ਸੰਮੇਲਨ ਪ੍ਰੋਗ੍ਰਾਮਾਂ ਦਾ ਪੁਨਰ-ਵਿਚਾਰ ਕਰਨ ਲਈ ਨਵਾਂ ਪ੍ਰਬੰਧ
ਸ਼ਤਾਨ ਦੀ ਦੁਨੀਆਂ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਇਸ ਲਈ ਯਹੋਵਾਹ ਨੇ ਸਾਨੂੰ ‘ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰਨ’ ਲਈ ਮਜ਼ਬੂਤ ਬਣਾਉਣ ਵਾਸਤੇ ਕਈ ਇੰਤਜ਼ਾਮ ਕੀਤੇ ਹਨ। (ਤੀਤੁ. 2:12) ਉਸ ਦਾ “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਹਰ ਸਾਲ ਸਰਕਟ ਸੰਮੇਲਨ ਅਤੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮਾਂ ਦਾ ਬੰਦੋਬਸਤ ਕਰਦਾ ਹੈ। (ਮੱਤੀ 24:45) ਇਹ ਸੰਮੇਲਨ ਸਾਨੂੰ ਅਧਿਆਤਮਿਕ ਤੌਰ ਤੇ ਕਿੰਨਾ ਮਜ਼ਬੂਤ ਕਰਦੇ ਹਨ!
ਇਨ੍ਹਾਂ ਸੰਮੇਲਨਾਂ ਵਿਚ ਮਿਲਣ ਵਾਲੀ ਸਿੱਖਿਆ ਨੂੰ ਚੇਤੇ ਰੱਖਣ ਅਤੇ ਲਾਗੂ ਕਰਨ ਵਿਚ ਸਾਡੀ ਮਦਦ ਕਰਨ ਲਈ 2005 ਸੇਵਾ ਸਾਲ ਦੌਰਾਨ ਸੰਮੇਲਨ ਪ੍ਰੋਗ੍ਰਾਮਾਂ ਦਾ ਪੁਨਰ-ਵਿਚਾਰ ਕਰਨ ਲਈ ਇਕ ਨਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਅੰਤਰ-ਪੱਤਰ ਦੇ ਸਫ਼ੇ 5-6 ਉੱਤੇ ਛਪੇ ਲੇਖਾਂ ਵਿਚ ਹਰ ਸੰਮੇਲਨ ਪ੍ਰੋਗ੍ਰਾਮ ਦਾ ਸਾਰ ਅਤੇ ਪੁਨਰ-ਵਿਚਾਰ ਲਈ ਕੁਝ ਸਵਾਲ ਦਿੱਤੇ ਗਏ ਹਨ। ਸੰਮੇਲਨਾਂ ਵਿਚ ਜਾਣ ਤੋਂ ਕੁਝ ਸਮਾਂ ਪਹਿਲਾਂ ਅਤੇ ਬਾਅਦ ਵਿਚ ਵੀ ਕਲੀਸਿਯਾਵਾਂ ਆਪਣੀ ਸੇਵਾ ਸਭਾ ਵਿਚ ਇਸ ਜਾਣਕਾਰੀ ਉੱਤੇ ਚਰਚਾ ਕਰਨਗੀਆਂ। ਸੇਵਾ ਸਭਾ ਵਿਚ ਇਹ ਚਰਚਾ ਕਿਵੇਂ ਸ਼ਾਮਲ ਕੀਤੀ ਜਾਵੇਗੀ?
