ਤੁਸੀਂ ਬਾਈਬਲ ਦੀ ਭਵਿੱਖਬਾਣੀ ਉੱਤੇ ਭਰੋਸਾ ਕਿਉਂ ਰੱਖ ਸਕਦੇ ਹੋ
ਏਪਾਇਰਸ ਦਾ ਰਾਜਾ, ਪਇਰੋ, ਯੂਨਾਨ ਦੇ ਉੱਤਰ-ਪੱਛਮੀ ਇਲਾਕੇ ਵਿਚ ਰੋਮੀ ਸਾਮਰਾਜ ਨਾਲ ਲੰਮੀ ਲੜਾਈ ਵਿਚ ਜਕੜਿਆ ਹੋਇਆ ਸੀ। ਉਹ ਲੜਾਈ ਦੇ ਸਿੱਟੇ ਬਾਰੇ ਜਾਣਨ ਲਈ ਉਤਾਵਲਾ ਸੀ, ਇਸ ਲਈ ਉਹ ਡੈਲਫੀ ਦੀ ਪੁੱਛਾਂ ਦੇਣ ਵਾਲੀ ਜਗ੍ਹਾ ਨੂੰ ਗਿਆ। ਪਰ ਜਿਹੜਾ ਜਵਾਬ ਉਸ ਨੂੰ ਦਿੱਤਾ ਗਿਆ, ਉਹ ਦੋ ਤਰ੍ਹਾਂ ਸਮਝਿਆ ਜਾ ਸਕਦਾ ਸੀ: (1) “ਮੈਂ ਕਹਿੰਦੀ ਹਾਂ ਕਿ ਤੂੰ, ਅਕੁਸ ਦਾ ਪੁੱਤਰ, ਰੋਮੀਆਂ ਨੂੰ ਜਿੱਤ ਸਕਦਾ ਹੈਂ। ਤੂੰ ਜਾਵੇਂਗਾ, ਤੂੰ ਮੁੜੇਗਾ, ਤੂੰ ਲੜਾਈ ਵਿਚ ਕਦੀ ਬਰਬਾਦ ਨਾ ਹੋਵੇਂਗਾ।” (2) “ਮੈਂ ਕਹਿੰਦੀ ਹਾਂ ਕਿ ਅਕੁਸ ਦੇ ਪੁੱਤਰਾ, ਰੋਮੀ ਤੈਨੂੰ ਜਿੱਤ ਸਕਦੇ ਹਨ। ਤੂੰ ਜਾਵੇਂਗਾ, ਤੂੰ ਕਦੀ ਮੁੜੇਗਾ ਨਾ, ਤੂੰ ਲੜਾਈ ਵਿਚ ਬਰਬਾਦ ਹੋ ਜਾਵੇਂਗਾ।” ਉਸ ਨੇ ਪੁਜਾਰਨ ਦੀ ਗੱਲ ਨੂੰ ਪਹਿਲੇ ਤਰੀਕੇ ਵਿਚ ਸਮਝਣਾ ਚੁਣਿਆ ਅਤੇ ਇਸ ਲਈ ਰੋਮ ਵਿਰੁੱਧ ਚੜ੍ਹਾਈ ਕੀਤੀ। ਪਇਰੋ ਬੁਰੀ ਤਰ੍ਹਾਂ ਹਰਾਇਆ ਗਿਆ।
ਅਜਿਹੀਆਂ ਘਟਨਾਵਾਂ ਕਰਕੇ ਪ੍ਰਾਚੀਨ ਪੁਜਾਰਨਾਂ ਦੇ ਵਾਕ ਅਸਪੱਸ਼ਟ ਅਤੇ ਦੁਅਰਥੀ ਹੋਣ ਲਈ ਮਸ਼ਹੂਰ ਸਨ। ਪਰ ਬਾਈਬਲ ਦੀ ਭਵਿੱਖਬਾਣੀ ਬਾਰੇ ਕੀ? ਕੁਝ ਆਲੋਚਕ ਕਹਿੰਦੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਇਨ੍ਹਾਂ ਪੁਜਾਰਨਾਂ ਦਿਆਂ ਵਾਕਾਂ ਵਰਗੀਆਂ ਹੀ ਹਨ। ਇਹ ਆਲੋਚਕ ਅੰਦਾਜ਼ਾ ਲਾਉਂਦੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਆਮ ਤੌਰ ਤੇ ਜਾਜਕ ਵਰਗ ਵਿੱਚੋਂ, ਬਹੁਤ ਚੁਸਤ ਅਤੇ ਸੂਝਵਾਨ ਵਿਅਕਤੀਆਂ ਦੁਆਰਾ ਅਗਾਹਾਂ ਦੀਆਂ ਘਟਨਾਵਾਂ ਬਾਰੇ ਨਿਰੀ ਚਤੁਰਾਈ ਨਾਲ ਪਹਿਲਾਂ ਦੱਸੀਆਂ ਗਈਆਂ ਗੱਲਾਂ ਸਨ। ਇਹ ਕਿਹਾ ਜਾਂਦਾ ਹੈ ਕਿ ਸਿਰਫ਼ ਤਜਰਬੇ ਜਾਂ ਦੂਸਰਿਆਂ ਨਾਲ ਆਪਣੇ ਖ਼ਾਸ ਮੇਲ-ਜੋਲ ਰਾਹੀਂ, ਇਹ ਬੰਦੇ ਕੁਝ ਹਾਲਤਾਂ ਦਾ ਕੁਦਰਤੀ ਨਤੀਜਾ ਪਹਿਲਾਂ ਹੀ ਦੇਖ ਸਕਦੇ ਸਨ। ਬਾਈਬਲ ਦੀਆਂ ਭਵਿੱਖਬਾਣੀਆਂ ਦੀਆਂ ਵਿਸ਼ੇਸ਼ਤਾਵਾਂ ਨਾਲ ਪੁਜਾਰਨਾਂ ਦਿਆਂ ਵਾਕਾਂ ਦੀ ਤੁਲਨਾ ਕਰ ਕੇ ਅਸੀਂ ਚੰਗੀ ਤਰ੍ਹਾਂ ਸਹੀ ਸਿੱਟੇ ਕੱਢਣ ਲਈ ਤਿਆਰ ਹੋਵਾਂਗੇ।
ਦੋਹਾਂ ਵਿਚ ਫ਼ਰਕ
ਪੁਜਾਰਨਾਂ ਦਿਆਂ ਵਾਕਾਂ ਦਾ ਖ਼ਾਸ ਲੱਛਣ ਉਨ੍ਹਾਂ ਦੀ ਅਸਪੱਸ਼ਟਤਾ ਸੀ। ਉਦਾਹਰਣ ਲਈ, ਡੈਲਫੀ ਤੇ ਸਮਝ ਨਾ ਆਉਣ ਵਾਲੀਆਂ ਉਚਾਰਨਾਂ ਵਿਚ ਜਵਾਬ ਦਿੱਤੇ ਜਾਂਦੇ ਸਨ। ਇਸ ਲਈ ਪੁਜਾਰੀਆਂ ਲਈ ਜ਼ਰੂਰੀ ਸੀ ਕਿ ਉਹ ਉਨ੍ਹਾਂ ਦਾ ਅਰਥ ਕੱਢਣ ਅਤੇ ਉਲਟੇ ਅਰਥ ਦੇਣ ਵਾਲੀ ਕਵਿਤਾ ਰਚਣ। ਇਸ ਦੀ ਇਕ ਆਮ ਉਦਾਹਰਣ ਲਿਡਿਯਾ ਦੇ ਰਾਜੇ, ਕ੍ਰੀਸਸ ਨੂੰ ਦਿੱਤਾ ਗਿਆ ਵਾਕ ਹੈ। ਜਦੋਂ ਉਸ ਨੇ ਪੁੱਛਾਂ ਦੇਣ ਵਾਲੀ ਜਗ੍ਹਾ ਤੇ ਸਲਾਹ ਮੰਗੀ, ਉਸ ਨੂੰ ਦੱਸਿਆ ਗਿਆ: “ਜੇ ਕ੍ਰੀਸਸ ਹੇਲਿਸ ਨੂੰ ਪਾਰ ਕਰੇ, ਉਹ ਇਕ ਸ਼ਕਤੀਸ਼ਾਲੀ ਸਾਮਰਾਜ ਦਾ ਨਾਸ਼ ਕਰੇਗਾ।” ਦਰਅਸਲ, ਉਸ ਨੇ ਆਪਣਾ ਹੀ “ਸ਼ਕਤੀਸ਼ਾਲੀ ਸਾਮਰਾਜ” ਨਸ਼ਟ ਕੀਤਾ! ਜਦੋਂ ਕੱਪਦੋਕਿਯਾ ਉੱਤੇ ਹਮਲਾ ਕਰਨ ਲਈ ਕ੍ਰੀਸਸ ਨੇ ਹੇਲਿਸ ਨਦੀ ਪਾਰ ਕੀਤੀ, ਤਾਂ ਉਹ ਫ਼ਾਰਸੀ ਖੋਰਸ ਦੇ ਹੱਥੀਂ ਹਰਾਇਆ ਗਿਆ।
ਪੁਜਾਰਨਾਂ ਦਿਆਂ ਵਾਕਾਂ ਤੋਂ ਠੀਕ ਉਲਟ, ਬਾਈਬਲ ਦੀਆਂ ਭਵਿੱਖਬਾਣੀਆਂ ਆਪਣੀ ਦਰੁਸਤੀ ਅਤੇ ਸਪੱਸ਼ਟਤਾ ਲਈ ਪ੍ਰਸਿੱਧ ਹਨ। ਉਦਾਹਰਣ ਲਈ, ਬਾਈਬਲ ਵਿਚ ਯਸਾਯਾਹ ਦੀ ਪੁਸਤਕ ਵਿਚ ਦਰਜ ਬਾਬਲ ਦੇ ਪਤਨ ਬਾਰੇ ਇਕ ਭਵਿੱਖਬਾਣੀ ਹੈ। ਇਸ ਘਟਨਾ ਵਾਪਰਨ ਤੋਂ ਕੁਝ 200 ਸਾਲ ਪਹਿਲਾਂ, ਯਸਾਯਾਹ ਨਬੀ ਨੇ ਕਈ ਵੇਰਵੇ ਦੇ ਕੇ ਸਹੀ-ਸਹੀ ਦੱਸਿਆ ਕਿ ਮਾਦੀ-ਫ਼ਾਰਸ ਸਾਮਰਾਜ ਬਾਬਲ ਉੱਤੇ ਜਿੱਤ ਪ੍ਰਾਪਤ ਕਰੇਗਾ। ਇਸ ਭਵਿੱਖਬਾਣੀ ਨੇ ਦੱਸਿਆ ਕਿ ਵਿਜੇਤਾ ਦਾ ਨਾਂ ਖੋਰਸ ਹੋਵੇਗਾ, ਅਤੇ ਇਸ ਨੇ ਯੁੱਧ-ਕਲਾ ਵੀ ਪ੍ਰਗਟ ਕੀਤੀ ਕਿ ਸੁਰੱਖਿਆ ਦੀ ਖਾਈ ਵਰਗੀ ਨਦੀ ਸੁਕਾਈ ਜਾਵੇਗੀ ਅਤੇ ਖੁੱਲ੍ਹਿਆਂ ਫਾਟਕਾਂ ਰਾਹੀਂ ਕਿਲ੍ਹਾਬੰਦੀ ਸ਼ਹਿਰ ਦੇ ਅੰਦਰ ਵੜਿਆ ਜਾਵੇਗਾ। ਇਹ ਸਾਰਾ ਕੁਝ ਸਹੀ-ਸਹੀ ਪੂਰਾ ਹੋਇਆ। (ਯਸਾਯਾਹ 44:27–45:2) ਇਸ ਬਾਰੇ ਵੀ ਸਹੀ ਤਰ੍ਹਾਂ ਭਵਿੱਖਬਾਣੀ ਕੀਤੀ ਗਈ ਸੀ ਕਿ ਅੰਤ ਵਿਚ ਬਾਬਲ ਪੂਰੀ ਤਰ੍ਹਾਂ ਵਿਰਾਨ ਹੋ ਜਾਵੇਗਾ।—ਯਸਾਯਾਹ 13:17-22.
ਯੂਨਾਹ ਨਬੀ ਰਾਹੀਂ ਐਲਾਨ ਕੀਤੀ ਗਈ ਇਸ ਚੇਤਾਵਨੀ ਦੀ ਸਪੱਸ਼ਟਤਾ ਉੱਤੇ ਵੀ ਗੌਰ ਕਰੋ: “ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” (ਯੂਨਾਹ 3:4) ਇੱਥੇ ਇਸ ਗੱਲ ਦਾ ਮਤਲਬ ਸਾਫ਼ ਹੈ! ਸੁਨੇਹਾ ਇੰਨਾ ਪ੍ਰਭਾਵ ਪਾਉਣ ਵਾਲਾ ਸੀ ਅਤੇ ਗੱਲ ਇੰਨੀ ਸਿੱਧੀ ਸੀ ਕਿ ਨੀਨਵਾਹ ਦੇ ਲੋਕਾਂ ਨੇ “ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ . . . ਓਹਨਾਂ ਨੇ ਤੱਪੜ ਪਾ ਲਏ।” ਉਨ੍ਹਾਂ ਦੀ ਤੋਬਾ ਦੇ ਨਤੀਜੇ ਵਜੋਂ, ਯਹੋਵਾਹ ਨੇ ਉਸ ਸਮੇਂ ਨੀਨਵਾਹ ਦੇ ਲੋਕਾਂ ਉੱਤੇ ਬਿਪਤਾ ਨਹੀਂ ਲਿਆਂਦੀ।—ਯੂਨਾਹ 3:5-10.
ਪੁਜਾਰਨਾਂ ਦੇ ਵਾਕ ਰਾਜਨੀਤਿਕ ਪ੍ਰਭਾਵ ਪਾਉਣ ਲਈ ਵੀ ਵਰਤੇ ਜਾਂਦੇ ਸਨ। ਹਾਕਮ ਅਤੇ ਸੈਨਿਕ ਆਗੂ ਅਕਸਰ ਉਸ ਅਰਥ ਦਾ ਜ਼ਿਕਰ ਕਰਦੇ ਸਨ ਜੋ ਉਨ੍ਹਾਂ ਦੀਆਂ ਆਪਣੀਆਂ ਦਿਲਚਸਪੀਆਂ ਅਤੇ ਕੰਮਾਂ-ਕਾਰਾਂ ਦੇ ਪੱਖ ਵਿਚ ਸੀ, ਅਤੇ ਇਸ ਤਰ੍ਹਾਂ ਉਹ ਇਨ੍ਹਾਂ ਨੂੰ “ਈਸ਼ਵਰੀ ਭੇਸ” ਦਿੰਦੇ ਸਨ। ਲੇਕਿਨ, ਪਰਮੇਸ਼ੁਰ ਦੇ ਅਗੰਮ ਵਾਕ ਕਿਸੇ ਦੇ ਨਿੱਜੀ ਵਿਚਾਰਾਂ ਦੇ ਪੱਖ ਵਿਚ ਨਹੀਂ ਦਿੱਤੇ ਜਾਂਦੇ ਸਨ।
