ਆਪਣੀ ਗਿਆਨ-ਇੰਦਰੀਆਂ ਨੂੰ ਸਾਧੋ
1 ਅੱਜ ਅਸੀਂ ਦੁੱਖਾਂ ਭਰੇ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ। ਇਸ ਕਰਕੇ ਹਰ ਜਗ੍ਹਾ ਪਰਮੇਸ਼ੁਰ ਦੇ ਲੋਕਾਂ ਉੱਤੇ ਲਗਾਤਾਰ ਦਬਾਅ ਆਉਂਦੇ ਹਨ ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਔਖੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (2 ਤਿਮੋ. 3:1-5) ਸਾਨੂੰ ਸਾਰਿਆਂ ਨੂੰ ਨਿਹਚਾ ਵਿਚ ਦ੍ਰਿੜ੍ਹ ਰਹਿਣ ਲਈ ਹੌਸਲਾ-ਅਫ਼ਜ਼ਾਈ ਦੀ ਲੋੜ ਹੈ। (1 ਕੁਰਿੰ. 16:13) ਅਸੀਂ ਯਹੋਵਾਹ ਦੀ ਮਦਦ ਨਾਲ ਦ੍ਰਿੜ੍ਹ ਰਹਿ ਸਕਦੇ ਹਾਂ ਜੇ ਅਸੀਂ ਉਸ ਦੇ ਬਚਨ ਦਾ ਬਾਕਾਇਦਾ ਅਧਿਐਨ ਕਰੀਏ, ਉਸ ਦੀ ਪਵਿੱਤਰ ਆਤਮਾ ਉੱਤੇ ਭਰੋਸਾ ਰੱਖੀਏ ਅਤੇ ਹਮੇਸ਼ਾ ਉਸ ਦੇ ਸੰਗਠਨ ਦੇ ਨਾਲ-ਨਾਲ ਚੱਲਦੇ ਰਹੀਏ.—ਜ਼ਬੂ. 37:28; ਰੋਮੀ. 8:38, 39; ਪਰ. 2:10.
2 ਇਸੇ ਲਈ, ਇਸ ਸਾਲ ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਵਿਚ “ਬੁੱਧ ਵਿਚ ਸਿਆਣੇ ਬਣੋ” ਵਿਸ਼ੇ ਉੱਤੇ ਚਰਚਾ ਕੀਤੀ ਗਈ ਸੀ। ਇਹ 1 ਕੁਰਿੰਥੀਆਂ 14:20 ਉੱਤੇ ਆਧਾਰਿਤ ਸੀ ਜਿਸ ਵਿਚ ਅਸੀਂ ਪੌਲੁਸ ਰਸੂਲ ਦੇ ਇਹ ਸ਼ਬਦ ਪੜ੍ਹਦੇ ਹਾਂ: “ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੋ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ।” ਤੁਹਾਨੂੰ ਇਹ ਪ੍ਰੋਗ੍ਰਾਮ ਕਿੱਦਾਂ ਦਾ ਲੱਗਾ?
3 “ਸਾਨੂੰ ਬਹੁਤ ਹੌਸਲਾ ਮਿਲਿਆ!” “ਇਸੇ ਦੀ ਤਾਂ ਸਾਨੂੰ ਲੋੜ ਸੀ!” ਦੋ ਗਵਾਹਾਂ ਨੇ ਇਹ ਜਵਾਬ ਦਿੱਤੇ। ਇਕ ਆਦਮੀ, ਜੋ ਗਵਾਹ ਨਹੀਂ ਸੀ, ਖ਼ਾਸ ਸੰਮੇਲਨ ਦਿਨ ਤੇ ਆਪਣੀ 12 ਸਾਲਾਂ ਦੀ ਕੁੜੀ ਦਾ ਬਪਤਿਸਮਾ ਦੇਖਣ ਆਇਆ। ਉਸ ਨੇ ਕਿਹਾ ਕਿ ਉਹ ਇਹ ਪ੍ਰੋਗ੍ਰਾਮ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਦੇਖਿਆ ਕਿ ਇਹ ਪ੍ਰੋਗ੍ਰਾਮ ਉਸ ਦੇ ਪਰਿਵਾਰ ਲਈ ਬਹੁਤ ਫ਼ਾਇਦੇਮੰਦ ਸੀ। ਕੀ ਤੁਸੀਂ ਵੀ ਇਵੇਂ ਮਹਿਸੂਸ ਕਰਦੇ ਹੋ? ਆਓ ਆਪਾਂ ਪ੍ਰੋਗ੍ਰਾਮ ਦੀਆਂ ਕੁਝ ਖ਼ਾਸ ਗੱਲਾਂ ਯਾਦ ਕਰੀਏ।
4 ਆਪਣੀਆਂ ਗਿਆਨ-ਇੰਦਰੀਆਂ ਨੂੰ ਸਾਧਣ ਲਈ ਸਹੀ ਗਿਆਨ ਦੀ ਲੋੜ: ਸ਼ੁਰੂਆਤੀ ਭਾਸ਼ਣ “ਆਪਣੀ ਬੁੱਧ ਦੀ ਸ਼ਕਤੀ ਹੁਣ ਤਕੜੀ ਕਰੋ” ਵਿਚ ਭਾਸ਼ਣਕਾਰ ਨੇ ਅੱਜ-ਕਲ੍ਹ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਕਿਹੜੀ ਲੋੜ ਤੇ ਜ਼ੋਰ ਦਿੱਤਾ ਸੀ? ਸਿਰਫ਼ ਦਿਮਾਗ਼ੀ ਯੋਗਤਾ ਦੀ ਹੀ ਨਹੀਂ, ਸਗੋਂ ਸਾਨੂੰ ਬਾਈਬਲ ਨੂੰ ਸਮਝਣ ਦੀ ਆਪਣੀ ਸ਼ਕਤੀ ਨੂੰ ਤਕੜਾ ਤੇ ਮਜ਼ਬੂਤ ਕਰਨ ਦੀ ਲੋੜ ਹੈ ਤਾਂਕਿ ਸਾਡੇ ਆਲੇ-ਦੁਆਲੇ ਦੀ ਬੁਰਾਈ ਸਾਨੂੰ ਜਿੱਤ ਨਾ ਲਵੇ। ਇਸ ਦੇ ਲਈ ਸਾਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਲੋੜ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਸ ਸਾਨੂੰ ਆਪਣੇ ਹੁਕਮਾਂ, ਨਿਯਮਾਂ ਤੇ ਯਾਦ-ਦਹਾਨੀਆਂ ਦੀ ਸਮਝ ਦੇਵੇ ਤਾਂਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਸਕੀਏ।—ਜ਼ਬੂ. 119:1, 2, 34.
5 ਅਗਲੇ ਭਾਗ ਵਿਚ ਸਰਕਟ ਨਿਗਾਹਬਾਨ ਨੇ ਦਿਖਾਇਆ ਕਿ ਯਹੋਵਾਹ ਆਪਣੇ ਬਚਨ ਅਤੇ ਸੰਗਠਨ ਦੁਆਰਾ ਸਾਨੂੰ “ਬਾਈਬਲ ਦੀ ਬੁੱਧ ਹਾਸਲ ਕਰਨ ਲਈ ਮਦਦ” ਦਿੰਦਾ ਹੈ। ਬੁੱਧ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: “ਕਿਸੇ ਮਾਮਲੇ ਦੀ ਤਹਿ ਤਕ ਜਾਣ ਦੀ ਯੋਗਤਾ ਅਤੇ ਇਹ ਬੁੱਝਣਾ ਕਿ ਹਰ ਪਹਿਲੂ ਪੂਰੇ ਮਾਮਲੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ।” ਇਹ ਯੋਗਤਾ ਪੈਦਾ ਕਰਨ ਵਿਚ ਕੌਣ ਸਾਡੀ ਮਦਦ ਕਰ ਸਕਦਾ ਹੈ? ਯਹੋਵਾਹ ਨੇ ਸਾਨੂੰ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਕਰਨ ਲਈ ਮਨੁੱਖਾਂ ਵਿਚ ਦਾਨ ਯਾਨੀ ਬਜ਼ੁਰਗ ਦਿੱਤੇ ਹਨ। (ਅਫ਼. 