ਯਹੋਵਾਹ ਮੇਰੀ ਚਟਾਨ ਰਿਹਾ ਹੈ
ਈਮਾਨਵੀਲ ਲਿਓਨੂਡਾਕੀਸ ਦੀ ਜ਼ਬਾਨੀ
ਮੇਰੀ ਮਾਂ ਨੇ ਮੱਥੇ ਤੇ ਤਿਊੜੀਆਂ ਪਾਈਆਂ ਤੇ ਮੈਨੂੰ ਕਿਹਾ: “ਜੇਕਰ ਅਜੇ ਵੀ ਤੇਰਾ ਇਹੀ ਫ਼ੈਸਲਾ ਹੈ, ਤਾਂ ਫਿਰ ਤੈਨੂੰ ਇਹ ਘਰ ਛੱਡਣਾ ਪਏਗਾ।” ਮੈਂ ਪੂਰੇ ਸਮੇਂ ਲਈ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਇਰਾਦਾ ਕਰ ਚੁੱਕਾ ਸੀ। ਪਰ ਮੇਰਾ ਪਰਿਵਾਰ ਮੇਰੇ ਵਾਰ-ਵਾਰ ਕੈਦ ਹੋਣ ਕਾਰਨ ਹੋਣ ਵਾਲੀ ਬਦਨਾਮੀ ਬਰਦਾਸ਼ਤ ਨਾ ਕਰ ਸਕਿਆ।
ਮੇਰੇ ਮਾਤਾ-ਪਿਤਾ ਬੜੇ ਹਲੀਮ ਅਤੇ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਸਨ। ਉਹ ਯੂਨਾਨ ਵਿਚ ਕ੍ਰੀਟ ਟਾਪੂ ਦੇ ਪੱਛਮੀ ਹਿੱਸੇ ਵਿਚ ਡੂਲੀਆਨਾ ਨਾਮਕ ਪਿੰਡ ਵਿਚ ਰਹਿੰਦੇ ਸਨ, ਜਿੱਥੇ ਮੈਂ ਸੰਨ 1908 ਵਿਚ ਪੈਦਾ ਹੋਇਆ। ਜਦੋਂ ਮੈਂ ਥੋੜ੍ਹਾ ਵੱਡਾ ਹੋਇਆ, ਤਾਂ ਉਨ੍ਹਾਂ ਨੇ ਮੈਨੂੰ ਪਰਮੇਸ਼ੁਰ ਤੋਂ ਡਰਨਾ ਅਤੇ ਉਸ ਦਾ ਆਦਰ ਕਰਨਾ ਸਿਖਾਇਆ। ਚਾਹੇ ਮੈਂ ਅਧਿਆਪਕਾਂ ਜਾਂ ਗ੍ਰੀਕ ਆਰਥੋਡਾਕਸ ਪਾਦਰੀਆਂ ਦੇ ਹੱਥਾਂ ਵਿਚ ਕਦੇ ਵੀ ਬਾਈਬਲ ਨਹੀਂ ਦੇਖੀ ਸੀ, ਫਿਰ ਵੀ ਮੈਂ ਪਰਮੇਸ਼ੁਰ ਦੇ ਬਚਨ ਨਾਲ ਬਹੁਤ ਪਿਆਰ ਕਰਦਾ ਸੀ।
ਜਦੋਂ ਮੇਰੇ ਇਕ ਗੁਆਂਢੀ ਨੇ ਸੀ. ਟੀ. ਰਸਲ ਦੁਆਰਾ ਲਿਖੇ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਛੇ ਖੰਡ ਅਤੇ ਪਰਮੇਸ਼ੁਰ ਦੀ ਬਰਬਤ ਨਾਮਕ ਇਕ ਕਿਤਾਬ ਪੜ੍ਹੀ, ਤਾਂ ਬੜੇ ਜੋਸ਼ ਨਾਲ ਉਸ ਨੇ ਉਨ੍ਹਾਂ ਕਿਤਾਬਾਂ ਵਿੱਚੋਂ ਬਾਈਬਲ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਇਹ ਕਿਤਾਬਾਂ ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਵੱਲੋਂ ਲਿਖੀਆਂ ਗਈਆਂ ਸਨ। ਮੈਂ ਐਥਿਨਜ਼ ਵਿਚ ਵਾਚ ਟਾਵਰ ਸੋਸਾਇਟੀ ਦੇ ਦਫ਼ਤਰ ਤੋਂ ਚਾਈਂ-ਚਾਈਂ ਇਕ ਬਾਈਬਲ ਅਤੇ ਕੁਝ ਕਿਤਾਬਾਂ ਮੰਗਵਾਈਆਂ। ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਉਸ ਗੁਆਂਢੀ ਨਾਲ ਦੇਰ ਰਾਤ ਤਕ ਬੈਠ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ ਅਤੇ ਮੋਮਬੱਤੀ ਦੀ ਰੌਸ਼ਨੀ ਵਿਚ, ਉਨ੍ਹਾਂ ਕਿਤਾਬਾਂ ਦੀ ਮਦਦ ਨਾਲ ਬਾਈਬਲ ਵਿੱਚੋਂ ਆਪਣੀ ਅਧਿਆਤਮਿਕ ਪਿਆਸ ਬੁਝਾਇਆ ਕਰਦਾ ਸੀ।
ਜਦੋਂ ਮੈਂ ਨਵਾਂ-ਨਵਾਂ ਪ੍ਰਾਪਤ ਕੀਤਾ ਬਾਈਬਲ ਦਾ ਗਿਆਨ ਲੋਕਾਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ, ਤਾਂ ਉਦੋਂ ਮੈਂ ਵੀਹਾਂ ਸਾਲਾਂ ਦਾ ਸੀ ਅਤੇ ਨੇੜੇ ਦੇ ਇਕ ਪਿੰਡ ਦੇ ਸਕੂਲ ਵਿਚ ਅਧਿਆਪਕ ਦੇ ਤੌਰ ਤੇ ਕੰਮ ਕਰਦਾ ਸੀ। ਜਲਦੀ ਹੀ, ਅਸੀਂ ਕੁੱਲ ਮਿਲਾ ਕੇ ਚਾਰ ਜਣਿਆਂ ਨੇ ਡੂਲੀਆਨਾ ਵਿਚ ਬਾਈਬਲ ਦਾ ਅਧਿਐਨ ਕਰਨ ਲਈ ਨਿਯਮਿਤ ਤੌਰ ਤੇ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਨੁੱਖਜਾਤੀ ਲਈ ਇੱਕੋ-ਇਕ ਉਮੀਦ, ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਨ ਲਈ, ਅਸੀਂ ਟ੍ਰੈਕਟ, ਛੋਟੀਆਂ ਪੁਸਤਿਕਾਵਾਂ, ਕਿਤਾਬਾਂ ਅਤੇ ਬਾਈਬਲਾਂ ਵੀ ਵੰਡੀਆਂ।
