“ਤੁਸੀਂ ਧੰਨਵਾਦ ਕਰਿਆ ਕਰੋ”
1 ਯਿਸੂ ਨੇ ਇਕ ਵਾਰ ਦਸ ਕੋੜ੍ਹੀਆਂ ਨੂੰ ਚੰਗਾ ਕੀਤਾ ਸੀ। ਪਰ ਉਨ੍ਹਾਂ ਵਿੱਚੋਂ ਇੱਕੋ ਕੋੜ੍ਹੀ ਯਿਸੂ ਦਾ ਧੰਨਵਾਦ ਕਰਨ ਆਇਆ ਸੀ। ਯਿਸੂ ਨੇ ਉਸ ਨੂੰ ਪੁੱਛਿਆ: “ਭਲਾ, ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌਂ ਕਿੱਥੇ ਹਨ?” (ਲੂਕਾ 17:11-19) ਸਾਡੇ ਪਿਆਰੇ ਪਿਤਾ ਯਹੋਵਾਹ ਨੇ ਖੁਲ੍ਹ-ਦਿਲੀ ਦਿਖਾਉਂਦੇ ਹੋਏ ਸਾਨੂੰ ਕਿੰਨਾ ਕੁਝ ਦਿੱਤਾ ਹੈ! ਇਸ ਲਈ ਸਾਨੂੰ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ!—ਕੁਲੁ. 3:15; ਯਾਕੂ. 1:17.
2 ਸਾਨੂੰ ਕਿਨ੍ਹਾਂ ਚੀਜ਼ਾਂ ਲਈ ਯਹੋਵਾਹ ਦੇ ਧੰਨਵਾਦੀ ਹੋਣਾ ਚਾਹੀਦਾ ਹੈ? ਯਹੋਵਾਹ ਨੇ ਸਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਇਸ ਤੋਂ ਵੱਡਾ ਤੋਹਫ਼ਾ ਸਾਡੇ ਲਈ ਹੋਰ ਕੀ ਹੋ ਸਕਦਾ ਹੈ? (ਯੂਹੰ. 3:16) ਅਸੀਂ ਇਸ ਗੱਲ ਲਈ ਵੀ ਯਹੋਵਾਹ ਦੇ ਧੰਨਵਾਦੀ ਹਾਂ ਕਿ ਉਸ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਸਾਡਾ ਮਸੀਹੀ ਭਾਈਚਾਰਾ ਅਤੇ ਏਕਤਾ ਵੀ ਧੰਨਵਾਦ ਕਰਨ ਦਾ ਇਕ ਕਾਰਨ ਹੈ। (ਜ਼ਬੂ. 133:1-3) ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਹੋਰ ਵੀ ਕਈ ਕਾਰਨ ਹਨ। ਆਓ ਆਪਾਂ ਕਦੀ ਵੀ ਨਾਸ਼ੁਕਰੇ ਇਸਰਾਏਲੀਆਂ ਵਰਗੇ ਨਾ ਬਣੀਏ ਜੋ ਯਹੋਵਾਹ ਦੀਆਂ ਮਿਹਰਬਾਨੀਆਂ ਨੂੰ ਭੁੱਲ ਗਏ।—ਜ਼ਬੂ. 106:12, 13.
