ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 8/1 ਸਫ਼ੇ 11-16
  • “ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੰਸਾਰ ਦਾ ਆਮ ਰਵੱਈਆ
  • ਯਹੋਵਾਹ ਹਲੀਮ ਲੋਕਾਂ ਦੇ ਨਾਲ ਹੈ
  • ਮਨ ਦੀ ਹਲੀਮੀ ਸਿੱਖਣੀ
  • ਸਹੀ ਰਵੱਈਆ
  • ‘ਅਧੀਨਗੀ ਨੂੰ ਪਹਿਨ ਲਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਆਪਣੇ ਅੰਦਰ ਨਿਮਰਤਾ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਯਿਸੂ ਦੇ ਨਮੂਨੇ ਉੱਤੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ‘ਮੈਂ ਮਨ ਦਾ ਹਲੀਮ ਹਾਂ’
    ‘ਆਓ ਮੇਰੇ ਚੇਲੇ ਬਣੋ’
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 8/1 ਸਫ਼ੇ 11-16

“ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ”

“ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤਰਸ 5:5.

1, 2. ਕਿਹੜੀਆਂ ਦੋ ਉਲਟ ਮਨੋਬਿਰਤੀਆਂ ਦਾ ਮਨੁੱਖੀ ਰਵੱਈਏ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ?

ਪਰਮੇਸ਼ੁਰ ਦਾ ਬਚਨ ਕਈ ਪ੍ਰਕਾਰ ਦੀਆਂ ਮਨੋਬਿਰਤੀਆਂ ਵੱਲ ਸਾਡਾ ਧਿਆਨ ਖਿੱਚਦਾ ਹੈ ਅਤੇ ਇਨ੍ਹਾਂ ਵਿੱਚੋਂ ਦੋ ਮਨੋਬਿਰਤੀਆਂ ਇਕ ਦੂਸਰੇ ਤੋਂ ਬਿਲਕੁਲ ਉਲਟ ਹਨ। ਉਨ੍ਹਾਂ ਦੋਵਾਂ ਮਨੋਬਿਰਤੀਆਂ ਦਾ ਮਨੁੱਖੀ ਰਵੱਈਏ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਇਕ ਨੂੰ “ਮਨ ਦੀ ਹਲੀਮੀ” ਕਿਹਾ ਗਿਆ ਹੈ। (1 ਪਤਰਸ 5:5) ਇਕ ਡਿਕਸ਼ਨਰੀ ਅਨੁਸਾਰ “ਹਲੀਮ” ਹੋਣ ਦਾ ਅਰਥ ਹੈ “ਰਵੱਈਏ ਵਿਚ ਜਾਂ ਸੁਭਾਅ ਵਿਚ ਨਿਮਰ ਹੋਣਾ: ਅਨੁਚਿਤ ਘਮੰਡ ਨਾ ਹੋਣਾ।” ਮਨ ਦੀ ਹਲੀਮੀ ਅਤੇ ਨਿਮਰਤਾ ਸਮਾਨਾਰਥਕ ਸ਼ਬਦ ਹਨ। ਪਰਮੇਸ਼ੁਰ ਦੀ ਨਜ਼ਰ ਵਿਚ, ਮਨ ਦੀ ਹਲੀਮੀ ਇਕ ਬਹੁਤ ਹੀ ਚੰਗਾ ਗੁਣ ਹੈ।

2 ਇਸ ਤੋਂ ਬਿਲਕੁਲ ਉਲਟ ਹੈ ਘਮੰਡ। ਇਸ ਦਾ ਮਤਲਬ ਹੈ “ਬੇਹੱਦ ਸਵੈ-ਮਾਣ” ਹੋਣਾ ਜਾਂ ਦੂਜਿਆਂ ਨੂੰ “ਤੁੱਛ ਸਮਝਣਾ।” ਘਮੰਡੀ ਇਨਸਾਨ ਸੁਆਰਥੀ ਹੁੰਦਾ ਹੈ ਅਤੇ ਹਮੇਸ਼ਾ ਆਪਣੇ ਬਾਰੇ ਹੀ ਸੋਚਦਾ ਹੈ ਕਿ ਉਸ ਨੂੰ ਕਿਵੇਂ ਭੌਤਿਕ ਤੇ ਦੂਸਰੇ ਲਾਭ ਮਿਲ ਸਕਦੇ ਹਨ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਸ ਦਾ ਦੂਸਰਿਆਂ ਤੇ ਕੀ ਮਾੜਾ ਅਸਰ ਪੈਂਦਾ ਹੈ। ਬਾਈਬਲ ਇਸ ਦੇ ਇਕ ਨਤੀਜੇ ਬਾਰੇ ਦੱਸਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” ਇਹ “ਮਨੁੱਖ ਦੀ ਆਪਣੇ ਗੁਆਂਢੀ ਦੇ ਨਾਲ ਈਰਖਾ” ਨੂੰ “ਹਵਾ ਦਾ ਫੱਕਣਾ” ਕਹਿੰਦੀ ਹੈ ਕਿਉਂਕਿ ਮੌਤ ਹੋਣ ਤੇ ਉਹ ‘ਆਪਣੀ ਖੱਟੀ ਵਿੱਚੋਂ ਨਾਲ ਕੁਝ ਨਾ ਲੈ ਜਾਵੇਗਾ।’ ਪਰਮੇਸ਼ੁਰ ਅਜਿਹੇ ਘਮੰਡ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਹੈ।—ਉਪਦੇਸ਼ਕ 4:4; 5:15; 8:9.

ਸੰਸਾਰ ਦਾ ਆਮ ਰਵੱਈਆ

3. ਆਮ ਤੌਰ ਤੇ ਸੰਸਾਰ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ?

