ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 12/1 ਸਫ਼ੇ 14-18
  • ਆਪਣੇ ਦਿਲ ਵਿਚ ਪਰਮੇਸ਼ੁਰ ਲਈ ਡਰ ਪੈਦਾ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਦਿਲ ਵਿਚ ਪਰਮੇਸ਼ੁਰ ਲਈ ਡਰ ਪੈਦਾ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਭੈ ਭਰੀ ਹੈਰਾਨੀ, ਗਹਿਰੀ ਸ਼ਰਧਾ ਅਤੇ ਡਰ
  • “ਉਸ ਦੇ ਨਾਲ ਲੱਗੇ ਰਹਿਓ”
  • ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਹੈ ਉਸ ਤੋਂ ਡਰਨਾ
  • ਯਹੋਵਾਹ ਤੋਂ ਡਰਨਾ ਸਿੱਖਣਾ
  • ਧੰਨ ਹੈ ਹਰੇਕ ਜੋ ਯਹੋਵਾਹ ਤੋਂ ਡਰਦਾ ਹੈ
  • ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਨੂੰ ਮੰਨੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਹਮੇਸ਼ਾ ਯਹੋਵਾਹ ਤੋਂ ਡਰੋ
    ਸਾਡੀ ਰਾਜ ਸੇਵਕਾਈ—2000
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 12/1 ਸਫ਼ੇ 14-18

ਆਪਣੇ ਦਿਲ ਵਿਚ ਪਰਮੇਸ਼ੁਰ ਲਈ ਡਰ ਪੈਦਾ ਕਰੋ

“ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ।”​—ਬਿਵਸਥਾ ਸਾਰ 5:29.

1. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਇਕ ਦਿਨ ਸਾਰੇ ਇਨਸਾਨ ਡਰ ਤੋਂ ਆਜ਼ਾਦ ਹੋ ਜਾਣਗੇ?

ਡਰ ਸਦੀਆਂ ਤੋਂ ਇਨਸਾਨ ਦਾ ਪਿੱਛਾ ਕਰਦਾ ਆਇਆ ਹੈ। ਭੁੱਖ, ਬੀਮਾਰੀ, ਜੁਰਮ ਜਾਂ ਲੜਾਈਆਂ ਦਾ ਡਰ ਲੱਖਾਂ ਹੀ ਲੋਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਸੇ ਕਰਕੇ ਮਨੁੱਖੀ ਅਧਿਕਾਰਾਂ ਦੇ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਦੀ ਭੂਮਿਕਾ ਵਿਚ ਅਜਿਹੀ ਦੁਨੀਆਂ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਜਿਸ ਵਿਚ ਸਾਰੇ ਇਨਸਾਨ ਡਰ ਤੋਂ ਆਜ਼ਾਦ ਹੋ ਸਕਣ।a ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਖ਼ੁਦ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਅਜਿਹੀ ਦੁਨੀਆਂ ਬਣੇਗੀ, ਪਰ ਇਨਸਾਨਾਂ ਦੁਆਰਾ ਨਹੀਂ। ਆਪਣੇ ਨਬੀ ਮੀਕਾਹ ਦੁਆਰਾ ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਉਸ ਦੀ ਨਵੀਂ ਧਰਮੀ ਦੁਨੀਆਂ ਵਿਚ ‘ਕੋਈ ਉਸ ਦੇ ਲੋਕਾਂ ਨੂੰ ਨਾ ਡਰਾਏਗਾ।’​—ਮੀਕਾਹ 4:4.

2. (ੳ) ਬਾਈਬਲ ਸਾਨੂੰ ਕਿਵੇਂ ਪਰਮੇਸ਼ੁਰ ਤੋਂ ਡਰਨ ਦੀ ਤਾਕੀਦ ਕਰਦੀ ਹੈ? (ਅ) ਜਦੋਂ ਅਸੀਂ ਪਰਮੇਸ਼ੁਰ ਤੋਂ ਡਰਨ ਸੰਬੰਧੀ ਆਪਣੀ ਜ਼ਿੰਮੇਵਾਰੀ ਉੱਤੇ ਵਿਚਾਰ ਕਰਦੇ ਹਾਂ, ਤਾਂ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

2 ਦੂਸਰੇ ਪਾਸੇ, ਡਰ ਫ਼ਾਇਦੇਮੰਦ ਵੀ ਹੋ ਸਕਦਾ ਹੈ। ਬਾਈਬਲ ਵਿਚ ਵਾਰ-ਵਾਰ ਪਰਮੇਸ਼ੁਰ ਦੇ ਸੇਵਕਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਯਹੋਵਾਹ ਤੋਂ ਡਰਨ। ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ, ਉਸ ਦੀ ਉਪਾਸਨਾ ਕਰੋ।” (ਬਿਵਸਥਾ ਸਾਰ 6:13) ਕਈ ਸਦੀਆਂ ਬਾਅਦ ਸੁਲੇਮਾਨ ਨੇ ਲਿਖਿਆ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਉਪਦੇਸ਼ਕ ਦੀ ਪੋਥੀ 12:13) ਦੂਤਾਂ ਦੀ ਨਿਗਰਾਨੀ ਅਧੀਨ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਦੁਆਰਾ ਅਸੀਂ ਵੀ ਸਾਰੇ ਲੋਕਾਂ ਨੂੰ ਤਾਕੀਦ ਕਰਦੇ ਹਾਂ ਕਿ ਉਹ ‘ਪਰਮੇਸ਼ੁਰ ਤੋਂ ਡਰਨ ਅਤੇ ਉਹ ਦੀ ਵਡਿਆਈ ਕਰਨ।’ (ਪਰਕਾਸ਼ ਦੀ ਪੋਥੀ 14:6, 7) ਯਹੋਵਾਹ ਤੋਂ ਡਰਨ ਦੇ ਨਾਲ-ਨਾਲ ਮਸੀਹੀਆਂ ਨੂੰ ਉਸ ਨਾਲ ਪੂਰੇ ਦਿਲ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ। (ਮੱਤੀ 22:37, 38) ਅਸੀਂ ਯਹੋਵਾਹ ਨੂੰ ਪਿਆਰ ਕਰਨ ਦੇ ਨਾਲ-ਨਾਲ ਉਸ ਤੋਂ ਕਿਵੇਂ ਡਰ ਸਕਦੇ ਹਾਂ? ਪ੍ਰੇਮਮਈ ਪਰਮੇਸ਼ੁਰ ਤੋਂ ਡਰਨਾ ਕਿਉਂ ਜ਼ਰੂਰੀ ਹੈ? ਆਪਣੇ ਅੰਦਰ ਪਰਮੇਸ਼ੁਰ ਦਾ ਡਰ ਪੈਦਾ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਪਰਮੇਸ਼ੁਰ ਤੋਂ ਡਰਨ ਦਾ ਕੀ ਮਤਲਬ ਹੈ ਅਤੇ ਇਸ ਕਿਸਮ ਦਾ ਡਰ ਕਿਵੇਂ ਯਹੋਵਾਹ ਨਾਲ ਸਾਡੇ ਰਿਸ਼ਤੇ ਵਿਚ ਅਹਿਮੀਅਤ ਰੱਖਦਾ ਹੈ।

