ਯਿਸੂ ਵਿਚ ਕਿਉਂ ਵਿਸ਼ਵਾਸ ਕਰੀਏ?
“ਅਜਿਹੇ ਕਈ ਲੋਕ ਜਿਹੜੇ ਮਸੀਹੀ ਨਹੀਂ ਹਨ, ਵੀ ਵਿਸ਼ਵਾਸ ਕਰਦੇ ਹਨ ਕਿ ਉਹ ਇਕ ਮਹਾਨ ਅਤੇ ਬੁੱਧੀਮਾਨ ਸਿੱਖਿਅਕ ਸੀ। ਬਿਨਾਂ ਕਿਸੇ ਸ਼ੱਕ ਤੋਂ, ਉਹ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇਕ ਸੀ।” (ਦ ਵਰਲਡ ਬੁੱਕ ਐਨਸਾਈਕਲੋਪੀਡੀਆ) “ਉਹ” ਕੌਣ ਹੈ? ਉਹ ਹੈ ਮਸੀਹੀ ਧਰਮ ਨੂੰ ਸ਼ੁਰੂ ਕਰਨ ਵਾਲਾ ਯਿਸੂ ਮਸੀਹ।
ਪਰੰਤੂ, ਐਨਸਾਈਕਲੋਪੀਡੀਆ ਦੇ ਇਸ ਤਰ੍ਹਾਂ ਕਹਿਣ ਦੇ ਬਾਵਜੂਦ ਵੀ, ਪੂਰਬੀ ਦੇਸ਼ਾਂ ਅਤੇ ਦੂਸਰੇ ਦੇਸ਼ਾਂ ਦੇ ਕਰੋੜਾਂ ਲੋਕ ਯਿਸੂ ਮਸੀਹ ਬਾਰੇ ਕੁਝ ਵੀ ਨਹੀਂ ਜਾਣਦੇ ਹਨ। ਉਨ੍ਹਾਂ ਨੂੰ ਸ਼ਾਇਦ ਸਿਰਫ਼ ਇਹੀ ਯਾਦ ਹੋਵੇ ਕਿ ਉਨ੍ਹਾਂ ਨੇ ਉਸ ਦਾ ਨਾਂ ਹਾਈ-ਸਕੂਲ ਦੀਆਂ ਕਿਤਾਬਾਂ ਵਿਚ ਕਿਤੇ ਪੜ੍ਹਿਆ ਸੀ। ਇੱਥੋਂ ਤਕ ਕਿ ਈਸਾਈ-ਜਗਤ ਦੇ ਗਿਰਜਿਆਂ ਦੇ ਕਈ ਧਰਮ-ਸ਼ਾਸਤਰੀ ਅਤੇ ਪਾਦਰੀ ਕਹਿੰਦੇ ਹਨ ਕਿ ਅਸਲ ਵਿਚ ਅਸੀਂ ਯਿਸੂ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਹਾਂ ਅਤੇ ਉਹ ਬਾਈਬਲ ਵਿਚ ਪਾਏ ਜਾਂਦੇ ਉਸ ਦੀ ਜ਼ਿੰਦਗੀ ਦੇ ਚਾਰ ਪ੍ਰਚਲਿਤ ਬਿਰਤਾਂਤਾਂ (ਇੰਜੀਲਾਂ) ਦੀ ਸੱਚਾਈ ਉੱਤੇ ਸ਼ੱਕ ਪੈਦਾ ਕਰਦੇ ਹਨ।
ਕੀ ਇੰਜੀਲ ਦੇ ਲਿਖਾਰੀ ਯਿਸੂ ਦੀ ਜੀਵਨੀ ਨੂੰ ਖ਼ੁਦ ਮਨੋਂ ਘੜ ਕੇ ਲਿਖ ਸਕਦੇ ਸਨ? ਬਿਲਕੁਲ ਨਹੀਂ! ਇਨ੍ਹਾਂ ਇੰਜੀਲਾਂ ਦੇ ਬਿਰਤਾਂਤਾਂ ਦੀ ਜਾਂਚ ਕਰਨ ਤੋਂ ਬਾਅਦ, ਇਕ ਪ੍ਰਸਿੱਧ ਇਤਿਹਾਸਕਾਰ ਵਿਲ ਡੁਰੈਂਟ ਨੇ ਲਿਖਿਆ: “ਇਹ ਗੱਲ ਕਿ ਇਕ ਪੀੜ੍ਹੀ ਦੇ ਕੁਝ ਆਮ ਆਦਮੀਆਂ ਨੇ ਇਕ ਇੰਨੀ ਸ਼ਕਤੀਸ਼ਾਲੀ ਅਤੇ ਆਕਰਸ਼ਕ ਸ਼ਖ਼ਸੀਅਤ, ਇਕ ਇੰਨਾ ਉੱਚ ਨੀਤੀ-ਸ਼ਾਸਤਰ ਅਤੇ ਮਨੁੱਖੀ ਭਾਈਚਾਰੇ ਦਾ ਇਕ ਇੰਨਾ ਪ੍ਰੇਰਣਾਦਾਇਕ ਦ੍ਰਿਸ਼ ਘੜਿਆ ਹੈ, ਇੰਜੀਲ ਵਿਚ ਦਰਜ ਕੀਤੇ ਹੋਏ ਕਿਸੇ ਵੀ ਚਮਤਕਾਰ ਨਾਲੋਂ ਕਿਤੇ ਜ਼ਿਆਦਾ ਨਾ ਮੰਨਣਯੋਗ ਹੋਵੇਗਾ। ਭਾਵੇਂ ਕਿ ਬਾਈਬਲ ਵਿਦਵਾਨ ਦੋ ਸਦੀਆਂ ਤੋਂ ਬਾਈਬਲ ਦੀ ਸਮਾਲੋਚਨਾ ਕਰਦੇ ਆਏ ਹਨ ਪਰ ਫਿਰ ਵੀ ਮਸੀਹ ਦਾ ਜੀਵਨ, ਸ਼ਖ਼ਸੀਅਤ ਅਤੇ ਸਿੱਖਿਆ ਦੀ ਰੂਪ-ਰੇਖਾ ਅਜੇ ਵੀ ਕਾਫ਼ੀ ਸਪੱਸ਼ਟ ਹੈ ਤੇ ਇਹ ਪੱਛਮੀ ਲੋਕਾਂ ਦੇ ਇਤਿਹਾਸ ਦੀ ਸਭ ਤੋਂ ਦਿਲਚਸਪ ਵਿਸ਼ੇਸ਼ਤਾ ਹੈ।”
ਫਿਰ ਵੀ, ਉਸ ਦੇ ਚੇਲੇ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਕੰਮਾਂ ਕਰਕੇ, ਬਹੁਤ ਸਾਰੇ ਲੋਕ ਯਿਸੂ ਮਸੀਹ ਦੇ ਬਾਰੇ ਨਹੀਂ ਸੁਣਨਾ ਚਾਹੁੰਦੇ। ਜਪਾਨ ਦੇ ਕੁਝ ਲੋਕ ਕਹਿਣਗੇ, ‘ਉਨ੍ਹਾਂ ਨੇ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟਿਆ।’ ‘ਜਦ ਕਿ ਜਪਾਨ ਦੇ ਜ਼ਿਆਦਾਤਰ ਸ਼ਹਿਰਾਂ ਨਾਲੋਂ ਨਾਗਾਸਾਕੀ ਵਿਚ ਸਭ ਤੋਂ ਜ਼ਿਆਦਾ ਮਸੀਹੀ ਰਹਿੰਦੇ ਸਨ।’ ਪਰ ਕੀ ਤੁਸੀਂ ਇਕ ਮਰੀਜ਼ ਦੀ ਬੀਮਾਰੀ ਦਾ ਦੋਸ਼ ਡਾਕਟਰ ਉੱਤੇ ਲਗਾ ਸਕਦੇ ਹੋ ਜੇਕਰ ਮਰੀਜ਼ ਡਾਕਟਰ ਦੀਆਂ ਦਿੱਤੀਆਂ ਹਿਦਾਇਤਾਂ ਅਨੁਸਾਰ ਨਹੀਂ ਚੱਲਦਾ? ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਮਨੁੱਖਜਾਤੀ ਦੀਆਂ ਬੀਮਾਰੀਆਂ ਨੂੰ ਚੰਗਾ ਕਰਨ ਦੇ ਯਿਸੂ ਦੇ ਨੁਸਖੇ ਨੂੰ ਲੰਮੇ ਸਮੇਂ ਤੋਂ ਅਣਡਿੱਠ ਕੀਤਾ ਹੈ। ਫਿਰ ਵੀ, ਯਿਸੂ ਨੇ ਸਾਡੀਆਂ ਰੋਜ਼-ਮੱਰਾ ਦੀਆਂ ਮੁਸ਼ਕਲਾਂ ਅਤੇ ਵਿਸ਼ਵ ਭਰ ਵਿਚ ਮਨੁੱਖਜਾਤੀ ਦੇ ਦੁੱਖਾਂ ਦਾ ਇਲਾਜ ਦੱਸਿਆ ਸੀ। ਇਸੇ ਲਈ ਅਸੀਂ ਤੁਹਾਨੂੰ ਅਗਲਾ ਲੇਖ ਪੜ੍ਹਨ ਦਾ ਸੱਦਾ ਦਿੰਦੇ ਹਾਂ ਅਤੇ ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਯਿਸੂ ਕਿਸ ਤਰ੍ਹਾਂ ਦਾ ਮਨੁੱਖ ਸੀ।