3 ਇਨ੍ਹਾਂ ਦੋਨਾਂ ਮਨੋਬਿਰਤੀਆਂ ਵਿੱਚੋਂ ਕਿਹੜੀ ਮਨੋਬਿਰਤੀ ਅੱਜ ਦੇ ਇਸ ਸੰਸਾਰ ਦੀ ਵਿਸ਼ੇਸ਼ਤਾ ਹੈ? ਆਮ ਤੌਰ ਤੇ ਸੰਸਾਰ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ? ਵਰਲਡ ਮਿਲਿਟੇਰੀ ਐਂਡ ਸੋਸ਼ਲ ਐਕਸਪੈਂਡੀਚਰ 1996 ਕਹਿੰਦਾ ਹੈ: “ਹੋਰ ਕਿਸੇ ਵੀ ਸਦੀ ਵਿਚ ਇੰਨੀ ਅੰਨ੍ਹੇਵਾਹ . . . ਹਿੰਸਾ ਨਹੀਂ ਹੋਈ ਜਿੰਨੀ ਕਿ ਇਸ 20ਵੀਂ ਸਦੀ ਵਿਚ ਹੋਈ ਹੈ।” ਰਾਜਨੀਤਿਕ ਅਤੇ ਆਰਥਿਕ ਤਾਕਤ ਪ੍ਰਾਪਤ ਕਰਨ ਵਿਚ ਮੁਕਾਬਲੇਬਾਜ਼ੀ ਨੇ, ਨਾਲ ਹੀ ਨਾਲ ਕੌਮੀ, ਧਾਰਮਿਕ, ਜਾਤੀ ਅਤੇ ਨਸਲੀ ਝਗੜਿਆਂ ਨੇ ਇਸ ਸਦੀ ਵਿਚ ਦਸ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ। ਆਮ ਇਨਸਾਨ ਵਿਚ ਵੀ ਸੁਆਰਥੀ ਰਵੱਈਆ ਵੱਧ ਰਿਹਾ ਹੈ। ਸ਼ਿਕਾਗੋ ਟ੍ਰਿਬਿਊਨ ਨੇ ਬਿਆਨ ਕੀਤਾ: “ਸਮਾਜਕ ਬੁਰਾਈਆਂ ਵਿਚ ਅੰਨ੍ਹੇਵਾਹ ਹਿੰਸਾ, ਬੱਚਿਆਂ ਨਾਲ ਦੁਰਵਿਵਹਾਰ, ਤਲਾਕ, ਨਸ਼ੇਬਾਜ਼ੀ, ਏਡਜ਼, ਕਿਸ਼ੋਰਾਂ ਦੁਆਰਾ ਆਤਮ-ਹੱਤਿਆ, ਨਸ਼ੀਲੀਆਂ ਦਵਾਈਆਂ, ਸੜਕਾਂ ਤੇ ਘੁੰਮਦੇ ਹਿੰਸਕ ਨੌਜਵਾਨਾਂ ਦੇ ਗਿਰੋਹ, ਬਲਾਤਕਾਰ, ਨਾਜਾਇਜ਼ ਔਲਾਦ ਦੀ ਸਮੱਸਿਆ, ਗਰਭਪਾਤ, ਅਸ਼ਲੀਲ ਸਾਹਿੱਤ, . . . ਝੂਠ, ਧੋਖਾ, ਰਾਜਨੀਤਿਕ ਭ੍ਰਿਸ਼ਟਾਚਾਰ ਸ਼ਾਮਲ ਹਨ, . . . ਕੀ ਸਹੀ ਹੈ ਅਤੇ ਕੀ ਗ਼ਲਤ ਹੈ, ਇਹ ਨੈਤਿਕ ਧਾਰਣਾਵਾਂ ਖ਼ਤਮ ਹੋ ਗਈਆਂ ਹਨ।” ਇਸੇ ਤਰ੍ਹਾਂ, ਯੂ. ਐੱਨ. ਕ੍ਰੋਨੀਕਲ ਨੇ ਚੇਤਾਵਨੀ ਦਿੱਤੀ: “ਸਮਾਜ ਟੁੱਟ ਰਹੇ ਹਨ।”

4, 5. ਸਾਡੇ ਦਿਨਾਂ ਲਈ ਕੀਤੀ ਗਈ ਬਾਈਬਲ ਦੀ ਭਵਿੱਖਬਾਣੀ ਵਿਚ ਇਸ ਸੰਸਾਰ ਦੇ ਰਵੱਈਏ ਦਾ ਕਿਵੇਂ ਸਹੀ-ਸਹੀ ਵਰਣਨ ਕੀਤਾ ਗਿਆ ਹੈ?

4 ਇਹ ਹਾਲਾਤ ਸੰਸਾਰ ਭਰ ਵਿਚ ਪਾਏ ਜਾਂਦੇ ਹਨ। ਹਾਲਾਤ ਠੀਕ ਉਸੇ ਤਰ੍ਹਾਂ ਦੇ ਹਨ ਜਿਵੇਂ ਬਾਈਬਲ ਨੇ ਸਾਡੇ ਦਿਨਾਂ ਬਾਰੇ ਭਵਿੱਖਬਾਣੀ ਕੀਤੀ ਸੀ: ‘ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ ਅਤੇ ਘਮੰਡੀ ਹੋਣਗੇ।’—2 ਤਿਮੋਥਿਉਸ 3:1-4.

5 ਇਹ ਅੱਜ ਦੇ ਸੰਸਾਰ ਦੇ ਆਮ ਰਵੱਈਏ ਦਾ ਬਹੁਤ ਹੀ ਸਹੀ ਵਰਣਨ ਹੈ। ਇਹ ਇਕ ਸੁਆਰਥੀ, ਪਹਿਲਾਂ-ਮੈਂ ਵਾਲਾ ਰਵੱਈਆ ਹੈ। ਦੇਸ਼ਾਂ ਵਿਚਕਾਰ ਮੁਕਾਬਲੇਬਾਜ਼ੀ, ਆਮ ਇਨਸਾਨਾਂ ਵਿਚਕਾਰ ਮੁਕਾਬਲੇਬਾਜ਼ੀ ਤੋਂ ਦੇਖੀ ਜਾ ਸਕਦੀ ਹੈ। ਉਦਾਹਰਣ ਲਈ ਮੁਕਾਬਲੇ ਵਾਲੀਆਂ ਖੇਡਾਂ ਵਿਚ ਬਹੁਤ ਸਾਰੇ ਖਿਡਾਰੀ ਸਰਬਸ੍ਰੇਸ਼ਟ ਬਣਨਾ ਚਾਹੁੰਦੇ ਹਨ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਸ ਨਾਲ ਦੂਸਰਿਆਂ ਨੂੰ ਜਜ਼ਬਾਤੀ ਜਾਂ ਸਰੀਰਕ ਤੌਰ ਤੇ ਕੀ ਨੁਕਸਾਨ ਹੁੰਦਾ ਹੈ। ਇਹ ਸੁਆਰਥੀ ਰਵੱਈਆ ਬੱਚਿਆਂ ਵਿਚ ਵੀ ਪੈਦਾ ਕੀਤਾ ਜਾਂਦਾ ਹੈ ਅਤੇ ਉਹ ਵੱਡੇ ਹੋ ਕੇ ਅਕਸਰ ਇਹੋ ਰਵੱਈਆ ਦਿਖਾਉਂਦੇ ਹਨ। ਇਸ ਨਾਲ “ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ” ਪੈਦਾ ਹੁੰਦੀਆਂ ਹਨ।—ਗਲਾਤੀਆਂ 5:19-21.

