ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਡਰ ਦੀ ਇਕ ਪਰਿਭਾਸ਼ਾ ਹੈ: “ਗਹਿਰੀ ਸ਼ਰਧਾ ਅਤੇ ਭੈ, ਖ਼ਾਸਕਰ ਪਰਮੇਸ਼ੁਰ ਪ੍ਰਤੀ।” ਇਸ ਡਰ ਨੂੰ ਬਾਈਬਲ ਵਿਚ “ਬੁੱਧ ਦਾ ਮੂਲ” ਕਿਹਾ ਗਿਆ ਹੈ। (ਜ਼ਬੂ. 111:10) ਪਰ ਇਕ ਦੂਜੀ ਕਿਸਮ ਦਾ ਵੀ ਡਰ ਹੈ ਜੋ ਸ਼ਤਾਨ ਦੇ ਸੰਸਾਰ ਉੱਤੇ ਛਾਇਆ ਹੋਇਆ ਹੈ। ਅਸੀਂ ਇਸ ਹਾਨੀਕਾਰਕ ਡਰ ਤੋਂ ਬਚਣ ਦੇ ਨਾਲ-ਨਾਲ ਆਪਣੇ ਅੰਦਰ ਯਹੋਵਾਹ ਦਾ ਸ਼ਰਧਾਮਈ ਡਰ ਕਿਵੇਂ ਪੈਦਾ ਕਰ ਸਕਦੇ ਹਾਂ? ਸੇਵਾ ਸਾਲ 2002 ਦਾ ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ ਇਸ ਸਵਾਲ ਦਾ ਜਵਾਬ ਦੇਵੇਗਾ। ਇਸ ਦਾ ਵਿਸ਼ਾ ਹੈ “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ।” (ਪਰ. 14:7) ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਡਰ ਤੋਂ ਸਾਨੂੰ ਨਿੱਜੀ ਤੌਰ ਤੇ ਅਤੇ ਇਕ ਸੰਗਠਨ ਦੇ ਤੌਰ ਕਿਵੇਂ ਲਾਭ ਹੁੰਦਾ ਹੈ।
ਹਾਲਾਂਕਿ ਡਰ ਸਾਡੇ ਵਿਚ ਚਿੰਤਾ ਪੈਦਾ ਕਰ ਸਕਦਾ ਹੈ ਜਾਂ ਸਾਡਾ ਹੌਸਲਾ ਢਾਹ ਸਕਦਾ ਹੈ ਅਤੇ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਮੁਸ਼ਕਲ ਬਣਾ ਸਕਦਾ ਹੈ, ਪਰ ਬਾਈਬਲ ਕਹਿੰਦੀ ਹੈ: “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ।” (ਜ਼ਬੂ. 128:1) ਸੰਮੇਲਨ ਪ੍ਰੋਗ੍ਰਾਮ ਸਾਨੂੰ ਦੱਸੇਗਾ ਕਿ ਸੱਚੀ ਭਗਤੀ ਦੇ ਰਾਹ ਵਿਚ ਆਉਂਦੀਆਂ ਮੁਸ਼ਕਲਾਂ ਦਾ ਅਸੀਂ ਕਿਵੇਂ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਦੇ ਹਾਂ। ਅਸੀਂ ਦੇਖਾਂਗੇ ਕਿ ਪਰਮੇਸ਼ੁਰ ਦਾ ਡਰ ਪੈਦਾ ਕਰਨ ਵਿਚ ਅਸੀਂ ਨਵੇਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਅਸਲ ਵਿਚ ਇਹ ਡਰ ਉਨ੍ਹਾਂ ਨੂੰ ਆਪਣੇ ਪੂਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। (ਮਰ. 12:30) ਪਹਿਲੇ ਦਿਨ ਦੇ ਪ੍ਰੋਗ੍ਰਾਮ ਦਾ ਅਖ਼ੀਰਲਾ ਭਾਸ਼ਣ ਜ਼ਿਲ੍ਹਾ ਨਿਗਾਹਬਾਨ ਦੇਵੇਗਾ ਜਿਸ ਦਾ ਵਿਸ਼ਾ ਹੈ “ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ, ਉਨ੍ਹਾਂ ਦੇ ਹੋਰ ਨੇੜੇ ਜਾਓ।” ਉਹ ਦੱਸੇਗਾ ਕਿ ਅਸੀਂ ਕਿਵੇਂ ਸ਼ਤਾਨ ਦੇ ਉਨ੍ਹਾਂ ਜਤਨਾਂ ਪ੍ਰਤੀ ਚੁਕੰਨੇ ਰਹਿ ਸਕਦੇ ਹਾਂ ਜਿਨ੍ਹਾਂ ਦੁਆਰਾ ਉਹ ਸਾਨੂੰ ਯਹੋਵਾਹ, ਸਾਡੇ ਪਰਿਵਾਰ ਅਤੇ ਸਾਡੇ ਮਸੀਹੀ ਭਰਾਵਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।
ਦੂਜੇ ਦਿਨ ਚਾਰ ਭਾਗਾਂ ਵਾਲੀ ਭਾਸ਼ਣ-ਲੜੀ ਦਾ ਵਿਸ਼ਾ ਹੈ “ਯਹੋਵਾਹ ਤੋਂ ਡਰੋ, ਇਨਸਾਨਾਂ ਤੋਂ ਨਹੀਂ।” ਇਸ ਵਿਚ ਦੱਸਿਆ ਜਾਵੇਗਾ ਕਿ ਸਾਨੂੰ ਇਸ ਤਰ੍ਹਾਂ ਦੇ ਕਿਸੇ ਵੀ ਡਰ ਉੱਤੇ ਕਿਉਂ ਅਤੇ ਕਿਵੇਂ ਕਾਬੂ ਪਾਉਣਾ ਚਾਹੀਦਾ ਹੈ ਜੋ ਸਾਨੂੰ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਿਆਂ ਕਰਨ ਜਾਂ ਸਕੂਲ ਅਤੇ ਕੰਮ ਦੀ ਥਾਂ ਤੇ ਖਰਿਆਈ ਰੱਖਣ ਅਤੇ ਸ਼ੁੱਧ ਅੰਤਹਕਰਣ ਰੱਖਣ ਤੋਂ ਰੋਕ ਸਕਦਾ ਹੈ। ਪਰਕਾਸ਼ ਦੀ ਪੋਥੀ ਅਧਿਆਇ 14 ਵਿਚ ਦੱਸੀਆਂ ਘਟਨਾਵਾਂ ਦੀ ਲੜੀ ਉੱਤੇ ਆਧਾਰਿਤ ਪਬਲਿਕ ਭਾਸ਼ਣ ਦਾ ਵਿਸ਼ਾ ਹੈ “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ।” ਸਰਕਟ ਸੰਮੇਲਨ “ਯਹੋਵਾਹ ਦੇ ਡਰ ਵਿਚ ਚੱਲਦੇ ਰਹੋ” ਨਾਮਕ ਇਕ ਉਤਸ਼ਾਹਜਨਕ ਭਾਸ਼ਣ ਨਾਲ ਖ਼ਤਮ ਹੋਵੇਗਾ।
ਇਸ ਪ੍ਰੋਗ੍ਰਾਮ ਦੀਆਂ ਹੋਰ ਵਿਸ਼ੇਸ਼ਤਾਵਾਂ ਹਨ ਦੈਵ-ਸ਼ਾਸਕੀ ਸੇਵਕਾਈ ਸਕੂਲ, ਸੇਵਾ ਸਭਾ, ਬਪਤਿਸਮੇ ਦਾ ਭਾਸ਼ਣ ਅਤੇ ਪਹਿਰਾਬੁਰਜ ਅਧਿਐਨ ਦਾ ਸਾਰ, ਜਿਨ੍ਹਾਂ ਤੋਂ ਤੁਸੀਂ ਖੁੰਝਣਾ ਨਹੀਂ ਚਾਹੋਗੇ। ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸੱਦਾ ਦਿਓ ਕਿ ਉਹ ਵੀ ਤੁਹਾਡੇ ਨਾਲ ਸੰਮੇਲਨ ਵਿਚ ਹਾਜ਼ਰ ਹੋਣ। ਜੋ ਵੀ ਕੋਈ ਬਪਤਿਸਮਾ ਲੈਣ ਦੀ ਇੱਛਾ ਰੱਖਦਾ ਹੈ ਉਸ ਨੂੰ ਛੇਤੀ ਤੋਂ ਛੇਤੀ ਪ੍ਰਧਾਨ ਨਿਗਾਹਬਾਨ ਨੂੰ ਦੱਸਣਾ ਚਾਹੀਦਾ ਹੈ। ਅਸੀਂ ਸਾਰੇ ਹੀ ਇਸ ਖ਼ਾਸ ਪ੍ਰੋਗ੍ਰਾਮ ਦੇ ਕਿਸੇ ਵੀ ਭਾਗ ਤੋਂ ਨਾ ਖੁੰਝਣ ਦੁਆਰਾ ਯਹੋਵਾਹ ਦਾ ਡਰ ਦਿਖਾਉਣਾ ਚਾਹੁੰਦੇ ਹਾਂ ਅਤੇ ਉਸ ਦੀ ਮਹਿਮਾ ਕਰਨੀ ਚਾਹੁੰਦੇ ਹਾਂ!