ਨਵਾਂ ਸਰਕਟ ਸੰਮੇਲਨ ਕਾਰਜਕ੍ਰਮ
ਜਨਵਰੀ, 1999, ਵਿਚ ਸ਼ੁਰੂ ਹੋਣ ਵਾਲੇ ਦੋ ਦਿਨਾਂ ਦੇ ਸਰਕਟ ਸੰਮੇਲਨ ਕਾਰਜਕ੍ਰਮ ਦਾ ਵਿਸ਼ਾ ਹੈ, “ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ।” (ਕਹਾ. 4:4) ਇਹ ਇਸ ਗੱਲ ਉੱਤੇ ਜ਼ੋਰ ਦੇਵੇਗਾ ਕਿ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨੀ ਕਿਉਂ ਬੋਝਲ ਨਹੀਂ ਹੈ। ਇਸ ਤੋਂ ਇਲਾਵਾ, ਇਹ ਦਿਖਾਵੇਗਾ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਸਾਨੂੰ ਕਿਵੇਂ ਤਾਜ਼ਗੀ ਅਤੇ ਸੱਚੀ ਖ਼ੁਸ਼ੀ ਦੇ ਨਾਲ-ਨਾਲ ਭਵਿੱਖ ਲਈ ਉਮੀਦ ਵੀ ਮਿਲੇਗੀ।—ਮੱਤੀ 11:28-30; ਯੂਹੰ. 13:17.
ਮਸੀਹ ਦੇ ਹੁਕਮ ਦੀ ਪਾਲਣਾ ਵਿਚ ਜੋ ਕੋਈ ਇਸ ਸੰਮੇਲਨ ਵਿਚ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਪ੍ਰਧਾਨ ਨਿਗਾਹਬਾਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਅਤੇ ਉਹ ਲੋੜੀਂਦੇ ਪ੍ਰਬੰਧ ਕਰੇਗਾ।—ਮੱਤੀ 28:19, 20.
ਇਕ ਭਾਸ਼ਣ-ਲੜੀ ਵਿਚ ਉਹ ਵਿਵਹਾਰਕ ਤਰੀਕੇ ਦੱਸੇ ਜਾਣਗੇ ਜਿਨ੍ਹਾਂ ਦੁਆਰਾ ਅਸੀਂ ਪਰਮੇਸ਼ੁਰ ਲਈ ਅਤੇ ਆਪਣੇ ਭਰਾਵਾਂ ਲਈ ਪਿਆਰ ਦਿਖਾ ਸਕਦੇ ਹਾਂ। (ਯੂਹੰ. 13:34, 35; 1 ਯੂਹੰ. 5:3) ਜ਼ਬੂਰ 19 ਅਤੇ 119 ਵਿੱਚੋਂ ਲਈ ਗਈ ਪ੍ਰੇਰਣਾਦਾਇਕ ਸਲਾਹ ਕਾਰਜਕ੍ਰਮ ਵਿਚ ਸ਼ਾਮਲ ਕੀਤੀ ਜਾਵੇਗੀ। ਭਾਵੇਂ ਕਿ ਇਨ੍ਹਾਂ ਜ਼ਬੂਰਾਂ ਵਿਚ ਪ੍ਰੇਰਿਤ ਤਾੜਨਾ ਹਜ਼ਾਰਾਂ ਸਾਲ ਪਹਿਲਾਂ ਲਿਖੀ ਗਈ ਸੀ, ਫਿਰ ਵੀ ਅਸੀਂ ਦੇਖਾਂਗੇ ਕਿ ਇਹ ਅੱਜ ਸਾਨੂੰ ਨਿੱਜੀ ਤੌਰ ਤੇ ਕਿਵੇਂ ਲਾਭ ਪਹੁੰਚਾਉਂਦੀ ਹੈ।
ਜ਼ਿਲ੍ਹਾ ਨਿਗਾਹਬਾਨ ਵੱਲੋਂ ਦਿੱਤੇ ਜਾਣ ਵਾਲੇ ਪਬਲਿਕ ਭਾਸ਼ਣ ਦਾ ਵਿਸ਼ਾ ਹੈ, “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ।” (ਉਪ. 12:13) ਸਰਕਟ ਨਿਗਾਹਬਾਨ ਦਾ ਆਖ਼ਰੀ ਭਾਸ਼ਣ ਇਹ ਦਿਖਾਵੇਗਾ ਕਿ ਕਿਵੇਂ ਨੌਜਵਾਨ ਹੁਣ ਇਕ ਉੱਤਮ ਜੀਵਨ ਜੀ ਸਕਦੇ ਹਨ ਅਤੇ ਕਿਉਂ ਉਹ ਸਦੀਪਕ ਭਵਿੱਖ ਵਿਚ ਯਕੀਨ ਰੱਖ ਸਕਦੇ ਹਨ। ਜ਼ਿਲ੍ਹਾ ਨਿਗਾਹਬਾਨ ਕਾਰਜਕ੍ਰਮ ਦੀ ਸਮਾਪਤੀ ਤੇ ਪ੍ਰੇਮ ਦੇ “ਸ਼ਾਹੀ ਹੁਕਮ” ਅਨੁਸਾਰ ਜੀਉਣ ਦੇ ਅਨੇਕ ਲਾਭਾਂ ਨੂੰ ਇਕ-ਇਕ ਕਰ ਕੇ ਦੱਸੇਗਾ। (ਯਾਕੂ. 2:8) ਸੱਚ-ਮੁੱਚ, ਇਸ ਸੰਮੇਲਨ ਕਾਰਜਕ੍ਰਮ ਨੂੰ ਕੋਈ ਵੀ ਖੁੰਝਣਾ ਨਹੀਂ ਚਾਹੇਗਾ!