4:11, 12) ਉਸ ਦਾ ਜ਼ਮੀਨੀ ਸੰਗਠਨ ਸਾਨੂੰ ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਸਾਰੀਆਂ ਕਲੀਸਿਯਾ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਲਈ ਉਤਸ਼ਾਹਿਤ ਕਰਦਾ ਹੈ। (ਜ਼ਬੂ. 1:2) ਸਾਨੂੰ ਸਿਖਾਇਆ ਜਾਂਦਾ ਹੈ ਕਿ ਨਿੱਜੀ ਅਧਿਐਨ ਤੇ ਪਰਿਵਾਰਕ ਅਧਿਐਨ ਕਰਨ ਵੇਲੇ ਅਤੇ ਕਲੀਸਿਯਾ ਸਭਾਵਾਂ ਤੇ ਖੇਤਰ ਸੇਵਾ ਦੀ ਤਿਆਰੀ ਕਰਦੇ ਸਮੇਂ ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ। ਕੀ ਤੁਸੀਂ ਇਨ੍ਹਾਂ ਸਾਰੇ ਪ੍ਰਬੰਧਾਂ ਦਾ ਲਾਭ ਉਠਾ ਰਹੇ ਹੋ? ਕੀ ਤੁਸੀਂ ਬਾਕਾਇਦਾ ਬਾਈਬਲ ਪੜ੍ਹਦੇ ਹੋ? ਜੇ ਅਸੀਂ ਦੁਨੀਆਂ ਦੇ ਤੌਰ-ਤਰੀਕਿਆਂ, ਫ਼ੈਸ਼ਨਾਂ, ਫ਼ਲਸਫ਼ਿਆਂ ਤੇ ਧੋਖੇ-ਭਰੇ ਪ੍ਰਭਾਵਾਂ ਦੇ ਸ਼ਿਕਾਰ ਹੋਣ ਤੋਂ ਬਚਣਾ ਹੈ, ਤਾਂ ਬਾਈਬਲ ਪੜ੍ਹਨੀ ਬੜੀ ਜ਼ਰੂਰੀ ਹੈ।—ਕੁਲੁ. 2:6-8.
6 ਆਪਣੀਆਂ ਗਿਆਨ-ਇੰਦਰੀਆਂ ਨੂੰ ਸਾਧਣਾ ਬਹੁਤ ਜ਼ਰੂਰੀ ਹੈ: ਆਪਣੇ ਪਹਿਲੇ ਭਾਸ਼ਣ “ਆਪਣੀਆਂ ਗਿਆਨ-ਇੰਦਰੀਆਂ ਨੂੰ ਸਿਖਲਾ ਕੇ ਅਧਿਆਤਮਿਕਤਾ ਬਣਾਈ ਰੱਖੋ” ਵਿਚ ਮਹਿਮਾਨ ਭਾਸ਼ਣਕਾਰ ਨੇ ਦੱਸਿਆ ਸੀ ਕਿ ਦੁਨੀਆਂ ਦੇ ਲੋਕ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਸਕਦੇ। (ਯਸਾ. 5:20, 21) ਇਹ ਇਸ ਕਰਕੇ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਸਹੀ ਮਿਆਰਾਂ ਨੂੰ ਸਵੀਕਾਰ ਨਾ ਕਰਦੇ ਹੋਏ ਉਨ੍ਹਾਂ ਉੱਤੇ ਨਹੀਂ ਚੱਲਦੇ। ਇਸ ਤੋਂ ਉਲਟ, ਅਸੀਂ ਯਹੋਵਾਹ ਦੇ ਸੰਗਠਨ ਵਿਚ ਅਧਿਆਤਮਿਕ ਸਿਖਲਾਈ ਲੈ ਕੇ ਪਰਮੇਸ਼ੁਰ ਦੇ ਮਿਆਰਾਂ ਨੂੰ ਸਵੀਕਾਰਦੇ ਹਾਂ ਜਿਨ੍ਹਾਂ ਮੁਤਾਬਕ ਅਸੀਂ ਕੰਮ ਕਰਦੇ ਹਾਂ। ਇਸ ਤਰ੍ਹਾਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਕਿਹੜੀ ਗੱਲ ਯਹੋਵਾਹ ਦੀ ਨਜ਼ਰ ਵਿਚ ਚੰਗੀ ਤੇ ਮਨਭਾਉਂਦੀ ਹੈ ਅਤੇ ਉਸ ਦੀ ਪੂਰੀ ਇੱਛਾ ਦੇ ਅਨੁਸਾਰ ਹੈ।—ਰੋਮੀ. 12:2.
