ਖ਼ੁਸ਼ੀ ਨਾਲ ਯਹੋਵਾਹ ਦਾ ਨਿਰਦੇਸ਼ਨ ਸਵੀਕਾਰ ਕਰਨਾ
ਯੁਲਿਸੀਜ਼ ਵੀ. ਗਲਾਸ ਦੀ ਜ਼ਬਾਨੀ
ਇਹ ਇਕ ਖ਼ਾਸ ਮੌਕਾ ਸੀ। ਉੱਥੇ ਗ੍ਰੈਜੂਏਟ ਹੋਣ ਵਾਲੀ ਕਲਾਸ ਵਿਚ ਸਿਰਫ਼ 127 ਵਿਦਿਆਰਥੀ ਸਨ। ਪਰ ਉੱਥੇ ਕੁੱਲ 1,26,387 ਉਤਸੁਕ ਹਾਜ਼ਰੀਨ ਬੈਠੇ ਸਨ ਜੋ ਕਈ ਦੇਸ਼ਾਂ ਤੋਂ ਆਏ ਸਨ। ਇਹ 19 ਜੁਲਾਈ, 1953 ਨੂੰ ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਵਿਖੇ ਹੋਈ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 21ਵੀਂ ਕਲਾਸ ਦੀ ਗ੍ਰੈਜੂਏਸ਼ਨ ਦਾ ਦਿਨ ਸੀ। ਪਰ ਇਹ ਮੇਰੀ ਜ਼ਿੰਦਗੀ ਵਿਚ ਇਕ ਖ਼ਾਸ ਦਿਨ ਕਿਉਂ ਸੀ? ਆਓ ਮੈਂ ਇਸ ਬਾਰੇ ਤੁਹਾਨੂੰ ਸ਼ੁਰੂ ਤੋਂ ਦੱਸਦਾ ਹਾਂ।
ਪਰਕਾਸ਼ ਦੀ ਪੋਥੀ 12:1-5 ਅਨੁਸਾਰ ਪਰਮੇਸ਼ੁਰ ਦੇ ਰਾਜ ਦਾ ਜਨਮ ਹੋਣ ਤੋਂ ਲਗਭਗ ਦੋ ਸਾਲ ਪਹਿਲਾਂ, 17 ਫਰਵਰੀ, 1912 ਨੂੰ ਅਮਰੀਕਾ ਦੇ ਇੰਡਿਆਨਾ ਰਾਜ ਵਿਖੇ ਵਿਨਸੈਂਜ਼ ਸ਼ਹਿਰ ਵਿਚ ਮੇਰਾ ਜਨਮ ਹੋਇਆ। ਇਸ ਤੋਂ ਇਕ ਸਾਲ ਪਹਿਲਾਂ, ਮੇਰੇ ਮਾਤਾ-ਪਿਤਾ ਨੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਨਾਮਕ ਕਿਤਾਬਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਸੀ। ਹਰ ਐਤਵਾਰ ਸਵੇਰ ਨੂੰ ਮੇਰੇ ਪਿਤਾ ਜੀ ਉਨ੍ਹਾਂ ਕਿਤਾਬਾਂ ਵਿੱਚੋਂ ਕੁਝ ਹਿੱਸਾ ਪੜ੍ਹ ਕੇ ਸਾਨੂੰ ਸੁਣਾਉਂਦੇ ਸਨ ਅਤੇ ਫਿਰ ਅਸੀਂ ਸਾਰੇ ਉਨ੍ਹਾਂ ਉੱਤੇ ਚਰਚਾ ਕਰਦੇ ਹੁੰਦੇ ਸੀ।
ਸਾਡੇ ਮਾਤਾ ਜੀ ਜੋ ਕੁਝ ਸਿੱਖ ਰਹੇ ਸਨ, ਉਸ ਨਾਲ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸੋਚਣੀ ਨੂੰ ਢਾਲ਼ਣ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਹੀ ਚੰਗੇ ਸਨ—ਬਹੁਤ ਹੀ ਦਿਆਲੂ ਅਤੇ ਹਮੇਸ਼ਾ ਮਦਦ ਕਰਨ ਲਈ ਤਿਆਰ। ਅਸੀਂ ਚਾਰ ਭੈਣ-ਭਰਾ ਸਾਂ, ਪਰ ਸਾਡੇ ਮਾਤਾ ਜੀ ਜਿੰਨਾ ਸਾਨੂੰ ਪਿਆਰ ਕਰਦੇ ਸਨ ਉੱਨਾ ਹੀ ਉਹ ਗੁਆਂਢ ਦੇ ਬੱਚਿਆਂ ਨਾਲ ਵੀ ਕਰਦੇ ਸਨ। ਉਹ ਸਾਡੇ ਨਾਲ ਸਮਾਂ ਬਿਤਾਉਂਦੇ ਹੁੰਦੇ ਸਨ। ਸਾਨੂੰ ਬਾਈਬਲ ਕਹਾਣੀਆਂ ਸੁਣਾ ਕੇ ਅਤੇ ਸਾਡੇ ਨਾਲ ਗੀਤ ਗਾ ਕੇ ਉਨ੍ਹਾਂ ਨੂੰ ਬਹੁਤ ਹੀ ਆਨੰਦ ਮਿਲਦਾ ਸੀ।
ਉਹ ਪੂਰਣ-ਕਾਲੀ ਸੇਵਾ ਕਰਨ ਵਾਲੇ ਕਈ ਭਰਾਵਾਂ ਨੂੰ ਘਰ ਬੁਲਾਉਂਦੇ ਹੁੰਦੇ ਸਨ। ਇਹ ਭਰਾ ਸਾਡੇ ਨਾਲ ਸਿਰਫ਼ ਇਕ ਜਾਂ ਦੋ ਦਿਨ ਠਹਿਰਦੇ ਸਨ ਅਤੇ ਅਕਸਰ ਸਾਡੇ ਘਰ ਸਭਾਵਾਂ ਕਰਦੇ ਤੇ ਭਾਸ਼ਣ ਦਿੰਦੇ ਸਨ। ਅਸੀਂ ਬੱਚੇ ਖ਼ਾਸ ਤੌਰ ਤੇ ਉਨ੍ਹਾਂ ਭਰਾਵਾਂ ਨੂੰ ਪਸੰਦ ਕਰਦੇ, ਜਿਹੜੇ ਉਦਾਹਰਣਾਂ ਦਿੰਦੇ ਅਤੇ ਸਾਨੂੰ ਕਹਾਣੀਆਂ ਸੁਣਾਉਂਦੇ ਸਨ। ਇਕ ਵਾਰ ਸੰਨ 1919 ਵਿਚ, ਪਹਿਲੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਲਗਭਗ ਇਕ ਸਾਲ ਬਾਅਦ, ਸਾਡੇ ਘਰ ਆਏ ਹੋਏ ਇਕ ਭਰਾ ਨੇ ਖ਼ਾਸ ਤੌਰ ਤੇ ਸਾਨੂੰ ਬੱਚਿਆਂ ਨੂੰ ਸੰਬੋਧਿਤ ਕਰਕੇ ਇਕ ਭਾਸ਼ਣ ਦਿੱਤਾ। ਉਨ੍ਹਾਂ ਨੇ ਅਰਪਣ ਬਾਰੇ ਚਰਚਾ ਕੀਤੀ—ਜਿਸ ਨੂੰ ਅਸੀਂ ਹੁਣ ਠੀਕ ਤੌਰ ਕੇ ਸਮਰਪਣ ਕਹਿੰਦੇ ਹਾਂ ਅਤੇ ਉਨ੍ਹਾਂ ਨੇ ਸਾਡੀ ਇਹ ਸਮਝਣ ਵਿਚ ਮਦਦ ਕੀਤੀ ਕਿ ਸਮਰਪਣ ਦਾ ਸਾਡੀਆਂ ਜ਼ਿੰਦਗੀਆਂ ਤੇ ਕੀ ਅਸਰ ਪੈਂਦਾ ਹੈ। ਉਸ ਰਾਤ ਜਦੋਂ ਮੈਂ ਸੌਣ ਲੱਗਾ ਤਾਂ ਮੈਂ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਮੈਂ ਹਮੇਸ਼ਾ ਉਸ ਦੀ ਸੇਵਾ ਕਰਨੀ ਚਾਹੁੰਦਾ ਹਾਂ।
ਪਰ ਸੰਨ 1922 ਤੋਂ ਬਾਅਦ ਮੇਰੀ ਜ਼ਿੰਦਗੀ ਦੇ ਹੋਰ ਕਈ ਰੁਝੇਵਿਆਂ ਨੇ ਮੇਰੇ ਇਸ ਇਰਾਦੇ ਨੂੰ ਪਿੱਛੇ ਪਾ ਦਿੱਤਾ। ਅਸੀਂ ਇਕ ਥਾਂ ਤੋਂ ਦੂਜੀ ਥਾਂ ਤੇ ਗਏ ਅਤੇ ਸਾਡਾ ਯਹੋਵਾਹ ਦੇ ਲੋਕਾਂ ਦੀ ਕਲੀਸਿਯਾ ਨਾਲ ਕੋਈ ਮੇਲ-ਜੋਲ ਨਾ ਰਿਹਾ। ਮੇਰੇ ਪਿਤਾ ਜੀ ਰੇਲਾਂ ਵਿਛਾਉਣ ਦੇ ਕੰਮ ਦੇ ਸਿਲਸਿਲੇ ਵਿਚ ਘਰੋਂ ਬਾਹਰ ਰਹਿੰਦੇ ਸਨ। ਸਾਡਾ ਬਾਈਬਲ ਦਾ ਅਧਿਐਨ ਨਿਯਮਿਤ ਤੌਰ ਤੇ ਨਹੀਂ ਹੁੰਦਾ ਸੀ। ਮੈਂ ਇਕ ਕਮਰਸ਼ਲ ਆਰਟਿਸਟ ਬਣਨ ਲਈ ਇਕ ਸਕੂਲ ਤੋਂ ਕੋਰਸ ਕੀਤਾ ਅਤੇ ਕੋਰਸ ਦੇ ਪੂਰਾ ਹੋਣ ਤੋਂ ਬਾਅਦ ਮੈਂ ਕਿਸੇ ਪ੍ਰਸਿੱਧ ਯੂਨੀਵਰਸਿਟੀ ਵਿਚ ਜਾਣ ਬਾਰੇ ਸੋਚ ਰਿਹਾ ਸੀ।
ਆਪਣੀ ਜ਼ਿੰਦਗੀ ਦੇ ਉਦੇਸ਼ਾਂ ਨੂੰ ਬਦਲਣਾ
ਲਗਭਗ ਸੰਨ 1935 ਵਿਚ, ਸੰਸਾਰ ਇਕ ਵਾਰ ਫਿਰ ਵਿਸ਼ਵ ਯੁੱਧ ਵੱਲ ਵਧਣ ਲੱਗਾ। ਅਸੀਂ ਉਦੋਂ ਕਲੀਵਲੈਂਡ, ਓਹੀਓ ਵਿਚ ਰਹਿੰਦੇ ਸਾਂ ਜਦੋਂ ਇਕ ਯਹੋਵਾਹ ਦਾ ਗਵਾਹ ਸਾਡੇ ਘਰ ਆਇਆ। ਜੋ ਕੁਝ ਅਸੀਂ ਬਚਪਨ ਵਿਚ ਸਿੱਖਿਆ ਸੀ, ਉਸ ਬਾਰੇ ਹੁਣ ਅਸੀਂ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਖ਼ਾਸ ਕਰਕੇ ਮੇਰਾ ਵੱਡਾ ਭਰਾ ਰਸਲ ਗੰਭੀਰ ਤਬੀਅਤ ਦਾ ਮਾਲਕ ਸੀ ਅਤੇ ਸਭ ਤੋਂ ਪਹਿਲਾਂ ਉਸੇ ਨੇ ਹੀ ਬਪਤਿਸਮਾ ਲਿਆ। ਮੈਂ ਕੁਝ ਆਜ਼ਾਦ ਤਬੀਅਤ ਦਾ ਸੀ, ਪਰ 3 ਫਰਵਰੀ, 1936 ਨੂੰ ਮੈਂ ਵੀ ਬਪਤਿਸਮਾ ਲੈ ਲਿਆ। ਹੁਣ ਮੈਂ ਇਸ ਗੱਲ ਦੀ ਕਦਰ ਕਰਨ ਲੱਗ ਪਿਆ ਸੀ ਕਿ ਯਹੋਵਾਹ ਨੂੰ ਸਮਰਪਣ ਕਰਨ ਵਿਚ ਕੀ-ਕੀ ਸ਼ਾਮਲ ਸੀ ਅਤੇ ਮੈਂ ਯਹੋਵਾਹ ਦੇ ਨਿਰਦੇਸ਼ਨ ਨੂੰ ਸਵੀਕਾਰ ਕਰਨਾ ਵੀ ਸਿੱਖ ਰਿਹਾ ਸੀ। ਉਸੇ ਹੀ ਸਾਲ ਮੇਰੀਆਂ ਦੋਹਾਂ ਭੈਣਾਂ, ਕੈਥਰਨ ਅਤੇ ਗਰਟਰੂਡ ਨੇ ਵੀ ਬਪਤਿਸਮਾ ਲੈ ਲਿਆ। ਅਸੀਂ ਸਾਰਿਆਂ ਨੇ ਪਾਇਨੀਅਰਾਂ ਵਜੋਂ ਪੂਰਣ-ਕਾਲੀ ਸੇਵਕਾਈ ਸ਼ੁਰੂ ਕਰ ਦਿੱਤੀ।
ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਹੋਰ ਚੀਜ਼ ਬਾਰੇ ਸੋਚਦੇ ਹੀ ਨਹੀਂ ਸੀ। ਜਦੋਂ ਮੇਰੀ ਭਰਜਾਈ ਨੇ ਮੈਨੂੰ ਐਨ ਨਾਂ ਦੀ ਇਕ ਸੋਹਣੀ-ਸੁਣੱਖੀ ਕੁੜੀ ਬਾਰੇ ਦੱਸਿਆ, ਜਿਸ ਦੇ ਸੱਚਾਈ ਸਿੱਖਣ ਕਰਕੇ “ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ,” ਤੇ ਜੋ ਸਾਡੇ ਘਰ ਹੋਣ ਵਾਲੀ ਅਗਲੀ ਸਭਾ ਵਿਚ ਆਉਣ ਵਾਲੀ ਸੀ, ਤਾਂ ਇਹ ਸੁਣ ਕੇ ਮੇਰੇ ਕੰਨ ਖੜ੍ਹੇ ਹੋ ਗਏ। ਉਸ ਸਮੇਂ, ਐਨ ਸੈਕਟਰੀ ਵਜੋਂ ਇਕ ਕਾਨੂੰਨੀ ਵਿਭਾਗ ਵਿਚ ਕੰਮ ਕਰ ਰਹੀ ਸੀ ਤੇ ਉਸ ਨੇ ਇਕ ਸਾਲ ਦੇ ਵਿਚ-ਵਿਚ ਹੀ ਬਪਤਿਸਮਾ ਲੈ ਲਿਆ। ਮੈਂ ਵਿਆਹ ਬਾਰੇ ਅਜੇ ਕੁਝ ਸੋਚਿਆ ਨਹੀਂ ਸੀ ਪਰ ਇਹ ਸਪੱਸ਼ਟ ਨਜ਼ਰ ਆਉਂਦਾ ਸੀ ਕਿ ਐਨ ਦਾ ਪੂਰਾ ਧਿਆਨ ਸੱਚਾਈ ਵੱਲ ਸੀ। ਉਹ ਯਹੋਵਾਹ ਦੀ ਸੇਵਾ ਵਿਚ ਪੂਰੀ ਤਰ੍ਹਾਂ ਜੁੱਟ ਜਾਣਾ ਚਾਹੁੰਦੀ ਸੀ। ਉਹ ਇਹ ਕਦੇ ਵੀ ਨਹੀਂ ਸੀ ਕਹਿੰਦੀ, “ਕੀ ਮੈਂ ਇਹ ਕਰ ਸਕਦੀ ਹਾਂ?” ਇਸ ਦੀ ਬਜਾਇ ਉਹ ਪੁੱਛਦੀ, “ਇਸ ਨੂੰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?” ਤੇ ਉਹ ਉਸ ਕੰਮ ਨੂੰ ਪੂਰਾ ਕਰਨ ਦੀ ਠਾਣ ਲੈਂਦੀ ਸੀ। ਉਸ ਦੇ ਇਸ ਆਸ਼ਾਵਾਦੀ ਨਜ਼ਰੀਏ ਨੇ ਮੇਰਾ ਮਨ ਮੋਹ ਲਿਆ। ਨਾਲੇ ਉਹ ਸੋਹਣੀ ਵੀ ਬਹੁਤ ਸੀ ਅਤੇ ਅਜੇ ਤਕ ਵੀ ਸੋਹਣੀ ਹੈ। ਇਸ ਤਰ੍ਹਾਂ ਉਹ ਮੇਰੀ ਪਤਨੀ ਬਣ ਗਈ ਅਤੇ ਜਲਦੀ ਹੀ ਉਹ ਪਾਇਨੀਅਰ ਸੇਵਾ ਵਿਚ ਮੇਰੀ ਸਾਥਣ ਬਣ ਗਈ।
ਪਾਇਨੀਅਰਾਂ ਵਜੋਂ ਵਡਮੁੱਲੀ ਸਿਖਲਾਈ
ਪਾਇਨੀਅਰਾਂ ਵਜੋਂ ਅਸੀਂ ਇਸ ਗੱਲ ਦਾ ਰਾਜ਼ ਜਾਣਿਆ ਕਿ ਸਾਡੇ ਕੋਲ ਖਾਣ ਨੂੰ ਘੱਟ ਜਾਂ ਵੱਧ ਹੋਣ ਦੇ ਬਾਵਜੂਦ ਵੀ ਅਸੀਂ ਕਿਵੇਂ ਸੰਤੁਸ਼ਟ ਹੋਣਾ ਹੈ। (ਫ਼ਿਲਿੱਪੀਆਂ 4:11-13) ਇਕ ਦਿਨ ਸ਼ਾਮ ਨੂੰ ਸਾਡੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਸਾਡੇ ਕੋਲ ਕੁੱਲ ਮਿਲਾ ਕੇ ਸਿਰਫ਼ ਪੰਜ ਸੈਂਟ ਸਨ। ਅਸੀਂ ਇਕ ਮੀਟ ਦੀ ਦੁਕਾਨ ਤੇ ਗਏ ਤੇ ਮੈਂ ਉਸ ਦੁਕਾਨਦਾਰ ਨੂੰ ਕਿਹਾ, “ਕੀ ਤੁਸੀਂ ਸਾਨੂੰ ਚਾਰ ਸੈਂਟ ਦਾ ਬੋਲੋਨਯਾ ਸਾਸੇਜ ਦੇ ਸਕਦੇ ਹੋ?” ਉਸ ਨੇ ਸਾਡੇ ਵੱਲ ਦੇਖਿਆ ਤੇ ਸਾਨੂੰ ਚਾਰ ਟੁਕੜੇ ਕੱਟ ਕੇ ਦਿੱਤੇ। ਮੈਨੂੰ ਪੂਰਾ ਯਕੀਨ ਹੈ ਕਿ ਉਸ ਨੇ ਪੰਜ ਸੈਂਟ ਦੀ ਕੀਮਤ ਤੋਂ ਜ਼ਿਆਦਾ ਦੇ ਟੁਕੜੇ ਦਿੱਤੇ ਸਨ ਅਤੇ ਇਸ ਨੂੰ ਖਾਣ ਤੇ ਸਾਨੂੰ ਕੁਝ ਤਾਕਤ ਮਿਲੀ।