ਸਾਲ 1931 ਵਿਚ, ਜਦੋਂ ਸੰਸਾਰ ਭਰ ਦੇ ਹਜ਼ਾਰਾਂ ਭੈਣ-ਭਰਾਵਾਂ ਨੇ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਤਾਂ ਅਸੀਂ ਵੀ ਉਨ੍ਹਾਂ ਵਿਚ ਸ਼ਾਮਲ ਸੀ। (ਯਸਾਯਾਹ 43:10) ਅਗਲੇ ਸਾਲ ਦੇ ਦੌਰਾਨ, ਅਸੀਂ ਪ੍ਰਚਾਰ ਮੁਹਿੰਮ ਵਿਚ ਹਿੱਸਾ ਲਿਆ ਜਿਸ ਵਿਚ ਅਸੀਂ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਨਵੇਂ ਨਾਂ ਬਾਰੇ ਅਤੇ ਇਸ ਦੀ ਅਹਿਮੀਅਤ ਬਾਰੇ ਦੱਸਿਆ। ਅਸੀਂ ਆਪਣੇ ਇਲਾਕੇ ਦੇ ਹਰ ਪਾਦਰੀ, ਜੱਜ, ਪੁਲਿਸ ਅਧਿਕਾਰੀ ਅਤੇ ਵਪਾਰੀ ਨੂੰ ਇਕ ਢੁਕਵੀਂ ਪੁਸਤਿਕਾ ਵੀ ਦਿੱਤੀ ਸੀ।
ਜਿਵੇਂ ਸਾਨੂੰ ਉਮੀਦ ਹੀ ਸੀ, ਪਾਦਰੀਆਂ ਨੇ ਸਾਡੇ ਵਿਰੁੱਧ ਸਤਾਹਟ ਦੀ ਲਹਿਰ ਛੇੜ ਦਿੱਤੀ। ਜਦੋਂ ਮੈਨੂੰ ਪਹਿਲੀ ਵਾਰੀ ਗਿਰਫ਼ਤਾਰ ਕੀਤਾ ਗਿਆ ਤਾਂ ਮੈਨੂੰ ਵੀਹਾਂ ਦਿਨਾਂ ਦੀ ਜੇਲ੍ਹ ਦੀ ਸਜ਼ਾ ਹੋਈ। ਰਿਹਾ ਹੋਣ ਤੋਂ ਜਲਦੀ ਹੀ ਬਾਅਦ, ਮੈਨੂੰ ਫਿਰ ਤੋਂ ਗਿਰਫ਼ਤਾਰ ਕਰ ਲਿਆ ਗਿਆ ਅਤੇ ਮੈਨੂੰ ਇਕ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜਦੋਂ ਇਕ ਜੱਜ ਨੇ ਸਾਨੂੰ ਪ੍ਰਚਾਰ ਬੰਦ ਕਰਨ ਲਈ ਕਿਹਾ, ਤਾਂ ਅਸੀਂ ਰਸੂਲਾਂ ਦੇ ਕਰਤੱਬ 5:29 ਦੇ ਸ਼ਬਦਾਂ ਅਨੁਸਾਰ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” ਬਾਅਦ ਵਿਚ, ਸੰਨ 1932 ਵਿਚ ਵਾਚ ਟਾਵਰ ਦਫ਼ਤਰ ਦਾ ਇਕ ਨੁਮਾਇੰਦਾ ਡੂਲੀਆਨਾ ਵਿਚ ਸਾਡੇ ਛੋਟੇ ਜਿਹੇ ਗਰੁੱਪ ਨੂੰ ਮਿਲਣ ਆਇਆ ਅਤੇ ਅਸੀਂ ਚਾਰਾਂ ਨੇ ਬਪਤਿਸਮਾ ਲੈ ਲਿਆ।
ਮੈਨੂੰ ਇਕ ਅਧਿਆਤਮਿਕ ਪਰਿਵਾਰ ਮਿਲਿਆ
ਕਿਉਂਕਿ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਾਉਣਾ ਚਾਹੁੰਦਾ ਸੀ, ਇਸ ਲਈ ਮੈਂ ਸਕੂਲ ਦੀ ਨੌਕਰੀ ਛੱਡ ਦਿੱਤੀ। ਮੇਰੇ ਅਜਿਹਾ ਕਰਨ ਤੇ ਮੇਰੀ ਮਾਂ ਦੇ ਸਬਰ ਦਾ ਪਿਆਲਾ ਭਰ ਗਿਆ। ਉਸ ਨੇ ਮੈਨੂੰ ਘਰ ਛੱਡ ਕੇ ਚਲੇ ਜਾਣ ਲਈ ਕਿਹਾ। ਐਥਿਨਜ਼ ਵਿਚ ਵਾਚ ਟਾਵਰ ਸ਼ਾਖ਼ਾ ਦਫ਼ਤਰ ਦੀ ਇਜਾਜ਼ਤ ਨਾਲ, ਕ੍ਰੀਟ ਦੇ ਇਰਾਕਲੀਅਨ ਸ਼ਹਿਰ ਵਿਚ ਮੈਨੂੰ ਇਕ ਦਰਿਆ-ਦਿਲ ਮਸੀਹੀ ਭਰਾ ਨੇ ਆਪਣੇ ਘਰ ਖ਼ੁਸ਼ੀ-ਖ਼ੁਸ਼ੀ ਪਨਾਹ ਦਿੱਤੀ। ਇਸ ਲਈ ਅਗਸਤ 1933 ਵਿਚ, ਮੇਰੇ ਜੱਦੀ ਪਿੰਡ ਦੇ ਭਰਾ ਕੁਝ ਦਿਲਚਸਪੀ ਰੱਖਣ ਵਾਲਿਆਂ ਨਾਲ ਮੈਨੂੰ ਬੱਸ ਸਟੈਂਡ ਤੇ ਵਿਦਾ ਕਰਨ ਆਏ। ਉਹ ਇਕ ਬੜਾ ਹੀ ਦਿਲ-ਟੁੰਬਵਾਂ ਸਮਾਂ ਸੀ ਅਤੇ ਅਸੀਂ ਸਾਰੇ ਹੀ ਰੋ ਪਏ ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਦੁਬਾਰਾ ਹੁਣ ਅਸੀਂ ਇਕ ਦੂਸਰੇ ਨੂੰ ਕਦੋਂ ਮਿਲ ਪਾਵਾਂਗੇ।