ਭੈ ਭਰੀ ਹੈਰਾਨੀ, ਗਹਿਰੀ ਸ਼ਰਧਾ ਅਤੇ ਡਰ

3. ਪਰਮੇਸ਼ੁਰ ਤੋਂ ਡਰਨ ਦਾ ਕੀ ਮਤਲਬ ਹੈ?

3 ਪਰਮੇਸ਼ੁਰ ਦਾ ਡਰ ਇਕ ਅਜਿਹੀ ਭਾਵਨਾ ਹੈ ਜੋ ਆਪਣੇ ਸਿਰਜਣਹਾਰ ਪ੍ਰਤੀ ਹਰ ਮਸੀਹੀ ਦੇ ਦਿਲ ਵਿਚ ਹੋਣੀ ਚਾਹੀਦੀ ਹੈ। ਇਸ ਡਰ ਦਾ ਅਰਥ ਇਸ ਤਰ੍ਹਾਂ ਸਮਝਾਇਆ ਗਿਆ ਹੈ: “ਆਪਣੇ ਸਿਰਜਣਹਾਰ ਪ੍ਰਤੀ ਭੈ ਭਰੀ ਹੈਰਾਨੀ ਅਤੇ ਗਹਿਰੀ ਸ਼ਰਧਾ ਦੀ ਭਾਵਨਾ ਅਤੇ ਉਸ ਨੂੰ ਨਾਰਾਜ਼ ਕਰਨ ਦਾ ਡਰ।” ਇਸ ਤਰ੍ਹਾਂ ਪਰਮੇਸ਼ੁਰ ਦਾ ਡਰ ਸਾਡੀ ਜ਼ਿੰਦਗੀ ਦੇ ਦੋ ਖ਼ਾਸ ਪਹਿਲੂਆਂ ਉੱਤੇ ਪ੍ਰਭਾਵ ਪਾਉਂਦਾ ਹੈ: ਪਰਮੇਸ਼ੁਰ ਪ੍ਰਤੀ ਅਤੇ ਉਨ੍ਹਾਂ ਕੰਮਾਂ ਪ੍ਰਤੀ ਸਾਡਾ ਰਵੱਈਆ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ। ਸਪੱਸ਼ਟ ਹੈ ਕਿ ਇਹ ਦੋਵੇਂ ਪਹਿਲੂ ਬਹੁਤ ਮਹੱਤਵਪੂਰਣ ਹਨ ਤੇ ਇਨ੍ਹਾਂ ਉੱਤੇ ਧਿਆਨ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਦੱਸਦੀ ਹੈ ਕਿ ਇਹ ਸ਼ਰਧਾਮਈ ਡਰ ਮਸੀਹੀਆਂ ਦੀ ‘ਜ਼ਿੰਦਗੀ ਦੇ ਅਧਿਆਤਮਿਕ ਤੇ ਨੈਤਿਕ ਪਹਿਲੂਆਂ ਵਿਚ ਮੁੱਖ ਪ੍ਰੇਰਣਾ-ਸ਼ਕਤੀ ਹੈ।’

4. ਅਸੀਂ ਆਪਣੇ ਅੰਦਰ ਆਪਣੇ ਸਿਰਜਣਹਾਰ ਪ੍ਰਤੀ ਭੈ ਅਤੇ ਸ਼ਰਧਾ ਕਿਵੇਂ ਪੈਦਾ ਕਰ ਸਕਦੇ ਹਾਂ?

4 ਅਸੀਂ ਆਪਣੇ ਸਿਰਜਣਹਾਰ ਪ੍ਰਤੀ ਭੈ ਅਤੇ ਗਹਿਰੀ ਸ਼ਰਧਾ ਕਿਵੇਂ ਪੈਦਾ ਕਰ ਸਕਦੇ ਹਾਂ? ਜਦੋਂ ਅਸੀਂ ਕੋਈ ਸੋਹਣਾ ਕੁਦਰਤੀ ਨਜ਼ਾਰਾ, ਛੱਲਾਂ ਮਾਰਦਾ ਝਰਨਾ ਜਾਂ ਸੂਰਜ ਡੁੱਬਣ ਵੇਲੇ ਰੰਗ-ਬਰੰਗਾ ਆਸਮਾਨ ਦੇਖਦੇ ਹਾਂ, ਤਾਂ ਸਾਡਾ ਮਨ ਭੈ ਭਰੀ ਹੈਰਾਨੀ ਨਾਲ ਭਰ ਜਾਂਦਾ ਹੈ। ਤੇ ਜਦੋਂ ਅਸੀਂ ਆਪਣੀ ਨਿਹਚਾ ਦੀਆਂ ਅੱਖਾਂ ਨਾਲ ਦੇਖਦੇ ਹਾਂ ਕਿ ਇਹ ਸਾਰੇ ਕੁਦਰਤੀ ਨਜ਼ਾਰੇ ਪਰਮੇਸ਼ੁਰ ਦੇ ਹੱਥਾਂ ਦੀ ਕਰਾਮਾਤ ਹਨ, ਤਾਂ ਭੈ ਦੀ ਇਹ ਭਾਵਨਾ ਹੋਰ ਵੀ ਵਧ ਜਾਂਦੀ ਹੈ। ਇਸ ਤੋਂ ਇਲਾਵਾ, ਰਾਜਾ ਦਾਊਦ ਵਾਂਗ ਅਸੀਂ ਦੇਖਦੇ ਹਾਂ ਕਿ ਯਹੋਵਾਹ ਦੀ ਅਚੰਭਾਕਾਰੀ ਸ੍ਰਿਸ਼ਟੀ ਦੀ ਤੁਲਨਾ ਵਿਚ ਅਸੀਂ ਕਿੰਨੇ ਛੋਟੇ ਹਾਂ। “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ?” (ਜ਼ਬੂਰ 8:3, 4) ਇਸ ਭੈ ਭਰੀ ਹੈਰਾਨੀ ਕਰਕੇ ਸਾਡੇ ਅੰਦਰ ਗਹਿਰੀ ਸ਼ਰਧਾ ਪੈਦਾ ਹੁੰਦੀ ਹੈ ਅਤੇ ਇਹ ਸ਼ਰਧਾ ਸਾਨੂੰ ਉਨ੍ਹਾਂ ਸਭ ਕੰਮਾਂ ਲਈ ਯਹੋਵਾਹ ਦਾ ਧੰਨਵਾਦ ਅਤੇ ਵਡਿਆਈ ਕਰਨ ਲਈ ਪ੍ਰੇਰਿਤ ਕਰਦੀ ਹੈ ਜੋ ਉਸ ਨੇ ਸਾਡੇ ਲਈ ਕੀਤੇ ਹਨ। ਦਾਊਦ ਨੇ ਇਹ ਵੀ ਲਿਖਿਆ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”​—ਜ਼ਬੂਰ 139:14.

