ਕੀ ਤੁਸੀਂ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਦੇ ਹੋ?
“ਜਪਾਨੀ ਪਿਤਾਵਾਂ ਨੂੰ ਪਿਆਰ ਕੀਤਾ ਜਾਂਦਾ ਹੈ—ਭਾਵੇਂ ਉਹ ਨੌਕਰੀ ਵਿਚ ਰੁੱਝੇ ਰਹਿੰਦੇ ਹਨ ਅਤੇ ਆਪਣੇ ਬੱਚਿਆਂ ਨਾਲ ਖੇਡਦੇ ਨਹੀਂ।” ਕੁਝ ਸਾਲ ਪਹਿਲਾਂ ਇਹ ਸਿਰਲੇਖ ਮਾਏਨੀਚੀ ਸ਼ਿੱਮਬੁਨ ਵਿਚ ਛਾਪਿਆ ਗਿਆ ਸੀ। ਲੇਖ ਨੇ ਰਿਪੋਰਟ ਕੀਤਾ ਕਿ ਇਕ ਸਰਕਾਰੀ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਜਪਾਨੀ ਬੱਚਿਆਂ ਵਿੱਚੋਂ 87.8 ਫੀ ਸਦੀ ਨੇ ਕਿਹਾ ਕਿ ਉਹ ਭਵਿੱਖ ਵਿਚ ਆਪਣੇ ਬੁੱਢੇ ਪਿਤਾਵਾਂ ਦੀ ਦੇਖ-ਭਾਲ ਕਰਨੀ ਚਾਹੁੰਦੇ ਹਨ। ਪਰ, ਅਖ਼ਬਾਰ ਦੇ ਅੰਗ੍ਰੇਜ਼ੀ ਐਡੀਸ਼ਨ ਵਿਚ, ਇਹੀ ਖ਼ਬਰ ਇਕ ਵੱਖਰੇ ਸਿਰਲੇਖ ਹੇਠ ਦਿੱਤੀ ਗਈ ਸੀ। ਉਸ ਵਿਚ ਇਹ ਲਿਖਿਆ ਸੀ ਕਿ “ਪਿਉ-ਪੁੱਤਰ: ਲਾਪਰਵਾਹੀ ਦਾ ਮਾਮਲਾ।” ਜਪਾਨੀ ਭਾਸ਼ਾ ਦੇ ਅਖ਼ਬਾਰ ਤੋਂ ਭਿੰਨ, ਇਸ ਲੇਖ ਨੇ ਉਸੇ ਸਰਵੇਖਣ ਦੇ ਇਕ ਹੋਰ ਪਹਿਲੂ ਵੱਲ ਧਿਆਨ ਦਿੱਤਾ: ਨੌਕਰੀ ਵਾਲੇ ਦਿਨ, ਜਪਾਨੀ ਪਿਤਾ ਆਪਣੇ ਬੱਚਿਆਂ ਨਾਲ ਸਿਰਫ਼ 36 ਮਿੰਟ ਗੁਜ਼ਾਰਦੇ ਹਨ। ਇਸ ਦੀ ਤੁਲਨਾ ਵਿਚ, ਪੱਛਮੀ ਜਰਮਨੀ ਵਿਚ ਪਿਤਾ ਆਪਣੇ ਬੱਚਿਆਂ ਨਾਲ 44 ਮਿੰਟ ਗੁਜ਼ਾਰ ਰਹੇ ਸਨ, ਅਤੇ ਸੰਯੁਕਤ ਰਾਜ ਅਮਰੀਕਾ ਵਿਚ, 56 ਮਿੰਟ।
ਸਿਰਫ਼ ਪਿਤਾ ਹੀ ਨਹੀਂ ਜੋ ਆਪਣੇ ਬੱਚਿਆਂ ਨਾਲ ਥੋੜ੍ਹਾ ਸਮਾਂ ਗੁਜ਼ਾਰਦੇ ਹਨ। ਬਹੁਤ ਸਾਰੀਆਂ ਮਾਵਾਂ ਘਰੋਂ ਬਾਹਰ ਨੌਕਰੀ ਕਰਦੀਆਂ ਹਨ। ਉਦਾਹਰਣ ਲਈ, ਕਈਆਂ ਇਕੱਲੀਆਂ ਮਾਵਾਂ ਨੂੰ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਕਰਨੀ ਪੈਂਦੀ ਹੈ। ਨਤੀਜੇ ਵਜੋਂ, ਮਾਪੇ—ਮਾਵਾਂ ਅਤੇ ਪਿਤਾ—ਆਪਣੇ ਬੱਚਿਆਂ ਨਾਲ ਘੱਟ ਸਮਾਂ ਗੁਜ਼ਾਰਦੇ ਹਨ।
ਸੰਨ 1997 ਵਿਚ ਕੁਝ 12,000 ਅਮਰੀਕੀ ਕਿਸ਼ੋਰਾਂ ਦੇ ਇਕ ਸਰਵੇਖਣ ਨੇ ਪਾਇਆ ਕਿ ਜਿਨ੍ਹਾਂ ਨੌਜਵਾਨਾਂ ਦਾ ਆਪਣੇ ਮਾਪਿਆਂ ਨਾਲ ਗੂੜ੍ਹਾ ਰਿਸ਼ਤਾ ਹੈ, ਉਨ੍ਹਾਂ ਲਈ ਭਾਵਾਤਮਕ ਤਣਾਅ ਭੁਗਤਣ, ਆਤਮ-ਹੱਤਿਆ ਦੇ ਖ਼ਿਆਲ ਰੱਖਣ, ਹਿੰਸਾ ਵਿਚ ਭਾਗ ਲੈਣ, ਜਾਂ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੀ ਕੁਵਰਤੋਂ ਕਰਨ ਦੀ ਘੱਟ ਸੰਭਾਵਨਾ ਹੈ। ਇਸ ਸਰਵੇਖਣ ਵਿਚ ਭਾਗ ਲੈਣ ਵਾਲੇ ਇਕ ਖੋਜਕਾਰ ਨੇ ਕਿਹਾ: “ਤੁਸੀਂ ਉੱਨਾ ਚਿਰ ਬੱਚਿਆਂ ਨਾਲ ਗੂੜ੍ਹਾ ਰਿਸ਼ਤਾ ਨਹੀਂ ਜੋੜ ਸਕਦੇ ਜਿੰਨਾ ਚਿਰ ਤੁਸੀਂ ਉਨ੍ਹਾਂ ਦੇ ਨਾਲ ਸਮਾਂ ਨਹੀਂ ਗੁਜ਼ਾਰਦੇ।” ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਅਤੇ ਉਨ੍ਹਾਂ ਨਾਲ ਮੇਲ-ਜੋਲ ਰੱਖਣਾ ਬਹੁਤ ਜ਼ਰੂਰੀ ਹੈ।
ਆਪਸੀ ਗੱਲਬਾਤ ਵਿਚ ਕਮੀ
ਜਿਨ੍ਹਾਂ ਪਰਿਵਾਰਾਂ ਵਿਚ ਇਕ ਮਾਂ ਜਾਂ ਬਾਪ ਘਰੋਂ ਦੂਰ ਰਹਿ ਕੇ ਨੌਕਰੀ ਕਰਦਾ ਹੈ ਉਨ੍ਹਾਂ ਵਿਚ ਖ਼ਾਸ ਕਰਕੇ ਗੱਲਬਾਤ ਕਰਨ ਵਿਚ ਕਮੀ ਹੋਣ ਦਾ ਖ਼ਤਰਾ ਹੁੰਦਾ ਹੈ। ਲੇਕਿਨ, ਆਪਸੀ ਗੱਲਬਾਤ ਵਿਚ ਕਮੀ ਸਿਰਫ਼ ਇਨ੍ਹਾਂ ਪਰਿਵਾਰਾਂ ਵਿਚ ਹੀ ਨਹੀਂ ਹੁੰਦੀ ਜਿੱਥੇ ਮਾਂ ਜਾਂ ਬਾਪ ਘਰੋਂ ਬਾਹਰ ਰਹਿੰਦੇ ਹਨ। ਕੁਝ ਮਾਪੇ, ਭਾਵੇਂ ਘਰ ਰਹਿੰਦੇ ਹਨ, ਉਹ ਸਵੇਰ ਨੂੰ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਕੰਮ ਤੇ ਚਲੇ ਜਾਂਦੇ ਹਨ ਅਤੇ ਰਾਤ ਨੂੰ ਬੱਚਿਆਂ ਦੇ ਸੌਣ ਤੋਂ ਬਾਅਦ ਘਰ ਵਾਪਸ ਆਉਂਦੇ ਹਨ। ਬੱਚਿਆਂ ਨਾਲ ਘੱਟ ਸਮਾਂ ਬਿਤਾਉਣ ਦੀ ਕਮੀ ਪੂਰੀ ਕਰਨ ਲਈ, ਕੁਝ ਮਾਪੇ ਹਫ਼ਤੇ ਦੇ ਅੰਤ ਤੇ ਅਤੇ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਉਹ ਆਪਣੇ ਬੱਚਿਆਂ ਨਾਲ “ਚੰਗਾ” ਸਮਾਂ ਬਿਤਾਉਣ ਬਾਰੇ ਗੱਲ ਕਰਦੇ ਹਨ।
ਲੇਕਿਨ, ਇਸ ਮਾਮਲੇ ਵਿਚ ਕੀ ਥੋੜ੍ਹਾ ਜਿਹਾ ਚੰਗਾ ਸਮਾਂ ਬਿਤਾਉਣਾ, ਜ਼ਿਆਦਾ ਸਮਾਂ ਬਿਤਾਉਣ ਦੀ ਜਗ੍ਹਾ ਲੈ ਸਕਦਾ ਹੈ? ਖੋਜਕਾਰ ਲਾਰੰਸ ਸਟਾਈਨਬਰਗ ਜਵਾਬ ਦਿੰਦਾ ਹੈ: ‘ਆਮ ਤੌਰ ਤੇ, ਜਿਹੜੇ ਬੱਚੇ ਆਪਣੇ ਮਾਪਿਆਂ ਨਾਲ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਉਹ ਉਨ੍ਹਾਂ ਬੱਚਿਆਂ ਨਾਲੋਂ ਬਿਹਤਰ ਰਹਿੰਦੇ ਹਨ ਜੋ ਘੱਟ ਸਮਾਂ ਬਿਤਾਉਂਦੇ ਹਨ। ਇਸ ਲਈ ਆਪਣੇ ਬੱਚਿਆਂ ਨਾਲ ਜ਼ਿਆਦਾ ਸਮਾਂ ਗੁਜ਼ਾਰਨਾ ਬਹੁਤ ਜ਼ਰੂਰੀ ਹੈ। ਚੰਗਾ ਸਮਾਂ ਬਿਤਾਉਣ ਦੇ ਖ਼ਿਆਲ ਉੱਤੇ ਜ਼ਰੂਰਤ ਤੋਂ ਜ਼ਿਆਦਾ ਜ਼ੋਰ ਪਾਇਆ ਗਿਆ ਹੈ।’ ਬਰਮਾ ਦੀ ਇਕ ਔਰਤ ਇਸੇ ਤਰ੍ਹਾਂ ਮਹਿਸੂਸ ਕਰਦੀ ਹੈ। ਉਸ ਦਾ ਪਤੀ, ਬਹੁਤੇ ਜਪਾਨੀ ਮਨੁੱਖਾਂ ਵਾਂਗ, ਰਾਤ ਦੇ ਇਕ ਜਾਂ ਦੋ ਵਜੇ ਕੰਮ ਤੋਂ ਘਰ ਵਾਪਸ ਆਉਂਦਾ ਹੈ। ਭਾਵੇਂ ਉਹ ਹਫ਼ਤੇ ਦੇ ਅੰਤ ਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਦਾ ਹੈ, ਉਸ ਦੀ ਪਤਨੀ ਕਹਿੰਦੀ ਹੈ: “ਸਿਨੱਚਰਵਾਰ ਤੇ ਐਤਵਾਰ ਨੂੰ ਘਰ ਹੋਣਾ ਬਾਕੀ ਦੇ ਹਫ਼ਤੇ ਦੌਰਾਨ ਪਰਿਵਾਰ ਦੇ ਨਾਲ ਨਾ ਹੋਣ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ . . . ਕੀ ਤੁਸੀਂ ਹਫ਼ਤੇ ਦੀ ਸਾਰੀ ਰੋਟੀ ਸਿਨੱਚਰਵਾਰ ਤੇ ਐਤਵਾਰ ਨੂੰ ਖਾ ਕੇ ਬਾਕੀ ਦੇ ਦਿਨ ਭੁੱਖੇ ਰਹਿ ਸਕਦੇ ਹੋ?”
