੇ ਰਚਨਾਤਮਕ ਪ੍ਰਾਪਤੀਆਂ ਦੀ ਸੰਭਾਵਨਾ ਦੀ ਕੋਈ ਹੱਦ ਨਹੀਂ ਹੋਵੇਗੀ!—ਯਸਾਯਾਹ 65:21-25.

18. ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਸੀਂ ਜੀਵਨ ਤੋਂ ਕਦੀ ਵੀ ਕਿਉਂ ਨਹੀਂ ਅੱਕਾਂਗੇ?

18 ਅਸੀਂ ਜੀਵਨ ਤੋਂ ਅੱਕਾਂਗੇ ਨਹੀਂ। ਹੁਣ ਵੀ ਅਸੀਂ ਆਪਣੇ ਅਗਲੇ ਭੋਜਨ ਦੀ ਉਡੀਕ ਕਰਦੇ ਹੁੰਦੇ ਹਾਂ, ਭਾਵੇਂ ਕਿ ਅਸੀਂ ਇਸ ਤੋਂ ਪਹਿਲਾਂ ਹਜ਼ਾਰ ਵਾਰ ਖਾ ਚੁੱਕੇ ਹਾਂ। ਮਾਨਵੀ ਸੰਪੂਰਣਤਾ ਵਿਚ, ਅਸੀਂ ਜ਼ਮੀਨੀ ਫਿਰਦੌਸ ਦੀ ਸੁਆਦਲੀ ਉਪਜ ਦਾ ਇਸ ਤੋਂ ਵੀ ਜ਼ਿਆਦਾ ਆਨੰਦ ਮਾਣਾਂਗੇ। (ਯਸਾਯਾਹ 25:6) ਨਾਲੇ ਸਾਨੂੰ ਧਰਤੀ ਦੇ ਅਣਗਿਣਤ ਜੀਵ-ਜੰਤੂਆਂ ਦੀ ਦੇਖ-ਭਾਲ ਕਰਨ ਅਤੇ ਸੂਰਜ ਡੁੱਬਣ ਵੇਲੇ ਰੰਗੀਨ ਨਜ਼ਾਰਿਆਂ, ਪਹਾੜਾਂ, ਨਦੀਆਂ, ਅਤੇ ਵਾਦੀਆਂ ਦਾ ਸਦੀਪਕ ਆਨੰਦ ਪ੍ਰਾਪਤ ਹੋਵੇਗਾ। ਸੱਚ-ਮੁੱਚ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਸੀਂ ਜੀਵਨ ਤੋਂ ਕਦੀ ਨਹੀਂ ਅੱਕਾਂਗੇ!—ਜ਼ਬੂਰ 145:16.

ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰਨੀਆਂ

19. ਇਹ ਮੰਨਣਾ ਜਾਇਜ਼ ਕਿਉਂ ਹੈ ਕਿ ਪਰਮੇਸ਼ੁਰ ਤੋਂ ਜੀਵਨ ਦੇ ਤੋਹਫ਼ੇ ਨੂੰ ਪਾਉਣ ਲਈ ਕੁਝ ਮੰਗਾਂ ਹਨ?