5. ਸਾਨੂੰ ਯਹੋਵਾਹ ਤੋਂ ਕਿਉਂ ਡਰਨਾ ਚਾਹੀਦਾ ਹੈ ਅਤੇ ਇਸ ਸੰਬੰਧ ਵਿਚ ਸਾਡੇ ਕੋਲ ਕਿਹੜੀ ਵਧੀਆ ਮਿਸਾਲ ਹੈ?

5 ਭੈ ਅਤੇ ਸ਼ਰਧਾ ਦੀਆਂ ਭਾਵਨਾਵਾਂ ਸਾਡੇ ਅੰਦਰ ਆਪਣੇ ਸਿਰਜਣਹਾਰ ਦੀ ਸ਼ਕਤੀ ਅਤੇ ਪੂਰੀ ਦੁਨੀਆਂ ਦੇ ਜਾਇਜ਼ ਸ਼ਾਸਕ ਵਜੋਂ ਉਸ ਦੇ ਇਖ਼ਤਿਆਰ ਪ੍ਰਤੀ ਆਦਰ ਅਤੇ ਡਰ ਪੈਦਾ ਕਰਦੀਆਂ ਹਨ। ਯੂਹੰਨਾ ਰਸੂਲ ਦੁਆਰਾ ਦੇਖੇ ਦਰਸ਼ਣ ਵਿਚ, ਸਵਰਗੀ ਸਿੰਘਾਸਣਾਂ ਉੱਤੇ ਬਿਰਾਜਮਾਨ ਮਸੀਹ ਦੇ ਮਸਹ ਕੀਤੇ ਹੋਏ ਪੈਰੋਕਾਰ ‘ਜਿਨ੍ਹਾਂ ਨੇ ਓਸ ਦਰਿੰਦੇ ਉੱਤੇ ਅਤੇ ਉਹ ਦੀ ਮੂਰਤੀ ਉੱਤੇ ਫ਼ਤਹ ਪਾਈ,’ ਐਲਾਨ ਕਰਦੇ ਹਨ: “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ?” (ਪਰਕਾਸ਼ ਦੀ ਪੋਥੀ 15:2-4) ਪਰਮੇਸ਼ੁਰ ਦੀ ਸ਼ਾਨੋ-ਸ਼ੌਕਤ ਲਈ ਡੂੰਘੀ ਸ਼ਰਧਾ ਤੋਂ ਪੈਦਾ ਹੋਇਆ ਡਰ ਸਵਰਗੀ ਰਾਜ ਵਿਚ ਮਸੀਹ ਨਾਲ ਸ਼ਾਸਨ ਕਰਨ ਵਾਲੇ ਇਨ੍ਹਾਂ ਮਸੀਹੀਆਂ ਨੂੰ ਪਰਮੇਸ਼ੁਰ ਨੂੰ ਸਰਬਸ਼ਕਤੀਮਾਨ ਰਾਜੇ ਵਜੋਂ ਪੂਰਾ ਸਨਮਾਨ ਦੇਣ ਲਈ ਪ੍ਰੇਰਿਤ ਕਰਦਾ ਹੈ। ਯਹੋਵਾਹ ਨੇ ਜੋ ਕੁਝ ਕੀਤਾ ਹੈ ਤੇ ਜਿਸ ਧਰਮੀ ਤਰੀਕੇ ਨਾਲ ਉਹ ਬ੍ਰਹਿਮੰਡ ਤੇ ਰਾਜ ਕਰਦਾ ਹੈ, ਉਸ ਸਭ ਉੱਤੇ ਵਿਚਾਰ ਕਰਨ ਤੋਂ ਬਾਅਦ, ਕੀ ਸਾਡੇ ਕੋਲ ਉਸ ਤੋਂ ਡਰਨ ਦੇ ਚੰਗੇ ਕਾਰਨ ਨਹੀਂ ਹਨ?​—ਜ਼ਬੂਰ 2:11; ਯਿਰਮਿਯਾਹ 10:7.

6. ਸਾਡੇ ਅੰਦਰ ਯਹੋਵਾਹ ਨੂੰ ਨਾਰਾਜ਼ ਕਰਨ ਦਾ ਡਰ ਕਿਉਂ ਹੋਣਾ ਚਾਹੀਦਾ ਹੈ?

6 ਪਰ ਭੈ ਭਰੀ ਹੈਰਾਨੀ ਅਤੇ ਗਹਿਰੀ ਸ਼ਰਧਾ ਤੋਂ ਇਲਾਵਾ ਪਰਮੇਸ਼ੁਰ ਤੋਂ ਡਰਨ ਵਿਚ ਉਸ ਨੂੰ ਨਾਰਾਜ਼ ਕਰਨ ਜਾਂ ਉਸ ਦੀ ਅਣਆਗਿਆਕਾਰੀ ਕਰਨ ਦਾ ਡਰ ਵੀ ਸ਼ਾਮਲ ਹੈ। ਕਿਉਂ? ਕਿਉਂਕਿ, ਭਾਵੇਂ ਯਹੋਵਾਹ ‘ਕਰੋਧ ਵਿੱਚ ਧੀਰਜੀ ਅਰ ਭਲਿਆਈ ਨਾਲ ਭਰਪੂਰ ਹੈ,’ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਭਾਵੇਂ ਯਹੋਵਾਹ ਪਰਮੇਸ਼ੁਰ ਪ੍ਰੇਮ ਅਤੇ ਦਇਆ ਦਾ ਸਾਗਰ ਹੈ, ਪਰ ਉਹ ਬੁਰਾਈ ਅਤੇ ਜਾਣ-ਬੁੱਝ ਕੇ ਕੀਤੇ ਪਾਪਾਂ ਨੂੰ ਨਹੀਂ ਸਹਾਰਦਾ। (ਜ਼ਬੂਰ 5:4, 5; ਹਬੱਕੂਕ 1:13) ਜਿਹੜੇ ਲੋਕ ਜਾਣ-ਬੁੱਝ ਕੇ ਅਤੇ ਬਿਨਾਂ ਪਛਤਾਵਾ ਕੀਤੇ ਉਹ ਕੰਮ ਕਰਦੇ ਰਹਿੰਦੇ ਹਨ ਜਿਹੜੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਹਨ ਅਤੇ ਉਸ ਦੇ ਵਿਰੁੱਧ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲੇਗੀ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਜੀਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਣਕ ਗੱਲ ਹੈ।” ਅਜਿਹੀ ਕਿਸੇ ਸਥਿਤੀ ਵਿਚ ਪੈਣ ਦਾ ਡਰ ਹਮੇਸ਼ਾ ਸਾਡੀ ਰਾਖੀ ਕਰੇਗਾ।​—ਇਬਰਾਨੀਆਂ 10:31.

“ਉਸ ਦੇ ਨਾਲ ਲੱਗੇ ਰਹਿਓ”

7. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਕੋਲ ਸਾਨੂੰ ਬਚਾਉਣ ਦੀ ਸ਼ਕਤੀ ਹੈ?

7 ਪਰਮੇਸ਼ੁਰ ਪ੍ਰਤੀ ਸ਼ਰਧਾਮਈ ਡਰ ਅਤੇ ਉਸ ਦੀ ਅਚੰਭਾਕਾਰੀ ਸ਼ਕਤੀ ਦੀ ਜਾਣਕਾਰੀ ਹੋਣ ਨਾਲ ਯਹੋਵਾਹ ਉੱਤੇ ਸਾਡਾ ਭਰੋਸਾ ਤੇ ਵਿਸ਼ਵਾਸ ਵਧਦਾ ਹੈ। ਠੀਕ ਜਿਵੇਂ ਇਕ ਛੋਟਾ ਬੱਚਾ ਆਪਣੇ ਪਿਤਾ ਦੇ ਨੇੜੇ ਰਹਿ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ, ਉਸੇ ਤਰ੍ਹਾਂ ਅਸੀਂ ਯਹੋਵਾਹ ਦੀ ਅਗਵਾਈ ਵਿਚ ਸੁਰੱਖਿਅਤ ਅਤੇ ਦਲੇਰ ਮਹਿਸੂਸ ਕਰਦੇ ਹਾਂ। ਧਿਆਨ ਦਿਓ ਕਿ ਯਹੋਵਾਹ ਦੁਆਰਾ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਉਣ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ ਸੀ: “ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਰ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ।” (ਕੂਚ 14:31) ਅਲੀਸ਼ਾ ਦਾ ਤਜਰਬਾ ਵੀ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।” (ਜ਼ਬੂਰ 34:7; 2 ਰਾਜਿਆਂ 6:15-17) ਯਹੋਵਾਹ ਦੇ ਲੋਕਾਂ ਦਾ ਆਧੁਨਿਕ ਦਿਨ ਦਾ ਇਤਿਹਾਸ ਅਤੇ ਸੰਭਵ ਤੌਰ ਤੇ ਸਾਡਾ ਆਪਣਾ ਤਜਰਬਾ ਵੀ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੇ ਭਲੇ ਲਈ ਆਪਣੀ ਸ਼ਕਤੀ ਵਰਤਦਾ ਹੈ। (2 ਇਤਹਾਸ 16:9) ਇਸ ਤਰ੍ਹਾਂ ਅਸੀਂ ਇਸ ਗੱਲ ਦੀ ਕਦਰ ਕਰ ਸਕਦੇ ਹਾਂ ਕਿ “ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ ਹੈ।”​—ਕਹਾਉਤਾਂ 14:26.

8. (ੳ) ਪਰਮੇਸ਼ੁਰ ਦਾ ਡਰ ਸਾਨੂੰ ਉਸ ਦੇ ਰਾਹਾਂ ਵਿਚ ਚੱਲਣ ਲਈ ਕਿਉਂ ਪ੍ਰੇਰਿਤ ਕਰਦਾ ਹੈ? (ਅ) ਸਮਝਾਓ ਕਿ ਸਾਨੂੰ ਕਿਵੇਂ ਯਹੋਵਾਹ ਨਾਲ ‘ਲੱਗੇ ਰਹਿਣਾ’ ਚਾਹੀਦਾ ਹੈ।

