ਨੌਜਵਾਨੋ—ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧੋ!
“ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।”—ਇਬਰਾਨੀਆਂ 5:14.
1, 2. (ੳ) ਪੁਰਾਣੇ ਸਮੇਂ ਵਿਚ ਅਫ਼ਸੁਸ ਦੇ ਮਸੀਹੀਆਂ ਦੇ ਹਾਲਾਤਾਂ ਦੀ ਤੁਲਨਾ ਵਿਚ ਅੱਜ ਸਾਡੇ ਹਾਲਾਤ ਕਿਸ ਤਰ੍ਹਾਂ ਦੇ ਹਨ? (ਅ) ਕਿਹੜੀਆਂ ਯੋਗਤਾਵਾਂ ਤੁਹਾਨੂੰ ਖ਼ਤਰੇ ਤੋਂ ਬਚਾ ਸਕਦੀਆਂ ਹਨ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹੋ?
“ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” (ਅਫ਼ਸੀਆਂ 5:15, 16) ਦੋ ਹਜ਼ਾਰ ਸਾਲ ਪਹਿਲਾਂ ਜਦੋਂ ਪੌਲੁਸ ਰਸੂਲ ਨੇ ਇਹ ਸ਼ਬਦ ਲਿਖੇ ਸਨ, ਉਦੋਂ ਤੋਂ ‘ਦੁਸ਼ਟ ਮਨੁੱਖ ਅਤੇ ਛਲੀਏ ਬੁਰੇ ਤੋਂ ਬੁਰੇ ਹੋ ਗਏ ਹਨ।’ ਅਸੀਂ “ਭੈੜੇ ਸਮੇਂ” ਵਿਚ ਜੀ ਰਹੇ ਹਾਂ ਜਾਂ ਜਿਵੇਂ ਇਕ ਹੋਰ ਅਨੁਵਾਦ ਕਹਿੰਦਾ ਹੈ, ਅਜਿਹੇ ਸਮੇਂ ਵਿਚ ਜਿਹੜੇ “ਖ਼ਤਰੇ ਭਰੇ” ਹਨ।—2 ਤਿਮੋਥਿਉਸ 3:1-5, 13; ਫ਼ਿਲਿਪਸ।
2 ਫਿਰ ਵੀ, ਤੁਸੀਂ ਆਪਣੇ ਵਿਚ “ਸਿਆਣਪ, . . . ਗਿਆਨ ਤੇ ਮੱਤ” ਪੈਦਾ ਕਰ ਕੇ ਆਪਣੇ ਰਾਹ ਵਿਚ ਛੁਪੇ ਖ਼ਤਰਿਆਂ ਤੋਂ ਬਚ ਸਕਦੇ ਹੋ। (ਕਹਾਉਤਾਂ 1:4) ਕਹਾਉਤਾਂ 2:10-12 ਕਹਿੰਦਾ ਹੈ: “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ, ਅਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਮਨੁੱਖਾਂ ਤੋਂ ਛੁਡਾਉਣ।” ਪਰ ਤੁਸੀਂ ਇਹ ਯੋਗਤਾਵਾਂ ਆਪਣੇ ਵਿਚ ਕਿਵੇਂ ਪੈਦਾ ਕਰ ਸਕਦੇ ਹੋ? ਇਬਰਾਨੀਆਂ 5:14 ਕਹਿੰਦਾ ਹੈ: “ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” ਠੀਕ ਜਿਵੇਂ ਕਿਸੇ ਵੀ ਹੁਨਰ ਨੂੰ ਸਿੱਖਣ ਲਈ ਸਿਖਲਾਈ ਲੈਣੀ ਪੈਂਦੀ ਹੈ, ਉਸੇ ਤਰ੍ਹਾਂ ਆਪਣੀਆਂ ਗਿਆਨ ਇੰਦਰੀਆਂ ਨੂੰ ਵਧੀਆ ਤਰੀਕੇ ਨਾਲ ਵਰਤਣ ਲਈ ਵੀ ਇਨ੍ਹਾਂ ਨੂੰ ਸਾਧਣ ਦੀ ਲੋੜ ਹੈ। ਪੌਲੁਸ ਨੇ ਇੱਥੇ ਜਿਹੜਾ ਯੂਨਾਨੀ ਸ਼ਬਦ ਪ੍ਰਯੋਗ ਕੀਤਾ ਹੈ, ਉਸ ਦਾ ਸ਼ਾਬਦਿਕ ਅਰਥ ਹੈ ‘ਜਿਮਨਾਸਟ ਵਾਂਗ ਸਾਧਿਆ ਹੋਇਆ।’ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣਾ ਕਿਵੇਂ ਸ਼ੁਰੂ ਕਰ ਸਕਦੇ ਹੋ?
ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣਾ
3. ਜਦੋਂ ਕੋਈ ਫ਼ੈਸਲਾ ਕਰਨ ਦੀ ਲੋੜ ਪੈਂਦੀ ਹੈ, ਤਾਂ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਪ੍ਰਯੋਗ ਕਰ ਸਕਦੇ ਹੋ?
3 ਧਿਆਨ ਦਿਓ ਕਿ ਤੁਹਾਡੀਆਂ ਗਿਆਨ ਇੰਦਰੀਆਂ—ਸਹੀ-ਗ਼ਲਤ ਵਿਚ ਫ਼ਰਕ ਦੇਖਣ ਦੀ ਤੁਹਾਡੀ ਯੋਗਤਾ—“ਅਭਿਆਸ ਨਾਲ” ਸਾਧੀਆਂ ਜਾਂਦੀਆਂ ਹਨ। ਜਦੋਂ ਤੁਸੀਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਅਟਕਲਪੱਚੂ ਲਾ ਕੇ, ਬਿਨਾਂ ਸੋਚੇ-ਸਮਝੇ ਕੋਈ ਕਦਮ ਚੁੱਕ ਕੇ ਜਾਂ ਦੂਸਰਿਆਂ ਪਿੱਛੇ ਲੱਗ ਕੇ ਤੁਸੀਂ ਸਹੀ ਫ਼ੈਸਲਾ ਨਹੀਂ ਕਰ ਸਕੋਗੇ। ਬੁੱਧੀਮਾਨੀ ਵਾਲਾ ਫ਼ੈਸਲਾ ਕਰਨ ਲਈ ਤੁਹਾਨੂੰ ਆਪਣੀਆਂ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰਨ ਦੀ ਲੋੜ ਹੈ। ਕਿਵੇਂ? ਸਭ ਤੋਂ ਪਹਿਲਾਂ, ਹਾਲਾਤ ਨੂੰ ਪੂਰੀ ਤਰ੍ਹਾਂ ਜਾਂਚੋ ਅਤੇ ਸਾਰੇ ਤੱਥ ਇਕੱਠੇ ਕਰੋ। ਜੇ ਜ਼ਰੂਰੀ ਹੋਵੇ ਤਾਂ ਸਵਾਲ ਪੁੱਛੋ। ਨਿਸ਼ਚਿਤ ਕਰੋ ਕਿ ਤੁਹਾਡੇ ਅੱਗੇ ਕਿਹੜੇ-ਕਿਹੜੇ ਰਾਹ ਖੁੱਲ੍ਹੇ ਹਨ। ਕਹਾਉਤਾਂ 13:16 ਕਹਿੰਦਾ ਹੈ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ।” ਫਿਰ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਕਿ ਇਸ ਮਾਮਲੇ ਵਿਚ ਬਾਈਬਲ ਦੇ ਕਿਹੜੇ ਨਿਯਮ ਜਾਂ ਸਿਧਾਂਤ ਲਾਗੂ ਹੁੰਦੇ ਹਨ। (ਕਹਾਉਤਾਂ 3:5) ਨਿਰਸੰਦੇਹ, ਇਸ ਤਰ੍ਹਾਂ ਕਰਨ ਲਈ ਤੁਹਾਡੇ ਕੋਲ ਬਾਈਬਲ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸੇ ਲਈ ਪੌਲੁਸ ਸਾਨੂੰ “ਅੰਨ” ਖਾਣ ਦੀ, ਅਰਥਾਤ ਸੱਚਾਈ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਬਾਰੇ ਸਿੱਖਣ ਦੀ ਸਲਾਹ ਦਿੰਦਾ ਹੈ।—ਅਫ਼ਸੀਆਂ 3:18.