6. ਕੌਣ ਸੁਆਰਥੀ ਭਾਵਨਾ ਨੂੰ ਵਧਾਉਂਦਾ ਹੈ ਅਤੇ ਯਹੋਵਾਹ ਅਜਿਹੀ ਮਨੋਬਿਰਤੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

6 ਬਾਈਬਲ ਦਿਖਾਉਂਦੀ ਹੈ ਕਿ ਸੰਸਾਰ ਦਾ ਸੁਆਰਥੀ ਰਵੱਈਆ ‘ਇਬਲੀਸ ਅਤੇ ਸ਼ਤਾਨ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ’ ਦੇ ਰਵੱਈਏ ਵਰਗਾ ਹੈ। ਇਨ੍ਹਾਂ ਭੈੜੇ ਅੰਤ ਦੇ ਦਿਨਾਂ ਵਿਚ ਜੀ ਰਹੇ ਲੋਕਾਂ ਉੱਤੇ ਸ਼ਤਾਨ ਦੇ ਪ੍ਰਭਾਵ ਬਾਰੇ ਬਾਈਬਲ ਭਵਿੱਖਬਾਣੀ ਕਰਦੀ ਹੈ: “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:9-12) ਇਸ ਲਈ ਉਸ ਨੇ ਅਤੇ ਉਸ ਦੇ ਪਿਸ਼ਾਚਾਂ ਨੇ ਮਨੁੱਖਾਂ ਵਿਚ ਸੁਆਰਥੀ ਮਨੋਬਿਰਤੀ ਨੂੰ ਵਧਾਉਣ ਲਈ ਆਪਣੇ ਜਤਨ ਹੋਰ ਜ਼ਿਆਦਾ ਤੇਜ਼ ਕਰ ਦਿੱਤੇ ਹਨ। ਪਰ ਯਹੋਵਾਹ ਅਜਿਹੇ ਰਵੱਈਏ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਉਸ ਦਾ ਬਚਨ ਕਹਿੰਦਾ ਹੈ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।”—ਕਹਾਉਤਾਂ 16:5.

ਯਹੋਵਾਹ ਹਲੀਮ ਲੋਕਾਂ ਦੇ ਨਾਲ ਹੈ

7. ਯਹੋਵਾਹ ਹਲੀਮ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਸਿਖਾਉਂਦਾ ਹੈ?

7 ਦੂਸਰੇ ਪਾਸੇ, ਯਹੋਵਾਹ ਉਨ੍ਹਾਂ ਲੋਕਾਂ ਨੂੰ ਅਸੀਸ ਦਿੰਦਾ ਹੈ ਜੋ ਮਨ ਦੇ ਹਲੀਮ ਹਨ। ਯਹੋਵਾਹ ਲਈ ਇਕ ਗੀਤ ਗਾਉਂਦੇ ਹੋਏ ਰਾਜਾ ਦਾਊਦ ਨੇ ਕਿਹਾ: “ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, ਪਰ ਤੇਰੀਆਂ ਅੱਖਾਂ ਹੰਕਾਰੀਆਂ ਦੇ ਉੱਤੇ ਹਨ ਕਿ ਉਨ੍ਹਾਂ ਨੂੰ ਨੀਵਿਆਂ ਕਰੇਂ।” (2 ਸਮੂਏਲ 22:1, 28) ਇਸ ਲਈ ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ।” (ਸਫ਼ਨਯਾਹ 2:3) ਜਿਹੜੇ ਲੋਕ ਨਿਮਰਤਾ ਨਾਲ ਯਹੋਵਾਹ ਨੂੰ ਭਾਲਦੇ ਹਨ, ਯਹੋਵਾਹ ਉਨ੍ਹਾਂ ਨੂੰ ਇਸ ਸੰਸਾਰ ਤੋਂ ਬਿਲਕੁਲ ਵੱਖਰਾ ਰਵੱਈਆ ਪੈਦਾ ਕਰਨਾ ਸਿਖਾਉਂਦਾ ਹੈ। ‘ਉਹ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।’ (ਜ਼ਬੂਰ 25:9; ਯਸਾਯਾਹ 54:13) ਇਹ ਰਾਹ ਪਿਆਰ ਦਾ ਹੈ। ਇਹ ਰਾਹ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਸਹੀ ਕੰਮ ਕਰਨ ਉੱਤੇ ਆਧਾਰਿਤ ਹੈ। ਬਾਈਬਲ ਦੇ ਅਨੁਸਾਰ, ਇਹ ਅਸੂਲੀ ਪਿਆਰ ‘ਫੁੱਲਦਾ ਨਹੀਂ, ਫੂੰ ਫੂੰ ਨਹੀਂ ਕਰਦਾ, ਅਤੇ ਆਪ ਸੁਆਰਥੀ ਨਹੀਂ।’ (1 ਕੁਰਿੰਥੀਆਂ 13:1-8) ਇਹ ਮਨ ਦੀ ਹਲੀਮੀ ਵਿਚ ਵੀ ਪ੍ਰਗਟ ਹੁੰਦਾ ਹੈ।

8, 9. (ੳ) ਅਸੂਲੀ ਪਿਆਰ ਦਾ ਸੋਮਾ ਕੌਣ ਹੈ? (ਅ) ਯਿਸੂ ਦੁਆਰਾ ਦਿਖਾਏ ਗਏ ਪਿਆਰ ਅਤੇ ਨਿਮਰਤਾ ਦੀ ਨਕਲ ਕਰਨੀ ਕਿੰਨੀ ਮਹੱਤਵਪੂਰਣ ਹੈ?

8 ਪੌਲੁਸ ਅਤੇ ਪਹਿਲੀ ਸਦੀ ਦੇ ਦੂਸਰੇ ਮਸੀਹੀਆਂ ਨੇ ਯਿਸੂ ਦੀਆਂ ਸਿੱਖਿਆਵਾਂ ਤੋਂ ਇਸੇ ਤਰ੍ਹਾਂ ਪਿਆਰ ਕਰਨਾ ਸਿੱਖਿਆ। ਅਤੇ ਯਿਸੂ ਨੇ ਇਹ ਪਿਆਰ ਆਪਣੇ ਪਿਤਾ ਯਹੋਵਾਹ ਤੋਂ ਸਿੱਖਿਆ ਜਿਸ ਬਾਰੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਯਿਸੂ ਜਾਣਦਾ ਸੀ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਪਿਆਰ ਦੀ ਸ਼ਰਾ ਅਨੁਸਾਰ ਚੱਲੇ ਅਤੇ ਉਸ ਨੇ ਇਹੋ ਹੀ ਕੀਤਾ। (ਯੂਹੰਨਾ 6:38) ਇਸੇ ਲਈ ਉਸ ਨੇ ਦੱਬੇ-ਕੁਚਲੇ, ਗ਼ਰੀਬ ਲੋਕਾਂ ਤੇ ਪਾਪੀਆਂ ਲਈ ਦਇਆ ਦਿਖਾਈ। (ਮੱਤੀ 9:36) ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ।” (ਟੇਢੇ ਟਾਈਪ ਸਾਡੇ।)—ਮੱਤੀ 11:28, 29.

