ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 10/1 ਸਫ਼ੇ 22-25
  • ਯਹੋਵਾਹ ਨੂੰ ਉਹ ਦੇਣਾ ਜਿਸ ਦੇ ਉਹ ਯੋਗ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੂੰ ਉਹ ਦੇਣਾ ਜਿਸ ਦੇ ਉਹ ਯੋਗ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜੋ ਮੈਂ ਸਿੱਖਿਆ ਉਸ ਅਨੁਸਾਰ ਚੱਲਣਾ
  • ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ
  • ਆਈਦੋਨੋਹੋਰੀ ਵਿਚ ਸਾਡੀ ਸੇਵਕਾਈ
  • ਸਖ਼ਤ ਸਤਾਹਟ
  • ਵਿਰੋਧ ਦੇ ਬਾਵਜੂਦ ਵਾਧਾ
  • ਇਕ ਬੇਸਹਾਰਾ ਯਤੀਮ ਨੂੰ ਇਕ ਬਾਪ ਦਾ ਸਹਾਰਾ ਮਿਲਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 10/1 ਸਫ਼ੇ 22-25

ਯਹੋਵਾਹ ਨੂੰ ਉਹ ਦੇਣਾ ਜਿਸ ਦੇ ਉਹ ਯੋਗ ਹੈ

ਟੀਮੋਲਿਓਨ ਵਾਸੀਲੀਊ ਦੀ ਜ਼ਬਾਨੀ

ਮੈਨੂੰ ਆਈਦੋਨੋਹੋਰੀ ਪਿੰਡ ਵਿਚ ਬਾਈਬਲ ਦੀ ਸਿੱਖਿਆ ਦੇਣ ਕਰਕੇ ਗਿਰਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਮੇਰੀਆਂ ਜੁੱਤੀਆਂ ਲਾਹ ਦਿੱਤੀਆਂ ਅਤੇ ਮੇਰੇ ਪੈਰ ਦੀਆਂ ਤਲੀਆਂ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਜਿਉਂ-ਜਿਉਂ ਉਹ ਮਾਰਦੇ ਰਹੇ, ਮੇਰੇ ਪੈਰ ਬਿਲਕੁਲ ਸੁੰਨ ਹੋ ਗਏ ਤੇ ਮੈਨੂੰ ਹੋਰ ਪੀੜ ਮਹਿਸੂਸ ਨਾ ਹੋਈ। ਇਹ ਦੱਸਣ ਤੋਂ ਪਹਿਲਾਂ ਕਿ ਮੇਰੇ ਨਾਲ ਇੰਨੀ ਬਦਸਲੂਕੀ ਕਿਉਂ ਕੀਤੀ ਗਈ, ਜਿਹੜੀ ਉਸ ਸਮੇਂ ਯੂਨਾਨ ਵਿਚ ਕੋਈ ਅਨੋਖੀ ਗੱਲ ਨਹੀਂ ਸੀ, ਆਓ ਮੈਂ ਪਹਿਲਾਂ ਤੁਹਾਨੂੰ ਇਹ ਦੱਸਾਂ ਕਿ ਮੈਂ ਬਾਈਬਲ ਸਿੱਖਿਅਕ ਕਿਵੇਂ ਬਣਿਆ।

ਸੰਨ 1921 ਵਿਚ ਮੇਰੇ ਪੈਦਾ ਹੋਣ ਤੋਂ ਥੋੜ੍ਹੇ ਹੀ ਸਮੇਂ ਬਾਅਦ, ਸਾਡਾ ਪਰਿਵਾਰ ਉੱਤਰੀ ਯੂਨਾਨ ਦੇ ਰੋਡੌਲੀਵੌਸ ਨਾਮਕ ਸ਼ਹਿਰ ਵਿਚ ਜਾ ਕੇ ਵੱਸ ਗਿਆ। ਮੈਂ ਆਪਣੀ ਜੁਆਨੀ ਵਿਚ ਬੇਮੁਹਾਰੀ ਜ਼ਿੰਦਗੀ ਬਤੀਤ ਕੀਤੀ। ਮੈਂ ਗਿਆਰਾਂ ਸਾਲਾਂ ਦੀ ਉਮਰ ਵਿਚ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਮੈਂ ਬਹੁਤ ਸ਼ਰਾਬ ਪੀਣ ਲੱਗ ਪਿਆ ਤੇ ਜੁਆਰੀਆ ਬਣ ਗਿਆ ਅਤੇ ਤਕਰੀਬਨ ਹਰ ਰਾਤ ਖਰੂਦੀ ਪਾਰਟੀਆਂ ਵਿਚ ਜਾਂਦਾ ਸੀ। ਮੇਰੇ ਕੋਲ ਸੰਗੀਤ ਦਾ ਹੁਨਰ ਸੀ, ਇਸ ਲਈ ਮੈਂ ਆਪਣੇ ਸ਼ਹਿਰ ਦੀ ਇਕ ਸੰਗੀਤ ਮੰਡਲੀ ਵਿਚ ਸ਼ਾਮਲ ਹੋ ਗਿਆ। ਤਕਰੀਬਨ ਇਕ ਹੀ ਸਾਲ ਵਿਚ ਮੈਂ ਬੈਂਡ ਦੇ ਲਗਭਗ ਸਾਰੇ ਸਾਜ ਵਜਾਉਣੇ ਸਿੱਖ ਲਏ ਸਨ। ਪਰ ਇਸ ਦੇ ਨਾਲ ਹੀ ਨਾਲ ਮੈਂ ਪੜ੍ਹਨ ਦਾ ਸ਼ੌਕੀਨ ਅਤੇ ਇਨਸਾਫ਼-ਪਸੰਦ ਵੀ ਸੀ।

ਸੰਨ 1940 ਦੇ ਸ਼ੁਰੂ ਵਿਚ, ਜਦੋਂ ਦੂਸਰਾ ਵਿਸ਼ਵ-ਯੁੱਧ ਤੇਜ਼ੀ ਨਾਲ ਚੱਲ ਰਿਹਾ ਸੀ, ਸਾਡੇ ਬੈਂਡ ਨੂੰ ਇਕ ਛੋਟੀ ਬੱਚੀ ਦੇ ਅੰਤਿਮ ਸੰਸਕਾਰ ਤੇ ਸੰਗੀਤ ਵਜਾਉਣ ਲਈ ਬੁਲਾਇਆ ਗਿਆ। ਕਬਰ ਦੇ ਕੋਲ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਬੇਹੱਦ ਗਮ ਵਿਚ ਰੋ-ਰੋ ਕੇ ਬੇਹਾਲ ਹੋ ਰਹੇ ਸਨ। ਉਨ੍ਹਾਂ ਦੀ ਘੋਰ ਨਿਰਾਸ਼ਾ ਨੇ ਮੇਰੇ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਮੈਂ ਸੋਚਣ ਲੱਗਾ ਕਿ ‘ਅਸੀਂ ਕਿਉਂ ਮਰਦੇ ਹਾਂ? ਕੀ ਥੋੜ੍ਹੇ ਸਮੇਂ ਲਈ ਜੀਉਣਾ ਤੇ ਫਿਰ ਮਰ ਜਾਣਾ ਹੀ ਜ਼ਿੰਦਗੀ ਹੈ? ਮੈਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?’

ਕੁਝ ਦਿਨਾਂ ਬਾਅਦ, ਮੈਂ ਆਪਣੇ ਘਰ ਦੀ ਇਕ ਸ਼ੈਲਫ਼ ਉੱਤੇ ਬਾਈਬਲ ਦੀ ਨਵੇਂ ਨੇਮ ਦੀ ਇਕ ਕਾਪੀ ਪਈ ਦੇਖੀ। ਮੈਂ ਇਸ ਨੂੰ ਚੁੱਕਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਮੱਤੀ 24:7 ਵਿਚ ਯਿਸੂ ਦੀ ਮੌਜੂਦਗੀ ਦੇ ਚਿੰਨ੍ਹ ਵਜੋਂ ਵੱਡੇ ਪੱਧਰ ਤੇ ਲੜਾਈਆਂ ਹੋਣ ਬਾਰੇ ਉਸ ਦੇ ਸ਼ਬਦ ਪੜ੍ਹੇ, ਤਾਂ ਮੈਂ ਸਮਝ ਗਿਆ ਕਿ ਯਿਸੂ ਦੇ ਇਹ ਸ਼ਬਦ ਜ਼ਰੂਰ ਸਾਡੇ ਸਮੇਂ ਤੇ ਹੀ ਲਾਗੂ ਹੁੰਦੇ ਹੋਣਗੇ। ਅਗਲੇ ਹਫ਼ਤਿਆਂ ਵਿਚ, ਮੈਂ ਇਸ ਮਸੀਹੀ ਯੂਨਾਨੀ ਸ਼ਾਸਤਰ ਨੂੰ ਕਈ ਵਾਰ ਪੜ੍ਹਿਆ।

ਉਸ ਤੋਂ ਬਾਅਦ ਦਸੰਬਰ 1940 ਵਿਚ, ਮੈਂ ਆਪਣੇ ਘਰ ਦੇ ਨੇੜੇ ਰਹਿਣ ਵਾਲੀ ਇਕ ਵਿਧਵਾ ਅਤੇ ਉਸ ਦੇ ਪੰਜ ਬੱਚਿਆਂ ਨੂੰ ਮਿਲਣ ਗਿਆ। ਉਨ੍ਹਾਂ ਦੇ ਚੁਬਾਰੇ ਵਿਚ ਪਈਆਂ ਪੁਸਤਿਕਾਵਾਂ ਦੇ ਇਕ ਢੇਰ ਵਿੱਚੋਂ ਮੈਨੂੰ ਇਕ ਪੁਸਤਿਕਾ ਮਿਲੀ ਜਿਸ ਦਾ ਸਿਰਲੇਖ ਸੀ ਇਕ ਮਨਭਾਉਂਦੀ ਸਰਕਾਰ, ਜੋ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਸੀ। ਮੈਂ ਚੁਬਾਰੇ ਵਿਚ ਬਹਿ ਕੇ ਸਾਰੀ ਪੁਸਤਿਕਾ ਪੜ੍ਹੀ। ਜੋ ਕੁਝ ਮੈਂ ਪੜ੍ਹਿਆ, ਉਸ ਤੋਂ ਮੈਂ ਪੂਰੀ ਤਰ੍ਹਾਂ ਕਾਇਲ ਹੋ ਗਿਆ ਕਿ ਅਸੀਂ ਵਾਕਈ ਬਾਈਬਲ ਅਨੁਸਾਰ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਅਤੇ ਜਲਦੀ ਹੀ ਯਹੋਵਾਹ ਪਰਮੇਸ਼ੁਰ ਇਸ ਰੀਤੀ-ਵਿਵਸਥਾ ਦਾ ਅੰਤ ਕਰ ਕੇ ਇਸ ਦੀ ਥਾਂ ਇਕ ਨਵਾਂ ਧਰਮੀ ਸੰਸਾਰ ਲਿਆਵੇਗਾ।—2 ਤਿਮੋਥਿਉਸ 3:1-5; 2 ਪਤਰਸ 3:13.

ਮੈਨੂੰ ਖ਼ਾਸ ਤੌਰ ਤੇ ਬਾਈਬਲ ਵਿਚ ਦਿੱਤੇ ਸਬੂਤਾਂ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਵਫ਼ਾਦਾਰ ਲੋਕ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਹਮੇਸ਼ਾ ਲਈ ਜੀਉਣਗੇ ਅਤੇ ਪਰਮੇਸ਼ੁਰ ਦੇ ਰਾਜ ਅਧੀਨ ਨਵੇਂ ਸੰਸਾਰ ਵਿਚ ਦੁੱਖ ਤੇ ਮੌਤ ਨਹੀਂ ਹੋਣਗੇ। (ਜ਼ਬੂਰ 37:9-11, 29; ਪਰਕਾਸ਼ ਦੀ ਪੋਥੀ 21:3, 4) ਜਦੋਂ ਮੈਂ ਇਹ ਗੱਲਾਂ ਪੜ੍ਹ ਰਿਹਾ ਸੀ, ਤਾਂ ਮੈਂ ਪ੍ਰਾਰਥਨਾ ਵਿਚ ਪਰਮੇਸ਼ੁਰ ਦਾ ਇਨ੍ਹਾਂ ਸਾਰੀਆਂ ਗੱਲਾਂ ਲਈ ਧੰਨਵਾਦ ਕੀਤਾ। ਮੈਂ ਪਰਮੇਸ਼ੁਰ ਨੂੰ ਕਿਹਾ ਕਿ ਉਹ ਮੈਨੂੰ ਦੱਸੇ ਕਿ ਮੈਨੂੰ ਕੀ-ਕੀ ਕਰਨਾ ਚਾਹੀਦਾ ਹੈ। ਮੈਂ ਇਹ ਸਮਝ ਗਿਆ ਸੀ ਕਿ ਯਹੋਵਾਹ ਪਰਮੇਸ਼ੁਰ ਮੇਰੀ ਪੂਰੀ ਭਗਤੀ ਦੇ ਯੋਗ ਹੈ।—ਮੱਤੀ 22:37.

