ਗੁੰਡਾਗਰਦੀ ਕਿਉਂ ਕੀਤੀ ਜਾਂਦੀ ਹੈ?
“ਮੈਂ ਕੁਝ ਨਹੀਂ ਕਹਿੰਦਾ।” ਇਹ ਸ਼ਬਦ ਵੱਡੇ-ਵੱਡੇ ਅੱਖਰਾਂ ਵਿਚ ਸਾਓ ਪੌਲੋ ਸ਼ਹਿਰ ਦੇ ਇਕ ਸੋਹਣੇ ਇਲਾਕੇ ਵਿਚ ਇਕ ਨਵੀਂ-ਨਵੀਂ ਪੇਂਟ ਕੀਤੀ ਗਈ ਕੰਧ ਉੱਤੇ ਲਿਖੇ ਗਏ ਸਨ। ਇਸ ਨੂੰ ਦੇਖ ਕੇ ਤੁਸੀਂ ਸ਼ਾਇਦ ਸੋਚੋ ਕਿ ਇਹ ਗੁੰਡਾਗਰਦੀ ਹੈ। ਪਰ ਕੰਧਾਂ ਉੱਤੇ ਲਿਖਣਾ ਤਾਂ ਸਿਰਫ਼ ਇਕ ਹੀ ਕਿਸਮ ਦੀ ਗੁੰਡਾਗਰਦੀ ਹੈ।
ਫ਼ਰਜ਼ ਕਰੋ ਕਿ ਗੁੰਡਿਆਂ ਨੇ ਤੁਹਾਡੀ ਨਵੀਂ ਗੱਡੀ, ਜਾਂ ਤੁਹਾਡੇ ਸਕੂਟਰ ਦਾ ਨੁਕਸਾਨ ਕਰ ਦਿੱਤਾ ਹੈ। ਜਾਂ ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਗੁੰਡਿਆਂ ਨੇ ਪਬਲਿਕ ਇਮਾਰਤਾਂ—ਸਾਰਿਆਂ ਦੇ ਫ਼ਾਇਦੇ ਦੀਆਂ ਚੀਜ਼ਾਂ—ਦਾ ਨੁਕਸਾਨ ਕੀਤਾ ਜਾਂ ਉਨ੍ਹਾਂ ਨੂੰ ਬਰਬਾਦ ਕੀਤਾ ਹੈ। ਕਿਉਂ? ਜੀ ਹਾਂ, ਕਿਉਂ? ਕੀ ਤੁਸੀਂ ਇਸ ਗੱਲ ਉੱਤੇ ਕਦੀ ਗੌਰ ਕੀਤਾ ਹੈ ਕਿ ਗੁੰਡਾਗਰਦੀ ਇੰਨੀ ਪ੍ਰਚਲਿਤ ਕਿਉਂ ਹੈ? ਕਈਆਂ ਇਲਾਕਿਆਂ ਵਿਚ ਗੁੰਡੇ ਆਮ ਜਨਤਾ ਲਈ ਲਗਾਏ ਗਏ ਟੈਲੀਫ਼ੋਨਾਂ ਨੂੰ ਭੰਨ-ਤੋੜ ਦਿੰਦੇ ਹਨ ਜਾਂ ਉਨ੍ਹਾਂ ਦੇ ਬਰਬਾਦ ਕਰਨ ਨੂੰ ਮਜ਼ਾਕ ਸਮਝਦੇ ਹਨ। ਅਕਸਰ ਟ੍ਰੇਨਾਂ ਅਤੇ ਬੱਸਾਂ ਵਰਗੀਆਂ ਸਹੂਲਤਾਂ ਉਨ੍ਹਾਂ ਦਾ ਖ਼ਾਸ ਨਿਸ਼ਾਨਾ ਬਣਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਗੁੰਡੇ ਕਿਸੇ ਵੀ ਚੀਜ਼ ਦੀ ਕਦਰ ਨਹੀਂ ਕਰਦੇ। ਪਰ ਜੋ ਗੁੰਡਾਗਰਦੀ ਅਸੀਂ ਦੇਖਦੇ ਹਾਂ ਜਾਂ ਜਿਸ ਦੇ ਬੁਰੇ ਅਸਰ ਸਾਡੇ ਉੱਤੇ ਪੈਂਦੇ ਹਨ ਉਸ ਦਾ ਕਾਰਨ ਕੀ ਹੈ?