7 ਦੁਨੀਆਂ ਦੀ ਗ਼ਲਤ ਸੋਚ ਅਤੇ ਇਸ ਦੇ ਬੁਰੇ ਨਤੀਜਿਆਂ ਤੋਂ ਬਚਣ ਲਈ ਆਪਣੀਆਂ ਗਿਆਨ-ਇੰਦਰੀਆਂ ਨੂੰ ਲਗਾਤਾਰ ਸਾਧਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਜਿਵੇਂ ਇਬਰਾਨੀਆਂ 5:12-14 ਵਿਚ ਦੱਸਿਆ ਗਿਆ ਹੈ, ਪੌਲੁਸ ਰਸੂਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਸਿਰਫ਼ ਪਰਮੇਸ਼ੁਰ ਦੇ ਬਚਨ ਦਾ “ਦੁੱਧ” ਹੀ ਨਾ ਪੀਂਦੇ ਰਹੀਏ। ਸਾਨੂੰ ਠੋਸ ਅਧਿਆਤਮਿਕ ਅੰਨ ਦੀ ਲੋੜ ਹੈ ਜਿਸ ਤਰ੍ਹਾਂ ਦਾ ਅੰਨ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਯਸਾਯਾਹ ਦੀ ਭਵਿੱਖਬਾਣੀ ਦਾ ਅਧਿਐਨ ਕਰ ਕੇ ਲੈ ਰਹੇ ਹਾਂ। ਫਿਰ ਸਾਨੂੰ ਸਿੱਖੀਆਂ ਹੋਈਆਂ ਗੱਲਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਦੇ ਸਿਧਾਂਤ ਅਤੇ ਮਿਆਰ ਸਹੀ ਹਨ। ਇਸ ਤਰ੍ਹਾਂ ਅਸੀਂ ਸਹੀ ਤੇ ਗ਼ਲਤ ਦੀ ਪਛਾਣ ਕਰਨ ਲਈ ਆਪਣੀਆਂ ਗਿਆਨ-ਇੰਦਰੀਆਂ ਨੂੰ ਸਾਧਦੇ ਹਾਂ।
8 ਦੁੱਖ ਦੀ ਗੱਲ ਹੈ ਕਿ ਕੁਝ ਲੋਕ ਅਧਿਆਤਮਿਕ ਤੌਰ ਤੇ ਡਗਮਗਾ ਗਏ ਹਨ। ਕਿਉਂ? ਉਨ੍ਹਾਂ ਨੇ ਉਨ੍ਹਾਂ ਗੱਲਾਂ ਉੱਤੇ ਧਿਆਨ ਨਹੀਂ ਲਾਇਆ ਜਿਹੜੀਆਂ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗੀਆਂ ਤੇ ਸਹੀ ਹਨ। ਨਤੀਜੇ ਵਜੋਂ, ਉਹ ਬਾਈਬਲ ਦੁਆਰਾ ਨਿੰਦੇ ਗਏ ਵਿਸ਼ਿਆਂ ਵਾਲੇ ਰੇਡੀਓ ਅਤੇ ਟੈਲੀਵਿਯਨ ਟਾਕ ਸ਼ੋਆਂ ਅਤੇ ਘਟੀਆ ਸੰਗੀਤ ਦੇ ਸ਼ਿਕਾਰ ਬਣੇ ਹਨ ਜਾਂ ਕੰਪਿਊਟਰ ਚੈਟ ਰੂਮ ਵਿਚ ਭੈੜੇ ਲੋਕਾਂ ਦੇ ਪ੍ਰਭਾਵ ਹੇਠ ਆ ਗਏ ਹਨ। ਬੁੱਧੀਮਾਨੀ ਨਾਲ ਚੱਲ ਕੇ ਅਸੀਂ ਅਨੈਤਿਕ, ਮੂਰਖ ਜਾਂ ਦੁਸ਼ਟ ਲੋਕਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਂਗੇ।—ਕਹਾ. 13:20; ਗਲਾ. 5:7; 1 ਤਿਮੋ. 6:20, 21.