ਸੇਵਕਾਈ ਦੌਰਾਨ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਨਾ ਸਾਡੇ ਲਈ ਕੋਈ ਅਨੋਖੀ ਗੱਲ ਨਹੀਂ ਸੀ। ਇਕ ਦਿਨ ਨਿਊਯਾਰਕ ਵਿਚ ਸਿਰਾਕਿਊਸ ਨੇੜੇ ਇਕ ਸ਼ਹਿਰ ਵਿਚ, ਅਸੀਂ ਇਕ ਖ਼ਾਸ ਜਨਤਕ ਭਾਸ਼ਣ ਵੱਲ ਲੋਕਾਂ ਦਾ ਧਿਆਨ ਖਿੱਚਣ ਵਾਸਤੇ, ਗਲੇ ਵਿਚ ਇਸ਼ਤਿਹਾਰ ਦੀਆਂ ਤਖ਼ਤੀਆਂ ਪਾ ਕੇ ਸੜਕਾਂ ਤੇ ਨਿਮੰਤ੍ਰਣ ਪਰਚੇ ਵੰਡ ਰਹੇ ਸੀ। ਦੋ ਹੱਟੇ-ਕੱਟੇ ਆਦਮੀਆਂ ਨੇ ਮੈਨੂੰ ਫੜ ਲਿਆ ਤੇ ਹੱਥੋਂ-ਪਾਈ ਕਰਨ ਲੱਗੇ। ਉਨ੍ਹਾਂ ਵਿੱਚੋਂ ਇਕ ਪੁਲਸ ਅਫ਼ਸਰ ਸੀ, ਪਰ ਉਸ ਨੇ ਵਰਦੀ ਨਹੀਂ ਪਾਈ ਸੀ ਅਤੇ ਮੇਰੇ ਕਹਿਣ ਤੇ ਵੀ ਉਸ ਨੇ ਆਪਣਾ ਸ਼ਨਾਖਤੀ ਕਾਰਡ ਨਹੀਂ ਦਿਖਾਇਆ। ਉਸੇ ਵੇਲੇ, ਬਰੁਕਲਿਨ ਬੈਥਲ ਦੇ ਭਰਾ ਗ੍ਰਾਂਟ ਸੂਟਰ ਨੇੜੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਹੱਲ ਕਰਨ ਲਈ ਪੁਲਸ ਸਟੇਸ਼ਨ ਜਾਵਾਂਗੇ। ਫਿਰ ਉਸ ਨੇ ਬਰੁਕਲਿਨ ਵਿਚ ਸੋਸਾਇਟੀ ਦੇ ਦਫ਼ਤਰ ਫ਼ੋਨ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਟੈਸਟ ਕੇਸ ਤਿਆਰ ਕਰਨ ਲਈ ਉਸੇ ਦਿਨ ਦੁਬਾਰਾ ਇਸ਼ਤਿਹਾਰ ਦੀਆਂ ਤਖ਼ਤੀਆਂ ਗਲੇ ਵਿਚ ਪਾ ਕੇ ਨਿਮੰਤ੍ਰਣ ਪਰਚੇ ਵੰਡਣ ਲਈ ਕਿਹਾ। ਜਿਵੇਂ ਸਾਨੂੰ ਉਮੀਦ ਹੀ ਸੀ, ਸਾਨੂੰ ਗਿਰਫ਼ਤਾਰ ਕਰ ਲਿਆ ਗਿਆ। ਪਰ ਜਦੋਂ ਅਸੀਂ ਪੁਲਸ ਨੂੰ ਦੱਸਿਆ ਕਿ ਸਾਨੂੰ ਬਿਨਾਂ ਵਜ੍ਹਾ ਗਿਰਫ਼ਤਾਰ ਕਰਨ ਕਰਕੇ ਅਸੀਂ ਉਨ੍ਹਾਂ ਵਿਰੁੱਧ ਮੁਕੱਦਮਾ ਦਾਇਰ ਕਰਨ ਜਾ ਰਹੇ ਹਾਂ, ਤਾਂ ਇਹ ਸੁਣ ਕੇ ਉਨ੍ਹਾਂ ਨੇ ਸਾਨੂੰ ਰਿਹਾ ਕਰ ਦਿੱਤਾ।
ਅਗਲੇ ਦਿਨ ਕੁਝ ਸੜਕ-ਛਾਪ ਮੁੰਡਿਆਂ ਨੇ ਇਕ ਪਾਦਰੀ ਦੀ ਚੁੱਕ ਵਿਚ ਆ ਕੇ ਸਾਡੇ ਸੰਮੇਲਨ ਦੀ ਥਾਂ ਤੇ ਧਾਵਾ ਬੋਲ ਦਿੱਤਾ। ਉਸ ਵੇਲੇ ਪੁਲਸ ਕਿੱਧਰੇ ਵੀ ਨਜ਼ਰ ਨਹੀਂ ਆ ਰਹੀ ਸੀ। ਇਨ੍ਹਾਂ ਗੁੰਡਿਆਂ ਨੇ ਲੱਕੜ ਦੇ ਫ਼ਰਸ਼ ਨੂੰ ਬੱਲਿਆਂ ਨਾਲ ਜ਼ੋਰ-ਜ਼ੋਰ ਦੀ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਕਈ ਹਾਜ਼ਰੀਨਾਂ ਨੂੰ ਬੈਂਚਾਂ ਤੋਂ ਥੱਲੇ ਸੁੱਟ ਦਿੱਤਾ। ਉਸ ਤੋਂ ਬਾਅਦ ਉਹ ਮੰਚ ਉੱਤੇ ਚੜ੍ਹ ਗਏ ਅਤੇ ਅਮਰੀਕੀ ਝੰਡਾ ਉਤਾਹਾਂ ਚੁੱਕ ਕੇ ਉੱਚੀ-ਉੱਚੀ ਚਿਲਾਉਣ ਲੱਗੇ, “ਇਸ ਨੂੰ ਸਲਾਮ ਕਰੋ! ਸਲਾਮ ਕਰੋ!” ਉਸ ਤੋਂ ਬਾਅਦ ਉਨ੍ਹਾਂ ਨੇ “ਬੀਅਰ ਬੈਰਲ ਪੋਲਕਾ” ਨਾਮਕ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਭਾ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ। ਅਸੀਂ ਨਿੱਜੀ ਤੌਰ ਤੇ ਯਿਸੂ ਦੁਆਰਾ ਕਹੇ ਗਏ ਇਨ੍ਹਾਂ ਸ਼ਬਦਾਂ ਦੇ ਅਰਥਾਂ ਨੂੰ ਅਨੁਭਵ ਕਰ ਰਹੇ ਸੀ: “ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।”—ਯੂਹੰਨਾ 15:19.
ਅਸਲ ਵਿਚ ਜਨਤਕ ਭਾਸ਼ਣ ਜੇ. ਐੱਫ਼. ਰਦਰਫ਼ਰਡ ਦੇ ਭਾਸ਼ਣ ਦੀ ਰਿਕਾਰਡਿੰਗ ਸੀ, ਜਿਹੜੇ ਉਸ ਸਮੇਂ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਸਨ। ਐਨ ਅਤੇ ਮੈਂ ਉਸ ਸ਼ਹਿਰ ਵਿਚ ਕੁਝ ਦਿਨ ਰੁਕੇ ਅਤੇ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਭਾਸ਼ਣ ਸੁਣਾਉਣ ਦੀ ਪੇਸ਼ਕਸ਼ ਕੀਤੀ। ਕੁਝ ਲੋਕਾਂ ਨੇ ਇਸ ਪੇਸ਼ਕਸ਼ ਨੂੰ ਕਬੂਲ ਕਰ ਲਿਆ।
ਵਿਦੇਸ਼ ਵਿਚ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰਨਾ
ਕੁਝ ਸਮੇਂ ਬਾਅਦ, ਯਹੋਵਾਹ ਦੀ ਸੇਵਾ ਕਰਨ ਦੇ ਕਈ ਹੋਰ ਨਵੇਂ ਰਾਹ ਖੁੱਲ੍ਹ ਗਏ। ਮੇਰੇ ਭਰਾ ਰਸਲ ਅਤੇ ਉਨ੍ਹਾਂ ਦੀ ਪਤਨੀ ਡੌਰਥੀ, ਦੋਹਾਂ ਨੂੰ ਸੰਨ 1943 ਵਿਚ ਗਿਲਿਅਡ ਸਕੂਲ ਦੀ ਪਹਿਲੀ ਕਲਾਸ ਲਈ ਬੁਲਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਿਊਬਾ ਵਿਚ ਮਿਸ਼ਨਰੀਆਂ ਵਜੋਂ ਭੇਜਿਆ ਗਿਆ। ਮੇਰੀ ਭੈਣ ਕੈਥਰਨ ਗਿਲਿਅਡ ਦੀ ਚੌਥੀ ਕਲਾਸ ਵਿਚ ਸੀ। ਉਸ ਨੂੰ ਵੀ ਕਿਊਬਾ ਭੇਜਿਆ ਗਿਆ। ਬਾਅਦ ਵਿਚ ਉਸ ਨੂੰ ਡਮਿਨੀਕਨ ਗਣਰਾਜ ਅਤੇ ਉਸ ਤੋਂ ਬਾਅਦ ਪੋਰਟੋ ਰੀਕੋ ਭੇਜਿਆ ਗਿਆ। ਐਨ ਅਤੇ ਮੇਰੇ ਬਾਰੇ ਕੀ?
