ਭਰੋਸੇਯੋਗ ਅਗੰਮ ਵਾਕਾਂ ਦੀ ਭਾਲ
ਸਿਕੰਦਰ ਮਹਾਨ ਵਜੋਂ ਜਾਣਿਆ ਜਾਣ ਵਾਲਾ ਮਕਦੂਨੀ ਰਾਜਾ, 336 ਸਾ.ਯੁ.ਪੂ. ਵਿਚ ਰਾਜ-ਗੱਦੀ ਸੰਭਾਲਣ ਤੋਂ ਥੋੜ੍ਹੀ ਦੇਰ ਬਾਅਦ, ਮੱਧ ਯੂਨਾਨ ਵਿਚ ਡੈਲਫੀ ਦੀ ਪੁੱਛਾਂ ਦੇਣ ਵਾਲੀ ਜਗ੍ਹਾ ਤੇ ਗਿਆ। ਭਵਿੱਖ ਲਈ ਉਸ ਦਾ ਅਭਿਲਾਸ਼ੀ ਇਰਾਦਾ ਸੀ ਕਿ ਉਹ ਉਸ ਸਮੇਂ ਦੇ ਸੰਸਾਰ ਤੇ ਕਬਜ਼ਾ ਕਰੇ। ਪਰ ਉਹ ਈਸ਼ਵਰੀ ਗਾਰੰਟੀ ਚਾਹੁੰਦਾ ਸੀ ਕਿ ਉਸ ਦਾ ਇਹ ਵੱਡਾ ਕੰਮ ਕਾਮਯਾਬੀ ਹਾਸਲ ਕਰੇ। ਲੋਕ-ਕਥਾ ਦੇ ਅਨੁਸਾਰ, ਜਿਸ ਦਿਨ ਉਹ ਡੈਲਫੀ ਗਿਆ ਸੀ, ਪੁੱਛਾਂ ਦੇਣ ਵਾਲੀ ਪੁਜਾਰਨ ਤੋਂ ਸਲਾਹ ਲੈਣੀ ਨਾਮੁਮਕਿਨ ਸੀ। ਸਿਕੰਦਰ ਜਵਾਬ ਲਏ ਬਿਨਾਂ ਨਹੀਂ ਜਾਣਾ ਚਾਹੁੰਦਾ ਸੀ, ਤਾਂ ਉਸ ਨੇ ਜ਼ਿੱਦ ਕਰ ਕੇ ਪੁਜਾਰਨ ਨੂੰ ਅਗੰਮ ਵਾਕ ਦੇਣ ਲਈ ਮਜਬੂਰ ਕੀਤਾ। ਉਹ ਨਿਰਾਸ਼ ਹੋ ਕੇ ਬੋਲੀ: “ਹੇ ਬੱਚਾ, ਤੂੰ ਅਜਿੱਤ ਹੈਂ!” ਨੌਜਵਾਨ ਰਾਜੇ ਨੇ ਇਸ ਨੂੰ ਇਕ ਚੰਗਾ ਸ਼ਗਨ ਸਮਝਿਆ—ਜੋ ਫ਼ੌਜੀ ਕਾਰਵਾਈ ਵਿਚ ਜਿੱਤ ਦਾ ਵਾਅਦਾ ਕਰਦਾ ਸੀ।
ਪਰ, ਜੇ ਸਿਕੰਦਰ ਨੇ ਬਾਈਬਲ ਵਿਚ ਦਾਨੀਏਲ ਦੀ ਪੁਸਤਕ ਦੀਆਂ ਭਵਿੱਖਬਾਣੀਆਂ ਦੀ ਜਾਂਚ ਕੀਤੀ ਹੁੰਦੀ, ਤਾਂ ਉਸ ਨੂੰ ਆਪਣੀ ਫ਼ੌਜੀ ਕਾਰਵਾਈ ਦੇ ਨਤੀਜੇ ਬਾਰੇ ਬਿਹਤਰ ਜਾਣਕਾਰੀ ਮਿਲਦੀ। ਮਾਅਰਕੇ ਦੀ ਦਰੁਸਤੀ ਨਾਲ, ਇਨ੍ਹਾਂ ਨੇ ਸਿਕੰਦਰ ਦੀਆਂ ਫ਼ੌਰੀ ਜਿੱਤਾਂ ਬਾਰੇ ਪਹਿਲਾਂ ਹੀ ਦੱਸਿਆ ਸੀ। ਕਿਹਾ ਜਾਂਦਾ ਹੈ ਕਿ ਆਖ਼ਰਕਾਰ ਸਿਕੰਦਰ ਨੂੰ ਉਹ ਦੇਖਣ ਦਾ ਮੌਕਾ ਮਿਲਿਆ ਜੋ ਦਾਨੀਏਲ ਨੇ ਉਸ ਬਾਰੇ ਦਰਜ ਕੀਤਾ ਸੀ। ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ, ਜਦੋਂ ਇਹ ਮਕਦੂਨੀ ਰਾਜਾ ਯਰੂਸ਼ਲਮ ਨੂੰ ਆਇਆ, ਉਸ ਨੂੰ ਦਾਨੀਏਲ ਦੀ ਭਵਿੱਖਬਾਣੀ ਦਿਖਾਈ ਗਈ ਸੀ—ਸੰਭਵ ਤੌਰ ਤੇ ਉਸ ਪੁਸਤਕ ਦਾ 8ਵਾਂ ਅਧਿਆਇ। (ਦਾਨੀਏਲ 8:5-8, 20, 21) ਕਿਹਾ ਜਾਂਦਾ ਹੈ ਕਿ ਇਸ ਕਰਕੇ ਇਹ ਸ਼ਹਿਰ ਸਿਕੰਦਰ ਦੀਆਂ ਵਿਨਾਸ਼ਕ ਫ਼ੌਜਾਂ ਤੋਂ ਬਚ ਗਿਆ।