ਰਿਓ ਡ ਜਨੇਰੋ ਤੋਂ ਮਾਰਕੋa ਨਾਮ ਦਾ ਇਕ ਨੌਜਵਾਨ ਬਹੁਤ ਮਾਯੂਸ ਹੋਇਆ ਜਦੋਂ ਫੁਟਬਾਲ ਵਿਚ ਉਸ ਦੀ ਟੀਮ ਹਾਰ ਗਈ। ਉਹ ਇੰਨਾ ਮਾਯੂਸ ਹੋਇਆ ਕਿ ਉਹ ਇਕ ਬੱਸ ਵੱਲ ਪੱਥਰ ਸੁੱਟਣ ਲੱਗ ਪਿਆ ਜੋ ਦੂਸਰੀ ਟੀਮ ਦੇ ਸ਼ਰਧਾਲੂਆਂ ਨਾਲ ਭਰੀ ਹੋਈ ਸੀ। ਜਾਂ ਕਲਾਉਸ ਬਾਰੇ ਸੋਚੋ। ਜਦੋਂ ਉਸ ਨੂੰ ਸਕੂਲੋਂ ਚੰਗੇ ਨੰਬਰ ਨਹੀਂ ਮਿਲਦੇ ਸਨ ਤਾਂ ਉਸ ਨੂੰ ਇੰਨਾ ਗੁੱਸਾ ਆਉਂਦਾ ਸੀ ਕਿ ਉਹ ਖਿੜਕੀਆਂ ਵੱਲ ਪੱਥਰ ਸੁੱਟ ਕੇ ਉਨ੍ਹਾਂ ਦੇ ਸ਼ੀਸ਼ੇ ਤੋੜ ਦਿੰਦਾ ਸੀ। ਪਰ ਜਦੋਂ ਉਸ ਦੇ ਪਿਤਾ ਨੂੰ ਨੁਕਸਾਨ ਦਾ ਖ਼ਰਚਾ ਭਰਨਾ ਪਿਆ, ਤਾਂ ਇਸ ਦਾ “ਮਜ਼ਾਕ” ਖ਼ਤਮ ਹੋ ਗਿਆ। ਇਕ ਹੋਰ ਨੌਜਵਾਨ, ਅਰਵਿਨ, ਸਕੂਲੇ ਪੜ੍ਹਦਾ ਵੀ ਸੀ ਅਤੇ ਕੰਮ ਵੀ ਕਰਦਾ ਸੀ। ਉਹ ਅਤੇ ਉਸ ਦੇ ਸਾਥੀ ਚੰਗੇ ਮੁੰਡੇ ਗਿਣੇ ਜਾਂਦੇ ਸਨ। ਫਿਰ ਵੀ, ਆਪਣੇ ਸ਼ੁਗਲ ਲਈ ਉਹ ਗੁਆਂਢ ਵਿਚ ਆਵਾਰਾ ਫਿਰਦੇ ਅਤੇ ਭੰਨ-ਤੋੜ ਕਰਦੇ ਸਨ। ਅਰਵਿਨ ਦੇ ਮਾਤਾ-ਪਿਤਾ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਵਾਲਟਰ ਇਕ ਯਤੀਮ ਸੀ ਅਤੇ ਸਾਓ ਪੌਲੋ ਸ਼ਹਿਰ ਦੀਆਂ ਸੜਕਾਂ ਤੇ ਭਟਕਦਾ ਫਿਰਦਾ ਸੀ। ਉਸ ਦੇ ਜਿਗਰੀ ਦੋਸਤ ਗੁੰਡਿਆਂ ਦੀ ਇਕ ਟੋਲੀ ਸੀ ਅਤੇ ਉਸ ਨੇ ਉਨ੍ਹਾਂ ਦੀ ਸੰਗਤ ਵਿਚ ਮਾਰਨਾ-ਕੁੱਟਣਾ ਵੀ ਸਿੱਖ ਲਿਆ। ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਅਸਲੀ ਲੋਕ ਹਨ, ਅਤੇ ਉਸ ਨੂੰ ਸ਼ੁਰੂ ਕਰਨ ਦੇ ਵੱਖ-ਵੱਖ ਕਾਰਨ ਅਤੇ ਮਨੋਭਾਵ ਹਨ।
