ਹਮੇਸ਼ਾ ਯਹੋਵਾਹ ਤੋਂ ਡਰੋ
1 “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ।” (ਜ਼ਬੂ. 111:10) ਇਹ ਸਾਨੂੰ ਚੰਗੇ ਕੰਮ ਕਰਨ ਲਈ ਉਕਸਾਉਂਦਾ ਹੈ ਅਤੇ ਬੁਰਾਈ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈ। (ਕਹਾ. 16:6) ਇਹ ਡਰ, ਸਾਡੇ ਪਰਮੇਸ਼ੁਰ ਲਈ ਗਹਿਰੀ ਸ਼ਰਧਾ ਦੀ ਭਾਵਨਾ ਹੈ ਜੋ ਸਾਨੂੰ ਉਸ ਦੇ ਹੁਕਮਾਂ ਨੂੰ ਨਾ ਤੋੜਨ ਅਤੇ ਉਸ ਨੂੰ ਨਾਰਾਜ਼ ਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਇਕ ਅਜਿਹਾ ਗੁਣ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਵਿਚ ਪੈਦਾ ਕਰਨਾ ਚਾਹੀਦਾ ਅਤੇ ਹਰ ਵੇਲੇ ਦਿਖਾਉਣਾ ਚਾਹੀਦਾ ਹੈ।—ਕਹਾ. 8:13.
2 ਸ਼ਤਾਨ ਦੀ ਦੁਨੀਆਂ ਰੋਜ਼ਾਨਾ ਸਾਡੇ ਉੱਤੇ ਇਸ ਗੱਲ ਦਾ ਜ਼ਬਰਦਸਤ ਦਬਾਅ ਪਾਉਂਦੀ ਹੈ ਕਿ ਅਸੀਂ ਉਸ ਦੇ ਬੁਰੇ ਰਸਤਿਆਂ ਉੱਤੇ ਚੱਲੀਏ। (ਅਫ਼. 6:11, 12) ਸਾਡਾ ਨਾਮੁਕੰਮਲ ਪਾਪੀ ਸਰੀਰ ਕੁਦਰਤੀ ਤੌਰ ਤੇ ਬੁਰਾਈ ਵੱਲ ਝੁਕਦਾ ਹੈ। (ਗਲਾ. 5:17) ਇਸ ਕਰਕੇ ਯਹੋਵਾਹ ਦੇ ਹੁਕਮਾਂ ਨੂੰ ਮੰਨਣ, ਖ਼ੁਸ਼ ਰਹਿਣ ਅਤੇ ਸਦੀਪਕ ਜ਼ਿੰਦਗੀ ਲੈਣ ਲਈ ਸਾਨੂੰ ਹਮੇਸ਼ਾ ਉਸ ਤੋਂ ਡਰਨਾ ਚਾਹੀਦਾ ਹੈ।—ਬਿਵ. 10:12, 13.
