2010 ਲਈ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ
1. (ੳ) ਹਾਲ ਹੀ ਦੇ ਸਾਲਾਂ ਵਿਚ ਖ਼ਾਸ ਸੰਮੇਲਨ ਦਿਨਾਂ ਦੇ ਕਿਹੜੇ ਬਾਈਬਲ-ਆਧਾਰਿਤ ਵਿਸ਼ੇ ਸਨ? (ਅ) ਪਿਛਲੇ ਖ਼ਾਸ ਸੰਮੇਲਨ ਦਿਨਾਂ ਦੇ ਪ੍ਰੋਗ੍ਰਾਮਾਂ ਦੀ ਕਿਹੜੀ ਖ਼ਾਸ ਗੱਲ ਨੇ ਸੇਵਕਾਈ ਵਿਚ ਤੁਹਾਡੀ ਮਦਦ ਕੀਤੀ?
1 “ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ,” “ਇਕ ਝੁੰਡ ਵਜੋਂ ਦ੍ਰਿੜ੍ਹ ਰਹੋ,” “ਸਚਿਆਈ ਉੱਤੇ ਸਾਖੀ ਦਿੰਦੇ ਰਹੋ” ਅਤੇ “ਅਸੀਂ ਮਿੱਟੀ ਹਾਂ ਤੇ ਯਹੋਵਾਹ ਸਾਡਾ ਘੁਮਿਆਰ।” (ਫ਼ਿਲਿ. 1:9, 10, 27; ਯੂਹੰ. 18:37; ਯਸਾ. 64:8) ਪਿਛਲੇ ਖ਼ਾਸ ਸੰਮੇਲਨ ਦਿਨਾਂ ਦੇ ਪ੍ਰੋਗ੍ਰਾਮਾਂ ਵਿਚ ਇਨ੍ਹਾਂ ਕੁਝ ਵਿਸ਼ਿਆਂ ʼਤੇ ਚਰਚਾ ਕੀਤੀ ਗਈ ਸੀ। ਕੀ ਤੁਸੀਂ ਸੇਵਾ ਸਾਲ 2010 ਦੇ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ ਸੁਣਨ ਲਈ ਉਤਾਵਲੇ ਹੋ? ਇਸ ਦਾ ਵਿਸ਼ਾ ਹੈ: “ਸਮਾ ਘਟਾਇਆ ਗਿਆ ਹੈ” ਜੋ ਕਿ 1 ਕੁਰਿੰਥੀਆਂ 7:29 ਤੋਂ ਲਿਆ ਗਿਆ ਹੈ।
2. ਇਸ ਸੰਮੇਲਨ ਲਈ ਤੁਸੀਂ ਉਤਸੁਕਤਾ ਕਿਵੇਂ ਪੈਦਾ ਕਰ ਸਕਦੇ ਹੋ?
2 ਕਲੀਸਿਯਾ ਵਿਚ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੀ ਘੋਸ਼ਣਾ ਹੁੰਦਿਆਂ ਹੀ ਪ੍ਰੋਗ੍ਰਾਮ ਸੁਣਨ ਲਈ ਉਤਸੁਕਤਾ ਪੈਦਾ ਕਰੋ। ਕੁਝ ਮਾਪੇ ਕਲੰਡਰ ʼਤੇ ਸੰਮੇਲਨ ਦੀ ਤਾਰੀਖ਼ ਲਿਖਣ ਦੇ ਨਾਲ-ਨਾਲ ਸੰਮੇਲਨ ਵਾਸਤੇ ਲੈ ਜਾਣ ਲਈ ਲੋੜੀਂਦੀਆਂ ਚੀਜ਼ਾਂ ਵੀ ਲਿਖ ਲੈਂਦੇ ਹਨ। ਫਿਰ ਉਹ ਸੰਮੇਲਨ ਆਉਣ ਤਕ ਦਿਨ ਗਿਣ-ਗਿਣ ਕੇ ਬੱਚਿਆਂ ਵਿਚ ਉਤਸੁਕਤਾ ਪੈਦਾ ਕਰਦੇ ਹਨ ਤਾਂਕਿ ਉਹ ਵੀ ਬੇਸਬਰੀ ਨਾਲ ਸੰਮੇਲਨ ਦੀ ਉਡੀਕ ਕਰਨ। ਤੁਸੀਂ ਸ਼ਾਇਦ ਆਪਣੀ ਪਰਿਵਾਰਕ ਸਟੱਡੀ ਦੌਰਾਨ ਪਿਛਲੇ ਖ਼ਾਸ ਸੰਮੇਲਨ ਦਿਨਾਂ ਤੇ ਲਿਖੇ ਨੋਟਸ ਰਿਵਿਊ ਕਰ ਸਕਦੇ ਹੋ। ਤੁਸੀਂ ਤੇ ਤੁਹਾਡਾ ਪਰਿਵਾਰ ਸੇਵਾ ਸਕੂਲ (ਹਿੰਦੀ), ਸਫ਼ੇ 13-16 ਪੜ੍ਹ ਕੇ ਆਪਣਾ ਮਨ ਤਿਆਰ ਕਰ ਸਕਦੇ ਹੋ ਕਿ ਤੁਸੀਂ ਸਾਰੇ ਜਣੇ “ਕਿਸ ਤਰਾਂ ਸੁਣਦੇ ਹੋ।”—ਲੂਕਾ 8:18.
