ਰੂਹਾਨੀ ਕਮਜ਼ੋਰੀਆਂ ਨੂੰ ਪਛਾਣਨਾ ਅਤੇ ਇਨ੍ਹਾਂ ਉੱਤੇ ਜੇਤੂ ਹੋਣਾ
ਯੂਨਾਨੀ ਮਿਥਿਹਾਸ ਦੇ ਅਨੁਸਾਰ, ਟ੍ਰਾਇ ਸ਼ਹਿਰ ਦੇ ਯੁੱਧ ਵਿਚ, ਯੂਨਾਨੀ ਸੈਨਿਕਾਂ ਵਿੱਚੋਂ ਅਕਿੱਲੀਜ਼ ਸਭ ਤੋਂ ਬਹਾਦਰ ਸੀ। ਮਿਥਿਹਾਸਕ ਕਹਾਣੀਆਂ ਵਿਚ ਦੱਸਿਆ ਗਿਆ ਹੈ ਕਿ ਜਦੋਂ ਅਕਿੱਲੀਜ਼ ਛੋਟਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਸਟਿੱਕਸ ਨਦੀ ਵਿਚ ਚੁੱਭੀ ਦਿੱਤੀ, ਅਤੇ ਇਸ ਤਰ੍ਹਾਂ ਉਹ ਮਹਿਫੂਜ਼ ਬਣ ਗਿਆ। ਉਸ ਦੀ ਸਿਰਫ਼ ਅੱਡੀ ਹੀ ਨਾਜ਼ੁਕ ਸੀ ਜਿੱਥੋਂ ਉਸ ਦੀ ਮਾਂ ਨੇ ਉਸ ਨੂੰ ਫੜੀ ਰੱਖਿਆ ਸੀ। ਇਸ ਕਮਜ਼ੋਰੀ ਨੂੰ ਅਖਾਣ ਵਜੋਂ ਅਕਿੱਲੀਜ਼ ਦੀ ਅੱਡੀ ਕਿਹਾ ਜਾਂਦਾ ਹੈ। ਇਹ ਠੀਕ ਉਹੀ ਜਗ੍ਹਾ ਸੀ ਜਿੱਥੇ ਰਾਜੇ ਪ੍ਰਾਯਮ ਦੇ ਪੁੱਤਰ ਪੈਰਿਸ ਨੇ ਤੀਰ ਮਾਰ ਕੇ ਅਕਿੱਲੀਜ਼ ਨੂੰ ਮਾਰ ਸੁੱਟਿਆ।
ਮਸੀਹੀ ਧਰਮ ਦੀ ਲੜਾਈ ਵਿਚ ਸ਼ਾਮਲ ਹਨ ਅਤੇ ਉਹ ਮਸੀਹ ਦੇ ਸਿਪਾਹੀ ਹਨ। (2 ਤਿਮੋਥਿਉਸ 2:3) “ਸਾਡੀ ਲੜਾਈ,” ਪੌਲੁਸ ਰਸੂਲ ਸਮਝਾਉਂਦਾ ਹੈ, “ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਜੀ ਹਾਂ, ਸਾਡੇ ਦੁਸ਼ਮਣ ਹੋਰ ਕੋਈ ਨਹੀਂ ਬਲਕਿ ਸ਼ਤਾਨ ਅਰਥਾਤ ਇਬਲੀਸ ਅਤੇ ਉਸ ਦੇ ਦੂਤ ਹਨ।—ਅਫ਼ਸੀਆਂ 6:12.
ਇਹ ਗੱਲ ਸਪੱਸ਼ਟ ਹੈ, ਅਸੀਂ ਇਸ ਲੜਾਈ ਵਿਚ ਕਦੀ ਵੀ ਕਾਮਯਾਬ ਨਾ ਹੁੰਦੇ ਜੇਕਰ ਸਾਨੂੰ ਯਹੋਵਾਹ ਪਰਮੇਸ਼ੁਰ, ਜਿਸ ਨੂੰ “ਜੋਧਾ ਪੁਰਸ਼” ਸੱਦਿਆ ਗਿਆ ਹੈ, ਦੀ ਮਦਦ ਨਾ ਮਿਲਦੀ। (ਕੂਚ 15:3) ਆਪਣਿਆਂ ਵਹਿਸ਼ੀ ਦੁਸ਼ਮਣਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਾਨੂੰ ਰੂਹਾਨੀ ਸ਼ਸਤ੍ਰ ਬਸਤ੍ਰ ਦਿੱਤੇ ਗਏ ਹਨ। ਇਸੇ ਲਈ ਰਸੂਲ ਨੇ ਕਿਹਾ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।”—ਅਫ਼ਸੀਆਂ 6:11.
ਇਸ ਵਿਚ ਕੋਈ ਸ਼ੱਕ ਨਹੀਂ ਕੀ ਯਹੋਵਾਹ ਵੱਲੋਂ ਦਿੱਤੇ ਗਏ ਸ਼ਸਤ੍ਰ ਬਸਤ੍ਰ ਸਭ ਤੋਂ ਵਧੀਆ ਕਿਸਮ ਦੇ ਹਨ, ਅਤੇ ਸਾਡੀ ਨਿਹਚਾ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਸਾਮ੍ਹਣਾ ਕਰਨ ਦੇ ਯੋਗ ਹਨ। ਪੌਲੁਸ ਦੀ ਦਿੱਤੀ ਗਈ ਸੂਚੀ ਵੱਲ ਜ਼ਰਾ ਦੇਖੋ: ਸਚਿਆਈ ਦੀ ਕਮਰਬੰਦ, ਧਰਮ ਦੀ ਸੰਜੋ, ਖ਼ੁਸ਼ ਖ਼ਬਰੀ ਦੀ ਜੁੱਤੀ, ਨਿਹਚਾ ਦੀ ਢਾਲ, ਮੁਕਤੀ ਦਾ ਟੋਪ, ਆਤਮਾ ਜਾਂ ਪਵਿੱਤਰ ਸ਼ਕਤੀ ਦੀ ਤਲਵਾਰ। ਕੀ ਸਾਨੂੰ ਇਸ ਤੋਂ ਬਿਹਤਰੀਨ ਸਾਮਾਨ ਮਿਲ ਸਕਦਾ ਹੈ? ਵੱਡੀਆਂ ਔਖਿਆਈਆਂ ਦੇ ਬਾਵਜੂਦ ਅਜਿਹੇ ਸ਼ਸਤ੍ਰ ਬਸਤ੍ਰ ਪਹਿਨਣ ਨਾਲ ਇਕ ਮਸੀਹੀ ਸਿਪਾਹੀ ਲਈ ਜੇਤੂ ਹੋਣ ਦੀ ਚੰਗੀ ਸੰਭਾਵਨਾ ਹੈ।—ਅਫ਼ਸੀਆਂ 6:13-17.