ਇਰਾਕਲੀਅਨ ਵਿਚ, ਮੈਂ ਇਕ ਪ੍ਰੇਮਮਈ ਅਧਿਆਤਮਿਕ ਪਰਿਵਾਰ ਦਾ ਹਿੱਸਾ ਬਣਿਆ। ਉੱਥੇ ਤਿੰਨ ਹੋਰ ਮਸੀਹੀ ਭਰਾ ਤੇ ਇਕ ਭੈਣ ਸਨ, ਅਤੇ ਅਸੀਂ ਸਾਰੇ ਮਿਲ ਕੇ ਨਿਯਮਿਤ ਤੌਰ ਤੇ ਅਧਿਐਨ ਅਤੇ ਉਪਾਸਨਾ ਕਰਦੇ ਸਾਂ। ਮੈਂ ਯਿਸੂ ਦੇ ਵਾਅਦੇ ਨੂੰ ਨਿੱਜੀ ਤੌਰ ਤੇ ਪੂਰਾ ਹੁੰਦੇ ਦੇਖਿਆ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ ਜਿਹੜਾ ਹੁਣ ਇਸ ਸਮੇ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ।” (ਮਰਕੁਸ 10:29, 30) ਮੇਰੀ ਕਾਰਜ-ਨਿਯੁਕਤੀ ਉਸ ਸ਼ਹਿਰ ਵਿਚ ਅਤੇ ਉਸ ਦੇ ਨਾਲ ਲੱਗਦੇ ਪਿੰਡਾਂ ਵਿਚ ਪ੍ਰਚਾਰ ਕਰਨ ਦੀ ਸੀ। ਉਸ ਪੂਰੇ ਸ਼ਹਿਰ ਵਿਚ ਪਰਚਾਰ ਕਰਨ ਤੋਂ ਬਾਅਦ, ਮੈਂ ਇਰਾਕਲੀਅਨ ਅਤੇ ਲਸੀਥੀਓਨ ਦੇ ਜ਼ਿਲ੍ਹਿਆਂ ਵਿਚ ਪ੍ਰਚਾਰ ਕਰਨ ਲਈ ਚਲਾ ਗਿਆ।
ਇਕ ਇਕੱਲਾ ਪਾਇਨੀਅਰ
ਮੈਂ ਇਕ ਪਿੰਡ ਤੋਂ ਦੂਜੇ ਪਿੰਡ ਜਾਣ ਲਈ ਕਈ-ਕਈ ਘੰਟੇ ਤੁਰਦਾ। ਇਸ ਤੋਂ ਇਲਾਵਾ, ਮੈਨੂੰ ਕਈ-ਕਈ ਕਿਲੋ ਸਾਹਿੱਤ ਵੀ ਚੁੱਕਣਾ ਪੈਂਦਾ ਸੀ, ਕਿਉਂਕਿ ਉਦੋਂ ਜਹਾਜ਼ ਰਾਹੀਂ ਸਾਹਿੱਤ ਭੇਜਣ ਦੀ ਸੁਵਿਧਾ ਬਹੁਤ ਘੱਟ ਸੀ। ਕਿਉਂਕਿ ਮੇਰੇ ਕੋਲ ਸੌਣ ਲਈ ਕੋਈ ਥਾਂ-ਟਿਕਾਣਾ ਨਹੀਂ ਸੀ, ਇਸ ਲਈ ਮੈਂ ਪਿੰਡ ਦੇ ਇਕ ਕਾਫ਼ੀ-ਹਾਊਸ ਵਿਚ ਜਾਂਦਾ, ਆਖ਼ਰੀ ਗਾਹਕ ਦੇ ਜਾਣ ਦੀ ਉਡੀਕ ਕਰਦਾ—ਆਮ ਤੌਰ ਤੇ ਅੱਧੀ ਰਾਤ ਤੋਂ ਬਾਅਦ—ਇਕ ਸੋਫ਼ੇ ਤੇ ਸੌਂ ਜਾਂਦਾ ਅਤੇ ਇਸ ਤੋਂ ਪਹਿਲਾਂ ਕਿ ਮਾਲਕ ਗਾਹਕਾਂ ਨੂੰ ਚਾਹ-ਕਾਫ਼ੀ ਦੇਣਾ ਸ਼ੁਰੂ ਕਰੇ, ਮੈਂ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਉੱਥੋਂ ਚਲਾ ਜਾਂਦਾ। ਉਨ੍ਹਾਂ ਸੋਫ਼ਿਆਂ ਤੇ ਅਣਗਿਣਤ ਮਾਂਗਣੂਆਂ ਨੇ ਮੇਰਾ ਸਾਥ ਦਿੱਤਾ।
ਚਾਹੇ ਲੋਕ ਅਕਸਰ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਸਨ, ਪਰ ਮੈਂ ਯਹੋਵਾਹ ਦੀ ਸੇਵਾ ਵਿਚ ਆਪਣੀ ਜਵਾਨੀ ਦੀ ਤਾਕਤ ਲਾ ਕੇ ਬਹੁਤ ਖ਼ੁਸ਼ ਸੀ। ਜਦੋਂ ਮੈਨੂੰ ਬਾਈਬਲ ਸੱਚਾਈ ਵਿਚ ਦਿਲਚਸਪੀ ਰੱਖਣ ਵਾਲਾ ਕੋਈ ਵਿਅਕਤੀ ਮਿਲਦਾ, ਤਾਂ ਇਸ ਨਾਲ ਜਾਨ-ਬਚਾਉ ਸੇਵਕਾਈ ਵਿਚ ਲੱਗੇ ਰਹਿਣ ਦੀ ਮੇਰੀ ਨਿਹਚਾ ਹੋਰ ਵੀ ਮਜ਼ਬੂਤ ਹੋ ਜਾਂਦੀ। ਆਪਣੇ ਅਧਿਆਤਮਿਕ ਭਰਾਵਾਂ ਨਾਲ ਸੰਗਤੀ ਕਰਨ ਨਾਲ ਵੀ ਮੈਂ ਤਰੋ-ਤਾਜ਼ਾ ਮਹਿਸੂਸ ਕਰਦਾ ਸੀ। ਮੈਂ ਉਨ੍ਹਾਂ ਨੂੰ 20 ਜਾਂ 50 ਕੁ ਦਿਨਾਂ ਬਾਅਦ ਮਿਲਦਾ, ਪਰ ਇਹ ਵੀ ਇਸ ਗੱਲ ਉੱਤੇ ਨਿਰਭਰ ਕਰਦਾ ਸੀ ਕਿ ਮੈਂ ਇਰਾਕਲੀਅਨ ਸ਼ਹਿਰ ਤੋਂ ਕਿੰਨੀ ਕੁ ਦੂਰ ਪਰਚਾਰ ਕਰ ਰਿਹਾ ਸੀ।
ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਦੁਪਹਿਰ ਨੂੰ ਮੈਂ ਕਿੰਨਾ ਇਕੱਲਾ ਮਹਿਸੂਸ ਕੀਤਾ ਸੀ, ਖ਼ਾਸ ਤੌਰ ਤੇ ਇਹ ਸੋਚ ਕੇ ਕਿ ਉਸ ਸ਼ਾਮ ਇਰਾਕਲੀਅਨ ਵਿਚ ਮੇਰੇ ਮਸੀਹੀ ਭੈਣ-ਭਰਾ ਆਪਣੀ ਨਿਯਮਿਤ ਸਭਾ ਵਿਚ ਹਾਜ਼ਰ ਹੋਣਗੇ। ਮੇਰਾ ਉਨ੍ਹਾਂ ਨੂੰ ਮਿਲਣ ਦਾ ਇੰਨਾ ਜ਼ਿਆਦਾ ਦਿਲ ਕਰ ਰਿਹਾ ਸੀ ਕਿ ਮੈਂ ਉਨ੍ਹਾਂ ਨੂੰ ਮਿਲਣ ਲਈ 25 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਪੈਦਲ ਤੈ ਕਰਨ ਦਾ ਫ਼ੈਸਲਾ ਕੀਤਾ। ਮੈਂ ਇਨਾਂ ਤੇਜ਼ ਕਦੇ ਨਹੀਂ ਤੁਰਿਆ ਸੀ। ਉਸ ਸ਼ਾਮ ਆਪਣੇ ਭਰਾਵਾਂ ਨਾਲ ਸੰਗਤੀ ਦਾ ਆਨੰਦ ਮਾਣ ਕੇ ਅਤੇ ਮੁੜ ਅਧਿਆਤਮਿਕ ਤੌਰ ਤੇ ਤਾਜ਼ਗੀ ਪ੍ਰਾਪਤ ਕਰ ਕੇ ਮੇਰੇ ਦਿਲ ਨੂੰ ਕਿੰਨਾ ਸਕੂਨ ਮਿਲਿਆ!