9 ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਵਾਂਗ ਪਿਆਰ ਕਰਨ ਅਤੇ ਨਿਮਰਤਾ ਦਿਖਾਉਣ ਦੀ ਮਹੱਤਤਾ ਬਾਰੇ ਦੱਸਿਆ ਜਦੋਂ ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਸ ਤਰ੍ਹਾਂ ਕਰਨ ਨਾਲ ਉਹ ਇਸ ਸੁਆਰਥੀ ਦੁਨੀਆਂ ਤੋਂ ਵੱਖਰੇ ਨਜ਼ਰ ਆਉਂਦੇ। ਇਸ ਲਈ ਯਿਸੂ ਆਪਣੇ ਪੈਰੋਕਾਰਾਂ ਬਾਰੇ ਕਹਿ ਸਕਿਆ: “ਓਹ ਜਗਤ ਦੇ ਨਹੀਂ ਹਨ।” (ਯੂਹੰਨਾ 17:14) ਨਹੀਂ, ਉਹ ਸ਼ਤਾਨ ਦੀ ਦੁਨੀਆਂ ਦੇ ਘਮੰਡੀ, ਸੁਆਰਥੀ ਰਵੱਈਏ ਦੀ ਨਕਲ ਨਹੀਂ ਕਰਦੇ ਹਨ। ਇਸ ਦੀ ਬਜਾਇ ਉਹ ਯਿਸੂ ਦੇ ਪਿਆਰ ਭਰੇ ਅਤੇ ਨਿਮਰ ਰਵੱਈਏ ਦੀ ਨਕਲ ਕਰਦੇ ਹਨ।

10. ਅੱਜ ਯਹੋਵਾਹ ਹਲੀਮ ਲੋਕਾਂ ਨਾਲ ਕੀ ਕਰ ਰਿਹਾ ਹੈ?

10 ਪਰਮੇਸ਼ੁਰ ਦੇ ਬਚਨ ਨੇ ਭਵਿੱਖਬਾਣੀ ਕੀਤੀ ਸੀ ਕਿ ਇਨ੍ਹਾਂ ਅੰਤ ਦੇ ਦਿਨਾਂ ਵਿਚ ਹਲੀਮ ਲੋਕ ਇਕ ਵਿਸ਼ਵ-ਵਿਆਪੀ ਸਮਾਜ ਵਿਚ ਇਕੱਠੇ ਕੀਤੇ ਜਾਣਗੇ ਜੋ ਪਿਆਰ ਅਤੇ ਨਿਮਰਤਾ ਦੀ ਨੀਂਹ ਤੇ ਬਣਿਆ ਹੋਵੇਗਾ। ਇਸ ਤਰ੍ਹਾਂ, ਅਜਿਹੇ ਸੰਸਾਰ ਵਿਚ, ਜੋ ਜ਼ਿਆਦਾ ਤੋਂ ਜ਼ਿਆਦਾ ਘਮੰਡੀ ਬਣਦਾ ਜਾ ਰਿਹਾ ਹੈ, ਯਹੋਵਾਹ ਦੇ ਲੋਕ ਇਸ ਤੋਂ ਉਲਟ ਰਵੱਈਆ ਦਿਖਾਉਂਦੇ ਹਨ—ਮਨ ਦੀ ਹਲੀਮੀ। ਇਹ ਲੋਕ ਕਹਿੰਦੇ ਹਨ: “ਆਓ, ਅਸੀਂ ਯਹੋਵਾਹ ਦੇ ਪਰਬਤ [ਉਸ ਦੀ ਬੁਲੰਦ ਸੱਚੀ ਉਪਾਸਨਾ] ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾਯਾਹ 2:2, 3) ਇਹ ਵਿਸ਼ਵ-ਵਿਆਪੀ ਸਮਾਜ ਯਹੋਵਾਹ ਦੇ ਗਵਾਹਾਂ ਨਾਲ ਬਣਿਆ ਹੈ ਅਤੇ ਉਹ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਦੇ ਹਨ। ਇਸ ਵਿਚ ਇਕ ਵੱਧ ਰਹੀ “ਵੱਡੀ ਭੀੜ” ਸ਼ਾਮਲ ਹੈ ਜੋ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਆਈ ਹੈ ਤੇ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।’ (ਪਰਕਾਸ਼ ਦੀ ਪੋਥੀ 7:9) ਇਸ ਵੱਡੀ ਭੀੜ ਵਿਚ ਹੁਣ ਲੱਖਾਂ ਲੋਕ ਹਨ। ਯਹੋਵਾਹ ਉਨ੍ਹਾਂ ਨੂੰ ਨਿਮਰ ਬਣਨਾ ਕਿਵੇਂ ਸਿਖਾ ਰਿਹਾ ਹੈ?

ਮਨ ਦੀ ਹਲੀਮੀ ਸਿੱਖਣੀ

11, 12. ਪਰਮੇਸ਼ੁਰ ਦੇ ਸੇਵਕ ਮਨ ਦੀ ਹਲੀਮੀ ਕਿਵੇਂ ਦਿਖਾਉਂਦੇ ਹਨ?

11 ਪਰਮੇਸ਼ੁਰ ਦੀ ਆਤਮਾ ਉਸ ਦੇ ਇੱਛੁਕ ਲੋਕਾਂ ਵਿਚ ਕੰਮ ਕਰਦੀ ਹੈ, ਅਤੇ ਇਸ ਦੀ ਮਦਦ ਨਾਲ ਉਹ ਇਸ ਸੰਸਾਰ ਦੇ ਬੁਰੇ ਰਵੱਈਏ ਉੱਤੇ ਕਾਬੂ ਪਾਉਣਾ ਅਤੇ ਫਿਰ ਪਰਮੇਸ਼ੁਰ ਦੀ ਆਤਮਾ ਦਾ ਫਲ ਪ੍ਰਦਰਸ਼ਿਤ ਕਰਨਾ ਸਿੱਖਦੇ ਹਨ। ਇਹ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਵਰਗੇ ਗੁਣਾਂ ਦੁਆਰਾ ਪ੍ਰਦਰਸ਼ਿਤ ਹੁੰਦਾ ਹੈ। (ਗਲਾਤੀਆਂ 5:22, 23) ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਵਿਚ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ‘ਫੋਕਾ ਘੁਮੰਡ ਨਾ ਕਰਨ ਭਈ ਇੱਕ ਦੂਏ ਨੂੰ ਨਾ ਖਿਝਾਉਣ ਅਤੇ ਇੱਕ ਦੂਏ ਨਾਲ ਖਾਰ ਨਾ ਕਰਨ।’ (ਗਲਾਤੀਆਂ 5:26) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਕਿਹਾ: “ਮੈਂ . . . ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ।”—ਰੋਮੀਆਂ 12:3.

12 ਪਰਮੇਸ਼ੁਰ ਦਾ ਬਚਨ ਸੱਚੇ ਮਸੀਹੀਆਂ ਨੂੰ ਕਹਿੰਦਾ ਹੈ ਕਿ ਉਹ ‘ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰਨ ਸਗੋਂ ਅਧੀਨਗੀ ਨਾਲ ਇੱਕ ਦੂਏ [ਪਰਮੇਸ਼ੁਰ ਦੇ ਦੂਸਰੇ ਸੇਵਕਾਂ] ਨੂੰ ਆਪਣੇ ਆਪ ਤੋਂ ਉੱਤਮ ਜਾਣਨ, ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।’ (ਫ਼ਿਲਿੱਪੀਆਂ 2:3, 4) “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” (1 ਕੁਰਿੰਥੀਆਂ 10:24) ਜੀ ਹਾਂ, ਨਿਰਸੁਆਰਥੀ ਸ਼ਬਦਾਂ ਅਤੇ ਕੰਮਾਂ ਨਾਲ “ਪ੍ਰੇਮ” ਦੂਸਰਿਆਂ ਨੂੰ “ਬਣਾਉਂਦਾ ਹੈ।” (1 ਕੁਰਿੰਥੀਆਂ 8:1) ਇਹ ਸਹਿਯੋਗ ਦੀ ਭਾਵਨਾ ਨੂੰ ਵਧਾਉਂਦਾ ਹੈ ਨਾ ਕਿ ਮੁਕਾਬਲੇ ਦੀ ਭਾਵਨਾ ਨੂੰ। ਯਹੋਵਾਹ ਦੇ ਸੇਵਕਾਂ ਵਿਚ ਪਹਿਲਾਂ-ਮੈਂ ਵਾਲੇ ਰਵੱਈਏ ਲਈ ਕੋਈ ਜਗ੍ਹਾ ਨਹੀਂ ਹੈ।

13. ਮਨ ਦੀ ਹਲੀਮੀ ਕਿਉਂ ਸਿੱਖਣੀ ਪੈਂਦੀ ਹੈ ਅਤੇ ਅਸੀਂ ਇਹ ਕਿਵੇਂ ਸਿੱਖ ਸਕਦੇ ਹਾਂ?