19 ਕੀ ਤੁਸੀਂ ਕੁਝ ਕੀਤੇ ਬਿਨਾਂ ਹੀ ਪਰਮੇਸ਼ੁਰ ਦੇ ਅਜਿਹੇ ਜ਼ਮੀਨੀ ਫਿਰਦੌਸ ਵਿਚ ਸਦੀਪਕ ਜੀਵਨ ਦੀ ਸ਼ਾਨਦਾਰ ਅਸੀਸ ਨੂੰ ਪਾਉਣ ਦੀ ਉਮੀਦ ਰੱਖ ਸਕਦੇ ਹੋ? ਕੀ ਇਹ ਜਾਇਜ਼ ਨਹੀਂ ਹੈ ਕਿ ਪਰਮੇਸ਼ੁਰ ਸਾਡੇ ਤੋਂ ਕੁਝ ਮੰਗੇ? ਇਹ ਬਿਲਕੁਲ ਜਾਇਜ਼ ਹੈ। ਪਰਮੇਸ਼ੁਰ ਬਰਕਤ ਨੂੰ ਸਾਡੇ ਅੱਗੇ ਸੁੱਟਦਾ ਨਹੀਂ। ਉਹ ਸਾਨੂੰ ਦਿੰਦਾ ਹੈ, ਲੇਕਿਨ ਸਾਨੂੰ ਵੀ ਹੱਥ ਵਧਾ ਕੇ ਇਸ ਨੂੰ ਲੈਣ ਦੀ ਲੋੜ ਹੈ। ਹਾਂ, ਸਾਨੂੰ ਜਤਨ ਕਰਨਾ ਪੈਂਦਾ ਹੈ। ਫਿਰ ਤੁਸੀਂ ਸ਼ਾਇਦ ਉਹ ਹੀ ਸਵਾਲ ਪੁੱਛੋ ਜੋ ਇਕ ਧਨੀ ਨੌਜਵਾਨ ਸਰਦਾਰ ਨੇ ਯਿਸੂ ਨੂੰ ਪੁੱਛਿਆ ਸੀ: “ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਉਣ ਮਿਲੇ?” ਜਾਂ ਤੁਸੀਂ ਸ਼ਾਇਦ ਉਹ ਸਵਾਲ ਪੁੱਛੋ ਜੋ ਇਕ ਫ਼ਿਲਿੱਪੀ ਜੇਲਰ ਨੇ ਪੌਲੁਸ ਰਸੂਲ ਨੂੰ ਪੁੱਛਿਆ ਸੀ: “ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ?”—ਮੱਤੀ 19:16; ਰਸੂਲਾਂ ਦੇ ਕਰਤੱਬ 16:30.

20. ਸਦੀਪਕ ਜੀਵਨ ਲਈ ਇਕ ਜ਼ਰੂਰੀ ਮੰਗ ਕੀ ਹੈ?

20 ਆਪਣੀ ਮੌਤ ਤੋਂ ਇਕ ਰਾਤ ਪਹਿਲਾਂ, ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦੇ ਸਮੇਂ ਇਕ ਮੰਗ ਦਾ ਜ਼ਿਕਰ ਕੀਤਾ ਸੀ, ਜਦੋਂ ਉਸ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਕੀ ਇਹ ਜਾਇਜ਼ ਮੰਗ ਨਹੀਂ ਹੈ ਕਿ ਅਸੀਂ ਯਹੋਵਾਹ ਬਾਰੇ ਗਿਆਨ ਹਾਸਲ ਕਰੀਏ, ਜਿਸ ਨੇ ਸਦੀਪਕ ਜੀਵਨ ਨੂੰ ਮੁਮਕਿਨ ਬਣਾਇਆ, ਅਤੇ ਯਿਸੂ ਮਸੀਹ ਬਾਰੇ ਵੀ ਜਾਣੀਏ ਜੋ ਸਾਡੇ ਲਈ ਮਰਿਆ ਸੀ? ਲੇਕਿਨ, ਅਜਿਹਾ ਗਿਆਨ ਹਾਸਲ ਕਰਨ ਨਾਲੋਂ ਕੁਝ ਹੋਰ ਵੀ ਜ਼ਰੂਰੀ ਹੈ।

21. ਅਸੀਂ ਕਿਸ ਤਰ੍ਹਾਂ ਦਿਖਾਉਂਦੇ ਹਾਂ ਕਿ ਅਸੀਂ ਨਿਹਚਾ ਕਰਨ ਦੀ ਮੰਗ ਪੂਰੀ ਕਰ ਰਹੇ ਹਾਂ?

21 ਬਾਈਬਲ ਇਹ ਵੀ ਕਹਿੰਦੀ ਹੈ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ।” ਫਿਰ ਉਹ ਅੱਗੇ ਕਹਿੰਦੀ ਹੈ: “ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।” (ਯੂਹੰਨਾ 3:36) ਆਪਣੇ ਜੀਵਨ ਵਿਚ ਤਬਦੀਲੀਆਂ ਲਿਆ ਕੇ ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲ ਕੇ, ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਪੁੱਤਰ ਵਿਚ ਨਿਹਚਾ ਕਰਦੇ ਹੋ। ਜਿਸ ਕਿਸੇ ਵੀ ਗ਼ਲਤ ਰਾਹ ਉੱਤੇ ਤੁਸੀਂ ਚੱਲਦੇ ਆਏ ਹੋ, ਉਸ ਨੂੰ ਤਿਆਗ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਕਦਮ ਚੁੱਕਣੇ ਚਾਹੀਦੇ ਹਨ। ਤੁਹਾਨੂੰ ਪਤਰਸ ਰਸੂਲ ਦੇ ਹੁਕਮ ਉੱਤੇ ਚੱਲਣ ਦੀ ਜ਼ਰੂਰਤ ਹੈ: “ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ [ਯਹੋਵਾਹ] ਦੇ ਹਜ਼ੂਰੋਂ ਸੁਖ ਦੇ ਦਿਨ ਆਉਣ।”—ਰਸੂਲਾਂ ਦੇ ਕਰਤੱਬ 3:19.

22. ਯਿਸੂ ਦੀ ਪੈੜ ਉੱਤੇ ਤੁਰਨ ਵਿਚ ਕਿਹੜੇ ਕੰਮ ਸ਼ਾਮਲ ਹਨ?

22 ਸਾਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਕਿ ਅਸੀਂ ਸਿਰਫ਼ ਯਿਸੂ ਵਿਚ ਨਿਹਚਾ ਕਰਨ ਨਾਲ ਸਦੀਪਕ ਜੀਵਨ ਦਾ ਆਨੰਦ ਮਾਣ ਸਕਦੇ ਹਾਂ। (ਯੂਹੰਨਾ 6:40; 14:6) ‘ਉਹ ਦੀ ਪੈੜ ਉੱਤੇ ਤੁਰ ਕੇ’ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਿਸੂ ਵਿਚ ਨਿਹਚਾ ਕਰਦੇ ਹਾਂ। (1 ਪਤਰਸ 2:21) ਯਿਸੂ ਦੀ ਪੈੜ ਉੱਤੇ ਤੁਰਨ ਵਿਚ ਕੀ ਸ਼ਾਮਲ ਹੈ? ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਸਮੇਂ, ਯਿਸੂ ਨੇ ਕਿਹਾ: “ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ।” (ਇਬਰਾਨੀਆਂ 10:7) ਯਿਸੂ ਦੀ ਰੀਸ ਕਰਦੇ ਹੋਏ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਅਸੀਂ ਰਾਜ਼ੀ ਹੋਈਏ ਅਤੇ ਫਿਰ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕਰੀਏ। ਇਸ ਤੋਂ ਬਾਅਦ, ਸਾਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲੈਣਾ ਚਾਹੀਦਾ ਹੈ; ਯਿਸੂ ਨੇ ਵੀ ਆਪਣੇ ਆਪ ਨੂੰ ਬਪਤਿਸਮੇ ਲਈ ਪੇਸ਼ ਕੀਤਾ ਸੀ। (ਲੂਕਾ 3:21, 22) ਅਜਿਹੇ ਕਦਮ ਚੁੱਕਣੇ ਪੂਰੀ ਤਰ੍ਹਾਂ ਜਾਇਜ਼ ਹਨ। ਪੌਲੁਸ ਰਸੂਲ ਨੇ ਕਿਹਾ ਕਿ “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ।” (2 ਕੁਰਿੰਥੀਆਂ 5:14, 15) ਇਹ ਕਿਸ ਤਰ੍ਹਾਂ? ਪਿਆਰ ਦੀ ਖ਼ਾਤਰ ਯਿਸੂ ਨੇ ਤਾਂ ਆਪਣੀ ਜਾਨ ਸਾਡੇ ਲਈ ਦੇ ਦਿੱਤੀ। ਇਸ ਦੇ ਬਦਲੇ ਕੀ ਸਾਨੂੰ ਉਸ ਵਿਚ ਨਿਹਚਾ ਨਹੀਂ ਕਰਨੀ ਚਾਹੀਦੀ? ਹਾਂ, ਇਸ ਨੂੰ ਸਾਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਦੂਸਰਿਆਂ ਦੀ ਮਦਦ ਕਰਨ ਵਿਚ ਪੂਰੀ ਕੋਸ਼ਿਸ਼ ਕਰਦੇ ਹੋਏ, ਅਸੀਂ ਯਿਸੂ ਦੀ ਪ੍ਰੇਮਪੂਰਣ ਮਿਸਾਲ ਦੀ ਰੀਸ ਕਰੀਏ। ਮਸੀਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਉਂਦਾ ਸੀ; ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ, ਅਤੇ ਸਾਨੂੰ ਅਗਾਹਾਂ ਨੂੰ ਆਪਣੇ ਲਈ ਨਹੀਂ ਜੀਉਣਾ ਚਾਹੀਦਾ।