3 ਧੰਨਵਾਦ ਕਰਨ ਦਾ ਉੱਤਮ ਤਰੀਕਾ: ਭਾਵੇਂ ਕਿ ਦਸੇ ਕੋੜ੍ਹੀ ਯਿਸੂ ਦੇ ਧੰਨਵਾਦੀ ਸਨ, ਪਰ ਇੱਕੋ ਕੋੜ੍ਹੀ ਨੇ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ ਸੀ। (ਲੂਕਾ 17:15) ਅਸੀਂ ਕਿਸ ਤਰੀਕੇ ਨਾਲ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ? ਸੇਵਕਾਈ ਵਿਚ ਜੋਸ਼ ਨਾਲ ਹਿੱਸਾ ਲੈ ਕੇ। ਜੇ ਅਸੀਂ ਦਿਲੋਂ ਆਪਣੇ ਪਿਆਰੇ ਪਿਤਾ ਦੇ ਧੰਨਵਾਦੀ ਹਾਂ, ਤਾਂ ਅਸੀਂ ਦੂਸਰਿਆਂ ਨੂੰ ਉਸ ਦੇ ਪਿਆਰ ਅਤੇ ਖੁਲ੍ਹ-ਦਿਲੀ ਬਾਰੇ ਦੱਸਣ ਲਈ ਪ੍ਰੇਰਿਤ ਹੋਵਾਂਗੇ। (ਲੂਕਾ 6:45) ਜਦੋਂ ਅਸੀਂ ਦੂਸਰਿਆਂ ਨੂੰ ਯਹੋਵਾਹ ਦੇ ‘ਅਚਰਜ ਕੰਮ, ਨਾਲੇ ਉਸ ਦੇ ਉਪਾਓ ਜਿਹੜੇ ਸਾਡੇ ਲਈ ਹਨ’ ਦੱਸਾਂਗੇ, ਤਾਂ ਯਹੋਵਾਹ ਪ੍ਰਤੀ ਸਾਡਾ ਪਿਆਰ ਅਤੇ ਸ਼ੁਕਰਗੁਜ਼ਾਰੀ ਹੋਰ ਵਧੇਗੀ।—ਜ਼ਬੂ. 40:5.
4 ਦੂਸਰਿਆਂ ਦੇ ਦਿਲਾਂ ਵਿਚ ਸ਼ੁਕਰਗੁਜ਼ਾਰੀ ਪੈਦਾ ਕਰੋ: ਆਪਣੇ ਬੱਚਿਆਂ ਅਤੇ ਬਾਈਬਲ ਵਿਦਿਆਰਥੀਆਂ ਦੇ ਦਿਲਾਂ ਵਿਚ ਯਹੋਵਾਹ ਲਈ ਸ਼ੁਕਰਗੁਜ਼ਾਰੀ ਪੈਦਾ ਕਰੋ। ਮਾਪੇ ਆਪਣੇ ਬੱਚਿਆਂ ਨਾਲ ਯਹੋਵਾਹ ਦੀ ਸ੍ਰਿਸ਼ਟੀ ਦਾ ਆਨੰਦ ਲੈਂਦੇ ਵੇਲੇ ਤੇ ਹੋਰ ਮੌਕਿਆਂ ʼਤੇ ਉਨ੍ਹਾਂ ਦੇ ਦਿਲਾਂ ਵਿਚ ਸ਼ੁਕਰਗੁਜ਼ਾਰੀ ਪੈਦਾ ਕਰ ਸਕਦੇ ਹਨ। (ਰੋਮੀ. 1:20) ਬਾਈਬਲ ਸਟੱਡੀ ਕਰਾਉਂਦੇ ਵੇਲੇ ਸਾਨੂੰ ਆਪਣੇ ਵਿਦਿਆਰਥੀ ਨੂੰ ਪੁੱਛਣਾ ਚਾਹੀਦਾ ਹੈ, “ਇਸ ਤੋਂ ਸਾਨੂੰ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਕੀ ਪਤਾ ਲੱਗਦਾ ਹੈ?” ਜਿਉਂ-ਜਿਉਂ ਵਿਦਿਆਰਥੀ ਦੇ ਦਿਲ ਵਿਚ ਕਦਰਦਾਨੀ ਵਧੇਗੀ, ਯਹੋਵਾਹ ਲਈ ਉਸ ਦਾ ਪਿਆਰ ਵੀ ਵਧੇਗਾ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਉਸ ਦਾ ਇਰਾਦਾ ਵੀ ਹੋਰ ਪੱਕਾ ਹੋਵੇਗਾ।
5 ਇਨ੍ਹਾਂ ਅੰਤਲੇ ਦਿਨਾਂ ਵਿਚ, ਜ਼ਿਆਦਾਤਰ ਲੋਕ ਨਾਸ਼ੁਕਰੇ ਹਨ। (2 ਤਿਮੋ. 3:1, 2) ਇਸ ਲਈ ਜਦੋਂ ਅਸੀਂ ਸੇਵਕਾਈ ਵਿਚ ਜੋਸ਼ ਨਾਲ ਹਿੱਸਾ ਲੈ ਕੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ, ਤਾਂ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ!—ਯਾਕੂ. 1:22-25.