9 ਨੌਜਵਾਨਾਂ ਨੂੰ “ਬੁਰਿਆਈ ਵਿੱਚ ਨਿਆਣੇ” ਬਣਨਾ ਚਾਹੀਦਾ ਹੈ: ਪ੍ਰੋਗ੍ਰਾਮ ਦੇ ਦੋ ਭਾਸ਼ਣਾਂ ਵਿਚ ਖ਼ਾਸਕਰ ਨੌਜਵਾਨਾਂ ਨੂੰ ਆਪਣੀਆਂ ਗਿਆਨ-ਇੰਦਰੀਆਂ ਨੂੰ ਸਾਧਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਭਾਸ਼ਣਕਾਰਾਂ ਨੇ ਦੱਸਿਆ ਕਿ “ਬੁਰਿਆਈ ਵਿਚ ਨਿਆਣੇ” ਬਣਨ ਦਾ ਮਤਲਬ ਹੈ ਕਿ ਜਿਵੇਂ ਨਿਆਣੇ ਭੋਲੇ ਹੁੰਦੇ ਹਨ, ਉਸੇ ਤਰ੍ਹਾਂ ਅਸੀਂ ਉਨ੍ਹਾਂ ਕੰਮਾਂ ਵਿਚ ਭੋਲੇ ਬਣੀਏ ਜਿਹੜੇ ਯਹੋਵਾਹ ਦੀ ਨਜ਼ਰ ਵਿਚ ਗ਼ਲਤ ਹਨ। (1 ਕੁਰਿੰ. 14:20) ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਆਪਣਾ ਸਮਾਂ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂਕਿ ਅਸੀਂ ਕਿਸੇ ਵੀ ਬੁਰੇ ਮਾਹੌਲ ਦੇ ਪ੍ਰਭਾਵ ਹੇਠ ਆਉਣ ਤੋਂ ਬਚੇ ਰਹੀਏ। (ਅਫ਼. 5:15-17) ਸਾਨੂੰ ਇਹ ਹਿਸਾਬ-ਕਿਤਾਬ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਅਜਿਹੀਆਂ ਕਿਤਾਬਾਂ-ਰਸਾਲੇ ਪੜ੍ਹਨ ਵਿਚ ਕਿੰਨਾ ਕੁ ਸਮਾਂ ਲਗਾਉਂਦੇ ਹਾਂ ਜੋ ਅਧਿਆਤਮਿਕ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਕੋਈ ਮਦਦ ਨਹੀਂ ਕਰਦੇ। ਕੀ ਤੁਸੀਂ ਇੱਦਾਂ ਕੀਤਾ ਹੈ? ਇਸ ਤੋਂ ਤੁਹਾਨੂੰ ਕੀ ਪਤਾ ਲੱਗਾ ਹੈ? ਹਰ ਰੋਜ਼ ਬਾਈਬਲ ਪੜ੍ਹਨ ਤੋਂ ਇਲਾਵਾ, ਸੰਗਠਨ ਦੁਆਰਾ ਛਾਪੇ ਗਏ ਦੂਜੇ ਪ੍ਰਕਾਸ਼ਨਾਂ ਨੂੰ ਪੜ੍ਹਨ ਦਾ ਵੀ ਪੱਕਾ ਇਰਾਦਾ ਕਰੋ। ਇਸ ਤਰ੍ਹਾਂ ਕਰਨ ਨਾਲ ਨੌਜਵਾਨਾਂ ਸਮੇਤ ਸਾਨੂੰ ਸਾਰਿਆਂ ਨੂੰ “ਸਮਝ ਨੂੰ ਪ੍ਰਾਪਤ” ਕਰਨ ਵਿਚ ਮਦਦ ਮਿਲੇਗੀ।—ਕਹਾ. 4:7-9.