ਪੂਰੇ ਜਤਨ ਦੀ ਲੋੜ
ਇਹ ਕਹਿਣਾ ਸੌਖਾ ਹੈ ਕਿ ਪਰਿਵਾਰ ਵਿਚ ਚੰਗੀ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਪਰ ਇਹ ਕਰਨਾ ਔਖਾ ਹੈ। ਰੋਜ਼ੀ ਕਮਾਉਣ ਦਾ ਕੰਮ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਿਤਾ ਲਈ ਜਾਂ ਨੌਕਰੀ ਕਰਨ ਵਾਲੀ ਮਾਂ ਲਈ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਔਖਾ ਬਣਾਉਂਦਾ ਹੈ। ਜਿਨ੍ਹਾਂ ਨੂੰ ਆਪਣੀਆਂ ਹਾਲਤਾਂ ਕਾਰਨ ਘਰੋਂ ਦੂਰ ਰਹਿਣਾ ਪੈਂਦਾ ਹੈ, ਉਹ ਬਾਕਾਇਦਾ ਘਰ ਟੈਲੀਫ਼ੋਨ ਕਰਦੇ ਹਨ ਜਾਂ ਚਿੱਠੀ ਲਿਖਦੇ ਹਨ। ਪਰ ਚਾਹੇ ਤੁਸੀਂ ਇਕੱਠੇ ਘਰ ਹੋ ਜਾਂ ਨਹੀਂ, ਪਰਿਵਾਰ ਵਿਚ ਚੰਗੀ ਗੱਲਬਾਤ ਜਾਰੀ ਰੱਖਣ ਲਈ ਪੂਰੇ ਜਤਨ ਦੀ ਲੋੜ ਹੈ।
ਜਿਹੜੇ ਮਾਪੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਝਿਜਕਦੇ ਹਨ, ਉਨ੍ਹਾਂ ਨੂੰ ਆਪਣੀ ਲਾਪਰਵਾਹੀ ਦੀ ਕੀਮਤ ਚੁਕਾਉਣੀ ਪੈਂਦੀ ਹੈ। ਆਪਣੇ ਪਰਿਵਾਰ ਨਾਲ ਬਹੁਤ ਘੱਟ ਸਮਾਂ ਬਿਤਾਉਣ ਵਾਲੇ ਇਕ ਪਿਤਾ ਨੂੰ, ਜੋ ਉਨ੍ਹਾਂ ਨਾਲ ਕਦੀ ਰੋਟੀ ਵੀ ਨਹੀਂ ਸੀ ਖਾਂਦਾ, ਗੰਭੀਰ ਨਤੀਜਿਆਂ ਦਾ ਸਾਮ੍ਹਣਾ ਕਰਨਾ ਪਿਆ। ਉਸ ਦਾ ਪੁੱਤਰ ਹਿੰਸਕ ਬਣ ਗਿਆ, ਅਤੇ ਉਸ ਦੀ ਧੀ ਦੁਕਾਨ ਤੋਂ ਚੋਰੀ ਕਰਦੀ ਹੋਈ ਫੜੀ ਗਈ। ਐਤਵਾਰ ਦੇ ਇਕ ਸਵੇਰ ਨੂੰ ਜਦੋਂ ਪਿਤਾ ਗੌਲਫ ਖੇਡਣ ਜਾਣ ਲਈ ਤਿਆਰ ਹੋ ਰਿਹਾ ਸੀ, ਪੁੱਤਰ ਭੜਕ ਉੱਠਿਆ: “ਕੀ ਇਸ ਘਰ ਵਿਚ ਸਿਰਫ਼ ਮਾਂ ਹੀ ਸਾਡੀ ਕੁਝ ਲੱਗਦੀ ਹੈ? ਪਰਿਵਾਰ ਵਿਚ ਮੰਮੀ ਹੀ ਸਾਰੇ ਫ਼ੈਸਲੇ ਕਰਦੀ ਹੈ। ਡੈਡੀ, ਤੁਸੀਂ ਤਾਂ ਕਦੀ . . . ,” ਉਸ ਨੇ ਸ਼ਿਕਾਇਤ ਲਾਈ।