ਜੋ ਮੈਂ ਸਿੱਖਿਆ ਉਸ ਅਨੁਸਾਰ ਚੱਲਣਾ

ਉਸ ਸਮੇਂ ਤੋਂ ਮੈਂ ਸਿਗਰਟ ਪੀਣੀ, ਨਸ਼ੇ ਵਿਚ ਧੁੱਤ ਹੋਣਾ ਅਤੇ ਜੂਆ ਖੇਡਣਾ ਬੰਦ ਕਰ ਦਿੱਤਾ। ਮੈਂ ਉਸ ਵਿਧਵਾ ਦੇ ਪੰਜ ਬੱਚਿਆਂ ਅਤੇ ਆਪਣੀਆਂ ਦੋ ਛੋਟੀਆਂ ਭੈਣਾਂ ਅਤੇ ਇਕ ਭਰਾ ਨੂੰ ਆਪਣੇ ਕੋਲ ਬਿਠਾਇਆ ਅਤੇ ਜੋ ਕੁਝ ਮੈਂ ਉਸ ਪੁਸਤਿਕਾ ਤੋਂ ਸਿੱਖਿਆ ਸੀ, ਉਹ ਸਭ ਕੁਝ ਉਨ੍ਹਾਂ ਨੂੰ ਦੱਸਿਆ। ਅਸੀਂ ਸਾਰਿਆਂ ਨੇ ਜੋ ਵੀ ਥੋੜ੍ਹਾ-ਬਹੁਤਾ ਸਿੱਖਿਆ ਸੀ, ਜਲਦੀ ਹੀ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਬੇਸ਼ੱਕ ਅਸੀਂ ਯਹੋਵਾਹ ਦੇ ਗਵਾਹਾਂ ਨੂੰ ਕਦੇ ਨਹੀਂ ਮਿਲੇ ਸਾਂ, ਪਰ ਲੋਕਾਂ ਵਿਚ ਅਸੀਂ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਜਾਣੇ ਜਾਣ ਲੱਗੇ। ਸ਼ੁਰੂ ਤੋਂ ਹੀ, ਮੈਂ ਸਿੱਖੀਆਂ ਹੋਈਆਂ ਸ਼ਾਨਦਾਰ ਗੱਲਾਂ ਲੋਕਾਂ ਨੂੰ ਦੱਸਣ ਵਿਚ ਹਰ ਮਹੀਨੇ ਸੌ ਤੋਂ ਵੀ ਜ਼ਿਆਦਾ ਘੰਟੇ ਬਿਤਾਉਂਦਾ ਸੀ।

ਸਾਡੇ ਸ਼ਹਿਰ ਦਾ ਇਕ ਗ੍ਰੀਕ ਆਰਥੋਡਾਕਸ ਪਾਦਰੀ ਸਾਡੀ ਸ਼ਿਕਾਇਤ ਕਰਨ ਲਈ ਸ਼ਹਿਰ ਦੇ ਪ੍ਰਧਾਨ ਕੋਲ ਗਿਆ। ਪਰ ਸਾਨੂੰ ਨਹੀਂ ਪਤਾ ਸੀ ਕਿ ਕੁਝ ਹੀ ਦਿਨ ਪਹਿਲਾਂ ਇਕ ਨੌਜਵਾਨ ਗਵਾਹ ਨੂੰ ਇਕ ਗੁਆਚਿਆ ਹੋਇਆ ਘੋੜਾ ਮਿਲਿਆ ਸੀ, ਜਿਸ ਨੂੰ ਉਸ ਨੇ ਇਸ ਦੇ ਮਾਲਕਾਂ ਨੂੰ ਵਾਪਸ ਕਰ ਦਿੱਤਾ ਸੀ। ਇਸ ਤਰ੍ਹਾਂ ਦੀ ਈਮਾਨਦਾਰੀ ਕਰਕੇ ਸ਼ਹਿਰ ਦਾ ਪ੍ਰਧਾਨ ਗਵਾਹਾਂ ਦੀ ਇੱਜ਼ਤ ਕਰਦਾ ਸੀ, ਇਸ ਲਈ ਉਸ ਨੇ ਇਸ ਪਾਦਰੀ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।

ਇਕ ਦਿਨ ਅਕਤੂਬਰ 1941 ਵਿਚ, ਜਦੋਂ ਮੈਂ ਬਾਜ਼ਾਰ ਵਿਚ ਪ੍ਰਚਾਰ ਕਰ ਰਿਹਾ ਸੀ, ਤਾਂ ਕਿਸੇ ਨੇ ਨੇੜੇ ਦੇ ਸ਼ਹਿਰ ਵਿਚ ਰਹਿਣ ਵਾਲੇ ਇਕ ਯਹੋਵਾਹ ਦੇ ਗਵਾਹ ਬਾਰੇ ਗੱਲ ਕੀਤੀ। ਉਹ ਕ੍ਰੀਸਟੌਸ ਟ੍ਰੀਆਨਟਾਫ਼ੀਲੂ ਨਾਮਕ ਇਕ ਸਾਬਕਾ ਪੁਲਸੀਆ ਸੀ। ਮੈਂ ਉਸ ਨੂੰ ਮਿਲਣ ਲਈ ਗਿਆ ਤੇ ਮੈਨੂੰ ਪਤਾ ਲੱਗਾ ਕਿ ਉਹ ਸੰਨ 1932 ਵਿਚ ਯਹੋਵਾਹ ਦਾ ਗਵਾਹ ਬਣਿਆ ਸੀ। ਮੈਂ ਉਦੋਂ ਕਿੰਨਾ ਖ਼ੁਸ਼ ਹੋਇਆ ਜਦੋਂ ਉਸ ਨੇ ਮੈਨੂੰ ਵਾਚ ਟਾਵਰ ਦੇ ਕਈ ਪੁਰਾਣੇ ਪ੍ਰਕਾਸ਼ਨ ਪੜ੍ਹਨ ਲਈ ਦਿੱਤੇ! ਅਧਿਆਤਮਿਕ ਤਰੱਕੀ ਕਰਨ ਵਿਚ ਇਨ੍ਹਾਂ ਕਿਤਾਬਾਂ ਨੇ ਵਾਕਈ ਮੇਰੀ ਬਹੁਤ ਮਦਦ ਕੀਤੀ।