4. ਪਰਮੇਸ਼ੁਰ ਦੇ ਸਿਧਾਂਤਾਂ ਦਾ ਗਿਆਨ ਹੋਣਾ ਕਿਉਂ ਜ਼ਰੂਰੀ ਹੈ?
4 ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅਪੂਰਣ ਹਾਂ ਅਤੇ ਸਾਡੇ ਵਿਚ ਪਾਪ ਕਰਨ ਦਾ ਝੁਕਾਅ ਰਹਿੰਦਾ ਹੈ। (ਉਤਪਤ 8:21; ਰੋਮੀਆਂ 5:12) “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ,” ਯਿਰਮਿਯਾਹ 17:9 ਕਹਿੰਦਾ ਹੈ। ਪਰਮੇਸ਼ੁਰੀ ਸਿਧਾਂਤਾਂ ਦੇ ਨਿਰਦੇਸ਼ਨ ਤੋਂ ਬਿਨਾਂ, ਅਸੀਂ ਕਿਸੇ ਗ਼ਲਤ ਕੰਮ ਨੂੰ ਸਹੀ ਕਹਿ ਕੇ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ—ਸਿਰਫ਼ ਇਸ ਲਈ ਕਿਉਂਕਿ ਸਾਡਾ ਸਰੀਰ ਗ਼ਲਤ ਕੰਮ ਕਰਨਾ ਚਾਹੁੰਦਾ ਹੈ। (ਯਸਾਯਾਹ 5:20 ਦੀ ਤੁਲਨਾ ਕਰੋ।) ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ। ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਏਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ।”—ਜ਼ਬੂਰ 119:9, 104.
5. (ੳ) ਕੁਝ ਨੌਜਵਾਨ ਗ਼ਲਤ ਰਾਹ ਉੱਤੇ ਕਿਉਂ ਲੱਗ ਜਾਂਦੇ ਹਨ? (ਅ) ਇਕ ਨੌਜਵਾਨ ਕੁੜੀ ਨੇ ਸੱਚਾਈ ਨੂੰ ਕਿਵੇਂ ਅਪਣਾਇਆ?
5 ਮਸੀਹੀ ਪਰਿਵਾਰਾਂ ਵਿਚ ਜੰਮੇ-ਪਲੇ ਕੁਝ ਨੌਜਵਾਨ ਕਿਉਂ ਗ਼ਲਤ ਰਾਹ ਉੱਤੇ ਚੱਲਣ ਲੱਗ ਗਏ ਹਨ? ਕੀ ਇਹ ਇਸ ਕਰਕੇ ਤਾਂ ਨਹੀਂ ਕਿ ਇਨ੍ਹਾਂ ਨੇ ਕਦੀ ‘ਸਿਆਣਿਆ’ ਹੀ ਨਹੀਂ “ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ”? (ਰੋਮੀਆਂ 12:2) ਕੁਝ ਨੌਜਵਾਨ ਸ਼ਾਇਦ ਆਪਣੇ ਮਾਪਿਆਂ ਨਾਲ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ ਅਤੇ ਬਾਈਬਲ ਦੀਆਂ ਕੁਝ ਮੁਢਲੀਆਂ ਸੱਚਾਈਆਂ ਦੱਸ ਸਕਦੇ ਹਨ। ਪਰ ਜਦੋਂ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਦਾ ਸਬੂਤ ਦੇਣ ਜਾਂ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਨੂੰ ਸਮਝਾਉਣ ਲਈ ਕਿਹਾ ਜਾਂਦਾ ਹੈ, ਤਾਂ ਉਨ੍ਹਾਂ ਦਾ ਗਿਆਨ ਨਿਰਾਸ਼ਾਜਨਕ ਢੰਗ ਨਾਲ ਖੋਖਲਾ ਸਾਬਤ ਹੁੰਦਾ ਹੈ। ਅਜਿਹੇ ਨੌਜਵਾਨਾਂ ਨੂੰ ਆਸਾਨੀ ਨਾਲ ਗੁਮਰਾਹ ਕੀਤਾ ਜਾ ਸਕਦਾ ਹੈ। (ਅਫ਼ਸੀਆਂ 4:14) ਜੇ ਤੁਹਾਡੇ ਬਾਰੇ ਵੀ ਇਹ ਸੱਚ ਹੈ, ਤਾਂ ਕਿਉਂ ਨਾ ਤਬਦੀਲੀਆਂ ਕਰਨ ਦਾ ਇਰਾਦਾ ਕਰੋ? ਇਕ ਨੌਜਵਾਨ ਭੈਣ ਯਾਦ ਕਰਦੀ ਹੈ: “ਮੈਂ ਰਿਸਰਚ ਕੀਤੀ। ਮੈਂ ਆਪਣੇ ਆਪ ਤੋਂ ਪੁੱਛਿਆ, ‘ਮੈਂ ਕਿੱਦਾਂ ਮੰਨਾ ਕਿ ਇਹੋ ਸੱਚਾ ਧਰਮ ਹੈ? ਮੈਂ ਕਿੱਦਾਂ ਮੰਨਾ ਕਿ ਯਹੋਵਾਹ ਨਾਮਕ ਇਕ ਪਰਮੇਸ਼ੁਰ ਹੈ?’”a ਬਾਈਬਲ ਦੀ ਧਿਆਨ ਨਾਲ ਜਾਂਚ ਕਰਨ ਤੇ ਉਸ ਨੂੰ ਯਕੀਨ ਹੋ ਗਿਆ ਕਿ ਜੋ ਗੱਲਾਂ ਉਸ ਨੇ ਆਪਣੇ ਮਾਪਿਆਂ ਤੋਂ ਸਿੱਖੀਆਂ ਸਨ, ਉਹ ਅਸਲ ਵਿਚ ਸਹੀ ਹਨ!—ਰਸੂਲਾਂ ਦੇ ਕਰਤੱਬ 17:11 ਦੀ ਤੁਲਨਾ ਕਰੋ।
6. ਤੁਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹੋ ਕਿ “ਪਰਮੇਸ਼ੁਰ [ਯਹੋਵਾਹ] ਨੂੰ ਕੀ ਭਾਉਂਦਾ ਹੈ”?
