ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 9/1 ਸਫ਼ੇ 4-7
  • ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਤਾਨ ਦੀ ਭੂਮਿਕਾ
  • ਸ਼ਤਾਨ ਕਿਵੇਂ ਕੰਮ ਕਰਦਾ ਹੈ?
  • ਬੀਮਾਰੀ ਦੇ ਵੱਖ-ਵੱਖ ਕਾਰਨ
  • ਸਥਾਈ ਹੱਲ
  • ਬੀਮਾਰੀਆਂ ਦਾ ਭੇਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਅੱਯੂਬ ਦੀ ਵਫ਼ਾਦਾਰੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਤੁਸੀਂ ਇਕ ਅਤਿ ਮਹੱਤਵਪੂਰਣ ਵਾਦ-ਵਿਸ਼ੇ ਵਿਚ ਅੰਤਰਗ੍ਰਸਤ ਹੋ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 9/1 ਸਫ਼ੇ 4-7

ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ?

ਬੀਮਾਰੀ ਤਾਂ ਕਦੇ ਹੋਣੀ ਹੀ ਨਹੀਂ ਚਾਹੀਦੀ ਸੀ। ਪਰਮੇਸ਼ੁਰ ਨੇ ਸਾਨੂੰ ਸੰਪੂਰਣ ਸਿਹਤ ਵਿਚ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਸੀ। ਪਰ ਇਕ ਆਤਮਿਕ ਪ੍ਰਾਣੀ, ਸ਼ਤਾਨ ਨੇ ਮਨੁੱਖੀ ਪਰਿਵਾਰ ਨੂੰ ਬੀਮਾਰੀ, ਦੁੱਖ ਅਤੇ ਮੌਤ ਨਾਲ ਪੀੜਿਤ ਕੀਤਾ ਜਦੋਂ ਉਸ ਨੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਕੋਲੋਂ ਪਾਪ ਕਰਵਾਇਆ ਸੀ।—ਉਤਪਤ 3:1-5, 17-19; ਰੋਮੀਆਂ 5:12.

ਕੀ ਇਸ ਦਾ ਮਤਲਬ ਇਹ ਹੈ ਕਿ ਸਾਰੀਆਂ ਬੀਮਾਰੀਆਂ ਆਤਮਿਕ ਪ੍ਰਾਣੀਆਂ ਦੇ ਸਿੱਧੇ ਪ੍ਰਭਾਵ ਕਰਕੇ ਹੁੰਦੀਆਂ ਹਨ? ਜਿਵੇਂ ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ, ਬਹੁਤ ਸਾਰੇ ਲੋਕ ਅੱਜ ਇਸੇ ਤਰ੍ਹਾਂ ਸੋਚਦੇ ਹਨ। ਨੰਨ੍ਹੀ ਓਮਾਜੀ ਦੀ ਦਾਦੀ ਵੀ ਇਹੋ ਮੰਨਦੀ ਸੀ। ਪਰ ਕੀ ਓਮਾਜੀ ਨੂੰ ਦਸਤ ਦੀ ਬੀਮਾਰੀ—ਜੋ ਕਿ ਗਰਮ ਦੇਸ਼ਾਂ ਵਿਚ ਕਦੀ-ਕਦੀ ਛੋਟੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੀ ਹੈ—ਅਣਦੇਖੀਆਂ ਆਤਮਾਵਾਂ ਦੇ ਕਾਰਨ ਲੱਗੀ ਸੀ?

ਸ਼ਤਾਨ ਦੀ ਭੂਮਿਕਾ

ਬਾਈਬਲ ਇਸ ਦਾ ਸਾਫ਼-ਸਾਫ਼ ਜਵਾਬ ਦਿੰਦੀ ਹੈ। ਪਹਿਲਾ, ਇਹ ਦਿਖਾਉਂਦੀ ਹੈ ਕਿ ਸਾਡੇ ਪੂਰਵਜਾਂ ਦੀਆਂ ਆਤਮਾਵਾਂ ਜੀਉਂਦੇ ਇਨਸਾਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਹੀਂ ਕਰ ਸਕਦੀਆਂ। ਜਦੋਂ ਲੋਕ ਮਰਦੇ ਹਨ ਤਾਂ ਉਹ “ਕੁਝ ਵੀ ਨਹੀਂ ਜਾਣਦੇ।” ਮਰਨ ਤੋਂ ਬਾਅਦ ਉਨ੍ਹਾਂ ਦੀਆਂ ਆਤਮਾਵਾਂ ਜੀਉਂਦੀਆਂ ਨਹੀਂ ਰਹਿੰਦੀਆਂ। ਉਹ ਕਬਰ ਵਿਚ ਸੁੱਤੇ ਪਏ ਹਨ, ਜਿੱਥੇ ਨਾ “ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10) ਮਰੇ ਹੋਏ ਕਿਸੇ ਵੀ ਤਰੀਕੇ ਨਾਲ ਜੀਉਂਦਿਆਂ ਨੂੰ ਬੀਮਾਰ ਨਹੀਂ ਕਰ ਸਕਦੇ!

