ਕੀ ਤੁਸੀਂ ਸ਼ੁਕਰਗੁਜ਼ਾਰੀ ਦਾ ਰਵੱਈਆ ਦਿਖਾਉਂਦੇ ਹੋ?
ਪੱਛਮੀ ਅਫ਼ਰੀਕਾ ਦੇ ਇਕ ਮਿਸ਼ਨਰੀ ਘਰ ਵਿਚ ਟੈਡੀ ਨਾਂ ਦਾ ਇਕ ਕੁੱਤਾ ਰਹਿੰਦਾ ਹੁੰਦਾ ਸੀ। ਜਦੋਂ ਕੋਈ ਟੈਡੀ ਨੂੰ ਮਾਸ ਦਾ ਟੁਕੜਾ ਸੁੱਟਦਾ ਹੁੰਦਾ ਸੀ ਤਾਂ ਉਹ ਸੁਆਦ ਲੈਣ ਤੋਂ ਬਗੈਰ ਜਾਂ ਚਿੱਥਣ ਤੋਂ ਬਗੈਰ ਉਸ ਨੂੰ ਇਕਦਮ ਨਿਗਲ ਲੈਂਦਾ ਸੀ। ਸਖ਼ਤ ਧੁੱਪ ਵਿਚ ਉਹ ਜੀਭ ਲਟਕਾਏ ਦੂਸਰੇ ਟੁਕੜੇ ਦੀ ਉਡੀਕ ਕਰਦਾ ਹੁੰਦਾ ਸੀ। ਜਦੋਂ ਮਾਸ ਖ਼ਤਮ ਹੋ ਜਾਂਦਾ ਸੀ ਤਾਂ ਉਹ ਮੁੜ ਕੇ ਆਪਣੇ ਰਾਹ ਤੁਰ ਪੈਂਦਾ ਸੀ।
ਟੈਡੀ ਨੇ ਕਦੀ ਵੀ ਮਿਲੀ ਗਈ ਚੀਜ਼ ਲਈ ਥੋੜ੍ਹੀ ਜਿਹੀ ਵੀ ਸ਼ੁਕਰਗੁਜ਼ਾਰੀ ਨਹੀਂ ਦਿਖਾਈ ਸੀ। ਪਰ ਕੋਈ ਉਸ ਤੋਂ ਸ਼ੁਕਰਗੁਜ਼ਾਰ ਹੋਣ ਦੀ ਉਮੀਦ ਵੀ ਨਹੀਂ ਸੀ ਰੱਖਦਾ। ਕਿਉਂਕਿ, ਆਖ਼ਰ, ਉਹ ਸਿਰਫ਼ ਕੁੱਤਾ ਹੀ ਤਾਂ ਸੀ।
ਆਮ ਤੌਰ ਤੇ ਸ਼ੁਕਰਗੁਜ਼ਾਰੀ ਦੇ ਸੰਬੰਧ ਵਿਚ, ਅਸੀਂ ਪਸ਼ੂਆਂ ਨਾਲੋਂ ਆਪਣੇ ਸੰਗੀ ਮਨੁੱਖਾਂ ਤੋਂ ਜ਼ਿਆਦਾ ਉਮੀਦ ਰੱਖਦੇ ਹਾਂ। ਅਕਸਰ ਸਾਡੀ ਉਮੀਦ ਪੂਰੀ ਨਹੀਂ ਹੁੰਦੀ। ਕਈ ਲੋਕ ਜ਼ਿੰਦਗੀ ਵਿੱਚੋਂ ਜੋ ਵੀ ਲੈ ਸਕਦੇ ਹਨ ਲੈ ਲੈਂਦੇ ਹਨ ਅਤੇ ਫਿਰ ਵੀ ਜ਼ਿਆਦਾ ਹਾਸਲ ਕਰਨਾ ਚਾਹੁੰਦੇ ਹਨ। ਇਹ ਵੀ ਕੋਈ ਹੈਰਾਨੀ ਦੀ ਗੱਲ ਨਹੀਂ। ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਅੰਤ ਦਿਆਂ ਦਿਨਾਂ ਵਿਚ ਮਨੁੱਖ ਨਾਸ਼ੁਕਰੇ ਹੋਣਗੇ।—2 ਤਿਮੋਥਿਉਸ 3:1, 2.
