ਗੁੰਡਾਗਰਦੀ ਖ਼ਤਮ ਕੀਤੀ ਜਾ ਸਕਦੀ ਹੈ
ਲੇਖਕ ਜੇਨ ਨੋਰਮਨ ਅਤੇ ਮਾਇਰੋਨ ਡਬਲਯੂ. ਹੈਰਿਸ ਕਹਿੰਦੇ ਹਨ ਕਿ “ਜਵਾਨੀ ਵਿਚ ਗੁੰਡਾਗਰਦੀ ਨੂੰ ਹਮੇਸ਼ਾ ਸਿਆਣੇ ਬੰਦਿਆਂ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਪ੍ਰਤੀ ਨਿਰਾਦਰ ਅਤੇ ਵੈਰਭਾਵਨਾ ਵਿਚਾਰਿਆ ਗਿਆ ਹੈ।” ਭਾਵੇਂ ਕਿ ਕਈ ਨੌਜਵਾਨ ਇਹ ਯਕੀਨ ਕਰਦੇ ਹਨ ਕਿ ਇਸ ਮਾਮਲੇ ਨੂੰ ਬਦਲਣ ਲਈ ਕੁਝ ਨਹੀਂ ਕੀਤਾ ਜਾ ਸਕਦਾ, ਫਿਰ ਵੀ ਉਨ੍ਹਾਂ ਲੇਖਕਾਂ ਦੇ ਅਨੁਸਾਰ “ਤਿੰਨਾਂ ਵਿੱਚੋਂ ਇਕ ਨੌਜਵਾਨ ਮੰਨਦਾ ਹੈ ਕਿ ਜੇਕਰ ਮਾਂ-ਬਾਪ ਆਪਣੇ ਨਿਆਣਿਆਂ ਵੱਲ ਜ਼ਿਆਦਾ ਧਿਆਨ ਦੇਣ ਅਤੇ ਜੇਕਰ ਕਿਸ਼ੋਰ ਇੰਨੇ ਬੋਰ ਨਾ ਹੋਣ, ਤਾਂ ਜਵਾਨੀ ਵਿਚ ਗੁੰਡਾਗਰਦੀ ਰੋਕੀ ਜਾ ਸਕਦੀ ਹੈ।” ਨੌਜਵਾਨਾਂ ਨੂੰ ਕਿਸੇ-ਨ-ਕਿਸੇ ਮਨਪਰਚਾਵੇ ਵਿਚ ਲਗਾਈ ਰੱਖਣ ਨਾਲ ਅਤੇ ਮਾਂ-ਬਾਪ ਦੀ ਉਨ੍ਹਾਂ ਉੱਤੇ ਚੰਗੀ ਤਰ੍ਹਾਂ ਨਜ਼ਰ ਦੁਆਰਾ ਗੁੰਡਾਗਰਦੀ ਸ਼ਾਇਦ ਘਟਾਈ ਜਾ ਸਕਦੀ ਹੈ, ਪਰ ਕੀ ਇਸ ਤਰ੍ਹਾਂ ਉਹ ਜੜ੍ਹੋ ਪੁੱਟੀ ਜਾ ਸਕਦੀ ਹੈ?
ਜਦ ਨੌਜਵਾਨ ਇਕੱਲੇ ਹੁੰਦੇ ਹਨ ਤਾਂ ਉਹ ਕੋਈ ਕਰਤੂਤ ਨਹੀਂ ਕਰਦੇ, ਪਰ ਜਦ ਉਹ ਟੋਲੀਆਂ ਵਿਚ ਜਾਂ ਦੋ-ਦੋ ਇਕੱਠੇ ਹੁੰਦੇ ਹਨ, ਤਾਂ ਉਹ ਬੇਕਾਰ ਅਤੇ ਮੰਦੇ ਕੰਮ ਕਰ ਕੇ ਆਪਣੇ ਆਪ ਵੱਲ ਧਿਆਨ ਖਿੱਚਦੇ ਹਨ। ਨੈਲਸਨ ਦੇ ਮਾਮਲੇ ਵਿਚ ਇਹ ਸੱਚ ਸੀ। ਉਹ ਡ੍ਰੱਗਜ਼ ਅਤੇ ਸ਼ਰਾਬ ਦੇ ਨਸ਼ੇ ਵਿਚ ਆ ਕੇ ਆਪਣਾ ਗੁੱਸਾ ਅਤੇ ਨਾਰਾਜ਼ਗੀ ਗੁੰਡਾਗਰਦੀ ਕਰ ਕੇ ਦਿਖਾਉਂਦਾ ਸੀ। ਕੈਥੋਲਿਕ ਚਰਚ ਵਿਚ ਗ਼ਰੀਬਾਂ ਲਈ ਜ਼ਮੀਨ ਅਤੇ ਨੌਕਰੀ ਦੇ ਹੱਕਾਂ ਬਾਰੇ ਭਾਸ਼ਣ ਸੁਣ ਕੇ ਜੋਸੇ ਬਹੁਤ ਉਕਸਾਇਆ ਗਿਆ ਅਤੇ ਉਸ ਨੇ ਸੋਚਿਆ ਕਿ ਉਸ ਨੂੰ ਆਪਣਾ ਵਿਰੋਧ ਪ੍ਰਗਟ ਕਰਨ ਲਈ ਪ੍ਰਬੰਧ ਕੀਤੀਆਂ ਗਈਆਂ ਹੜਤਾਲਾਂ ਅਤੇ ਗੁੰਡਾਗਰਦੀ ਵਿਚ ਹਿੱਸਾ ਲੈਣਾ ਚਾਹੀਦਾ ਹੈ। ਲੇਕਿਨ, ਨੈਲਸਨ ਅਤੇ ਜੋਸੇ ਦੋਹਾਂ ਨੂੰ ਕੁਝ ਅਜਿਹੀ ਚੀਜ਼ ਲੱਭੀ ਜੋ ਫ਼ਸਾਦਾਂ ਜਾਂ ਗੁੰਡਾਗਰਦੀ ਤੋਂ ਕਿਤੇ ਹੀ ਬਿਹਤਰ ਹੈ।
ਗੁੰਡਾਗਰਦੀ ਦੇ ਕੁਝ ਅਸਲੀ ਕਾਰਨ
ਚਲੋ ਆਪਾਂ ਹੁਣ ਗੌਰ ਕਰੀਏ ਕਿ ਕੁਝ ਨੌਜਵਾਨ ਗੁੰਡਾਗਰਦੀ ਵਿਚ ਹਿੱਸਾ ਕਿਉਂ ਲੈਂਦੇ ਹਨ। ਕਈ ਕਿਸ਼ੋਰ ਪਰੇਸ਼ਾਨ ਹਨ ਅਤੇ ਉਹ ਸੋਚਦੇ ਹਨ ਕਿ ਇਹ ‘ਦੁਨੀਆਂ ਕਿਸੇ ਪਾਗਲਖ਼ਾਨੇ ਵਾਂਗ ਸੁਦਾਈਆਂ ਨਾਲ ਭਰੀ ਹੋਈ ਹੈ।’ ਕਈਆਂ ਦੇ ਮੰਨਣ ਤੋਂ ਉਲਟ, ਇਕ ਰਿਪੋਰਟ ਕਹਿੰਦੀ ਹੈ: “ਕਿਸ਼ੋਰ ਆਪਣੇ ਭਵਿੱਖ ਬਾਰੇ ਜ਼ਰੂਰ ਫ਼ਿਕਰ ਕਰਦੇ ਹਨ। ਸਿਆਣਿਆਂ ਨੂੰ ਘੱਟ ਹੀ ਅੰਦਾਜ਼ਾ ਹੈ ਕਿ ਉਹ ਇਸ ਸੰਸਾਰ ਬਾਰੇ ਕਿੰਨੀ ਪਰਵਾਹ ਕਰਦੇ ਹਨ।” ਜਾਣ ਕੇ ਜਾਂ ਅਣਜਾਣਪੁਣੇ ਵਿਚ, ਗੁੰਡਾਗਰਦੀ ਵਿਚ ਭਾਗ ਲੈ ਕੇ ਇਕ ਨੌਜਵਾਨ ਸ਼ਾਇਦ ਆਪਣੀ ਗਹਿਰੀ ਮਾਯੂਸੀ ਪ੍ਰਗਟ ਕਰੇ ਕਿ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਨਾ ਹੀ ਉਸ ਦੀਆਂ ਮੁਸ਼ਕਲਾਂ ਨੂੰ ਕੋਈ ਸਮਝ ਰਿਹਾ ਹੈ। ਸ਼ੁਰੂ ਵਿਚ ਜ਼ਿਕਰ ਕੀਤੇ ਗਏ ਸਰਵੇਖਣ ਦੇ ਅਨੁਸਾਰ, “ਸਰਵੇ ਕੀਤੇ ਗਏ ਨੌਜਵਾਨਾਂ ਵਿੱਚੋਂ ਇਕ ਨੇ ਵੀ ਗੁੰਡਾਗਰਦੀ ਦੀ ਸਿਫ਼ਤ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਉਚਿਤ ਸਮਝਿਆ, ਭਾਵੇਂ ਉਨ੍ਹਾਂ ਨੇ ਖ਼ੁਦ ਬੁਰਾਈਆਂ ਵਿਚ ਹਿੱਸਾ ਲਿਆ ਸੀ।”
ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇਕ ਨੌਜਵਾਨ ਨੂੰ ਕਦਰ ਦੇ ਅਤੇ ਉਤਸ਼ਾਹ-ਭਰੇ ਇਕ-ਦੋ ਸ਼ਬਦ ਵੀ ਨਹੀਂ ਕਹੇ ਜਾਣ। ਕਿਉਂ ਜੋ ਪੜ੍ਹਾਈ-ਲਿਖਾਈ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਅਤੇ ਬਹੁਤੀਆਂ ਨੌਕਰੀਆਂ ਲਈ ਅੱਜ-ਕੱਲ੍ਹ ਉੱਚ ਜਾਂ ਕਿਸੇ ਖ਼ਾਸ ਕਿਸਮ ਦੇ ਗਿਆਨ ਜਾਂ ਮਸ਼ੀਨਾਂ ਦੀ ਕਾਰੀਗਰੀ ਦੀ ਜ਼ਰੂਰਤ ਹੁੰਦੀ ਹੈ, ਕਈ ਨੌਜਵਾਨ ਡਰਦੇ ਅਤੇ ਸੰਗਦੇ ਹਨ। ਇਸ ਤੋਂ ਇਲਾਵਾ, ਸ਼ਾਇਦ ਮਾਂ-ਬਾਪ, ਅਧਿਆਪਕ, ਜਾਂ ਉਨ੍ਹਾਂ ਦੇ ਹਾਣੀ ਹਮੇਸ਼ਾ ਨੁਕਤਾਚੀਨੀ ਕਰਨ ਅਤੇ ਸਖ਼ਤੀ ਵਰਤਣ। ਉਹ ਸ਼ਾਇਦ ਨੌਜਵਾਨ ਦੀਆਂ ਪ੍ਰਾਪਤੀਆਂ ਵੱਲ ਜ਼ਿਆਦਾ ਧਿਆਨ ਦੇਣ ਅਤੇ ਭੁੱਲ ਜਾਣ ਕੇ ਉਹ ਇਕ ਇਨਸਾਨ ਹੈ। ਕਈ ਸਿਰਫ਼ ਆਪਣੀਆਂ ਨਾਕਾਮਯਾਬੀਆਂ ਉੱਤੇ ਹੀ ਧਿਆਨ ਲਾਉਣ ਕਰਕੇ ਬਾਗ਼ੀ ਹਨ ਅਤੇ ਗੁੰਡਾਗਰਦੀ ਕਰਦੇ ਹਨ। ਕੀ ਮਾਂ-ਬਾਪ ਦੀ ਪਿਆਰ-ਮੁਹੱਬਤ ਅਜਿਹੇ ਦੁੱਖ ਨੂੰ ਦੂਰ ਨਹੀਂ ਕਰੇਗੀ?
ਤੁਸੀਂ ਸ਼ਾਇਦ ਨੋਟ ਕੀਤਾ ਹੋਵੇ ਕਿ ਭਾਵੇਂ ਕੁਝ ਸਰਕਾਰੀ ਅਫ਼ਸਰਾਂ ਨੇ ਕੰਧਾਂ ਉੱਤੇ ਲਿਖਣ ਨੂੰ ਅਤੇ ਹੋਰ ਕਿਸਮ ਦੇ ਅਪਰਾਧਾਂ ਨੂੰ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕਰਨੀ ਛੱਡ ਦਿੱਤੀ ਹੈ, ਕਈ ਫ਼ਿਕਰਮੰਦ ਲੋਕ ਅਜੇ ਵੀ ਆਸ ਰੱਖਦੇ ਹਨ ਕਿ ਅਧਿਆਪਕ ਅਤੇ ਸਕੂਲਾਂ ਦੇ ਦੂਜੇ ਹੋਰ ਕਰਮਚਾਰੀ ਗੁੰਡਾਗਰਦੀ ਦੀ ਸਮੱਸਿਆ ਬਾਰੇ ਕੁਝ ਕਰਨਗੇ। ਸਜ਼ਾ ਦੇ ਸੰਬੰਧ ਵਿਚ, ਦ ਵਰਲਡ ਬੁੱਕ ਐਨਸਾਈਕਲੋਪੀਡਿਆ ਕਹਿੰਦਾ ਹੈ: “ਗੁੰਡਾਗਰਦੀ ਦੀ ਸਜ਼ਾ ਜੁਰਮਾਨਾ ਜਾਂ ਕੈਦ ਹੈ। ਕੁਝ ਸਥਾਨਕ ਸਰਕਾਰੀ ਕਾਨੂੰਨ ਮਾਂ-ਬਾਪ ਨੂੰ ਬੱਚਿਆਂ ਦੁਆਰਾ ਕੀਤੀ ਗਈ ਗੁੰਡਾਗਰਦੀ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਲੇਕਿਨ ਗੁੰਡਾਗਰਦੀ ਦਿਆਂ ਬਹੁਤਿਆਂ ਮਾਮਲਿਆਂ ਵਿਚ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾਂਦੀ ਹੈ। ਅਜਿਹਿਆਂ ਮਾਮਲਿਆਂ ਵਿਚ ਕਾਨੂੰਨ ਲਾਗੂ ਕਰਨਾ ਮੁਸ਼ਕਲ ਹੁੰਦਾ ਹੈ, ਅਤੇ ਜ਼ਿਆਦਾਤਰ ਛੋਟੇ-ਮੋਟੇ ਨੁਕਸਾਨਾਂ ਦਾ ਖ਼ਰਚਾ ਇੰਨਾ ਨਹੀਂ ਹੁੰਦਾ ਹੈ ਕਿ ਕਾਨੂੰਨੀ ਕਾਰਵਾਈ ਕਰਨੀ ਫ਼ਾਇਦੇਮੰਦ ਹੋਵੇ।” ਇਕ ਰਿਪੋਰਟ ਦੇ ਅਨੁਸਾਰ ਅਪਰਾਧੀਆਂ ਵਿੱਚੋਂ ਸਿਰਫ਼ 3 ਪ੍ਰਤਿਸ਼ਤ ਗਿਰਫ਼ਤਾਰ ਕੀਤੇ ਗਏ ਸਨ।
ਤੁਸੀਂ ਸ਼ਾਇਦ ਇਹ ਗੱਲ ਕਬੂਲ ਕਰੋਗੇ ਕਿ ਵਿਗੜੀਆਂ ਆਦਤਾਂ ਸੁਧਾਰਨ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਮਾਂ-ਬਾਪ ਆਪਣੀ ਜ਼ਿੰਮੇਵਾਰ ਚੰਗੀ ਤਰ੍ਹਾਂ ਨਿਭਾਉਣ। ਪਰ ਜਦੋਂ ਪਰਿਵਾਰਕ ਜ਼ਿੰਦਗੀ ਵਿਗੜਦੀ ਹੈ, ਤਾਂ ਸਮਾਜ ਨੂੰ ਦੁੱਖ ਝੱਲਣੇ ਪੈਂਦੇ ਹਨ। ਬ੍ਰਾਜ਼ੀਲ ਵਿਚ ਸਾਓ ਪੌਲੋ ਯੂਨੀਵਰਸਿਟੀ ਦੀ ਪ੍ਰੋਫ਼ੈਸਰਨੀ ਆਨਾ ਲੂਈਜ਼ ਵੀਐਰਾ ਡੇ ਮਾਤੋਸ ਨੋਟ ਕਰਦੀ ਹੈ ਕਿ ਨੌਜਵਾਨਾਂ ਦੇ ਮਸਲਿਆਂ ਦੇ ਕੁਝ ਕਾਰਨ ਹਨ “ਮਾਪਿਆਂ ਵੱਲੋਂ ਨਿਗਰਾਨੀ ਵਿਚ ਢਿੱਲ-ਮੱਠ, ਅਸੂਲਾਂ ਦੀ ਕਮੀ, ਆਪਸੀ ਗੱਲ-ਬਾਤ ਦੀ ਕਮੀ, ਲਾਪਰਵਾਹੀ ਅਤੇ ਅਲਗਰਜ਼ੀ ਜਾਂ ਬੇਦਿਲੀ।”
ਅਸੀਂ ਆਪਣੇ ਜ਼ਮਾਨੇ ਵਿਚ ਯਿਸੂ ਦੇ ਸ਼ਬਦਾਂ ਦੀ ਪੂਰਤੀ ਜ਼ਰੂਰ ਦੇਖੀ ਹੈ: “ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” (ਮੱਤੀ 24:12) ਅਤੇ ਕੌਣ ਇਨਕਾਰ ਕਰ ਸਕਦਾ ਹੈ ਕਿ 2 ਤਿਮੋਥਿਉਸ 3:1-4 ਦੇ ਸ਼ਬਦ ਪੂਰੇ ਹੋ ਰਹੇ ਹਨ? ਪੌਲੁਸ ਰਸੂਲ ਨੇ ਲਿਖਿਆ: “ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” ਅਸਲੀਅਤ ਤਾਂ ਇਹ ਹੈ ਕਿ ਸਿਰਫ਼ ਅਜਿਹਿਆਂ ਲੋਕਾਂ ਵਿਚਕਾਰ ਰਹਿਣ ਨਾਲ ਹੀ ਆਦਤਾਂ ਵਿਗੜ ਸਕਦੀਆਂ ਹਨ। ਪਰ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। ਭਾਵੇਂ ਆਮ ਤੌਰ ਤੇ ਸਮਾਜ ਗੁੰਡਾਗਰਦੀ ਨੂੰ ਮਿਟਾ ਨਹੀਂ ਸਕਿਆ ਹੈ, ਅਸੀਂ ਫਿਰ ਵੀ ਅਜਿਹੇ ਲੋਕਾਂ ਨਾਲ ਮਿਲ ਸਕਦੇ ਹਾਂ ਜੋ ਆਪਣੇ ਆਪ ਨੂੰ ਬਦਲਣ ਵਿਚ ਕਾਮਯਾਬ ਹੋਏ ਹਨ ਅਤੇ ਉਨ੍ਹਾਂ ਨੇ ਹੁਣ ਬਦਤਮੀਜ਼ੀ ਜਾਂ ਬੇਪਰਵਾਹੀ ਛੱਡ ਦਿੱਤੀ ਹੈ। ਜਿੱਥੋਂ ਤਕ ਉਨ੍ਹਾਂ ਦੀ ਗੱਲ ਹੈ, ਗੁੰਡਾਗਰਦੀ ਖ਼ਤਮ ਕੀਤੀ ਗਈ ਹੈ।
ਨੌਜਵਾਨਾਂ ਲਈ ਚੰਗੀ ਅਗਵਾਈ
ਆਪਣੀ ਸ਼ਖ਼ਸੀਅਤ ਬਦਲਣ ਵਿਚ ਗੁੰਡਿਆਂ ਅਤੇ ਹੋਰ ਲੋਕਾਂ ਦੀ ਕਿਸ ਚੀਜ਼ ਨੇ ਮਦਦ ਕੀਤੀ ਹੈ? ਭਾਵੇਂ ਇਹ ਗੱਲ ਅਧਿਆਪਕਾਂ ਅਤੇ ਮਾਪਿਆਂ ਨੂੰ ਅਜੀਬ ਲੱਗੇ, ਪਰ ਬਾਈਬਲ ਤਾਜ਼ੀ ਅਤੇ ਵਧੀਆ ਅਗਵਾਈ ਦਿੰਦੀ ਹੈ। ਇਸ ਦਾ ਲੜ ਫੜ ਕੇ ਗੁੰਡਾਗਰਦੀ ਕਰਨ ਵਾਲੇ, ਪਰਮੇਸ਼ੁਰ ਦਾ ਇਹ ਖ਼ਾਸ ਅਸੂਲ ਮੰਨਣ ਲਈ ਤਿਆਰ ਹੋਏ ਹਨ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” (ਕੂਚ 23:2) ਪਰਮੇਸ਼ੁਰ ਦੇ ਬਚਨ ਵਿੱਚੋਂ ਅਜਿਹੀਆਂ ਗੱਲਾਂ ਸਿੱਖ ਕੇ, ਜੋ ਉਹ ਪਹਿਲਾਂ ਕਦੀ ਨਹੀਂ ਸਮਝ ਸਕੇ ਸਨ, ਕਈ ਵਿਅਕਤੀ ਸੱਚਾਈ ਵੱਲ ਖਿੱਚੇ ਗਏ ਹਨ ਅਤੇ ਜੋ ਉਨ੍ਹਾਂ ਨੇ ਸਿੱਖਿਆ ਹੈ ਉਸ ਨੇ ਉਨ੍ਹਾਂ ਉੱਤੇ ਚੰਗਾ ਅਸਰ ਪਾਇਆ ਹੈ। ਸਾਓ ਪੌਲੋ ਦੇ ਇਕ ਨੌਜਵਾਨ, ਜੋਸੇ, ਦੇ ਮਾਮਲੇ ਉੱਤੇ ਗੌਰ ਕਰੋ। ਉਹ ਅਜਿਹੇ ਪਰਿਵਾਰ ਵਿਚ ਜੰਮਿਆ-ਪਲਿਆ ਸੀ ਜੋ ਮੂਰਤੀਆਂ ਸਾਮ੍ਹਣੇ ਪੂਜਾ ਕਰਦੇ ਸਨ। ਜਦੋਂ ਉਸ ਨੂੰ ਪਤਾ ਲਗਿਆ ਕਿ ਪਰਮੇਸ਼ੁਰ ਦਾ ਇਕ ਨਾਂ ਹੈ, ਅਰਥਾਤ ਯਹੋਵਾਹ, ਅਤੇ ਕਿ ਉਹ ਮੂਰਤੀਆਂ ਦੀ ਪੂਜਾ ਨੂੰ ਪਸੰਦ ਨਹੀਂ ਕਰਦਾ, ਜੋਸੇ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮਨਜ਼ੂਰ ਹੋਣ ਲਈ ਤਬਦੀਲੀਆਂ ਕੀਤੀਆਂ।—ਕੂਚ 20:4, 5; ਜ਼ਬੂਰ 83:18; 1 ਯੂਹੰਨਾ 5:21; ਪਰਕਾਸ਼ ਦੀ ਪੋਥੀ 4:11.
