ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਇਕ ਮੁਲਾਕਾਤ ਜਿਹੜੀ ਬਹੁਤ ਫ਼ਾਇਦੇਮੰਦ ਸਾਬਤ ਹੋਈ
ਰਾਣੀ ਨੂੰ ਸ਼ਬਾ ਤੋਂ ਲੈ ਕੇ ਯਰੂਸ਼ਲਮ ਤਕ ਦਾ ਸਫ਼ਰ ਯਕੀਨਨ ਬਹੁਤ ਜ਼ਿਆਦਾ ਥਕਾ ਦੇਣ ਵਾਲਾ ਲੱਗਿਆ ਹੋਵੇਗਾ। ਉਹ ਐਸ਼ੋ-ਆਰਾਮ ਵਿਚ ਰਹਿਣ ਦੀ ਆਦੀ ਸੀ। ਹੁਣ, ਉਹ ਊਠ ਉੱਤੇ 2,400 ਕਿਲੋਮੀਟਰ ਦਾ ਸਫ਼ਰ ਕਰ ਰਹੀ ਸੀ ਅਤੇ ਉਸ ਦਾ ਕਾਫ਼ੀ ਸਾਰਾ ਸਫ਼ਰ ਤਪਦੇ ਰੇਗਿਸਤਾਨ ਵਿੱਚੋਂ ਦੀ ਸੀ। ਇਕ ਅੰਦਾਜ਼ੇ ਮੁਤਾਬਕ, ਉਸ ਨੂੰ ਇਕ ਪਾਸੇ ਦਾ ਸਫ਼ਰ ਕਰਨ ਲਈ ਲਗਭਗ 75 ਦਿਨ ਲੱਗੇ ਹੋਣਗੇ!a
ਸ਼ਬਾ ਦੀ ਇਸ ਅਮੀਰ ਰਾਣੀ ਨੇ ਆਪਣੇ ਆਰਾਮਦਾਇਕ ਘਰ ਨੂੰ ਛੱਡ ਕੇ ਇਹ ਔਖਾ ਸਫ਼ਰ ਕਿਉਂ ਕੀਤਾ?
ਇਕ ਹੈਰਾਨੀਜਨਕ ਖ਼ਬਰ
ਸ਼ਬਾ ਦੀ ਰਾਣੀ, ‘ਸੁਲੇਮਾਨ ਦੀ ਧੁੰਮ ਯਹੋਵਾਹ ਦੇ ਨਾਮ ਦੇ ਕਾਰਨ ਸੁਣ’ ਕੇ ਯਰੂਸ਼ਲਮ ਆਈ ਸੀ। (1 ਰਾਜਿਆਂ 10:1) ਰਾਣੀ ਨੇ ਅਸਲ ਵਿਚ ਕੀ ਸੁਣਿਆ ਸੀ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਸੁਲੇਮਾਨ ਨੂੰ ਹੱਦੋਂ ਵੱਧ ਬੁੱਧੀ, ਧਨ-ਦੌਲਤ ਅਤੇ ਇੱਜ਼ਤ-ਮਾਣ ਦਿੱਤਾ ਸੀ। (2 ਇਤਹਾਸ 1: 11, 12) ਪਰ, ਰਾਣੀ ਨੂੰ ਇਸ ਦਾ ਪਤਾ ਕਿਵੇਂ ਲੱਗਾ? ਕਿਉਂਕਿ ਸ਼ਬਾ ਵਪਾਰ ਦਾ ਇਕ ਮੁੱਖ ਕੇਂਦਰ ਸੀ, ਇਸ ਲਈ ਹੋ ਸਕਦਾ ਹੈ ਕਿ ਰਾਣੀ ਨੇ ਆਪਣੇ ਦੇਸ਼ ਵਿਚ ਆਉਣ ਵਾਲੇ ਵਪਾਰੀਆਂ ਦੇ ਕੋਲੋਂ ਸੁਲੇਮਾਨ ਦੀ ਧੁੰਮ ਸੁਣੀ ਹੋਵੇ। ਇਨ੍ਹਾਂ ਵਿੱਚੋਂ ਕੁਝ ਵਪਾਰੀ ਸ਼ਾਇਦ ਓਫ਼ੀਰ ਦੇਸ਼ ਨੂੰ ਗਏ ਹੋਣਗੇ, ਜਿਸ ਨਾਲ ਸੁਲੇਮਾਨ ਦਾ ਚੋਖਾ ਵਪਾਰਕ ਲੈਣ-ਦੇਣ ਸੀ।—1 ਰਾਜਿਆਂ 9:26-28.
ਕਿਸੇ ਵੀ ਹਾਲਤ ਵਿਚ, ਇਹ ਰਾਣੀ “ਵੱਡੇ ਭਾਰੀ ਕਾਫਲੇ ਦੇ ਨਾਲ ਯਰੂਸ਼ਲਮ ਵਿੱਚ ਆਈ ਅਤੇ ਮਸਾਲੇ ਨਾਲ ਲੱਦੇ ਹੋਏ ਊਠ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਨਾਲ ਸਨ।” (1 ਰਾਜਿਆਂ 10:2ੳ) ਕੁਝ ਲੋਕ ਕਹਿੰਦੇ ਹਨ ਕਿ “ਵੱਡੇ ਭਾਰੀ ਕਾਫਲੇ” ਵਿਚ ਹਥਿਆਰਬੰਦ ਰੱਖਿਅਕ-ਦਸਤਾ ਵੀ ਸ਼ਾਮਲ ਸੀ। ਇਹ ਸਮਝਣਯੋਗ ਹੈ, ਜਦੋਂ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਆਖ਼ਰ ਉਹ ਇਕ ਰਾਣੀ ਸੀ ਅਤੇ ਕਰੋੜਾਂ ਰੁਪਇਆਂ ਦੀਆਂ ਕੀਮਤੀ ਚੀਜ਼ਾਂ ਨਾਲ ਸਫ਼ਰ ਕਰ ਰਹੀ ਸੀ।b
ਪਰ, ਗੌਰ ਕਰੋ ਕਿ ਰਾਣੀ ਨੇ ਸੁਲੇਮਾਨ ਦੀ ਧੁੰਮ “ਯਹੋਵਾਹ ਦੇ ਨਾਮ ਦੇ ਕਾਰਨ ਸੁਣੀ।” ਇਸ ਲਈ ਇਹ ਸਿਰਫ਼ ਇਕ ਵਪਾਰਕ ਦੌਰਾ ਨਹੀਂ ਸੀ। ਜ਼ਾਹਰ ਹੈ ਕਿ ਰਾਣੀ ਖ਼ਾਸ ਤੌਰ ਤੇ ਸੁਲੇਮਾਨ ਦੀ ਬੁੱਧੀ ਸੁਣਨ ਲਈ ਆਈ ਸੀ—ਸ਼ਾਇਦ ਉਸ ਦੇ ਪਰਮੇਸ਼ੁਰ ਯਹੋਵਾਹ ਬਾਰੇ ਕੁਝ ਸਿੱਖਣ ਲਈ ਵੀ। ਕਿਉਂਕਿ ਉਹ ਸੰਭਵ ਤੌਰ ਤੇ ਸ਼ੇਮ ਜਾਂ ਹਾਮ ਦੇ ਵੰਸ਼ ਵਿੱਚੋਂ ਸੀ ਜੋ ਕਿ ਯਹੋਵਾਹ ਦੇ ਉਪਾਸਕ ਸਨ, ਇਸ ਲਈ ਹੋ ਸਕਦਾ ਹੈ ਕਿ ਉਹ ਆਪਣੇ ਪੂਰਵਜਾਂ ਦੇ ਧਰਮ ਬਾਰੇ ਜਾਣਨ ਲਈ ਬਹੁਤ ਜਿਗਿਆਸੂ ਸੀ।
ਗੁੰਝਲਦਾਰ ਸਵਾਲ, ਤਸੱਲੀਬਖ਼ਸ਼ ਜਵਾਬ
ਜਦੋਂ ਰਾਣੀ ਸੁਲੇਮਾਨ ਨੂੰ ਮਿਲੀ ਤਾਂ ਉਹ ਉਸ ਨੂੰ ਗੁੰਝਲਦਾਰ ਸਵਾਲਾਂ ਨਾਲ ਪਰਖਣ ਲੱਗੀ। ਇੱਥੇ ਗੁੰਝਲਦਾਰ ਸਵਾਲਾਂ ਲਈ ਇਬਰਾਨੀ ਸ਼ਬਦ ਨੂੰ “ਬੁਝਾਰਤਾਂ” ਅਨੁਵਾਦ ਕੀਤਾ ਗਿਆ ਹੈ। (1 ਰਾਜਿਆਂ 10:1) ਪਰ ਇਸ ਦਾ ਮਤਲਬ ਇਹ ਨਹੀਂ ਕਿ ਰਾਣੀ ਨੇ ਸੁਲੇਮਾਨ ਨੂੰ ਬੇਕਾਰ ਦੀਆਂ ਬੁਝਾਰਤਾਂ ਪਾਈਆਂ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਬੂਰ 49:4 ਵਿਚ ਇਹੀ ਸ਼ਬਦ ਪਾਪ, ਮੌਤ, ਅਤੇ ਛੁਟਕਾਰੇ ਬਾਰੇ ਗੰਭੀਰ ਸਵਾਲਾਂ ਲਈ ਵਰਤਿਆ ਗਿਆ ਹੈ। ਇਸ ਲਈ ਇਹ ਸੰਭਵ ਹੈ ਕਿ ਸ਼ਬਾ ਦੀ ਰਾਣੀ ਸੁਲੇਮਾਨ ਨਾਲ ਬਹੁਤ ਗੰਭੀਰ ਵਿਸ਼ਿਆਂ ਤੇ ਗੱਲਬਾਤ ਕਰ ਰਹੀ ਸੀ, ਜਿਸ ਨਾਲ ਸੁਲੇਮਾਨ ਦੀ ਬੁੱਧੀ ਨੂੰ ਬਾਰੀਕੀ ਨਾਲ ਪਰਖਿਆ ਗਿਆ। ਬਾਈਬਲ ਦੱਸਦੀ ਹੈ ਕਿ ਰਾਣੀ ਨੇ “ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ।” ਅਤੇ “ਸੁਲੇਮਾਨ ਨੇ ਉਹ ਦੀਆਂ ਸਾਰੀਆਂ ਗੱਲਾਂ ਦਾ ਉਹ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ ਜਿਹ ਦਾ ਉਸ ਨੇ ਉੱਤਰ ਨਾ ਦਿੱਤਾ ਹੋਵੇ।”—1 ਰਾਜਿਆਂ 10:2ਅ, 3.
ਸ਼ਬਾ ਦੀ ਰਾਣੀ ਸੁਲੇਮਾਨ ਦੀ ਬੁੱਧੀ ਅਤੇ ਉਸ ਦੇ ਰਾਜ ਦੀ ਖ਼ੁਸ਼ਹਾਲੀ ਤੋਂ ਇੰਨੀ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਈ ਕਿ “ਉਹ ਦੇ ਹੋਸ਼ ਉੱਡ ਗਏ।” (1 ਰਾਜਿਆਂ 10: 4, 5) ਕੁਝ ਲੋਕ ਇਸ ਕਥਨ ਦਾ ਇਹ ਮਤਲਬ ਕੱਢਦੇ ਹਨ ਕਿ ਰਾਣੀ “ਹੱਕੀ-ਬੱਕੀ ਰਹਿ ਗਈ ਸੀ।” ਇਕ ਵਿਦਵਾਨ ਤਾਂ ਇੱਥੋਂ ਤਕ ਵੀ ਕਹਿੰਦਾ ਹੈ ਕਿ ਉਹ ਬੇਹੋਸ਼ ਹੋ ਗਈ ਸੀ! ਜੋ ਵੀ ਹੋਵੇ, ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਉਹ ਬਹੁਤ ਹੀ ਹੈਰਾਨ ਹੋਈ। ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਉਸ ਦੀ ਬੁੱਧੀ ਸੁਣਨ ਕਰਕੇ ਧੰਨ ਕਿਹਾ ਅਤੇ ਉਸ ਨੇ ਸੁਲੇਮਾਨ ਨੂੰ ਗੱਦੀ ਤੇ ਬਿਠਾਉਣ ਲਈ ਯਹੋਵਾਹ ਨੂੰ ਮੁਬਾਰਕ ਆਖਿਆ। ਫਿਰ ਉਸ ਨੇ ਰਾਜੇ ਨੂੰ ਕੀਮਤੀ ਤੋਹਫ਼ੇ ਦਿੱਤੇ, ਜਿਸ ਵਿੱਚੋਂ ਇਕੱਲੇ ਸੋਨੇ ਦੀ ਹੀ ਕੀਮਤ ਅੱਜ ਲਗਭਗ 4,00,00,000 [ਅਮਰੀਕੀ] ਡਾਲਰ ਹੈ। ਸੁਲੇਮਾਨ ਨੇ ਵੀ ਰਾਣੀ ਨੂੰ ਤੋਹਫ਼ੇ ਦਿੱਤੇ ਅਤੇ ਰਾਣੀ “ਦੀ ਸਾਰੀ ਇੱਛਿਆ ਦੇ ਅਨੁਸਾਰ ਜੋ ਉਸ ਨੇ ਮੰਗਿਆ ਸੋ ਦਿੱਤਾ।”