ਕੁਝ ਹੀ ਸਮੇਂ ਬਾਅਦ, ਮੈਨੂੰ ਪ੍ਰਚਾਰ ਦੇ ਕੰਮ ਵਿਚ ਕੀਤੀ ਆਪਣੀ ਸਖ਼ਤ ਮਿਹਨਤ ਦਾ ਫਲ ਮਿਲਿਆ। ਰਸੂਲਾਂ ਦੇ ਦਿਨਾਂ ਵਾਂਗ, ਯਹੋਵਾਹ ‘ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਸਾਡੇ ਨਾਲ ਰਲਾਉਂਦਾ’ ਰਿਹਾ। (ਰਸੂਲਾਂ ਦੇ ਕਰਤੱਬ 2:47) ਕ੍ਰੀਟ ਵਿਚ ਯਹੋਵਾਹ ਦੇ ਉਪਾਸਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਜਦੋਂ ਸੇਵਕਾਈ ਵਿਚ ਹੋਰ ਕਈ ਭੈਣ-ਭਰਾ ਮੇਰੇ ਨਾਲ ਰਲ ਗਏ, ਤਾਂ ਫਿਰ ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕੀਤਾ। ਅਸੀਂ ਸਰੀਰਕ ਤੌਰ ਤੇ ਕਈ ਮੁਸ਼ਕਲਾਂ ਦਾ ਅਤੇ ਸਖ਼ਤ ਵਿਰੋਧ ਦਾ ਵੀ ਸਾਮ੍ਹਣਾ ਕੀਤਾ। ਅਸੀਂ ਰੋਜ਼ਾਨਾ ਡਬਲਰੋਟੀ ਖਾਂਦੇ ਸਾਂ, ਪਰ ਜੇਕਰ ਪ੍ਰਚਾਰ ਦੌਰਾਨ ਲੋਕ ਕਿਤਾਬਾਂ ਦੇ ਬਦਲੇ ਸਾਨੂੰ ਸਬਜ਼ੀਆਂ, ਜ਼ੈਤੂਨ ਜਾਂ ਅੰਡੇ ਦੇ ਦਿੰਦੇ, ਤਾਂ ਅਸੀਂ ਉਹ ਵੀ ਖਾ ਲੈਂਦੇ ਸਾਂ।
ਕ੍ਰੀਟ ਦੇ ਦੱਖਣ-ਪੂਰਬੀ ਹਿੱਸੇ ਵਿਚ ਇਏਰਾਪੈਟਰਾ ਸ਼ਹਿਰ ਵਿਖੇ, ਮੈਂ ਮੀਨੋਸ ਕੋਕੀਨਾਕਿਸ ਨਾਮਕ ਇਕ ਕੱਪੜੇ ਦੇ ਵਪਾਰੀ ਨੂੰ ਗਵਾਹੀ ਦਿੱਤੀ। ਉਸ ਨਾਲ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਮੇਰੇ ਲਗਾਤਾਰ ਜਤਨਾਂ ਦੇ ਬਾਵਜੂਦ, ਉਸ ਦੀ ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਉਸ ਕੋਲ ਅਧਿਐਨ ਕਰਨ ਲਈ ਸਮਾਂ ਨਹੀਂ ਸੀ। ਪਰ ਅਖ਼ੀਰ, ਜਦੋਂ ਉਸ ਨੇ ਗੰਭੀਰਤਾ ਨਾਲ ਅਧਿਐਨ ਕਰਨ ਦਾ ਫ਼ੈਸਲਾ ਕੀਤਾ ਤਾਂ ਉਸ ਨੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਉਹ ਖ਼ੁਸ਼ ਖ਼ਬਰੀ ਦਾ ਇਕ ਜੋਸ਼ੀਲਾ ਅਤੇ ਸਰਗਰਮ ਪ੍ਰਚਾਰਕ ਵੀ ਬਣਿਆ। ਕੋਕੀਨਾਕਿਸ ਦੇ ਇਕ 18 ਸਾਲਾ ਮੁਲਾਜ਼ਮ ਇਮਾਨਵੀਲ ਪਟਰਾਕੀਸ ਇਨ੍ਹਾਂ ਤਬਦੀਲੀਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਜਲਦੀ ਹੀ ਉਸ ਨੇ ਬਾਈਬਲ ਸਾਹਿੱਤ ਦੀ ਫ਼ਰਮਾਇਸ਼ ਕੀਤੀ। ਉਸ ਨੂੰ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਕਰਦਿਆਂ ਅਤੇ ਅਖ਼ੀਰ ਇਕ ਮਿਸ਼ਨਰੀ ਬਣਦਿਆਂ ਦੇਖ ਕੇ ਮੈਂ ਕਿੰਨਾ ਖ਼ੁਸ਼ ਹੋਇਆ ਸੀ!a
ਇਸ ਦੌਰਾਨ, ਮੇਰੇ ਪਿੰਡ ਦੀ ਕਲੀਸਿਯਾ ਲਗਾਤਾਰ ਫਲਦੀ-ਫੁਲਦੀ ਗਈ ਤੇ ਹੁਣ ਇਸ ਵਿਚ ਕੁੱਲ 14 ਪ੍ਰਕਾਸ਼ਕ ਸਨ। ਮੈਂ ਉਹ ਦਿਨ ਕਦੇ ਵੀ ਨਹੀਂ ਭੁੱਲਾਂਗਾਂ ਜਦੋਂ ਮੈਂ ਆਪਣੀ ਸੱਕੀ ਭੈਣ ਡੈਸਪੀਨਾ ਦੀ ਚਿੱਠੀ ਪੜ੍ਹੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਸ ਨੇ ਅਤੇ ਮੇਰੇ ਮਾਤਾ-ਪਿਤਾ ਨੇ ਸੱਚਾਈ ਅਪਣਾ ਲਈ ਹੈ ਅਤੇ ਹੁਣ ਉਹ ਸਾਰੇ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਉਪਾਸਕ ਹਨ!