ਦ ਵਰਲਡ ਬੁੱਕ ਐਨਸਾਈਕਲੋਪੀਡਿਆ ਕਹਿੰਦਾ ਹੈ ਕਿ “ਗੁੰਡਾਗਰਦੀ ਸ਼ਾਇਦ ਬਦਲਾ ਲੈਣ ਲਈ ਕੀਤੀ ਜਾਂਦੀ ਹੈ ਜਾਂ ਸਿਆਸੀ ਰਾਇ ਪ੍ਰਗਟ ਕਰਨ ਲਈ। ਤਾਂ ਕਦੇ-ਕਦੇ ਨਿਆਣੇ ਅਤੇ ਸਿਆਣੇ ਸਿਰਫ਼ ‘ਮਜ਼ਾਕ’ ਲਈ ਹੀ, ਇਹ ਜੁਰਮ ਕਰਦੇ ਹਨ।” ਪਰ, ਸਿਰਫ਼ ਨਿਆਣਿਆਂ ਦਾ ਸ਼ੁਗਲ ਹੋਣ ਦੀ ਬਜਾਇ, ਗੁੰਡਾਗਰਦੀ ਬਹੁਤ ਨੁਕਸਾਨ ਕਰ ਸਕਦੀ ਹੈ ਅਤੇ ਜਾਨ ਵੀ ਲੈ ਸਕਦੀ ਹੈ। ਨੌਜਵਾਨਾਂ ਦੀ ਇਕ ਟੋਲੀ “ਸ਼ੁਗਲ ਹੀ ਕਰਨਾ” ਚਾਹੁੰਦੀ ਸੀ ਜਦੋਂ ਉਨ੍ਹਾਂ ਨੇ ਇਕ ਸੁੱਤੇ ਪਏ ਆਦਮੀ ਨੂੰ ਦੇਖਿਆ ਅਤੇ ਉਸ ਉੱਤੇ ਪਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਬਾਅਦ ਵਿਚ ਉਨ੍ਹਾਂ ਦੇ ਸ਼ਿਕਾਰ ਨੇ, ਜੋ ਕਿ ਇਕ ਬ੍ਰਾਜ਼ੀਲੀ ਆਦਿਵਾਸੀ ਸੀ, ਹਸਪਤਾਲ ਵਿਚ ਦਮ ਤੋੜ ਦਿੱਤਾ। ਇਕ ਰਿਪੋਰਟ ਦੇ ਅਨੁਸਾਰ, “ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਆਲ ਵਿਚ ਉਸ ਆਦਮੀ ਦੀ ਮੌਤ ਤੋਂ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਣਾ ਸੀ ਕਿਉਂਕਿ ਸੜਕਾਂ ਤੇ ਕਈਆਂ ਮੰਗਤਿਆਂ ਨੂੰ ਅੱਗ ਲਾ ਦਿੱਤੀ ਜਾ ਚੁੱਕੀ ਸੀ ਅਤੇ ਇਸ ਬਾਰੇ ਕਿਸੇ ਨੇ ਕੁਝ ਨਹੀਂ ਕੀਤਾ।” ਭਾਵੇਂ ਗੁੰਡਾਗਰਦੀ ਦਾ ਕੋਈ ਸ਼ਿਕਾਰ ਹੋਵੇ ਜਾਂ ਨਾ, ਪੈਸੇ ਅਤੇ ਜਜ਼ਬਾਤਾਂ ਵਿਚ ਇਸ ਦਾ ਨੁਕਸਾਨ ਨਹੀਂ ਗਿਣਿਆ ਜਾ ਸਕਦਾ ਹੈ। ਤਾਂ ਫਿਰ, ਗੁੰਡਾਗਰਦੀ ਨੂੰ ਕੀ ਕੰਟ੍ਰੋਲ ਜਾਂ ਖ਼ਤਮ ਕਰ ਸਕਦਾ ਹੈ?
ਗੁੰਡਾਗਰਦੀ ਨੂੰ ਕੌਣ ਰੋਕ ਸਕਦਾ ਹੈ?