10 “ਬਾਈਬਲ ਸਿਧਾਂਤਾਂ ਨੂੰ ਬੁੱਧ ਨਾਲ ਲਾਗੂ ਕਰ ਕੇ ਲਾਭ ਹਾਸਲ ਕਰੋ”: ਇਹ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦੇ ਆਖ਼ਰੀ ਭਾਸ਼ਣ ਦਾ ਵਿਸ਼ਾ ਸੀ। ਮਹਿਮਾਨ ਭਾਸ਼ਣਕਾਰ ਨੇ ਦੱਸਿਆ ਸੀ ਕਿ ਯਹੋਵਾਹ ਜੀਵਨਦਾਇਕ ਬੁੱਧ ਦਾ ਸੋਮਾ ਹੈ ਜਿਹੜੀ ਸਾਰੇ ਇਨਸਾਨਾਂ ਦੀ ਬੁੱਧ ਨਾਲੋਂ ਕਿਤੇ ਉੱਤਮ ਹੈ। ਜ਼ਰਾ ਸੋਚੋ, ਸਾਡੇ ਕੋਲ ਯਹੋਵਾਹ ਦੀ ਬੁੱਧ ਪ੍ਰਾਪਤ ਕਰਨ ਦਾ ਵਿਸ਼ੇਸ਼-ਸਨਮਾਨ ਹੈ! ਉਹ ਉਨ੍ਹਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਬੁੱਧ ਦਿੰਦਾ ਹੈ ਜਿਹੜੇ ਸੱਚੇ ਦਿਲ ਨਾਲ ਅਤੇ ਪੂਰੀ ਨਿਹਚਾ ਨਾਲ ਇਸ ਦੀ ਭਾਲ ਕਰਦੇ ਹਨ। (ਕਹਾ. 2:3-5, 9; 28:5) ਕੀ ਤੁਸੀਂ ਉਸ ਦੀ ਇਸ ਪੇਸ਼ਕਸ਼ ਦਾ ਪੂਰਾ ਲਾਭ ਉਠਾਉਂਦੇ ਹੋ?
11 ਸਾਨੂੰ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਬਾਈਬਲ ਪੜ੍ਹਦੇ ਸਮੇਂ ਸਿਧਾਂਤਾਂ ਦੀ ਪਛਾਣ ਕਰਨੀ ਸਿੱਖੀਏ। (2 ਤਿਮੋ. 3:16, 17) ਯਹੋਵਾਹ ਕੀ ਕਹਿ ਰਿਹਾ ਹੈ, ਉਸ ਦੀ ਸਹੀ ਸਮਝ ਪ੍ਰਾਪਤ ਕਰਨ ਲਈ ਧਿਆਨ ਨਾਲ ਇਨ੍ਹਾਂ ਸਿਧਾਂਤਾਂ ਦਾ ਅਧਿਐਨ ਕਰੋ। ਇਨ੍ਹਾਂ ਸਿਧਾਂਤਾਂ ਉੱਤੇ ਮਨਨ ਕਰਨ ਲਈ ਸਮਾਂ ਕੱਢੋ ਅਤੇ ਇਨ੍ਹਾਂ ਨੂੰ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬਿਠਾਓ। ਇਹ ਗੱਲਾਂ ਤੁਹਾਡੀਆਂ ਗਿਆਨ-ਇੰਦਰੀਆਂ ਨੂੰ ਸਾਧਣਗੀਆਂ ਤਾਂਕਿ ਤੁਸੀਂ ਜ਼ਿੰਦਗੀ ਦੇ ਫ਼ੈਸਲੇ ਕਰਨ ਵਿਚ ਸਫ਼ਲ ਹੋ ਸਕੋ। (ਯਹੋ. 1:8) ਆਓ ਆਪਾਂ ਕੁਝ ਹਾਲਾਤਾਂ ਤੇ ਗੌਰ ਕਰੀਏ ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਦੇਖੀਏ ਕਿ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਨਾਲ ਅਸੀਂ ਕਿਵੇਂ ਸਫ਼ਲ ਹੋ ਸਕਦੇ ਹਾਂ।