ਭਾਵੇਂ ਕਿ ਯਹੋਵਾਹ ਵੱਲੋਂ ਰੂਹਾਨੀ ਸ਼ਸਤ੍ਰ ਬਸਤ੍ਰ ਸਭ ਤੋਂ ਵਧੀਆ ਕਿਸਮ ਦੇ ਹਨ ਅਤੇ ਸਾਡੇ ਲਈ ਸੁਰੱਖਿਆ ਦਾ ਸ੍ਰੋਤ ਹਨ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹੀ ਕਾਫ਼ੀ ਹੈ। ਇਹ ਯਾਦ ਰੱਖਦੇ ਹੋਏ ਕਿ ਮਹਿਫੂਜ਼ ਅਕਿੱਲੀਜ਼ ਬਿਲਕੁਲ ਮਹਿਫੂਜ਼ ਨਹੀਂ ਸੀ, ਕੀ ਇਹ ਮੁਮਕਿਨ ਹੈ ਕਿ ਸ਼ਾਇਦ ਸਾਡੀ ਵੀ ਕੋਈ ਕਮਜ਼ੋਰੀ ਹੋਵੇ, ਕੋਈ ਰੂਹਾਨੀ ਅਕਿੱਲੀਜ਼ ਦੀ ਅੱਡੀ? ਇਹ ਮਾਰੂ ਸਾਬਤ ਹੋ ਸਕਦੀ ਹੈ ਜੇਕਰ ਅਚਾਨਕ ਹੀ ਸਾਡੇ ਉੱਤੇ ਹਮਲਾ ਕੀਤਾ ਜਾਵੇ।
ਆਪਣੇ ਰੂਹਾਨੀ ਸ਼ਸਤ੍ਰ ਬਸਤ੍ਰ ਦੀ ਜਾਂਚ ਕਰੋ
ਬਰਫ਼ ਉੱਤੇ ਸਕੇਟ ਕਰਨ ਵਾਲਾ ਇਕ ਆਦਮੀ ਓਲੰਪਕ ਖੇਡਾਂ ਵਿਚ ਦੋ ਵਾਰੀ ਸੋਨੇ ਦਾ ਮੈਡਲ ਪ੍ਰਾਪਤ ਕਰ ਚੁੱਕਾ ਸੀ। ਉਸ ਦੀ ਸਰੀਰਕ ਸਿਹਤ ਬਹੁਤ ਵਧੀਆ ਲੱਗਦੀ ਸੀ ਪਰ ਅਚਾਨਕ ਹੀ ਇਕ ਦਿਨ ਸਕੇਟ ਕਰਦਾ-ਕਰਦਾ ਉਹ ਡਿੱਗ ਕੇ ਮਰ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਦ ਨਿਊਯਾਰਕ ਟਾਈਮਜ਼ ਵਿਚ ਇਕ ਗੰਭੀਰ ਖ਼ਬਰ ਰਿਪੋਰਟ ਕੀਤੀ ਗਈ ਸੀ: “ਹਰੇਕ ਸਾਲ ਦਿਲ ਦਾ ਦੌਰਾ ਸਹਾਰਨ ਵਾਲੇ 6,00,000 ਅਮਰੀਕੀ ਲੋਕਾਂ ਵਿੱਚੋਂ ਅੱਧਿਆਂ ਵਿਚ ਪਹਿਲਾਂ ਕੋਈ ਵੀ ਨਿਸ਼ਾਨੀ ਨਹੀਂ ਹੁੰਦੀ।” ਸਪੱਸ਼ਟ ਹੈ ਕਿ ਸਾਡੀ ਸਿਹਤ ਇਸ ਗੱਲ ਤੋਂ ਨਹੀਂ ਨਿਸ਼ਚਿਤ ਕੀਤੀ ਜਾ ਸਕਦੀ ਕਿ ਅਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ।
ਸਾਡੀ ਰੂਹਾਨੀ ਸਿਹਤ ਬਾਰੇ ਵੀ ਇਹੀ ਗੱਲ ਸੱਚ ਹੈ। ਬਾਈਬਲ ਸਲਾਹ ਦਿੰਦੀ ਹੈ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” (1 ਕੁਰਿੰਥੀਆਂ 10:12) ਭਾਵੇਂ ਕਿ ਸਾਡੇ ਰੂਹਾਨੀ ਸ਼ਸਤ੍ਰ ਬਸਤ੍ਰ ਸਭ ਤੋਂ ਵਧੀਆ ਹਨ ਉਨ੍ਹਾਂ ਵਿਚ ਨੁਕਸ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਪਾਪ ਵਿਚ ਜੰਮੇ ਹਾਂ, ਅਤੇ ਸਾਡਾ ਪਾਪੀ ਅਤੇ ਅਪੂਰਣ ਸੁਭਾਅ ਪਰਮੇਸ਼ੁਰ ਦੀ ਇੱਛਾ ਕਰਨ ਦੇ ਸਾਡੇ ਇਰਾਦੇ ਨੂੰ ਆਸਾਨੀ ਨਾਲ ਹਟਾ ਸਕਦਾ ਹੈ। (ਜ਼ਬੂਰ 51:5) ਸਾਡੇ ਇਰਾਦੇ ਚੰਗੇ ਹੋਣ ਦੇ ਬਾਵਜੂਦ, ਸਾਡਾ ਧੋਖੇਬਾਜ਼ ਦਿਲ ਝੂਠੀਆਂ ਦਲੀਲਾਂ ਜਾਂ ਬਹਾਨੇ ਬਣਾਉਣ ਦੁਆਰਾ ਸਾਨੂੰ ਗੁਮਰਾਹ ਕਰ ਸਕਦਾ ਹੈ, ਤਾਂਕਿ ਅਸੀਂ ਆਸਾਨੀ ਨਾਲ ਆਪਣੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰੀਏ ਅਤੇ ਆਪਣੇ ਆਪ ਨੂੰ ਇਹ ਸੋਚਣ ਵਿਚ ਧੋਖਾ ਦੇਈਏ ਕਿ ਸਭ ਕੁਝ ਠੀਕ-ਠਾਕ ਹੈ।—ਯਿਰਮਿਯਾਹ 17:9; ਰੋਮੀਆਂ 7:21-23.