6 ਯਹੋਵਾਹ ਦੇ ਸਿਧਾਂਤਾਂ ਦਾ ਕਾਫ਼ੀ ਗਿਆਨ ਹੋਣ ਕਰਕੇ, ਤੁਸੀਂ ਜ਼ਿਆਦਾ ਆਸਾਨੀ ਨਾਲ ਨਿਸ਼ਚਿਤ ਕਰ ਸਕੋਗੇ ਕਿ “ਪਰਮੇਸ਼ੁਰ ਨੂੰ ਕੀ ਭਾਉਂਦਾ ਹੈ।” (ਅਫ਼ਸੀਆਂ 5:10) ਪਰ ਉਦੋਂ ਕੀ ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਿਸੇ ਖ਼ਾਸ ਹਾਲਤ ਵਿਚ ਕਿਹੜਾ ਰਾਹ ਅਪਣਾਉਣਾ ਸਹੀ ਹੋਵੇਗਾ? ਅਗਵਾਈ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਜ਼ਬੂਰ 119:144) ਆਪਣੇ ਮਾਪਿਆਂ ਨਾਲ ਜਾਂ ਕਿਸੇ ਪਰਿਪੱਕ ਮਸੀਹੀ ਨਾਲ ਇਸ ਮਾਮਲੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋ। (ਕਹਾਉਤਾਂ 15:22; 27:17) ਬਾਈਬਲ ਅਤੇ ਵਾਚ ਟਾਵਰ ਦੇ ਸਾਹਿੱਤ ਵਿਚ ਰਿਸਰਚ ਕਰਨ ਨਾਲ ਵੀ ਲਾਭਦਾਇਕ ਸੇਧ ਮਿਲ ਸਕਦੀ ਹੈ। (ਕਹਾਉਤਾਂ 2:3-5) ਜਿੰਨਾ ਜ਼ਿਆਦਾ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰੋਗੇ, ਉਹ ਉੱਨੀਆਂ ਹੀ ਜ਼ਿਆਦਾ ਤੇਜ਼ ਹੋਣਗੀਆਂ।
ਮਨੋਰੰਜਨ ਦੇ ਮਾਮਲੇ ਵਿਚ ਸਮਝਦਾਰੀ ਦਿਖਾਉਣੀ
7, 8. (ੳ) ਪਾਰਟੀ ਵਿਚ ਜਾਣ ਜਾਂ ਨਾ ਜਾਣ ਬਾਰੇ ਫ਼ੈਸਲਾ ਕਰਨ ਵਿਚ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਪ੍ਰਯੋਗ ਕਰ ਸਕਦੇ ਹੋ? (ਅ) ਮਨੋਰੰਜਨ ਦੇ ਸੰਬੰਧ ਵਿਚ ਬਾਈਬਲ ਦਾ ਨਜ਼ਰੀਆ ਕੀ ਹੈ?
7 ਆਓ ਹੁਣ ਅਸੀਂ ਦੇਖੀਏ ਕਿ ਕੁਝ ਖ਼ਾਸ ਹਾਲਾਤਾਂ ਵਿਚ ਤੁਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਪ੍ਰਯੋਗ ਕਰ ਸਕਦੇ ਹੋ। ਉਦਾਹਰਣ ਲਈ, ਕਲਪਨਾ ਕਰੋ ਕਿ ਤੁਹਾਨੂੰ ਇਕ ਪਾਰਟੀ ਵਿਚ ਸੱਦਿਆ ਗਿਆ ਹੈ। ਤੁਹਾਨੂੰ ਸ਼ਾਇਦ ਸੱਦਾ-ਪੱਤਰ ਵੀ ਮਿਲਿਆ ਹੋਵੇ ਜਿਸ ਉੱਤੇ ਪਾਰਟੀ ਦੀ ਮਸ਼ਹੂਰੀ ਕੀਤੀ ਗਈ ਹੈ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਵਿਚ ਬਹੁਤ ਸਾਰੇ ਨੌਜਵਾਨ ਗਵਾਹ ਆਉਣਗੇ। ਪਰ ਖ਼ਰਚਾ ਪੂਰਾ ਕਰਨ ਲਈ ਪੈਸੇ ਇਕੱਠੇ ਕੀਤੇ ਜਾਣਗੇ। ਕੀ ਤੁਹਾਨੂੰ ਜਾਣਾ ਚਾਹੀਦਾ ਹੈ?
8 ਆਪਣੀਆਂ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰੋ। ਪਹਿਲਾਂ, ਪੂਰੀ ਜਾਣਕਾਰੀ ਹਾਸਲ ਕਰੋ। ਪਾਰਟੀ ਕਿੰਨੀ ਵੱਡੀ ਹੋਵੇਗੀ? ਕੌਣ-ਕੌਣ ਆਉਣਗੇ? ਇਹ ਕਦੋਂ ਸ਼ੁਰੂ ਹੋਵੇਗੀ? ਇਹ ਕਦੋਂ ਖ਼ਤਮ ਹੋਵੇਗੀ? ਇਸ ਵਿਚ ਕੀ-ਕੀ ਕੀਤਾ ਜਾਵੇਗਾ? ਇਸ ਦੀ ਨਿਗਰਾਨੀ ਕਿਵੇਂ ਕੀਤੀ ਜਾਵੇਗੀ? ਫਿਰ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ “ਪਾਰਟੀਆਂ” ਅਤੇ “ਮਨੋਰੰਜਨ” ਸਿਰਲੇਖਾਂ ਅਧੀਨ ਰਿਸਰਚ ਕਰੋ।b ਤੁਹਾਨੂੰ ਰਿਸਰਚ ਕਰਨ ਤੇ ਸ਼ਾਇਦ ਕੀ ਪਤਾ ਲੱਗੇ? ਇਕ ਗੱਲ ਇਹ ਕਿ ਯਹੋਵਾਹ ਆਨੰਦ ਮਨਾਉਣ ਲਈ ਕੀਤੀਆਂ ਗਈਆਂ ਪਾਰਟੀਆਂ ਨੂੰ ਨਿੰਦਦਾ ਨਹੀਂ ਹੈ। ਸਗੋਂ ਉਪਦੇਸ਼ਕ ਦੀ ਪੋਥੀ 8:15 ਕਹਿੰਦੀ ਹੈ ਕਿ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ “ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਅਨੰਦ ਰਹੇ।” ਅਤੇ ਯਿਸੂ ਮਸੀਹ ਵੀ ਦਾਅਵਤਾਂ ਵਿਚ ਅਤੇ ਘੱਟੋ-ਘੱਟ ਇਕ ਵਿਆਹ ਵਿਚ ਗਿਆ ਸੀ। (ਲੂਕਾ 5:27-29; ਯੂਹੰਨਾ 2:1-10) ਸੰਤੁਲਿਤ ਤਰੀਕੇ ਨਾਲ ਕੀਤੀਆਂ ਗਈਆਂ ਪਾਰਟੀਆਂ ਲਾਭਦਾਇਕ ਹੋ ਸਕਦੀਆਂ ਹਨ।
9, 10. (ੳ) ਕੁਝ ਪਾਰਟੀਆਂ ਵਿਚ ਕਿਹੜੇ ਖ਼ਤਰੇ ਹੋ ਸਕਦੇ ਹਨ? (ਅ) ਕਿਸੇ ਪਾਰਟੀ ਵਿਚ ਜਾਣ ਜਾਂ ਨਾ ਜਾਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ?