ਸੁਭਾਵਕ ਮਾਨਵੀ ਜ਼ਰੂਰਤ
ਭਾਵੇਂ ਰਾਜਾ ਜਾਂ ਆਮ ਮਨੁੱਖ, ਪੁਰਾਣੇ ਜ਼ਮਾਨੇ ਦਾ ਜਾਂ ਆਧੁਨਿਕ ਦਿਨ ਦਾ ਬੰਦਾ—ਇਨਸਾਨ ਨੇ ਭਵਿੱਖ ਬਾਰੇ ਭਰੋਸੇਯੋਗ ਅਗੰਮ ਵਾਕਾਂ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਬੁੱਧੀਮਾਨ ਪ੍ਰਾਣੀਆਂ ਵਜੋਂ, ਅਸੀਂ ਇਨਸਾਨ ਬੀਤੇ ਸਮੇਂ ਦਾ ਅਧਿਐਨ ਕਰਦੇ ਹਾਂ, ਵਰਤਮਾਨ ਬਾਰੇ ਸਚੇਤ ਹਾਂ, ਅਤੇ ਖ਼ਾਸ ਕਰਕੇ ਭਵਿੱਖ ਵਿਚ ਦਿਲਚਸਪੀ ਰੱਖਦੇ ਹਾਂ। ਚੀਨ ਦੀ ਇਕ ਕਹਾਵਤ ਉਚਿਤ ਢੰਗ ਨਾਲ ਕਹਿੰਦੀ ਹੈ: “ਜਿਹੜਾ ਬੰਦਾ ਤਿੰਨ ਦਿਨ ਪਹਿਲਾਂ ਕਿਸੇ ਘਟਨਾ ਬਾਰੇ ਜਾਣ ਸਕਦਾ ਹੈ ਉਹ ਹਜ਼ਾਰਾਂ ਸਾਲਾਂ ਲਈ ਅਮੀਰ ਬਣ ਜਾਂਦਾ ਹੈ।”
ਸਦੀਆਂ ਦੌਰਾਨ, ਲੱਖਾਂ ਨੇ ਉਹ ਸਲਾਹ ਲੈ ਕੇ ਜੋ ਉਨ੍ਹਾਂ ਦੇ ਭਾਣੇ ਈਸ਼ਵਰੀ ਸ੍ਰੋਤ ਤੋਂ ਸੀ, ਭਵਿੱਖ ਵਿਚ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਇਕ ਉਦਾਹਰਣ ਪ੍ਰਾਚੀਨ ਯੂਨਾਨੀ ਲੋਕ ਹਨ। ਉਨ੍ਹਾਂ ਕੋਲ ਡੈਲਫੀ, ਡੀਲੋਸ, ਅਤੇ ਡਡੋਨਾ ਵਰਗੇ ਪੁੱਛਾਂ ਦੇਣ ਵਾਲੇ ਕਈ ਪਵਿੱਤਰ ਥਾਂ ਸਨ। ਇਨ੍ਹਾਂ ਤੇ ਜਾ ਕੇ ਲੋਕ ਰਾਜਨੀਤਿਕ ਜਾਂ ਸੈਨਿਕ ਕਾਰਵਾਈਆਂ ਬਾਰੇ ਜਾਂ ਸਫ਼ਰ, ਵਿਆਹ, ਅਤੇ ਬੱਚਿਆਂ ਵਰਗੇ ਨਿੱਜੀ ਮਾਮਲਿਆਂ ਬਾਰੇ ਆਪਣਿਆਂ ਦੇਵਤਿਆਂ ਤੋਂ ਪੁੱਛ-ਗਿੱਛ ਕਰਦੇ ਸਨ। ਨਾ ਸਿਰਫ਼ ਰਾਜੇ ਜਾਂ ਸੈਨਿਕ ਆਗੂ ਪਰ ਪੂਰੇ ਕਬੀਲੇ ਅਤੇ ਸ਼ਹਿਰ ਦੇ ਵਾਸੀ ਇਨ੍ਹਾਂ ਪੁੱਛਾਂ ਦੇਣ ਵਾਲੀਆਂ ਪੁਜਾਰਨਾਂ ਦੁਆਰਾ ਦਿੱਤੇ ਗਏ ਜਵਾਬਾਂ ਰਾਹੀਂ ਆਤਮਿਕ ਲੋਕ ਤੋਂ ਅਗਵਾਈ ਭਾਲਦੇ ਸਨ।