ਇਸ ਦੇ ਨਾਲ-ਨਾਲ, ਅਸੀਂ ਅਜਿਹੇ ਸੰਸਾਰ ਵਿਚ ਜੀ ਰਹੇ ਹਾਂ ਜਿਸ ਵਿਚ ਸਹੀ ਅਤੇ ਗ਼ਲਤ ਵਿਚ ਅਕਸਰ ਫ਼ਰਕ ਦੇਖਿਆ ਨਹੀਂ ਜਾਂਦਾ ਜਾਂ ਵਿਗਾੜਿਆ ਜਾਂਦਾ ਹੈ। ਕਿਸੇ ਚੀਜ਼ ਦਾ ਸਹੀ ਜਾਂ ਗ਼ਲਤ ਹੋਣਾ, ਇਸ ਤੋਂ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਇਕ ਵਿਅਕਤੀ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਅਜਿਹੀ ਸੋਚਣੀ ਇਸ਼ਤਿਹਾਰਾਂ, ਮਸ਼ਹੂਰ ਮਨੋਰੰਜਨ, ਅਤੇ ਮੀਡੀਆ ਦੁਆਰਾ ਅੱਗੇ ਵਧਾਈ ਜਾਂਦੀ ਹੈ। ਇਹ ਸਪੱਸ਼ਟ ਹੈ ਕਿ ਜੇਕਰ ਅਸੀਂ ਧਿਆਨ ਨਾ ਦੇਈਏ ਤਾਂ ਅਸੀਂ ਵੀ ਇਸ ਤਰ੍ਹਾਂ ਸੋਚਣ ਲੱਗ ਸਕਦੇ ਹਾਂ, ਅਤੇ ਸਾਡੇ ਰੂਹਾਨੀ ਸ਼ਸਤ੍ਰ ਬਸਤ੍ਰ ਸ਼ਾਇਦ ਕਮਜ਼ੋਰ ਹੋਣ ਲੱਗ ਪੈਣ।
ਅਜਿਹੀ ਖ਼ਤਰਨਾਕ ਸਥਿਤੀ ਵਿਚ ਪੈਣ ਦੀ ਬਜਾਇ, ਸਾਨੂੰ ਬਾਈਬਲ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।” (2 ਕੁਰਿੰਥੀਆਂ 13:5) ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਉਨ੍ਹਾਂ ਕਮਜ਼ੋਰੀਆਂ ਨੂੰ ਦੇਖ ਸਕਾਂਗੇ ਜੋ ਸ਼ਾਇਦ ਸਾਡੇ ਵਿਚ ਪੈਦਾ ਹੋ ਚੁੱਕੀਆਂ ਹੋਣ ਅਤੇ ਇਸ ਤੋਂ ਪਹਿਲਾਂ ਕਿ ਸਾਡੇ ਦੁਸ਼ਮਣ ਉਨ੍ਹਾਂ ਨੂੰ ਪਛਾਣ ਕੇ ਹਮਲਾ ਕਰਨ, ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕ ਸਕਾਂਗੇ। ਪਰ, ਅਸੀਂ ਅਜਿਹੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹਾਂ? ਖ਼ੁਦ ਦੀ ਜਾਂਚ ਕਰਨ ਲਈ ਸਾਨੂੰ ਕਿਨ੍ਹਾਂ ਨਿਸ਼ਾਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ?
ਨਿਸ਼ਾਨੀਆਂ ਨੂੰ ਪਛਾਣਨਾ
ਰੂਹਾਨੀ ਕਮਜ਼ੋਰੀ ਦੀ ਇਕ ਆਮ ਨਿਸ਼ਾਨੀ, ਨਿੱਜੀ ਅਧਿਐਨ ਦੀਆਂ ਆਦਤਾਂ ਵਿਚ ਲਾਪਰਵਾਹੀ ਹੋ ਸਕਦੀ ਹੈ। ਕੁਝ ਭੈਣ-ਭਰਾ ਸੋਚਦੇ ਹਨ ਕਿ ਸਾਨੂੰ ਹੋਰ ਅਧਿਐਨ ਕਰਨਾ ਤਾਂ ਚਾਹੀਦਾ ਹੈ ਲੇਕਿਨ ਸਾਡੇ ਹੱਥੋਂ ਮੌਕਾ ਨਿਕਲਦਾ ਰਹਿੰਦਾ ਹੈ। ਅੱਜ-ਕੱਲ੍ਹ ਦੀ ਨੱਠ-ਭੱਜ ਵਿਚ, ਅਜਿਹੀ ਬੁਰੀ ਸਥਿਤੀ ਵਿਚ ਪੈਣਾ ਆਸਾਨ ਹੈ। ਲੇਕਿਨ, ਇਸ ਤੋਂ ਵੀ ਬੁਰਾ ਇਹ ਹੈ ਕਿ ਲੋਕ ਅਕਸਰ ਆਪਣੇ ਆਪ ਨੂੰ ਮਨਾ ਲੈਂਦੇ ਹਨ ਕਿ ਉਹ ਬਥੇਰਾ ਕਰ ਰਹੇ ਹਨ, ਕਿਉਂਕਿ ਜਦੋਂ ਉਨ੍ਹਾਂ ਕੋਲ ਵੇਹਲ ਹੁੰਦਾ ਹੈ ਉਹ ਬਾਈਬਲ ਪ੍ਰਕਾਸ਼ਨ ਪੜ੍ਹ ਲੈਂਦੇ ਹਨ ਅਤੇ ਉਹ ਕੁਝ ਮਸੀਹੀ ਸਭਾਵਾਂ ਨੂੰ ਵੀ ਜਾਂਦੇ ਹਨ।
ਇਸ ਤਰ੍ਹਾਂ ਤਰਕ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ। ਇਹ ਉਸ ਆਦਮੀ ਵਾਂਗ ਹੈ ਜਿਸ ਨੂੰ ਲੱਗਦਾ ਹੈ ਕਿ ਉਸ ਕੋਲ ਚੱਜ ਨਾਲ ਬੈਠ ਕੇ ਖਾਣ ਦਾ ਸਮਾਂ ਨਹੀਂ ਹੈ। ਇਸ ਲਈ ਉਹ ਦੌੜਦਾ-ਭੱਜਦਾ ਆਪਣੇ ਕੰਮਾਂ ਨੂੰ ਪੂਰਾ ਕਰਦਾ ਹੋਇਆ, ਜਦੋਂ ਕਿਤੇ ਹੋ ਸਕੇ ਉਹ ਥੋੜ੍ਹਾ-ਬਹੁਤਾ ਖਾ ਲੈਂਦਾ ਹੈ। ਭਾਵੇਂ ਉਹ ਭੁੱਖ ਨਾਲ ਨਹੀਂ ਮਰੇਗਾ, ਕਿਸੇ-ਨ-ਕਿਸੇ ਵੇਲੇ ਉਸ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਇਸ ਹੀ ਤਰ੍ਹਾਂ, ਪੌਸ਼ਟਿਕ ਰੂਹਾਨੀ ਖ਼ੁਰਾਕ ਨੂੰ ਲਗਾਤਾਰ ਖਾਣ ਤੋਂ ਬਗੈਰ, ਅਸੀਂ ਜਲਦੀ ਹੀ ਆਪਣੇ ਰੂਹਾਨੀ ਸ਼ਸਤ੍ਰ ਬਸਤ੍ਰ ਨੂੰ ਕਮਜ਼ੋਰ ਕਰ ਸਕਦੇ ਹਾਂ। ਦੁਨਿਆਵੀ ਪ੍ਰਾਪੇਗੰਡਾ ਅਤੇ ਰਵੱਈਏ ਨਾਲ ਹਮੇਸ਼ਾ ਘੇਰੇ ਜਾਣ ਕਾਰਨ, ਅਸੀਂ ਆਸਾਨੀ ਨਾਲ ਸ਼ਤਾਨ ਦੇ ਮਾਰੂ ਹਮਲਿਆਂ ਦੇ ਸ਼ਿਕਾਰ ਬਣ ਸਕਦੇ ਹਾਂ।