ਸੰਨ 1943 ਵਿਚ ਮੈਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਵਿਚ ਬਪਤਿਸਮਾ ਲਿਆ। ਉਸ ਸਮੇਂ ਮੈਂ ਨੇੜੇ ਦੇ ਤਿੰਨ ਪਿੰਡਾਂ—ਦਰਾਵੀਸਕੌਸ, ਪਾਲੀਓਕੋਮੀ ਅਤੇ ਮਾਵਰੋਲੋਫ਼ੋਸ—ਵਿਚ ਬਾਈਬਲ ਅਧਿਐਨ ਕਰਵਾ ਰਿਹਾ ਸੀ। ਮੈਂ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਮਕ ਕਿਤਾਬ ਵਿੱਚੋਂ ਬਾਈਬਲ ਅਧਿਐਨ ਕਰਵਾਉਂਦਾ ਸੀ। ਆਖ਼ਰਕਾਰ, ਮੈਨੂੰ ਇਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਚਾਰ ਕਲੀਸਿਯਾਵਾਂ ਬਣਦੀਆਂ ਦੇਖਣ ਦਾ ਵਿਸ਼ੇਸ਼-ਸਨਮਾਨ ਮਿਲਿਆ।

ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ

ਸੰਨ 1944 ਵਿਚ, ਯੂਨਾਨ ਦੇਸ਼ ਜਰਮਨਾਂ ਦੇ ਕਬਜ਼ੇ ਤੋਂ ਆਜ਼ਾਦ ਹੋਇਆ ਅਤੇ ਕੁਝ ਸਮੇਂ ਬਾਅਦ, ਐਥਿਨਜ਼ ਵਿਚ ਵਾਚ ਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਨਾਲ ਮੁੜ ਸੰਪਰਕ ਕਾਇਮ ਕੀਤਾ ਗਿਆ। ਸ਼ਾਖ਼ਾ ਦਫ਼ਤਰ ਨੇ ਮੈਨੂੰ ਉਸ ਇਲਾਕੇ ਵਿਚ ਪ੍ਰਚਾਰ ਕਰਨ ਲਈ ਬੁਲਾਇਆ ਜਿੱਥੇ ਬਹੁਤ ਘੱਟ ਲੋਕਾਂ ਨੇ ਰਾਜ ਸੰਦੇਸ਼ ਨੂੰ ਸੁਣਿਆ ਸੀ। ਉੱਥੇ ਜਾਣ ਤੋਂ ਬਾਅਦ, ਮੈਂ ਤਿੰਨ ਮਹੀਨੇ ਇਕ ਫ਼ਾਰਮ ਵਿਚ ਕੰਮ ਕੀਤਾ ਅਤੇ ਬਾਕੀ ਦਾ ਸਾਲ ਸੇਵਕਾਈ ਵਿਚ ਬਿਤਾਇਆ।

ਉਸ ਸਾਲ ਮੈਨੂੰ ਆਪਣੇ ਮਾਤਾ ਜੀ ਦੇ ਨਾਲ-ਨਾਲ ਉਸ ਵਿਧਵਾ ਨੂੰ ਅਤੇ ਉਸ ਦੀ ਸਭ ਤੋਂ ਛੋਟੀ ਕੁੜੀ ਮਾਰੀਆਨਥੀ ਨੂੰ ਛੱਡ ਕੇ ਬਾਕੀ ਚਾਰਾਂ ਬੱਚਿਆਂ ਨੂੰ ਬਪਤਿਸਮਾ ਲੈਂਦਿਆਂ ਦੇਖਣ ਦੀ ਵੱਡੀ ਖ਼ੁਸ਼ੀ ਪ੍ਰਾਪਤ ਹੋਈ। ਮਾਰੀਆਨਥੀ ਨੇ 1943 ਵਿਚ ਪਹਿਲਾਂ ਹੀ ਬਪਤਿਸਮਾ ਲੈ ਲਿਆ ਸੀ ਅਤੇ ਨਵੰਬਰ 1944 ਵਿਚ ਉਹ ਮੇਰੀ ਪਿਆਰੀ ਪਤਨੀ ਬਣ ਗਈ। 30 ਸਾਲਾਂ ਬਾਅਦ, 1974 ਵਿਚ ਮੇਰੇ ਪਿਤਾ ਜੀ ਵੀ ਇਕ ਬਪਤਿਸਮਾ-ਪ੍ਰਾਪਤ ਗਵਾਹ ਬਣੇ।

ਸੰਨ 1945 ਦੇ ਸ਼ੁਰੂ ਵਿਚ, ਸਾਨੂੰ ਸ਼ਾਖ਼ਾ ਦਫ਼ਤਰ ਤੋਂ ਮਿਮੀਓਗ੍ਰਾਫ ਦੁਆਰਾ ਨਕਲ ਕੀਤੇ ਗਏ ਪਹਿਰਾਬੁਰਜ ਰਸਾਲੇ ਦੀ ਪਹਿਲੀ ਕਾਪੀ ਮਿਲੀ। ਇਸ ਦੇ ਮੁੱਖ ਲੇਖ ਦਾ ਸਿਰਲੇਖ ਸੀ, “ਜਾਓ, ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19, ਦੀ ਐਮਫ਼ੈਟਿਕ ਡਾਇਗਲੌਟ) ਮੈਂ ਅਤੇ ਮਾਰੀਆਨਥੀ ਫ਼ੌਰਨ ਸਟ੍ਰਾਈਮੌਨ ਨਦੀ ਦੇ ਪੂਰਬੀ ਪਾਸੇ ਦੂਰ-ਦੂਰ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਘਰੋਂ ਨਿਕਲ ਪਏ। ਬਾਅਦ ਵਿਚ ਦੂਸਰੇ ਗਵਾਹ ਵੀ ਸਾਡੇ ਨਾਲ ਰਲ ਗਏ।

ਅਸੀਂ ਅਕਸਰ ਨੰਗੇ ਪੈਰੀਂ ਪਹਾੜਾਂ ਅਤੇ ਪਹਾੜੀ ਖੱਡਾਂ ਨੂੰ ਪਾਰ ਕਰ ਕੇ ਕਈ-ਕਈ ਮੀਲਾਂ ਦੀ ਦੂਰੀ ਤੈਅ ਕਰਦੇ ਹੋਏ ਪਿੰਡ ਵਿਚ ਪਹੁੰਚਦੇ। ਅਸੀਂ ਇਹ ਆਪਣੀਆਂ ਜੁੱਤੀਆਂ ਬਚਾਉਣ ਦੀ ਖ਼ਾਤਰ ਕਰਦੇ, ਕਿਉਂਕਿ ਉਨ੍ਹਾਂ ਦੇ ਘੱਸ ਜਾਣ ਤੇ ਸਾਡੇ ਕੋਲ ਪਾਉਣ ਲਈ ਹੋਰ ਜੁੱਤੀਆਂ ਨਹੀਂ ਸਨ। ਸਾਲ 1946 ਤੋਂ 1949 ਦੌਰਾਨ, ਯੂਨਾਨ ਵਿਚ ਘਰੇਲੂ ਯੁੱਧ ਤੇਜ਼ੀ ਨਾਲ ਚੱਲ ਰਿਹਾ ਸੀ ਅਤੇ ਉਸ ਸਮੇਂ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਸੀ। ਸੜਕਾਂ ਤੇ ਖੁੱਲ੍ਹੇ-ਆਮ ਲਾਸ਼ਾਂ ਪਈਆਂ ਰਹਿਣੀਆਂ ਇਕ ਆਮ ਜਿਹੀ ਗੱਲ ਸੀ।