13 ਪਰ ਵਿਰਸੇ ਵਿਚ ਮਿਲੀ ਅਪੂਰਣਤਾ ਕਰਕੇ ਅਸੀਂ ਸਾਰੇ ਜਨਮ ਤੋਂ ਹੀ ਮਨ ਦੇ ਹਲੀਮ ਨਹੀਂ ਹੁੰਦੇ ਹਾਂ। (ਜ਼ਬੂਰ 51:5) ਇਸ ਗੁਣ ਨੂੰ ਸਿੱਖਣਾ ਪੈਂਦਾ ਹੈ। ਅਤੇ ਇਹ ਉਨ੍ਹਾਂ ਲੋਕਾਂ ਲਈ ਮੁਸ਼ਕਲ ਹੋ ਸਕਦਾ ਹੈ ਜਿਨ੍ਹਾਂ ਨੂੰ ਬਚਪਨ ਤੋਂ ਯਹੋਵਾਹ ਦੇ ਰਾਹਾਂ ਬਾਰੇ ਨਹੀਂ ਸਿਖਾਇਆ ਗਿਆ ਸੀ ਪਰ ਜਿਹੜੇ ਵੱਡੇ ਹੋ ਕੇ ਇਨ੍ਹਾਂ ਰਾਹਾਂ ਨੂੰ ਸਵੀਕਾਰ ਕਰਦੇ ਹਨ। ਉਦੋਂ ਤਕ ਉਨ੍ਹਾਂ ਦੀ ਸ਼ਖ਼ਸੀਅਤ ਇਸ ਪੁਰਾਣੇ ਸੰਸਾਰ ਦੇ ਰਵੱਈਏ ਅਨੁਸਾਰ ਢਲ਼ ਚੁੱਕੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ “[ਆਪਣੇ] ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ” ਕੇ “ਨਵੀਂ ਇਨਸਾਨੀਅਤ,” “ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ” ਸੀ, ਨੂੰ ਪਹਿਨਣਾ ਸਿੱਖਣਾ ਪੈਂਦਾ ਹੈ। (ਅਫ਼ਸੀਆਂ 4:22, 24) ਪਰਮੇਸ਼ੁਰ ਦੀ ਮਦਦ ਨਾਲ ਸੱਚੇ ਦਿਲ ਵਾਲੇ ਲੋਕ ਉਹ ਸਭ ਕੁਝ ਕਰ ਸਕਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ: “ਤੁਸੀਂ . . . ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।” (ਟੇਢੇ ਟਾਈਪ ਸਾਡੇ।)—ਕੁਲੁੱਸੀਆਂ 3:12.

14. ਆਪਣੇ ਆਪ ਨੂੰ ਉੱਚਾ ਕਰਨ ਦੀ ਇੱਛਾ ਦੇ ਵਿਰੁੱਧ ਯਿਸੂ ਨੇ ਕੀ ਕਿਹਾ ਸੀ?

14 ਯਿਸੂ ਦੇ ਚੇਲਿਆਂ ਨੂੰ ਹਲੀਮ ਬਣਨਾ ਸਿੱਖਣਾ ਪਿਆ ਸੀ। ਜਦੋਂ ਉਹ ਉਸ ਦੇ ਚੇਲੇ ਬਣੇ, ਉਦੋਂ ਉਹ ਵੱਡੇ ਹੋ ਚੁੱਕੇ ਸਨ ਅਤੇ ਉਨ੍ਹਾਂ ਵਿਚ ਇਕ ਦੂਸਰੇ ਨਾਲ ਈਰਖਾ ਕਰਨ ਦੀ ਦੁਨਿਆਵੀ ਭਾਵਨਾ ਸੀ। ਜਦੋਂ ਉਨ੍ਹਾਂ ਵਿੱਚੋਂ ਦੋ ਚੇਲਿਆਂ ਦੀ ਮਾਂ ਨੇ ਆਪਣੇ ਪੁੱਤਰਾਂ ਲਈ ਉੱਚੀ ਪਦਵੀ ਚਾਹੀ, ਤਾਂ ਯਿਸੂ ਨੇ ਕਿਹਾ: “ਪਰਾਈਆਂ ਕੌਮਾਂ ਦੇ ਸਰਦਾਰ [ਲੋਕਾਂ] ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ। ਜਿਵੇਂ ਮਨੁੱਖ ਦਾ ਪੁੱਤ੍ਰ [ਯਿਸੂ] ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:20-28) ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਆਪ ਨੂੰ ਉੱਚਾ ਕਰਨ ਲਈ ਵੱਡੇ-ਵੱਡੇ ਖ਼ਿਤਾਬ ਨਾ ਇਸਤੇਮਾਲ ਕਰਨ ਲਈ ਕਿਹਾ, ਤਾਂ ਉਸ ਨੇ ਇਹ ਵੀ ਕਿਹਾ: “ਤੁਸੀਂ ਸੱਭੋ ਭਾਈ ਹੋ।”—ਮੱਤੀ 23:8.

15. ਜਿਹੜੇ ਨਿਗਾਹਬਾਨ ਦੀ ਪਦਵੀ ਨੂੰ ਲੋਚਦੇ ਹਨ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਹੈ?