3. ਅਸੀਂ ਜਾਣਕਾਰੀ ਤੋਂ ਪੂਰਾ-ਪੂਰਾ ਫ਼ਾਇਦਾ ਕਿੱਦਾਂ ਉਠਾ ਸਕਦੇ ਹਾਂ?
3 ਸਿੱਖੀਆਂ ਗੱਲਾਂ ਨੂੰ ਲਾਗੂ ਕਰੋ: ਸੰਮੇਲਨ ਤੋਂ ਬਾਅਦ ਅਸੀਂ ਆਮ ਤੌਰ ਤੇ ਭੈਣਾਂ-ਭਰਾਵਾਂ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ “ਪ੍ਰੋਗ੍ਰਾਮ ਕਿੰਨਾ ਵਧੀਆ ਸੀ!” ਇਹ ਗੱਲ ਹਮੇਸ਼ਾ ਸਹੀ ਹੁੰਦੀ ਹੈ ਕਿਉਂਕਿ ਯਹੋਵਾਹ ਦੇ ਅਨੇਕ ਪ੍ਰਬੰਧਾਂ ਵਿੱਚੋਂ ਸੰਮੇਲਨ ਵੀ ਉਸ ਦਾ ਇਕ ਪ੍ਰਬੰਧ ਹੈ। (ਕਹਾ. 10:22) ਪਰ ਜਾਣਕਾਰੀ ਤੋਂ ਲਾਭ ਉਠਾਉਣ ਲਈ ਸਾਨੂੰ ਇਸ ਉੱਤੇ ਮਨਨ ਕਰ ਕੇ ਇਸ ਅਨੁਸਾਰ ਚੱਲਣਾ ਚਾਹੀਦਾ ਹੈ। (ਲੂਕਾ 8:15) ਸੰਮੇਲਨ ਤੋਂ ਬਾਅਦ ਘਰ ਜਾਂਦਿਆਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਨਾਲ ਪ੍ਰੋਗ੍ਰਾਮ ਦੀ ਚਰਚਾ ਕਰੋ। ਇਕ-ਦੂਜੇ ਦੇ ਟੀਚਿਆਂ ਬਾਰੇ ਗੱਲ ਕਰੋ ਅਤੇ ਉਨ੍ਹਾਂ ਗੱਲਾਂ ਦੀ ਚਰਚਾ ਕਰੋ ਜੋ ਪ੍ਰਚਾਰ ਕਰਨ ਵਿਚ ਤੁਹਾਡੀ ਮਦਦ ਕਰਨਗੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸੰਮੇਲਨ ਤੋਂ ਬਹੁਤ ਚਿਰ ਬਾਅਦ ਵੀ ਜਾਣਕਾਰੀ ਤੋਂ ਫ਼ਾਇਦਾ ਹੁੰਦਾ ਰਹੇਗਾ।—ਯਾਕੂ. 1:25.
4. ਇਹ ਸੰਮੇਲਨ ਸਾਡੇ ਲਈ ਖ਼ਾਸ ਕਿਉਂ ਹੋਵੇਗਾ?
4 ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਜਦੋਂ ਸਾਨੂੰ ਕੋਈ ਉਹ ਚੀਜ਼ ਤੋਹਫ਼ੇ ਵਜੋਂ ਦਿੰਦਾ ਹੈ ਜਿਸ ਦੀ ਸਾਨੂੰ ਲੋੜ ਹੁੰਦੀ ਹੈ। ਕੀ ਅਸੀਂ ਅਗਲੇ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ ਸੁਣਨ ਲਈ ਉਤਾਵਲੇ ਨਹੀਂ ਹਾਂ ਜੋ ਯਹੋਵਾਹ ਨੇ ਸਾਡੇ ਲਈ ਤਿਆਰ ਕੀਤਾ ਹੈ? ਸਾਨੂੰ ਯਕੀਨ ਹੈ ਕਿ ਇਸ ਪ੍ਰੋਗ੍ਰਾਮ ਤੋਂ ਸਾਨੂੰ ਹਰ ਪੱਖੋਂ ਫ਼ਾਇਦਾ ਹੋਵੇਗਾ। ਸਾਨੂੰ ਉਮੀਦ ਹੈ ਕਿ ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਹੌਸਲਾ ਦੇਣ ਦੇ ਨਾਲ-ਨਾਲ ਆਪਣੇ ਕੰਮ ਨੂੰ ਪੂਰਾ ਕਰਨ ਲਈ ਸਿਖਲਾਈ ਵੀ ਦੇਵੇਗਾ ਜੋ ਕਿ ਸੱਚ-ਮੁੱਚ ਸਾਡੇ ਲਈ ਇਕ ਤੋਹਫ਼ਾ ਹੈ।—2 ਤਿਮੋ. 4:2; ਯਾਕੂ. 1:17.