8 ਯਹੋਵਾਹ ਦਾ ਡਰ ਰੱਖਣ ਨਾਲ ਨਾ ਸਿਰਫ਼ ਸਾਡਾ ਉਸ ਵਿਚ ਭਰੋਸਾ ਤੇ ਵਿਸ਼ਵਾਸ ਵਧਦਾ ਹੈ ਸਗੋਂ ਸਾਨੂੰ ਉਸ ਦੇ ਰਾਹਾਂ ਉੱਤੇ ਚੱਲਣ ਦੀ ਪ੍ਰੇਰਣਾ ਵੀ ਮਿਲਦੀ ਹੈ। ਜਦੋਂ ਸੁਲੇਮਾਨ ਨੇ ਹੈਕਲ ਦੀ ਚੱਠ ਕੀਤੀ ਸੀ, ਤਾਂ ਉਸ ਨੇ ਯਹੋਵਾਹ ਨੂੰ ਇਹ ਪ੍ਰਾਰਥਨਾ ਕੀਤੀ: “[ਇਸਰਾਏਲੀ] ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਓਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੈਂ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ ਤੇਰੇ ਰਾਹਾਂ ਉੱਤੇ ਚੱਲਣ ਅਤੇ ਤੇਰੇ ਕੋਲੋਂ ਡਰਨ।” (2 ਇਤਹਾਸ 6:31) ਇਸ ਤੋਂ ਪਹਿਲਾਂ ਮੂਸਾ ਨੇ ਇਸਰਾਏਲੀਆਂ ਨੂੰ ਤਾਕੀਦ ਕੀਤੀ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਿਓ। ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸ ਦੀ ਅਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ।” (ਬਿਵਸਥਾ ਸਾਰ 13:4) ਇਨ੍ਹਾਂ ਆਇਤਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਜੇ ਅਸੀਂ ਯਹੋਵਾਹ ਉੱਤੇ ਭਰੋਸਾ ਤੇ ਵਿਸ਼ਵਾਸ ਰੱਖਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਰਾਹਾਂ ਵਿਚ ਚੱਲਣਾ ਅਤੇ ਉਸ ਦੇ ਨਾਲ ‘ਲੱਗੇ ਰਹਿਣਾ’ ਚਾਹਾਂਗੇ। ਜੀ ਹਾਂ, ਪਰਮੇਸ਼ੁਰੀ ਡਰ ਕਰਕੇ ਅਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਹਾਂ, ਉਸ ਦੀ ਸੇਵਾ ਕਰਦੇ ਹਾਂ ਅਤੇ ਉਸ ਨਾਲ ਲੱਗੇ ਰਹਿੰਦੇ ਹਾਂ, ਜਿਵੇਂ ਇਕ ਛੋਟਾ ਬੱਚਾ ਆਪਣੇ ਪਿਤਾ ਨਾਲ ਚਿੰਬੜਿਆ ਰਹਿੰਦਾ ਹੈ ਜਿਸ ਉੱਤੇ ਉਹ ਪੂਰਾ ਭਰੋਸਾ ਤੇ ਵਿਸ਼ਵਾਸ ਰੱਖਦਾ ਹੈ।​—ਜ਼ਬੂਰ 63:8; ਯਸਾਯਾਹ 41:13.

ਪਰਮੇਸ਼ੁਰ ਨੂੰ ਪਿਆਰ ਕਰਨ ਦਾ ਮਤਲਬ ਹੈ ਉਸ ਤੋਂ ਡਰਨਾ

9. ਪਰਮੇਸ਼ੁਰ ਨਾਲ ਪਿਆਰ ਕਰਨ ਅਤੇ ਉਸ ਦਾ ਡਰ ਰੱਖਣ ਵਿਚ ਕੀ ਸੰਬੰਧ ਹੈ?

9 ਬਾਈਬਲ ਮੁਤਾਬਕ ਪਰਮੇਸ਼ੁਰ ਤੋਂ ਡਰਨ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਸ ਨੂੰ ਪਿਆਰ ਨਹੀਂ ਕਰ ਸਕਦੇ। ਇਸ ਦੀ ਬਜਾਇ, ਇਸਰਾਏਲੀਆਂ ਨੂੰ ‘ਯਹੋਵਾਹ ਤੋਂ ਭੈ ਖਾਣ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲਣ ਅਤੇ ਉਸ ਨਾਲ ਪ੍ਰੇਮ ਰੱਖਣ’ ਲਈ ਕਿਹਾ ਗਿਆ ਸੀ। (ਬਿਵਸਥਾ ਸਾਰ 10:12) ਇਸ ਲਈ ਪਰਮੇਸ਼ੁਰ ਤੋਂ ਡਰਨ ਅਤੇ ਉਸ ਨਾਲ ਪਿਆਰ ਕਰਨ ਵਿਚ ਗਹਿਰਾ ਸੰਬੰਧ ਹੈ। ਪਰਮੇਸ਼ੁਰ ਦਾ ਡਰ ਸਾਨੂੰ ਉਸ ਦੇ ਰਾਹਾਂ ਉੱਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ। (1 ਯੂਹੰਨਾ 5:3) ਇਹ ਬਿਲਕੁਲ ਸਹੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ। ਇਸਰਾਏਲੀਆਂ ਨੇ ਉਜਾੜ ਵਿਚ ਆਪਣੇ ਬਗਾਵਤੀ ਕੰਮਾਂ ਦੁਆਰਾ ਯਹੋਵਾਹ ਨੂੰ ਦੁਖੀ ਕੀਤਾ ਸੀ। ਯਕੀਨਨ ਅਸੀਂ ਕਦੀ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਸਾਡੇ ਸਵਰਗੀ ਪਿਤਾ ਨੂੰ ਠੇਸ ਪਹੁੰਚੇ। (ਜ਼ਬੂਰ 78:40, 41) ਦੂਸਰੇ ਪਾਸੇ, ਕਿਉਂਕਿ “ਯਹੋਵਾਹ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ,” ਇਸ ਲਈ ਸਾਡੀ ਆਗਿਆਕਾਰੀ ਅਤੇ ਵਫ਼ਾਦਾਰੀ ਨਾਲ ਉਸ ਦਾ ਦਿਲ ਆਨੰਦਿਤ ਹੁੰਦਾ ਹੈ। (ਜ਼ਬੂਰ 147:11; ਕਹਾਉਤਾਂ 27:11) ਪਰਮੇਸ਼ੁਰ ਲਈ ਪਿਆਰ ਸਾਨੂੰ ਉਸ ਨੂੰ ਖ਼ੁਸ਼ ਕਰਨ ਲਈ ਉਕਸਾਉਂਦਾ ਹੈ ਅਤੇ ਪਰਮੇਸ਼ੁਰ ਦਾ ਡਰ ਸਾਨੂੰ ਉਸ ਨੂੰ ਠੇਸ ਨਾ ਪਹੁੰਚਾਉਣ ਲਈ ਪ੍ਰੇਰਿਤ ਕਰਦਾ ਹੈ। ਇਹ ਦੋਵੇਂ ਗੁਣ ਇਕ ਦੂਸਰੇ ਦੇ ਵਿਰੋਧੀ ਨਹੀਂ ਹਨ, ਸਗੋਂ ਸਹਿਯੋਗੀ ਹਨ।

10. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ਦਾ ਡਰ ਰੱਖ ਕੇ ਆਨੰਦ ਮਿਲਦਾ ਸੀ?