ਫਿਰ ਵੀ, ਬਾਈਬਲ ਦਿਖਾਉਂਦੀ ਹੈ ਕਿ ਦੁਸ਼ਟ ਆਤਮਾਵਾਂ ਹੋਂਦ ਵਿਚ ਹਨ। ਸਾਰੇ ਬ੍ਰਹਿਮੰਡ ਵਿਚ ਪਹਿਲਾ ਬਾਗ਼ੀ ਇਕ ਆਤਮਿਕ ਪ੍ਰਾਣੀ ਸੀ ਜੋ ਹੁਣ ਸ਼ਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੂਸਰੇ ਆਤਮਿਕ ਪ੍ਰਾਣੀ ਵੀ ਉਸ ਨਾਲ ਰਲ ਗਏ ਅਤੇ ਉਨ੍ਹਾਂ ਨੂੰ ਪਿਸ਼ਾਚ ਕਿਹਾ ਜਾਂਦਾ ਹੈ। ਕੀ ਸ਼ਤਾਨ ਅਤੇ ਪਿਸ਼ਾਚ ਲੋਕਾਂ ਨੂੰ ਬੀਮਾਰ ਕਰ ਸਕਦੇ ਹਨ? ਇਸ ਤਰ੍ਹਾਂ ਹੋ ਚੁੱਕਾ ਹੈ। ਯਿਸੂ ਵੱਲੋਂ ਕੀਤੇ ਗਏ ਕੁਝ ਚੰਗਾਈ ਦੇ ਚਮਤਕਾਰਾਂ ਵਿਚ ਪਿਸ਼ਾਚਾਂ ਨੂੰ ਕੱਢਣਾ ਵੀ ਸ਼ਾਮਲ ਸੀ। (ਲੂਕਾ 9:37-43; 13:10-16) ਪਰ ਯਿਸੂ ਨੇ ਜ਼ਿਆਦਾਤਰ ਉਨ੍ਹਾਂ ਬੀਮਾਰੀਆਂ ਨੂੰ ਚੰਗਾ ਕੀਤਾ ਸੀ, ਜਿਹੜੀਆਂ ਸਿੱਧੇ ਤੌਰ ਤੇ ਪਿਸ਼ਾਚਾਂ ਦੇ ਕਾਰਨ ਨਹੀਂ ਲੱਗੀਆਂ ਸਨ। (ਮੱਤੀ 12:15; 14:14; 19:2) ਉਸੇ ਤਰ੍ਹਾਂ ਅੱਜ ਵੀ ਆਮ ਕਰਕੇ ਬੀਮਾਰੀ ਕੁਦਰਤੀ ਕਾਰਨਾਂ ਕਰਕੇ ਹੁੰਦੀ ਹੈ, ਨਾ ਕਿ ਅਲੌਕਿਕ ਕਾਰਨਾਂ ਕਰਕੇ।

ਝਾੜਾ-ਫੂਕੀ ਬਾਰੇ ਕੀ? ਕਹਾਉਤਾਂ 18:10 ਸਾਨੂੰ ਯਕੀਨ ਦਿਵਾਉਂਦਾ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਯਾਕੂਬ 4:7 ਕਹਿੰਦਾ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” ਜੀ ਹਾਂ, ਪਰਮੇਸ਼ੁਰ ਆਪਣੇ ਵਫ਼ਾਦਾਰ ਲੋਕਾਂ ਨੂੰ ਝਾੜਾ-ਫੂਕੀ ਅਤੇ ਹੋਰ ਕਿਸੇ ਵੀ ਪ੍ਰਕਾਰ ਦੀ ਅਲੌਕਿਕ ਸ਼ਕਤੀ ਤੋਂ ਬਚਾ ਸਕਦਾ ਹੈ। ਜਦੋਂ ਯਿਸੂ ਨੇ ਕਿਹਾ ਕਿ “ਸਚਿਆਈ ਤੁਹਾਨੂੰ ਅਜ਼ਾਦ ਕਰੇਗੀ,” ਤਾਂ ਉਸ ਦਾ ਕਹਿਣ ਦਾ ਇਕ ਅਰਥ ਇਹੋ ਹੀ ਸੀ।—ਯੂਹੰਨਾ 8:32.

ਕੁਝ ਪੁੱਛ ਸਕਦੇ ਹਨ, ‘ਅੱਯੂਬ ਦੇ ਬਾਰੇ ਕੀ? ਕੀ ਉਸ ਨੂੰ ਦੁਸ਼ਟ ਆਤਮਾ ਨੇ ਬੀਮਾਰ ਨਹੀਂ ਕੀਤਾ ਸੀ?’ ਜੀ ਹਾਂ, ਬਾਈਬਲ ਕਹਿੰਦੀ ਹੈ ਕਿ ਅੱਯੂਬ ਦੀ ਬੀਮਾਰੀ ਦਾ ਕਾਰਨ ਸ਼ਤਾਨ ਸੀ। ਪਰ ਅੱਯੂਬ ਦਾ ਮਾਮਲਾ ਕੁਝ ਅਲੱਗ ਹੀ ਸੀ। ਅੱਯੂਬ ਨੂੰ ਲੰਮੇ ਸਮੇਂ ਤੋਂ ਪਿਸ਼ਾਚਾਂ ਦੇ ਸਿੱਧੇ ਹਮਲੇ ਤੋਂ ਪਰਮੇਸ਼ੁਰੀ ਸੁਰੱਖਿਆ ਮਿਲੀ ਹੋਈ ਸੀ। ਫਿਰ ਸ਼ਤਾਨ ਨੇ ਯਹੋਵਾਹ ਨੂੰ ਵੰਗਾਰਿਆ ਕਿ ਉਹ ਅੱਯੂਬ ਨੂੰ ਚੋਟ ਪਹੁੰਚਾਵੇ। ਕਿਉਂਕਿ ਇਸ ਵਿਚ ਵੱਡੇ ਵਾਦ-ਵਿਸ਼ੇ ਸ਼ਾਮਲ ਸਨ, ਯਹੋਵਾਹ ਨੇ ਇਸ ਇੱਕੋ ਹੀ ਮਾਮਲੇ ਵਿਚ ਆਪਣੇ ਉਪਾਸਕ ਤੋਂ ਥੋੜ੍ਹੇ ਸਮੇਂ ਲਈ ਆਪਣੀ ਛਤਰ-ਛਾਇਆ ਹਟਾ ਲਈ ਸੀ।

ਫਿਰ ਵੀ ਪਰਮੇਸ਼ੁਰ ਨੇ ਕੁਝ ਸੀਮਾਵਾਂ ਨਿਸ਼ਚਿਤ ਕੀਤੀਆਂ। ਜਦੋਂ ਪਰਮੇਸ਼ੁਰ ਨੇ ਅੱਯੂਬ ਨੂੰ ਦੁਖੀ ਕਰਨ ਲਈ ਸ਼ਤਾਨ ਨੂੰ ਇਜਾਜ਼ਤ ਦਿੱਤੀ, ਤਾਂ ਸ਼ਤਾਨ ਥੋੜ੍ਹੇ ਸਮੇਂ ਲਈ ਅੱਯੂਬ ਨੂੰ ਬੀਮਾਰ ਕਰ ਸਕਦਾ ਸੀ, ਪਰ ਉਹ ਉਸ ਨੂੰ ਮਾਰ ਨਹੀਂ ਸਕਦਾ ਸੀ। (ਅੱਯੂਬ 2:5, 6) ਆਖ਼ਰਕਾਰ, ਅੱਯੂਬ ਦੇ ਦੁੱਖਾਂ ਦਾ ਅੰਤ ਹੋਇਆ ਅਤੇ ਯਹੋਵਾਹ ਨੇ ਉਸ ਵੱਲੋਂ ਵਫ਼ਾਦਾਰੀ ਬਣਾਈ ਰੱਖਣ ਕਰਕੇ ਉਸ ਨੂੰ ਭਰਪੂਰ ਬਰਕਤਾਂ ਦਿੱਤੀਆਂ। (ਅੱਯੂਬ 42:10-17) ਅੱਯੂਬ ਦੀ ਵਫ਼ਾਦਾਰੀ ਨੇ ਜਿਨ੍ਹਾਂ ਸਿਧਾਂਤਾਂ ਨੂੰ ਸੱਚ ਸਾਬਤ ਕੀਤਾ, ਉਹ ਲੰਮੇ ਸਮੇਂ ਤੋਂ ਬਾਈਬਲ ਵਿਚ ਦਰਜ ਹਨ ਅਤੇ ਸਾਰਿਆਂ ਲਈ ਸਪੱਸ਼ਟ ਹਨ। ਇਸ ਲਈ, ਇਸ ਤਰ੍ਹਾਂ ਦੀ ਦੂਸਰੀ ਪ੍ਰੀਖਿਆ ਲੈਣ ਦੀ ਹੁਣ ਕੋਈ ਲੋੜ ਨਹੀਂ ਹੈ।