ਜਦੋਂ ਅਸੀਂ ਗਿਲਿਅਡ ਸਕੂਲ ਬਾਰੇ ਇਹ ਸੁਣਿਆ ਕਿ ਸੋਸਾਇਟੀ ਮਿਸ਼ਨਰੀਆਂ ਨੂੰ ਦੂਸਰੇ ਦੇਸ਼ਾਂ ਵਿਚ ਭੇਜਣਾ ਚਾਹੁੰਦੀ ਹੈ ਤਾਂ ਅਸੀਂ ਸੋਚਿਆ ਕਿ ਅਸੀਂ ਵੀ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਸੇਵਾ ਕਰਾਂਗੇ। ਪਹਿਲਾਂ ਅਸੀਂ ਆਪ ਹੀ ਮੈਕਸੀਕੋ ਜਾਣ ਦੀ ਸੋਚੀ। ਪਰ ਬਾਅਦ ਵਿਚ ਅਸੀਂ ਫ਼ੈਸਲਾ ਕੀਤਾ ਕਿ ਸ਼ਾਇਦ ਸਾਡੇ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇੰਤਜ਼ਾਰ ਕਰੀਏ ਤੇ ਦੇਖੀਏ ਕਿ ਗਿਲਿਅਡ ਸਕੂਲ ਤੋਂ ਬਾਅਦ ਸੋਸਾਇਟੀ ਸਾਨੂੰ ਕਿੱਥੇ ਨਿਯੁਕਤ ਕਰਦੀ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਯਹੋਵਾਹ ਇਸੇ ਜ਼ਰੀਏ ਨੂੰ ਇਸਤੇਮਾਲ ਕਰ ਰਿਹਾ ਸੀ।
ਸਾਨੂੰ ਗਿਲਿਅਡ ਸਕੂਲ ਦੀ ਚੌਥੀ ਕਲਾਸ ਲਈ ਬੁਲਾਇਆ ਗਿਆ ਸੀ। ਪਰ ਕਲਾਸ ਸ਼ੁਰੂ ਹੋਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ, ਭਰਾ ਐੱਨ. ਏਚ. ਨੌਰ ਜੋ ਉਸ ਵੇਲੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਸਨ, ਨੂੰ ਅਹਿਸਾਸ ਹੋਇਆ ਕਿ ਬਚਪਨ ਵਿਚ ਹੋਏ ਪੋਲੀਓ ਕਰਕੇ ਐਨ ਜ਼ਿਆਦਾ ਕੰਮ ਨਹੀਂ ਕਰ ਪਾਏਗੀ। ਉਨ੍ਹਾਂ ਨੇ ਇਸ ਬਾਰੇ ਮੇਰੇ ਨਾਲ ਗੱਲ-ਬਾਤ ਕੀਤੀ ਅਤੇ ਫ਼ੈਸਲਾ ਕੀਤਾ ਕਿ ਸਾਨੂੰ ਸੇਵਕਾਈ ਲਈ ਕਿਸੇ ਦੂਸਰੇ ਦੇਸ਼ ਵਿਚ ਭੇਜਣਾ ਅਕਲਮੰਦੀ ਨਹੀਂ ਹੋਵੇਗੀ।
ਲਗਭਗ ਦੋ ਸਾਲ ਬਾਅਦ, ਜਦੋਂ ਮੈਂ ਮਹਾਂ-ਸੰਮੇਲਨ ਦੀ ਤਿਆਰੀ ਕਰ ਰਿਹਾ ਸੀ ਤਾਂ ਭਰਾ ਨੌਰ ਨੇ ਦੁਬਾਰਾ ਮੈਨੂੰ ਦੇਖਿਆ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਅਸੀਂ ਅਜੇ ਵੀ ਗਿਲਿਅਡ ਸਕੂਲ ਵਿਚ ਹਾਜ਼ਰ ਹੋਣਾ ਚਾਹੁੰਦੇ ਹਾਂ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਕਿਸੇ ਦੂਸਰੇ ਦੇਸ਼ ਵਿਚ ਨਹੀਂ ਭੇਜਿਆ ਜਾਵੇਗਾ; ਅਸਲ ਵਿਚ ਉਨ੍ਹਾਂ ਨੇ ਸਾਡੇ ਬਾਰੇ ਕੁਝ ਹੋਰ ਹੀ ਸੋਚ ਰੱਖਿਆ ਸੀ। ਇਸ ਲਈ ਜਦੋਂ 26 ਫਰਵਰੀ, 1947 ਵਿਚ ਨੌਵੀਂ ਕਲਾਸ ਰਜਿਸਟਰ ਹੋਈ ਤਾਂ ਸਾਨੂੰ ਵੀ ਉਸ ਕਲਾਸ ਵਿਚ ਸ਼ਾਮਲ ਕਰ ਲਿਆ ਗਿਆ।
ਗਿਲਿਅਡ ਵਿਚ ਬਿਤਾਏ ਗਏ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਣਗੇ। ਅਸੀਂ ਉੱਥੇ ਅਧਿਆਤਮਿਕ ਤੌਰ ਤੇ ਬਹੁਮੁੱਲੀਆਂ ਗੱਲਾਂ ਸਿੱਖੀਆਂ। ਕਈ ਭੈਣ-ਭਰਾ ਸਾਡੇ ਉਮਰ ਭਰ ਦੇ ਦੋਸਤ-ਮਿੱਤਰ ਬਣੇ। ਪਰ ਇਸ ਸਕੂਲ ਨਾਲ ਮੇਰਾ ਸੰਬੰਧ ਅੱਗੇ ਜਾ ਕੇ ਵੀ ਬਣਿਆ ਰਿਹਾ।
ਵਾਸ਼ਿੰਗਟਨ ਤੋਂ ਗਿਲਿਅਡ ਲਈ ਆਉਣਾ-ਜਾਣਾ
ਗਿਲਿਅਡ ਸਕੂਲ ਉਦੋਂ ਅਜੇ ਨਵਾਂ-ਨਵਾਂ ਹੀ ਸ਼ੁਰੂ ਹੋਇਆ ਸੀ। ਅਮਰੀਕੀ ਸਰਕਾਰ ਇਸ ਸਕੂਲ ਦੇ ਉਦੇਸ਼ਾਂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਸੀ, ਇਸ ਲਈ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਸਨ। ਸੋਸਾਇਟੀ ਵਾਸ਼ਿੰਗਟਨ, ਡੀ.ਸੀ. ਵਿਚ ਆਪਣਾ ਇਕ ਨੁਮਾਇੰਦਾ ਚਾਹੁੰਦੀ ਸੀ। ਗਿਲਿਅਡ ਦੀ ਗ੍ਰੈਜੂਏਸ਼ਨ ਤੋਂ ਕੁਝ ਮਹੀਨਿਆਂ ਬਾਅਦ ਸਾਨੂੰ ਇੱਥੇ ਹੀ ਭੇਜਿਆ ਗਿਆ। ਮੇਰਾ ਕੰਮ ਦੂਸਰੇ ਦੇਸ਼ਾਂ ਤੋਂ ਗਿਲਿਅਡ ਸਕੂਲ ਲਈ ਬੁਲਾਏ ਗਏ ਵਿਦਿਆਰਥੀਆਂ ਲਈ ਵੀਜ਼ਾ ਪ੍ਰਾਪਤ ਕਰਨ ਅਤੇ ਗ੍ਰੈਜੂਏਟ ਭੈਣ-ਭਰਾਵਾਂ ਨੂੰ ਮਿਸ਼ਨਰੀ ਕੰਮ ਵਾਸਤੇ ਦੂਸਰੇ ਦੇਸ਼ਾਂ ਵਿਚ ਭੇਜਣ ਲਈ ਕਾਨੂੰਨੀ ਕਾਗਜ਼-ਪੱਤਰ ਪ੍ਰਾਪਤ ਕਰਨ ਵਿਚ ਮਦਦ ਕਰਨਾ ਸੀ। ਕੁਝ ਸਰਕਾਰੀ ਅਧਿਕਾਰੀ ਬੜੇ ਹੀ ਇਨਸਾਫ਼-ਪਸੰਦ ਅਤੇ ਮਦਦਗਾਰ ਸਨ। ਪਰ ਕਈ ਅਫ਼ਸਰ ਯਹੋਵਾਹ ਦੇ ਗਵਾਹਾਂ ਦੇ ਬਹੁਤ ਹੀ ਵਿਰੁੱਧ ਸਨ। ਕੁਝ ਕੱਟੜ ਰਾਜਨੀਤਿਕ ਵਿਚਾਰਾਂ ਵਾਲੇ ਅਫ਼ਸਰਾਂ ਨੇ ਇਹ ਦਾਅਵਾ ਕੀਤਾ ਕਿ ਸਾਡਾ ਸੰਬੰਧ ਉਨ੍ਹਾਂ ਸੰਗਠਨਾਂ ਨਾਲ ਸੀ ਜਿਹੜੇ ਉਨ੍ਹਾਂ ਦੇ ਵਿਚਾਰ ਵਿਚ ਖ਼ਤਰਨਾਕ ਸਨ।