ਲੇਕਿਨ, ਪਰਮੇਸ਼ੁਰ ਦਿਆਂ ਸੇਵਕਾਂ ਦਾ ਇਕ ਵੱਖਰਾ ਰਵੱਈਆ ਹੈ। ਉਹ ਪੌਲੁਸ ਰਸੂਲ ਦੀ ਸਲਾਹ ਵੱਲ ਧਿਆਨ ਦਿੰਦੇ ਹਨ, ਜਿਸ ਨੇ ਸੰਗੀ ਵਿਸ਼ਵਾਸੀਆਂ ਨੂੰ ਇਹ ਨਸੀਹਤ ਦਿੱਤੀ: “ਤੁਸੀਂ ਧੰਨਵਾਦ ਕਰਿਆ ਕਰੋ।”—ਕੁਲੁੱਸੀਆਂ 3:15.
ਯਹੋਵਾਹ ਸ਼ੁਕਰਗੁਜ਼ਾਰੀ ਦਾ ਰਵੱਈਆ ਦਿਖਾਉਂਦਾ ਹੈ
ਯਹੋਵਾਹ ਪਰਮੇਸ਼ੁਰ ਕਦਰਦਾਨੀ ਦਿਖਾਉਣ ਵਿਚ ਸੰਪੂਰਣ ਮਿਸਾਲ ਕਾਇਮ ਕਰਦਾ ਹੈ। ਧਿਆਨ ਦਿਓ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਸ ਤਰ੍ਹਾਂ ਵਿਚਾਰਦਾ ਹੈ। ਪ੍ਰੇਰਣਾ ਦੇ ਅਧੀਨ, ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.
ਆਪਣੇ ਵਫ਼ਾਦਾਰ ਸੇਵਕਾਂ ਲਈ ਯਹੋਵਾਹ ਦੀ ਕਦਰਦਾਨੀ ਦੀਆਂ ਬਹੁਤ ਮਿਸਾਲਾਂ ਹਨ। ਉਸ ਨੇ ਅਬਰਾਹਾਮ ਦੀ ਅੰਸ ਨੂੰ ਸੱਚ-ਮੁੱਚ ਵਧਾ ਕੇ ਉਸ ਨੂੰ ਬਰਕਤ ਦਿੱਤੀ, ਤਾਂਕਿ ਉਹ “ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋ ਗਈ। (ਉਤਪਤ 22:17) ਅਜ਼ਮਾਇਸ਼ਾਂ ਅਧੀਨ ਅੱਯੂਬ ਦੀ ਵਫ਼ਾਦਾਰੀ ਵਾਸਤੇ ਕਦਰ ਦਿਖਾਉਣ ਲਈ, ਯਹੋਵਾਹ ਨੇ ਨਾ ਸਿਰਫ਼ ਅੱਯੂਬ ਦੀ ਵੱਡੀ ਧਨ-ਦੌਲਤ ਬਹਾਲ ਕੀਤੀ ਬਲਕਿ ਉਸ ਨੂੰ “ਦੁਗਣਾ” ਦਿੱਤਾ। (ਅੱਯੂਬ 42:10) ਹਜ਼ਾਰਾਂ ਵਰ੍ਹਿਆਂ ਦੇ ਬੀਤੇ ਸਮੇਂ ਦੌਰਾਨ ਮਨੁੱਖਾਂ ਨਾਲ ਯਹੋਵਾਹ ਦੇ ਵਰਤਾਉ ਨੇ ਇਸ ਬਿਆਨ ਦੀ ਸੱਚਾਈ ਨੂੰ ਸਾਬਤ ਕਰ ਦਿੱਤਾ ਹੈ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤਹਾਸ 16:9.
ਪਰਮੇਸ਼ੁਰ ਉਸ ਦੀ ਇੱਛਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਨੂੰ ਬਰਕਤ ਦਿੰਦਾ ਹੈ। ਇਹ ਉਸ ਦੀ ਸ਼ਖ਼ਸੀਅਤ ਦੇ ਪ੍ਰਮੁੱਖ ਗੁਣ ਹਨ। ਮਸੀਹੀ ਨਿਹਚਾ ਲਈ ਇਸ ਗੱਲ ਨੂੰ ਪਛਾਣਨਾ ਜ਼ਰੂਰੀ ਹੈ। ਪੌਲੁਸ ਨੇ ਲਿਖਿਆ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ . . . ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.