ਮਿਸਾਲ ਵਜੋਂ: ਯਹੋਵਾਹ ਦਾ ਨਬੀ, ਨਾਥਾਨ, ਗ਼ਲਤੀ ਕਰਨ ਵਾਲੇ ਰਾਜੇ ਦਾਊਦ ਨੂੰ ਤਾੜਨਾ ਦੇਣ ਤੋਂ ਨਹੀਂ ਰੁਕਿਆ। (2 ਸਮੂਏਲ 12:1-12) ਇਸਰਾਏਲ ਦੇ ਦਸ-ਗੋਤ ਰਾਜ ਉੱਤੇ ਯਾਰਾਬੁਆਮ ਦੂਜੇ ਦੇ ਰਾਜ ਦੌਰਾਨ, ਹੋਸ਼ੇਆ ਅਤੇ ਆਮੋਸ ਨਬੀਆਂ ਨੇ ਬਾਗ਼ੀ ਰਾਜੇ ਅਤੇ ਉਸ ਦਿਆਂ ਸਮਰਥਕਾਂ ਦੇ ਧਰਮ-ਤਿਆਗ ਅਤੇ ਪਰਮੇਸ਼ੁਰ ਦਾ ਅਨਾਦਰ ਕਰਨ ਵਾਲੇ ਚਾਲ-ਚਲਣ ਕਰਕੇ, ਉਨ੍ਹਾਂ ਦੀ ਸਖ਼ਤ ਨੁਕਤਾਚੀਨੀ ਕੀਤੀ। (ਹੋਸ਼ੇਆ 5:1-7; ਆਮੋਸ 2:6-8) ਰਾਜੇ ਲਈ ਨਬੀ ਆਮੋਸ ਰਾਹੀਂ ਯਹੋਵਾਹ ਦੀ ਚੇਤਾਵਨੀ ਖ਼ਾਸ ਕਰਕੇ ਕਠੋਰ ਸੀ: “ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਤਲਵਾਰ ਲੈ ਕੇ ਉੱਠਾਂਗਾ।” (ਆਮੋਸ 7:9) ਯਾਰਾਬੁਆਮ ਦਾ ਘਰਾਣਾ ਖ਼ਤਮ ਕੀਤਾ ਗਿਆ ਸੀ।—1 ਰਾਜਿਆਂ 15:25-30; 2 ਇਤਹਾਸ 13:20.
ਆਮ ਤੌਰ ਤੇ, ਪੁਜਾਰਨਾਂ ਦੇ ਵਾਕ ਮੁੱਲ ਲਏ ਜਾਂਦੇ ਸਨ। ਜਿਹੜਾ ਵਿਅਕਤੀ ਜ਼ਿਆਦਾ ਮੁੱਲ ਦੇ ਸਕਦਾ ਸੀ ਉਸ ਨੂੰ ਉਸ ਦੇ ਪਸੰਦ ਦਾ ਵਾਕ ਮਿਲਦਾ ਸੀ। ਜਿਹੜੇ ਲੋਕ ਡੈਲਫੀ ਦੀ ਜਗ੍ਹਾ ਤੇ ਸਲਾਹ ਲੈਣ ਜਾਂਦੇ ਸਨ, ਉਹ ਵਿਅਰਥ ਜਾਣਕਾਰੀ ਲਈ ਕਾਫ਼ੀ ਖ਼ਰਚ ਕਰਦੇ ਸਨ, ਅਤੇ ਇਸ ਤਰ੍ਹਾਂ ਅਪਾਲੋ ਦੇ ਮੰਦਰ ਅਤੇ ਹੋਰ ਵੱਡੀਆਂ ਇਮਾਰਤਾਂ ਨੂੰ ਧਨ-ਦੌਲਤ ਨਾਲ ਭਰ ਦਿੱਤਾ ਗਿਆ ਸੀ। ਇਸ ਦੇ ਉਲਟ, ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਚੇਤਾਵਨੀਆਂ ਬਿਨਾਂ ਖ਼ਰਚ ਅਤੇ ਬਿਨਾਂ ਕਿਸੇ ਪੱਖ-ਪਾਤ ਦਿੱਤੀਆਂ ਜਾਂਦੀਆਂ ਸਨ। ਇਹ ਕਿਸੇ ਵਿਅਕਤੀ ਦੀ ਪਦਵੀ ਜਾਂ ਅਮੀਰੀ ਦੇ ਬਾਵਜੂਦ ਉਸ ਨੂੰ ਸੁਣਾਈਆਂ ਜਾਂਦੀਆਂ ਸਨ, ਕਿਉਂਕਿ ਇਕ ਸੱਚੇ ਨਬੀ ਨੂੰ ਰਿਸ਼ਵਤ ਨਹੀਂ ਦਿੱਤੀ ਜਾ ਸਕਦੀ ਸੀ। ਨਬੀ ਅਤੇ ਨਿਆਂਕਾਰ ਸਮੂਏਲ ਈਮਾਨਦਾਰੀ ਨਾਲ ਪੁੱਛ ਸਕਦਾ ਸੀ: “ਕਿਸ ਦੇ ਕੋਲੋਂ ਮੈਂ ਵੱਢੀ ਲਈ ਹੈ ਤਾਂ ਮੈਂ ਅੰਨ੍ਹਾ ਹੋ ਜਾਵਾਂ?”—1 ਸਮੂਏਲ 12:3.