ਸਤਾਹਟ ਅਤੇ ਦੇਸ਼-ਨਿਕਾਲਾ ਸਹਿਣਾ
ਗ੍ਰੀਕ ਆਰਥੋਡਾਕਸ ਚਰਚ ਨੂੰ ਸਾਡਾ ਪ੍ਰਚਾਰ ਦਾ ਕੰਮ ਤਬਾਹਕੁਨ ਟਿੱਡੀਆਂ ਦੀ ਬਵਾ ਵਰਗਾ ਲੱਗਾ, ਇਸ ਲਈ ਉਨ੍ਹਾਂ ਨੇ ਸਾਨੂੰ ਕੁਚਲਣ ਦੀ ਠਾਣ ਲਈ। ਮਾਰਚ 1938 ਵਿਚ, ਮੈਨੂੰ ਇਕ ਸਰਕਾਰੀ ਵਕੀਲ ਦੇ ਸਾਮ੍ਹਣੇ ਲਿਆਂਦਾ ਗਿਆ ਜਿਸ ਨੇ ਮੈਨੂੰ ਉਸ ਇਲਾਕੇ ਨੂੰ ਉਸੇ ਵੇਲੇ ਛੱਡ ਕੇ ਜਾਣ ਨੂੰ ਕਿਹਾ। ਮੈਂ ਜਵਾਬ ਦਿੱਤਾ ਕਿ ਅਸਲ ਵਿਚ ਸਾਡਾ ਪ੍ਰਚਾਰ ਦਾ ਕੰਮ ਬਹੁਤ ਫ਼ਾਇਦੇਮੰਦ ਹੈ ਅਤੇ ਇਸ ਕੰਮ ਦਾ ਹੁਕਮ ਸਾਨੂੰ ਉਨ੍ਹਾਂ ਤੋਂ ਵੀ ਉੱਪਰ ਦੇ ਅਧਿਕਾਰੀ, ਸਾਡੇ ਰਾਜਾ ਯਿਸੂ ਮਸੀਹ ਦੁਆਰਾ ਦਿੱਤਾ ਗਿਆ ਹੈ।—ਮੱਤੀ 28:19, 20; ਰਸੂਲਾਂ ਦੇ ਕਰਤੱਬ 1:8.
ਅਗਲੇ ਦਿਨ, ਮੈਨੂੰ ਪੁਲਸ ਸਟੇਸ਼ਨ ਸੱਦਿਆ ਗਿਆ। ਉੱਥੇ ਮੈਨੂੰ ਦੱਸਿਆ ਗਿਆ ਕਿ ਮੇਰੇ ਉੱਪਰ ਸਮਾਜ ਲਈ ਖ਼ਤਰਾ ਹੋਣ ਦਾ ਦੋਸ਼ ਲਾਇਆ ਗਿਆ ਸੀ, ਇਸ ਲਈ ਮੈਨੂੰ ਅਮੌਰਗਸ ਨਾਮਕ ਏਜੀਅਨ ਟਾਪੂ ਉੱਤੇ ਇਕ ਸਾਲ ਦੇ ਦੇਸ਼-ਨਿਕਾਲੇ ਦੀ ਸਜ਼ਾ ਸੁਣਾਈ ਗਈ। ਕੁਝ ਦਿਨਾਂ ਬਾਅਦ, ਮੈਨੂੰ ਹੱਥਕੜੀਆਂ ਲਾ ਕੇ, ਇਕ ਕਿਸ਼ਤੀ ਰਾਹੀਂ ਉਸ ਟਾਪੂ ਤੇ ਪਹੁੰਚਾ ਦਿੱਤਾ ਗਿਆ। ਅਮੌਰਗਸ ਵਿਚ ਹੋਰ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ। ਤਾਂ ਉਦੋਂ ਮੇਰੀ ਹੈਰਾਨੀ ਦਾ ਅੰਦਾਜ਼ਾ ਲਾਓ ਜਦੋਂ ਛੇ ਮਹੀਨਿਆਂ ਬਾਅਦ ਮੈਨੂੰ ਇਹ ਪਤਾ ਲੱਗਾ ਕਿ ਇਕ ਹੋਰ ਗਵਾਹ ਨੂੰ ਵੀ ਉਸੇ ਟਾਪੂ ਤੇ ਦੇਸ਼-ਨਿਕਾਲੇ ਦੀ ਸਜ਼ਾ ਦਿੱਤੀ ਗਈ ਸੀ! ਉਹ ਕੌਣ ਸੀ? ਇਹ ਮੀਨੋਸ ਕੋਕੀਨਾਕਿਸ, ਕ੍ਰੀਟ ਦਾ ਰਹਿਣ ਵਾਲਾ ਮੇਰਾ ਬਾਈਬਲ ਵਿਦਿਆਰਥੀ ਸੀ। ਇਕ ਅਧਿਆਤਮਿਕ ਸਾਥੀ ਪਾ ਕੇ ਮੈਂ ਕਿੰਨਾ ਖ਼ੁਸ਼ ਸੀ! ਕੁਝ ਸਮੇਂ ਬਾਅਦ, ਉਸ ਨੂੰ ਅਮੌਰਗਸ ਦੇ ਸਮੁੰਦਰ ਕੰਢੇ ਬਪਤਿਸਮਾ ਦੇਣ ਦਾ ਮੈਨੂੰ ਵਿਸ਼ੇਸ਼-ਸਨਮਾਨ ਮਿਲਿਆ।b
ਜਦੋਂ ਮੈਂ ਕ੍ਰੀਟ ਵਾਪਸ ਆਇਆ, ਤਾਂ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਮੈਨੂੰ ਫਿਰ ਤੋਂ ਗਿਰਫ਼ਤਾਰ ਕਰ ਲਿਆ ਗਿਆ ਅਤੇ ਇਸ ਵਾਰ ਸਜ਼ਾ ਵਜੋਂ ਮੈਨੂੰ ਕ੍ਰੀਟ ਟਾਪੂ ਦੇ ਇਕ ਛੋਟੇ ਜਿਹੇ ਸ਼ਹਿਰ ਨੀਆਪਲਿਸ ਵਿਖੇ ਭੇਜ ਦਿੱਤਾ ਗਿਆ। ਉੱਥੇ ਛੇ ਮਹੀਨਿਆਂ ਦੀ ਸਜ਼ਾ ਕੱਟਣ ਤੋਂ ਬਾਅਦ, ਮੈਨੂੰ ਇਕ ਵਾਰ ਫਿਰ ਗਿਰਫ਼ਤਾਰ ਕਰ ਲਿਆ ਗਿਆ, ਦਸ ਦਿਨਾਂ ਦੀ ਕੈਦ ਹੋਈ ਅਤੇ ਉਸ ਤੋਂ ਬਾਅਦ ਮੈਨੂੰ ਕਮਿਊਨਿਸਟਾਂ ਲਈ ਰਾਖਵੇਂ ਟਾਪੂ ਉੱਤੇ ਚਾਰ ਮਹੀਨਿਆਂ ਦਾ ਦੇਸ਼-ਨਿਕਾਲਾ ਦੇ ਦਿੱਤਾ ਗਿਆ। ਮੈਨੂੰ ਅਹਿਸਾਸ ਹੋਇਆ ਕਿ ਪੌਲੁਸ ਰਸੂਲ ਦੇ ਸ਼ਬਦ ਕਿੰਨੇ ਸੱਚ ਹਨ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।”—2 ਤਿਮੋਥਿਉਸ 3:12.