12 ‘ਕੀ ਮੈਨੂੰ ਪਹਿਰਾਵੇ ਤੇ ਹਾਰ-ਸ਼ਿੰਗਾਰ ਦਾ ਖ਼ਾਸ ਸਟਾਈਲ ਅਪਣਾਉਣਾ ਚਾਹੀਦਾ ਹੈ?’ ਦੁਨੀਆਂ ਵਿਚ ਕੱਪੜਿਆਂ ਤੇ ਹਾਰ-ਸ਼ਿੰਗਾਰ ਦਾ ਆਧੁਨਿਕ ਫ਼ੈਸ਼ਨ ਅਕਸਰ ਬਗਾਵਤੀ ਰਵੱਈਏ ਨੂੰ ਦਰਸਾਉਂਦਾ ਹੈ। ਇਹ ਰਵੱਈਆ ਲੋਕਾਂ ਨੂੰ ਬੇਢੰਗੇ ਜਾਂ ਬੇਹੁਦੇ ਕੱਪੜੇ ਪਾਉਣ ਦੀ ਹੱਲਾਸ਼ੇਰੀ ਦਿੰਦਾ ਹੈ ਜਿਨ੍ਹਾਂ ਤੋਂ ਅਸ਼ਲੀਲਤਾ ਝਲਕਦੀ ਹੈ। ਅਜਿਹੇ ਝੁਕਾਵਾਂ ਤੋਂ ਬਚਣ ਲਈ ਕਿਹੜੇ ਢੁਕਵੇਂ ਬਾਈਬਲ ਸਿਧਾਂਤ ਮਦਦ ਕਰਨਗੇ? ਆਪਣੀ ਸਾਧੀਆਂ ਹੋਈਆਂ ਗਿਆਨ-ਇੰਦਰੀਆਂ ਦੀ ਮਦਦ ਨਾਲ ਅਸੀਂ 1 ਤਿਮੋਥਿਉਸ 2:9, 10 ਵਿਚ ਦਿੱਤੇ ਸਿਧਾਂਤ ਤੇ ਗੌਰ ਕਰਾਂਗੇ ਜੋ ਸਾਨੂੰ “ਲਾਜ ਅਤੇ ਸੰਜਮ ਸਹਿਤ” ਕੱਪੜੇ ਪਹਿਨਣ ਲਈ ਕਹਿੰਦਾ ਹੈ ‘ਕਿਉਂ ਜੋ ਇਹ ਉਨ੍ਹਾਂ ਲੋਕਾਂ ਨੂੰ ਫਬਦਾ ਹੈ ਜਿਹੜੇ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੇ ਹਨ।’ ਇਸ ਸੰਬੰਧੀ ਹੋਰ ਵਿਵਹਾਰਕ ਸਿਧਾਂਤ 2 ਕੁਰਿੰਥੀਆਂ 6:3 ਅਤੇ ਕੁਲੁੱਸੀਆਂ 3: 18, 20 ਵਿਚ ਦਿੱਤੇ ਗਏ ਹਨ।
13 ‘ਮੈਂ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਕੀ ਕਰ ਸਕਦਾ ਹਾਂ?’ ਪਰਿਵਾਰ ਦੇ ਮੈਂਬਰਾਂ ਵਿਚ ਚੰਗੀ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਯਾਕੂਬ 1:19 ਸਾਨੂੰ ਕਹਿੰਦਾ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿਚ ਧੀਰਾ ਅਤੇ ਕ੍ਰੋਧ ਵਿਚ ਵੀ ਧੀਰਾ ਹੋਵੇ।” ਪਰਿਵਾਰਕ ਗੱਲਬਾਤ ਇਕ ਦੋ-ਤਰਫ਼ਾ ਸੜਕ ਦੀ ਤਰ੍ਹਾਂ ਹੈ, ਇਸ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕ-ਦੂਜੇ ਦੀ ਸੁਣਨ ਤੇ ਆਪਸ ਵਿਚ ਗੱਲਬਾਤ ਕਰਨ ਦੀ ਲੋੜ ਹੈ। ਭਾਵੇਂ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ ਉਹ ਸਹੀ ਹੈ, ਪਰ ਜੇ ਅਸੀਂ ਦੂਸਰਿਆਂ ਦਾ ਲਿਹਾਜ਼ ਕੀਤੇ ਬਿਨਾਂ ਕਠੋਰ ਤੇ ਘਮੰਡੀ ਲਹਿਜ਼ੇ ਵਿਚ ਗੱਲ ਕਰਾਂਗੇ, ਤਾਂ ਇਸ ਨਾਲ ਫ਼ਾਇਦਾ ਹੋਣ ਦੀ ਬਜਾਇ ਨੁਕਸਾਨ ਹੀ ਹੋਵੇਗਾ। ਇਸ ਲਈ, ਭਾਵੇਂ ਅਸੀਂ ਪਤੀ ਜਾਂ ਪਤਨੀ, ਮਾਤਾ-ਪਿਤਾ ਜਾਂ ਬੱਚੇ ਹਾਂ, ਸਾਨੂੰ “ਕਿਰਪਾਮਈ ਅਤੇ ਸਲੂਣੀ” ਬੋਲੀ ਬੋਲਣੀ ਚਾਹੀਦੀ ਹੈ।—ਕੁਲੁ. 4:6.