9 ਪਰੰਤੂ ਚੰਗੀ ਤਰ੍ਹਾਂ ਨਾਲ ਵਿਵਸਥਿਤ ਨਾ ਕੀਤੀਆਂ ਗਈਆਂ ਪਾਰਟੀਆਂ ਵਿਚ ਮੁਸੀਬਤ ਖੜ੍ਹੀ ਹੋ ਸਕਦੀ ਹੈ। 1 ਕੁਰਿੰਥੀਆਂ 10:8 ਵਿਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਗ਼ਲਤ ਲੋਕਾਂ ਨਾਲ ਸੰਗਤੀ ਕਰਨ ਕਰਕੇ ਵਿਸ਼ਵਾਸਘਾਤੀ ਇਸਰਾਏਲੀ ਹਰਾਮਕਾਰੀ ਵਿਚ ਪੈ ਗਏ ਅਤੇ “ਇੱਕੋ ਦਿਨ ਵਿੱਚ ਤੇਈ ਹਜ਼ਾਰ ਜਣਿਆਂ ਦੇ ਸੱਥਰ ਲੱਥੇ।” ਰੋਮੀਆਂ 13:13 ਵਿਚ ਇਕ ਹੋਰ ਗੰਭੀਰ ਚੇਤਾਵਨੀ ਦਿੱਤੀ ਗਈ ਹੈ: “ਭਲਮਣਸਊ ਨਾਲ ਚੱਲੀਏ ਜਿੱਕੁਰ ਦਿਨੇ ਚੱਲੀਦਾ ਹੈ, ਨਾ ਬਦਮਸਤੀਆਂ ਅਤੇ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਹਸਦ ਵਿੱਚ।” (1 ਪਤਰਸ 4:3 ਦੀ ਤੁਲਨਾ ਕਰੋ।) ਇਹ ਸੱਚ ਹੈ ਕਿ ਇਸ ਮਾਮਲੇ ਵਿਚ ਕੋਈ ਨਿਯਮ ਨਹੀਂ ਬਣਾਇਆ ਜਾ ਸਕਦਾ ਕਿ ਪਾਰਟੀ ਵਿਚ ਕਿੰਨੇ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ। ਪਰ ਤਜਰਬਾ ਦਿਖਾਉਂਦਾ ਹੈ ਕਿ ਪਾਰਟੀ ਜਿੰਨੀ ਵੱਡੀ ਹੋਵੇਗੀ, ਇਸ ਦੀ ਨਿਗਰਾਨੀ ਕਰਨੀ ਉੱਨੀ ਹੀ ਜ਼ਿਆਦਾ ਮੁਸ਼ਕਲ ਹੋਵੇਗੀ। ਛੋਟੀਆਂ ਅਤੇ ਚੰਗੇ ਤਰੀਕੇ ਨਾਲ ਵਿਵਸਥਿਤ ਕੀਤੀਆਂ ਪਾਰਟੀਆਂ ਦੇ “ਬੇਕਾਬੂ ਪਾਰਟੀਆਂ” ਵਿਚ ਬਦਲਣ ਦੀ ਸੰਭਾਵਨਾ ਘੱਟ ਹੁੰਦੀ ਹੈ।—ਗਲਾਤੀਆਂ 5:21, ਬਾਇੰਗਟਨ।
10 ਜਦੋਂ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਡੇ ਮਨ ਵਿਚ ਜ਼ਰੂਰ ਹੋਰ ਸਵਾਲ ਵੀ ਪੈਦਾ ਹੋਣਗੇ, ਜਿਵੇਂ: ਕੀ ਪਾਰਟੀ ਵਿਚ ਕੁਝ ਪਰਿਪੱਕ ਮਸੀਹੀ ਵੀ ਹੋਣਗੇ? ਅਸਲ ਵਿਚ ਕੌਣ ਇਸ ਦਾ ਖ਼ਰਚਾ ਚੁੱਕ ਰਿਹਾ ਹੈ? ਕੀ ਪਾਰਟੀ ਦਾ ਮਕਸਦ ਲਾਭਕਾਰੀ ਸੰਗਤੀ ਦਾ ਆਨੰਦ ਮਾਣਨਾ ਹੈ ਜਾਂ ਇਹ ਕਿਸੇ ਵਿਅਕਤੀ ਦੇ ਮਾਲੀ ਲਾਭ ਲਈ ਕੀਤੀ ਜਾ ਰਹੀ ਹੈ? ਕੀ ਕੋਈ ਬੰਦਸ਼ ਹੈ ਕਿ ਕੌਣ ਇਸ ਵਿਚ ਆ ਸਕਦਾ ਹੈ? ਜੇ ਪਾਰਟੀ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਹੈ, ਤਾਂ ਕੀ ਇਹ ਸਹੀ ਸਮੇਂ ਤੇ ਖ਼ਤਮ ਹੋਵੇਗੀ ਤਾਂਕਿ ਪਾਰਟੀ ਵਿਚ ਆਉਣ ਵਾਲੇ ਭੈਣ-ਭਰਾ ਅਗਲੇ ਦਿਨ ਮਸੀਹੀ ਸੇਵਕਾਈ ਵਿਚ ਹਿੱਸਾ ਲੈ ਸਕਣ? ਜੇ ਇਸ ਵਿਚ ਸੰਗੀਤ ਅਤੇ ਡਾਂਸ ਹੋਵੇਗਾ, ਤਾਂ ਕੀ ਇਹ ਮਸੀਹੀ ਮਿਆਰਾਂ ਦੇ ਅਨੁਸਾਰ ਹੋਵੇਗਾ? (2 ਕੁਰਿੰਥੀਆਂ 6:3) ਇਸ ਤਰ੍ਹਾਂ ਦੇ ਸਵਾਲ ਪੁੱਛਣੇ ਸ਼ਾਇਦ ਆਸਾਨ ਨਾ ਹੋਣ। ਪਰ ਕਹਾਉਤਾਂ 22:3 ਚੇਤਾਵਨੀ ਦਿੰਦਾ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” ਜੀ ਹਾਂ, ਆਪਣੀਆਂ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰ ਕੇ ਤੁਸੀਂ ਖ਼ਤਰਨਾਕ ਹਾਲਾਤਾਂ ਤੋਂ ਬਚ ਸਕਦੇ ਹੋ।
ਆਪਣੀ ਪੜ੍ਹਾਈ ਦੇ ਮਾਮਲੇ ਵਿਚ ਸਮਝਦਾਰੀ ਨਾਲ ਯੋਜਨਾ ਬਣਾਉਣੀ
11. ਆਪਣੇ ਭਵਿੱਖ ਬਾਰੇ ਯੋਜਨਾ ਬਣਾਉਂਦੇ ਸਮੇਂ ਨੌਜਵਾਨ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਪ੍ਰਯੋਗ ਕਰ ਸਕਦੇ ਹਨ?