ਮੁਸ਼ਕਲਾਂ ਤੋਂ ਨਿਰਾਸ਼ ਹੋਣ ਦੀ ਬਜਾਇ, ਅਸੀਂ ਜੋਸ਼ ਨਾਲ ਸੇਵਕਾਈ ਜਾਰੀ ਰੱਖੀ। ਕਈ ਵਾਰ ਮੈਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕੀਤਾ ਜਿਸ ਨੇ ਲਿਖਿਆ: “ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ ਦਿੰਦੀਆਂ ਹਨ।” (ਜ਼ਬੂਰ 23:4) ਇਸ ਸਮੇਂ ਦੌਰਾਨ ਅਸੀਂ ਅਕਸਰ ਕਈ-ਕਈ ਹਫ਼ਤੇ ਘਰੋਂ ਦੂਰ ਰਹਿੰਦੇ ਅਤੇ ਕਈ ਵਾਰ ਤਾਂ ਮੈਂ ਇਕ ਮਹੀਨੇ ਵਿਚ ਸੇਵਕਾਈ ਵਿਚ 250 ਘੰਟੇ ਬਿਤਾਉਂਦਾ।

ਆਈਦੋਨੋਹੋਰੀ ਵਿਚ ਸਾਡੀ ਸੇਵਕਾਈ

ਸੰਨ 1946 ਵਿਚ ਅਸੀਂ ਇਕ ਆਈਦੋਨੋਹੋਰੀ ਨਾਮਕ ਪਿੰਡ ਵਿਚ ਗਏ ਜਿਹੜਾ ਇਕ ਉੱਚੇ ਪਹਾੜ ਉੱਤੇ ਵੱਸਿਆ ਹੋਇਆ ਸੀ। ਉੱਥੇ ਅਸੀਂ ਇਕ ਆਦਮੀ ਨੂੰ ਮਿਲੇ ਜਿਸ ਨੇ ਸਾਨੂੰ ਦੱਸਿਆ ਕਿ ਪਿੰਡ ਵਿਚ ਦੋ ਆਦਮੀ ਹਨ ਜਿਹੜੇ ਬਾਈਬਲ ਸੰਦੇਸ਼ ਨੂੰ ਸੁਣਨਾ ਚਾਹੁੰਦੇ ਹਨ। ਪਰ, ਗੁਆਂਢੀਆਂ ਦੇ ਡਰ ਕਾਰਨ ਉਹ ਵਿਅਕਤੀ ਸਾਨੂੰ ਉਨ੍ਹਾਂ ਦੋਹਾਂ ਦਾ ਪਤਾ ਨਹੀਂ ਦੇਣਾ ਚਾਹੁੰਦਾ ਸੀ। ਅਸੀਂ ਔਖੇ-ਸੌਖੇ ਉਨ੍ਹਾਂ ਦਾ ਘਰ ਲੱਭ ਲਿਆ ਅਤੇ ਉਨ੍ਹਾਂ ਨੇ ਸਾਡਾ ਨਿੱਘਾ ਸੁਆਗਤ ਕੀਤਾ। ਅਸਲ ਵਿਚ, ਕੁਝ ਮਿੰਟਾਂ ਬਾਅਦ ਹੀ, ਬੈਠਕ ਲੋਕਾਂ ਨਾਲ ਭਰ ਗਈ! ਉਹ ਜਾਂ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਸਨ ਤੇ ਜਾਂ ਫਿਰ ਨਜ਼ਦੀਕੀ ਮਿੱਤਰ ਸਨ। ਮੈਂ ਇਹ ਦੇਖ ਕੇ ਬਹੁਤ ਹੈਰਾਨ ਸੀ ਕਿ ਉਹ ਲੋਕ ਬੈਠ ਕੇ ਕਿੰਨੇ ਧਿਆਨ ਨਾਲ ਸਾਡੀਆਂ ਗੱਲਾਂ ਸੁਣ ਰਹੇ ਸਨ। ਜਲਦੀ ਹੀ ਸਾਨੂੰ ਪਤਾ ਲੱਗਾ ਕਿ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਲਈ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਸਨ, ਪਰ ਜਰਮਨ ਕਬਜ਼ੇ ਦੌਰਾਨ ਉਸ ਇਲਾਕੇ ਵਿਚ ਕੋਈ ਵੀ ਗਵਾਹ ਨਹੀਂ ਸੀ। ਪਰ ਕਿਹੜੀ ਚੀਜ਼ ਨੇ ਉਨ੍ਹਾਂ ਦੀ ਦਿਲਚਸਪੀ ਜਗਾਈ?

ਇਨ੍ਹਾਂ ਦੋ ਪਰਿਵਾਰਾਂ ਦੇ ਮੁਖੀ ਸਥਾਨਕ ਕਮਿਊਨਿਸਟ ਪਾਰਟੀ ਵਿਚ ਬਹੁਤ ਉੱਘੇ ਸਨ ਅਤੇ ਇਨ੍ਹਾਂ ਮੁਖੀਆਂ ਨੇ ਹੀ ਲੋਕਾਂ ਵਿਚ ਕਮਿਊਨਿਸਟ ਵਿਚਾਰ ਫੈਲਾਏ ਸਨ। ਪਰ ਤਦ ਉਨ੍ਹਾਂ ਨੂੰ ਵਾਚ ਟਾਵਰ ਸੋਸਾਇਟੀ ਦੁਆਰਾ ਛਾਪੀ ਸਰਕਾਰ ਨਾਮਕ ਕਿਤਾਬ ਮਿਲੀ। ਇਸ ਨੂੰ ਪੜ੍ਹਨ ਤੋਂ ਬਾਅਦ ਉਹ ਪੂਰੀ ਤਰ੍ਹਾਂ ਕਾਇਲ ਹੋ ਗਏ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਕ ਖਰੀ ਅਤੇ ਧਰਮੀ ਸਰਕਾਰ ਹੋ ਸਕਦੀ ਹੈ।