ਜਦੋਂ ਮੈਂ ਇਕ ਵਿਅਕਤੀ ਦੇ ਦਫ਼ਤਰ ਵਿਚ ਗਿਆ, ਤਾਂ ਝੰਡੇ ਨੂੰ ਸਲਾਮੀ ਨਾ ਦੇਣ ਕਰਕੇ ਅਤੇ ਯੁੱਧ ਵਿਚ ਹਿੱਸਾ ਨਾ ਲੈਣ ਕਰਕੇ ਉਸ ਨੇ ਸਾਡੀ ਸਖ਼ਤ ਆਲੋਚਨਾ ਕੀਤੀ। ਉਸ ਵਿਅਕਤੀ ਦੇ ਕੁਝ ਸਮੇਂ ਉੱਚੀ-ਉੱਚੀ ਬੋਲਣ ਤੋਂ ਬਾਅਦ, ਅਖ਼ੀਰ ਮੈਂ ਕਿਹਾ: “ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅਤੇ ਤੁਸੀਂ ਜਾਣਦੇ ਵੀ ਹੋ ਕਿ ਯਹੋਵਾਹ ਦੇ ਗਵਾਹ ਸੰਸਾਰ ਵਿਚ ਕਿਸੇ ਤਰ੍ਹਾਂ ਦੀ ਲੜਾਈ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਸੰਸਾਰ ਦੇ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਉਨ੍ਹਾਂ ਦੀ ਰਾਜਨੀਤੀ ਅਤੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਬਿਲਕੁਲ ਨਿਰਪੱਖ ਹਾਂ। ਅਸੀਂ ਉਨ੍ਹਾਂ ਸਮੱਸਿਆਵਾਂ ਉੱਤੇ ਪਹਿਲਾਂ ਹੀ ਜਿੱਤ ਪ੍ਰਾਪਤ ਕਰ ਚੁੱਕੇ ਹਾਂ ਜਿਨ੍ਹਾਂ ਦਾ ਤੁਸੀਂ ਅਜੇ ਸਾਮ੍ਹਣਾ ਕਰ ਰਹੇ ਹੋ; ਸਾਡੇ ਸੰਗਠਨ ਵਿਚ ਏਕਤਾ ਹੈ। . . . ਹੁਣ, ਤੁਸੀਂ ਸਾਡੇ ਕੋਲੋਂ ਕੀ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੇ ਤਰੀਕੇ ਨੂੰ ਛੱਡ ਕੇ ਫਿਰ ਤੋਂ ਤੁਹਾਡੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਈਏ?” ਇਸ ਤੋਂ ਬਾਅਦ ਉਹ ਇਕ ਲਫ਼ਜ਼ ਵੀ ਨਾ ਬੋਲਿਆ।
ਹਫ਼ਤੇ ਵਿਚ ਦੋ ਦਿਨ ਅਸੀਂ ਸਰਕਾਰੀ ਦਫ਼ਤਰਾਂ ਨਾਲ ਸੰਬੰਧਿਤ ਕੰਮਾਂ ਵਾਸਤੇ ਅਲੱਗ ਰੱਖੇ ਹੋਏ ਸਨ। ਇਸ ਤੋਂ ਇਲਾਵਾ, ਅਸੀਂ ਵਿਸ਼ੇਸ਼ ਪਾਇਨੀਅਰਾਂ ਵਜੋਂ ਵੀ ਕੰਮ ਕਰ ਰਹੇ ਸਾਂ। ਉਸ ਸਮੇਂ, ਇਸ ਵਾਸਤੇ ਸਾਨੂੰ ਸੇਵਕਾਈ ਵਿਚ ਹਰ ਮਹੀਨੇ 175 ਘੰਟੇ ਬਿਤਾਉਣੇ ਪੈਂਦੇ ਸਨ (ਬਾਅਦ ਵਿਚ ਇਸ ਨੂੰ ਬਦਲ ਕੇ 140 ਘੰਟੇ ਕਰ ਦਿੱਤਾ ਗਿਆ ਸੀ), ਇਸ ਲਈ ਅਕਸਰ ਅਸੀਂ ਰਾਤ-ਰਾਤ ਤਕ ਸੇਵਕਾਈ ਵਿਚ ਲੱਗੇ ਰਹਿੰਦੇ ਸਾਂ। ਪਰ ਸਾਨੂੰ ਬਹੁਤ ਹੀ ਮਜ਼ਾ ਆਉਂਦਾ ਸੀ। ਅਸੀਂ ਕਈ ਪੂਰੇ-ਪੂਰੇ ਪਰਿਵਾਰਾਂ ਨਾਲ ਬਹੁਤ ਵਧੀਆ ਬਾਈਬਲ ਅਧਿਐਨ ਕਰਵਾਇਆ ਅਤੇ ਉਨ੍ਹਾਂ ਨੇ ਚੰਗੀ ਤਰੱਕੀ ਕੀਤੀ। ਮੈਂ ਅਤੇ ਐਨ ਨੇ ਬੱਚੇ ਪੈਦਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਅਧਿਆਤਮਿਕ ਤੌਰ ਤੇ ਕਿਹਾ ਜਾਵੇ ਤਾਂ ਸਾਡੇ ਸਿਰਫ਼ ਬੱਚੇ ਹੀ ਨਹੀਂ ਸਗੋਂ ਪੋਤੇ-ਪੋਤੀਆਂ ਅਤੇ ਪੜਪੋਤੇ-ਪੜਪੋਤੀਆਂ ਵੀ ਹਨ। ਉਨ੍ਹਾਂ ਨੂੰ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ!
ਸੰਨ 1948 ਦੇ ਅਖ਼ੀਰ ਵਿਚ, ਮੈਨੂੰ ਇਕ ਹੋਰ ਕਾਰਜ-ਨਿਯੁਕਤੀ ਮਿਲੀ। ਭਰਾ ਨੌਰ ਨੇ ਦੱਸਿਆ ਕਿ ਭਰਾ ਸ਼੍ਰੋਡਰ, ਜੋ ਰਜਿਸਟਰਾਰ ਅਤੇ ਗਿਲਿਅਡ ਸਕੂਲ ਦੇ ਇਕ ਸਿੱਖਿਅਕ ਸਨ, ਕਿਸੇ ਹੋਰ ਬਹੁਤ ਜ਼ਰੂਰੀ ਕੰਮ ਕਰਕੇ ਮਸ਼ਰੂਫ਼ ਹੋਣਗੇ, ਇਸ ਲਈ ਮੈਨੂੰ ਜ਼ਰੂਰਤ ਪੈਣ ਤੇ ਗਿਲਿਅਡ ਦੀਆਂ ਕੁਝ ਕਲਾਸਾਂ ਲੈਣ ਲਈ ਕਿਹਾ ਗਿਆ। ਮੈਂ ਡਰਦੇ-ਡਰਦੇ 18 ਦਸੰਬਰ ਨੂੰ ਐਨ ਨਾਲ ਸਾਉਥ ਲੈਂਸਿੰਗ, ਨਿਊਯਾਰਕ ਵਿਖੇ ਦੁਬਾਰਾ ਗਿਲਿਅਡ ਪਹੁੰਚਿਆ। ਪਹਿਲਾਂ ਤਾਂ ਅਸੀਂ ਗਿਲਿਅਡ ਵਿਚ ਕੁਝ ਹਫ਼ਤੇ ਰਹਿ ਕੇ ਵਾਸ਼ਿੰਗਟਨ ਵਾਪਸ ਚਲੇ ਜਾਂਦੇ ਸੀ। ਪਰ ਬਾਅਦ ਵਿਚ ਮੈਂ ਵਾਸ਼ਿੰਗਟਨ ਨਾਲੋਂ ਗਿਲਿਅਡ ਵਿਚ ਜ਼ਿਆਦਾ ਸਮਾਂ ਬਿਤਾਉਣ ਲੱਗਾ।
ਇਸੇ ਸਮੇਂ ਦੌਰਾਨ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਖੇ ਗਿਲਿਅਡ ਦੀ 21ਵੀਂ ਕਲਾਸ ਦੀ ਗ੍ਰੈਜੂਏਸ਼ਨ ਹੋਈ। ਗਿਲਿਅਡ ਸਕੂਲ ਵਿਚ ਇਕ ਸਿੱਖਿਅਕ ਹੋਣ ਦੇ ਨਾਤੇ, ਮੈਨੂੰ ਉਸ ਗ੍ਰੈਜੂਏਸ਼ਨ ਪ੍ਰੋਗਰਾਮ ਵਿਚ ਹਿੱਸਾ ਲੈਣ ਦਾ ਵਿਸ਼ੇਸ਼ ਸਨਮਾਨ ਮਿਲਿਆ।
ਵਿਸ਼ਵ ਮੁੱਖ ਦਫ਼ਤਰ ਵਿਚ ਸੇਵਾ