ਵਿਰੋਧ ਦੇ ਬਾਵਜੂਦ ਵਾਧਾ
ਸੰਨ 1940-44 ਦਰਮਿਆਨ ਯੂਨਾਨ ਉੱਤੇ ਜਰਮਨ ਦੁਆਰਾ ਕਬਜ਼ਾ ਕਰਨ ਕਰਕੇ ਸਾਡਾ ਪ੍ਰਚਾਰ ਦਾ ਕੰਮ ਲਗਭਗ ਠੱਪ ਹੋ ਗਿਆ। ਪਰ ਯੂਨਾਨ ਵਿਚ ਯਹੋਵਾਹ ਦੇ ਲੋਕਾਂ ਨੇ ਜਲਦੀ ਹੀ ਆਪਣੇ ਆਪ ਨੂੰ ਮੁੜ ਵਿਵਸਥਿਤ ਕੀਤਾ ਅਤੇ ਅਸੀਂ ਨਵੇਂ ਸਿਰਿਓਂ ਆਪਣਾ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੱਤਾ। ਜ਼ਾਇਆ ਹੋਏ ਸਮੇਂ ਦੀ ਕਸਰ ਪੂਰੀ ਕਰਨ ਲਈ, ਅਸੀਂ ਪੂਰੇ ਜੋਸ਼ ਨਾਲ ਰਾਜ ਦੇ ਕੰਮ ਵਿਚ ਜੁੱਟ ਗਏ।
ਜਿਵੇਂ ਸਾਨੂੰ ਉਮੀਦ ਹੀ ਸੀ, ਧਾਰਮਿਕ ਵਿਰੋਧ ਇਕ ਵਾਰ ਫਿਰ ਭੜਕ ਪਿਆ। ਕਈ ਵਾਰ, ਗ੍ਰੀਕ ਆਰਥੋਡਾਕਸ ਪਾਦਰੀਆਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲਿਆ। ਇਕ ਪਿੰਡ ਵਿਚ ਇਕ ਪਾਦਰੀ ਨੇ ਲੋਕਾਂ ਨੂੰ ਸਾਡੇ ਵਿਰੁੱਧ ਭੜਕਾ ਦਿੱਤਾ। ਪਾਦਰੀ ਨੇ ਮੈਨੂੰ ਅੱਗਿਓਂ ਅਤੇ ਉਸ ਦੇ ਮੁੰਡੇ ਨੇ ਮੈਨੂੰ ਪਿੱਛਿਓਂ ਮਾਰਨਾ ਸ਼ੁਰੂ ਕਰ ਦਿੱਤਾ। ਮੈਂ ਰੱਖਿਆ ਲਈ ਨੇੜੇ ਦੇ ਇਕ ਘਰ ਵਿਚ ਵੜ ਗਿਆ ਜਦ ਕਿ ਮੇਰੇ ਸਾਥੀ ਨੂੰ ਪਿੰਡ ਦੇ ਚੌਂਕ ਵਿਚ ਘਸੀਟ ਕੇ ਲਿਜਾਇਆ ਗਿਆ। ਉੱਥੇ ਗੁੱਸੇ ਨਾਲ ਭੜਕੇ ਲੋਕਾਂ ਨੇ ਉਸ ਦਾ ਸਾਹਿੱਤ ਪਾੜ ਦਿੱਤਾ ਅਤੇ ਇਕ ਤੀਵੀਂ ਲਗਾਤਾਰ ਬਾਲਕਨੀ ਵਿੱਚੋਂ ਜ਼ੋਰ-ਜ਼ੋਰ ਦੀ ਚੀਕ ਰਹੀ ਸੀ, “ਇਸ ਨੂੰ ਮਾਰ ਦਿਓ!” ਅਖ਼ੀਰ ਇਕ ਡਾਕਟਰ ਨੇ ਅਤੇ ਉੱਥੋਂ ਦੀ ਗੁਜ਼ਰ ਰਹੇ ਪੁਲਸੀਏ ਨੇ ਸਾਡੀ ਮਦਦ ਕੀਤੀ।
ਬਾਅਦ ਵਿਚ ਸਾਲ 1952 ਵਿਚ ਮੈਨੂੰ ਮੁੜ ਗਿਰਫ਼ਤਾਰ ਕਰ ਲਿਆ ਗਿਆ ਅਤੇ ਮੈਨੂੰ ਚਾਰ ਮਹੀਨਿਆਂ ਦੀ ਸਜ਼ਾ ਕੱਟਣ ਲਈ ਕ੍ਰੀਟ ਦੇ ਕਾਸਟੈਲੀ ਕਿਸਾਮੌਸ ਭੇਜਿਆ ਗਿਆ। ਉਸ ਤੋਂ ਇਕ ਦਮ ਬਾਅਦ, ਮੈਨੂੰ ਕਲੀਸਿਯਾਵਾਂ ਵਿਚ ਜਾ ਕੇ ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਸਿਖਲਾਈ ਦਿੱਤੀ ਗਈ। ਦੋ ਸਾਲ ਇਸ ਤਰ੍ਹਾਂ ਦਾ ਸਫ਼ਰੀ ਕਾਰਜ ਕਰਨ ਤੋਂ ਬਾਅਦ, ਮੈਂ ਇਕ ਵਫ਼ਾਦਾਰ ਮਸੀਹੀ ਭੈਣ ਨਾਲ ਵਿਆਹ ਕਰਵਾ ਲਿਆ ਜਿਸ ਦਾ ਨਾਂ ਵੀ ਮੇਰੀ ਸੱਕੀ ਭੈਣ ਵਾਂਗ ਡਿਸਪੈਨਾ ਸੀ। ਮੇਰੀ ਪਤਨੀ ਅਜੇ ਵੀ ਯਹੋਵਾਹ ਦੀ ਇਕ ਵਫ਼ਾਦਾਰ ਉਪਾਸਕ ਹੈ। ਵਿਆਹ ਤੋਂ ਬਾਅਦ ਮੈਨੂੰ ਕ੍ਰੀਟ ਦੇ ਹਾਨੀਆ ਨਾਮਕ ਸ਼ਹਿਰ ਵਿਚ ਵਿਸ਼ੇਸ਼ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ ਜਿੱਥੇ ਮੈਂ ਅੱਜ ਵੀ ਸੇਵਾ ਕਰਦਾ ਹਾਂ।