ਰੂਹਾਨੀ ਕਮਜ਼ੋਰੀ ਦੀ ਇਕ ਹੋਰ ਨਿਸ਼ਾਨੀ ਹੈ ਧਰਮ ਦੀ ਲੜਾਈ ਵਿਚ ਤੀਬਰਤਾ ਦੀ ਭਾਵਨਾ ਦੀ ਕਮੀ। ਸ਼ਾਂਤੀ ਦੇ ਵੇਲੇ ਕਿਸੇ ਸਿਪਾਹੀ ਨੂੰ ਲੜਾਈ ਦਾ ਤਣਾਅ ਜਾਂ ਖ਼ਤਰਾ ਨਹੀਂ ਹੁੰਦਾ। ਇਸ ਲਈ ਉਹ ਸ਼ਾਇਦ ਤਿਆਰ ਰਹਿਣ ਦੀ ਤੀਬਰਤਾ ਨਾ ਮਹਿਸੂਸ ਕਰੇ। ਜੇਕਰ ਉਸ ਨੂੰ ਇਕਦਮ ਕਾਰਵਾਈ ਕਰਨੀ ਪਵੇ, ਤਾਂ ਹੋ ਸਕਦਾ ਹੈ ਕਿ ਉਹ ਤਿਆਰ ਨਾ ਹੋਵੇ। ਰੂਹਾਨੀ ਤੌਰ ਤੇ ਵੀ ਇਹੀ ਗੱਲ ਸੱਚ ਹੈ। ਜੇਕਰ ਅਸੀਂ ਤੀਬਰਤਾ ਦੀ ਆਪਣੀ ਭਾਵਨਾ ਨੂੰ ਘਟਣ ਦਈਏ, ਤਾਂ ਅਸੀਂ ਵੀ ਸ਼ਾਇਦ ਸਾਡੇ ਵਿਰੁੱਧ ਆਉਣ ਵਾਲਿਆਂ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਨਾ ਹੋਈਏ।
ਲੇਕਿਨ, ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਅਸੀਂ ਇਸ ਸਥਿਤੀ ਵਿਚ ਹਾਂ? ਅਸੀਂ ਆਪਣੇ ਆਪ ਤੋਂ ਕੁਝ ਸਵਾਲ ਪੁੱਛ ਸਕਦੇ ਹਾਂ ਜੋ ਸ਼ਾਇਦ ਸਾਡੀ ਅਸਲੀ ਦਸ਼ਾ ਨੂੰ ਪ੍ਰਗਟ ਕਰਨ: ਕੀ ਮੈਂ ਸੇਵਕਾਈ ਵਿਚ ਹਿੱਸਾ ਲੈਣ ਬਾਰੇ ਉੱਨਾ ਹੀ ਜੋਸ਼ੀਲਾ ਹਾਂ ਜਿੰਨਾ ਮੈਂ ਬਾਹਰ ਘੁੰਮਣ-ਫਿਰਨ ਬਾਰੇ ਹਾਂ? ਕੀ ਮੈਂ ਸਭਾਵਾਂ ਦੀ ਤਿਆਰੀ ਵਿਚ ਸਮਾਂ ਲਗਾਉਣ ਲਈ ਉੱਨਾ ਹੀ ਰਾਜ਼ੀ ਹਾਂ ਜਿੰਨਾ ਮੈਂ ਬਾਜ਼ਾਰ ਜਾਣ ਜਾਂ ਟੀ. ਵੀ. ਦੇਖਣ ਲਈ ਹਾਂ? ਕੀ ਮੈਂ ਉਨ੍ਹਾਂ ਕੰਮਾਂ ਜਾਂ ਮੌਕਿਆਂ ਬਾਰੇ ਦੁਬਾਰਾ ਸੋਚ-ਵਿਚਾਰ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਮਸੀਹੀ ਬਣਨ ਦੀ ਖ਼ਾਤਰ ਛੱਡਿਆ ਸੀ? ਕੀ ਮੈਂ ਦੂਸਰਿਆਂ ਦੇ ਐਸ਼ਪਰਸਤ ਜੀਵਨ ਤੋਂ ਜਲਦਾ ਹਾਂ? ਇਹ ਸਵਾਲ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ, ਅਤੇ ਇਹ ਸਾਡੇ ਸ਼ਸਤ੍ਰ ਬਸਤ੍ਰ ਵਿਚ ਕਿਸੇ ਵੀ ਕਮਜ਼ੋਰੀ ਨੂੰ ਦੇਖਣ ਵਾਸਤੇ ਸਹਾਇਕ ਹਨ।
ਕਿਉਂਕਿ ਸਾਡੀ ਸੁਰੱਖਿਆ ਕਰਨ ਵਾਲੇ ਸ਼ਸਤ੍ਰ ਬਸਤ੍ਰ ਰੂਹਾਨੀ ਹਨ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਆਤਮਾ, ਜਾਂ ਪਵਿੱਤਰ ਸ਼ਕਤੀ, ਨੂੰ ਖੁੱਲ੍ਹੀ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਵਿਚ ਕੰਮ ਕਰਨ ਦੇਈਏ। ਇਸ ਦਾ ਸਬੂਤ ਇਸ ਵਿਚ ਦੇਖਿਆ ਜਾਂਦਾ ਹੈ ਕਿ ਪਰਮੇਸ਼ੁਰ ਦੀ ਆਤਮਾ ਦਾ ਫਲ ਸਾਡੇ ਸਾਰੇ ਕੰਮਾਂ ਵਿਚ ਕਿਸ ਹੱਦ ਤਕ ਪ੍ਰਗਟ ਹੈ। ਕੀ ਤੁਸੀਂ ਜਲਦੀ ਖਿੱਝ ਜਾਂਦੇ ਹੋ ਜਾਂ ਪਰੇਸ਼ਾਨ ਹੋ ਜਾਂਦੇ ਹੋ ਜਦੋਂ ਕੋਈ ਅਜਿਹਾ ਕੰਮ ਕਰਦਾ ਜਾਂ ਅਜਿਹੀ ਗੱਲ ਕਹਿੰਦਾ ਹੈ ਜੋ ਤੁਹਾਨੂੰ ਪਸੰਦ ਨਹੀਂ? ਕੀ ਤੁਹਾਨੂੰ ਸਲਾਹ-ਮਸ਼ਵਰਾ ਸਵੀਕਾਰ ਕਰਨਾ ਔਖਾ ਲੱਗਦਾ ਹੈ, ਜਾਂ ਕੀ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਦੂਸਰੇ ਹਮੇਸ਼ਾ ਤੁਹਾਡੇ ਵਿਚ ਨੁਕਸ ਕੱਢਦੇ ਰਹਿੰਦੇ ਹਨ? ਕੀ ਤੁਸੀਂ ਦੂਸਰਿਆਂ ਦੀਆਂ ਬਰਕਤਾਂ ਜਾਂ ਸਫ਼ਲਤਾਵਾਂ ਕਰਕੇ ਦਿਲੋਂ ਜਲਦੇ ਹੋ? ਕੀ ਤੁਹਾਡੇ ਲਈ ਦੂਸਰਿਆਂ ਨਾਲ, ਖ਼ਾਸ ਕਰਕੇ ਤੁਹਾਡੇ ਹਾਣੀਆਂ ਨਾਲ, ਮਿਲ-ਜੁਲ ਕੇ ਰਹਿਣਾ ਔਖਾ ਹੈ? ਆਪਣੇ ਆਪ ਨੂੰ ਚੰਗੀ ਤਰ੍ਹਾਂ ਪਰਖਣਾ ਸਾਨੂੰ ਇਹ ਦੇਖਣ ਵਿਚ ਮਦਦ ਦੇਵੇਗਾ ਕਿ ਸਾਡੇ ਜੀਵਨ ਪਰਮੇਸ਼ੁਰ ਦੀ ਸ਼ਕਤੀ ਦੇ ਫਲ ਨਾਲ ਭਰਪੂਰ ਹਨ ਜਾਂ ਸਾਡੇ ਵਿਚ ਸਰੀਰ ਦੇ ਕੰਮ ਹੌਲੀ-ਹੌਲੀ ਪ੍ਰਗਟ ਹੋ ਰਹੇ ਹਨ।—ਗਲਾਤੀਆਂ 5:22-26; ਅਫ਼ਸੀਆਂ 4:22-27.