11 ਬਾਈਬਲ ਕਹਿੰਦੀ ਹੈ ਕਿ ਭਵਿੱਖ ਲਈ ਯੋਜਨਾ ਬਣਾਉਣੀ ਬੁੱਧੀਮਾਨੀ ਦੀ ਗੱਲ ਹੈ। (ਕਹਾਉਤਾਂ 21:5) ਕੀ ਤੁਸੀਂ ਅਤੇ ਤੁਹਾਡੇ ਮਾਤਾ-ਪਿਤਾ ਨੇ ਤੁਹਾਡੇ ਭਵਿੱਖ ਬਾਰੇ ਚਰਚਾ ਕੀਤੀ ਹੈ? ਸ਼ਾਇਦ ਤੁਸੀਂ ਪਾਇਨੀਅਰ ਬਣ ਕੇ ਪੂਰਣ-ਕਾਲੀ ਸੇਵਾ ਕਰਨ ਦੀ ਸੋਚ ਰਹੇ ਹੋ। ਸੱਚ-ਮੁੱਚ ਪਾਇਨੀਅਰੀ ਨੂੰ ਛੱਡ ਹੋਰ ਕੋਈ ਕੰਮ ਤੁਹਾਨੂੰ ਇੰਨੀ ਜ਼ਿਆਦਾ ਖ਼ੁਸ਼ੀ ਨਹੀਂ ਦੇ ਸਕਦਾ। ਜੇ ਤੁਸੀਂ ਆਪਣੇ ਵਿਚ ਅਧਿਐਨ ਕਰਨ ਦੀਆਂ ਚੰਗੀਆਂ ਆਦਤਾਂ ਪੈਦਾ ਕਰ ਰਹੇ ਹੋ ਅਤੇ ਸੇਵਕਾਈ ਵਿਚ ਨਿਪੁੰਨਤਾ ਹਾਸਲ ਕਰ ਰਹੇ ਹੋ, ਤਾਂ ਤੁਸੀਂ ਇਸ ਦਿਲਚਸਪ ਕੰਮ ਲਈ ਤਿਆਰੀ ਕਰ ਰਹੇ ਹੋ। ਕੀ ਤੁਸੀਂ ਸੋਚਿਆ ਹੈ ਕਿ ਤੁਸੀਂ ਸੇਵਕਾਈ ਵਿਚ ਆਪਣਾ ਗੁਜ਼ਾਰਾ ਕਿਵੇਂ ਤੋਰੋਗੇ? ਜੇ ਭਵਿੱਖ ਵਿਚ ਤੁਸੀਂ ਬੱਚੇ ਪੈਦਾ ਕਰਨੇ ਚਾਹੋ, ਤਾਂ ਕੀ ਤੁਸੀਂ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਸੰਭਾਲ ਪਾਓਗੇ? ਅਜਿਹੇ ਮਾਮਲਿਆਂ ਬਾਰੇ ਸੋਚ-ਸਮਝ ਕੇ ਵਿਵਹਾਰਕ ਫ਼ੈਸਲੇ ਕਰਨ ਲਈ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰਨ ਦੀ ਲੋੜ ਹੈ।
12. (ੳ) ਕੁਝ ਪਰਿਵਾਰਾਂ ਨੇ ਬਦਲਦੇ ਆਰਥਿਕ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਕਿਵੇਂ ਢਾਲ਼ਿਆ ਹੈ? (ਅ) ਕੀ ਹੋਰ ਪੜ੍ਹਾਈ ਕਰਨ ਦਾ ਇਹ ਅਰਥ ਹੈ ਕਿ ਤੁਸੀਂ ਪਾਇਨੀਅਰ ਬਣਨ ਦਾ ਟੀਚਾ ਰੱਖ ਹੀ ਨਹੀਂ ਸਕਦੇ ਹੋ? ਸਮਝਾਓ।
12 ਅਜੇ ਵੀ ਕਈ ਦੇਸ਼ਾਂ ਵਿਚ ਕੰਮ ਕਰਦੇ ਹੋਏ ਕਿਸੇ ਹੁਨਰ ਜਾਂ ਪੇਸ਼ੇ ਦੀ ਸਿਖਲਾਈ ਲੈਣੀ ਸੰਭਵ ਹੈ। ਕਈ ਨੌਜਵਾਨ ਆਪਣਾ ਘਰ ਦਾ ਕਾਰੋਬਾਰ ਕਰਨਾ ਸਿੱਖਦੇ ਹਨ ਜਾਂ ਆਪਣੇ ਨਾਲੋਂ ਵੱਡੀ ਉਮਰ ਦੇ ਦੋਸਤਾਂ ਤੋਂ ਸਿਖਲਾਈ ਲੈਂਦੇ ਹਨ ਜਿਹੜੇ ਕਾਰੋਬਾਰ ਕਰਦੇ ਹਨ। ਦੂਸਰੇ ਸਕੂਲ ਵਿਚ ਕੋਈ ਕੋਰਸ ਕਰਦੇ ਹਨ ਜੋ ਬਾਅਦ ਵਿਚ ਰੋਜੀ-ਰੋਟੀ ਕਮਾਉਣ ਵਿਚ ਸਹਾਈ ਹੋਣਗੇ। ਜਿੱਥੇ ਅਜਿਹੇ ਮੌਕੇ ਨਹੀਂ ਮਿਲਦੇ, ਉੱਥੇ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮਾਪੇ ਸ਼ਾਇਦ ਹਾਈ ਸਕੂਲ ਦੀ ਪੜ੍ਹਾਈ ਤੋਂ ਬਾਅਦ ਆਪਣੇ ਬੱਚਿਆਂ ਲਈ ਵਾਧੂ ਸਿੱਖਿਆ ਲੈਣ ਦਾ ਪ੍ਰਬੰਧ ਕਰਨ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਅਤੇ ਖ਼ਾਸ ਕਰਕੇ ਲੰਮੇ ਸਮੇਂ ਲਈ ਪਾਇਨੀਅਰ ਸੇਵਾ ਕਰਨ ਦੇ ਯੋਗ ਹੋਣ ਲਈ ਇਸ ਤਰੀਕੇ ਨਾਲ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣ ਦੇ ਵਿਰੁੱਧ ਨਹੀਂ ਹੈ। (ਮੱਤੀ 6:33) ਅਤੇ ਹੋਰ ਪੜ੍ਹਾਈ ਕਰਨ ਦਾ ਇਹ ਅਰਥ ਨਹੀਂ ਕਿ ਤੁਸੀਂ ਪਾਇਨੀਅਰੀ ਨਹੀਂ ਕਰ ਸਕਦੇ ਹੋ। ਉਦਾਹਰਣ ਲਈ ਇਕ ਨੌਜਵਾਨ ਭੈਣ ਜਿਸ ਦੇ ਮਾਪੇ ਨਿਯਮਿਤ ਪਾਇਨੀਅਰ ਹਨ, ਲੰਮੇ ਸਮੇਂ ਤੋਂ ਪਾਇਨੀਅਰੀ ਕਰਨੀ ਚਾਹੁੰਦੀ ਸੀ। ਹਾਈ ਸਕੂਲ ਖ਼ਤਮ ਕਰਨ ਤੋਂ ਬਾਅਦ, ਉਸ ਦੇ ਮਾਪਿਆਂ ਨੇ ਉਸ ਲਈ ਹੋਰ ਜ਼ਿਆਦਾ ਪੜ੍ਹਾਈ ਕਰਨ ਦਾ ਪ੍ਰਬੰਧ ਕੀਤਾ। ਪੜ੍ਹਾਈ ਦੇ ਨਾਲ-ਨਾਲ ਉਹ ਪਾਇਨੀਅਰੀ ਕਰ ਸਕੀ ਅਤੇ ਹੁਣ ਉਸ ਕੋਲ ਅਜਿਹਾ ਹੁਨਰ ਹੈ ਜਿਸ ਦੁਆਰਾ ਉਹ ਪਾਇਨੀਅਰੀ ਕਰਦੇ ਹੋਏ ਆਪਣਾ ਗੁਜ਼ਾਰਾ ਤੋਰਦੀ ਹੈ।
13. ਹੋਰ ਪੜ੍ਹਾਈ ਕਰਨ ਬਾਰੇ ਪਰਿਵਾਰਾਂ ਨੂੰ ਕਿਵੇਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?