3 ਇਬਰਾਨੀਆਂ 10:24, 25 ਵਿਚ ਸਾਨੂੰ ਨਸੀਹਤ ਦਿੱਤੀ ਗਈ ਹੈ ਕਿ ਅਸੀਂ ਇਕੱਠੇ ਹੋਣਾ ਨਾ ਛੱਡੀਏ ਤਾਂਕਿ ਇਨ੍ਹਾਂ ਸਮਿਆਂ ਦੌਰਾਨ ਇਕ-ਦੂਏ ਨੂੰ “ਵਧੀਕ” ਉਤਸ਼ਾਹਿਤ ਕਰੀਏ। ਜੇ ਅਸੀਂ ਇਨ੍ਹਾਂ ਅੰਤ ਦਿਆਂ ਦਿਨਾਂ ਵਿੱਚੋਂ ਬਚਣਾ ਹੈ, ਤਾਂ ਸਾਨੂੰ ਲਗਾਤਾਰ ਮਸੀਹੀ ਸਭਾਵਾਂ ਵਿਚ ਆਉਣ ਦੀ ਲੋੜ ਹੈ। ਪਰਮੇਸ਼ੁਰ ਨੂੰ ਨਾਰਾਜ਼ ਨਾ ਕਰਨ ਦਾ ਡਰ ਸਾਨੂੰ ਸਭਾਵਾਂ ਵਿਚ ਆਉਣ ਲਈ ਅਤੇ ਇਨ੍ਹਾਂ ਦੀ ਅਹਿਮੀਅਤ ਨੂੰ ਸਮਝਣ ਵਿਚ ਸਾਡੀ ਹੋਰ ਜ਼ਿਆਦਾ ਮਦਦ ਕਰਦਾ ਹੈ। ਪਰਮੇਸ਼ੁਰ ਤੋਂ ਡਰਨ ਵਾਲੇ ਲੋਕ ਸਭਾਵਾਂ ਵਿਚ ਹਿੱਸਾ ਲੈਣ ਨੂੰ ਇਕ ਪਵਿੱਤਰ ਵਿਸ਼ੇਸ਼-ਸਨਮਾਨ ਮੰਨਦੇ ਹਨ।
4 ਯਹੋਵਾਹ ਦਾ ਡਰ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਦੇ ਹੁਕਮ ਨੂੰ ਮੰਨਣਾ। (ਮੱਤੀ 28:19, 20; ਰਸੂ. 10:42) ਸਾਡੇ ਪ੍ਰਚਾਰ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਯਹੋਵਾਹ ਦਾ ਡਰ ਮੰਨਣਾ ਸਿੱਖਣ ਅਤੇ ਉਸ ਦੀ ਇੱਛਾ ਦੇ ਮੁਤਾਬਕ ਚੱਲਣ। ਅਸੀਂ ਇਸ ਮਕਸਦ ਨੂੰ ਪੁਨਰ-ਮੁਲਾਕਾਤਾਂ ਕਰ ਕੇ, ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕਰ ਕੇ ਤੇ ਫਿਰ ਦੂਜਿਆਂ ਨੂੰ ਪਰਮੇਸ਼ੁਰ ਦੇ ਸਾਰੇ ਹੁਕਮ ਸਿਖਾਉਣ ਦੁਆਰਾ ਪੂਰਾ ਕਰਦੇ ਹਾਂ। ਇੰਜ ਕਰ ਕੇ ਅਸੀਂ ਯਹੋਵਾਹ ਦਾ ਡਰ ਤੇ ਗੁਆਂਢੀ ਲਈ ਆਪਣਾ ਪਿਆਰ ਦਿਖਾਉਂਦੇ ਹਾਂ।—ਮੱਤੀ 22:37-39.
5 ਪਰਮੇਸ਼ੁਰ ਤੋਂ ਨਾ ਡਰਨ ਵਾਲੇ ਲੋਕ ਅਧਿਆਤਮਿਕ ਗੱਲਾਂ ਪ੍ਰਤੀ ਕਦਰਦਾਨੀ ਨਹੀਂ ਦਿਖਾਉਂਦੇ ਅਤੇ ਉਹ ਦੁਨੀਆਂ ਦੀ ਮਾਰੂ ਹਵਾ ਜਾਂ ਸੋਚਣ ਦੇ ਤਰੀਕੇ ਦੇ ਸ਼ਿਕਾਰ ਹੋ ਜਾਂਦੇ ਹਨ। (ਅਫ਼. 2:2) ਆਓ ਆਪਾਂ “ਭੈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨ” ਦੀ ਠਾਣ ਲਈਏ। (ਇਬ. 12:28) ਇੰਜ ਕਰਨ ਨਾਲ ਸਾਨੂੰ ਉਹ ਬਰਕਤਾਂ ਮਿਲਣਗੀਆਂ ਜੋ ਹਮੇਸ਼ਾ ਪਰਮੇਸ਼ੁਰ ਦਾ ਡਰ ਰੱਖਣ ਵਾਲਿਆਂ ਨੂੰ ਮਿਲਦੀਆਂ ਹਨ।