ਰੂਹਾਨੀ ਕਮਜ਼ੋਰੀ ਉੱਤੇ ਜੇਤੂ ਹੋਣ ਲਈ ਖ਼ਾਸ ਕਦਮ
ਰੂਹਾਨੀ ਕਮਜ਼ੋਰੀ ਦੀਆਂ ਨਿਸ਼ਾਨੀਆਂ ਨੂੰ ਪਛਾਣਨਾ ਇਕ ਗੱਲ ਹੈ ਪਰ ਉਨ੍ਹਾਂ ਦਾ ਸਾਮ੍ਹਣਾ ਕਰ ਕੇ ਉਨ੍ਹਾਂ ਨੂੰ ਠੀਕ ਕਰਨ ਲਈ ਕਦਮ ਚੁੱਕਣੇ ਬਿਲਕੁਲ ਵੱਖਰੀ ਗੱਲ ਹੈ। ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਸਮੱਸਿਆ ਦੀ ਗੰਭੀਰਤਾ ਨੂੰ ਘੱਟ ਕਰ ਕੇ ਪੇਸ਼ ਕਰਨ ਲਈ ਜਾਂ ਉਸ ਦਾ ਇਨਕਾਰ ਕਰਨ ਲਈ ਬਹਾਨੇ ਬਣਾਉਂਦੇ ਹਨ। ਇਹ ਕਿੰਨਾ ਖ਼ਤਰਨਾਕ ਹੈ—ਠੀਕ ਜਿਵੇਂ ਜੰਗ ਵਿਚ ਸਾਰੇ ਸ਼ਸਤ੍ਰ ਬਸਤ੍ਰ ਪਹਿਨਣ ਤੋਂ ਬਗੈਰ ਜਾਣਾ! ਇਸ ਤਰ੍ਹਾਂ ਕਰਨ ਨਾਲ ਅਸੀਂ ਸ਼ਤਾਨ ਦਿਆਂ ਹਮਲਿਆਂ ਦੇ ਸ਼ਿਕਾਰ ਜ਼ਰੂਰ ਬਣਾਂਗੇ। ਬਹਾਨੇ ਬਣਾਉਣ ਦੀ ਬਜਾਇ, ਸਾਨੂੰ ਕਮਜ਼ੋਰੀਆਂ ਨੂੰ ਸੂਤ ਕਰਨ ਲਈ ਜਲਦੀ ਹੀ ਕਦਮ ਚੁੱਕਣ ਦੀ ਲੋੜ ਹੈ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?—ਰੋਮੀਆਂ 8:13; ਯਾਕੂਬ 1:22-25.
ਕਿਉਂਕਿ ਅਸੀਂ ਧਰਮ ਦੀ ਲੜਾਈ ਵਿਚ ਲੜ ਰਹੇ ਹਾਂ—ਇਕ ਅਜਿਹੀ ਲੜਾਈ ਜਿਸ ਵਿਚ ਮਸੀਹੀਆਂ ਦੇ ਤਨ-ਮਨ ਉੱਤੇ ਕਾਬੂ ਪਾਉਣ ਦੀ ਗੱਲ ਸ਼ਾਮਲ ਹੈ—ਸਾਨੂੰ ਆਪਣੀਆਂ ਸਾਰੀਆਂ ਯੋਗਤਾਵਾਂ ਦੀ ਰੱਖਿਆ ਕਰਨ ਲਈ ਜੋ ਵੀ ਹੋ ਸਕਦਾ ਹੈ ਕਰਨਾ ਚਾਹੀਦਾ ਹੈ। ਯਾਦ ਰੱਖੋ ਕਿ ਰੂਹਾਨੀ ਸ਼ਸਤ੍ਰ ਬਸਤ੍ਰ ਵਿਚ “ਧਰਮ ਦੀ ਸੰਜੋ” ਹੈ, ਜੋ ਸਾਡੇ ਤਨ, ਜਾਂ ਦਿਲ ਦੀ ਰੱਖਿਆ ਕਰਦੀ ਹੈ, ਅਤੇ “ਮੁਕਤੀ ਦਾ ਟੋਪ” ਵੀ ਹੈ, ਜੋ ਸਾਡੇ ਮਨ ਦੀ ਰੱਖਿਆ ਕਰਦਾ ਹੈ। ਇਨ੍ਹਾਂ ਪ੍ਰਬੰਧਾਂ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਸਿੱਖਣਾ ਸਾਨੂੰ ਜੇਤੂ ਬਣਾਵੇਗਾ।—ਅਫ਼ਸੀਆਂ 6:14-17; ਕਹਾਉਤਾਂ 4:23; ਰੋਮੀਆਂ 12:2.
“ਧਰਮ ਦੀ ਸੰਜੋ” ਨੂੰ ਚੰਗੀ ਤਰ੍ਹਾਂ ਪਹਿਨਣ ਵਿਚ ਇਹ ਜ਼ਰੂਰੀ ਹੈ ਕਿ ਅਸੀਂ ਧਾਰਮਿਕਤਾ ਨਾਲ ਆਪਣੀ ਲਗਨ ਨੂੰ ਅਤੇ ਕੁਧਰਮ ਨਾਲ ਆਪਣੀ ਨਫ਼ਰਤ ਨੂੰ ਲਗਾਤਾਰ ਪਰਖਦੇ ਰਹੀਏ। (ਜ਼ਬੂਰ 45:7; 97:10; ਆਮੋਸ 5:15) ਕੀ ਸੰਸਾਰ ਦੇ ਵਾਂਗ ਸਾਡੀਆਂ ਕਦਰਾਂ-ਕੀਮਤਾਂ ਵੀ ਘੱਟ ਗਈਆਂ ਹਨ? ਕੀ ਅਸੀਂ ਹੁਣ ਉਨ੍ਹਾਂ ਚੀਜ਼ਾਂ ਨੂੰ ਦਿਲਚਸਪ ਸਮਝਦੇ ਹਾਂ ਜੋ ਸ਼ਾਇਦ ਪਹਿਲਾਂ ਸਾਨੂੰ ਹੈਰਾਨ ਜਾਂ ਨਾਰਾਜ਼ ਕਰਦੀਆਂ ਹੁੰਦੀਆਂ ਸਨ, ਭਾਵੇਂ ਕਿ ਉਹ ਅਸਲੀ ਜੀਵਨ ਵਿਚ ਹੋਣ, ਜਾਂ ਕਿਤਾਬਾਂ ਅਤੇ ਰਸਾਲਿਆਂ, ਟੀ. ਵੀ. ਅਤੇ ਫਿਲਮਾਂ ਵਿਚ ਦਿਖਾਈਆਂ ਜਾਣ? ਧਾਰਮਿਕਤਾ ਲਈ ਪ੍ਰੇਮ ਸਾਨੂੰ ਇਹ ਦੇਖਣ ਵਿਚ ਮਦਦ ਦੇਵੇਗਾ ਕਿ ਸੰਸਾਰ ਦੇ ਭਾਣੇ ਜੋ ਆਜ਼ਾਦੀ ਅਤੇ ਸਿਆਣਪ ਹੈ ਉਹ ਸ਼ਾਇਦ ਅਸਲ ਵਿਚ ਖੁੱਲ੍ਹੀ ਅਨੈਤਿਕਤਾ ਅਤੇ ਘਮੰਡ ਹੀ ਹੋਵੇ।—ਰੋਮੀਆਂ 13:13, 14; ਤੀਤੁਸ 2:12.