15 ਯਿਸੂ ਦਾ ਸੱਚਾ ਪੈਰੋਕਾਰ ਆਪਣੇ ਸੰਗੀ ਮਸੀਹੀਆਂ ਦਾ ਇਕ ਸੇਵਕ, ਜੀ ਹਾਂ, ਇਕ ਦਾਸ ਹੁੰਦਾ ਹੈ। (ਗਲਾਤੀਆਂ 5:13) ਇਹ ਖ਼ਾਸ ਕਰਕੇ ਉਨ੍ਹਾਂ ਲਈ ਸੱਚ ਹੈ ਜਿਹੜੇ ਕਲੀਸਿਯਾ ਵਿਚ ਨਿਗਰਾਨੀ ਕਰਨ ਦੇ ਯੋਗ ਬਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਪਦਵੀ ਜਾਂ ਤਾਕਤ ਲਈ ਕਦੇ ਵੀ ਮੁਕਾਬਲਾ ਨਹੀਂ ਕਰਨਾ ਚਾਹੀਦਾ; ਉਨ੍ਹਾਂ ਨੂੰ ‘ਓਹਨਾਂ ਉੱਤੇ ਜਿਹੜੇ ਉਨ੍ਹਾਂ ਦੇ ਸਪੁਰਦ ਹਨ ਹੁਕਮ ਨਹੀਂ ਚਲਾਉਂਣਾ ਹੈ ਸਗੋਂ ਇੱਜੜ ਦੇ ਲਈ ਨਮੂਨਾ ਬਣਨਾ ਹੈ।’ (1 ਪਤਰਸ 5:3) ਦਰਅਸਲ, ਜੇ ਕਿਸੇ ਆਦਮੀ ਦਾ ਰਵੱਈਆ ਸੁਆਰਥੀ ਹੋਵੇ, ਤਾਂ ਇਹ ਦਿਖਾਉਂਦਾ ਹੈ ਕਿ ਉਹ ਨਿਗਰਾਨੀ ਕਰਨ ਦੇ ਯੋਗ ਨਹੀਂ ਹੈ। ਅਜਿਹਾ ਵਿਅਕਤੀ ਕਲੀਸਿਯਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬੇਸ਼ੱਕ, ‘ਨਿਗਾਹਬਾਨ ਦੇ ਹੁੱਦੇ ਨੂੰ ਲੋਚਣਾ’ ਚੰਗੀ ਗੱਲ ਹੈ, ਪਰ ਇਹ ਲੋਚ ਦੂਸਰੇ ਮਸੀਹੀਆਂ ਦੀ ਸੇਵਾ ਕਰਨ ਦੀ ਇੱਛਾ ਤੋਂ ਪੈਦਾ ਹੋਣੀ ਚਾਹੀਦੀ ਹੈ। ਨਿਗਾਹਬਾਨ ਦੀ ਪਦਵੀ ਕੋਈ ਉੱਚੀ ਜਾਂ ਤਾਕਤ ਵਾਲੀ ਪਦਵੀ ਨਹੀਂ ਹੈ, ਕਿਉਂਕਿ ਜਿਹੜੇ ਨਿਗਰਾਨੀ ਕਰਦੇ ਹਨ, ਉਨ੍ਹਾਂ ਨੂੰ ਕਲੀਸਿਯਾ ਦੇ ਸਭ ਤੋਂ ਹਲੀਮ ਇਨਸਾਨ ਹੋਣਾ ਚਾਹੀਦਾ ਹੈ।—1 ਤਿਮੋਥਿਉਸ 3:1, 6.

16. ਪਰਮੇਸ਼ੁਰ ਦੇ ਬਚਨ ਵਿਚ ਦਿਯੁਤ੍ਰਿਫੇਸ ਨੂੰ ਕਿਉਂ ਨਿੰਦਿਆ ਗਿਆ ਸੀ?

16 ਯੂਹੰਨਾ ਰਸੂਲ ਇਹ ਕਹਿੰਦੇ ਹੋਏ ਸਾਡਾ ਧਿਆਨ ਇਕ ਆਦਮੀ ਵੱਲ ਦਿਵਾਉਂਦਾ ਹੈ ਜਿਸ ਦਾ ਨਜ਼ਰੀਆ ਗ਼ਲਤ ਸੀ: “ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀਂ ਮੰਨਦਾ।” ਇਹ ਆਦਮੀ ਉੱਚੀ ਪਦਵੀ ਪ੍ਰਾਪਤ ਕਰਨ ਲਈ ਦੂਸਰਿਆਂ ਨਾਲ ਬੇਅਦਬੀ ਨਾਲ ਪੇਸ਼ ਆਉਂਦਾ ਸੀ। ਇਸ ਦੀ ਬਜਾਇ, ਪਰਮੇਸ਼ੁਰ ਦੀ ਆਤਮਾ ਨੇ ਯੂਹੰਨਾ ਨੂੰ ਪ੍ਰੇਰਿਤ ਕੀਤਾ ਕਿ ਉਹ ਦਿਯੁਤ੍ਰਿਫੇਸ ਦੇ ਪਹਿਲਾਂ-ਮੈਂ ਵਾਲੇ ਰਵੱਈਏ ਕਰਕੇ ਉਸ ਨੂੰ ਨਿੰਦੇ ਅਤੇ ਇਸ ਨੂੰ ਬਾਈਬਲ ਵਿਚ ਦਰਜ ਕਰੇ।—3 ਯੂਹੰਨਾ 9, 10.

ਸਹੀ ਰਵੱਈਆ

17. ਪਤਰਸ, ਪੌਲੁਸ ਤੇ ਬਰਨਬਾਸ ਨੇ ਮਨ ਦੀ ਹਲੀਮੀ ਕਿਵੇਂ ਦਿਖਾਈ?

17 ਬਾਈਬਲ ਵਿਚ ਸਹੀ ਰਵੱਈਏ, ਅਰਥਾਤ ਮਨ ਦੀ ਹਲੀਮੀ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਪਾਈਆਂ ਜਾਂਦੀਆਂ ਹਨ। ਜਦੋਂ ਪਤਰਸ ਕੁਰਨੇਲਿਯੁਸ ਦੇ ਘਰ ਗਿਆ, ਤਾਂ ਉਸ ਆਦਮੀ ਨੇ “[ਪਤਰਸ] ਦੇ ਪੈਰੀਂ ਪੈ ਕੇ ਮੱਥਾ ਟੇਕਿਆ।” ਪਰ ਉਪਾਸਨਾ ਨੂੰ ਸਵੀਕਾਰ ਕਰਨ ਦੀ ਬਜਾਇ, “ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖਲੋ, ਮੈਂ ਆਪ ਭੀ ਤਾਂ ਮਨੁੱਖ ਹੀ ਹਾਂ।” (ਰਸੂਲਾਂ ਦੇ ਕਰਤੱਬ 10:25, 26) ਜਦੋਂ ਪੌਲੁਸ ਤੇ ਬਰਨਬਾਸ ਲੁਸਤ੍ਰਾ ਵਿਚ ਸਨ, ਤਾਂ ਉੱਥੇ ਪੌਲੁਸ ਨੇ ਇਕ ਆਦਮੀ ਨੂੰ ਚੰਗਾ ਕੀਤਾ ਜੋ ਜਨਮ ਤੋਂ ਲੰਗੜਾ ਸੀ। ਇਹ ਦੇਖ ਕੇ ਲੋਕਾਂ ਨੇ ਇਨ੍ਹਾਂ ਰਸੂਲਾਂ ਨੂੰ ਦੇਵਤੇ ਕਹਿਣਾ ਸ਼ੁਰੂ ਕਰ ਦਿੱਤਾ। ਪਰ ਪੌਲੁਸ ਤੇ ਬਰਨਬਾਸ ਨੇ “ਆਪਣੇ ਲੀੜੇ ਪਾੜੇ ਅਤੇ ਲੋਕਾਂ ਦੇ ਵਿੱਚ ਬਾਹਰ ਨੂੰ ਦੌੜੇ। ਅਤੇ ਇਹ ਪੁਕਾਰ ਕੇ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕਾਹਨੂੰ ਕਰਦੇ ਹੋ? ਅਸੀਂ ਭੀ ਤੁਹਾਡੇ ਵਾਂਙੁ ਦੁਖ ਸੁਖ ਭੋਗਣ ਵਾਲੇ ਮਨੁੱਖ ਹਾਂ।” (ਰਸੂਲਾਂ ਦੇ ਕਰਤੱਬ 14:8-15) ਇਨ੍ਹਾਂ ਨਿਮਰ ਮਸੀਹੀਆਂ ਨੇ ਮਨੁੱਖਾਂ ਤੋਂ ਮਹਿਮਾ ਸਵੀਕਾਰ ਕਰਨ ਤੋਂ ਇਨਕਾਰ ਕੀਤਾ।