ਸ਼ਤਾਨ ਕਿਵੇਂ ਕੰਮ ਕਰਦਾ ਹੈ?

ਅਕਸਰ ਸ਼ਤਾਨ ਅਤੇ ਮਨੁੱਖੀ ਬੀਮਾਰੀ ਦੇ ਵਿਚਕਾਰ ਸਿਰਫ਼ ਇਹੀ ਸੰਬੰਧ ਹੁੰਦਾ ਹੈ ਕਿ ਸ਼ਤਾਨ ਨੇ ਪਹਿਲੇ ਮਨੁੱਖੀ ਜੋੜੇ ਨੂੰ ਪਾਪ ਕਰਨ ਲਈ ਉਕਸਾਇਆ ਸੀ। ਹਰੇਕ ਬੀਮਾਰੀ ਦਾ ਸਿੱਧਾ ਕਾਰਨ ਸ਼ਤਾਨ ਅਤੇ ਉਸ ਦੇ ਪਿਸ਼ਾਚ ਨਹੀਂ ਹਨ। ਪਰ ਸ਼ਤਾਨ ਸਾਡੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ ਕਿ ਅਸੀਂ ਗ਼ਲਤ ਫ਼ੈਸਲੇ ਕਰ ਕੇ ਆਪਣੀ ਨਿਹਚਾ ਦੇ ਵਿਰੁੱਧ ਜਾਈਏ। ਸਿੱਟੇ ਵਜੋਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਸ ਨੇ ਆਦਮ ਤੇ ਹੱਵਾਹ ਨੂੰ ਜਾਦੂ ਰਾਹੀਂ ਆਪਣੇ ਵੱਸ ਵਿਚ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦਾ ਕਤਲ ਕੀਤਾ ਜਾਂ ਉਨ੍ਹਾਂ ਤੇ ਕੋਈ ਬੀਮਾਰੀ ਲਿਆਂਦੀ। ਉਸ ਨੇ ਹੱਵਾਹ ਨੂੰ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਕਰਨ ਲਈ ਚਲਾਕੀ ਨਾਲ ਕਾਇਲ ਕੀਤਾ ਅਤੇ ਆਦਮ ਨੇ ਵੀ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਅਣਆਗਿਆਕਾਰੀ ਕੀਤੀ। ਬੀਮਾਰੀ ਅਤੇ ਮੌਤ ਇਸ ਅਣਆਗਿਆਕਾਰੀ ਦੇ ਨਤੀਜੇ ਸਨ।—ਰੋਮੀਆਂ 5:19.

ਇਕ ਵਾਰ ਮੋਆਬ ਦੇ ਰਾਜੇ ਨੇ ਬਿਲਆਮ ਨਾਮਕ ਇਕ ਵਿਸ਼ਵਾਸਘਾਤੀ ਨਬੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸਰਾਏਲ ਕੌਮ ਨੂੰ ਸਰਾਪ ਦੇਣ ਲਈ ਸੱਦਿਆ, ਕਿਉਂਕਿ ਇਸਰਾਏਲ ਕੌਮ ਮੋਆਬ ਦੀਆਂ ਸਰਹੱਦਾਂ ਉੱਤੇ ਡੇਰਾ ਲਾ ਕੇ ਮੋਆਬ ਦੇਸ਼ ਲਈ ਖ਼ਤਰਾ ਬਣ ਗਈ ਸੀ। ਬਿਲਆਮ ਨੇ ਇਸਰਾਏਲ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਹੋ ਗਿਆ, ਕਿਉਂਕਿ ਇਸ ਕੌਮ ਉੱਤੇ ਯਹੋਵਾਹ ਦੀ ਛਤਰ-ਛਾਇਆ ਸੀ। ਫਿਰ ਮੋਆਬੀਆਂ ਨੇ ਬੜੀ ਚਲਾਕੀ ਨਾਲ ਇਸਰਾਏਲੀਆਂ ਨੂੰ ਮੂਰਤੀ-ਪੂਜਾ ਅਤੇ ਜ਼ਨਾਹ ਕਰਨ ਵਾਸਤੇ ਲੁਭਾਉਣ ਦੀ ਕੋਸ਼ਿਸ਼ ਕੀਤੀ। ਇਹ ਚਾਲ ਕਾਮਯਾਬ ਰਹੀ ਤੇ ਯਹੋਵਾਹ ਨੇ ਇਸਰਾਏਲੀਆਂ ਉੱਤੋਂ ਆਪਣੀ ਛਤਰ-ਛਾਇਆ ਹਟਾ ਲਈ।—ਗਿਣਤੀ 22:5, 6, 12, 35; 24:10; 25:1-9; ਪਰਕਾਸ਼ ਦੀ ਪੋਥੀ 2:14.