ਕਿਉਂਕਿ ਪੁਜਾਰਨਾਂ ਦੇ ਵਾਕ ਸਿਰਫ਼ ਖ਼ਾਸ ਜਗ੍ਹਾ ਤੇ ਮਿਲਦੇ ਸਨ, ਉਨ੍ਹਾਂ ਨੂੰ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਉੱਥੇ ਜਾਣ ਲਈ ਕਾਫ਼ੀ ਜਤਨ ਕਰਨਾ ਪੈਂਦਾ ਸੀ। ਆਮ ਵਿਅਕਤੀ ਲਈ, ਅਜਿਹਿਆਂ ਥਾਂਵਾਂ ਤਕ ਪਹੁੰਚਣਾ ਕਾਫ਼ੀ ਮੁਸ਼ਕਲ ਸੀ ਕਿਉਂਕਿ ਉਹ ਏਪਾਇਰਸ ਵਿਚ ਟੋਮਾਰਸ ਪਹਾੜ ਉੱਤੇ ਡਡੋਨਾ ਅਤੇ ਮੱਧ ਯੂਨਾਨ ਦੇ ਪਹਾੜੀ ਇਲਾਕੇ ਵਿਚ ਡੈਲਫੀ ਵਰਗਿਆਂ ਥਾਂਵਾਂ ਤੇ ਸਨ। ਆਮ ਤੌਰ ਤੇ, ਅਜਿਹਿਆਂ ਥਾਂਵਾਂ ਤੇ ਸਿਰਫ਼ ਧਨੀ ਅਤੇ ਸ਼ਕਤੀਸ਼ਾਲੀ ਲੋਕ ਦੇਵਤਿਆਂ ਤੋਂ ਸਲਾਹ ਲੈਣ ਜਾ ਸਕਦੇ ਸਨ। ਇਸ ਤੋਂ ਇਲਾਵਾ, “ਦੇਵਤਿਆਂ ਦੀ ਇੱਛਾ” ਸਾਲ ਦੌਰਾਨ ਕੁਝ ਹੀ ਦਿਨਾਂ ਤੇ ਪ੍ਰਗਟ ਕੀਤੀ ਜਾਂਦੀ ਸੀ। ਇਸ ਦੇ ਬਿਲਕੁਲ ਉਲਟ, ਯਹੋਵਾਹ ਪਰਮੇਸ਼ੁਰ ਆਪਣੇ ਸੰਦੇਸ਼ਵਾਹਕਾਂ ਨੂੰ ਸਿੱਧਾ ਲੋਕਾਂ ਤਕ ਭੇਜਦਾ ਸੀ ਤਾਂਕਿ ਉਹ ਉਨ੍ਹਾਂ ਭਵਿੱਖਬਾਣੀਆਂ ਨੂੰ ਸੁਣ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਸੀ। ਮਿਸਾਲ ਲਈ, ਬਾਬਲ ਵਿਚ ਯਹੂਦੀਆਂ ਦੀ ਜਲਾਵਤਨੀ ਦੌਰਾਨ, ਪਰਮੇਸ਼ੁਰ ਦੇ ਘੱਟੋ-ਘੱਟ ਤਿੰਨ ਨਬੀ ਉਸ ਦੇ ਲੋਕਾਂ ਵਿਚਕਾਰ ਸੇਵਾ ਕਰ ਰਹੇ ਸਨ—ਯਰੂਸ਼ਲਮ ਵਿਚ ਯਿਰਮਿਯਾਹ, ਜਲਾਵਤਨਾਂ ਨਾਲ ਹਿਜ਼ਕੀਏਲ, ਅਤੇ ਬਾਬਲੀ ਸਾਮਰਾਜ ਦੀ ਰਾਜਧਾਨੀ ਵਿਚ ਦਾਨੀਏਲ।—ਯਿਰਮਿਯਾਹ 1:1, 2; ਹਿਜ਼ਕੀਏਲ 1:1; ਦਾਨੀਏਲ 2:48.
ਪੁਜਾਰਨਾਂ ਦੇ ਵਾਕ ਆਮ ਕਰਕੇ ਇਕੱਲੇ ਇਕ ਬੰਦੇ ਨੂੰ ਦਿੱਤੇ ਜਾਂਦੇ ਸਨ, ਅਤੇ ਇਸ ਲਈ ਜਵਾਬ ਹਾਸਲ ਕਰਨ ਵਾਲਾ ਉਨ੍ਹਾਂ ਦਾ ਅਰਥ ਆਪਣੇ ਫ਼ਾਇਦੇ ਲਈ ਕੱਢ ਸਕਦਾ ਸੀ। ਇਸ ਦੇ ਉਲਟ, ਬਾਈਬਲ ਦੀਆਂ ਭਵਿੱਖਬਾਣੀਆਂ ਅਕਸਰ ਲੋਕਾਂ ਦੇ ਸਾਮ੍ਹਣੇ ਸੁਣਾਈਆਂ ਜਾਂਦੀਆਂ ਸਨ ਤਾਂਕਿ ਸਾਰੇ ਸੁਨੇਹਾ ਸੁਣ ਸਕਣ ਅਤੇ ਉਸ ਦਾ ਅਰਥ ਸਮਝ ਸਕਣ। ਯਿਰਮਿਯਾਹ ਨਬੀ ਯਰੂਸ਼ਲਮ ਵਿਚ ਕਈ ਵਾਰ ਲੋਕਾਂ ਵਿਚਕਾਰ ਬੋਲਿਆ, ਭਾਵੇਂ ਕਿ ਉਹ ਜਾਣਦਾ ਸੀ ਕਿ ਉਸ ਦਾ ਸੁਨੇਹਾ ਸ਼ਹਿਰ ਦਿਆਂ ਆਗੂਆਂ ਅਤੇ ਨਿਵਾਸੀਆਂ ਨੂੰ ਚੰਗਾ ਨਹੀਂ ਲੱਗਦਾ ਸੀ।—ਯਿਰਮਿਯਾਹ 7:1, 2.