ਅਸੀਂ 12 ਫਰਵਰੀ, 1955 ਨੂੰ ਇਕ ਹੋਰ ਕਾਰਜ-ਨਿਯੁਕਤੀ ਸ਼ੁਰੂ ਕੀਤੀ। ਅਸੀਂ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਵਿਸ਼ਵ ਮੁੱਖ ਦਫ਼ਤਰ ਵਿਖੇ ਬੈਥਲ ਪਰਿਵਾਰ ਦੇ ਮੈਂਬਰ ਬਣੇ। ਪਰ ਇਸ ਵਿਚ ਕੀ ਕੁਝ ਸ਼ਾਮਲ ਸੀ? ਬੁਨਿਆਦੀ ਤੌਰ ਤੇ ਇਸ ਵਿਚ ਇਹ ਸ਼ਾਮਲ ਸੀ ਕਿ ਜੋ ਕੋਈ ਵੀ ਕੰਮ ਸਾਨੂੰ ਦਿੱਤਾ ਜਾਂਦਾ ਉਸ ਨੂੰ ਕਰਨ ਲਈ ਤਿਆਰ ਰਹਿਣਾ ਅਤੇ ਦੂਜਿਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣਾ। ਬੇਸ਼ੱਕ ਅਸੀਂ ਪਹਿਲਾਂ ਵੀ ਇਹ ਕੀਤਾ ਸੀ, ਪਰ ਹੁਣ ਅਸੀਂ ਇਕ ਬਹੁਤ ਹੀ ਵੱਡੇ ਗਰੁੱਪ ਦਾ ਹਿੱਸਾ ਬਣ ਗਏ ਸੀ—ਮੁੱਖ ਦਫ਼ਤਰ ਵਿਚ ਬੈਥਲ ਪਰਿਵਾਰ ਦਾ ਹਿੱਸਾ। ਅਸੀਂ ਇਸ ਨਵੀਂ ਕਾਰਜ-ਨਿਯੁਕਤੀ ਨੂੰ ਯਹੋਵਾਹ ਦਾ ਨਿਰਦੇਸ਼ਨ ਸਮਝ ਕੇ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ।
ਮੇਰਾ ਜ਼ਿਆਦਾਤਰ ਕੰਮ ਖ਼ਾਸ ਤੌਰ ਤੇ ਮੀਡੀਆ ਨਾਲ ਸੰਬੰਧਿਤ ਸੀ। ਸਨਸਨੀਖੇਜ਼ ਕਹਾਣੀਆਂ ਪ੍ਰਾਪਤ ਕਰਨ ਦੇ ਲਾਲਚ ਕਰਕੇ ਅਤੇ ਸਾਡੇ ਵਿਰੋਧੀਆਂ ਵੱਲੋਂ ਮਿਲੀ ਜਾਣਕਾਰੀ ਕਰਕੇ, ਅਖ਼ਬਾਰ ਨੇ ਯਹੋਵਾਹ ਦੇ ਗਵਾਹਾਂ ਬਾਰੇ ਕਾਫ਼ੀ ਅਪਮਾਨਜਨਕ ਗੱਲਾਂ ਛਾਪੀਆਂ ਸਨ। ਅਸੀਂ ਇਸ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ।
ਭਰਾ ਨੌਰ ਚਾਹੁੰਦੇ ਸਨ ਕਿ ਸਾਡੇ ਸਾਰਿਆਂ ਕੋਲ ਕਾਫ਼ੀ ਸਾਰਾ ਕੰਮ ਕਰਨ ਨੂੰ ਹੋਵੇ, ਇਸ ਲਈ ਉਨ੍ਹਾਂ ਨੇ ਸਾਨੂੰ ਹੋਰ ਵੀ ਕਈ ਕੰਮ ਦਿੱਤੇ। ਇਨ੍ਹਾਂ ਵਿੱਚੋਂ ਕੁਝ ਕੰਮਾਂ ਲਈ ਕਮਰਸ਼ਲ ਆਰਟਿਸਟ ਵਜੋਂ ਮੇਰੇ ਹੁਨਰ ਦੀ ਲੋੜ ਪਈ। ਦੂਸਰੇ ਕਈ ਕੰਮ ਸੋਸਾਇਟੀ ਦੇ ਰੇਡੀਓ ਸਟੇਸ਼ਨ ਡਬਲਯੂ. ਬੀ. ਬੀ. ਆਰ. ਨਾਲ ਸੰਬੰਧਿਤ ਸਨ। ਸੋਸਾਇਟੀ ਦੁਆਰਾ ਬਣਾਈਆਂ ਜਾ ਰਹੀਆਂ ਫ਼ਿਲਮਾਂ ਨਾਲ ਸੰਬੰਧਿਤ ਕੰਮ ਵੀ ਸੀ। ਪਰਮੇਸ਼ੁਰ ਦੇ ਲੋਕਾਂ ਦਾ ਇਤਿਹਾਸ ਪਹਿਲਾਂ ਗਿਲਿਅਡ ਵਿਚ ਤਾਂ ਸਿਖਾਇਆ ਜਾਂਦਾ ਹੀ ਸੀ, ਪਰ ਹੁਣ ਹੋਰ ਜ਼ਿਆਦਾ ਯਹੋਵਾਹ ਦੇ ਲੋਕਾਂ ਨੂੰ ਅਤੇ ਹੋਰ ਦੂਜੇ ਲੋਕਾਂ ਨੂੰ ਵੀ ਆਧੁਨਿਕ ਦੈਵਸ਼ਾਸਕੀ ਸੰਗਠਨ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਕਾਫ਼ੀ ਸਾਰੇ ਪ੍ਰਾਜੈਕਟ ਸ਼ੁਰੂ ਕੀਤੇ ਗਏ। ਗਿਲਿਅਡ ਸਕੂਲ ਵਿਚ ਭਾਸ਼ਣ ਦੇਣ ਦੀ ਕਲਾ ਵੀ ਸਿਖਾਈ ਜਾਂਦੀ ਸੀ, ਪਰ ਕਲੀਸਿਯਾਵਾਂ ਵਿਚ ਵੀ ਭਰਾਵਾਂ ਨੂੰ ਭਾਸ਼ਣ ਦੇਣ ਸੰਬੰਧੀ ਬੁਨਿਆਦੀ ਗੱਲਾਂ ਸਿਖਾਉਣ ਦਾ ਕਾਫ਼ੀ ਕੰਮ ਅਜੇ ਬਾਕੀ ਰਹਿੰਦਾ ਸੀ। ਇਸ ਤਰ੍ਹਾਂ ਸਾਡੇ ਕੋਲ ਕੰਮ ਦੀ ਘਾਟ ਨਹੀਂ ਸੀ।
ਗਿਲਿਅਡ ਵਿਚ ਨਿਯਮਿਤ ਤੌਰ ਤੇ ਸਿਖਾਉਣਾ
ਸੰਨ 1961 ਵਿਚ, ਜਦੋਂ ਸਫ਼ਰੀ ਨਿਗਾਹਬਾਨ ਅਤੇ ਸ਼ਾਖ਼ਾ ਅਮਲੇ ਦੀ ਸਿਖਲਾਈ ਸ਼ੁਰੂ ਹੋਣ ਵਾਲੀ ਸੀ, ਤਾਂ ਗਿਲਿਅਡ ਸਕੂਲ ਸਾਉਥ ਲੈਂਸਿੰਗ ਤੋਂ ਬਰੁਕਲਿਨ ਚਲਾ ਗਿਆ, ਜਿੱਥੇ ਵਾਚ ਟਾਵਰ ਸੋਸਾਇਟੀ ਦਾ ਮੁੱਖ ਦਫ਼ਤਰ ਹੈ। ਮੈਂ ਫਿਰ ਤੋਂ ਗਿਲਿਅਡ ਸਕੂਲ ਦੀਆਂ ਕਲਾਸਾਂ ਵਿਚ ਪੜ੍ਹਾਉਣਾ ਸ਼ੁਰੂ ਕੀਤਾ—ਇਸ ਵਾਰ ਥੋੜ੍ਹੇ ਸਮੇਂ ਲਈ ਨਹੀਂ ਬਲਕਿ ਸਕੂਲ ਦੇ ਇਕ ਪੱਕੇ ਮੈਂਬਰ ਵਜੋਂ। ਕਿੰਨਾ ਵੱਡਾ ਵਿਸ਼ੇਸ਼-ਸਨਮਾਨ! ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਮੰਨਦਾ ਹਾਂ ਕਿ ਗਿਲਿਅਡ ਸਕੂਲ ਯਹੋਵਾਹ ਵੱਲੋਂ ਦਿੱਤਾ ਗਿਆ ਇਕ ਤੋਹਫ਼ਾ ਹੈ, ਇਕ ਅਜਿਹਾ ਤੋਹਫ਼ਾ ਜੋ ਉਸ ਦੇ ਪੂਰੇ ਦ੍ਰਿਸ਼ਟ ਸੰਗਠਨ ਨੂੰ ਲਾਭ ਪਹੁੰਚਾਉਂਦਾ ਹੈ।
ਬਰੁਕਲਿਨ ਵਿਚ ਗਿਲਿਅਡ ਸਕੂਲ ਦੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਉਪਲਬਧ ਸਨ ਜਿਹੜੇ ਪਹਿਲਾਂ ਦੇ ਵਿਦਿਆਰਥੀਆਂ ਨੂੰ ਨਹੀਂ ਸਨ। ਇੱਥੇ ਬਾਹਰੋਂ ਆਏ ਕਈ ਭਾਸ਼ਣਕਾਰਾਂ ਨੂੰ ਸੁਣਨ ਦਾ ਮੌਕਾ ਮਿਲਦਾ ਸੀ, ਨਾਲੇ ਇੱਥੇ ਮੁੱਖ ਦਫ਼ਤਰ ਵਿਚ ਪ੍ਰਬੰਧਕ ਸਭਾ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਅਤੇ ਬੈਥਲ ਪਰਿਵਾਰ ਦੇ ਮੈਂਬਰਾਂ ਨਾਲ ਮੇਲ-ਜੋਲ ਕਰਨ ਦਾ ਵੀ ਮੌਕਾ ਮਿਲਦਾ ਸੀ। ਇਸ ਤੋਂ ਇਲਾਵਾ, ਵਿਦਿਆਰਥੀਆਂ ਲਈ ਦਫ਼ਤਰ ਦੇ ਕੰਮ-ਕਾਜ ਅਤੇ ਬੈਥਲ ਘਰ ਦੇ ਤੇ ਫੈਕਟਰੀ ਦੇ ਵੱਖੋ-ਵੱਖਰੇ ਕੰਮਾਂ ਵਿਚ ਸਿਖਲਾਈ ਲੈਣੀ ਵੀ ਸੰਭਵ ਸੀ।
ਸਾਲਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘਟਦੀ-ਵਧਦੀ ਰਹੀ ਅਤੇ ਇਸੇ ਤਰ੍ਹਾਂ ਸਿੱਖਿਅਕਾਂ ਦੀ ਗਿਣਤੀ ਵੀ ਘਟਦੀ-ਵਧਦੀ ਰਹੀ। ਸਕੂਲ ਦੀ ਥਾਂ ਵੀ ਕਈ ਵਾਰ ਬਦਲਦੀ ਰਹੀ। ਹੁਣ ਇਹ ਨਿਊਯਾਰਕ ਵਿਚ ਪੈਟਰਸਨ ਦੇ ਸੋਹਣੇ ਚੌਗਿਰਦੇ ਵਿਚ ਹੈ।