“ਮੁਕਤੀ ਦਾ ਟੋਪ” ਪਾਉਣ ਵਿਚ ਆਉਣ ਵਾਲੀਆਂ ਅਦਭੁਤ ਬਰਕਤਾਂ ਨੂੰ ਸਪੱਸ਼ਟ ਤੌਰ ਤੇ ਆਪਣੇ ਮਨ ਵਿਚ ਰੱਖਣਾ ਅਤੇ ਆਪਣੇ ਆਪ ਨੂੰ ਸੰਸਾਰ ਦੀ ਚਮਕ-ਦਮਕ ਦੁਆਰਾ ਕੁਰਾਹੇ ਨਹੀਂ ਪੈਣ ਦੇਣਾ ਸ਼ਾਮਲ ਹੈ। (ਇਬਰਾਨੀਆਂ 12:2, 3; 1 ਯੂਹੰਨਾ 2:16) ਇਸ ਤਰ੍ਹਾਂ ਦਾ ਨਜ਼ਰੀਆ ਸਾਡੀ ਮਦਦ ਕਰੇਗਾ ਕਿ ਅਸੀਂ ਰੂਹਾਨੀ ਟੀਚਿਆਂ ਨੂੰ ਭੌਤਿਕ ਲਾਭਾਂ ਜਾਂ ਨਿੱਜੀ ਫ਼ਾਇਦਿਆਂ ਦੇ ਅੱਗੇ ਰੱਖੀਏ। (ਮੱਤੀ 6:33) ਇਸ ਲਈ, ਇਹ ਨਿਸ਼ਚਿਤ ਕਰਨ ਲਈ ਕਿ ਅਸੀਂ “ਟੋਪ” ਠੀਕ ਤਰ੍ਹਾਂ ਪਾਇਆ ਹੈ, ਸਾਨੂੰ ਆਪਣੇ ਆਪ ਤੋਂ ਸੱਚ-ਸੱਚ ਪੁੱਛਣਾ ਚਾਹੀਦਾ ਹੈ: ਮੈਂ ਜੀਵਨ ਵਿਚ ਕਿਸ ਚੀਜ਼ ਦੀ ਭਾਲ ਕਰ ਰਿਹਾ ਹਾਂ? ਕੀ ਮੈਂ ਪੱਕੇ ਰੂਹਾਨੀ ਟੀਚੇ ਮਿਥੇ ਹੋਏ ਹਨ? ਮੈਂ ਇਨ੍ਹਾਂ ਨੂੰ ਹਾਸਲ ਕਰਨ ਲਈ ਕੀ ਕਰ ਰਿਹਾ ਹਾਂ? ਚਾਹੇ ਅਸੀਂ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਹਾਂ ਜਾਂ ਅਣਗਿਣਤ “ਵੱਡੀ ਭੀੜ” ਵਿੱਚੋਂ, ਸਾਨੂੰ ਪੌਲੁਸ ਦੀ ਰੀਸ ਕਰਨੀ ਚਾਹੀਦੀ ਹੈ, ਜਿਸ ਨੇ ਕਿਹਾ: “ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ।”—ਪਰਕਾਸ਼ ਦੀ ਪੋਥੀ 7:9; ਫ਼ਿਲਿੱਪੀਆਂ 3:13, 14.
ਸਾਡੇ ਰੂਹਾਨੀ ਸ਼ਸਤ੍ਰ ਬਸਤ੍ਰ ਬਾਰੇ ਪੌਲੁਸ ਦਾ ਵਰਣਨ ਇਸ ਚੇਤਾਵਨੀ ਨਾਲ ਸਮਾਪਤ ਹੁੰਦਾ ਹੈ: “ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ।” (ਅਫ਼ਸੀਆਂ 6:18) ਇਹ ਦੋ ਖ਼ਾਸ ਕਦਮਾਂ ਦਾ ਸੰਕੇਤ ਕਰਦਾ ਹੈ ਜੋ ਅਸੀਂ ਕਿਸੇ ਵੀ ਰੂਹਾਨੀ ਕਮਜ਼ੋਰੀ ਨੂੰ ਸੂਤ ਕਰਨ ਲਈ ਚੁੱਕ ਸਕਦੇ ਹਾਂ: ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਕਾਇਮ ਕਰੋ ਅਤੇ ਸੰਗੀ ਮਸੀਹੀਆਂ ਨਾਲ ਇਕ ਨਜ਼ਦੀਕੀ ਸੰਬੰਧ ਜੋੜੋ।
ਜਦੋਂ “ਸਾਰੀ” ਪ੍ਰਾਰਥਨਾ ਨਾਲ (ਆਪਣਿਆਂ ਪਾਪਾਂ ਦਾ ਇਕਰਾਰ, ਮਾਫ਼ੀ ਲਈ ਬੇਨਤੀ, ਅਗਵਾਈ ਲਈ ਅਰਜ਼, ਬਰਕਤਾਂ ਲਈ ਸ਼ੁਕਰੀਆ, ਦਿਲੋਂ ਉਸਤਤ) ਅਤੇ “ਹਰ ਸਮੇਂ” (ਇਕੱਠਿਆਂ, ਏਕਾਂਤ ਵਿਚ, ਨਿੱਜੀ ਤੌਰ ਤੇ, ਕੁਦਰਤੀ) ਯਹੋਵਾਹ ਵੱਲ ਮੁੜਨ ਦੀ ਸਾਡੀ ਆਦਤ ਹੈ, ਤਾਂ ਅਸੀਂ ਯਹੋਵਾਹ ਨਾਲ ਨੇੜਤਾ ਦਾ ਲਾਭ ਉਠਾਉਂਦੇ ਹਾਂ। ਇਹ ਸਾਡੇ ਲਈ ਸਭ ਤੋਂ ਵੱਡੀ ਸੁਰੱਖਿਆ ਹੈ।—ਰੋਮੀਆਂ 8:31; ਯਾਕੂਬ 4:7, 8.