ਅੱਜ ਪੁਜਾਰਨਾਂ ਦੇ ਵਾਕ ਪ੍ਰਾਚੀਨ ਇਤਿਹਾਸ ਦਾ ਹਿੱਸਾ ਸਮਝੇ ਜਾਂਦੇ ਹਨ। ਸਾਡੇ ਔਖੇ ਸਮਿਆਂ ਵਿਚ ਜੀ ਰਹੇ ਲੋਕਾਂ ਨੂੰ ਇਨ੍ਹਾਂ ਤੋਂ ਕੋਈ ਲਾਭ ਨਹੀਂ ਮਿਲਦਾ। ਅਜਿਹੇ ਕੋਈ ਵੀ ਵਾਕ ਸਾਡੇ ਜ਼ਮਾਨੇ ਜਾਂ ਸਾਡੇ ਭਵਿੱਖ ਨਾਲ ਕੋਈ ਵਾਸਤਾ ਨਹੀਂ ਰੱਖਦੇ। ਇਸ ਦੇ ਉਲਟ, ਧਿਆਨ ਦੇਣ ਵਾਲੀ ਗੱਲ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ‘ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹਨ ਜੋ ਜੀਉਂਦਾ ਅਤੇ ਗੁਣਕਾਰ ਹੈ।’ (ਇਬਰਾਨੀਆਂ 4:12) ਬਾਈਬਲ ਦੀਆਂ ਜਿਹੜੀਆਂ ਭਵਿੱਖਬਾਣੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ, ਉਹ ਲੋਕਾਂ ਨਾਲ ਯਹੋਵਾਹ ਦੇ ਪੇਸ਼ ਆਉਣ ਦਾ ਨਮੂਨਾ ਹਨ ਅਤੇ ਉਸ ਦਿਆਂ ਮਕਸਦਾਂ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਜ਼ਰੂਰੀ ਪਹਿਲੂ ਪ੍ਰਗਟ ਕਰਦੀਆਂ ਹਨ। ਇਸ ਤੋਂ ਵੱਧ, ਬਾਈਬਲ ਦੀਆਂ ਹੋਰ ਮਹੱਤਵਪੂਰਣ ਭਵਿੱਖਬਾਣੀਆਂ ਬਹੁਤ ਜਲਦੀ ਪੂਰੀਆਂ ਹੋਣ ਵਾਲੀਆਂ ਹਨ। ਇਸ ਦਾ ਬਿਆਨ ਕਰਦੇ ਹੋਏ ਕਿ ਕੀ ਹੋਣ ਵਾਲਾ ਹੈ, ਪਤਰਸ ਰਸੂਲ ਨੇ ਲਿਖਿਆ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ [ਸਵਰਗੀ ਮਸੀਹਾਈ ਰਾਜ] ਅਤੇ ਨਵੀਂ ਧਰਤੀ [ਲੋਕਾਂ ਦਾ ਇਕ ਧਰਮੀ ਸਮਾਜ] ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:13.
ਬਾਈਬਲ ਦੀ ਭਵਿੱਖਬਾਣੀ ਅਤੇ ਝੂਠੇ ਧਰਮ ਦਿਆਂ ਵਾਕਾਂ ਦੀ ਇਹ ਛੋਟੀ ਜਿਹੀ ਤੁਲਨਾ ਸ਼ਾਇਦ ਤੁਹਾਨੂੰ ਇਸ ਸਿੱਟੇ ਤੇ ਪਹੁੰਚਾਏ ਜੋ ਵੱਡੇ ਵਿਚਾਰ (ਅੰਗ੍ਰੇਜ਼ੀ) ਨਾਮਕ ਪੁਸਤਕ ਵਿਚ ਦੱਸਿਆ ਗਿਆ ਸੀ: ‘ਜਿੱਥੇ ਤਕ ਆਦਮੀਆਂ ਦੇ ਪੂਰਵ-ਗਿਆਨ ਦਾ ਸੰਬੰਧ ਹੈ, ਇਬਰਾਨੀ ਨਬੀ ਲਾਜਵਾਬ ਲੱਗਦੇ ਹਨ। ਉਹ ਗ਼ੈਰ-ਯਹੂਦੀ ਫਾਲ ਪਾਉਣ ਵਾਲਿਆਂ ਜਾਂ ਜੋਤਸ਼ੀਆਂ ਤੋਂ ਵੱਖਰੇ ਸਨ ਅਤੇ ਉਨ੍ਹਾਂ ਨੂੰ ਈਸ਼ਵਰੀ ਭੇਤ ਸਮਝਣ ਲਈ ਰਸਮਾਂ ਜਾਂ ਜੁਗਤਾਂ ਵਰਤਣ ਦੀ ਲੋੜ ਨਹੀਂ ਸੀ। ਆਮ ਤੌਰ ਤੇ, ਪੁਜਾਰਨਾਂ ਦਿਆਂ ਵਾਕਾਂ ਤੋਂ ਉਲਟ, ਨਬੀਆਂ ਦੀਆਂ ਭਵਿੱਖਬਾਣੀਆਂ ਸਪੱਸ਼ਟ ਜਾਪਦੀਆਂ ਹਨ। ਘੱਟੋ-ਘੱਟ ਉਨ੍ਹਾਂ ਦਾ ਇਰਾਦਾ ਇਹ ਲੱਗਦਾ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਜਿਨ੍ਹਾਂ ਮਾਮਲਿਆਂ ਬਾਰੇ ਉਹ ਚਾਹੁੰਦਾ ਹੈ ਕਿ ਮਨੁੱਖ ਪਹਿਲਾਂ ਹੀ ਜਾਣਨ, ਉਨ੍ਹਾਂ ਨੂੰ ਲੁਕਾਉਣ ਦੀ ਬਜਾਇ ਉਹ ਉਨ੍ਹਾਂ ਨੂੰ ਪ੍ਰਗਟ ਕਰਨ।’
ਕੀ ਤੁਸੀਂ ਬਾਈਬਲ ਦੀ ਭਵਿੱਖਬਾਣੀ ਉੱਤੇ ਭਰੋਸਾ ਰੱਖੋਗੇ?
ਤੁਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਭਰੋਸਾ ਰੱਖ ਸਕਦੇ ਹੋ। ਅਸਲ ਵਿਚ, ਤੁਸੀਂ ਯਹੋਵਾਹ ਅਤੇ ਉਸ ਦੇ ਅਗੰਮ ਵਾਕ ਦੀ ਪੂਰਤੀ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਬਾਈਬਲ ਦੀ ਭਵਿੱਖਬਾਣੀ ਪਹਿਲਾਂ ਪੂਰੀਆਂ ਹੋ ਚੁੱਕੀਆਂ ਗੱਲਾਂ ਦਾ ਵਿਅਰਥ ਰਿਕਾਰਡ ਨਹੀਂ ਹੈ। ਬਾਈਬਲ ਵਿਚ ਦਰਜ ਕਈ ਭਵਿੱਖਬਾਣੀਆਂ ਹੁਣ ਪੂਰੀਆਂ ਹੋ ਰਹੀਆਂ ਹਨ ਜਾਂ ਨੇੜਲੇ ਭਵਿੱਖ ਵਿਚ ਪੂਰੀਆਂ ਹੋਣ ਵਾਲੀਆਂ ਹਨ। ਬੀਤੇ ਸਮੇਂ ਤੋਂ ਅੰਦਾਜ਼ਾ ਲਾਉਂਦੇ ਹੋਏ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਵੀ ਪੂਰੀਆਂ ਹੋਣਗੀਆਂ। ਕਿਉਂਕਿ ਅਜਿਹੀਆਂ ਭਵਿੱਖਬਾਣੀਆਂ ਸਾਡੇ ਸਮੇਂ ਵੱਲ ਧਿਆਨ ਦਿੰਦੀਆਂ ਹਨ ਅਤੇ ਸਾਡੇ ਭਵਿੱਖ ਨਾਲ ਸੰਬੰਧ ਰੱਖਦੀਆਂ ਹਨ, ਸਾਨੂੰ ਇਨ੍ਹਾਂ ਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਹੈ।
ਤੁਸੀਂ ਯਸਾਯਾਹ 2:2, 3 ਦੀ ਭਵਿੱਖਬਾਣੀ ਉੱਤੇ ਜ਼ਰੂਰ ਭਰੋਸਾ ਰੱਖ ਸਕਦੇ ਹੋ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, . . . ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” ਅੱਜ, ਲੱਖਾਂ ਹੀ ਲੋਕ ਯਹੋਵਾਹ ਦੀ ਉੱਚੀ ਉਪਾਸਨਾ ਨੂੰ ਅਪਣਾ ਰਹੇ ਹਨ ਅਤੇ ਉਸ ਦੇ ਮਾਰਗਾਂ ਵਿਚ ਚੱਲਣਾ ਸਿੱਖ ਰਹੇ ਹਨ। ਕੀ ਤੁਸੀਂ ਪਰਮੇਸ਼ੁਰ ਦੇ ਰਾਹਾਂ ਬਾਰੇ ਹੋਰ ਸਿੱਖਣ ਅਤੇ ਉਸ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਹਾਸਲ ਕਰਨ ਦੇ ਮੌਕੇ ਦਾ ਫ਼ਾਇਦਾ ਉਠਾਵੋਗੇ, ਤਾਂਕਿ ਤੁਸੀਂ ਉਸ ਦੇ ਮਾਰਗਾਂ ਵਿਚ ਚੱਲ ਸਕੋ?—ਯੂਹੰਨਾ 17:3.
ਬਾਈਬਲ ਦੀ ਇਕ ਹੋਰ ਭਵਿੱਖਬਾਣੀ ਸਾਡੇ ਵੱਲੋਂ ਬਹੁਤ ਜ਼ਰੂਰੀ ਕੰਮ ਲੋੜਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਨੇੜਲੇ ਭਵਿੱਖ ਬਾਰੇ ਗਾ ਕੇ ਕਿਹਾ: “ਕੁਕਰਮੀ ਤਾਂ ਛੇਕੇ ਜਾਣਗੇ, . . . ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।” (ਜ਼ਬੂਰ 37:9, 10) ਤੁਹਾਡੇ ਖ਼ਿਆਲ ਵਿਚ, ਬਾਈਬਲ ਦੀਆਂ ਭਵਿੱਖਬਾਣੀਆਂ ਦਾ ਮਖੌਲ ਉਡਾਉਣ ਵਾਲਿਆਂ ਸਮੇਤ, ਦੁਸ਼ਟ ਲੋਕਾਂ ਦੇ ਆ ਰਹੇ ਨਾਸ਼ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? ਇਹੋ ਜ਼ਬੂਰ ਜਵਾਬ ਦਿੰਦਾ ਹੈ: “ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰ 37:9) ਯਹੋਵਾਹ ਨੂੰ ਉਡੀਕਣ ਦਾ ਮਤਲਬ ਹੈ ਕਿ ਅਸੀਂ ਉਸ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਰੱਖੀਏ ਅਤੇ ਉਸ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ।—ਕਹਾਉਤਾਂ 2:21, 22.
ਉਦੋਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਯਹੋਵਾਹ ਨੂੰ ਉਡੀਕਣ ਵਾਲੇ ਧਰਤੀ ਦੇ ਵਾਰਸ ਹੋਣਗੇ? ਬਾਈਬਲ ਦੀਆਂ ਭਵਿੱਖਬਾਣੀਆਂ ਇਸ ਬਾਰੇ ਵੀ ਦੱਸਦੀਆਂ ਹਨ ਕਿ ਆਗਿਆਕਾਰ ਮਨੁੱਖਜਾਤੀ ਲਈ ਇਕ ਸ਼ਾਨਦਾਰ ਭਵਿੱਖ ਤਿਆਰ ਕੀਤਾ ਗਿਆ ਹੈ। ਯਸਾਯਾਹ ਨਬੀ ਨੇ ਲਿਖਿਆ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨੱਕਲਣਗੀਆਂ।” (ਯਸਾਯਾਹ 35:5, 6) ਯੂਹੰਨਾ ਰਸੂਲ ਨੇ ਇਹ ਭਰੋਸੇ-ਭਰੇ ਸ਼ਬਦ ਲਿਖੇ: “ਉਹ [ਯਹੋਵਾਹ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ। ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ . . . ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:4, 5.
ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਬਾਈਬਲ ਭਰੋਸੇਯੋਗ ਭਵਿੱਖਬਾਣੀ ਦੀ ਇਕ ਪੁਸਤਕ ਹੈ। ਨਾਲੇ ਉਹ ਪਤਰਸ ਰਸੂਲ ਦੀ ਪ੍ਰੇਰਣਾ ਨਾਲ ਬਿਲਕੁਲ ਸਹਿਮਤ ਹਨ: “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ।” (2 ਪਤਰਸ 1:19) ਸਾਡੀ ਦਿਲੋਂ ਉਮੀਦ ਹੈ ਕਿ ਤੁਹਾਨੂੰ ਭਵਿੱਖ ਬਾਰੇ ਬਾਈਬਲ ਦੀ ਭਵਿੱਖਬਾਣੀ ਤੋਂ ਮਿਲੀਆਂ ਸ਼ਾਨਦਾਰ ਸੰਭਾਵਨਾਵਾਂ ਤੋਂ ਹੌਸਲਾ ਮਿਲੇ!
[ਸਫ਼ਾ 6 ਉੱਤੇ ਡੱਬੀ/ਤਸਵੀਰਾਂ]
ਡੈਲਫੀ ਦੀ ਪੁੱਛਾਂ ਦੇਣ ਵਾਲੀ ਜਗ੍ਹਾ ਪ੍ਰਾਚੀਨ ਯੂਨਾਨ ਵਿਚ ਸਭ ਤੋਂ ਮਸ਼ਹੂਰ ਸੀ।
ਪੁਜਾਰਨ ਇਕ ਤਿਪਾਈ ਉਤੇ ਬੈਠ ਕੇ ਆਪਣੇ ਵਾਕ ਉਚਾਰਦੀ ਸੀ
[ਤਸਵੀਰਾਂ]
ਨਸ਼ੀਲਾ ਧੂੰਆਂ ਪੁਜਾਰਨ ਨੂੰ ਮਸਤ ਕਰ ਦਿੰਦਾ ਸੀ
ਜੋ ਸ਼ਬਦ ਉਹ ਉਚਾਰਦੀ ਸੀ ਉਹ ਅਪਾਲੋ ਦੇਵਤੇ ਤੋਂ ਅਗੰਮ ਬਚਨ ਸਮਝੇ ਜਾਂਦੇ ਸਨ
[ਕ੍ਰੈਡਿਟ ਲਾਈਨਾਂ]
Tripod: From the book Dictionary of Greek and Roman Antiquities; Apollo: The Complete Encyclopedia of Illustration/J. G. Heck
[ਸਫ਼ੇ 7 ਉੱਤੇ ਤਸਵੀਰ]
ਡੈਲਫੀ ਦੀ ਜਗ੍ਹਾ ਤੇ ਦਿੱਤੇ ਭਵਿੱਖ ਵਾਕ ਬਿਲਕੁਲ ਬੇਇਤਬਾਰ ਸਨ
[ਕ੍ਰੈਡਿਟ ਲਾਈਨ]
Delphi, Greece
[ਸਫ਼ੇ 8 ਉੱਤੇ ਤਸਵੀਰਾਂ]
ਨਵੇਂ ਸੰਸਾਰ ਬਾਰੇ ਬਾਈਬਲ ਦੀ ਭਵਿੱਖਬਾਣੀ ਉਤੇ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