ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਨਵੇਂ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਇਕ ਠੋਸ ਬਾਈਬਲੀ ਆਧਾਰ ਵਾਲਾ ਵਿਸ਼ਾ ਹੈ: “ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ—ਸ਼ਤਾਨ ਦਾ ਸਾਹਮਣਾ ਕਰੋ।” (ਯਾਕੂ. 4:7) ਇਨ੍ਹਾਂ ਚੁਣੌਤੀ ਭਰੇ ਸਮਿਆਂ ਵਿਚ ਇਹ ਬਹੁਤ ਹੀ ਵਧੀਆ ਸਲਾਹ ਹੈ! ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਕਰਕੇ ਅਸੀਂ ਸ਼ਤਾਨ ਦੇ ਵੈਰੀ ਬਣ ਜਾਂਦੇ ਹਾਂ। ਇਸ ਪ੍ਰੋਗ੍ਰਾਮ ਵਿਚ ਅਸੀਂ ਸਿੱਖਾਂਗੇ ਕਿ ਸਾਡੀ ਨਿਹਚਾ ਨੂੰ ਤਬਾਹ ਕਰਨ ਵਾਲੀਆਂ ਸ਼ਤਾਨ ਦੀਆਂ ਭੈੜੀਆਂ ਚਾਲਾਂ ਦਾ ਅਸੀਂ ਕਿਵੇਂ ਦ੍ਰਿੜ੍ਹਤਾ ਨਾਲ ਵਿਰੋਧ ਕਰ ਸਕਦੇ ਹਾਂ। ਇਸ ਸੰਮੇਲਨ ਵਿਚ ਅਸੀਂ ਕਿਹੜੀਆਂ ਅਨਮੋਲ ਗੱਲਾਂ ਸਿੱਖਾਂਗੇ?
ਸਰਕਟ ਨਿਗਾਹਬਾਨ ਦੱਸੇਗਾ ਕਿ ਕਿਵੇਂ “ਪਰਿਵਾਰ ਵਿਚ ਪਰਮੇਸ਼ੁਰੀ ਅਧੀਨਗੀ” ਦਿਖਾਉਣ ਨਾਲ ਇਸ ਸੰਸਾਰ ਦੇ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਪਰਿਵਾਰਾਂ ਨੂੰ ਬਲ ਮਿਲਦਾ ਹੈ। ਮਹਿਮਾਨ ਭਾਸ਼ਣਕਾਰ ਦਾ ਪਹਿਲਾ ਭਾਸ਼ਣ, “ਸ਼ਤਾਨ ਦਾ ਸਾਮ੍ਹਣਾ ਕਰਨ ਦਾ ਕੀ ਮਤਲਬ ਹੈ” ਸਾਨੂੰ ਇਹ ਦੱਸੇਗਾ ਕਿ ਸਾਡੀ ਅਧਿਆਤਮਿਕਤਾ ਨੂੰ ਕਮਜ਼ੋਰ ਕਰਨ ਦੇ ਸ਼ਤਾਨ ਦੇ ਉਦੇਸ਼ਾਂ ਨੂੰ ਨਾਕਾਮ ਕਰਨ ਲਈ ਸਾਨੂੰ ਕਿਉਂ ਅਤੇ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ। ਦੋ ਭਾਸ਼ਣ ਖ਼ਾਸਕਰ ਨੌਜਵਾਨਾਂ ਲਈ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਸ਼ਤਾਨ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕਈ ਬਾਲਗ ਮਸੀਹੀਆਂ ਨੇ ਆਪਣੀ ਜਵਾਨੀ ਦੇ ਦਿਨਾਂ ਵਿਚ ਇਸ ਸੰਸਾਰ ਦੀਆਂ ਕਾਮਨਾਵਾਂ ਦਾ ਡੱਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਵਿੱਚੋਂ ਕਈਆਂ ਦੇ ਤਜਰਬੇ ਸੁਣ ਕੇ ਸਾਨੂੰ ਜ਼ਰੂਰ ਖ਼ੁਸ਼ੀ ਹੋਵੇਗੀ।
ਮਨੁੱਖੀ ਸਮਾਜ ਦੇ ਹਰੇਕ ਮੈਂਬਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਅਧੀਨ ਰਹਿਣ। ਇਸ ਲਈ, ਮਹਿਮਾਨ ਭਾਸ਼ਣਕਾਰ ਦਾ ਆਖ਼ਰੀ ਭਾਸ਼ਣ ਉਨ੍ਹਾਂ ਚਾਰ ਖੇਤਰਾਂ ਬਾਰੇ ਦੱਸੇਗਾ ਜਿਨ੍ਹਾਂ ਵਿਚ ਸਾਨੂੰ ਪਰਮੇਸ਼ੁਰੀ ਅਧੀਨਗੀ ਦਿਖਾਉਣੀ ਚਾਹੀਦੀ ਹੈ: (1) ਸਰਕਾਰਾਂ ਪ੍ਰਤੀ, (2) ਕਲੀਸਿਯਾ ਵਿਚ, (3) ਨੌਕਰੀ-ਪੇਸ਼ੇ ਵਿਚ ਅਤੇ (4) ਪਰਿਵਾਰ ਵਿਚ। ਇਹ ਪ੍ਰੋਗ੍ਰਾਮ ਸੱਚ-ਮੁੱਚ ਫ਼ਾਇਦੇਮੰਦ ਸਾਬਤ ਹੋਵੇਗਾ!
ਜਿਹੜੇ ਇਸ ਖ਼ਾਸ ਸੰਮੇਲਨ ਦਿਨ ਵਿਚ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਕਲੰਡਰ ਉੱਤੇ ਇਸ ਸੰਮੇਲਨ ਦੀ ਤਾਰੀਖ਼ ਉੱਤੇ ਨਿਸ਼ਾਨ ਲਾ ਲੈਣੇ ਚਾਹੀਦੇ ਹਨ ਤਾਂਕਿ ਅਸੀਂ ਇਸ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਰਹਿਣ ਦੀ ਯੋਜਨਾ ਬਣਾ ਸਕੀਏ। ਜੇ ਅਸੀਂ ਸਦਾ ਲਈ ਆਪਣੇ ਆਪ ਨੂੰ ਯਹੋਵਾਹ ਦੇ ਅਧੀਨ ਕਰਾਂਗੇ, ਤਾਂ ਸਾਨੂੰ ਸਦੀਪਕ ਕਾਲ ਤਕ ਅਸੀਸਾਂ ਮਿਲਣਗੀਆਂ।