ਅਸੀਂ ਇਸ ਪੁਰਾਣੀ ਘਟਨਾ ਤੋਂ ਇਕ ਮਹੱਤਵਪੂਰਣ ਸਬਕ ਸਿੱਖ ਸਕਦੇ ਹਾਂ। ਪਰਮੇਸ਼ੁਰ ਦੀ ਮਦਦ ਨਾਲ ਉਸ ਦੇ ਵਫ਼ਾਦਾਰ ਉਪਾਸਕ ਦੁਸ਼ਟ ਆਤਮਾਵਾਂ ਦੇ ਸਿੱਧੇ ਹਮਲੇ ਤੋਂ ਸੁਰੱਖਿਅਤ ਰਹਿੰਦੇ ਹਨ। ਪਰ ਸ਼ਤਾਨ ਲੋਕਾਂ ਨੂੰ ਉਨ੍ਹਾਂ ਦੀ ਨਿਹਚਾ ਦੇ ਵਿਰੁੱਧ ਕੰਮ ਕਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਹ ਉਨ੍ਹਾਂ ਨੂੰ ਅਨੈਤਿਕ ਕੰਮ ਕਰਨ ਲਈ ਲੁਭਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਜਾਂ ਇਕ ਦਹਾੜਦੇ ਸ਼ੇਰ ਵਾਂਗ, ਉਹ ਉਨ੍ਹਾਂ ਨੂੰ ਡਰਾ ਕੇ ਉਨ੍ਹਾਂ ਕੋਲੋਂ ਅਜਿਹੇ ਤਰੀਕੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਜਿਸ ਨਾਲ ਉਨ੍ਹਾਂ ਉੱਤੋਂ ਪਰਮੇਸ਼ੁਰ ਦੀ ਛਤਰ-ਛਾਇਆ ਹਟ ਜਾਵੇ। (1 ਪਤਰਸ 5:8) ਇਸ ਲਈ ਪੌਲੁਸ ਰਸੂਲ ਕਹਿੰਦਾ ਹੈ ਕਿ ਸ਼ਤਾਨ “ਦੇ ਵੱਸ ਵਿੱਚ ਮੌਤ ਹੈ।”—ਇਬਰਾਨੀਆਂ 2:14.

ਓਮਾਜੀ ਦੀ ਦਾਦੀ ਨੇ ਬੀਮਾਰੀ ਤੋਂ ਬਚਾਅ ਵਾਸਤੇ ਹਾਵਾ ਨੂੰ ਤਵੀਤਾਂ ਅਤੇ ਰੱਖਾਂ ਵਰਤਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਫਿਰ ਕੀ ਹੁੰਦਾ ਜੇ ਹਾਵਾ ਓਮਾਜੀ ਦੀ ਦਾਦੀ ਦੀ ਗੱਲ ਮੰਨ ਲੈਂਦੀ? ਉਹ ਯਹੋਵਾਹ ਪਰਮੇਸ਼ੁਰ ਵਿਚ ਆਪਣੇ ਪੂਰਣ ਭਰੋਸੇ ਦੀ ਕਮੀ ਦਿਖਾਉਂਦੀ ਅਤੇ ਫਿਰ ਉਹ ਯਹੋਵਾਹ ਦੀ ਛਤਰ-ਛਾਇਆ ਦੀ ਆਸ ਨਹੀਂ ਰੱਖ ਸਕਦੀ ਸੀ।—ਕੂਚ 20:5; ਮੱਤੀ 4:10; 1 ਕੁਰਿੰਥੀਆਂ 10:21.

ਸ਼ਤਾਨ ਨੇ ਅੱਯੂਬ ਨੂੰ ਵੀ ਇਸੇ ਤਰ੍ਹਾਂ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਯੂਬ ਦਾ ਪਰਿਵਾਰ, ਉਸ ਦੀ ਧਨ-ਦੌਲਤ ਅਤੇ ਉਸ ਦੀ ਸਿਹਤ ਖੋਹ ਲੈਣਾ ਹੀ ਸ਼ਤਾਨ ਲਈ ਕਾਫ਼ੀ ਨਹੀਂ ਸੀ। ਸਗੋਂ ਅੱਯੂਬ ਨੂੰ ਉਸ ਦੀ ਪਤਨੀ ਨੇ ਬੜੀ ਬੁਰੀ ਸਲਾਹ ਵੀ ਦਿੱਤੀ, ਜਦੋਂ ਉਸ ਨੇ ਕਿਹਾ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” (ਅੱਯੂਬ 2:9) ਫਿਰ ਉਸ ਦੇ ਤਿੰਨ “ਮਿੱਤਰ” ਉਸ ਕੋਲ ਆਏ, ਜਿਨ੍ਹਾਂ ਨੇ ਮਿਲ ਕੇ ਉਸ ਨੂੰ ਇਹ ਯਕੀਨ ਦਿਵਾਉਣ ਦਾ ਜਤਨ ਕੀਤਾ ਕਿ ਉਹ ਆਪਣੀ ਬੀਮਾਰੀ ਦਾ ਦੋਸ਼ੀ ਆਪ ਹੈ। (ਅੱਯੂਬ 19:1-3) ਇਸ ਤਰੀਕੇ ਨਾਲ ਸ਼ਤਾਨ ਨੇ ਅੱਯੂਬ ਦੀ ਕਮਜ਼ੋਰ ਹਾਲਤ ਦਾ ਫ਼ਾਇਦਾ ਉਠਾ ਕੇ ਉਸ ਦੇ ਹੌਸਲੇ ਨੂੰ ਢਾਹੁਣ ਅਤੇ ਯਹੋਵਾਹ ਦੀ ਧਾਰਮਿਕਤਾ ਵਿਚ ਉਸ ਦੇ ਵਿਸ਼ਵਾਸ ਨੂੰ ਡਾਵਾਂ-ਡੋਲ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ, ਅੱਯੂਬ ਨੇ ਆਪਣੇ ਇੱਕੋ-ਇਕ ਸਹਾਰੇ ਵਜੋਂ ਯਹੋਵਾਹ ਉੱਤੇ ਲਗਾਤਾਰ ਭਰੋਸਾ ਰੱਖਿਆ।—ਜ਼ਬੂਰ 55:22.