ਹਿੰਸਕ ਗਰੋਹਾਂ ਅਤੇ ਲੜਾਈਆਂ ਵਿਚ ਘੜੀ-ਮੁੜੀ ਮਾਯੂਸ ਹੋਣ ਦੀ ਬਜਾਇ, ਨੈਲਸਨ ਨੂੰ ਭਵਿੱਖ ਲਈ ਇਕ ਅਸਲੀ ਉਮੀਦ ਮਿਲੀ ਜਿਸ ਕਾਰਨ ਉਹ ਬਹੁਤ ਹੀ ਖ਼ੁਸ਼ ਹੋਇਆ। ਉਹ ਕਹਿੰਦਾ ਹੈ: “ਪਹਿਲਾਂ ਮੇਰੇ ਘਰ ਵਾਲਿਆਂ ਨੇ ਮੈਨੂੰ ਠੁਕਰਾਇਆ ਹੋਇਆ ਸੀ ਕਿਉਂ ਜੋ ਮੈਂ ਬੁਰੀ ਸੰਗਤ ਰੱਖਦਾ ਸੀ ਅਤੇ ਇਕ ਅਮਲੀ ਸੀ, ਪਰ ਹੁਣ ਘਰ ਵਿਚ ਸਭ ਤੋਂ ਜ਼ਿਆਦਾ ਮੇਰੀ ਇੱਜ਼ਤ ਹੁੰਦੀ ਹੈ। ਅਕਸਰ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਹਨ ਕਿ ਮੈਂ ਆਪਣੇ ਵੱਡੇ ਭਰਾ ਨੂੰ ਸਲਾਹ ਦਿਆ। ਜਦੋਂ ਤੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਹੈ, ਮੈਨੂੰ ਅਸਲੀ ਖ਼ੁਸ਼ੀ ਦਾ ਅਰਥ ਪਤਾ ਚਲਿਆ ਹੈ ਕਿਉਂ ਜੋ ਹੁਣ ਮੇਰੀ ਜ਼ਿੰਦਗੀ ਦਾ ਇਕ ਮਕਸਦ ਹੈ।” ਅਤੇ ਮਾਰਕੋ ਵਰਗੇ ਸ਼ਹਿਰੀ ਨੌਜਵਾਨ ਲਈ, ਜੋ ਹਿੰਸਕ ਮਾਹੌਲ ਵਿਚ ਰਹਿਣ ਦਾ ਆਦੀ ਸੀ, ਇਹ ਜਾਣਨਾ ਬਹੁਤ ਚੰਗਾ ਹੋਇਆ ਹੈ ਕਿ ਪਰਮੇਸ਼ੁਰ ਦਾ ਰਾਜ ਇਸ ਧਰਤੀ ਨੂੰ ਫਿਰਦੌਸ ਬਣਾ ਦੇਵੇਗਾ।—ਪਰਕਾਸ਼ ਦੀ ਪੋਥੀ 21:3, 4.
ਇਕ ਗਰੋਹ ਦੇ ਸਾਬਕਾ ਮੈਂਬਰ ਅਤੇ ਤਬਾਹੀ ਮਚਾਉਣ ਵਾਲੇ ਇਕ ਹੋਰ ਗੁੰਡੇ ਦੇ ਮਾਮਲੇ ਉੱਤੇ ਗੌਰ ਕਰੋ। ਯਤੀਮ ਹੋਣ ਕਰਕੇ ਵਾਲਟਰ ਦਾ ਬਚਪਨ ਦੁਖੀ ਸੀ। ਜਦੋਂ ਉਸ ਨੂੰ ਪਤਾ ਚਲਿਆ ਕਿ ਇਸ ਭ੍ਰਿਸ਼ਟ ਅਤੇ ਦੁਸ਼ਟ ਰੀਤੀ-ਵਿਵਸਥਾ ਵਿਚ ਪਰਮੇਸ਼ੁਰ ਦੇ ਬੰਦੇ ਵੀ ਹਨ, ਉਸ ਉੱਤੇ ਗਹਿਰਾ ਅਸਰ ਪਿਆ। ਇਹ ਬੰਦੇ ਦੂਸਰਿਆਂ ਨੂੰ ਧਿਆਨ ਵਿਚ ਰੱਖਦੇ ਹਨ ਅਤੇ ਉਨ੍ਹਾਂ ਪ੍ਰਤੀ ਦਇਆ ਤੇ ਮਿਹਰ ਦਿਖਾ ਕੇ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਦਿਲੋਂ ਕੋਸ਼ਿਸ਼ ਕਰਦੇ ਹਨ। ਵਾਲਟਰ ਕਹਿੰਦਾ ਹੈ: “ਯਿਸੂ ਦੇ ਵਾਅਦੇ ਅਨੁਸਾਰ, ਮੇਰਾ ਹੁਣ ਇਕ ਵੱਡਾ ਪਰਿਵਾਰ ਹੈ ‘ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਪਿਉ।’ ਮੈਂ ਭਵਿੱਖ ਵਿਚ ਉਸ ਸਮੇਂ ਦੀ ਉਡੀਕ ਕਰਦਾ ਹਾਂ ਜਦੋਂ ਪਰਮੇਸ਼ੁਰ ਦੀ ਧਰਮੀ ਸਰਕਾਰ ਦੇ ਅਧੀਨ ਲੋਕ ਸੁਖ ਨਾਲ ਜੀਉਣਗੇ।”—ਮਰਕੁਸ 10:29, 30; ਜ਼ਬੂਰ 37:10, 11, 29.