10 ਯਿਸੂ ਮਸੀਹ ਦੀ ਜ਼ਿੰਦਗੀ ਇਸ ਗੱਲ ਨੂੰ ਬਿਲਕੁਲ ਸਪੱਸ਼ਟ ਕਰਦੀ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਨ ਦੇ ਨਾਲ-ਨਾਲ ਉਸ ਤੋਂ ਕਿਵੇਂ ਡਰ ਸਕਦੇ ਹਾਂ। ਯਿਸੂ ਬਾਰੇ ਯਸਾਯਾਹ ਨਬੀ ਨੇ ਲਿਖਿਆ: “ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।” (ਯਸਾਯਾਹ 11:2, 3) ਇਸ ਭਵਿੱਖਬਾਣੀ ਅਨੁਸਾਰ, ਯਹੋਵਾਹ ਦੀ ਆਤਮਾ ਨੇ ਯਿਸੂ ਨੂੰ ਆਪਣੇ ਸਵਰਗੀ ਪਿਤਾ ਤੋਂ ਡਰਨ ਲਈ ਪ੍ਰੇਰਿਤ ਕੀਤਾ ਸੀ। ਇਸ ਤੋਂ ਇਲਾਵਾ, ਅਸੀਂ ਦੇਖਦੇ ਹਾਂ ਕਿ ਉਸ ਨੇ ਇਸ ਡਰ ਨੂੰ ਬੰਦਸ਼ ਮਹਿਸੂਸ ਕਰਨ ਦੀ ਬਜਾਇ ਇਸ ਤੋਂ ਸੰਤੁਸ਼ਟੀ ਪ੍ਰਾਪਤ ਕੀਤੀ। ਯਿਸੂ ਨੂੰ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਅਤੇ ਉਸ ਨੂੰ ਖ਼ੁਸ਼ ਕਰ ਕੇ ਬਹੁਤ ਆਨੰਦ ਮਿਲਿਆ। ਜਦੋਂ ਉਹ ਸੂਲੀ ਉੱਤੇ ਮੌਤ ਦੀ ਉਡੀਕ ਕਰ ਰਿਹਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ: “ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।” (ਮੱਤੀ 26:39) ਯਿਸੂ ਨੇ ਪਰਮੇਸ਼ੁਰ ਦਾ ਡਰ ਰੱਖਿਆ ਜਿਸ ਕਾਰਨ ਯਹੋਵਾਹ ਨੇ ਆਪਣੇ ਪੁੱਤਰ ਦੀ ਬੇਨਤੀ ਨੂੰ ਸੁਣਿਆ, ਉਸ ਨੂੰ ਤਾਕਤ ਦਿੱਤੀ ਤੇ ਦੁਬਾਰਾ ਜੀਉਂਦਾ ਕੀਤਾ।​—ਇਬਰਾਨੀਆਂ 5:7.

ਯਹੋਵਾਹ ਤੋਂ ਡਰਨਾ ਸਿੱਖਣਾ

11, 12. (ੳ) ਸਾਨੂੰ ਕਿਉਂ ਪਰਮੇਸ਼ੁਰ ਤੋਂ ਡਰਨਾ ਸਿੱਖਣਾ ਪਵੇਗਾ? (ਅ) ਯਿਸੂ ਸਾਨੂੰ ਯਹੋਵਾਹ ਤੋਂ ਡਰਨਾ ਕਿਵੇਂ ਸਿਖਾਉਂਦਾ ਹੈ?

11 ਕੁਦਰਤ ਦੀ ਸ਼ਕਤੀ ਤੇ ਵਿਸ਼ਾਲਤਾ ਦੇਖ ਕੇ ਅਸੀਂ ਸੁਭਾਵਕ ਤੌਰ ਤੇ ਹੀ ਅਚੰਭੇ ਵਿਚ ਪੈ ਜਾਂਦੇ ਹਾਂ, ਪਰ ਪਰਮੇਸ਼ੁਰ ਦਾ ਡਰ ਸਾਡੇ ਵਿਚ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦਾ। ਇਸੇ ਕਰਕੇ ਮਹਾਨ ਦਾਊਦ, ਯਿਸੂ ਮਸੀਹ ਸਾਨੂੰ ਇਹ ਸੱਦਾ ਦਿੰਦਾ ਹੈ: “ਬੱਚਿਓ, ਆਓ, ਮੇਰੀ ਸੁਣੋ, ਅਤੇ ਮੈਂ ਤੁਹਾਨੂੰ ਯਹੋਵਾਹ ਦਾ ਭੈ ਸਿਖਾਵਾਂਗਾ।” (ਜ਼ਬੂਰ 34:11) ਅਸੀਂ ਯਿਸੂ ਤੋਂ ਯਹੋਵਾਹ ਦਾ ਡਰ ਰੱਖਣ ਬਾਰੇ ਕਿਵੇਂ ਸਿੱਖ ਸਕਦੇ ਹਾਂ?

12 ਯਿਸੂ ਆਪਣੇ ਸਵਰਗੀ ਪਿਤਾ ਦੀ ਸ਼ਾਨਦਾਰ ਸ਼ਖ਼ਸੀਅਤ ਨੂੰ ਸਮਝਣ ਵਿਚ ਸਾਡੀ ਮਦਦ ਕਰ ਕੇ ਸਾਨੂੰ ਯਹੋਵਾਹ ਤੋਂ ਡਰਨਾ ਸਿਖਾਉਂਦਾ ਹੈ। (ਯੂਹੰਨਾ 1:18) ਯਿਸੂ ਦੀ ਆਪਣੀ ਉਦਾਹਰਣ ਦਿਖਾਉਂਦੀ ਹੈ ਕਿ ਪਰਮੇਸ਼ੁਰ ਕੀ ਸੋਚਦਾ ਹੈ ਅਤੇ ਉਹ ਦੂਸਰਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ, ਕਿਉਂਕਿ ਯਿਸੂ ਦੀ ਸ਼ਖ਼ਸੀਅਤ ਆਪਣੇ ਪਿਤਾ ਦੀ ਸ਼ਖ਼ਸੀਅਤ ਨਾਲ ਪੂਰੀ ਤਰ੍ਹਾਂ ਮਿਲਦੀ-ਜੁਲਦੀ ਹੈ। (ਯੂਹੰਨਾ 14:9, 10) ਇਸ ਤੋਂ ਇਲਾਵਾ, ਜਦੋਂ ਅਸੀਂ ਆਪਣੇ ਪਾਪਾਂ ਦੀ ਮਾਫ਼ੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਯਿਸੂ ਦੀ ਕੁਰਬਾਨੀ ਰਾਹੀਂ ਉਸ ਨਾਲ ਗੱਲ ਕਰ ਸਕਦੇ ਹਾਂ। ਪਰਮੇਸ਼ੁਰ ਦੀ ਦਇਆ ਦਾ ਇਹ ਸ਼ਾਨਦਾਰ ਪ੍ਰਗਟਾਵਾ ਆਪਣੇ ਆਪ ਵਿਚ ਸਾਡੇ ਲਈ ਉਸ ਤੋਂ ਡਰਨ ਦਾ ਵੱਡਾ ਕਾਰਨ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।”—ਜ਼ਬੂਰ 130:4.