ਇਨ੍ਹਾਂ ਸ਼ਬਦਾਂ ਨੇ ਪਿਤਾ ਨੂੰ ਸੋਚਣ ਲਈ ਮਜਬੂਰ ਕੀਤਾ। ਅਖ਼ੀਰ ਵਿਚ ਉਸ ਨੇ ਫ਼ੈਸਲਾ ਕੀਤਾ ਕਿ ਘੱਟੋ-ਘੱਟ ਉਸ ਨੂੰ ਆਪਣੇ ਪਰਿਵਾਰ ਨਾਲ ਨਾਸ਼ਤਾ ਕਰਨਾ ਚਾਹੀਦਾ ਹੈ। ਪਹਿਲਾਂ-ਪਹਿਲ ਸਿਰਫ਼ ਉਹ ਦੀ ਪਤਨੀ ਉਹ ਦੇ ਨਾਲ ਨਾਸ਼ਤਾ ਕਰਨ ਬੈਠਦੀ ਸੀ। ਹੌਲੀ-ਹੌਲੀ, ਬੱਚੇ ਵੀ ਨਾਲ ਬੈਠ ਕੇ ਖਾਣ ਲੱਗ ਪਏ, ਅਤੇ ਮੇਜ਼ ਦੁਆਲੇ ਗੱਲਬਾਤ ਕਰਨ ਦਾ ਚੰਗਾ ਮਾਹੌਲ ਪੈਦਾ ਹੋਇਆ। ਇਸ ਤੋਂ ਬਾਅਦ ਇਹ ਪਰਿਵਾਰ ਸ਼ਾਮ ਦੀ ਰੋਟੀ ਵੀ ਇਕੱਠੇ ਖਾਣ ਲੱਗ ਪਏ। ਇਸ ਤਰ੍ਹਾਂ, ਇਹ ਪਿਤਾ ਆਪਣੇ ਪਰਿਵਾਰ ਨੂੰ ਟੁੱਟਣ ਤੋਂ ਬਚਾਉਣ ਵਿਚ ਸਫ਼ਲ ਹੋ ਰਿਹਾ ਸੀ।
ਪਰਮੇਸ਼ੁਰ ਦੇ ਬਚਨ ਤੋਂ ਮਦਦ
ਬਾਈਬਲ ਮਾਪਿਆਂ ਨੂੰ ਹੌਸਲਾ ਦਿੰਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਣ। ਮੂਸਾ ਨਬੀ ਰਾਹੀਂ, ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ: “ਹੇ ਇਸਰਾਏਲ, ਸੁਣੋ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:4-7) ਜੀ ਹਾਂ, ਜੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਮਨਾਂ ਅਤੇ ਦਿਲਾਂ ਵਿਚ ਪਰਮੇਸ਼ੁਰ ਦੀਆਂ ਗੱਲਾਂ ਬਿਠਾਉਣੀਆਂ ਹਨ, ਤਾਂ ਉਨ੍ਹਾਂ ਨੂੰ ਪਰਿਵਾਰ ਨਾਲ ਸਮਾਂ ਗੁਜ਼ਾਰਨ ਵਿਚ ਪਹਿਲ ਕਰਨੀ ਚਾਹੀਦੀ ਹੈ।
ਦਿਲਚਸਪੀ ਦੀ ਗੱਲ ਹੈ ਕਿ ਪਹਿਲਾਂ ਜ਼ਿਕਰ ਕੀਤੇ ਗਏ 12,000 ਅਮਰੀਕੀ ਕਿਸ਼ੋਰਾਂ ਦੇ 1997 ਸਰਵੇਖਣ ਨੇ ਦਿਖਾਇਆ ਕਿ “ਜਨਸੰਖਿਆ ਦੇ ਤਕਰੀਬਨ ਉਨ੍ਹਾਂ 88% . . . ਲੋਕਾਂ ਵਿਚਕਾਰ ਜਿਨ੍ਹਾਂ ਦਾ ਕੋਈ ਧਰਮ ਸੀ, ਉਨ੍ਹਾਂ ਦੇ ਭਾਣੇ ਧਰਮ ਅਤੇ ਪ੍ਰਾਰਥਨਾ ਦੀ ਮਹੱਤਤਾ ਇਕ ਸੁਰੱਖਿਆ ਸੀ।” ਸੱਚੇ ਮਸੀਹੀ ਸਮਝਦੇ ਹਨ ਕਿ ਘਰ ਵਿਚ ਸਹੀ ਧਾਰਮਿਕ ਸਿੱਖਿਆ ਦੇਣੀ ਨੌਜਵਾਨਾਂ ਨੂੰ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੀ ਕੁਵਰਤੋਂ, ਮਾਨਸਿਕ ਕਸ਼ਟ, ਆਤਮ-ਹੱਤਿਆ, ਹਿੰਸਾ ਅਤੇ ਇਨ੍ਹਾਂ ਵਰਗੀਆਂ ਚੀਜ਼ਾਂ ਤੋਂ ਸੁਰੱਖਿਆ ਦਿੰਦੀ ਹੈ।