ਅਸੀਂ ਇਨ੍ਹਾਂ ਆਦਮੀਆਂ ਅਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨਾਲ ਅੱਧੀ ਰਾਤ ਤਕ ਬਹਿ ਕੇ ਗੱਲਬਾਤ ਕੀਤੀ। ਆਪਣੇ ਸਵਾਲਾਂ ਦੇ ਬਾਈਬਲ-ਆਧਾਰਿਤ ਜਵਾਬ ਪ੍ਰਾਪਤ ਕਰ ਕੇ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਏ ਸਨ। ਪਰ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ, ਪਿੰਡ ਵਿਚ ਕਮਿਊਨਿਸਟਾਂ ਨੇ ਮੈਨੂੰ ਜਾਨੋਂ ਮਾਰਨ ਦੀ ਸਾਜ਼ਸ਼ ਰਚੀ, ਕਿਉਂਕਿ ਇਨ੍ਹਾਂ ਸਾਬਕਾ ਲੀਡਰਾਂ ਦਾ ਮਨ ਬਦਲਣ ਲਈ ਮੈਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸਬੱਬ ਨਾਲ, ਉਸ ਪਹਿਲੀ ਰਾਤ ਇਕੱਠੇ ਹੋਏ ਲੋਕਾਂ ਵਿਚ ਉਹ ਆਦਮੀ ਵੀ ਮੌਜੂਦ ਸੀ ਜਿਸ ਨੇ ਪਿੰਡ ਦੇ ਦਿਲਚਸਪੀ ਰੱਖਣ ਵਾਲਿਆਂ ਵਿਅਕਤੀਆਂ ਬਾਰੇ ਮੈਨੂੰ ਦੱਸਿਆ ਸੀ। ਅਖ਼ੀਰ ਉਹ ਬਾਈਬਲ ਦੇ ਗਿਆਨ ਵਿਚ ਵਧਦਾ ਗਿਆ, ਬਪਤਿਸਮਾ ਲਿਆ ਅਤੇ ਬਾਅਦ ਵਿਚ ਇਕ ਮਸੀਹੀ ਬਜ਼ੁਰਗ ਬਣ ਗਿਆ।

ਸਖ਼ਤ ਸਤਾਹਟ

ਇਨ੍ਹਾਂ ਸਾਬਕਾ ਕਮਿਊਨਿਸਟਾਂ ਨੂੰ ਮਿਲਣ ਤੋਂ ਕੁਝ ਸਮੇਂ ਬਾਅਦ ਹੀ ਦੋ ਪੁਲਸੀਏ ਉਸ ਘਰ ਵਿਚ ਜ਼ਬਰਦਸਤੀ ਘੁਸ ਆਏ ਜਿੱਥੇ ਅਸੀਂ ਸਭਾ ਕਰ ਰਹੇ ਸਾਂ। ਉਨ੍ਹਾਂ ਨੇ ਬੰਦੂਕ ਦੀ ਨੋਕ ਤੇ ਮੇਰੇ ਨਾਲ ਤਿੰਨ ਹੋਰ ਗਵਾਹਾਂ ਨੂੰ ਗਿਰਫ਼ਤਾਰ ਕਰ ਲਿਆ ਅਤੇ ਪੁਲਸ ਸਟੇਸ਼ਨ ਲੈ ਗਏ। ਉੱਥੇ ਪੁਲਸ ਲੈਫਟੀਨੈਂਟ, ਜਿਸ ਦੇ ਗ੍ਰੀਕ ਆਰਥੋਡਾਕਸ ਪਾਦਰੀ ਨਾਲ ਗੂੜ੍ਹੇ ਸੰਬੰਧ ਸਨ, ਨੇ ਸਾਡੀ ਚੰਗੀ ਝਾੜ-ਝੰਬ ਕੀਤੀ। ਅੰਤ ਵਿਚ ਉਸ ਨੇ ਕਿਹਾ, “ਮੈਂ ਹੁਣ ਤੁਹਾਡੇ ਨਾਲ ਕੀ ਕਰਾਂ?”

ਸਾਡੇ ਪਿੱਛੇ ਖੜ੍ਹੇ ਕਈ ਪੁਲਸੀਆਂ ਨੇ ਇਕਸੁਰ ਹੁੰਦੇ ਹੋਏ ਉੱਚੀ ਆਵਾਜ਼ ਨਾਲ ਕਿਹਾ, “ਆਓ ਇਨ੍ਹਾਂ ਨੂੰ ਚੰਗਾ ਕੁੱਟੀਏ!”

ਉਸ ਵੇਲੇ ਬਹੁਤ ਰਾਤ ਹੋ ਚੁੱਕੀ ਸੀ। ਪੁਲਸੀਆਂ ਨੇ ਸਾਨੂੰ ਤਹਿਖ਼ਾਨੇ ਵਿਚ ਬੰਦ ਕਰ ਦਿੱਤਾ ਅਤੇ ਆਪ ਨਾਲ ਦੇ ਇਕ ਸ਼ਰਾਬ ਦੇ ਠੇਕੇ ਤੇ ਚਲੇ ਗਏ। ਸ਼ਰਾਬ ਨਾਲ ਚੰਗਾ ਧੁੱਤ ਹੋ ਕੇ ਜਦੋਂ ਉਹ ਵਾਪਸ ਆਏ ਤਾਂ ਮੈਨੂੰ ਉੱਪਰ ਲੈ ਗਏ।