13. ਯਹੋਵਾਹ ਦਾ ਡਰ ਪੈਦਾ ਕਰਨ ਲਈ ਕਹਾਉਤਾਂ ਦੀ ਕਿਤਾਬ ਵਿਚ ਕਿਹੜੇ ਕੁਝ ਕਦਮ ਦੱਸੇ ਗਏ ਹਨ?

13 ਕਹਾਉਤਾਂ ਦੀ ਕਿਤਾਬ ਵਿਚ ਕੁਝ ਕਦਮ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਅੰਦਰ ਪਰਮੇਸ਼ੁਰੀ ਡਰ ਪੈਦਾ ਕਰ ਸਕਦੇ ਹਾਂ। “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ, ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, . . . ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।” (ਕਹਾਉਤਾਂ 2:1-5) ਇਸ ਲਈ, ਆਪਣੇ ਅੰਦਰ ਪਰਮੇਸ਼ੁਰ ਦਾ ਡਰ ਪੈਦਾ ਕਰਨ ਲਈ ਸਾਨੂੰ ਉਸ ਦੇ ਬਚਨ ਦਾ ਅਧਿਐਨ ਕਰਨ, ਇਸ ਵਿਚ ਦਿੱਤੀਆਂ ਹਿਦਾਇਤਾਂ ਨੂੰ ਸਮਝਣ ਦਾ ਪੂਰਾ ਜਤਨ ਕਰਨ ਅਤੇ ਇਸ ਵਿਚ ਦਿੱਤੀ ਸਲਾਹ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ।

14. ਅਸੀਂ ਇਸਰਾਏਲ ਦੇ ਰਾਜਿਆਂ ਨੂੰ ਦਿੱਤੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?

14 ਪੁਰਾਣੇ ਸਮੇਂ ਵਿਚ ਇਸਰਾਏਲ ਦੇ ਹਰ ਰਾਜੇ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਬਿਵਸਥਾ ਦੀ ਇਕ ਨਕਲ ਬਣਾਵੇ ਅਤੇ “ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ।” (ਬਿਵਸਥਾ ਸਾਰ 17:18, 19) ਜੇ ਅਸੀਂ ਯਹੋਵਾਹ ਦਾ ਡਰ ਰੱਖਣਾ ਸਿੱਖਣਾ ਚਾਹੁੰਦੇ ਹਾਂ, ਤਾਂ ਸਾਡੇ ਲਈ ਵੀ ਬਾਈਬਲ ਨੂੰ ਪੜ੍ਹਨਾ ਤੇ ਇਸ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਜਿਉਂ-ਜਿਉਂ ਅਸੀਂ ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਾਂਗੇ, ਤਾਂ ਅਸੀਂ ਹੌਲੀ-ਹੌਲੀ ਪਰਮੇਸ਼ੁਰੀ ਬੁੱਧ ਅਤੇ ਗਿਆਨ ਹਾਸਲ ਕਰਾਂਗੇ। ਅਸੀਂ ‘ਯਹੋਵਾਹ ਦੇ ਭੈ ਨੂੰ ਸਮਝਾਂਗੇ’ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿਚ ਇਸ ਦੇ ਫ਼ਾਇਦਿਆਂ ਨੂੰ ਦੇਖਾਂਗੇ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਾਂਗੇ। ਇਸ ਤੋਂ ਇਲਾਵਾ, ਸਾਥੀ ਵਿਸ਼ਵਾਸੀਆਂ ਨਾਲ ਬਾਕਾਇਦਾ ਸੰਗਤੀ ਕਰ ਕੇ ਨੌਜਵਾਨ ਤੇ ਬਿਰਧ ਵਿਅਕਤੀ ਪਰਮੇਸ਼ੁਰੀ ਸਿੱਖਿਆਵਾਂ ਦਾ ਗਿਆਨ ਲੈ ਸਕਦੇ ਹਨ, ਪਰਮੇਸ਼ੁਰ ਤੋਂ ਡਰਨਾ ਸਿੱਖ ਸਕਦੇ ਹਨ ਅਤੇ ਉਸ ਦੇ ਰਾਹਾਂ ਉੱਤੇ ਚੱਲ ਸਕਦੇ ਹਨ।​—ਬਿਵਸਥਾ ਸਾਰ 31:12.

ਧੰਨ ਹੈ ਹਰੇਕ ਜੋ ਯਹੋਵਾਹ ਤੋਂ ਡਰਦਾ ਹੈ

15. ਪਰਮੇਸ਼ੁਰ ਦਾ ਡਰ ਕਿਨ੍ਹਾਂ ਤਰੀਕਿਆਂ ਨਾਲ ਸਾਡੀ ਭਗਤੀ ਨਾਲ ਜੁੜਿਆ ਹੋਇਆ ਹੈ?

15 ਉੱਪਰ ਦੱਸੀਆਂ ਗੱਲਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦਾ ਡਰ ਇਕ ਗੁਣਕਾਰੀ ਰਵੱਈਆ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਵਿਚ ਪੈਦਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਯਹੋਵਾਹ ਦੀ ਭਗਤੀ ਦਾ ਇਕ ਬੁਨਿਆਦੀ ਹਿੱਸਾ ਹੈ। ਇਸ ਡਰ ਕਰਕੇ ਅਸੀਂ ਉਸ ਵਿਚ ਪੂਰਾ ਭਰੋਸਾ ਰੱਖਦੇ ਹਾਂ, ਉਸ ਦੇ ਰਾਹਾਂ ਉੱਤੇ ਚੱਲਦੇ ਹਾਂ ਅਤੇ ਉਸ ਦੇ ਨਾਲ ਲੱਗੇ ਰਹਿੰਦੇ ਹਾਂ। ਪਰਮੇਸ਼ੁਰ ਦਾ ਡਰ ਸਾਨੂੰ ਵੀ ਯਿਸੂ ਮਸੀਹ ਵਾਂਗ ਹੁਣ ਅਤੇ ਹਮੇਸ਼ਾ ਲਈ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।

16. ਯਹੋਵਾਹ ਸਾਨੂੰ ਉਸ ਤੋਂ ਡਰਨ ਦੀ ਕਿਉਂ ਪ੍ਰੇਰਣਾ ਦਿੰਦਾ ਹੈ?