ਵਿਦਿਆਰਥੀਆਂ ਨੂੰ ਸਿਖਾਉਣਾ
ਇਨ੍ਹਾਂ ਕਲਾਸਾਂ ਨੂੰ ਸਿਖਾਉਣਾ ਕਿੰਨਾ ਆਨੰਦ ਭਰਿਆ ਸਮਾਂ ਰਿਹਾ ਹੈ! ਇਹ ਉਹ ਨੌਜਵਾਨ ਹਨ ਜਿਨ੍ਹਾਂ ਦੀ ਇਸ ਪੁਰਾਣੀ ਰੀਤੀ-ਵਿਵਸਥਾ ਦੇ ਕੰਮਾਂ-ਕਾਰਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਆਪਣੇ ਪਰਿਵਾਰ, ਆਪਣੇ ਦੋਸਤ-ਮਿੱਤਰ, ਆਪਣੇ ਘਰ ਅਤੇ ਆਪਣੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪਿੱਛੇ ਛੱਡ ਆਏ ਹਨ। ਉਨ੍ਹਾਂ ਲਈ ਪੌਣ-ਪਾਣੀ, ਖਾਣਾ-ਪੀਣਾ—ਸਭ ਕੁਝ ਵੱਖਰਾ ਹੋਵੇਗਾ। ਉਹ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਹੜੇ ਦੇਸ਼ ਵਿਚ ਭੇਜਿਆ ਜਾਵੇਗਾ, ਪਰ ਉਨ੍ਹਾਂ ਦਾ ਉਦੇਸ਼ ਮਿਸ਼ਨਰੀ ਬਣਨਾ ਹੈ। ਅਜਿਹੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਬਹੁਤੀ ਪ੍ਰੇਰਣਾ ਦੇਣ ਦੀ ਲੋੜ ਨਹੀਂ ਪੈਂਦੀ।
ਜਦੋਂ ਵੀ ਮੈਂ ਕਲਾਸ-ਰੂਮ ਵਿਚ ਜਾਂਦਾ ਸੀ ਤਾਂ ਮੇਰਾ ਇਹੀ ਉਦੇਸ਼ ਰਹਿੰਦਾ ਸੀ ਕਿ ਮੈਂ ਵਿਦਿਆਰਥੀਆਂ ਨੂੰ ਤਣਾਅ-ਰਹਿਤ ਕਰਾਂ। ਕਿਉਂਕਿ ਤਣਾਅ ਵਿਚ ਅਤੇ ਫ਼ਿਕਰਮੰਦ ਹੋ ਕੇ ਕੋਈ ਵੀ ਚੰਗੀ ਤਰ੍ਹਾਂ ਨਹੀਂ ਸਿੱਖ ਸਕਦਾ। ਬੇਸ਼ੱਕ, ਮੈਂ ਇਕ ਸਿੱਖਿਅਕ ਸੀ ਪਰ ਮੈਂ ਜਾਣਦਾ ਸੀ ਕਿ ਵਿਦਿਆਰਥੀ ਹੋਣ ਦਾ ਕੀ ਮਤਲਬ ਹੈ। ਕਿਉਂਕਿ ਮੈਂ ਵੀ ਕਦੀ ਇਕ ਵਿਦਿਆਰਥੀ ਰਹਿ ਚੁੱਕਾ ਸੀ। ਬੇਸ਼ੱਕ, ਉਨ੍ਹਾਂ ਨੇ ਗਿਲਿਅਡ ਵਿਚ ਬਹੁਤ ਮਿਹਨਤ ਕੀਤੀ ਅਤੇ ਬਹੁਤ ਕੁਝ ਸਿੱਖਿਆ, ਪਰ ਮੈਂ ਇਹ ਵੀ ਚਾਹੁੰਦਾ ਸੀ ਕਿ ਉਹ ਇਸ ਸਮੇਂ ਦਾ ਪੂਰਾ ਆਨੰਦ ਮਾਣਨ।
ਮੈਂ ਜਾਣਦਾ ਸੀ ਕਿ ਜਦੋਂ ਉਹ ਮਿਸ਼ਨਰੀਆਂ ਵਜੋਂ ਵੱਖੋ-ਵੱਖਰੇ ਦੇਸ਼ਾਂ ਵਿਚ ਜਾਣਗੇ ਤਾਂ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਕੁਝ ਚੀਜ਼ਾਂ ਦੀ ਲੋੜ ਹੋਵੇਗੀ। ਉਨ੍ਹਾਂ ਨੂੰ ਦ੍ਰਿੜ੍ਹ ਨਿਹਚਾ ਦੀ ਲੋੜ ਸੀ। ਉਨ੍ਹਾਂ ਨੂੰ ਨਿਮਰਤਾ ਦੀ ਲੋੜ ਸੀ—ਬਹੁਤ ਹੀ ਜ਼ਿਆਦਾ ਨਿਮਰਤਾ ਦੀ। ਉਨ੍ਹਾਂ ਨੂੰ ਦੂਜੇ ਲੋਕਾਂ ਨਾਲ ਚੰਗੇ-ਸੰਬੰਧ ਬਣਾਈ ਰੱਖਣਾ, ਵੱਖੋ-ਵੱਖਰੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲ਼ਣਾ ਅਤੇ ਪੂਰੀ ਤਰ੍ਹਾਂ ਦੂਸਰਿਆਂ ਨੂੰ ਮਾਫ਼ ਕਰਨਾ ਸਿੱਖਣ ਦੀ ਲੋੜ ਸੀ। ਉਨ੍ਹਾਂ ਨੂੰ ਆਤਮਾ ਦੇ ਫਲ ਲਗਾਤਾਰ ਵਿਕਸਿਤ ਕਰਦੇ ਰਹਿਣ ਦੀ ਲੋੜ ਸੀ। ਉਨ੍ਹਾਂ ਨੂੰ ਲੋਕਾਂ ਨਾਲ ਪਿਆਰ ਕਰਨ ਦੀ ਅਤੇ ਉਸ ਕੰਮ ਨਾਲ ਪਿਆਰ ਕਰਨ ਦੀ ਲੋੜ ਸੀ ਜਿਸ ਲਈ ਉਨ੍ਹਾਂ ਨੂੰ ਭੇਜਿਆ ਗਿਆ ਸੀ। ਇਨ੍ਹਾਂ ਹੀ ਗੱਲਾਂ ਬਾਰੇ ਮੈਂ ਗਿਲਿਅਡ ਦੇ ਵਿਦਿਆਰਥੀਆਂ ਨੂੰ ਹਮੇਸ਼ਾਂ ਯਾਦ ਦਿਲਾਉਣ ਦੀ ਕੋਸ਼ਿਸ਼ ਕਰਦਾ ਸੀ।
ਮੈਂ ਠੀਕ-ਠੀਕ ਇਹ ਤਾਂ ਨਹੀਂ ਜਾਣਦਾ ਕਿ ਮੈਂ ਕੁੱਲ ਕਿੰਨੇ ਵਿਦਿਆਰਥੀਆਂ ਨੂੰ ਸਿਖਾਇਆ। ਪਰ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਉਨ੍ਹਾਂ ਪ੍ਰਤੀ ਮੇਰੀਆਂ ਕੀ ਭਾਵਨਾਵਾਂ ਹਨ। ਕਲਾਸ ਵਿਚ ਉਨ੍ਹਾਂ ਨਾਲ ਪੰਜ ਮਹੀਨੇ ਬਿਤਾਉਣ ਤੋਂ ਬਾਅਦ, ਇਹ ਸੁਭਾਵਕ ਹੀ ਸੀ ਕਿ ਮੈਨੂੰ ਉਨ੍ਹਾਂ ਨਾਲ ਬਹੁਤ ਲਗਾਉ ਹੋ ਜਾਂਦਾ ਸੀ। ਫਿਰ ਜਦੋਂ ਮੈਂ ਉਨ੍ਹਾਂ ਨੂੰ ਗ੍ਰੈਜੂਏਸ਼ਨ ਦੇ ਦਿਨ, ਮੰਚ ਉੱਤੇ ਡਿਪਲੋਮਾ ਲੈਣ ਜਾਂਦੇ ਦੇਖਦਾ ਸੀ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ ਕਿ ਉਨ੍ਹਾਂ ਨੇ ਇਸ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਹੁਣ ਜਲਦੀ ਹੀ ਉਹ ਇੱਥੋਂ ਚਲੇ ਜਾਣਗੇ। ਉਨ੍ਹਾਂ ਦੇ ਜਾਣ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਮੇਰੇ ਆਪਣੇ ਪਰਿਵਾਰ ਦਾ ਕੋਈ ਮੈਂਬਰ ਜਾ ਰਿਹਾ ਹੋਵੇ। ਇਹੋ ਜਿਹੇ ਵਿਅਕਤੀਆਂ ਨਾਲ ਕੌਣ ਪਿਆਰ ਨਹੀਂ ਕਰੇਗਾ ਜੋ ਆਪਣਾ ਸਭ ਕੁਝ ਕੁਰਬਾਨ ਕਰ ਕੇ ਅਜਿਹਾ ਕੰਮ ਕਰਨ ਲਈ ਤਿਆਰ ਹਨ ਜੋ ਇਹ ਨੌਜਵਾਨ ਭੈਣ-ਭਰਾ ਕਰਨ ਜਾ ਰਹੇ ਸਨ?