ਜਦੋਂ ਅਸੀਂ ਬੀਮਾਰ ਹੁੰਦੇ ਹਾਂ ਤਾਂ ਅਸੀਂ ਵੀ ਨਿਰਾਸ਼ ਹੋ ਸਕਦੇ ਹਾਂ। ਸ਼ਤਾਨ ਅਜਿਹੀ ਹਾਲਤ ਦਾ ਫ਼ੌਰਨ ਫ਼ਾਇਦਾ ਉਠਾ ਕੇ ਸਾਡੇ ਕੋਲੋਂ ਕੋਈ ਅਜਿਹਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਕਿ ਸਾਡੀ ਨਿਹਚਾ ਦੇ ਵਿਰੁੱਧ ਹੋਵੇ। ਇਸ ਲਈ ਜਦੋਂ ਬੀਮਾਰੀ ਆਉਂਦੀ ਹੈ ਤਾਂ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਸਾਡੇ ਦੁੱਖਾਂ ਦਾ ਮੂਲ ਕਾਰਨ ਜਨਮ ਤੋਂ ਮਿਲੀ ਅਪੂਰਣਤਾ ਹੈ ਨਾ ਕਿ ਕੋਈ ਅਲੌਕਿਕ ਪ੍ਰਭਾਵ। ਯਾਦ ਕਰੋ, ਵਫ਼ਾਦਾਰ ਇਸਹਾਕ ਆਪਣੀ ਮੌਤ ਤੋਂ ਕਈ ਸਾਲ ਪਹਿਲਾਂ ਅੰਨ੍ਹਾ ਹੋ ਗਿਆ ਸੀ। (ਉਤਪਤ 27:1) ਇਸ ਦਾ ਕਾਰਨ ਦੁਸ਼ਟ ਆਤਮਾਵਾਂ ਨਹੀਂ ਸਨ, ਸਗੋਂ ਬੁਢਾਪਾ ਸੀ। ਰਾਖੇਲ ਬੱਚੇ ਨੂੰ ਜਨਮ ਦਿੰਦੇ ਸਮੇਂ ਮਰ ਗਈ। ਉਹ ਸ਼ਤਾਨ ਦੇ ਕਾਰਨ ਨਹੀਂ, ਸਗੋਂ ਮਨੁੱਖੀ ਕਮਜ਼ੋਰੀ ਦੀ ਵਜ੍ਹਾ ਨਾਲ ਮਰੀ। (ਉਤਪਤ 35:17-19) ਪੁਰਾਣੇ ਜ਼ਮਾਨੇ ਦੇ ਸਾਰੇ ਵਫ਼ਾਦਾਰ ਲੋਕਾਂ ਦਾ ਅੰਤ ਮੌਤ ਹੀ ਸੀ—ਜਾਦੂ ਜਾਂ ਸਰਾਪਾਂ ਕਰਕੇ ਨਹੀਂ, ਬਲਕਿ ਜਨਮ ਤੋਂ ਮਿਲੀ ਅਪੂਰਣਤਾ ਕਰਕੇ।

ਇਹ ਸੋਚਣਾ ਕਿ ਸਾਨੂੰ ਹੋਣ ਵਾਲੀ ਹਰੇਕ ਬੀਮਾਰੀ ਉੱਤੇ ਅਣਦੇਖੀਆਂ ਆਤਮਾਵਾਂ ਦਾ ਸਿੱਧਾ ਪ੍ਰਭਾਵ ਹੈ, ਸਾਡੇ ਲਈ ਇਕ ਫੰਦਾ ਹੈ। ਇਹ ਸਾਡੇ ਵਿਚ ਆਤਮਾਵਾਂ ਦਾ ਖ਼ੌਫ਼ ਪੈਦਾ ਕਰ ਸਕਦਾ ਹੈ। ਫਿਰ ਜਦੋਂ ਅਸੀਂ ਬੀਮਾਰ ਹੁੰਦੇ ਹਾਂ ਤਾਂ ਅਸੀਂ ਸ਼ਾਇਦ ਪਿਸ਼ਾਚਾਂ ਤੋਂ ਦੂਰ ਰਹਿਣ ਦੀ ਬਜਾਇ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰੀਏ। ਜੇਕਰ ਅਸੀਂ ਸ਼ਤਾਨ ਤੋਂ ਡਰ ਕੇ ਜਾਦੂ-ਟੂਣਿਆਂ ਦਾ ਸਹਾਰਾ ਲੈਣ ਲੱਗ ਪਵਾਂਗੇ ਤਾਂ ਇਹ ਸੱਚੇ ਪਰਮੇਸ਼ੁਰ, ਯਹੋਵਾਹ ਨਾਲ ਵਿਸ਼ਵਾਸਘਾਤ ਹੋਵੇਗਾ। (2 ਕੁਰਿੰਥੀਆਂ 6:15) ਸਾਨੂੰ ਪਰਮੇਸ਼ੁਰ ਦੇ ਆਦਰਮਈ ਡਰ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ ਹੈ, ਨਾ ਕਿ ਉਸ ਦੇ ਵਿਰੋਧੀ ਦੇ ਅੰਧਵਿਸ਼ਵਾਸੀ ਡਰ ਦੁਆਰਾ।—ਪਰਕਾਸ਼ ਦੀ ਪੋਥੀ 14:7.

ਨੰਨ੍ਹੀ ਓਮਾਜੀ ਨੂੰ ਪਹਿਲਾਂ ਹੀ ਦੁਸ਼ਟ ਆਤਮਾਵਾਂ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਪ੍ਰਾਪਤ ਹੈ। ਪੌਲੁਸ ਰਸੂਲ ਅਨੁਸਾਰ ਓਮਾਜੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ “ਪਵਿੱਤਰ” ਹੈ, ਕਿਉਂਕਿ ਉਸ ਦੀ ਮਾਂ ਵਿਸ਼ਵਾਸੀ ਹੈ। ਉਸ ਦੀ ਮਾਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੀ ਹੈ ਕਿ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਰਾਹੀਂ ਉਸ ਦੀ ਧੀ ਦੀ ਰੱਖਿਆ ਕਰੇ। (1 ਕੁਰਿੰਥੀਆਂ 7:14) ਅਜਿਹਾ ਸੱਚਾ ਗਿਆਨ ਹੋਣ ਨਾਲ, ਹਾਵਾ ਤਵੀਤਾਂ ਉੱਤੇ ਭਰੋਸਾ ਰੱਖਣ ਦੀ ਬਜਾਇ ਓਮਾਜੀ ਦਾ ਸਹੀ ਇਲਾਜ ਕਰਵਾ ਸਕੀ।