16 ਪਰਮੇਸ਼ੁਰੀ ਡਰ ਕਦੀ ਵੀ ਦੁਖਦਾਈ ਨਹੀਂ ਹੁੰਦਾ ਤੇ ਨਾ ਹੀ ਇਹ ਸਾਡੇ ਉੱਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਉਂਦਾ ਹੈ। “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ!” (ਜ਼ਬੂਰ 128:1) ਯਹੋਵਾਹ ਸਾਨੂੰ ਉਸ ਤੋਂ ਡਰਨ ਦੀ ਪ੍ਰੇਰਣਾ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਹ ਡਰ ਸਾਡੀ ਰੱਖਿਆ ਕਰੇਗਾ। ਅਸੀਂ ਮੂਸਾ ਨੂੰ ਕਹੇ ਉਸ ਦੇ ਇਨ੍ਹਾਂ ਸ਼ਬਦਾਂ ਵਿਚ ਉਸ ਦੀ ਪ੍ਰੇਮਮਈ ਚਿੰਤਾ ਦੇਖਦੇ ਹਾਂ: “ਭਲਾ ਹੁੰਦਾ ਜੇ [ਇਸਰਾਏਲੀਆਂ] ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।”​—ਬਿਵਸਥਾ ਸਾਰ 5:29.

17. (ੳ) ਪਰਮੇਸ਼ੁਰ ਤੋਂ ਡਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ? (ਅ) ਪਰਮੇਸ਼ੁਰੀ ਡਰ ਦੇ ਕਿਹੜੇ ਪਹਿਲੂਆਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ?

17 ਇਸੇ ਤਰ੍ਹਾਂ, ਜੇ ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਦਾ ਡਰ ਪੈਦਾ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਫ਼ਾਇਦਾ ਹੋਵੇਗਾ। ਸਾਨੂੰ ਕਿਹੜੇ ਫ਼ਾਇਦੇ ਹੋਣਗੇ? ਸਭ ਤੋਂ ਪਹਿਲਾਂ, ਇਸ ਨਾਲ ਯਹੋਵਾਹ ਖ਼ੁਸ਼ ਹੋਵੇਗਾ ਅਤੇ ਉਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਦਾਊਦ ਆਪਣੇ ਨਿੱਜੀ ਤਜਰਬੇ ਤੋਂ ਜਾਣਦਾ ਸੀ ਕਿ ਪਰਮੇਸ਼ੁਰ ‘ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰਦਾ ਹੈ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣਦਾ ਹੈ ਤੇ ਉਨ੍ਹਾਂ ਨੂੰ ਬਚਾਉਂਦਾ ਹੈ।’ (ਜ਼ਬੂਰ 145:19) ਦੂਸਰਾ, ਪਰਮੇਸ਼ੁਰੀ ਡਰ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਹ ਬੁਰਾਈ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰੇਗਾ। (ਕਹਾਉਤਾਂ 3:7) ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਇਹ ਡਰ ਕਿਵੇਂ ਸਾਨੂੰ ਅਧਿਆਤਮਿਕ ਖ਼ਤਰਿਆਂ ਤੋਂ ਬਚਾਉਂਦਾ ਹੈ ਅਤੇ ਇਸ ਵਿਚ ਬਾਈਬਲ ਦੇ ਕੁਝ ਵਿਅਕਤੀਆਂ ਦੀਆਂ ਮਿਸਾਲਾਂ ਉੱਤੇ ਵੀ ਗੌਰ ਕੀਤਾ ਜਾਵੇਗਾ ਜਿਹੜੇ ਪਰਮੇਸ਼ੁਰ ਤੋਂ ਡਰਦੇ ਸਨ ਤੇ ਬੁਰਾਈ ਤੋਂ ਦੂਰ ਹੋਏ ਸਨ।

[ਫੁਟਨੋਟ]

a ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਅਪਣਾਇਆ ਸੀ।

ਕੀ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ?

• ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ ਅਤੇ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

• ਪਰਮੇਸ਼ੁਰ ਤੋਂ ਡਰਨ ਅਤੇ ਉਸ ਦੇ ਨਾਲ-ਨਾਲ ਚੱਲਣ ਵਿਚ ਕੀ ਸੰਬੰਧ ਹੈ?

• ਯਿਸੂ ਦੀ ਮਿਸਾਲ ਤੋਂ ਕਿਵੇਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਤੋਂ ਡਰਨ ਅਤੇ ਉਸ ਨਾਲ ਪਿਆਰ ਕਰਨ ਵਿਚ ਗੂੜ੍ਹਾ ਸੰਬੰਧ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਦਿਲ ਵਿਚ ਯਹੋਵਾਹ ਦਾ ਡਰ ਪੈਦਾ ਕਰ ਸਕਦੇ ਹਾਂ?

[ਸਫ਼ੇ 17 ਉੱਤੇ ਤਸਵੀਰ]

ਇਸਰਾਏਲੀ ਰਾਜਿਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੇ ਹੱਥੀਂ ਬਿਵਸਥਾ ਦੀ ਨਕਲ ਕਰਨ ਅਤੇ ਰੋਜ਼ ਉਸ ਨੂੰ ਪੜ੍ਹਨ

[ਸਫ਼ੇ 18 ਉੱਤੇ ਤਸਵੀਰ]

ਯਹੋਵਾਹ ਦਾ ਡਰ ਸਾਨੂੰ ਉਸ ਵਿਚ ਭਰੋਸਾ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਵੇਂ ਇਕ ਪੁੱਤਰ ਆਪਣੇ ਪਿਤਾ ਵਿਚ ਕਰਦਾ ਹੈ

[ਸਫ਼ੇ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਤਾਰੇ: Photo by Malin, © IAC/​RGO 1991

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