ਕੁਝ ਮਾਪੇ ਮਹਿਸੂਸ ਕਰਦੇ ਹਨ ਕਿ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਔਖਾ ਹੈ। ਇਹ ਖ਼ਾਸ ਕਰਕੇ ਇਕੱਲੀਆਂ ਮਾਵਾਂ ਬਾਰੇ ਸੱਚ ਹੈ, ਜੋ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਆਪਣੇ ਪਰਿਵਾਰ ਨਾਲ ਵਕਤ ਗੁਜ਼ਾਰਨ ਲਈ ਉਹ ਕੀਮਤੀ ਸਮਾਂ ਕਿਵੇਂ ਕੱਢ ਸਕਦੀਆਂ ਹਨ? ਬਾਈਬਲ ਪ੍ਰੇਰਣਾ ਦਿੰਦੀ ਹੈ ਕਿ “ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ।” (ਕਹਾਉਤਾਂ 3:21) ਪਰਿਵਾਰ ਲਈ ਸਮਾਂ ਕੱਢਣ ਵਿਚ ਮਾਪੇ “ਸੋਝੀ” ਵਰਤ ਸਕਦੇ ਹਨ। ਉਹ ਕਿਵੇਂ?
ਜੇਕਰ ਤੁਸੀਂ ਨੌਕਰੀ ਕਰਨ ਵਾਲੀ ਮਾਂ ਹੋ, ਅਤੇ ਦਿਹਾੜੀ ਲਾ ਕੇ ਤੁਸੀਂ ਥੱਕੇ ਹੁੰਦੇ ਹੋ, ਕਿਉਂ ਨਾ ਆਪਣੇ ਬੱਚਿਆਂ ਨੂੰ ਰੋਟੀ ਤਿਆਰ ਕਰਨ ਵਿਚ ਤੁਹਾਡੀ ਮਦਦ ਕਰਨ ਲਈ ਕਹੋ? ਅਜਿਹਾ ਇਕੱਠੇ ਗੁਜ਼ਾਰਿਆ ਗਿਆ ਸਮਾਂ ਤੁਹਾਨੂੰ ਇਕ ਦੂਜੇ ਦੇ ਨਜ਼ਦੀਕ ਹੋਣ ਦਾ ਮੌਕਾ ਦੇਵੇਗਾ। ਪਹਿਲਾਂ-ਪਹਿਲ, ਆਪਣੇ ਬੱਚਿਆਂ ਨਾਲ ਕੰਮ ਕਰਨ ਵਿਚ ਜ਼ਿਆਦਾ ਸਮਾਂ ਲੱਗੇਗਾ। ਪਰ, ਜਲਦੀ ਹੀ ਇਹ ਖ਼ੁਸ਼ੀ ਦਾ ਕਾਰਨ ਬਣੇਗਾ ਅਤੇ ਤੁਹਾਡਾ ਸਮਾਂ ਵੀ ਬਚੇਗਾ।
ਤੁਸੀਂ ਸ਼ਾਇਦ ਇਕ ਪਿਤਾ ਹੋਵੋ ਜਿਸ ਕੋਲ ਹਫ਼ਤੇ ਦੇ ਅੰਤ ਤੇ ਕਈ ਕੰਮ ਕਰਨ ਵਾਲੇ ਹੋਣ। ਕਿਉਂ ਨਾ ਇਨ੍ਹਾਂ ਵਿੱਚੋਂ ਕੋਈ ਕੰਮ ਆਪਣੇ ਬੱਚਿਆਂ ਨਾਲ ਕਰੋ? ਤੁਸੀਂ ਕੰਮ ਕਰਦੇ ਹੋਏ ਗੱਲਬਾਤ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਚੰਗੀ ਸਿਖਲਾਈ ਦੇ ਸਕਦੇ ਹੋ। ਪਰਮੇਸ਼ੁਰ ਦਿਆਂ ਸ਼ਬਦਾਂ ਨੂੰ ਆਪਣੀ ਔਲਾਦ ਦੇ ਦਿਲ ਵਿਚ ਬਿਠਾਉਣ ਦਾ ਬਾਈਬਲ ਦਾ ਹੁਕਮ ਤੁਹਾਨੂੰ “ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ”—ਦਰਅਸਲ ਹਰ ਮੌਕੇ ਤੇ—ਗੱਲਬਾਤ ਕਰਨ ਦਾ ਹੌਸਲਾ ਦਿੰਦਾ ਹੈ। ਇਹ “ਦਨਾਈ” ਦੀ ਗੱਲ ਹੈ ਕਿ ਤੁਸੀਂ ਆਪਣੇ ਬੱਚਿਆਂ ਨਾਲ ਕੰਮ ਕਰਦੇ ਹੋਏ ਗੱਲਬਾਤ ਕਰਨੀ ਜਾਰੀ ਰੱਖੋ।
ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬਹੁਤ ਸਾਰੇ ਅਤੇ ਬਹੁਤ ਚਿਰ ਲਈ ਲਾਭ ਲਿਆਉਂਦਾ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ “ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।” (ਕਹਾਉਤਾਂ 13:10) ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਦਾ ਸਮਾਂ ਕੱਢਣ ਨਾਲ, ਤੁਸੀਂ ਰੋਜ਼ ਦੀ ਜ਼ਿੰਦਗੀ ਦੇ ਸੰਘਰਸ਼ ਵਿਚ ਉਨ੍ਹਾਂ ਨੂੰ ਬੁੱਧੀਮਾਨ ਅਗਵਾਈ ਦੇ ਸਕੋਗੇ। ਹੁਣ ਦਿੱਤੀ ਜਾਂਦੀ ਅਜਿਹੀ ਅਗਵਾਈ ਤੁਹਾਨੂੰ ਅਗਾਹਾਂ ਨੂੰ ਦੁੱਖ ਤੋਂ ਬਚਾਵੇਗੀ ਅਤੇ ਤੁਹਾਡੇ ਸਮੇਂ ਦੀ ਬੱਚਤ ਕਰੇਗੀ। ਇਸ ਤੋਂ ਇਲਾਵਾ, ਇਹ ਤੁਹਾਡੇ ਲਈ ਅਤੇ ਉਨ੍ਹਾਂ ਲਈ ਖ਼ੁਸ਼ੀ ਦਾ ਕਾਰਨ ਬਣ ਸਕਦੀ ਹੈ। ਅਜਿਹੀ ਅਗਵਾਈ ਦੇਣ ਲਈ, ਤੁਹਾਨੂੰ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਏ ਜਾਂਦੇ ਬੁੱਧ ਦੇ ਭੰਡਾਰ ਦਾ ਫ਼ਾਇਦਾ ਉਠਾਉਣਾ ਪਵੇਗਾ। ਇਸ ਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਅਤੇ ਆਪਣੇ ਪਰਿਵਾਰ ਦਿਆਂ ਕਦਮਾਂ ਨੂੰ ਨਿਰਦੇਸ਼ਨ ਦੇਣ ਲਈ ਇਸਤੇਮਾਲ ਕਰੋ।—ਜ਼ਬੂਰ 119:105.
[ਸਫ਼ੇ 4 ਉੱਤੇ ਤਸਵੀਰ]
ਜਿਨ੍ਹਾਂ ਨੌਜਵਾਨਾਂ ਦਾ ਆਪਣੇ ਮਾਪਿਆਂ ਨਾਲ ਗੂੜ੍ਹਾ ਰਿਸ਼ਤਾ ਹੈ, ਉਨ੍ਹਾਂ ਲਈ ਭਾਵਾਤਮਕ ਤਣਾਅ ਭੁਗਤਣਾ ਘੱਟ ਸੰਭਵ ਹੈ
[ਸਫ਼ੇ 5 ਉੱਤੇ ਤਸਵੀਰ]
ਪਰਿਵਾਰਕ ਜੀਵਨ ਵਿਚ ਚੰਗੀ ਗੱਲਬਾਤ ਜਾਰੀ ਰੱਖਣੀ ਬਹੁਤ ਸਾਰੇ ਲਾਭ ਲਿਆਉਂਦੀ ਹੈ
[ਸਫ਼ੇ 6 ਉੱਤੇ ਤਸਵੀਰ]
ਆਪਣੇ ਬੱਚੇ ਨਾਲ ਕੰਮ ਕਰਦੇ ਹੋਏ, ਤੁਸੀਂ ਉਸ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਚੰਗੀ ਸਿਖਲਾਈ ਦੇ ਸਕਦੇ ਹੋ