ਜੇਕਰ ਇਸ ਤਰ੍ਹਾਂ ਕਰਨ ਦੀ ਬਜਾਇ ਯਹੋਵਾਹ ਇਕ ਸਖ਼ਤ ਅਤੇ ਨੁਕਤਾਚੀਨੀ ਵਾਲਾ ਰਵੱਈਆ ਰੱਖਦਾ ਤਾਂ ਫਿਰ ਸਾਡੇ ਕੋਲ ਕੋਈ ਉਮੀਦ ਨਹੀਂ ਸੀ ਹੋਣੀ। ਜ਼ਬੂਰਾਂ ਦੇ ਲਿਖਾਰੀ ਨੇ ਬਹੁਤ ਸਮੇਂ ਪਹਿਲਾਂ ਇਹੀ ਗੱਲ ਕਹੀ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰ 130:3) ਯਹੋਵਾਹ ਨਾ ਹੀ ਬੇਕਦਰਾ ਹੈ ਤੇ ਨਾ ਹੀ ਨੁਕਤਾਚੀਨੀ ਕਰਦਾ ਹੈ। ਉਹ ਆਪਣੀ ਸੇਵਾ ਕਰਨ ਵਾਲਿਆਂ ਨੂੰ ਬਹੁਮੁੱਲਾ ਸਮਝਦਾ ਹੈ। ਉਹ ਸ਼ੁਕਰਗੁਜ਼ਾਰੀ ਦਾ ਰਵੱਈਆ ਦਿਖਾਉਂਦਾ ਹੈ।
ਯਿਸੂ—ਦਿਲੋਂ ਕਦਰ ਕਰਨ ਵਾਲਾ ਮਨੁੱਖ
ਆਪਣੇ ਸਵਰਗੀ ਪਿਤਾ ਦਿਆਂ ਗੁਣਾਂ ਨੂੰ ਪੂਰੀ ਤਰ੍ਹਾਂ ਦਿਖਾਉਂਦੇ ਹੋਏ, ਯਿਸੂ ਨੇ ਉਨ੍ਹਾਂ ਚੀਜ਼ਾਂ ਦਾ ਸ਼ੁਕਰ ਕੀਤਾ ਜੋ ਦੂਜਿਆਂ ਨੇ ਨਿਹਚਾ ਵਿਚ ਕੀਤੀਆਂ ਸਨ। ਧਿਆਨ ਦਿਓ ਕਿ ਇਕ ਵਾਰ ਯਰੂਸ਼ਲਮ ਦੀ ਹੈਕਲ ਵਿਚ ਕੀ ਹੋਇਆ: “[ਯਿਸੂ] ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖ਼ਜ਼ਾਨੇ ਵਿੱਚ ਪਾਉਂਦਿਆਂ ਡਿੱਠਾ। ਅਰ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ ਉੱਥੇ ਪਾਉਂਦਿਆਂ ਵੇਖਿਆ। ਤਾਂ ਓਸ ਆਖਿਆ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ। ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਦਾਨ ਪਾਇਆ ਪਰ ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।”—ਲੂਕਾ 21:1-4.
ਪੈਸੇ ਦੇ ਮੁੱਲ ਦੇ ਨਜ਼ਰੀਏ ਤੋਂ, ਧਨਵਾਨਾਂ ਦੇ ਦਿੱਤੇ ਗਏ ਚੰਦੇ ਦੀ ਤੁਲਨਾ ਵਿਚ ਇਸ ਚੰਦੇ ਦੀ ਕੀਮਤ ਬਹੁਤ ਥੋੜ੍ਹੀ ਸੀ। ਉੱਥੇ ਹਾਜ਼ਰ ਲੋਕਾਂ ਵਿੱਚੋਂ ਕਈਆਂ ਨੇ ਤਾਂ ਉਸ ਵੱਲ ਧਿਆਨ ਵੀ ਨਹੀਂ ਦਿੱਤਾ ਹੋਣਾ। ਲੇਕਿਨ, ਯਿਸੂ ਨੇ ਉਸ ਵਿਧਵਾ ਨੂੰ ਜ਼ਰੂਰ ਦੇਖਿਆ ਸੀ। ਉਸ ਨੇ ਉਸ ਦਿਆਂ ਹਾਲਾਤਾਂ ਨੂੰ ਸਮਝਿਆ। ਯਿਸੂ ਨੇ ਉਸ ਨੂੰ ਦੇਖਿਆ ਅਤੇ ਉਸ ਦੀ ਬਹੁਤ ਕਦਰ ਕੀਤੀ।