ਬੀਮਾਰੀ ਦੇ ਵੱਖ-ਵੱਖ ਕਾਰਨ

ਜ਼ਿਆਦਾਤਰ ਲੋਕ ਆਤਮਾਵਾਂ ਵਿਚ ਵਿਸ਼ਵਾਸ ਨਹੀਂ ਕਰਦੇ ਹਨ। ਜਦੋਂ ਉਹ ਬੀਮਾਰ ਹੁੰਦੇ ਹਨ, ਤਾਂ ਉਹ ਡਾਕਟਰ ਕੋਲ ਜਾਂਦੇ ਹਨ—ਜੇ ਉਨ੍ਹਾਂ ਕੋਲ ਪੈਸੇ ਹੋਣ। ਪਰ ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇਕ ਬੀਮਾਰ ਵਿਅਕਤੀ ਡਾਕਟਰ ਕੋਲ ਜਾ ਕੇ ਵੀ ਠੀਕ ਨਹੀਂ ਹੁੰਦਾ। ਡਾਕਟਰ ਚਮਤਕਾਰ ਨਹੀਂ ਕਰ ਸਕਦੇ। ਪਰ ਕਈ ਅੰਧਵਿਸ਼ਵਾਸੀ ਵਿਅਕਤੀ ਜੋ ਠੀਕ ਹੋ ਸਕਦੇ ਸਨ, ਉਹ ਡਾਕਟਰ ਕੋਲ ਉਦੋਂ ਜਾਂਦੇ ਹਨ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪਹਿਲਾਂ ਉਹ ਜਾਦੂ-ਟੂਣਿਆਂ ਰਾਹੀਂ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦੋਂ ਇਹ ਤਰੀਕੇ ਨਾਕਾਮ ਹੋ ਜਾਂਦੇ ਹਨ ਤਾਂ ਉਹ ਆਖ਼ਰੀ ਚਾਰੇ ਵਜੋਂ ਡਾਕਟਰ ਕੋਲ ਜਾਂਦੇ ਹਨ। ਇਸ ਤਰ੍ਹਾਂ ਕਈ ਲੋਕ ਬੇਵਜ੍ਹਾ ਹੀ ਮਰ ਜਾਂਦੇ ਹਨ।

ਦੂਸਰੇ ਅਗਿਆਨਤਾ ਕਰਕੇ ਬੇਵਕਤੀ ਮੌਤ ਮਰਦੇ ਹਨ। ਉਹ ਬੀਮਾਰੀ ਦੇ ਲੱਛਣਾਂ ਨੂੰ ਨਹੀਂ ਪਛਾਣਦੇ ਅਤੇ ਨਹੀਂ ਜਾਣਦੇ ਕਿ ਬੀਮਾਰੀ ਨੂੰ ਰੋਕਣ ਲਈ ਕਿਹੜੇ ਢੁਕਵੇਂ ਕਦਮ ਚੁੱਕਣੇ ਹਨ। ਗਿਆਨ ਹੋਣ ਨਾਲ ਅਸੀਂ ਬੇਲੋੜੇ ਦੁੱਖਾਂ ਤੋਂ ਬਚ ਸਕਦੇ ਹਾਂ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਅਨਪੜ੍ਹ ਮਾਵਾਂ ਨਾਲੋਂ ਪੜ੍ਹੀਆਂ-ਲਿਖੀਆਂ ਮਾਵਾਂ ਦੇ ਬੱਚੇ ਬੀਮਾਰੀਆਂ ਦੇ ਕਾਰਨ ਘੱਟ ਮਰਦੇ ਹਨ। ਜੀ ਹਾਂ, ਅਗਿਆਨਤਾ ਘਾਤਕ ਸਿੱਧ ਹੋ ਸਕਦੀ ਹੈ।

ਅਣਗਹਿਲੀ, ਬੀਮਾਰੀ ਦਾ ਇਕ ਹੋਰ ਕਾਰਨ ਹੈ। ਉਦਾਹਰਣ ਲਈ, ਕਈ ਲੋਕ ਇਸ ਲਈ ਬੀਮਾਰ ਹੁੰਦੇ ਹਨ ਕਿਉਂਕਿ ਉਹ ਆਪਣੇ ਭੋਜਨ ਤੇ ਮੱਖੀਆਂ ਵਗੈਰਾ ਨੂੰ ਆ ਕੇ ਬੈਠਣ ਦਿੰਦੇ ਹਨ ਜਾਂ ਕਈ ਲੋਕ ਭੋਜਨ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਨਹੀਂ ਧੋਂਦੇ ਹਨ। ਮਲੇਰੀਏ ਤੋਂ ਪ੍ਰਭਾਵਿਤ ਖੇਤਰਾਂ ਵਿਚ ਮੱਛਰਦਾਨੀ ਤੋਂ ਬਿਨਾਂ ਸੌਣਾ ਵੀ ਖ਼ਤਰਨਾਕ ਹੈ।a ਸਿਹਤ ਦੇ ਮਾਮਲੇ ਵਿਚ ਅਕਸਰ ਇਹ ਸੱਚ ਹੁੰਦਾ ਹੈ ਕਿ “ਇਲਾਜ ਨਾਲੋਂ ਬਚਾਅ ਹੀ ਵਧੀਆ ਹੈ।”

ਜ਼ਿੰਦਗੀ ਨੂੰ ਗ਼ਲਤ ਢੰਗ ਨਾਲ ਜੀਉਣ ਨਾਲ ਲੱਖਾਂ ਹੀ ਲੋਕ ਬੀਮਾਰ ਹੁੰਦੇ ਹਨ ਅਤੇ ਜਿਸ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਸ਼ਰਾਬਖ਼ੋਰੀ, ਬਦਚਲਣੀ, ਨਸ਼ਿਆਂ ਦੀ ਵਰਤੋਂ ਅਤੇ ਤਮਾਖੂ ਦੀ ਵਰਤੋਂ ਨੇ ਕਈਆਂ ਦੀ ਸਿਹਤ ਨੂੰ ਖ਼ਰਾਬ ਕਰ ਦਿੱਤਾ ਹੈ। ਜੇ ਇਕ ਵਿਅਕਤੀ ਇਨ੍ਹਾਂ ਬੁਰੀਆਂ ਆਦਤਾਂ ਕਰਕੇ ਬੀਮਾਰ ਪੈ ਜਾਂਦਾ ਹੈ, ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਨੇ ਉਸ ਉੱਤੇ ਜਾਦੂ ਕਰ ਦਿੱਤਾ ਜਾਂ ਕਿਸੇ ਦੁਸ਼ਟ ਆਤਮਾ ਨੇ ਉਸ ਉੱਤੇ ਹਮਲਾ ਕੀਤਾ ਹੈ? ਜੀ ਨਹੀਂ। ਉਹ ਆਪਣੀ ਬੀਮਾਰੀ ਲਈ ਆਪ ਦੋਸ਼ੀ ਹੈ। ਆਤਮਾਵਾਂ ਉੱਤੇ ਦੋਸ਼ ਲਾਉਣਾ, ਗ਼ਲਤ ਤਰੀਕੇ ਨਾਲ ਜ਼ਿੰਦਗੀ ਜੀਉਣ ਦੀ ਆਪਣੀ ਗ਼ਲਤੀ ਨੂੰ ਅਸਵੀਕਾਰ ਕਰਨਾ ਹੈ।