ਸਾਲਾਂ ਬਾਅਦ, ਜਦੋਂ ਉਹ ਦੁਬਾਰਾ ਇੱਥੇ ਆਉਂਦੇ ਹਨ ਤੇ ਜਦੋਂ ਮੈਂ ਉਨ੍ਹਾਂ ਨੂੰ ਸੇਵਕਾਈ ਵਿਚ ਮਿਲੀਆਂ ਖ਼ੁਸ਼ੀਆਂ ਬਾਰੇ ਦੱਸਦੇ ਸੁਣਦਾ ਹਾਂ, ਤਾਂ ਮੈਂ ਜਾਣ ਜਾਂਦਾ ਹਾਂ ਕਿ ਉਹ ਅਜੇ ਵੀ ਆਪਣੇ ਉਸ ਕੰਮ ਨੂੰ ਕਰ ਰਹੇ ਹਨ ਜਿਸ ਦੀ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਸੀ। ਇਹ ਦੇਖ ਕੇ ਮੈਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਸੱਚ-ਮੁੱਚ ਮੈਨੂੰ ਦਿਲੋਂ ਖ਼ੁਸ਼ੀ ਮਹਿਸੂਸ ਹੁੰਦੀ ਹੈ।
ਭਵਿੱਖ ਵੱਲ ਦੇਖਣਾ
ਹੁਣ ਮੇਰੀ ਨਜ਼ਰ ਕਮਜ਼ੋਰ ਪੈ ਗਈ ਹੈ ਜਿਸ ਕਰਕੇ ਮੈਨੂੰ ਕਾਫ਼ੀ ਨਿਰਾਸ਼ਾ ਹੁੰਦੀ ਹੈ। ਹੁਣ ਮੈਂ ਗਿਲਿਅਡ ਦੀਆਂ ਕਲਾਸਾਂ ਨੂੰ ਸਿਖਾ ਨਹੀਂ ਸਕਦਾ। ਪਹਿਲਾਂ-ਪਹਿਲਾਂ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਮੇਰੇ ਲਈ ਬੜਾ ਹੀ ਔਖਾ ਸੀ, ਪਰ ਮੈਂ ਆਪਣੀ ਸਾਰੀ ਜ਼ਿੰਦਗੀ ਦੌਰਾਨ ਹਾਲਾਤਾਂ ਮੁਤਾਬਕ ਜੀਉਣਾ ਸਿੱਖ ਲਿਆ ਹੈ। ਮੈਂ ਅਕਸਰ ਪੌਲੁਸ ਰਸੂਲ ਅਤੇ ਉਸ ਦੇ ‘ਸਰੀਰ ਵਿੱਚ ਕੰਡੇ’ ਬਾਰੇ ਸੋਚਦਾ ਹਾਂ। ਤਿੰਨ ਵਾਰੀ ਪੌਲੁਸ ਨੇ ਇਸ ਦੁੱਖ ਤੋਂ ਰਾਹਤ ਪਾਉਣ ਲਈ ਬੇਨਤੀ ਕੀਤੀ, ਪਰ ਪ੍ਰਭੂ ਨੇ ਉਸ ਨੂੰ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” (2 ਕੁਰਿੰਥੀਆਂ 12:7-10) ਪੌਲੁਸ ਇਸ ਨੂੰ ਸਹਿਣ ਕਰਦਾ ਰਿਹਾ। ਜੇਕਰ ਉਹ ਸਹਿਣ ਕਰ ਸਕਦਾ ਹੈ ਤਾਂ ਮੈਨੂੰ ਵੀ ਸਹਿਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਸ਼ੱਕ, ਮੈਂ ਹੁਣ ਕਲਾਸਾਂ ਵਿਚ ਜਾ ਕੇ ਨਹੀਂ ਪੜ੍ਹਾਉਂਦਾ ਹਾਂ, ਪਰ ਮੈਂ ਇਸ ਗੱਲ ਲਈ ਧੰਨਵਾਦੀ ਹਾਂ ਕਿ ਮੈਂ ਵਿਦਿਆਰਥੀਆਂ ਨੂੰ ਹਰ ਦਿਨ ਆਉਂਦੇ-ਜਾਂਦੇ ਦੇਖ ਸਕਦਾ ਹਾਂ। ਕਈ ਵਾਰੀ ਉਨ੍ਹਾਂ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਦਾ ਹੈ ਅਤੇ ਜਦੋਂ ਮੈਂ ਉਨ੍ਹਾਂ ਦੀ ਚੰਗੀ ਮਨੋਬਿਰਤੀ ਬਾਰੇ ਸੋਚਦਾ ਹਾਂ, ਤਾਂ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਂਦਾ ਹੈ।
ਸਾਡਾ ਭਵਿੱਖ ਬਹੁਤ ਹੀ ਸ਼ਾਨਦਾਰ ਹੈ। ਇਸ ਦੀ ਨੀਂਹ ਹੁਣੇ ਤੋਂ ਰੱਖੀ ਜਾ ਰਹੀ ਹੈ। ਗਿਲਿਅਡ ਇਸ ਨੀਂਹ ਦਾ ਇਕ ਅਹਿਮ ਹਿੱਸਾ ਹੈ। ਵੱਡੀ ਬਿਪਤਾ ਤੋਂ ਬਾਅਦ, ਜਦੋਂ ਪਰਕਾਸ਼ ਦੀ ਪੋਥੀ 20:12 ਅਨੁਸਾਰ ਪੋਥੀਆਂ ਖੋਲ੍ਹੀਆਂ ਜਾਣਗੀਆਂ, ਤਾਂ ਉਦੋਂ ਹਜ਼ਾਰ ਵਰ੍ਹਿਆਂ ਦੌਰਾਨ ਯਹੋਵਾਹ ਦੇ ਰਾਹਾਂ ਬਾਰੇ ਹੋਰ ਵੀ ਜ਼ਿਆਦਾ ਸਿੱਖਿਆ ਦਿੱਤੀ ਜਾਵੇਗੀ। (ਯਸਾਯਾਹ 11:9) ਪਰ ਇੱਥੇ ਹੀ ਸਿੱਖਿਆ ਦਾ ਅੰਤ ਨਹੀਂ ਹੋਵੇਗਾ। ਅਸਲ ਵਿਚ ਇਹ ਸਿਰਫ਼ ਇਕ ਸ਼ੁਰੂਆਤ ਹੀ ਹੋਵੇਗੀ। ਸਦੀਵਤਾ ਤਕ, ਜਿਉਂ-ਜਿਉਂ ਯਹੋਵਾਹ ਸਾਨੂੰ ਆਪਣੇ ਉਦੇਸ਼ਾਂ ਬਾਰੇ ਦੱਸੇਗਾ, ਤਿਉਂ-ਤਿਉਂ ਯਹੋਵਾਹ ਦੇ ਬਾਰੇ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਅਤੇ ਕਰਨ ਨੂੰ ਹੋਵੇਗਾ। ਮੈਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਨੇ ਜਿਹੜੇ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਉਹ ਜ਼ਰੂਰ ਪੂਰਾ ਕਰੇਗਾ ਅਤੇ ਉਸ ਸਮੇਂ ਮੈਂ ਉੱਥੇ ਮੌਜੂਦ ਹੋਣਾ ਚਾਹੁੰਦਾ ਹਾਂ ਤਾਂਕਿ ਉਸ ਸਮੇਂ ਯਹੋਵਾਹ ਸਾਨੂੰ ਜਿਹੜੇ ਵੀ ਨਿਰਦੇਸ਼ਨ ਦੇਵੇ, ਉਨ੍ਹਾਂ ਨੂੰ ਸਵੀਕਾਰ ਕਰਨ ਦਾ ਮੈਨੂੰ ਵੀ ਮੌਕਾ ਮਿਲੇ।
[ਸਫ਼ੇ 26 ਉੱਤੇ ਤਸਵੀਰ]
ਸੰਨ 1953 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਗਿਲਿਅਡ ਗ੍ਰੈਜੂਏਸ਼ਨ
[ਸਫ਼ੇ 26 ਉੱਤੇ ਤਸਵੀਰ]
ਗਰਟਰੂਡ, ਮੈਂ, ਕੈਥਰਨ ਅਤੇ ਰਸਲ
[ਸਫ਼ੇ 26 ਉੱਤੇ ਤਸਵੀਰ]
ਐਨ. ਏਚ. ਨੌਰ ਨਾਲ (ਦੂਰ ਖੱਬੇ) ਅਤੇ ਐਮ. ਜੀ. ਹੈਨਸ਼ਲ ਨਾਲ ਮਹਾਂ-ਸੰਮੇਲਨ ਦਾ ਪ੍ਰਬੰਧ ਕਰਦੇ ਹੋਏ
[ਸਫ਼ੇ 26 ਉੱਤੇ ਤਸਵੀਰ]
ਡਬਲਯੂ. ਬੀ. ਬੀ. ਆਰ. ਦੇ ਪ੍ਰਸਾਰਣ ਸਟੂਡੀਓ ਵਿਚ
[ਸਫ਼ੇ 29 ਉੱਤੇ ਤਸਵੀਰ]
ਗਿਲਿਅਡ ਦੇ ਕਲਾਸ-ਰੂਮ ਵਿਚ
[ਸਫ਼ੇ 31 ਉੱਤੇ ਤਸਵੀਰ]
ਐਨ ਨਾਲ, ਥੋੜ੍ਹਾ ਹੀ ਸਮਾਂ ਪਹਿਲਾਂ