ਵਿਰੋਧ ਨਾਲੋਂ ਕੁਝ ਚੰਗਾ
ਦੂਸਰਿਆਂ ਨੂੰ ਧਿਆਨ ਵਿਚ ਰੱਖਣ ਅਤੇ ਉਨ੍ਹਾਂ ਨਾਲ ਪਿਆਰ-ਮੁਹੱਬਤ ਕਰਨ ਤੋਂ ਇਲਾਵਾ, ਇਨ੍ਹਾਂ ਸਾਬਕਾ ਗੁੰਡਿਆਂ ਨੇ ‘ਬੁਰਿਆਈ ਤੋਂ ਘਿਣ ਕਰਨੀ’ ਸਿੱਖੀ ਹੈ। (ਜ਼ਬੂਰ 97:10; ਮੱਤੀ 7:12) ਤੁਹਾਡੇ ਬਾਰੇ ਕੀ? ਭਾਵੇਂ ਤੁਸੀਂ ਕੇਵਲ ਦੂਰ ਤਕ ਫੈਲੀ ਗੁੰਡਾਗਰਦੀ ਦੇ ਬੁਰੇ ਅਸਰਾਂ ਤੋਂ ਪ੍ਰਭਾਵਿਤ ਹੋ, ਪਰ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਤੁਹਾਡੇ ਲਈ ਯਹੋਵਾਹ ਨੂੰ ਅਸਲੀ ਬਣਾ ਦੇਵੇਗੀ, ਜਿਸ ਨੂੰ ਇਕ ਮੁਹੱਬਤੀ ਸਵਰਗੀ ਪਿਤਾ ਵਜੋਂ ਤੁਹਾਡੀ ਚਿੰਤਾ ਹੈ। (1 ਪਤਰਸ 5:6, 7) ਨਿੱਜੀ ਕਮਜ਼ੋਰੀਆਂ ਜਾਂ ਗ਼ਰੀਬੀ ਦੇ ਬਾਵਜੂਦ, ਰੂਹਾਨੀ ਤਰੱਕੀ ਕਰਨ ਵਿਚ ਪਰਮੇਸ਼ੁਰ ਤੁਹਾਡੀ ਮਦਦ ਕਰ ਸਕਦਾ ਹੈ। ਨਿੱਜੀ ਤੌਰ ਤੇ ਇਹ ਇਕ ਸ਼ਾਨਦਾਰ ਤਜਰਬਾ ਹੈ!
ਯਹੋਵਾਹ ਅਤੇ ਉਸ ਦਾ ਪੁੱਤਰ, ਯਿਸੂ ਮਸੀਹ, ਸੱਚ-ਮੁੱਚ ਚਾਹੁੰਦੇ ਹਨ ਕਿ ਹਰ ਕਿਸਮ ਦਿਆਂ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿੱਖਣ ਦਾ ਮੌਕਾ ਮਿਲੇ। ਲੋਕਾਂ ਨੂੰ ਹੁਣ ਗੁੰਡਾਗਰਦੀ ਛੱਡਣ ਵਿਚ ਮਦਦ ਦੇਣ ਤੋਂ ਇਲਾਵਾ ਪਰਮੇਸ਼ੁਰ ਦਾ ਬਚਨ ਹੋਰ ਬਹੁਤ ਕੁਝ ਕਰ ਸਕਦਾ ਹੈ। ਇਹ ਉਨ੍ਹਾਂ ਨੂੰ ਪਰਮੇਸ਼ੁਰੀ ਸਿਧਾਂਤ ਲਾਗੂ ਕਰਨ ਵਿਚ ਹੋਰ ਤਰੱਕੀ ਕਰਨ ਲਈ ਉਤੇਜਿਤ ਕਰ ਸਕਦਾ ਹੈ। ਨਤੀਜੇ ਵਜੋਂ ਉਹ ਇਕ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰ ਬਣ ਜਾਂਦੇ ਹਨ ਜੋ ਸਫ਼ਾਈ ਅਤੇ ਤਮੀਜ਼ ਲਈ ਪ੍ਰਸਿੱਧ ਹਨ—ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ ਕਲੀਸਿਯਾ। ਅਫ਼ਸੀਆਂ 4:24 ਦੀ ਤਾਲਮੇਲ ਵਿਚ, ਇਨ੍ਹਾਂ ਮਸੀਹੀਆਂ ਨੇ ‘ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ ਹੁਣ ਜਲਦੀ ਹੀ ਸਾਰੀ ਧਰਤੀ ਅਜਿਹੇ ਲੋਕਾਂ ਨਾਲ ਭਰੀ ਹੋਵੇਗੀ ਕਿਉਂ ਜੋ ਸਿਰਫ਼ ਉਹ ਹੀ ਬਚ ਕੇ ਸਦਾ ਲਈ ਜੀਉਂਦੇ ਰਹਿਣਗੇ।—ਲੂਕਾ 23:43 ਦੀ ਤੁਲਨਾ ਕਰੋ।
ਗੁੰਡਾਗਰਦੀ ਤੋਂ ਆਜ਼ਾਦ ਇਕ ਨਵੀਂ ਦੁਨੀਆਂ ਮੁਮਕਿਨ ਹੈ
ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਗੁੰਡਾਗਰਦੀ ਸੱਚ-ਮੁੱਚ ਮਿਟਾਈ ਜਾ ਸਕਦੀ ਹੈ? ਜੇਕਰ ਹਾਂ, ਤਾਂ ਅਜਿਹਾ ਵੱਡਾ ਪਰਿਵਰਤਨ ਕਿਸ ਤਰ੍ਹਾਂ ਕੀਤਾ ਜਾਵੇਗਾ? ਪਰਮੇਸ਼ੁਰ ਦਾ ਰਾਜ ਹੁਣ ਜਲਦੀ ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਮਿਟਾ ਦੇਵੇਗਾ। ਪਰਮੇਸ਼ੁਰ ਦੇ ਧਰਮੀ ਅਸੂਲਾਂ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਲਈ ਧਰਤੀ ਦੇ ਵਾਸੀ ਜ਼ਿੰਮੇਵਾਰ ਠਹਿਰਾਏ ਜਾਣਗੇ। (ਯਸਾਯਾਹ 24:5, 6 ਦੀ ਤੁਲਨਾ ਕਰੋ।) ਜਦ ਕਿ “ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ,” ਸੱਚਾਈ ਨਾਲ ਪਿਆਰ ਕਰਨ ਵਾਲੇ ਲੋਕ ਬਚਾਏ ਜਾਣਗੇ। “ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ, ਅਤੇ ਉਨ੍ਹਾਂ ਨੂੰ ਛੁਡਾਉਂਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਹੈ ਅਤੇ ਉਨ੍ਹਾਂ ਨੂੰ ਬਚਾਉਂਦਾ ਹੈ, ਕਿਉਂ ਜੋ ਓਹ ਉਸ ਦੀ ਸ਼ਰਨ ਆਏ ਹਨ।”—ਜ਼ਬੂਰ 37:38-40.