ਪਰ ਕੁਝ ਗੱਲਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ। ਉਦਾਹਰਣ ਲਈ, ਸਾਡੇ ਆਲੇ-ਦੁਆਲੇ ਰੋਗਾਣੂ ਅਤੇ ਪ੍ਰਦੂਸ਼ਣ ਫੈਲੇ ਹੋਏ ਹਨ, ਜਿਹੜੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ। ਓਮਾਜੀ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਉਸ ਦੀ ਮਾਂ ਨਹੀਂ ਜਾਣਦੀ ਸੀ ਕਿ ਓਮਾਜੀ ਦੀ ਦਸਤ ਦੀ ਬੀਮਾਰੀ ਦਾ ਕਾਰਨ ਕੀ ਸੀ। ਉਸ ਦੇ ਬੱਚੇ ਦੂਜਿਆਂ ਬੱਚਿਆਂ ਜਿੰਨਾ ਅਕਸਰ ਬੀਮਾਰ ਨਹੀਂ ਹੁੰਦੇ ਹਨ ਕਿਉਂਕਿ ਉਹ ਆਪਣੇ ਘਰ ਅਤੇ ਵਿਹੜੇ ਨੂੰ ਸਾਫ਼-ਸੁਥਰਾ ਰੱਖਦੀ ਹੈ ਅਤੇ ਭੋਜਨ ਤਿਆਰ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੇ ਹੱਥ ਧੋਂਦੀ ਹੈ। ਪਰ ਸਾਰੇ ਬੱਚੇ ਕਦੇ-ਨ-ਕਦੇ ਤਾਂ ਬੀਮਾਰ ਹੁੰਦੇ ਹੀ ਹਨ। ਦਸਤ ਦੀ ਬੀਮਾਰੀ ਕੁਝ 25 ਪ੍ਰਕਾਰ ਦੇ ਰੋਗਾਣੂਆਂ ਕਰਕੇ ਹੋ ਸਕਦੀ ਹੈ। ਇਸ ਲਈ ਸ਼ਾਇਦ ਇਹ ਕਦੀ ਵੀ ਨਾ ਪਤਾ ਲੱਗ ਸਕੇ ਕਿ ਓਮਾਜੀ ਦੀ ਬੀਮਾਰੀ ਕਿਹੜੇ ਰੋਗਾਣੂ ਕਰਕੇ ਹੋਈ ਸੀ।

ਸਥਾਈ ਹੱਲ

ਬੀਮਾਰੀ ਦਾ ਦੋਸ਼ੀ ਪਰਮੇਸ਼ੁਰ ਨਹੀਂ ਹੈ। “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਜੇਕਰ ਉਸ ਦੇ ਉਪਾਸਕਾਂ ਵਿੱਚੋਂ ਕੋਈ ਬੀਮਾਰ ਹੋ ਜਾਂਦਾ ਹੈ, ਤਾਂ ਯਹੋਵਾਹ ਅਧਿਆਤਮਿਕ ਤੌਰ ਤੇ ਉਸ ਨੂੰ ਸੰਭਾਲਦਾ ਹੈ। “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂਰ 41:3) ਜੀ ਹਾਂ, ਪਰਮੇਸ਼ੁਰ ਦਿਆਲੂ ਹੈ। ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ, ਨਾ ਕਿ ਸਾਡਾ ਨੁਕਸਾਨ।

ਅਸਲ ਵਿਚ, ਯਹੋਵਾਹ ਨੇ ਬੀਮਾਰੀ ਦਾ ਸਥਾਈ ਹੱਲ ਲੱਭਿਆ ਹੈ—ਯਿਸੂ ਦੀ ਮੌਤ ਅਤੇ ਪੁਨਰ-ਉਥਾਨ। ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਜ਼ਰੀਏ, ਧਰਮੀ ਲੋਕ ਆਪਣੀ ਪਾਪਮਈ ਹਾਲਤ ਤੋਂ ਮੁਕਤ ਕੀਤੇ ਜਾਣਗੇ ਅਤੇ ਆਖ਼ਰਕਾਰ ਫਿਰਦੌਸ ਵਰਗੀ ਧਰਤੀ ਉੱਤੇ ਸੰਪੂਰਣ ਸਿਹਤ ਅਤੇ ਸਦੀਪਕ ਜੀਵਨ ਹਾਸਲ ਕਰਨਗੇ। (ਮੱਤੀ 5:5; ਯੂਹੰਨਾ 3:16) ਯਿਸੂ ਦੇ ਚਮਤਕਾਰ ਉਸ ਅਸਲੀ ਚੰਗਾਈ ਦਾ ਪੂਰਵ-ਪਰਛਾਵਾਂ ਸਨ ਜੋ ਪਰਮੇਸ਼ੁਰ ਦੇ ਰਾਜ ਵਿਚ ਕੀਤੀ ਜਾਵੇਗੀ। ਪਰਮੇਸ਼ੁਰ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਵੀ ਖ਼ਤਮ ਕਰ ਦੇਵੇਗਾ। (ਰੋਮੀਆਂ 16:20) ਅਸਲ ਵਿਚ ਯਹੋਵਾਹ ਭਵਿੱਖ ਵਿਚ ਉਨ੍ਹਾਂ ਲੋਕਾਂ ਨੂੰ ਅਨੋਖੀਆਂ ਬਰਕਤਾਂ ਦੇਵੇਗਾ ਜੋ ਉਸ ਵਿਚ ਨਿਹਚਾ ਰੱਖਦੇ ਹਨ। ਸਾਨੂੰ ਸਿਰਫ਼ ਸਹਿਣਸ਼ੀਲ ਹੋਣ ਅਤੇ ਧੀਰਜ ਰੱਖਣ ਦੀ ਲੋੜ ਹੈ।