13 ਹੋਰ ਪੜ੍ਹਾਈ ਕਰਨ ਦੇ ਮਾਮਲੇ ਵਿਚ ਫ਼ੈਸਲਾ ਕਰਨਾ ਹਰੇਕ ਪਰਿਵਾਰ ਦਾ ਆਪਣਾ ਅਧਿਕਾਰ ਅਤੇ ਜ਼ਿੰਮੇਵਾਰੀ ਹੈ। ਜਦੋਂ ਕਾਫ਼ੀ ਸੋਚ-ਸਮਝ ਕੇ ਅਜਿਹੀ ਪੜ੍ਹਾਈ ਦੀ ਚੋਣ ਕੀਤੀ ਜਾਂਦੀ ਹੈ, ਤਾਂ ਇਹ ਤੁਹਾਡੇ ਲਈ ਸਹਾਈ ਹੋ ਸਕਦੀ ਹੈ। ਪਰ ਇਹ ਇਕ ਫੰਦਾ ਵੀ ਹੋ ਸਕਦੀ ਹੈ। ਜੇ ਤੁਸੀਂ ਅਜਿਹੀ ਪੜ੍ਹਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡਾ ਟੀਚਾ ਕੀ ਹੈ? ਕੀ ਤੁਸੀਂ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਆਦਰਯੋਗ ਤਰੀਕੇ ਨਾਲ ਸੰਭਾਲਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੁੰਦੇ ਹੋ? ਜਾਂ ਕੀ ਤੁਸੀਂ ‘ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦੇ ਹੋ?’ (ਯਿਰਮਿਯਾਹ 45:5; 2 ਥੱਸਲੁਨੀਕੀਆਂ 3:10; 1 ਤਿਮੋਥਿਉਸ 5:8; 6:9) ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਬਾਰੇ ਕੀ, ਜਿਸ ਲਈ ਸ਼ਾਇਦ ਹੋਸਟਲ ਵਿਚ ਰਹਿਣਾ ਪਵੇ? ਕੀ ਪੌਲੁਸ ਦੀ ਚੇਤਾਵਨੀ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ,” ਦੇ ਅਨੁਸਾਰ ਅਜਿਹਾ ਕਰਨਾ ਬੁੱਧੀਮਤਾ ਹੋਵੇਗੀ? (1 ਕੁਰਿੰਥੀਆਂ 15:33; 2 ਤਿਮੋਥਿਉਸ 2:22) ਇਹ ਵੀ ਯਾਦ ਰੱਖੋ ਕਿ “ਸਮਾ ਘਟਾਇਆ ਗਿਆ ਹੈ।” (1 ਕੁਰਿੰਥੀਆਂ 7:29) ਤੁਸੀਂ ਅਜਿਹੀ ਪੜ੍ਹਾਈ ਕਰਨ ਵਿਚ ਕਿੰਨਾ ਸਮਾਂ ਲਗਾਓਗੇ? ਕੀ ਤੁਹਾਡੀ ਜਵਾਨੀ ਦੇ ਜ਼ਿਆਦਾਤਰ ਸਾਲ ਪੜ੍ਹਾਈ ਵਿਚ ਹੀ ਲੰਘ ਜਾਣਗੇ? ਜੇਕਰ ਇਸ ਤਰ੍ਹਾਂ ਹੈ, ਤਾਂ ਤੁਸੀਂ ਬਾਈਬਲ ਦੇ ਇਸ ਉਤਸ਼ਾਹ ਨੂੰ ਕਿਵੇਂ ਲਾਗੂ ਕਰੋਗੇ ਕਿ “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ”? (ਉਪਦੇਸ਼ਕ ਦੀ ਪੋਥੀ 12:1) ਨਾਲੇ ਜਿਹੜੇ ਕੋਰਸ ਤੁਸੀਂ ਕਰੋਗੇ, ਕੀ ਉਨ੍ਹਾਂ ਨੂੰ ਕਰਦੇ ਹੋਏ ਤੁਸੀਂ ਸਭਾਵਾਂ, ਖੇਤਰ ਸੇਵਾ ਅਤੇ ਨਿੱਜੀ ਅਧਿਐਨ ਵਰਗੀਆਂ ਜ਼ਰੂਰੀ ਮਸੀਹੀ ਸਰਗਰਮੀਆਂ ਲਈ ਸਮਾਂ ਕੱਢ ਸਕੋਗੇ? (ਮੱਤੀ 24:14; ਇਬਰਾਨੀਆਂ 10:24, 25) ਜੇ ਤੁਹਾਡੀਆਂ ਗਿਆਨ ਇੰਦਰੀਆਂ ਤੇਜ਼ ਹਨ, ਤਾਂ ਤੁਸੀਂ ਆਪਣੇ ਮਾਪਿਆਂ ਨਾਲ ਆਪਣੇ ਭਵਿੱਖ ਦੀ ਯੋਜਨਾ ਬਣਾਉਂਦੇ ਸਮੇਂ ਕਦੀ ਵੀ ਅਧਿਆਤਮਿਕ ਟੀਚਿਆਂ ਤੋਂ ਆਪਣੀ ਨਜ਼ਰ ਨਹੀਂ ਹਟਾਓਗੇ।
ਆਪਣੇ ਸੰਭਾਵੀ ਜੀਵਨ-ਸਾਥੀ ਨਾਲ ਆਦਰ ਨਾਲ ਪੇਸ਼ ਆਓ
14. (ੳ) ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਮੇਂ ਕਿਹੜੇ ਸਿਧਾਂਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ? (ਅ) ਕੁਝ ਜੋੜਿਆਂ ਨੇ ਇਸ ਸੰਬੰਧ ਵਿਚ ਕਿਵੇਂ ਸਮਝਦਾਰੀ ਨਹੀਂ ਦਿਖਾਈ?
14 ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੇ ਇਕ ਦੂਸਰੇ ਨਾਲ ਮਿਲਣ-ਜੁਲਣ ਦੇ ਮਾਮਲੇ ਵਿਚ ਵੀ ਗਿਆਨ ਇੰਦਰੀਆਂ ਨੂੰ ਵਰਤਣ ਦੀ ਲੋੜ ਪੈਂਦੀ ਹੈ। ਜਿਸ ਨੂੰ ਤੁਸੀਂ ਚਾਹੁੰਦੇ ਹੋ, ਉਸ ਲਈ ਪਿਆਰ ਦਿਖਾਉਣਾ ਸੁਭਾਵਕ ਹੈ। ਸਰੇਸ਼ਟ ਗੀਤ ਦੀ ਪੋਥੀ ਵਿਚ ਦੱਸੇ ਗਏ ਪਾਕ ਜੋੜੇ ਨੇ ਵੀ ਵਿਆਹ ਤੋਂ ਪਹਿਲਾਂ ਕੁਝ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। (ਸਰੇਸ਼ਟ ਗੀਤ 1:2; 2:6; 8:5) ਇਸੇ ਤਰ੍ਹਾਂ, ਅੱਜ ਕੁਝ ਮੁੰਡੇ-ਕੁੜੀਆਂ ਵੀ ਸ਼ਾਇਦ ਇਹ ਮਹਿਸੂਸ ਕਰਨ ਕਿ ਇਕ ਦੂਸਰੇ ਦਾ ਹੱਥ ਫੜਨਾ, ਇਕ ਦੂਜੇ ਨੂੰ ਚੁੰਮਣਾ ਅਤੇ ਜੱਫੀ ਪਾਉਣੀ ਠੀਕ ਹੈ, ਖ਼ਾਸ ਕਰਕੇ ਜਦੋਂ ਲੱਗਦਾ ਹੈ ਕਿ ਵਿਆਹ ਤਾਂ ਹੋਣਾ ਹੀ ਹੈ। ਪਰ ਯਾਦ ਰੱਖੋ: “ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ।” (ਕਹਾਉਤਾਂ 28:26) ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਈ ਜੋੜਿਆਂ ਨੇ ਆਪਣੇ ਆਪ ਨੂੰ ਗ਼ਲਤ ਹਾਲਾਤਾਂ ਵਿਚ ਪਾ ਕੇ ਸਮਝਦਾਰੀ ਨਹੀਂ ਦਿਖਾਈ। ਪਿਆਰ ਦਾ ਇਜ਼ਹਾਰ ਇਸ ਹੱਦ ਤਕ ਵੱਧ ਗਿਆ ਕਿ ਇਹ ਬੇਕਾਬੂ ਹੋ ਗਿਆ; ਸਿੱਟੇ ਵਜੋਂ ਉਨ੍ਹਾਂ ਨੇ ਗ਼ਲਤ ਹਰਕਤਾਂ ਕੀਤੀਆਂ ਅਤੇ ਨਾਜਾਇਜ਼ ਸਰੀਰਕ ਸੰਬੰਧ ਵੀ ਕਾਇਮ ਕੀਤੇ।
15, 16. ਮੁੰਡਾ-ਕੁੜੀ ਵਿਆਹ ਤੋਂ ਪਹਿਲਾਂ ਇਕ ਦੂਸਰੇ ਨਾਲ ਆਦਰਯੋਗ ਤਰੀਕੇ ਨਾਲ ਪੇਸ਼ ਆਉਣ ਲਈ ਕਿਹੜੀਆਂ ਢੁਕਵੀਆਂ ਸਾਵਧਾਨੀਆਂ ਵਰਤ ਸਕਦੇ ਹਨ?