ਦੂਸਰੇ ਪਾਸੇ, ਸਾਨੂੰ “ਸਾਰਿਆਂ ਸੰਤਾਂ ਲਈ,” ਯਾਨੀ ਆਪਣੇ ਸੰਗੀ ਮਸੀਹੀਆਂ ਲਈ, ਪ੍ਰਾਰਥਨਾ ਕਰਨ ਦੀ ਨਸੀਹਤ ਦਿੱਤੀ ਗਈ ਹੈ। ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਦੂਰ ਦਿਆਂ ਦੇਸ਼ਾਂ ਵਿਚ ਆਪਣਿਆਂ ਧਾਰਮਿਕ ਭਰਾਵਾਂ ਨੂੰ ਯਾਦ ਕਰ ਸਕਦੇ ਹਾਂ ਜੋ ਅਤਿਆਚਾਰ ਅਤੇ ਹੋਰ ਤੰਗੀਆਂ ਨੂੰ ਸਹਾਰ ਰਹੇ ਹਨ। ਲੇਕਿਨ ਉਨ੍ਹਾਂ ਮਸੀਹੀਆਂ ਬਾਰੇ ਕੀ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ ਅਤੇ ਹਰ ਰੋਜ਼ ਮੇਲ-ਜੋਲ ਰੱਖਦੇ ਹਾਂ? ਉਨ੍ਹਾਂ ਦੇ ਲਈ ਵੀ ਪ੍ਰਾਰਥਨਾ ਕਰਨੀ ਉਚਿਤ ਹੈ, ਜਿਸ ਤਰ੍ਹਾਂ ਯਿਸੂ ਆਪਣਿਆਂ ਚੇਲਿਆਂ ਲਈ ਪ੍ਰਾਰਥਨਾ ਕਰਦਾ ਹੁੰਦਾ ਸੀ। (ਯੂਹੰਨਾ 17:9; ਯਾਕੂਬ 5:16) ਅਜਿਹੀਆਂ ਪ੍ਰਾਰਥਨਾਵਾਂ ਸਾਨੂੰ ਇਕ ਦੂਸਰੇ ਦੇ ਨਜ਼ਦੀਕ ਲਿਆਉਂਦੀਆਂ ਹਨ ਅਤੇ ਸਾਨੂੰ “ਦੁਸ਼ਟ” ਦਿਆਂ ਹਮਲਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦੀਆਂ ਹਨ।—2 ਥੱਸਲੁਨੀਕੀਆਂ 3:1-3.
ਅਖ਼ੀਰ ਵਿਚ, ਪੌਲੁਸ ਰਸੂਲ ਦੀ ਪ੍ਰੇਮਪੂਰਣ ਚੇਤਾਵਨੀ ਚੰਗੀ ਤਰ੍ਹਾਂ ਮਨ ਵਿਚ ਰੱਖੋ: “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ। ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:7, 8) ਮਨੁੱਖੀ ਅਪੂਰਣਤਾਵਾਂ ਨੂੰ ਆਪਣਿਆਂ ਮਨਾਂ ਅਤੇ ਦਿਲਾਂ ਦੇ ਅੰਦਰ ਸਹਿਜੇ-ਸਹਿਜੇ ਦਾਖ਼ਲ ਹੋਣ ਦੇਣਾ ਅਤੇ ਇਨ੍ਹਾਂ ਨੂੰ ਰੁਕਾਵਟਾਂ ਬਣਨ ਦੇਣਾ ਬਹੁਤ ਆਸਾਨ ਹੈ, ਚਾਹੇ ਉਹ ਦੂਸਰਿਆਂ ਲੋਕਾਂ ਦੀਆਂ ਹੋਣ ਜਾਂ ਖ਼ੁਦ ਆਪਣੀਆਂ। ਸ਼ਤਾਨ ਵੀ ਇਸ ਮਨੁੱਖੀ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਫੁੱਟ ਪਾ ਕੇ ਜਿੱਤਣਾ ਉਸ ਦੇ ਚਲਾਕ ਤਰੀਕਿਆਂ ਵਿੱਚੋਂ ਇਕ ਹੈ। ਇਸ ਲਈ, ਸਾਨੂੰ ਇਕ ਦੂਸਰੇ ਲਈ ਗੂੜ੍ਹੇ ਪ੍ਰੇਮ ਦੇ ਨਾਲ ਜਲਦੀ ਹੀ ਅਜਿਹਿਆਂ ਪਾਪਾਂ ਨੂੰ ਢੱਕ ਲੈਣਾ ਚਾਹੀਦਾ ਹੈ ਅਤੇ ‘ਸ਼ਤਾਨ ਨੂੰ ਥਾਂ ਨਹੀਂ ਦੇਣਾ’ ਚਾਹੀਦਾ।—ਅਫ਼ਸੀਆਂ 4:25-27.
ਰੂਹਾਨੀ ਤੌਰ ਤੇ ਹੁਣ ਮਜ਼ਬੂਤ ਰਹੋ
ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਵਾਲ ਖਿੱਲਰੇ ਹੋਏ ਹਨ ਜਾਂ ਤੁਹਾਡੀ ਟਾਈ ਵਿੰਗੀ ਹੈ, ਤਾਂ ਤੁਸੀਂ ਕੀ ਕਰਦੇ ਹੋ? ਸੰਭਵ ਹੈ ਕਿ ਤੁਸੀਂ ਜਲਦੀ ਹੀ ਇਨ੍ਹਾਂ ਨੂੰ ਠੀਕ ਕਰ ਲੈਂਦੇ ਹੋ। ਬਹੁਤ ਹੀ ਘੱਟ ਲੋਕ ਅਜਿਹੀਆਂ ਗੱਲਾਂ ਨੂੰ ਜ਼ਰੂਰੀ ਨਾ ਸਮਝ ਕੇ, ਉਨ੍ਹਾਂ ਨੂੰ ਉਸ ਹੀ ਤਰ੍ਹਾਂ ਰਹਿਣ ਦੇਣਗੇ। ਤਾਂ ਫਿਰ ਜਦੋਂ ਰੂਹਾਨੀ ਕਮਜ਼ੋਰੀ ਸਾਡੇ ਸਾਮ੍ਹਣੇ ਆਉਂਦੀ ਹੈ ਤਾਂ ਆਓ ਆਪਾਂ ਉਸ ਬਾਰੇ ਉੱਨੀ ਹੀ ਜਲਦੀ ਕੁਝ ਕਰੀਏ। ਜੇਕਰ ਸਾਡੇ ਬੁਰੇ ਪਹਰਾਵੇ ਕਰਕੇ ਲੋਕ ਸਾਡੀ ਵੱਲ ਹੋਰ ਤਰ੍ਹਾਂ ਦੇਖਦੇ ਹਨ, ਤਾਂ ਫਿਰ ਰੂਹਾਨੀ ਤੌਰ ਤੇ ਸਾਡੀਆਂ ਬੁਰਾਈਆਂ ਕਰਕੇ ਯਹੋਵਾਹ ਸਾਨੂੰ ਫਿਟਕਾਰ ਸਕਦਾ ਹੈ ਜੇਕਰ ਅਸੀਂ ਉਨ੍ਹਾਂ ਨੂੰ ਨਾ ਸੁਧਾਰੀਏ।—1 ਸਮੂਏਲ 16:7.