ਉਨ੍ਹਾਂ ਦੀ ਹਾਲਤ ਦੇਖ ਕੇ ਮੈਂ ਸਮਝ ਗਿਆ ਕਿ ਇਹ ਮੈਨੂੰ ਹੁਣ ਕਿਸੇ ਵੀ ਘੜੀ ਖ਼ਤਮ ਕਰ ਸਕਦੇ ਹਨ। ਇਸ ਲਈ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਜੋ ਕੁਝ ਵੀ ਮੈਨੂੰ ਸਹਿਣਾ ਪਵੇ, ਉਸ ਨੂੰ ਸਹਿਣ ਕਰਨ ਦੀ ਮੈਨੂੰ ਤਾਕਤ ਦੇਵੇ। ਉਨ੍ਹਾਂ ਨੇ ਲੱਕੜ ਦੇ ਡੰਡੇ ਲਏ ਤੇ ਜਿਵੇਂ ਮੈਂ ਪਹਿਲਾਂ ਦੱਸਿਆ, ਮੇਰੇ ਪੈਰਾਂ ਦੀਆਂ ਤਲੀਆਂ ਤੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਸਾਰੇ ਸਰੀਰ ਨੂੰ ਫੰਡਿਆ ਤੇ ਬਾਅਦ ਵਿਚ ਮੈਨੂੰ ਦੁਬਾਰਾ ਤਹਿਖ਼ਾਨੇ ਵਿਚ ਸੁੱਟ ਦਿੱਤਾ। ਉਸ ਤੋਂ ਬਾਅਦ ਉਹ ਦੂਸਰੇ ਸ਼ਿਕਾਰ ਨੂੰ ਲੈ ਗਏ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਸਮੇਂ ਦੌਰਾਨ, ਮੈਂ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਦੂਜੇ ਦੋ ਨੌਜਵਾਨ ਗਵਾਹਾਂ ਨੂੰ ਆਉਣ ਵਾਲੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ। ਪਰ ਪੁਲਸੀਏ ਮੈਨੂੰ ਹੀ ਦੁਬਾਰਾ ਉੱਤੇ ਲੈ ਗਏ। ਉਨ੍ਹਾਂ ਨੇ ਮੇਰੇ ਕੱਪੜੇ ਲਾਹ ਦਿੱਤੇ ਅਤੇ ਉਨ੍ਹਾਂ ਵਿੱਚੋਂ ਪੰਜਾਂ ਨੇ ਲਗਭਗ ਇਕ ਘੰਟੇ ਤਕ ਮੈਨੂੰ ਚੰਗਾ ਮਾਰਿਆ-ਕੁੱਟਿਆ ਤੇ ਮੇਰੇ ਸਿਰ ਨੂੰ ਆਪਣੇ ਫ਼ੌਜੀ ਬੂਟਾਂ ਨਾਲ ਮਿੱਧਿਆ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪੌੜੀਆਂ ਤੋਂ ਥੱਲੇ ਸੁੱਟ ਦਿੱਤਾ ਜਿੱਥੇ ਮੈਂ ਤਕਰੀਬਨ ਬਾਰਾਂ ਘੰਟੇ ਬੇਹੋਸ਼ ਰਿਹਾ।

ਅਖ਼ੀਰ ਜਦੋਂ ਸਾਨੂੰ ਰਿਹਾ ਕਰ ਦਿੱਤਾ ਗਿਆ ਤਾਂ ਪਿੰਡ ਵਿਚ ਇਕ ਪਰਿਵਾਰ ਨੇ ਸਾਨੂੰ ਰਾਤ ਕੱਟਣ ਲਈ ਆਪਣੇ ਘਰ ਸ਼ਰਨ ਦਿੱਤੀ ਅਤੇ ਸਾਡੀ ਦੇਖ-ਭਾਲ ਕੀਤੀ। ਅਗਲੇ ਦਿਨ, ਅਸੀਂ ਆਪਣੇ ਘਰ ਵੱਲ ਰਵਾਨਾ ਹੋ ਗਏ। ਅਸੀਂ ਕੁਟਾਪੇ ਤੋਂ ਇੰਨੇ ਥੱਕ-ਟੁੱਟ ਕੇ ਨਿਢਾਲ ਹੋ ਚੁੱਕੇ ਸਾਂ ਕਿ ਜਿਹੜਾ ਰਾਹ ਅਸੀਂ ਆਮ ਤੌਰ ਤੇ ਦੋ ਘੰਟਿਆਂ ਵਿਚ ਤੈਅ ਕਰਨਾ ਸੀ, ਅਸੀਂ ਉਹ ਅੱਠ ਘੰਟਿਆਂ ਵਿਚ ਤੈਅ ਕੀਤਾ। ਮੇਰਾ ਸਰੀਰ ਇੰਨਾ ਸੁੱਜ ਚੁੱਕਾ ਸੀ ਕਿ ਮਾਰੀਆਨਥੀ ਨੇ ਬੜੀ ਮੁਸ਼ਕਲ ਨਾਲ ਮੈਨੂੰ ਪਛਾਣਿਆ।

ਵਿਰੋਧ ਦੇ ਬਾਵਜੂਦ ਵਾਧਾ

ਸੰਨ 1949 ਵਿਚ, ਜਦੋਂ ਘਰੇਲੂ ਯੁੱਧ ਅਜੇ ਚੱਲ ਹੀ ਰਿਹਾ ਸੀ, ਅਸੀਂ ਥੈਸਾਲਾਨੀਕੀ ਚਲੇ ਗਏ। ਇਸ ਸ਼ਹਿਰ ਦੀਆਂ ਚਾਰ ਕਲੀਸਿਯਾਵਾਂ ਵਿੱਚੋਂ ਇਕ ਵਿਚ ਮੈਨੂੰ ਸਹਾਇਕ ਕੌਂਗ੍ਰੀਗੇਸ਼ਨ ਸਰਵੈਂਟ ਵਜੋਂ ਨਿਯੁਕਤ ਕੀਤਾ ਗਿਆ। ਇਕ ਸਾਲ ਬਾਅਦ ਕਲੀਸਿਯਾ ਇੰਨੀ ਵੱਡੀ ਹੋ ਗਈ ਕਿ ਸਾਨੂੰ ਇਕ ਹੋਰ ਨਵੀਂ ਕਲੀਸਿਯਾ ਬਣਾਉਣੀ ਪਈ ਜਿਸ ਵਿਚ ਮੈਨੂੰ ਕੌਂਗ੍ਰੀਗੇਸ਼ਨ ਸਰਵੈਂਟ ਜਾਂ ਪ੍ਰਧਾਨ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ। ਇਕ ਸਾਲ ਬਾਅਦ ਇਸ ਨਵੀਂ ਕਲੀਸਿਯਾ ਵਿਚ ਪ੍ਰਕਾਸ਼ਕਾਂ ਦੀ ਗਿਣਤੀ ਵੀ ਲਗਭਗ ਦੁਗਣੀ ਹੋ ਗਈ ਜਿਸ ਕਾਰਨ ਇਕ ਹੋਰ ਕਲੀਸਿਯਾ ਬਣਾਉਣੀ ਪਈ!

ਥੈਸਾਲਾਨੀਕੀ ਵਿਚ ਯਹੋਵਾਹ ਦੇ ਗਵਾਹਾਂ ਦੀ ਵਧਦੀ ਹੋਈ ਗਿਣਤੀ ਨੂੰ ਦੇਖ ਕੇ ਵਿਰੋਧੀਆਂ ਨੂੰ ਗੁੱਸਾ ਚੜ੍ਹ ਗਿਆ। ਇਕ ਦਿਨ ਸੰਨ 1952 ਵਿਚ ਜਦੋਂ ਮੈਂ ਕੰਮ ਤੋਂ ਵਾਪਸ ਘਰ ਪਰਤਿਆ, ਤਾਂ ਮੈਂ ਦੇਖਿਆ ਕਿ ਮੇਰਾ ਘਰ ਸੜ ਕੇ ਸੁਆਹ ਹੋ ਚੁੱਕਾ ਸੀ। ਮਾਰੀਆਨਥੀ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਉਸ ਰਾਤ ਸਭਾ ਵਿਚ ਸਾਨੂੰ ਦੱਸਣਾ ਪਿਆ ਕਿ ਅਸੀਂ ਗੰਦੇ-ਮੰਦੇ ਕੱਪੜਿਆਂ ਵਿਚ ਕਿਉਂ ਸੀ—ਸਾਡਾ ਸਭ ਕੁਝ ਬਰਬਾਦ ਹੋ ਚੁੱਕਾ ਸੀ। ਸਾਡੇ ਮਸੀਹੀ ਭੈਣ-ਭਰਾ ਬਹੁਤ ਹੀ ਹਮਦਰਦ ਅਤੇ ਮਦਦਗਾਰ ਸਾਬਤ ਹੋਏ।