ਪਰ ਜਦੋਂ ਤਕ ਉਹ ਸਮਾਂ ਨਹੀਂ ਆਉਂਦਾ, ਪਰਮੇਸ਼ੁਰ ਬਾਈਬਲ ਦੇ ਰਾਹੀਂ ਅਤੇ ਆਪਣੇ ਵਫ਼ਾਦਾਰ ਉਪਾਸਕਾਂ ਦੇ ਵਿਸ਼ਵ-ਵਿਆਪੀ ਭਾਈਚਾਰੇ ਦੇ ਰਾਹੀਂ ਵਿਵਹਾਰਕ ਬੁੱਧੀ ਅਤੇ ਅਧਿਆਤਮਿਕ ਨਿਰਦੇਸ਼ਨ ਦੇ ਰਿਹਾ ਹੈ। ਉਹ ਸਾਨੂੰ ਦਿਖਾਉਂਦਾ ਹੈ ਕਿ ਅਸੀਂ ਕਿਵੇਂ ਉਨ੍ਹਾਂ ਬੁਰਾਈਆਂ ਤੋਂ ਬਚ ਸਕਦੇ ਹਾਂ ਜਿਨ੍ਹਾਂ ਕਾਰਨ ਇਹ ਬੀਮਾਰੀਆਂ ਹੁੰਦੀਆਂ ਹਨ। ਅਤੇ ਉਹ ਸਾਨੂੰ ਸੱਚੇ ਮਿੱਤਰ ਵੀ ਦਿੰਦਾ ਹੈ ਜੋ ਸਮੱਸਿਆਵਾਂ ਉੱਠਣ ਤੇ ਸਾਡੀ ਮਦਦ ਕਰਨਗੇ।

ਜ਼ਰਾ ਦੁਬਾਰਾ ਅੱਯੂਬ ਬਾਰੇ ਸੋਚੋ। ਜੇ ਅੱਯੂਬ ਕਿਸੇ ਝਾੜਾ-ਫੂਕੀ ਕਰਨ ਵਾਲੇ ਕੋਲ ਚਲੇ ਜਾਂਦਾ ਤਾਂ ਇਹ ਉਸ ਦੀ ਸਭ ਤੋਂ ਵੱਡੀ ਗ਼ਲਤੀ ਹੁੰਦੀ! ਇਸ ਤਰ੍ਹਾਂ ਕਰਨ ਨਾਲ ਉਸ ਉੱਤੋਂ ਪਰਮੇਸ਼ੁਰ ਦੀ ਛਤਰ-ਛਾਇਆ ਹਟ ਜਾਂਦੀ ਅਤੇ ਉਸ ਨੂੰ ਆਪਣੀ ਸਖ਼ਤ ਪ੍ਰੀਖਿਆ ਤੋਂ ਬਾਅਦ ਮਿਲਣ ਵਾਲੀਆਂ ਸਾਰੀਆਂ ਬਰਕਤਾਂ ਵੀ ਨਾ ਮਿਲਦੀਆਂ। ਜਿਵੇਂ ਪਰਮੇਸ਼ੁਰ ਅੱਯੂਬ ਨੂੰ ਨਹੀਂ ਭੁੱਲਿਆ, ਉਵੇਂ ਹੀ ਉਹ ਸਾਨੂੰ ਵੀ ਨਹੀਂ ਭੁੱਲੇਗਾ। ਚੇਲਾ ਯਾਕੂਬ ਕਹਿੰਦਾ ਹੈ: “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ।” (ਯਾਕੂਬ 5:11) ਜੇਕਰ ਅਸੀਂ ਹਾਰ ਨਾ ਮੰਨੀਏ, ਤਾਂ ਅਸੀਂ ਵੀ ਪਰਮੇਸ਼ੁਰ ਦੇ ਠਹਿਰਾਏ ਸਮੇਂ ਤੇ ਅਨੋਖੀਆਂ ਬਰਕਤਾਂ ਹਾਸਲ ਕਰਾਂਗੇ।

ਨੰਨ੍ਹੀ ਓਮਾਜੀ ਦਾ ਕੀ ਹੋਇਆ? ਉਸ ਦੀ ਮਾਂ ਨੂੰ ਪਹਿਰਾਬੁਰਜ ਦੇ ਨਾਲ ਦੇ ਰਸਾਲੇ ਜਾਗਰੂਕ ਬਣੋ! ਵਿਚ ਇਕ ਲੇਖ ਯਾਦ ਆਇਆ, ਜਿਸ ਵਿਚ ਖੰਡ ਤੇ ਲੂਣ ਦੇ ਘੋਲ ਨਾਲ ਸਰੀਰ ਵਿਚ ਪਾਣੀ ਦੀ ਘਾਟ ਪੂਰੀ ਕਰਨ ਦਾ ਉਪਾਅ (Oral Rehydration Therapy) ਦੱਸਿਆ ਗਿਆ ਸੀ।b ਉਸ ਨੇ ਇਸ ਵਿਚ ਦੱਸੀਆਂ ਹਿਦਾਇਤਾਂ ਅਨੁਸਾਰ ਓਮਾਜੀ ਦੇ ਪੀਣ ਲਈ ਖੰਡ ਤੇ ਲੂਣ ਦਾ ਘੋਲ ਤਿਆਰ ਕੀਤਾ। ਹੁਣ ਇਹ ਨੰਨ੍ਹੀ ਕੁੜੀ ਚੰਗੀ ਅਤੇ ਤੰਦਰੁਸਤ ਹੈ।

[ਫੁਟਨੋਟ]

a ਲਗਭਗ 50 ਕਰੋੜ ਵਿਅਕਤੀ ਮਲੇਰੀਏ ਤੋਂ ਪ੍ਰਭਾਵਿਤ ਹੁੰਦੇ ਹਨ। ਹਰ ਸਾਲ ਲਗਭਗ 20 ਲੱਖ ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫ਼ਰੀਕਾ ਵਿਚ ਹਨ, ਇਸ ਬੀਮਾਰੀ ਨਾਲ ਮਰਦੇ ਹਨ।

b 22 ਸਤੰਬਰ, 1985 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਸਫ਼ੇ 24-5 ਉੱਤੇ “ਇਕ ਜੀਵਨ-ਬਚਾਉ ਨਮਕੀਨ ਘੋਲ!” ਦੇਖੋ।

[ਸਫ਼ੇ 7 ਉੱਤੇ ਤਸਵੀਰ]

ਯਹੋਵਾਹ ਨੇ ਬੀਮਾਰੀਆਂ ਨੂੰ ਸਦਾ ਲਈ ਖ਼ਤਮ ਕਰਨ ਦਾ ਪ੍ਰਬੰਧ ਕੀਤਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