14 ‘ਕੀ ਮੈਂ ਧਨ-ਦੌਲਤ ਪਿੱਛੇ ਭੱਜਦਾ ਹਾਂ?’ ਦੁਨੀਆਂ ਸਾਡੇ ਉੱਤੇ ਭੌਤਿਕਵਾਦੀ ਬਣਨ ਦਾ ਦਬਾਅ ਪਾਉਂਦੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਉਲਝ ਸਕਦੀ ਹੈ। ਇਸ ਨਾਲ ਲੋਕਾਂ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ। (ਉਪ. 5:10; ਲੂਕਾ 12:15; 1 ਤਿਮੋ. 6:9, 10) ਭੌਤਿਕਵਾਦ ਦੇ ਫੰਦੇ ਤੋਂ ਬਚਣ ਲਈ, ਯਿਸੂ ਨੇ ਸਾਨੂੰ ਇਹ ਮਹੱਤਵਪੂਰਣ ਸਿਧਾਂਤ ਸਿਖਾਇਆ: ਆਪਣੀ ਅੱਖ ਨਿਰਮਲ ਰੱਖੋ। ਸੰਤੁਲਿਤ ਤੇ ਸਾਦੀ ਜ਼ਿੰਦਗੀ ਜੀਉਣ ਵਿਚ ਆਪਣੀਆਂ ਅੱਖਾਂ ਰਾਜ ਦੇ ਕੰਮਾਂ ਉੱਤੇ ਟਿਕਾਉਣੀਆਂ ਤੇ ਬਾਕੀ ਸਾਰੀਆਂ ਗੱਲਾਂ ਨੂੰ ਦੂਜੀ ਥਾਂ ਤੇ ਰੱਖਣਾ ਸ਼ਾਮਲ ਹੈ।—ਮੱਤੀ 6:22, 23, 33.
15 ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ: ਸਹੀ ਫ਼ੈਸਲੇ ਕਰਨ ਵਿਚ ਸਾਨੂੰ ਸੇਧ ਦੇਣ ਲਈ ਪਰਮੇਸ਼ੁਰ ਦੇ ਭਰੋਸੇਯੋਗ ਬਚਨ ਵਿਚ ਬਹੁਤ ਸਾਰੇ ਧਰਮੀ ਸਿਧਾਂਤ ਪਾਏ ਜਾਂਦੇ ਹਨ। ਸਾਨੂੰ ਇਨ੍ਹਾਂ ਸਿਧਾਂਤਾਂ ਨੂੰ ਸਿੱਖਣ, ਉਨ੍ਹਾਂ ਉੱਤੇ ਮਨਨ ਕਰਨ ਅਤੇ ਇਹ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਸਿਧਾਂਤਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਕਿਵੇਂ ਲਾਗੂ ਕਰੀਏ। ਇਸ ਤਰ੍ਹਾਂ, ‘ਆਪਣੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਲਈ ਸਾਧਣ’ ਨਾਲ ਸਾਨੂੰ ਤਾਂ ਫ਼ਾਇਦਾ ਹੋਵੇਗਾ ਹੀ, ਪਰ ਨਾਲ ਹੀ ਯਹੋਵਾਹ ਦੀ ਮਹਿਮਾ ਹੋਵੇਗੀ।—ਇਬ. 5:14.