15 ਜੇ ਤੁਸੀਂ ਆਪਣੇ ਸੰਭਾਵੀ ਜੀਵਨ-ਸਾਥੀ ਨੂੰ ਮਿਲਣ ਜਾਂਦੇ ਹੋ, ਤਾਂ ਗ਼ਲਤ ਹਾਲਾਤਾਂ ਅਧੀਨ ਇਕੱਲੇ ਹੋਣ ਤੋਂ ਬਚਣਾ ਬੁੱਧੀਮਾਨੀ ਦੀ ਗੱਲ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਦੂਸਰਿਆਂ ਦੇ ਨਾਲ ਹੋਵੋ ਜਾਂ ਕਿਸੇ ਜਨਤਕ ਥਾਂ ਵਿਚ ਇਕ ਦੂਸਰੇ ਦੇ ਸਾਥ ਦਾ ਆਨੰਦ ਮਾਣੋ। ਕੁਝ ਜੋੜੇ ਕਿਸੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ। ਹੋਸ਼ੇਆ 4:11 ਦੇ ਸ਼ਬਦਾਂ ਉੱਤੇ ਵੀ ਗੌਰ ਕਰੋ: “ਮਧ ਅਤੇ ਨਵੀਂ ਮੈ, ਏਹ ਮੱਤ ਮਾਰ ਲੈਂਦੀਆਂ ਹਨ।” ਸ਼ਰਾਬ ਦੇ ਨਸ਼ੇ ਵਿਚ ਇਕ ਜੋੜਾ ਆਪਣੇ ਹੋਸ਼-ਹਵਾਸ ਗੁਆ ਕੇ ਗ਼ਲਤ ਕੰਮ ਕਰ ਸਕਦਾ ਹੈ ਜਿਸ ਲਈ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਪਵੇਗਾ।
16 ਕਹਾਉਤਾਂ 13:10 ਕਹਿੰਦਾ ਹੈ: “ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ, ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ ਬੁੱਧ ਹੈ।” ਜੀ ਹਾਂ, ਚਰਚਾ ਕਰੋ ਅਤੇ ਇਕ ਦੂਸਰੇ ਦੀ “ਸਲਾਹ” ਲਓ ਕਿ ਤੁਸੀਂ ਇਕ ਦੂਸਰੇ ਨਾਲ ਕਿੱਦਾਂ ਪੇਸ਼ ਆਓਗੇ। ਆਪਣੇ ਪਿਆਰ ਦਾ ਇਜ਼ਹਾਰ ਹੱਦ ਵਿਚ ਰਹਿ ਕੇ ਕਰੋ ਅਤੇ ਆਪਣੇ ਜੀਵਨ-ਸਾਥੀ ਦੀਆਂ ਭਾਵਨਾਵਾਂ ਅਤੇ ਅੰਤਹਕਰਣ ਦਾ ਆਦਰ ਕਰੋ। (1 ਕੁਰਿੰਥੀਆਂ 13:5; 1 ਥੱਸਲੁਨੀਕੀਆਂ 4:3-7; 1 ਪਤਰਸ 3:16) ਸ਼ੁਰੂ-ਸ਼ੁਰੂ ਵਿਚ ਇਸ ਨਾਜ਼ੁਕ ਵਿਸ਼ੇ ਤੇ ਗੱਲ ਕਰਨੀ ਮੁਸ਼ਕਲ ਹੋ ਸਕਦੀ ਹੈ, ਪਰ ਇਹ ਤੁਹਾਨੂੰ ਬਾਅਦ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾ ਸਕਦੀ ਹੈ।
“ਜੁਆਨੀ ਤੋਂ” ਸਿੱਖਿਆ ਪ੍ਰਾਪਤ ਕਰਨੀ
17. ਦਾਊਦ ਨੇ ਯਹੋਵਾਹ ਨੂੰ ‘ਆਪਣੀ ਜੁਆਨੀ ਤੋਂ ਆਪਣਾ ਭਰੋਸਾ’ ਕਿਵੇਂ ਬਣਾਇਆ ਸੀ ਅਤੇ ਅੱਜ ਦੇ ਨੌਜਵਾਨ ਇਸ ਤੋਂ ਕੀ ਸਿੱਖ ਸਕਦੇ ਹਨ?
17 ਸ਼ਤਾਨ ਦੇ ਫੰਦਿਆਂ ਤੋਂ ਬਚਣ ਲਈ ਤੁਹਾਨੂੰ ਲਗਾਤਾਰ ਚੌਕਸ ਰਹਿਣ ਅਤੇ ਕਈ ਵਾਰ ਵੱਡਾ ਹੌਸਲਾ ਦਿਖਾਉਣ ਦੀ ਵੀ ਜ਼ਰੂਰਤ ਹੋਵੇਗੀ। ਕਈ ਵਾਰ ਤਾਂ ਸ਼ਾਇਦ ਤੁਹਾਨੂੰ ਨਾ ਸਿਰਫ਼ ਆਪਣੇ ਦੋਸਤਾਂ ਦੇ ਵਿਰੁੱਧ, ਬਲਕਿ ਪੂਰੇ ਸੰਸਾਰ ਦੇ ਵਿਰੁੱਧ ਹੀ ਜਾਣਾ ਪਵੇ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ। ਹੇ ਪਰਮੇਸ਼ੁਰ, ਤੈਂ ਮੈਨੂੰ ਜੁਆਨੀ ਤੋਂ ਸਿਖਲਾਇਆ ਹੈ, ਅਤੇ ਹੁਣ ਤੀਕੁਰ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।” (ਜ਼ਬੂਰ 71:5, 17)c ਦਾਊਦ ਆਪਣੇ ਹੌਸਲੇ ਲਈ ਜਾਣਿਆ ਜਾਂਦਾ ਸੀ। ਪਰ ਉਸ ਨੇ ਆਪਣੇ ਵਿਚ ਹੌਸਲਾ ਕਦੋਂ ਤੋਂ ਪੈਦਾ ਕੀਤਾ ਸੀ? ਆਪਣੀ ਜੁਆਨੀ ਤੋਂ! ਗੋਲਿਅਥ ਨਾਲ ਆਪਣੀ ਮਸ਼ਹੂਰ ਲੜਾਈ ਤੋਂ ਵੀ ਪਹਿਲਾਂ, ਦਾਊਦ ਨੇ ਇਕ ਸ਼ੇਰ ਅਤੇ ਰਿੱਛ ਨੂੰ ਮਾਰ ਕੇ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਨ ਵਿਚ ਅਸਾਧਾਰਣ ਹੌਸਲਾ ਦਿਖਾਇਆ। (1 ਸਮੂਏਲ 17:34-37) ਪਰ ਦਾਊਦ ਨੇ ਜੋ ਵੀ ਬਹਾਦਰੀ ਦਿਖਾਈ, ਉਸ ਨੇ ਉਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ ਅਤੇ ਉਸ ਨੂੰ ‘ਆਪਣੀ ਜੁਆਨੀ ਤੋਂ ਆਪਣਾ ਭਰੋਸਾ’ ਕਿਹਾ। ਯਹੋਵਾਹ ਉੱਤੇ ਭਰੋਸਾ ਰੱਖਣ ਕਰਕੇ ਦਾਊਦ ਆਪਣੇ ਅੱਗੇ ਆਏ ਹਰ ਪਰਤਾਵੇ ਦਾ ਸਾਮ੍ਹਣਾ ਕਰ ਸਕਿਆ। ਤੁਸੀਂ ਵੀ ਪਾਓਗੇ ਕਿ ਜੇ ਤੁਸੀਂ ਯਹੋਵਾਹ ਤੇ ਭਰੋਸਾ ਰੱਖਦੇ ਹੋ, ਤਾਂ ‘ਸੰਸਾਰ ਉੱਤੇ ਫ਼ਤਹ ਪਾਉਣ’ ਲਈ ਉਹ ਤੁਹਾਨੂੰ ਹੌਸਲਾ ਅਤੇ ਤਾਕਤ ਦੇਵੇਗਾ।—1 ਯੂਹੰਨਾ 5:4.