18. ਨਿਮਰਤਾ ਦਿਖਾਉਂਦੇ ਹੋਏ ਤਾਕਤਵਰ ਦੂਤ ਨੇ ਯੂਹੰਨਾ ਨੂੰ ਕੀ ਕਿਹਾ?

18 ਜਦੋਂ ਯੂਹੰਨਾ ਰਸੂਲ ਨੂੰ “ਯਿਸੂ ਮਸੀਹ ਦਾ ਪਰਕਾਸ਼” ਦਿੱਤਾ ਗਿਆ, ਤਾਂ ਇਹ ਇਕ ਦੂਤ ਦੇ ਜ਼ਰੀਏ ਦਿੱਤਾ ਗਿਆ ਸੀ। (ਪਰਕਾਸ਼ ਦੀ ਪੋਥੀ 1:1) ਦੂਤ ਦੀ ਤਾਕਤ ਦੇ ਕਾਰਨ, ਅਸੀਂ ਸਮਝ ਸਕਦੇ ਹਾਂ ਕਿ ਯੂਹੰਨਾ ਕਿਉਂ ਡਰ ਗਿਆ ਸੀ, ਕਿਉਂਕਿ ਇਕ ਦੂਤ ਨੇ ਇੱਕੋ ਰਾਤ ਵਿਚ 1,85,000 ਅੱਸ਼ੂਰੀਆਂ ਨੂੰ ਮਾਰਿਆ ਸੀ। (2 ਰਾਜਿਆਂ 19:35) ਯੂਹੰਨਾ ਦੱਸਦਾ ਹੈ: ‘ਜਾਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਓਸ ਦੂਤ ਦੇ ਪੈਰਾਂ ਉੱਤੇ ਪਿਆ ਜਿਨ ਮੈਨੂੰ ਏਹ ਗੱਲਾਂ ਵਿਖਾਈਆਂ ਸਨ। ਤਾਂ ਓਸ ਮੈਨੂੰ ਆਖਿਆਂ ਭਈ ਇਉਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ!’ (ਪਰਕਾਸ਼ ਦੀ ਪੋਥੀ 22:8, 9) ਇਸ ਤਾਕਤਵਰ ਦੂਤ ਨੇ ਮਨ ਦੀ ਕਿੰਨੀ ਹਲੀਮੀ ਦਿਖਾਈ!

19, 20. ਜੇਤੂ ਰੋਮੀ ਜਨਰਲਾਂ ਦੇ ਹੰਕਾਰ ਅਤੇ ਯਿਸੂ ਦੀ ਮਨ ਦੀ ਹਲੀਮੀ ਵਿਚ ਫ਼ਰਕ ਦੱਸੋ।

19 ਯਿਸੂ ਨੇ ਮਨ ਦੀ ਹਲੀਮੀ ਦਿਖਾਉਣ ਦੇ ਮਾਮਲੇ ਵਿਚ ਸਭ ਤੋਂ ਉੱਤਮ ਉਦਾਹਰਣ ਕਾਇਮ ਕੀਤੀ। ਉਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਅਤੇ ਉਸ ਦੇ ਸਵਰਗੀ ਰਾਜ ਦਾ ਭਾਵੀ ਰਾਜਾ ਸੀ। ਜਦੋਂ ਉਸ ਨੇ ਆਪਣੇ ਆਪ ਨੂੰ ਲੋਕਾਂ ਸਾਮ੍ਹਣੇ ਰਾਜੇ ਦੇ ਤੌਰ ਤੇ ਪੇਸ਼ ਕੀਤਾ, ਤਾਂ ਉਸ ਨੇ ਜੇਤੂ ਰੋਮੀ ਜਨਰਲਾਂ ਵਾਂਗ ਨਹੀਂ ਕੀਤਾ। ਰੋਮੀ ਜਨਰਲਾਂ ਲਈ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਸਨ ਅਤੇ ਉਹ ਸੋਨੇ ਅਤੇ ਹਾਥੀ-ਦੰਦ ਨਾਲ ਸਜੇ ਰਥਾਂ ਉੱਤੇ ਬੈਠ ਕੇ ਜਲੂਸ ਵਿਚ ਜਾਂਦੇ ਸਨ। ਉਨ੍ਹਾਂ ਦੇ ਰਥਾਂ ਅੱਗੇ ਚਿੱਟੇ ਘੋੜੇ, ਜਾਂ ਇੱਥੋਂ ਤਕ ਕਿ ਹਾਥੀ, ਸ਼ੇਰ ਜਾਂ ਚੀਤੇ ਵੀ ਜੋੜੇ ਜਾਂਦੇ ਸਨ। ਜਲੂਸ ਵਿਚ ਸੰਗੀਤਕਾਰ ਫ਼ਤਹਿ ਦੇ ਗੀਤ ਗਾਉਂਦੇ ਸਨ ਅਤੇ ਗੱਡਿਆਂ ਉੱਤੇ ਲੁੱਟ ਦੇ ਮਾਲ ਦੀ ਨੁਮਾਇਸ਼ ਕੀਤੀ ਜਾਂਦੀ ਸੀ। ਕਈ ਗੱਡਿਆਂ ਉੱਤੇ ਮੰਚ ਬਣਾ ਕੇ ਉਨ੍ਹਾਂ ਉੱਤੇ ਲੜਾਈ ਦੀਆਂ ਝਲਕੀਆਂ ਦਿਖਾਈਆਂ ਜਾਂਦੀਆਂ ਸਨ। ਜਲੂਸ ਵਿਚ ਬੰਦੀ ਬਣਾਏ ਗਏ ਰਾਜਿਆਂ, ਰਾਜਕੁਮਾਰਾਂ ਅਤੇ ਜਨਰਲਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਲਈ ਨੰਗਾ ਘੁਮਾਇਆ ਜਾਂਦਾ ਸੀ। ਅਜਿਹੀਆਂ ਘਟਨਾਵਾਂ ਨਿਰਾ ਘਮੰਡ ਅਤੇ ਹੰਕਾਰ ਦਾ ਦਿਖਾਵਾ ਹੁੰਦੀਆਂ ਸਨ।

