ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ
1. 2014 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦਾ ਵਿਸ਼ਾ ਕੀ ਹੈ?
1 ਪਾਪੀ ਇਨਸਾਨਾਂ ਦੀਆਂ ਕਿਤਾਬਾਂ ਤੋਂ ਉਲਟ ਬਾਈਬਲ ਵਿਚ ਸਾਨੂੰ ਬਦਲਣ ਦੀ ਤਾਕਤ ਹੈ ਤਾਂਕਿ ਸਾਡੀ ਸੋਚ ਅਤੇ ਸਾਡੇ ਕੰਮ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੋਣ। ਪਰਮੇਸ਼ੁਰ ਦਾ ਬਚਨ ਕਿੰਨਾ ਕੁ ਸ਼ਕਤੀਸ਼ਾਲੀ ਹੈ? ਅਸੀਂ ਇਸ ਦੀ ਤਾਕਤ ਦਾ ਅਸਰ ਆਪਣੀ ਜ਼ਿੰਦਗੀ ਉੱਤੇ ਕਿਵੇਂ ਪੈਣ ਦੇ ਸਕਦੇ ਹਾਂ? ਦੂਜਿਆਂ ਦੀ ਮਦਦ ਕਰਦਿਆਂ ਅਸੀਂ ਇਸ ਨੂੰ ਕਿਵੇਂ ਵਰਤ ਸਕਦੇ ਹਾਂ? ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ 2014 ਦੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਪ੍ਰੋਗ੍ਰਾਮ ਦੌਰਾਨ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਪਰਮੇਸ਼ੁਰ ਦੇ ਨੇੜੇ ਆਵਾਂਗੇ। ਇਸ ਦਾ ਵਿਸ਼ਾ ਇਬਰਾਨੀਆਂ 4:12 ਤੋਂ ਲਿਆ ਗਿਆ ਹੈ: “ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ।”
2. ਸਾਨੂੰ ਕਿਹੜੇ ਸਵਾਲਾਂ ਦੇ ਜਵਾਬ ਧਿਆਨ ਨਾਲ ਸੁਣਨ ਦੀ ਲੋੜ ਹੈ?
2 ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ: ਜਦੋਂ ਤੁਸੀਂ ਪ੍ਰੋਗ੍ਰਾਮ ਸੁਣੋਗੇ, ਤਾਂ ਹੇਠ ਦਿੱਤੇ ਸਵਾਲਾਂ ਦੇ ਜਵਾਬ ਲਿਖਿਓ।
• ਸਾਨੂੰ ਯਹੋਵਾਹ ਦੇ ਬਚਨ ਉੱਤੇ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ? (ਜ਼ਬੂ. 29:4)
• ਅਸੀਂ ਕੀ ਕਰੀਏ ਤਾਂਕਿ ਸਾਡੀ ਜ਼ਿੰਦਗੀ ਉੱਤੇ ਪਰਮੇਸ਼ੁਰ ਦੇ ਬਚਨ ਦੀ ਤਾਕਤ ਦਾ ਅਸਰ ਪਵੇ? (ਜ਼ਬੂ. 34:8)
• ਪ੍ਰਚਾਰ ਕਰਦਿਆਂ ਤੁਸੀਂ ਪਰਮੇਸ਼ੁਰ ਦਾ ਬਚਨ ਕਿਵੇਂ ਵਰਤ ਸਕਦੇ ਹੋ? (2 ਤਿਮੋ. 3:16, 17)
• ਅਸੀਂ ਸ਼ੈਤਾਨ ਦੀ ਦੁਨੀਆਂ ਦੇ ਫੰਦਿਆਂ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ? (1 ਯੂਹੰ. 5:19)
• ਨੌਜਵਾਨ ਹੋਣ ਦੇ ਨਾਤੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਿਵੇਂ ਕਰ ਸਕਦੇ ਹੋ? (ਯਿਰ. 17:7)
• ਕਮਜ਼ੋਰ ਹੁੰਦਿਆਂ ਹੋਇਆਂ ਵੀ ਤੁਸੀਂ ਤਾਕਤਵਰ ਕਿਵੇਂ ਬਣ ਸਕਦੇ ਹੋ? (2 ਕੁਰਿੰ. 12:10)
• ਸਾਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਰਹਿਣ ਲਈ ਕਿਸ ਚੀਜ਼ ਦੀ ਲੋੜ ਹੈ ਚਾਹੇ ਬਹੁਤ ਸਮੇਂ ਤੋਂ ਸਾਡੇ ਵਿਚ ਬੁਰੀਆਂ ਆਦਤਾਂ ਤੇ ਗ਼ਲਤ ਰਵੱਈਆ ਹੋਵੇ? (ਅਫ਼. 4:23)
3. ਪ੍ਰੋਗ੍ਰਾਮ ਸੁਣਨ ਤੋਂ ਇਲਾਵਾ ਸਾਨੂੰ ਖ਼ਾਸ ਸੰਮੇਲਨ ਦਿਨ ਤੋਂ ਹੋਰ ਕਿਵੇਂ ਫ਼ਾਇਦਾ ਹੋਵੇਗਾ?
3 ਇਹ ਅਹਿਮ ਜਾਣਕਾਰੀ ਸੁਣ ਕੇ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਨਾਲੇ ਸਰਕਟ ਤੇ ਜ਼ਿਲ੍ਹਾ ਸੰਮੇਲਨ ਵਾਂਗ ਖ਼ਾਸ ਸੰਮੇਲਨ ਦਿਨ ਵੀ ਸਾਨੂੰ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹਣ ਦਾ ਮੌਕਾ ਦੇਵੇਗਾ ਜਦੋਂ ਅਸੀਂ ਹੋਰ ਮੰਡਲੀਆਂ ਦੇ ਭੈਣ-ਭਰਾਵਾਂ ਨੂੰ ਮਿਲਾਂਗੇ। (ਜ਼ਬੂ. 133:1-3; 2 ਕੁਰਿੰ. 6:11-13) ਇਸ ਲਈ ਆਪਣੇ ਪੁਰਾਣੇ ਦੋਸਤਾਂ ਨੂੰ ਮਿਲੋ ਅਤੇ ਨਵੇਂ ਦੋਸਤ ਬਣਾਉਣ ਲਈ ਵੀ ਸਮਾਂ ਕੱਢੋ। ਜੇ ਖ਼ਾਸ ਸੰਮੇਲਨ ਦਿਨ ʼਤੇ ਡਿਸਟ੍ਰਿਕਟ ਓਵਰਸੀਅਰ ਜਾਂ ਬੈਥਲ ਤੋਂ ਭਰਾ ਭਾਸ਼ਣ ਦੇਣ ਆਉਂਦਾ ਹੈ, ਤਾਂ ਕਿਉਂ ਨਾ ਉਸ ਦਾ ਅਤੇ ਉਸ ਦੀ ਪਤਨੀ ਦਾ ਸੁਆਗਤ ਕਰੋ। ਅਸਲ ਵਿਚ ਆਉਣ ਵਾਲੇ ਖ਼ਾਸ ਸੰਮੇਲਨ ਦਿਨ ਵਿਚ ਹਾਜ਼ਰ ਹੋਣ ਦੇ ਬਹੁਤ ਸਾਰੇ ਕਾਰਨ ਹਨ!