ਇਕ ਹੋਰ ਘਟਨਾ ਵਿਚ ਇਕ ਅਮੀਰ ਔਰਤ, ਮਰਿਯਮ ਸੀ। ਜਦੋਂ ਯਿਸੂ ਰੋਟੀ ਖਾਣ ਬੈਠਾ ਤਾਂ ਉਸ ਨੇ ਬਹੁਤ ਮਹਿੰਗਾ ਅਤਰ ਯਿਸੂ ਦੇ ਪੈਰਾਂ ਅਤੇ ਉਸ ਦੇ ਸਿਰ ਉੱਤੇ ਡੋਲ੍ਹਿਆ। ਕਈਆਂ ਨੇ ਇਸ ਤਰ੍ਹਾਂ ਤਰਕ ਕਰਦੇ ਹੋਏ ਉਸ ਦੀ ਨੁਕਤਾਚੀਨੀ ਕੀਤੀ ਕਿ ਤੇਲ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਕੰਗਾਲਾਂ ਦੀ ਮਦਦ ਕਰਨ ਵਾਸਤੇ ਵਰਤੇ ਜਾ ਸਕਦੇ ਸਨ। ਯਿਸੂ ਨੇ ਕੀ ਕੀਤਾ? ਉਸ ਨੇ ਕਿਹਾ: “ਇਹ ਨੂੰ ਛੱਡ ਦਿਓ, ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।”—ਮਰਕੁਸ 14:3-6, 9; ਯੂਹੰਨਾ 12:3.
ਯਿਸੂ ਨੇ ਨੁਕਤਾਚੀਨੀ ਕਰ ਕੇ ਅਫ਼ਸੋਸ ਨਹੀਂ ਕੀਤਾ ਕਿ ਇਹ ਕੀਮਤੀ ਅਤਰ ਹੋਰ ਕਿਸੇ ਕੰਮ ਲਈ ਨਹੀਂ ਵਰਤਿਆ ਗਿਆ। ਉਸ ਨੇ ਮਰਿਯਮ ਦੇ ਪਿਆਰ ਅਤੇ ਉਸ ਦੀ ਨਿਹਚਾ ਦੇ ਇਸ ਵੱਡੇ ਪ੍ਰਗਟਾਵੇ ਦੀ ਕਦਰ ਕੀਤੀ। ਉਸ ਦੇ ਚੰਗੇ ਕੰਮ ਦੀ ਯਾਦਗੀਰੀ ਵਾਸਤੇ ਇਹ ਘਟਨਾ ਬਾਈਬਲ ਵਿਚ ਦਰਜ ਕੀਤੀ ਗਈ ਹੈ। ਇਹ ਅਤੇ ਹੋਰ ਬਿਰਤਾਂਤ ਦਿਖਾਉਂਦੇ ਹਨ ਕਿ ਯਿਸੂ ਦਿਲੋਂ ਕਦਰ ਕਰਨ ਵਾਲਾ ਮਨੁੱਖ ਸੀ।
ਜੇਕਰ ਤੁਸੀਂ ਪਰਮੇਸ਼ੁਰ ਦੇ ਸੇਵਕ ਹੋ, ਤੁਸੀਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਦੋਵੇਂ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਦੇ ਤੁਹਾਡੇ ਜਤਨਾਂ ਦੀ ਦਿਲੋਂ ਕਦਰ ਕਰਦੇ ਹਨ। ਅਜਿਹਾ ਗਿਆਨ ਸਾਨੂੰ ਉਨ੍ਹਾਂ ਦੇ ਨਜ਼ਦੀਕ ਲਿਆਉਂਦਾ ਹੈ ਅਤੇ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਉਨ੍ਹਾਂ ਦੀ ਰੀਸ ਕਰ ਕੇ ਆਪਣੇ ਆਪ ਨੂੰ ਸ਼ੁਕਰਗੁਜ਼ਾਰ ਸਾਬਤ ਕਰੀਏ।
ਸ਼ਤਾਨ ਦਾ ਨੁਕਤਾਚੀਨੀ ਵਾਲਾ ਰਵੱਈਆ