ਗੁੰਡਾਗਰਦੀ ਸੱਚ-ਮੁੱਚ ਹੀ ਜੜ੍ਹੋਂ ਪੁੱਟੀ ਜਾਵੇਗੀ। ਅਤੇ ਉਸ ਦੇ ਨਾਲ-ਨਾਲ ਅਪਰਾਧ, ਅਤਿਆਚਾਰ, ਦੁੱਖ, ਅਤੇ ਦੁਸ਼ਟਤਾ ਵੀ। ਇਸ ਦੀ ਥਾਂ, ਨਵੀਂ ਦੁਨੀਆਂ ਦੀਆਂ ਵਿਸ਼ੇਸ਼ਤਾਵਾਂ ਸ਼ਾਂਤੀ, ਸੱਚੀ ਧਾਰਮਿਕਤਾ, ਅਤੇ ਅਮਨ-ਚੈਨ ਹੋਣਗੀਆਂ। ਯਸਾਯਾਹ 32:18 ਵਿਚ ਦੱਸਿਆ ਗਿਆ ਹੈ ਕਿ ਅਸਲੀਅਤ ਕੀ ਹੋਵੇਗੀ: “ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” ਜੀ ਹਾਂ, ਦੁਨੀਆਂ ਭਰ ਵਿਚ ਇਕ ਸੁੰਦਰ ਫਿਰਦੌਸ, ਜਿਸ ਵਿਚ ਅਜਿਹੇ ਲੋਕ ਵਸਣਗੇ ਜੋ ਇਕ ਦੂਸਰੇ ਬਾਰੇ ਸੋਚਦੇ ਹਨ ਅਤੇ ਇਕ ਦੂਸਰੇ ਨੂੰ ਪਿਆਰ-ਮੁਹੱਬਤ ਦਿਖਾਉਂਦੇ ਹਨ।
ਸਾਬਕਾ ਗੁੰਡੇ ਹੁਣ ਲੱਖਾਂ ਦੂਸਰਿਆਂ ਨਾਲ ਮਿਲ ਕੇ, ਯਹੋਵਾਹ ਪਰਮੇਸ਼ੁਰ ਨਾਲ ਇਕ ਗੂੜ੍ਹੇ ਰਿਸ਼ਤੇ ਦਾ ਮਜ਼ਾ ਲੈ ਰਹੇ ਹਨ। ਉਹ ਹੁਣ ਗੁੰਡਾਗਰਦੀ ਵਿਚ ਕੋਈ ਹਿੱਸਾ ਨਹੀਂ ਲੈਂਦੇ। ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਮਦਦ ਕਰਨ ਦਿਓਗੇ ਕਿ ਤੁਸੀਂ ਵੀ ਉਸ ਦੀ ਨਵੀਂ ਦੁਨੀਆਂ ਵਿਚ ਜੀਵਨ ਬਤੀਤ ਕਰ ਸਕੋ? ਕਿਉਂ ਨਾ ਜ਼ਬੂਰਾਂ ਦੇ ਪ੍ਰਾਚੀਨ ਲਿਖਾਰੀ ਦੀ ਨਕਲ ਕਰੋ ਜਿਸ ਨੇ ਯਹੋਵਾਹ ਦਾ ਵਾਅਦਾ ਰਿਕਾਰਡ ਕੀਤਾ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”—ਜ਼ਬੂਰ 32:8.
[ਸਫ਼ੇ 7 ਉੱਤੇ ਤਸਵੀਰ]
ਮਾਪਿਆਂ ਦੀ ਪਿਆਰ-ਮੁਹੱਬਤ ਨੌਜਵਾਨਾਂ ਦੀ ਰੱਖਿਆ ਕਰਦੀ ਹੈ