ਯਹੋਵਾਹ ਨੇ ਬੜੇ ਪ੍ਰੇਮ ਨਾਲ ਸਾਨੂੰ ਉਹ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਹਰ ਰੂਹਾਨੀ ਕਮਜ਼ੋਰੀ ਨੂੰ ਜੜ੍ਹੋਂ ਪੁੱਟ ਸਕਦੇ ਹਾਂ ਅਤੇ ਰੂਹਾਨੀ ਤੌਰ ਤੇ ਮਜ਼ਬੂਤ ਰਹਿ ਸਕਦੇ ਹਾਂ। ਮਸੀਹੀ ਸਭਾਵਾਂ, ਬਾਈਬਲ ਪ੍ਰਕਾਸ਼ਨ, ਅਤੇ ਸਿਆਣੇ ਅਤੇ ਪਰਵਾਹ ਕਰਨ ਵਾਲੇ ਸੰਗੀ ਮਸੀਹੀਆਂ ਦੇ ਰਾਹੀਂ ਯਹੋਵਾਹ ਸਾਨੂੰ ਯਾਦ-ਦਹਾਨੀਆਂ ਅਤੇ ਚੰਗੀ ਸਲਾਹ ਲਗਾਤਾਰ ਦਿੰਦਾ ਰਹਿੰਦਾ ਹੈ ਤਾਂਕਿ ਸਾਨੂੰ ਪਤਾ ਰਹੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਅਮਲ ਵਿਚ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਵਿਚ ਸਾਨੂੰ ਜਤਨ ਕਰਨਾ ਪਵੇਗਾ ਅਤੇ ਆਪਣੇ ਆਪ ਤੇ ਨਜ਼ਰ ਰੱਖਣੀ ਪਵੇਗੀ। ਪਰ ਯਾਦ ਰੱਖੋ ਕਿ ਪੌਲੁਸ ਰਸੂਲ ਨੇ ਈਮਾਨਦਾਰੀ ਨਾਲ ਕੀ ਕਿਹਾ ਸੀ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ। ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।”—1 ਕੁਰਿੰਥੀਆਂ 9:26, 27.
ਚੌਕਸ ਰਹੋ, ਅਤੇ ਕਦੀ ਵੀ ਰੂਹਾਨੀ ਤੌਰ ਤੇ ਅਕਿੱਲੀਜ਼ ਦੀ ਅੱਡੀ ਨੂੰ ਵਿਕਸਿਤ ਨਾ ਹੋਣ ਦਿਓ। ਇਸ ਦੀ ਬਜਾਇ, ਆਓ ਆਪਾਂ ਨਿਮਰਤਾ ਨਾਲ ਅਤੇ ਦਲੇਰੀ ਨਾਲ ਆਪਣੀ ਕਿਸੇ ਵੀ ਰੂਹਾਨੀ ਕਜ਼ਮੋਰੀ ਨੂੰ ਪਛਾਣਨ ਅਤੇ ਇਸ ਉੱਤੇ ਜੇਤੂ ਹੋਣ ਲਈ ਜੋ ਵੀ ਜ਼ਰੂਰੀ ਹੈ ਕਰੀਏ।
[ਸਫ਼ੇ 19 ਉੱਤੇ ਸੁਰਖੀ]
“ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।”—2 ਕੁਰਿੰਥੀਆਂ 13:5.
[ਸਫ਼ੇ 21 ਉੱਤੇ ਸੁਰਖੀ]
“ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਲਈ ਸੁਚੇਤ ਰਹੋ। ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤਰਸ 4:7, 8.
[ਸਫ਼ੇ 20 ਉੱਤੇ ਡੱਬੀ/ਤਸਵੀਰ]
ਆਪਣੇ ਆਪ ਤੋਂ ਪੁੱਛੋ . . .
◆ ਕੀ ਮੈਂ ਸਭਾਵਾਂ ਦੀ ਤਿਆਰੀ ਕਰਨ ਵਿਚ ਸਮਾਂ ਲਗਾਉਣ ਲਈ ਉੱਨਾ ਹੀ ਜੋਸ਼ੀਲਾ ਹਾਂ ਜਿੰਨਾ ਮੈਂ ਬਾਜ਼ਾਰ ਜਾਣ ਜਾਂ ਟੀ. ਵੀ. ਦੇਖਣ ਲਈ ਹਾਂ?
◆ ਕੀ ਮੈਂ ਦੂਸਰਿਆਂ ਦੇ ਐਸ਼ਪਰਸਤ ਜੀਵਨ ਤੋਂ ਜਲਦਾ ਹਾਂ?
◆ ਕੀ ਮੈਂ ਜਲਦੀ ਖਿੱਝ ਜਾਂਦਾ ਹਾਂ ਜਾਂ ਪਰੇਸ਼ਾਨ ਹੋ ਜਾਂਦਾ ਹਾਂ ਜਦੋਂ ਕੋਈ ਅਜਿਹਾ ਕੰਮ ਕਰਦਾ ਹੈ ਜਾਂ ਅਜਿਹੀ ਗੱਲ ਕਹਿੰਦਾ ਹੈ ਜੋ ਮੈਨੂੰ ਪਸੰਦ ਨਹੀਂ?
◆ ਕੀ ਮੈਨੂੰ ਸਲਾਹ-ਮਸ਼ਵਰਾ ਸਵੀਕਾਰ ਕਰਨਾ ਔਖਾ ਲੱਗਦਾ ਹੈ, ਜਾਂ ਕਿ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿ ਦੂਸਰੇ ਹਮੇਸ਼ਾ ਮੇਰੇ ਵਿਚ ਨੁਕਸ ਕੱਢਦੇ ਰਹਿੰਦੇ ਹਨ?
◆ ਕੀ ਮੇਰੇ ਲਈ ਦੂਸਰਿਆਂ ਨਾਲ ਮਿਲ-ਜੁਲ ਕੇ ਰਹਿਣਾ ਔਖਾ ਹੈ?
◆ ਕੀ ਸੰਸਾਰ ਵਾਂਗ ਮੇਰੀਆਂ ਵੀ ਕਦਰਾਂ-ਕੀਮਤਾਂ ਘੱਟ ਗਈਆਂ ਹਨ?
◆ ਕੀ ਮੇਰੇ ਪੱਕੇ ਰੂਹਾਨੀ ਟੀਚੇ ਹਨ?
◆ ਮੈਂ ਆਪਣੇ ਰੂਹਾਨੀ ਟੀਚਿਆਂ ਨੂੰ ਹਾਸਲ ਕਰਨ ਲਈ ਕੀ ਕਰ ਰਿਹਾ ਹਾਂ?
[ਸਫ਼ੇ 18 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
ਅਕਿੱਲੀਜ਼: ਮਹਾਨ ਮਨੁੱਖ ਅਤੇ ਮਸ਼ਹੂਰ ਔਰਤਾਂ ਦੀ ਕਿਤਾਬ ਤੋਂ; ਰੋਮੀ ਸਿਪਾਹੀ ਅਤੇ ਸਫ਼ਾ 21: ਇਤਿਹਾਸਕ ਲਿਬਾਸ ਦੀਆਂ ਤਸਵੀਰਾਂ/Dover Publications, Inc., New York