ਲਗਭਗ 70 ਸਾਲਾਂ ਦੀ ਪੂਰਣ-ਕਾਲੀ ਸੇਵਾ ਦੌਰਾਨ, ਮੈਂ ਲਗਭਗ ਸਾਰੇ ਕ੍ਰੀਟ ਵਿਚ ਪ੍ਰਚਾਰ ਕਰ ਚੁੱਕਾ ਹਾਂ। ਇਸ ਟਾਪੂ ਦਾ ਖੇਤਰਫ਼ਲ 8,300 ਵਰਗ ਕਿਲੋਮੀਟਰ ਹੈ ਅਤੇ ਇਸ ਦੀ ਲੰਬਾਈ ਲਗਭਗ 250 ਕਿਲੋਮੀਟਰ ਹੈ। 1930 ਦੇ ਦਹਾਕੇ ਵਿਚ ਇਸ ਟਾਪੂ ਤੇ ਸਿਰਫ਼ ਮੁੱਠੀ ਭਰ ਗਵਾਹ ਸਨ, ਪਰ ਅੱਜ ਇੱਥੇ ਪਰਮੇਸ਼ੁਰ ਦੇ ਰਾਜ ਦੇ 1,100 ਤੋਂ ਵੀ ਜ਼ਿਆਦਾ ਸਰਗਰਮ ਘੋਸ਼ਕਾਂ ਨੂੰ ਦੇਖ ਕੇ ਮੈਨੂੰ ਸਭ ਤੋਂ ਵੱਡੀ ਖ਼ੁਸ਼ੀ ਮਿਲੀ ਹੈ। ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਇਨ੍ਹਾਂ ਵਿੱਚੋਂ ਕਈਆਂ ਨੂੰ ਬਾਈਬਲ ਤੋਂ ਸਹੀ ਗਿਆਨ ਅਤੇ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਹਾਸਲ ਕਰਨ ਵਿਚ ਮਦਦ ਕਰਨ ਦਾ ਮੌਕਾ ਦਿੱਤਾ ਹੈ।
ਯਹੋਵਾਹ “ਛਡਾਉਣ ਵਾਲਾ” ਹੈ
ਮੈਂ ਆਪਣੇ ਤਜਰਬੇ ਤੋਂ ਸਿੱਖਿਆ ਹੈ ਕਿ ਲੋਕਾਂ ਦੀ ਸੱਚੇ ਪਰਮੇਸ਼ੁਰ ਨੂੰ ਜਾਣਨ ਵਿਚ ਮਦਦ ਕਰਨ ਲਈ ਸਹਿਣਸ਼ੀਲਤਾ ਅਤੇ ਧੀਰਜ ਦੀ ਲੋੜ ਹੈ। ਯਹੋਵਾਹ ਨੇ ਮੈਨੂੰ ਇਹ ਜ਼ਰੂਰੀ ਗੁਣ ਦਿਲ ਖੋਲ੍ਹ ਕੇ ਦਿੱਤੇ ਹਨ। ਮੇਰੀ 67 ਸਾਲਾਂ ਦੀ ਪੂਰਣ-ਕਾਲੀ ਸੇਵਕਾਈ ਦੌਰਾਨ, ਮੈਂ ਲਗਾਤਾਰ ਪੌਲੁਸ ਰਸੂਲ ਦੇ ਇਨ੍ਹਾਂ ਸ਼ਬਦਾਂ ਉੱਤੇ ਗੌਰ ਕੀਤਾ ਹੈ: “ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ [ਅਸੀਂ] ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, ਕੋਰੜੇ ਖਾਣ ਤੋਂ, ਕੈਦ ਤੋਂ, ਘਮਸਾਣਾਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਫਾਕਿਆਂ ਤੋਂ।” (2 ਕੁਰਿੰਥੀਆਂ 6:4, 5) ਖ਼ਾਸ ਤੌਰ ਤੇ ਸੇਵਕਾਈ ਦੇ ਸ਼ੁਰੂ-ਸ਼ੁਰੂ ਵਿਚ ਮੇਰੀ ਮਾਲੀ ਹਾਲਤ ਬਹੁਤ ਖ਼ਰਾਬ ਸੀ। ਪਰ ਯਹੋਵਾਹ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਦੇ ਨਹੀਂ ਤਿਆਗਿਆ। ਯਹੋਵਾਹ ਲਗਾਤਾਰ ਮੇਰੇ ਲਈ ਇਕ ਸ਼ਕਤੀਸ਼ਾਲੀ ਸਹਾਈ ਸਿੱਧ ਹੋਇਆ ਹੈ। (ਇਬਰਾਨੀਆਂ 13:5, 6) ਅਸੀਂ ਦੇਖਿਆ ਹੈ ਕਿ ਭੇਡਾਂ ਨੂੰ ਇਕੱਠੇ ਕਰਨ ਅਤੇ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵੀ ਹਮੇਸ਼ਾ ਯਹੋਵਾਹ ਦਾ ਪ੍ਰੇਮਮਈ ਹੱਥ ਰਿਹਾ ਹੈ।
ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਕਿ ਕਿਵੇਂ ਅਧਿਆਤਮਿਕ ਤੌਰ ਤੇ ਉਜਾੜ ਵਿਚ ਬਹਾਰ ਆਈ ਹੈ, ਤਾਂ ਮੈਨੂੰ ਪੂਰਾ ਵਿਸ਼ਵਾਸ ਹੋ ਜਾਂਦਾ ਹੈ ਕਿ ਮੇਰਾ ਕੰਮ ਜ਼ਾਇਆ ਨਹੀਂ ਗਿਆ ਹੈ। ਮੈਂ ਆਪਣੀ ਜਵਾਨੀ ਦੀ ਤਾਕਤ ਨੂੰ ਸਭ ਤੋਂ ਲਾਭਦਾਇਕ ਕੰਮ ਵਿਚ ਲਾਇਆ ਹੈ। ਮੇਰੀ ਪੂਰਣ-ਕਾਲੀ ਸੇਵਕਾਈ ਦੂਸਰੇ ਕਿਸੇ ਵੀ ਦੁਨਿਆਵੀ ਕੰਮ-ਕਾਰ ਤੋਂ ਜ਼ਿਆਦਾ ਅਰਥਪੂਰਣ ਰਹੀ ਹੈ। ਹੁਣ ਬੁਢਾਪੇ ਵਿਚ, ਮੈਂ ਪੂਰੇ ਦਿਲ ਨਾਲ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਸਕਦਾ ਹਾਂ ਕਿ ਉਹ ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖਣ।’—ਉਪਦੇਸ਼ਕ ਦੀ ਪੋਥੀ 12:1.
ਮੇਰੀ ਉਮਰ 91 ਸਾਲਾਂ ਦੀ ਹੋ ਗਈ ਹੈ ਪਰ ਅਜੇ ਵੀ ਮੈਂ ਹਰ ਮਹੀਨੇ ਪ੍ਰਚਾਰ ਕੰਮ ਵਿਚ 120 ਤੋਂ ਜ਼ਿਆਦਾ ਘੰਟੇ ਬਿਤਾਉਣ ਦੀ ਸਮਰਥਾ ਰੱਖਦਾ ਹਾਂ। ਹਰ ਦਿਨ ਮੈਂ ਸਵੇਰੇ 7:30 ਵਜੇ ਉੱਠਦਾ ਹਾਂ ਅਤੇ ਸੜਕਾਂ, ਦੁਕਾਨਾਂ ਜਾਂ ਪਾਰਕਾਂ ਵਿਚ ਲੋਕਾਂ ਨੂੰ ਗਵਾਹੀ ਦਿੰਦਾ ਹਾਂ। ਮੈਂ ਹਰ ਮਹੀਨੇ ਔਸਤਨ 150 ਰਸਾਲੇ ਵੰਡਦਾ ਹਾਂ। ਮੇਰੀ ਸੁਣਨ-ਸ਼ਕਤੀ ਅਤੇ ਯਾਦਾਸ਼ਤ ਹੁਣ ਕਮਜ਼ੋਰ ਹੋਣ ਕਰਕੇ ਮੇਰੀ ਜ਼ਿੰਦਗੀ ਔਖੀ ਹੋ ਗਈ ਹੈ, ਪਰ ਮੇਰੇ ਪ੍ਰੇਮਮਈ ਅਧਿਆਤਮਿਕ ਭੈਣ ਅਤੇ ਭਰਾ—ਮੇਰਾ ਵੱਡਾ ਅਧਿਆਤਮਿਕ ਪਰਿਵਾਰ—ਨਾਲੇ ਮੇਰੀਆਂ ਦੋਵੇਂ ਧੀਆਂ ਦੇ ਪਰਿਵਾਰ ਮੇਰੀ ਬਹੁਤ ਮਦਦ ਕਰਦੇ ਹਨ।
ਸਭ ਤੋਂ ਵੱਧ, ਮੈਂ ਯਹੋਵਾਹ ਵਿਚ ਭਰੋਸਾ ਰੱਖਣਾ ਸਿੱਖਿਆ ਹੈ। ਉਹ ਹਮੇਸ਼ਾ “ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ” ਸਿੱਧ ਹੋਇਆ ਹੈ।—ਜ਼ਬੂਰ 18:2.
[ਫੁਟਨੋਟ]
a ਇਮਾਨਲਵੀਲ ਪਟਰਾਕੀਸ ਦੀ ਜੀਵਨੀ ਲਈ, 1 ਨਵੰਬਰ, 1996 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 22-7 ਦੇਖੋ।
b ਮੀਨੋਸ ਕੋਕੀਨਾਕਿਸ ਦੀ ਕਾਨੂੰਨੀ ਜਿੱਤ ਬਾਰੇ 1 ਸਤੰਬਰ, 1993 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 27-31 ਦੇਖੋ। ਮੀਨੋਸ ਕੋਕੀਨਾਕਿਸ ਜਨਵਰੀ 1999 ਵਿਚ ਗੁਜ਼ਰ ਗਏ।
[ਸਫ਼ੇ 26, 27 ਉੱਤੇ ਤਸਵੀਰਾਂ]
ਹੇਠਾਂ: ਆਪਣੀ ਪਤਨੀ ਨਾਲ; ਖੱਬੇ: 1927 ਵਿਚ; ਅਗਲਾ ਸਫ਼ਾ: 1939 ਵਿਚ, ਐਕਰੋਪੋਲਿਸ ਵਿਖੇ ਮੀਨੋਸ ਕੋਕੀਨਾਕਿਸ (ਖੱਬੇ) ਅਤੇ ਇਕ ਦੂਸਰੇ ਗਵਾਹ ਨਾਲ, ਦੇਸ਼-ਨਿਕਾਲੇ ਤੋਂ ਵਾਪਸ ਆਉਣ ਤੋਂ ਕੁਝ ਹੀ ਸਮੇਂ ਬਾਅਦ