c—1 ਰਾਜਿਆਂ 10:6-13.
ਸਾਡੇ ਲਈ ਸਬਕ
ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਸਿਖਾਉਣ ਲਈ ਸ਼ਬਾ ਦੀ ਰਾਣੀ ਦੀ ਮਿਸਾਲ ਨੂੰ ਵਰਤਿਆ। “ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ,” ਉਸ ਨੇ ਉਨ੍ਹਾਂ ਨੂੰ ਕਿਹਾ, “ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।” (ਮੱਤੀ 12:42) ਜੀ ਹਾਂ, ਸ਼ਬਾ ਦੀ ਰਾਣੀ ਨੇ ਪਰਮੇਸ਼ੁਰ-ਦਿੱਤ ਬੁੱਧੀ ਲਈ ਬਹੁਤ ਜ਼ਿਆਦਾ ਕਦਰਦਾਨੀ ਦਿਖਾਈ। ਜੇਕਰ ਉਸ ਨੇ ਸੁਲੇਮਾਨ ਦੀਆਂ ਗੱਲਾਂ ਨੂੰ ਸੁਣਨ ਲਈ 2,400 ਕਿਲੋਮੀਟਰ ਦਾ ਸਫ਼ਰ ਕੀਤਾ, ਤਾਂ ਯਕੀਨਨ ਹੀ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਯਿਸੂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਸੀ, ਜੋ ਉਨ੍ਹਾਂ ਦੇ ਬਿਲਕੁਲ ਸਾਮ੍ਹਣੇ ਸੀ।
ਅੱਜ ਅਸੀਂ ਵੀ ਵੱਡੇ ਸੁਲੇਮਾਨ, ਯਿਸੂ ਮਸੀਹ ਦੇ ਲਈ ਡੂੰਘੀ ਕਦਰਦਾਨੀ ਦਿਖਾ ਸਕਦੇ ਹਾਂ। ਉਹ ਕਿਵੇਂ? ਇਕ ਤਰੀਕਾ ਹੈ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਉਸ ਦੇ ਹੁਕਮ ਨੂੰ ਮੰਨ ਕੇ। (ਮੱਤੀ 28:19) ਇਕ ਹੋਰ ਤਰੀਕਾ ਹੈ, ਉਸ ਦੀ ਮਿਸਾਲ ਅਤੇ ਉਸ ਦੇ ਸੁਭਾਅ ਉੱਤੇ ਬੜੇ ਧਿਆਨ ਨਾਲ ਮਨਨ ਕਰ ਕੇ ਅਤੇ ਫਿਰ ਉਨ੍ਹਾਂ ਦੀ ਨਕਲ ਕਰ ਕੇ।—ਫ਼ਿਲਿੱਪੀਆਂ 2:5; ਇਬਰਾਨੀਆਂ 12:2, 3.