ਇਕ ਪ੍ਰੋਫ਼ੈਸਰ ਦੇ ਅਨੁਸਾਰ, ਹੁਣ “ਅਚਾਨਕ ਹੀ ਕਈ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁੱਖ ਕੰਮ ਭਵਿੱਖ ਬਾਰੇ ਅਧਿਐਨ ਕਰਨਾ ਹੈ।” ਫਿਰ ਵੀ, ਕਈ ਲੋਕ ਭਵਿੱਖਬਾਣੀ ਦੇ ਇਕੱਲੇ ਸਹੀ ਸ੍ਰੋਤ, ਯਾਨੀ ਬਾਈਬਲ ਨੂੰ ਰੱਦ ਕਰਨਾ ਪਸੰਦ ਕਰਦੇ ਹਨ। ਉਹ ਸਾਫ਼-ਸਾਫ਼ ਇਸ ਸੰਭਾਵਨਾ ਨੂੰ ਸਵੀਕਾਰ ਨਹੀਂ ਕਰਦੇ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਉਹੀ ਜਾਣਕਾਰੀ ਹੈ ਜਿਸ ਨੂੰ ਉਹ ਭਾਲ ਰਹੇ ਹਨ। ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪ੍ਰਾਚੀਨ ਪੁਜਾਰਨਾਂ ਦੇ ਅਗੰਮ ਵਾਕਾਂ ਦੇ ਬਰਾਬਰ ਹਨ। ਅਤੇ ਅੱਜ-ਕੱਲ੍ਹ ਦੇ ਨਾਸਤਿਕ ਆਮ ਤੌਰ ਤੇ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਪੱਖ ਨਹੀਂ ਪੂਰਦੇ।
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਖ਼ੁਦ ਬਾਈਬਲ ਦੇ ਰਿਕਾਰਡ ਦੀ ਜਾਂਚ ਕਰੋ। ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਮਾਨਵੀ ਅਗੰਮ ਵਾਕਾਂ ਦੀ ਧਿਆਨ ਨਾਲ ਤੁਲਨਾ ਕਰਨ ਤੋਂ ਕੀ ਪ੍ਰਗਟ ਹੁੰਦਾ ਹੈ? ਕੀ ਤੁਸੀਂ ਮਾਨਵੀ ਅਗੰਮ ਵਾਕਾਂ ਨਾਲੋਂ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਭਰੋਸਾ ਰੱਖ ਸਕਦੇ ਹੋ? ਅਤੇ ਕੀ ਤੁਸੀਂ ਭਰੋਸੇ ਨਾਲ ਆਪਣੀ ਜ਼ਿੰਦਗੀ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਗੁਜ਼ਾਰ ਸਕਦੇ ਹੋ?
[ਸਫ਼ੇ 3 ਉੱਤੇ ਤਸਵੀਰ]
ਬਾਈਬਲ ਨੇ ਸਿਕੰਦਰ ਦੀਆਂ ਫ਼ੌਰੀ ਜਿੱਤਾਂ ਬਾਰੇ ਪਹਿਲਾਂ ਹੀ ਦੱਸਿਆ ਸੀ
[ਕ੍ਰੈਡਿਟ ਲਾਈਨ]
Cortesía del Museo del Prado, Madrid, Spain
[ਸਫ਼ੇ 4 ਉੱਤੇ ਤਸਵੀਰ]
ਸਿਕੰਦਰ ਮਹਾਨ
[ਕ੍ਰੈਡਿਟ ਲਾਈਨ]
Musei Capitolini, Roma
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: General Titus and Alexander the Great: Musei Capitolini, Roma