ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਫਰਵਰੀ 2001 ਤੋਂ ਸ਼ੁਰੂ ਹੋਣ ਵਾਲੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਵਿਸ਼ਾ ਹੋਵੇਗਾ: “ਬੁੱਧ ਵਿਚ ਸਿਆਣੇ ਬਣੋ।” (1 ਕੁਰਿੰ.14:20) ਇਸ ਵਿਚ ਹਾਜ਼ਰ ਹੋਣਾ ਸਾਡੇ ਲਈ ਫ਼ਾਇਦੇਮੰਦ ਕਿਉਂ ਹੋਵੇਗਾ? ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਚਾਰੇ ਪਾਸੇ ਬੁਰਾਈ ਹੀ ਬੁਰਾਈ ਫੈਲੀ ਹੋਈ ਹੈ। ਇਸ ਦਾ ਵਿਰੋਧ ਕਰਨ ਲਈ ਸਾਨੂੰ ਆਪਣੀ ਅਧਿਆਤਮਿਕ ਸਮਝ ਵਧਾਉਣੀ ਚਾਹੀਦੀ ਹੈ ਤਾਂਕਿ ਅਸੀਂ ਬੁਰਾਈ ਨੂੰ ਭਲਾਈ ਨਾਲ ਜਿੱਤ ਸਕੀਏ। ਅਜਿਹਾ ਕਰਨ ਲਈ ਹੀ ਇਹ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਸਾਡੀ ਮਦਦ ਕਰੇਗਾ।
ਸ਼ੁਰੂ ਦੇ ਸੈਸ਼ਨ ਵਿਚ ਸਰਕਟ ਨਿਗਾਹਬਾਨ “ਬਾਈਬਲ ਦੀ ਬੁੱਧ ਹਾਸਲ ਕਰਨ ਲਈ ਮਦਦ” ਨਾਮਕ ਭਾਸ਼ਣ ਦੇਵੇਗਾ। ਉਹ ਸਾਨੂੰ ਦਿਖਾਏਗਾ ਕਿ ਅਸੀਂ ਮਸੀਹੀ ਨਿਹਚਾ ਵਿਚ ਕਿਵੇਂ ਦ੍ਰਿੜ੍ਹ ਹੋ ਸਕਦੇ ਹਾਂ। ਮਹਿਮਾਨ ਭਾਸ਼ਣਕਾਰ “ਆਪਣੀਆਂ ਗਿਆਨ-ਇੰਦਰੀਆਂ ਨੂੰ ਸਿਖਲਾ ਕੇ ਅਧਿਆਤਮਿਕਤਾ ਬਣਾਈ ਰੱਖੋ” ਨਾਮਕ ਭਾਸ਼ਣ ਦਿੰਦੇ ਹੋਏ ਦੱਸੇਗਾ ਕਿ ਗਿਆਨ-ਇੰਦਰੀਆਂ ਨੂੰ ਤੇਜ਼ ਕਰਨ ਲਈ ਬਾਈਬਲ ਸਿਧਾਂਤਾਂ ਨੂੰ ਇਸਤੇਮਾਲ ਕਰਨ ਜਾਂ ਉਨ੍ਹਾਂ ਨੂੰ ਲਾਗੂ ਕਰਨਾ ਕਿਉਂ ਲਾਜ਼ਮੀ ਹੈ।
ਨੌਜਵਾਨਾਂ ਨੂੰ ਵੀ ਬੁੱਧ ਵਿਚ ਸਿਆਣੇ ਹੋਣਾ ਚਾਹੀਦਾ ਹੈ। ਇਸ ਬਾਰੇ “ਬੁਰਿਆਈ ਵਿਚ ਨਿਆਣੇ ਬਣੋ” ਤੇ “ਨੌਜਵਾਨ ਜੋ ਹੁਣ ਬੁੱਧ ਪ੍ਰਾਪਤ ਕਰਦੇ ਹਨ” ਨਾਮਕ ਭਾਸ਼ਣਾਂ ਵਿਚ ਦੱਸਿਆ ਜਾਵੇਗਾ। ਨੌਜਵਾਨਾਂ ਕੋਲੋਂ ਧਿਆਨ ਨਾਲ ਸੁਣੋ ਕਿ ਉਹ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਲਈ ਕੀ ਕਰਦੇ ਹਨ ਤਾਂਕਿ ਉਹ ਦੁਨੀਆਂ ਦੇ ਬੁਰੇ ਕੰਮਾਂ ਨੂੰ ਜਾਣਨ ਦੀ ਆਪਣੀ ਇੱਛਾ ਤੇ ਕਾਬੂ ਪਾ ਸਕਣ ਤੇ ਮੁਸੀਬਤਾਂ ਤੋਂ ਬਚ ਸਕਣ।
ਅਸੀਂ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ? ਇਸ ਬਾਰੇ ਮਹਿਮਾਨ ਭਾਸ਼ਣਕਾਰ ਆਪਣੇ ਆਖ਼ਰੀ ਭਾਸ਼ਣ “ਬਾਈਬਲ ਸਿਧਾਂਤਾਂ ਨੂੰ ਬੁੱਧ ਨਾਲ ਲਾਗੂ ਕਰ ਕੇ ਲਾਭ ਹਾਸਲ ਕਰੋ” ਵਿਚ ਦੱਸੇਗਾ। ਉਹ ਉਦਾਹਰਣਾਂ ਦੇ ਕੇ ਦਿਖਾਵੇਗਾ ਕਿ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਨਾਲ ਸਾਨੂੰ ਸਮੱਸਿਆਵਾਂ ਨੂੰ ਨਜਿੱਠਣ ਤੇ ਫ਼ੈਸਲੇ ਕਰਨ ਵਿਚ ਮਦਦ ਮਿਲਦੀ ਹੈ ਤੇ ਜੋ ਕੁਝ ਯਹੋਵਾਹ ਸਾਨੂੰ ਸਿਖਾ ਰਿਹਾ ਹੈ ਉਸ ਤੋਂ ਵਾਕਈ ਸਾਨੂੰ ਫ਼ਾਇਦਾ ਹੁੰਦਾ ਹੈ।
ਜੋ ਇਸ ਸੰਮੇਲਨ ਵਿਚ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ। ਜਿਉਂ ਹੀ ਸੰਮੇਲਨ ਦਿਨ ਦੀ ਤਾਰੀਖ਼ ਦੱਸੀ ਜਾਂਦੀ ਹੈ ਤਿਉਂ ਹੀ ਤੁਸੀਂ ਆਪਣੇ ਕਲੰਡਰ ਤੇ ਨਿਸ਼ਾਨ ਲਾ ਲਓ ਅਤੇ ਇਸ ਸ਼ਾਨਦਾਰ ਪ੍ਰੋਗ੍ਰਾਮ ਤੋਂ ਫ਼ਾਇਦਾ ਉਠਾਉਣ ਦੇ ਪੱਕੇ ਇੰਤਜ਼ਾਮ ਕਰੋ। ਖ਼ਾਸ ਸੰਮੇਲਨ ਦਿਨ ਦੇ ਕਿਸੇ ਵੀ ਭਾਸ਼ਣ ਨੂੰ ਸੁਣਨ ਤੋਂ ਨਾ ਖੁੰਝੋ! ਇਹ ਤੁਹਾਨੂੰ ਇਸ ਦੁਸ਼ਟ ਰੀਤੀ-ਵਿਵਸਥਾ ਦਾ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ੇਗਾ ਤੇ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਬਣੇ ਰਹੋਗੇ।