ਇਹ ਸੱਚ ਹੈ ਕਿ ਵੱਡੇ ਸੁਲੇਮਾਨ ਦੀ ਮਿਸਾਲ ਉੱਤੇ ਚੱਲਣ ਲਈ ਸਾਨੂੰ ਜਤਨ ਕਰਨ ਦੀ ਲੋੜ ਪਵੇਗੀ। ਪਰ ਇੰਜ ਕਰਨ ਤੇ ਸਾਨੂੰ ਭਰਪੂਰ ਬਰਕਤਾਂ ਮਿਲਣਗੀਆਂ। ਯਹੋਵਾਹ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹੈ ਕਿ ਜੇਕਰ ਉਹ ਆਤਮ-ਬਲੀਦਾਨ ਦੀ ਭਾਵਨਾ ਦਿਖਾਉਣਗੇ ਤਾਂ ਉਹ ਉਨ੍ਹਾਂ ਲਈ ‘ਅਕਾਸ਼ ਦੀਆਂ ਖਿੜਕੀਆਂ ਖੋਲ੍ਹ ਦੇਵੇਗਾ ਅਤੇ ਉਨ੍ਹਾਂ ਲਈ ਬਰਕਤ ਵਰ੍ਹਾਵੇਗਾ, ਇੱਥੋ ਤੀਕ ਕਿ ਉਨ੍ਹਾਂ ਦੇ ਲਈ ਥਾਂ ਨਾ ਹੋਵੇਗੀ।’—ਮਲਾਕੀ 3:10.
[ਫੁਟਨੋਟ]
a ਬਹੁਤ ਸਾਰੇ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਸ਼ਬਾ ਦੱਖਣ-ਪੱਛਮੀ ਅਰਬ ਦੇਸ਼ ਵਿਚ ਸੀ ਜਿਸ ਨੂੰ ਅੱਜ ਯਮਨ ਗਣਰਾਜ ਕਿਹਾ ਜਾਂਦਾ ਹੈ।
b ਪ੍ਰਾਚੀਨ ਸਮੇਂ ਦੇ ਇਕ ਯੂਨਾਨੀ ਭੂਗੋਲ-ਵਿਗਿਆਨੀ ਸਟ੍ਰੇਬੋ ਦੇ ਅਨੁਸਾਰ, ਸ਼ਬਾ ਦੇ ਲੋਕੀ ਬਹੁਤ ਜ਼ਿਆਦਾ ਅਮੀਰ ਸਨ। ਉਹ ਕਹਿੰਦਾ ਹੈ ਕਿ ਉੱਥੋਂ ਦੇ ਲੋਕ ਆਪਣੇ ਫਰਨੀਚਰ, ਭਾਂਡਿਆਂ ਅਤੇ ਇੱਥੋਂ ਤਕ ਕਿ ਆਪਣੇ ਘਰਾਂ ਦੀਆਂ ਕੰਧਾਂ, ਦਰਵਾਜ਼ਿਆਂ ਅਤੇ ਛੱਤਾਂ ਵਿਚ ਵੀ ਸੋਨੇ ਦੀ ਕਾਫ਼ੀ ਵਰਤੋਂ ਕਰਦੇ ਸਨ।
c ਕੁਝ ਲੋਕ ਇਸ ਕਥਨ ਦਾ ਇਹ ਅਰਥ ਕੱਢਦੇ ਹਨ ਕਿ ਸੁਲੇਮਾਨ ਦੇ ਰਾਣੀ ਨਾਲ ਸਰੀਰਕ ਸੰਬੰਧ ਸਨ। ਲੋਕ-ਕਥਾਵਾਂ ਦੱਸਦੀਆਂ ਹਨ ਕਿ ਉਨ੍ਹਾਂ ਦਾ ਇਕ ਪੁੱਤਰ ਵੀ ਸੀ। ਪਰ ਇਸ ਵਿੱਚੋਂ ਕਿਸੇ ਵੀ ਗੱਲ ਦੀ ਪੁਸ਼ਟੀ ਕਰਨ ਲਈ ਕੋਈ ਸਬੂਤ ਨਹੀਂ ਹੈ।