23. (ੳ) ਜੀਵਨ ਪ੍ਰਾਪਤ ਕਰਨ ਵਾਲਿਆਂ ਨੂੰ ਕਿਨ੍ਹਾਂ ਵਿਚ ਰਲਣਾ ਚਾਹੀਦਾ ਹੈ? (ਅ) ਮਸੀਹੀ ਕਲੀਸਿਯਾ ਦਿਆਂ ਮੈਂਬਰਾਂ ਤੋਂ ਕੀ ਮੰਗ ਕੀਤੀ ਜਾਂਦੀ ਹੈ?

23 ਮਾਮਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਬਾਈਬਲ ਕਹਿੰਦੀ ਹੈ ਕਿ ਪੰਤੇਕੁਸਤ 33 ਸਾ.ਯੁ. ਵਿਚ ਜਦੋਂ 3,000 ਲੋਕਾਂ ਨੇ ਬਪਤਿਸਮਾ ਲਿਆ ਤਾਂ ਉਹ “ਉਨ੍ਹਾਂ ਵਿੱਚ ਰਲ ਗਏ।” ਉਹ ਕਿਨ੍ਹਾਂ ਵਿਚ ਰਲ ਗਏ ਸਨ? ਲੂਕਾ ਸਮਝਾਉਂਦਾ ਹੈ: “ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ . . . ਲੱਗੇ ਰਹੇ।” (ਰਸੂਲਾਂ ਦੇ ਕਰਤੱਬ 2:41, 42) ਜੀ ਹਾਂ, ਉਹ ਬਾਈਬਲ ਅਧਿਐਨ ਅਤੇ ਸੰਗਤ ਕਰਨ ਲਈ ਇਕੱਠੇ ਮਿਲਦੇ ਰਹੇ ਅਤੇ ਇਸ ਤਰ੍ਹਾਂ ਉਹ ਮਸੀਹੀ ਕਲੀਸਿਯਾ ਵਿਚ ਰਲ ਗਏ ਜਾਂ ਉਸ ਦਾ ਭਾਗ ਬਣ ਗਏ। ਰੂਹਾਨੀ ਸਿੱਖਿਆ ਪ੍ਰਾਪਤ ਕਰਨ ਲਈ ਪਹਿਲੀ ਸਦੀ ਦੇ ਮਸੀਹੀ ਸਭਾਵਾਂ ਵਿਚ ਬਾਕਾਇਦਾ ਜਾਂਦੇ ਸਨ। (ਇਬਰਾਨੀਆਂ 10:25) ਅੱਜ ਵੀ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰਦੇ ਹਨ, ਅਤੇ ਉਹ ਤੁਹਾਨੂੰ ਇਨ੍ਹਾਂ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹ ਦਿੰਦੇ ਹਨ।

24. “ਅਸਲ ਜੀਵਨ” ਕੀ ਹੈ, ਅਤੇ ਇਹ ਕਿਵੇਂ ਅਤੇ ਕਦੋਂ ਪ੍ਰਾਪਤ ਹੋਵੇਗਾ?