18. ਅੱਜ ਪਰਮੇਸ਼ੁਰ ਨੂੰ ਮੰਨਣ ਵਾਲੇ ਨੌਜਵਾਨਾਂ ਨੂੰ ਕੀ ਪ੍ਰੇਰਣਾ ਦਿੱਤੀ ਜਾਂਦੀ ਹੈ?
18 ਤੁਹਾਡੇ ਵਰਗੇ ਹਜ਼ਾਰਾਂ ਨੌਜਵਾਨਾਂ ਨੇ ਹੌਸਲਾ ਦਿਖਾਇਆ ਹੈ ਅਤੇ ਹੁਣ ਉਹ ਖ਼ੁਸ਼ ਖ਼ਬਰੀ ਦੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਵਜੋਂ ਸੇਵਾ ਕਰ ਰਹੇ ਹਨ। ਨੌਜਵਾਨੋ, ਅਸੀਂ ਤੁਹਾਡੀ ਨਿਹਚਾ ਅਤੇ ਹੌਸਲੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ! ਇਸ ਸੰਸਾਰ ਵਿਚ ਹੋ ਰਹੇ ਕਦਰਾਂ-ਕੀਮਤਾਂ ਦੇ ਵਿਨਾਸ਼ ਤੋਂ ਬਚਣ ਲਈ ਦ੍ਰਿੜ੍ਹ ਰਹੋ। (2 ਪਤਰਸ 1:4) ਬਾਈਬਲ ਦੁਆਰਾ ਸਿੱਖਿਅਤ ਆਪਣੀਆਂ ਗਿਆਨ ਇੰਦਰੀਆਂ ਨੂੰ ਪ੍ਰਯੋਗ ਕਰਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਹੁਣ ਆਫ਼ਤ ਤੋਂ ਬਚੋਗੇ ਅਤੇ ਅੰਤ ਵਿਚ ਯਕੀਨਨ ਮੁਕਤੀ ਪ੍ਰਾਪਤ ਕਰੋਗੇ। ਜੀ ਹਾਂ, ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਓਗੇ, ਜਿਵੇਂ ਕਿ ਸਾਡਾ ਅਗਲਾ ਲੇਖ ਦਿਖਾਵੇਗਾ।
[ਫੁਟਨੋਟ]
a ਜਾਗਰੂਕ ਬਣੋ! ਦੇ ਅਕਤੂਬਰ-ਦਸੰਬਰ, 1998 ਦੇ ਅੰਕ ਵਿਚ ਲੇਖ “ਨੌਜਵਾਨ ਪੁੱਛਦੇ ਹਨ . . . ਮੈਂ ਸੱਚਾਈ ਨੂੰ ਕਿਵੇਂ ਅਪਣਾ ਸਕਦੀ ਹਾਂ?” ਦੇਖੋ।
b ਪਹਿਰਾਬੁਰਜ ਦੇ 15 ਅਗਸਤ, 1992 ਦੇ ਅੰਕ ਵਿਚ ਲੇਖ “ਪਾਰਟੀਆਂ—ਇਸ ਦੇ ਲਾਭਾਂ ਦਾ ਆਨੰਦ ਮਾਣੋ, ਫੰਦਿਆਂ ਤੋਂ ਬਚੋ” ਵਿਚ ਇਸ ਵਿਸ਼ੇ ਉੱਤੇ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ।
c ਜ਼ਬੂਰ 71, ਜ਼ਬੂਰ 70 ਦਾ ਹੀ ਹਿੱਸਾ ਲੱਗਦਾ ਹੈ, ਅਤੇ ਜ਼ਬੂਰ 70 ਦੇ ਆਰੰਭਕ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਇਹ ਜ਼ਬੂਰ ਦਾਊਦ ਨੇ ਲਿਖਿਆ ਸੀ।
ਪੁਨਰ-ਵਿਚਾਰ ਲਈ ਸਵਾਲ
◻ ਇਕ ਨੌਜਵਾਨ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਸਾਧਦਾ ਹੈ?
◻ ਮਸੀਹੀ ਪਾਰਟੀਆਂ ਵਿਚ ਜਾਣ ਦੇ ਸੰਬੰਧ ਵਿਚ ਇਕ ਨੌਜਵਾਨ ਆਪਣੀਆਂ ਗਿਆਨ ਇੰਦਰੀਆਂ ਨੂੰ ਕਿਵੇਂ ਵਰਤ ਸਕਦਾ ਹੈ?
◻ ਆਪਣੀ ਪੜ੍ਹਾਈ ਦੇ ਮਾਮਲੇ ਵਿਚ ਯੋਜਨਾ ਬਣਾਉਂਦੇ ਸਮੇਂ ਕਿਨ੍ਹਾਂ ਗੱਲਾਂ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ?
◻ ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਅਨੈਤਿਕਤਾ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹਨ?
[ਸਫ਼ੇ 15 ਉੱਤੇ ਤਸਵੀਰ]
ਰਿਸਰਚ ਕਰਨੀ ਸਿੱਖਣ ਨਾਲ ਤੁਹਾਨੂੰ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧਣ ਵਿਚ ਮਦਦ ਮਿਲੇਗੀ
[ਸਫ਼ੇ 16 ਉੱਤੇ ਤਸਵੀਰ]
ਛੋਟੀਆਂ ਪਾਰਟੀਆਂ ਦੀ ਨਿਗਰਾਨੀ ਕਰਨੀ ਆਸਾਨ ਹੁੰਦੀ ਹੈ ਅਤੇ ਇਨ੍ਹਾਂ ਦੇ ਬੇਕਾਬੂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ
[ਸਫ਼ੇ 16 ਉੱਤੇ ਤਸਵੀਰ]
ਪੜ੍ਹਾਈ ਦੇ ਮਾਮਲੇ ਵਿਚ ਯੋਜਨਾ ਬਣਾਉਣ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ
[ਸਫ਼ੇ 17 ਉੱਤੇ ਤਸਵੀਰ]
ਦੂਸਰੇ ਲੋਕਾਂ ਦੀ ਮੌਜੂਦਗੀ ਵਿਚ ਇਕ ਮੁੰਡੇ-ਕੁੜੀ ਦਾ ਮਿਲਣਾ ਸੁਰੱਖਿਅਤ ਹੈ