ਆਓ ਹੁਣ ਆਪਾਂ ਉਸ ਦੀ ਮਿਸਾਲ ਦੇਖੀਏ ਜਿਸ ਨੇ ਆਪਣੇ ਆਪ ਨੂੰ ਨਾਸ਼ੁਕਰਾ ਸਾਬਤ ਕੀਤਾ ਹੈ—ਸ਼ਤਾਨ ਅਰਥਾਤ ਇਬਲੀਸ। ਸ਼ਤਾਨ ਦੀ ਨਾਸ਼ੁਕਰਗੁਜ਼ਾਰੀ ਨੇ ਪਰਮੇਸ਼ੁਰ ਦੇ ਵਿਰੁੱਧ ਅਤਿਅੰਤ ਬਗਾਵਤ ਨੂੰ ਅੱਗੇ ਵਧਾਉਣ ਵਿਚ ਬਹੁਤ ਵੱਡਾ ਹਿੱਸਾ ਪਾਇਆ ਹੈ।
ਸ਼ਤਾਨ ਨੇ ਆਪਣੇ ਆਪ ਵਿਚ ਅਸੰਤੁਸ਼ਟੀ ਦਾ ਨੁਕਤਾਚੀਨੀ ਵਾਲਾ ਰਵੱਈਆ ਵਿਕਸਿਤ ਕਰ ਕੇ ਦੂਸਰਿਆਂ ਉੱਤੇ ਵੀ ਅਸਰ ਪਾਉਣਾ ਸ਼ੁਰੂ ਕੀਤਾ। ਅਦਨ ਦੇ ਬਾਗ਼ ਵਿਚ ਜੋ ਵਾਪਰਿਆ ਸੀ ਉਸ ਉੱਤੇ ਜ਼ਰਾ ਵਿਚਾਰ ਕਰੋ। ਯਹੋਵਾਹ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਰਚਿਆ ਸੀ, ਉਨ੍ਹਾਂ ਨੂੰ ਫਿਰਦੌਸ ਵਰਗੇ ਬਾਗ਼ ਵਿਚ ਰੱਖਿਆ ਸੀ, ਅਤੇ ਉਨ੍ਹਾਂ ਨੂੰ ਕਿਹਾ: ‘ਬਾਗ ਦੇ ਹਰ ਬਿਰਛ ਤੋਂ ਤੁਸੀਂ ਨਿਸੰਗ ਖਾਓ।’ ਪਰ ਇਕ ਪਾਬੰਦੀ ਸੀ। ਪਰਮੇਸ਼ੁਰ ਨੇ ਕਿਹਾ: ‘ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੁਸੀਂ ਨਾ ਖਾਓ ਕਿਉਂਜੋ ਜਿਸ ਦਿਨ ਤੁਸੀਂ ਉਸ ਤੋਂ ਖਾਵੋਗੇ ਤੁਸੀਂ ਜ਼ਰੂਰ ਮਰੋਗੇ।’—ਉਤਪਤ 2:16, 17.
ਲੇਕਿਨ, ਜਲਦੀ ਹੀ ਸ਼ਤਾਨ ਨੇ ਯਹੋਵਾਹ ਨੂੰ ਇਸ ਗੱਲ ਵਿਚ ਲਲਕਾਰਿਆ। ਉਹ ਹੱਵਾਹ ਨੂੰ ਯਹੋਵਾਹ ਪ੍ਰਤੀ ਇਸ ਹੱਦ ਤਕ ਨਾਸ਼ੁਕਰੀ ਬਣਾਉਣਾ ਚਾਹੁੰਦਾ ਸੀ ਕਿ ਹੱਵਾਹ ਸ਼ਤਾਨ ਵਾਂਗ ਯਹੋਵਾਹ ਦੇ ਵਿਰੁੱਧ ਬਗਾਵਤ ਕਰ ਬੈਠੇ। “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਸ਼ਤਾਨ ਨੇ ਪੁੱਛਿਆ। (ਉਤਪਤ 3:1) ਉਹ ਸਾਫ਼-ਸਾਫ਼ ਇਹ ਸੰਕੇਤ ਕਰ ਰਿਹਾ ਸੀ ਕਿ ਪਰਮੇਸ਼ੁਰ ਹੱਵਾਹ ਕੋਲੋਂ ਕੋਈ ਕੀਮਤੀ ਚੀਜ਼ ਰੱਖ ਰਿਹਾ ਸੀ, ਅਜਿਹੀ ਕੋਈ ਚੀਜ਼ ਜੋ ਉਸ ਦੀਆਂ ਅੱਖਾਂ ਨੂੰ ਖੋਲ੍ਹ ਕੇ ਉਸ ਨੂੰ ਖ਼ੁਦ ਪਰਮੇਸ਼ੁਰ ਵਰਗੀ ਬਣਾ ਦੇਵੇਗੀ। ਯਹੋਵਾਹ ਵੱਲੋਂ ਸਾਰੀਆਂ ਬਰਕਤਾਂ ਲਈ ਸ਼ੁਕਰਗੁਜ਼ਾਰ ਹੋਣ ਦੀ ਬਜਾਇ ਹੱਵਾਹ ਉਸ ਚੀਜ਼ ਦੀ ਲਾਲਸਾ ਕਰਨ ਲੱਗ ਪਈ ਜੋ ਮਨ੍ਹਾ ਕੀਤੀ ਗਈ ਸੀ।—ਉਤਪਤ 3:5, 6.