ਕੀ ਪੁਲਸ ਜਾਂ ਸਕੂਲ ਗੁੰਡਾਗਰਦੀ ਨੂੰ ਰੋਕ ਸਕਦੇ ਹਨ? ਇਕ ਮਸਲਾ ਇਹ ਹੈ ਕਿ ਡ੍ਰੱਗਜ਼ ਦੇ ਧੰਦੇ ਜਾਂ ਕਤਲ ਦੇ ਕੇਸਾਂ ਵਰਗੇ ਜ਼ਿਆਦਾ ਗੰਭੀਰ ਜੁਰਮ ਪੁਲਸ ਦਾ ਸਾਰਾ ਧਿਆਨ ਲੈ ਸਕਦੇ ਹਨ। ਤਾਂ ਫਿਰ ਉਨ੍ਹਾਂ ਅਪਰਾਧਾਂ ਲਈ ਕਿਸੇ ਕੋਲ ਸਮਾਂ ਨਹੀਂ ਹੁੰਦਾ ਜਿਸ ਦਾ ਕੋਈ “ਸ਼ਿਕਾਰ” ਨਜ਼ਰ ਨਹੀਂ ਆਉਂਦਾ। ਪੁਲਸ ਦੇ ਇਕ ਅਫ਼ਸਰ ਦੇ ਅਨੁਸਾਰ, ਜਦੋਂ ਕਿਤੇ ਇਕ ਨੌਜਵਾਨ ਪਕੜਿਆ ਜਾਂਦਾ ਹੈ ਤਾਂ ਉਸ ਦੇ ਮਾਂ-ਬਾਪ ਅਕਸਰ “ਨਿਆਣਿਆਂ ਦਾ ਕਸੂਰ, ਜਿਨ੍ਹਾਂ ਨਾਲ ਉਹ ਸੰਗਤ ਰੱਖਦਾ ਹੈ, ਸਕੂਲ ਦਾ ਕਸੂਰ, ਜਾਂ ਉਸ ਨੂੰ ਪਕੜਨ ਲਈ ਪੁਲਸ ਦਾ ਕਸੂਰ ਵੀ ਕੱਢਦੇ ਹਨ।” ਪੜ੍ਹਾਈ-ਲਿਖਾਈ ਅਤੇ ਸਜ਼ਾ ਗੁੰਡਾਗਰਦੀ ਨੂੰ ਸ਼ਾਇਦ ਘੱਟ ਕਰ ਦੇਣ; ਪਰ ਜੇ ਮਾਂ-ਬਾਪ ਦਾ ਰਵੱਈਆ ਨਾ ਬਦਲੇ, ਫਿਰ ਕੀ? ਨਾਬਾਲਗ ਅਪਰਾਧੀਆਂ ਦੀ ਪਰਖ-ਅਫ਼ਸਰਨੀ ਕਹਿੰਦੀ ਹੈ: “ਸਮੱਸਿਆ ਦਾ ਕਾਰਨ ਅਕੇਵਾਂ ਅਤੇ ਮੌਕਾ ਹੈ। [ਬੱਚੇ] ਘਰ ਤੋਂ ਬਾਹਰ ਬਹੁਤ ਦੇਰ ਤਕ ਰਹਿੰਦੇ ਹਨ, ਅਤੇ ਉਨ੍ਹਾਂ ਕੋਲ ਕਰਨ ਲਈ ਕੁਝ ਵੀ ਨਹੀਂ ਹੁੰਦਾ। ਹੋ ਸਕਦਾ ਹੈ ਕਿ ਉਨ੍ਹਾਂ ਦੀ ਨਿਗਰਾਨੀ ਕਰਨ ਵਾਲਾ ਕੋਈ ਨਹੀਂ ਹੈ—ਨਹੀਂ ਤਾਂ ਉਹ ਬਾਹਰ ਨਾ ਘੁਮਦੇ-ਫਿਰਦੇ।”
ਭਾਵੇਂ ਕਿ ਗੁੰਡਾਗਰਦੀ ਕਈਆਂ ਇਲਾਕਿਆਂ ਵਿਚ ਇਕ ਗੰਭੀਰ ਸਮੱਸਿਆ ਹੈ, ਗੌਰ ਕਰੋ ਕਿ ਮਸਲਾ ਕਿਸ ਤਰ੍ਹਾਂ ਬਦਲ ਸਕਦਾ ਹੈ। ਜਿਨ੍ਹਾਂ ਨੌਜਵਾਨ ਗੁੰਡਿਆਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਨੇ ਹੁਣ ਹਰ ਸਮਾਜ-ਵਿਰੋਧੀ ਕੰਮ ਛੱਡ ਦਿੱਤਾ ਹੈ। ਅਜਿਹੀਆਂ ਵਿਗੜੀਆਂ ਆਦਤਾਂ ਵਾਲਿਆਂ ਨੌਜਵਾਨਾਂ ਨੂੰ ਕਿਸ ਚੀਜ਼ ਨੇ ਬਦਲਿਆ? ਅਤੇ, ਕੀ ਤੁਸੀਂ ਹੈਰਾਨ ਹੋਵੋਗੇ ਜੇਕਰ ਗੁੰਡਾਗਰਦੀ ਨਾ ਸਿਰਫ਼ ਘਟਾਈ ਜਾਵੇ ਪਰ ਬਿਲਕੁਲ ਖ਼ਤਮ ਵੀ ਕੀਤੀ ਜਾਵੇ? ਮਿਹਰਬਾਨੀ ਨਾਲ ਅਗਲਾ ਲੇਖ ਜ਼ਰੂਰ ਪੜ੍ਹੋ।
[ਫੁਟਨੋਟ]
a ਨਾਂ ਬਦਲੇ ਗਏ ਹਨ।