ਸਰਕਟ ਸੰਮੇਲਨ ਵਿਚ ਜਾਣ ਤੋਂ ਇਕ ਜਾਂ ਦੋ ਹਫ਼ਤੇ ਪਹਿਲਾਂ, ਕਲੀਸਿਯਾ ਦੀ ਸੇਵਾ ਸਭਾ ਵਿਚ ਇਕ ਭਰਾ “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ” ਲੇਖ ਨੂੰ ਦਸ ਮਿੰਟਾਂ ਦੇ ਭਾਸ਼ਣ ਦੇ ਰੂਪ ਵਿਚ ਪੇਸ਼ ਕਰੇਗਾ ਅਤੇ ਸੰਮੇਲਨ ਪ੍ਰੋਗ੍ਰਾਮ ਪ੍ਰਤੀ ਸਾਰਿਆਂ ਦਾ ਉਤਸ਼ਾਹ ਵਧਾਵੇਗਾ। ਉਹ ਸਾਰਿਆਂ ਦਾ ਧਿਆਨ ਪੁਨਰ-ਵਿਚਾਰ ਲਈ ਦਿੱਤੇ ਸਵਾਲਾਂ ਵੱਲ ਖਿੱਚੇਗਾ ਅਤੇ ਸਾਰਿਆਂ ਨੂੰ ਸੰਮੇਲਨ ਦੌਰਾਨ ਨੋਟਸ ਲੈਣ ਦੀ ਪ੍ਰੇਰਣਾ ਦੇਵੇਗਾ ਤਾਂਕਿ ਸੰਮੇਲਨ ਤੋਂ ਕੁਝ ਹਫ਼ਤਿਆਂ ਬਾਅਦ ਹੋਣ ਵਾਲੇ ਪੁਨਰ-ਵਿਚਾਰ ਵਿਚ ਸਾਰੇ ਵਧ-ਚੜ੍ਹ ਕੇ ਹਿੱਸਾ ਲੈ ਸਕਣ।
ਸੰਮੇਲਨ ਤੋਂ ਕੁਝ ਹੀ ਹਫ਼ਤਿਆਂ ਬਾਅਦ, ਸੇਵਾ ਸਭਾ ਵਿਚ ਇਕ 15 ਮਿੰਟਾਂ ਦਾ ਭਾਗ ਹੋਵੇਗਾ ਜਿਸ ਵਿਚ ਸੰਮੇਲਨ ਦੇ ਪਹਿਲੇ ਦਿਨ ਦੇ ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਉਸ ਤੋਂ ਅਗਲੇ ਹਫ਼ਤੇ ਸੰਮੇਲਨ ਦੇ ਦੂਸਰੇ ਦਿਨ ਦੇ ਪ੍ਰੋਗ੍ਰਾਮ ਉੱਤੇ 15 ਮਿੰਟਾਂ ਲਈ ਚਰਚਾ ਕੀਤੀ ਜਾਵੇਗੀ। ਚਰਚਾ ਕਰਨ ਲਈ ਇਸ ਅੰਤਰ-ਪੱਤਰ ਵਿਚ ਦਿੱਤੇ ਗਏ ਸਵਾਲ ਵਰਤੇ ਜਾਣਗੇ। ਪੁਨਰ-ਵਿਚਾਰ ਕਰਦੇ ਸਮੇਂ ਇਸ ਗੱਲ ਤੇ ਜ਼ੋਰ ਦਿਓ ਕਿ ਸੰਮੇਲਨ ਪ੍ਰੋਗ੍ਰਾਮ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕਰ ਸਕਦੇ ਹਾਂ। ਸੇਵਾ ਸਭਾ ਵਿਚ ਇਹ ਚਰਚਾ ਸ਼ਾਮਲ ਕਰਨ ਲਈ ਬਜ਼ੁਰਗਾਂ ਨੂੰ ਸ਼ਾਇਦ ਸੇਵਾ ਸਭਾ ਦੇ ਕੁਝ ਭਾਗਾਂ ਦਾ ਸਮਾਂ ਘਟਾਉਣਾ ਪਵੇ, ਕੁਝ ਭਾਗ ਛੱਡਣੇ ਪੈਣ ਜਾਂ ਉਨ੍ਹਾਂ ਨੂੰ ਹੋਰ ਕਿਸੇ ਹਫ਼ਤੇ ਦੀ ਅਨੁਸੂਚੀ ਵਿਚ ਸ਼ਾਮਲ ਕਰਨਾ ਪਵੇ।
ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕਰਨ ਦਾ ਵੀ ਇਹੋ ਇੰਤਜ਼ਾਮ ਹੋਵੇਗਾ। ਫ਼ਰਕ ਸਿਰਫ਼ ਇੰਨਾ ਹੋਵੇਗਾ ਕਿ ਪੂਰੇ ਪ੍ਰੋਗ੍ਰਾਮ ਦੀ ਚਰਚਾ 15 ਮਿੰਟਾਂ ਦੇ ਇੱਕੋ ਭਾਗ ਵਿਚ ਕੀਤੀ ਜਾਵੇਗੀ। ਕਿਰਪਾ ਕਰ ਕੇ ਇਸ ਅੰਤਰ-ਪੱਤਰ ਨੂੰ ਪੁਨਰ-ਵਿਚਾਰ ਵਿਚ ਵਰਤਣ ਲਈ ਸਾਂਭ ਕੇ ਰੱਖੋ। ਇਸ ਤਰ੍ਹਾਂ ਤੁਸੀਂ ਯਹੋਵਾਹ ਦੇ ਇਸ ਵਧੀਆ ਪ੍ਰਬੰਧ ਤੋਂ ਪੂਰਾ-ਪੂਰਾ ਲਾਭ ਹਾਸਲ ਕਰ ਸਕੋਗੇ।—ਯਸਾ. 48:17, 18.