24 ਲੱਖਾਂ ਹੀ ਲੋਕ ਉਸ ਸੌੜੇ ਰਾਹ ਉੱਤੇ ਚੱਲਦੇ ਹਨ ਜੋ ਜੀਵਨ ਨੂੰ ਜਾਂਦਾ ਹੈ। ਇਸ ਸੌੜੇ ਰਾਹ ਉੱਤੇ ਰਹਿਣ ਵਾਸਤੇ ਬਹੁਤ ਜਤਨ ਕਰਨ ਦੀ ਲੋੜ ਪੈਂਦੀ ਹੈ! (ਮੱਤੀ 7:13, 14) ਪੌਲੁਸ ਨੇ ਇਸ ਵੱਲ ਸੰਕੇਤ ਕੀਤਾ ਜਦੋਂ ਉਸ ਨੇ ਨਿੱਘੀ ਬੇਨਤੀ ਕੀਤੀ: “ਨਿਹਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ ਜਿਹ ਦੇ ਲਈ ਤੂੰ ਸੱਦਿਆ ਗਿਆ।” ਇਹ ਲੜਾਈ ਲੜਨੀ ਜ਼ਰੂਰੀ ਹੈ ਤਾਂਕਿ ਅਸੀਂ ‘ਉਸ ਜੀਵਨ ਨੂੰ ਫੜ ਲਈਏ ਜਿਹੜਾ ਅਸਲ ਜੀਵਨ ਹੈ।’ (1 ਤਿਮੋਥਿਉਸ 6:12, 19) ਇਹ ਅਸਲ ਜੀਵਨ ਉਹ ਜੀਵਨ ਨਹੀਂ ਹੈ ਜੋ ਅਸੀਂ ਅੱਜ-ਕੱਲ੍ਹ ਜੀਉਂਦੇ ਹਾਂ, ਜੋ ਆਦਮ ਦੇ ਪਾਪ ਕਰਕੇ ਦੁੱਖ-ਦਰਦ ਅਤੇ ਬੀਮਾਰੀਆਂ ਨਾਲ ਭਰਿਆ ਹੋਇਆ ਹੈ। ਸਗੋਂ, ਇਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਵਨ ਹੈ, ਜੋ ਜਲਦੀ ਹੀ ਇਕ ਅਸਲੀਅਤ ਬਣੇਗਾ ਜਦੋਂ ਇਸ ਰੀਤੀ-ਵਿਵਸਥਾ ਦੇ ਨਾਸ਼ ਤੋਂ ਬਾਅਦ, ਮਸੀਹ ਦਾ ਰਿਹਾਈ-ਕੀਮਤ ਬਲੀਦਾਨ ਉਨ੍ਹਾਂ ਸਾਰਿਆਂ ਉੱਤੇ ਲਾਗੂ ਕੀਤਾ ਜਾਵੇਗਾ ਜੋ ਯਹੋਵਾਹ ਪਰਮੇਸ਼ੁਰ ਨੂੰ ਅਤੇ ਉਸ ਦੇ ਪੁੱਤਰ ਨੂੰ ਪਿਆਰ ਕਰਦੇ ਹਨ। ਉਮੀਦ ਹੈ ਕਿ ਅਸੀਂ ਸਾਰੇ ਜਣੇ ਇਸ “ਅਸਲ ਜੀਵਨ” ਨੂੰ, ਯਾਨੀ ਪਰਮੇਸ਼ੁਰ ਦੇ ਸ਼ਾਨਦਾਰ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਨੂੰ ਚੁਣਾਂਗੇ।

ਤੁਸੀਂ ਕਿਵੇਂ ਜਵਾਬ ਦਿਓਗੇ?

◻ ਉਤਪਤ 3:15 ਵਿਚ ਸੱਪ, ਔਰਤ, ਅਤੇ ਸੰਤਾਨ ਕੌਣ ਹਨ?

◻ ਯਿਸੂ ਆਦਮ ਦੇ ਬਰਾਬਰ ਕਿਵੇਂ ਸੀ, ਅਤੇ ਉਸ ਦੀ ਰਿਹਾਈ-ਕੀਮਤ ਨੇ ਕੀ ਮੁਮਕਿਨ ਬਣਾਇਆ?

◻ ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਸਕਦੇ ਹੋ ਜਿਸ ਕਰਕੇ ਪਰਮੇਸ਼ੁਰ ਦਾ ਨਵਾਂ ਸੰਸਾਰ ਤੁਹਾਡੇ ਲਈ ਆਨੰਦ ਦਾ ਕਾਰਨ ਹੋਵੇਗਾ?

◻ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਉਣ ਲਈ ਕਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ?

[ਸਫ਼ੇ 10 ਉੱਤੇ ਤਸਵੀਰ]

ਸਿਆਣਿਆਂ ਅਤੇ ਜਵਾਨਾਂ ਲਈ ਯਿਸੂ ਹੀ ਅਨੰਤ ਜੀਵਨ ਦਾ ਇੱਕੋ ਇਕ ਰਾਹ ਹੈ

[ਸਫ਼ੇ 11 ਉੱਤੇ ਤਸਵੀਰ]

ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਵਿਚ, ਬੁੱਢੇ ਲੋਕ ਜਵਾਨੀ ਵੱਲ ਮੁੜ ਆਉਣਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