ਇਸ ਦਿਆਂ ਭਿਆਨਕ ਨਤੀਜਿਆਂ ਦਾ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਭਾਵੇਂ ਕੀ ਉਸ ਦਾ ਨਾਂ ਹੱਵਾਹ ਰੱਖਿਆ ਗਿਆ ਸੀ ‘ਏਸ ਲਈ ਕਿ ਉਸ ਨੂੰ ਸਾਰੇ ਜੀਉਂਦਿਆਂ ਦੀ ਮਾਤਾ ਬਣਨਾ ਸੀ,’ ਦੂਸਰੇ ਅਰਥ ਵਿਚ ਉਹ ਸਾਰਿਆਂ ਮੁਰਦਿਆਂ ਦੀ ਮਾਤਾ ਬਣ ਗਈ। ਸਾਰਿਆਂ ਇਨਸਾਨਾਂ ਨੇ ਵਿਰਸੇ ਵਿਚ ਆਦਮ ਤੋਂ ਉਹ ਪਾਪ ਪ੍ਰਾਪਤ ਕੀਤਾ ਜਿਸ ਤੋਂ ਮੌਤ ਆਉਂਦੀ ਹੈ।—ਉਤਪਤ 3:20; ਰੋਮੀਆਂ 5:12.
ਪਰਮੇਸ਼ੁਰ ਅਤੇ ਮਸੀਹ ਦੀ ਰੀਸ ਕਰੋ
ਸ਼ਤਾਨ ਅਤੇ ਯਿਸੂ ਦੇ ਦਰਮਿਆਨ ਜੋ ਫ਼ਰਕ ਹੈ, ਉਸ ਵੱਲ ਧਿਆਨ ਦਿਓ। ਸ਼ਤਾਨ “ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ” ਸੱਦਿਆ ਗਿਆ ਹੈ, “ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ।” (ਪਰਕਾਸ਼ ਦੀ ਪੋਥੀ 12:10) ਯਿਸੂ “ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।”—ਇਬਰਾਨੀਆਂ 7:25.
ਸ਼ਤਾਨ ਪਰਮੇਸ਼ੁਰ ਦਿਆਂ ਸੇਵਕਾਂ ਉੱਤੇ ਦੋਸ਼ ਲਾਉਂਦਾ ਹੈ। ਯਿਸੂ ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਦੇ ਨਿਮਿੱਤ ਸਫ਼ਾਰਸ਼ ਕਰਦਾ ਹੈ। ਮਸੀਹ ਦੀ ਰੀਸ ਕਰਨ ਵਾਲਿਆਂ ਵਜੋਂ, ਮਸੀਹੀਆਂ ਨੂੰ ਇਕ ਦੂਸਰੇ ਵਿਚ ਚੰਗੇ ਗੁਣ ਦੇਖਣ ਦੀ ਸਖ਼ਤ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਕ ਦੂਸਰੇ ਦੀ ਕਦਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦੇ ਹਨ ਕਿ ਉਹ ਉਸ ਦੇ ਸ਼ੁਕਰਗੁਜ਼ਾਰ ਹਨ ਜੋ ਕਦਰਦਾਨੀ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕਰਦਾ ਹੈ, ਯਹੋਵਾਹ ਪਰਮੇਸ਼ੁਰ।—1 ਕੁਰਿੰਥੀਆਂ 11:1.
[ਸਫ਼ੇ 17 ਉੱਤੇ ਤਸਵੀਰ]
ਯਿਸੂ ਨੇ ਮਰਿਯਮ ਦੇ ਚੰਗੇ ਕੰਮ ਦੀ ਕਦਰ ਕੀਤੀ