20 ਪਰ ਯਿਸੂ ਨੇ ਇਸ ਤੋਂ ਬਿਲਕੁਲ ਉਲਟ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕੀਤਾ। ਉਹ ਆਪਣੇ ਬਾਰੇ ਕੀਤੀ ਗਈ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਨਿਮਰਤਾ ਨਾਲ ਪੇਸ਼ ਕਰਨ ਲਈ ਤਿਆਰ ਸੀ। ਭਵਿੱਖਬਾਣੀ ਵਿਚ ਕਿਹਾ ਗਿਆ ਸੀ: “ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ . . . ਉੱਤੇ ਸਵਾਰ ਹੈ।” ਉਹ ਨਿਮਰਤਾ ਨਾਲ ਭਾਰ ਢੋਣ ਵਾਲੇ ਜਾਨਵਰ ਉੱਤੇ ਬਹਿ ਕੇ ਆਇਆ, ਨਾ ਕਿ ਵੱਡੇ-ਵੱਡੇ ਜਾਨਵਰਾਂ ਦੁਆਰਾ ਖਿੱਚੇ ਜਾਣ ਵਾਲੇ ਰਥ ਵਿਚ ਬਹਿ ਕੇ ਆਇਆ। (ਜ਼ਕਰਯਾਹ 9:9; ਮੱਤੀ 21:4, 5) ਨਿਮਰ ਲੋਕ ਕਿੰਨੇ ਖ਼ੁਸ਼ ਹਨ ਕਿ ਯਹੋਵਾਹ ਨੇ ਯਿਸੂ ਨੂੰ ਨਵੇਂ ਸੰਸਾਰ ਵਿਚ ਪੂਰੀ ਧਰਤੀ ਦਾ ਰਾਜਾ ਨਿਯੁਕਤ ਕੀਤਾ ਹੈ, ਅਜਿਹਾ ਰਾਜਾ ਜੋ ਸੱਚ-ਮੁੱਚ ਮਨ ਦਾ ਹਲੀਮ, ਨਿਮਰ, ਪਿਆਰ ਕਰਨ ਵਾਲਾ, ਰਹਿਮ-ਦਿਲ, ਅਤੇ ਤਰਸਵਾਨ ਹੈ!—ਯਸਾਯਾਹ 9:6, 7; ਫ਼ਿਲਿੱਪੀਆਂ 2:5-8.

21. ਮਨ ਦੀ ਹਲੀਮੀ ਕੀ ਨਹੀਂ ਹੈ?

21 ਕਿਉਂਕਿ ਯਿਸੂ, ਪਤਰਸ, ਪੌਲੁਸ ਅਤੇ ਬਾਈਬਲ ਸਮਿਆਂ ਦੇ ਦੂਸਰੇ ਵਫ਼ਾਦਾਰ ਆਦਮੀ ਤੇ ਔਰਤਾਂ ਮਨ ਦੇ ਹਲੀਮ ਸਨ, ਇਹ ਗੱਲ ਇਸ ਭਰਮ ਨੂੰ ਦੂਰ ਕਰਦੀ ਹੈ ਕਿ ਨਿਮਰਤਾ ਇਕ ਕਮਜ਼ੋਰੀ ਹੈ। ਇਸ ਦੀ ਬਜਾਇ ਇਹ ਉਨ੍ਹਾਂ ਦੀ ਖ਼ੂਬੀ ਹੈ, ਕਿਉਂਕਿ ਇਹ ਲੋਕ ਦਲੇਰ ਅਤੇ ਜੋਸ਼ੀਲੇ ਸਨ। ਵੱਡੀ ਮਾਨਸਿਕ ਅਤੇ ਨੈਤਿਕ ਸ਼ਕਤੀ ਨਾਲ ਇਨ੍ਹਾਂ ਨੇ ਔਖੇ ਪਰਤਾਵਿਆਂ ਦਾ ਸਾਮ੍ਹਣਾ ਕੀਤਾ। (ਇਬਰਾਨੀਆਂ, ਅਧਿਆਇ 11) ਅਤੇ ਅੱਜ ਜਦੋਂ ਯਹੋਵਾਹ ਦੇ ਸੇਵਕ ਮਨ ਦੇ ਹਲੀਮ ਹੁੰਦੇ ਹਨ, ਤਾਂ ਉਨ੍ਹਾਂ ਕੋਲ ਵੀ ਉਹੀ ਸ਼ਕਤੀ ਹੁੰਦੀ ਹੈ ਕਿਉਂਕਿ ਪਰਮੇਸ਼ੁਰ ਆਪਣੀ ਸ਼ਕਤੀਸ਼ਾਲੀ ਪਵਿੱਤਰ ਆਤਮਾ ਨਾਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਇਸ ਲਈ ਸਾਨੂੰ ਤਾਕੀਦ ਕੀਤੀ ਗਈ ਹੈ: “ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ। ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।”—1 ਪਤਰਸ 5:5, 6; 2 ਕੁਰਿੰਥੀਆਂ 4:7.

22. ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?

22 ਮਨ ਦੀ ਹਲੀਮੀ ਦਾ ਇਕ ਹੋਰ ਸਕਾਰਾਤਮਕ ਪਹਿਲੂ ਹੈ ਜੋ ਪਰਮੇਸ਼ੁਰ ਦੇ ਸੇਵਕਾਂ ਲਈ ਜ਼ਰੂਰੀ ਹੈ। ਇਹ ਕਲੀਸਿਯਾ ਵਿਚ ਪਿਆਰ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਂਦਾ ਹੈ। ਅਸਲ ਵਿਚ, ਇਹ ਮਨ ਦੀ ਹਲੀਮੀ ਦਾ ਇਕ ਅਿਨੱਖੜਵਾਂ ਹਿੱਸਾ ਹੈ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਪੁਨਰ-ਵਿਚਾਰ ਵਜੋਂ

◻ ਇਸ ਸੰਸਾਰ ਦੇ ਆਮ ਰਵੱਈਏ ਦਾ ਵਰਣਨ ਕਰੋ।

◻ ਯਹੋਵਾਹ ਮਨ ਦੇ ਹਲੀਮ ਲੋਕਾਂ ਨੂੰ ਕਿਵੇਂ ਬਰਕਤ ਦਿੰਦਾ ਹੈ?

◻ ਮਨ ਦੀ ਹਲੀਮੀ ਕਿਉਂ ਸਿੱਖਣੀ ਪੈਂਦੀ ਹੈ?

◻ ਮਨ ਦੀ ਹਲੀਮੀ ਦਿਖਾਉਣ ਵਾਲੇ ਕਿਹੜੇ ਵਿਅਕਤੀਆਂ ਦੀਆਂ ਬਾਈਬਲ ਵਿਚ ਉਦਾਹਰਣਾਂ ਦਿੱਤੀਆਂ ਗਈਆਂ ਹਨ?

[ਸਫ਼ੇ 15 ਉੱਤੇ ਤਸਵੀਰ]

ਦੂਤ ਨੇ ਯੂਹੰਨਾ ਨੂੰ ਕਿਹਾ: ‘ਇਉਂ ਨਾ ਕਰ! ਮੈਂ ਤਾਂ ਦਾਸ ਹਾਂ’

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