ਸੰਨ 1961 ਵਿਚ, ਮੈਨੂੰ ਹਰ ਹਫ਼ਤੇ ਇਕ ਦੂਸਰੀ ਕਲੀਸਿਯਾ ਵਿਚ ਜਾ ਕੇ ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਸਫ਼ਰੀ ਕਾਰਜ ਵਾਸਤੇ ਨਿਯੁਕਤ ਕੀਤਾ ਗਿਆ। ਅਗਲੇ 27 ਸਾਲਾਂ ਤਕ, ਮੈਂ ਅਤੇ ਮਾਰੀਆਨਥੀ ਨੇ ਮੈਸੀਡੋਨੀਆ, ਥਰੇਸ ਅਤੇ ਥੈਸਲੀ ਦੇ ਸਰਕਟਾਂ ਅਤੇ ਜ਼ਿਲ੍ਹਿਆਂ ਦਾ ਦੌਰਾ ਕੀਤਾ। ਭਾਵੇਂ ਸੰਨ 1948 ਤੋਂ ਮੇਰੀ ਪਿਆਰੀ ਮਾਰੀਆਨਥੀ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਚੁੱਕੀ ਸੀ, ਪਰ ਉਹ ਨਿਹਚਾ ਦੀਆਂ ਬਹੁਤ ਸਾਰੀਆਂ ਅਜ਼ਮਾਇਸ਼ਾਂ ਸਹਿਣ ਕਰਦੇ ਹੋਏ ਮੇਰੇ ਨਾਲ ਬੜੀ ਦਲੇਰੀ ਨਾਲ ਸੇਵਾ ਕਰਦੀ ਰਹੀ। ਉਸ ਨੂੰ ਵੀ ਕਈ ਵਾਰ ਗਿਰਫ਼ਤਾਰ ਕੀਤਾ ਗਿਆ, ਉਸ ਵਿਰੁੱਧ ਕਈ ਮੁਕੱਦਮੇ ਵੀ ਚੱਲੇ ਅਤੇ ਕਈ ਵਾਰ ਉਹ ਜੇਲ੍ਹ ਵੀ ਗਈ। ਬਾਅਦ ਵਿਚ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਅਖ਼ੀਰ ਕੈਂਸਰ ਦੀ ਇਕ ਲੰਬੀ ਲੜਾਈ ਲੜਨ ਤੋਂ ਬਾਅਦ ਸੰਨ 1988 ਵਿਚ ਉਸ ਦੀ ਮੌਤ ਹੋ ਗਈ।

ਉਸੇ ਹੀ ਸਾਲ, ਮੈਨੂੰ ਥੈਸਾਲਾਨੀਕੀ ਵਿਚ ਵਿਸ਼ੇਸ਼ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ। ਅੱਜ, ਯਹੋਵਾਹ ਦੀ 56 ਤੋਂ ਵੀ ਵੱਧ ਸਾਲਾਂ ਤਕ ਸੇਵਾ ਕਰਨ ਤੋਂ ਬਾਅਦ, ਮੈਂ ਹੁਣ ਵੀ ਸਖ਼ਤ ਮਿਹਨਤ ਕਰ ਸਕਦਾ ਹਾਂ ਅਤੇ ਹਰ ਤਰੀਕੇ ਨਾਲ ਸੇਵਕਾਈ ਵਿਚ ਹਿੱਸਾ ਲੈ ਸਕਦਾ ਹਾਂ। ਕਦੀ-ਕਦੀ, ਮੈਂ ਹਰ ਹਫ਼ਤੇ 20 ਤੋਂ ਵੀ ਵੱਧ ਬਾਈਬਲ ਅਧਿਐਨ ਕਰਵਾਏ ਹਨ।

ਮੈਂ ਇਸ ਗੱਲ ਨੂੰ ਸਮਝਿਆ ਹੈ ਕਿ ਅਸੀਂ ਅਸਲ ਵਿਚ ਇਕ ਮਹਾਨ ਸਿੱਖਿਆ ਪ੍ਰੋਗ੍ਰਾਮ ਦੀ ਸ਼ੁਰੂਆਤ ਵਿਚ ਹਾਂ ਜਿਹੜਾ ਕਿ ਯਹੋਵਾਹ ਦੇ ਨਵੇਂ ਸੰਸਾਰ ਵਿਚ ਅਤੇ ਹਜ਼ਾਰ ਵਰ੍ਹੇ ਤਕ ਜਾਰੀ ਰਹੇਗਾ। ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਢਿੱਲੇ-ਮੱਠੇ ਪੈਣ ਦਾ ਅਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਸਮਾਂ ਬਰਬਾਦ ਕਰਨ ਦਾ ਵੇਲਾ ਨਹੀਂ ਹੈ। ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਵਾਅਦਾ ਮੈਂ ਉਸ ਨਾਲ ਸ਼ੁਰੂਆਤ ਵਿਚ ਕੀਤਾ ਸੀ, ਉਸ ਨੂੰ ਪੂਰਾ ਕਰਨ ਵਿਚ ਉਸ ਨੇ ਮੇਰੀ ਮਦਦ ਕੀਤੀ ਹੈ, ਕਿਉਂਕਿ ਸੱਚ-ਮੁੱਚ ਹੀ ਯਹੋਵਾਹ ਸਾਡੀ ਪੂਰੀ ਭਗਤੀ ਅਤੇ ਸੇਵਾ ਲੈਣ ਦੇ ਯੋਗ ਹੈ।

[ਸਫ਼ੇ 24 ਉੱਤੇ ਤਸਵੀਰ]

ਸਾਡੇ ਪ੍ਰਚਾਰ ਕੰਮ ਦੀ ਪਾਬੰਦੀ ਦੌਰਾਨ ਭਾਸ਼ਣ ਦਿੰਦੇ ਹੋਏ

[ਸਫ਼ੇ 25 ਉੱਤੇ ਤਸਵੀਰ]

ਆਪਣੀ ਪਤਨੀ ਮਾਰੀਆਨਥੀ ਨਾਲ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