ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 9/1 ਸਫ਼ੇ 30-31
  • ਮਰਿਯਮ “ਚੰਗਾ ਹਿੱਸਾ” ਪਸੰਦ ਕਰਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਰਿਯਮ “ਚੰਗਾ ਹਿੱਸਾ” ਪਸੰਦ ਕਰਦੀ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਦੇ ਚਰਨਾਂ ਕੋਲ ਬਹਿ ਕੇ ਸਿੱਖਣਾ
  • ਸਾਡੇ ਲਈ ਸਬਕ
  • “ਮੈਨੂੰ ਵਿਸ਼ਵਾਸ ਹੈ”
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • “ਮੈਂ ਪਰਤੀਤ ਕੀਤੀ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਮਾਰਥਾ ਨੂੰ ਸਲਾਹ, ਅਤੇ ਪ੍ਰਾਰਥਨਾ ਬਾਰੇ ਹਿਦਾਇਤ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 9/1 ਸਫ਼ੇ 30-31

ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ

ਮਰਿਯਮ “ਚੰਗਾ ਹਿੱਸਾ” ਪਸੰਦ ਕਰਦੀ ਹੈ

ਯਿਸੂ ਦੇ ਦਿਨਾਂ ਵਿਚ, ਰੱਬੀਆਂ ਦੀਆਂ ਰੀਤਾਂ ਕਰਕੇ ਯਹੂਦੀ ਤੀਵੀਆਂ ਉੱਤੇ ਬਹੁਤ ਸਾਰੀਆਂ ਬੰਦਸ਼ਾਂ ਲੱਗੀਆਂ ਹੋਈਆਂ ਸਨ। ਇਸ ਲਈ, ਉਨ੍ਹਾਂ ਨੂੰ ਬਿਵਸਥਾ ਦਾ ਅਧਿਐਨ ਕਰਨ ਤੋਂ ਵਰਜਿਆ ਜਾਂਦਾ ਸੀ। ਅਸਲ ਵਿਚ, ਮਿਸ਼ਨਾ ਵਿਚ ਲਿਖੀ ਇਕ ਰਾਇ ਅਨੁਸਾਰ, “ਜੇਕਰ ਕੋਈ ਮਨੁੱਖ ਆਪਣੀ ਧੀ ਨੂੰ ਬਿਵਸਥਾ ਦਾ ਗਿਆਨ ਦਿੰਦਾ ਹੈ ਤਾਂ ਇਕ ਤਰ੍ਹਾਂ ਨਾਲ ਉਹ ਉਸ ਨੂੰ ਲੁੱਚਪੁਣਾ ਸਿਖਾਉਂਦਾ ਹੈ।”—ਸੋਤਾਹ 3:4.

ਇਸੇ ਲਈ, ਪਹਿਲੀ ਸਦੀ ਵਿਚ ਯਹੂਦਿਯਾ ਦੀਆਂ ਬਹੁਤ ਸਾਰੀਆਂ ਤੀਵੀਆਂ ਜ਼ਿਆਦਾ ਪੜ੍ਹੀਆਂ-ਲਿਖੀਆਂ ਨਹੀਂ ਸਨ। ਦੀ ਐਂਕਰ ਬਾਈਬਲ ਡਿਕਸ਼ਨਰੀ ਦੱਸਦੀ ਹੈ: “ਇਸ ਦਾ ਕੋਈ ਸਬੂਤ ਨਹੀਂ ਹੈ ਕਿ ਯਿਸੂ ਦੀ ਸੇਵਕਾਈ ਤੋਂ ਪਹਿਲਾਂ ਯਹੂਦੀ ਤੀਵੀਆਂ ਨੂੰ ਕਿਸੇ ਮਹਾਨ ਗੁਰੂ ਦੀਆਂ ਚੇਲੀਆਂ ਬਣਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਅਤੇ ਅਜਿਹੇ ਗੁਰੂ ਨਾਲ ਸਫ਼ਰ ਕਰਨ ਜਾਂ ਬੱਚਿਆਂ ਤੋਂ ਇਲਾਵਾ ਦੂਸਰਿਆਂ ਨੂੰ ਸਿਖਾਉਣ ਦੀ ਤਾਂ ਗੱਲ ਹੀ ਛੱਡੋ।” ਕੁਝ ਧਾਰਮਿਕ ਆਗੂਆਂ ਨੇ ਇਹ ਨਿਯਮ ਬਣਾ ਕੇ ਤੀਵੀਆਂ ਦਾ ਹੋਰ ਵੀ ਅਪਮਾਨ ਕੀਤਾ ਕਿ ਆਦਮੀਆਂ ਨੂੰ ਖੁੱਲ੍ਹੇ-ਆਮ ਤੀਵੀਆਂ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ!

ਯਿਸੂ ਨੇ ਅਜਿਹੇ ਅਧਰਮੀ ਰਵੱਈਏ ਦੀ ਬਿਲਕੁਲ ਪਰਵਾਹ ਨਾ ਕੀਤੀ। ਉਸ ਨੇ ਆਦਮੀਆਂ ਅਤੇ ਤੀਵੀਆਂ ਦੋਹਾਂ ਨੂੰ ਸਿੱਖਿਆ ਦਿੱਤੀ ਅਤੇ ਉਸ ਦੇ ਚੇਲਿਆਂ ਵਿਚ ਆਦਮੀ-ਔਰਤਾਂ ਦੋਵੇਂ ਹੀ ਸ਼ਾਮਲ ਸਨ। (ਲੂਕਾ 8:1-3) ਇਕ ਮੌਕੇ ਤੇ, ਮਾਰਥਾ ਅਤੇ ਮਰਿਯਮ ਨੇ ਯਿਸੂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ। (ਲੂਕਾ 10:38) ਇਹ ਦੋਵੇਂ ਤੀਵੀਆਂ ਲਾਜ਼ਰ ਦੀਆਂ ਭੈਣਾਂ ਸਨ ਅਤੇ ਇਹ ਤਿੰਨੋਂ ਭੈਣ-ਭਰਾ ਯਿਸੂ ਦੇ ਚੇਲੇ ਤੇ ਨਾਲੇ ਉਸ ਦੇ ਚੰਗੇ ਮਿੱਤਰ ਵੀ ਸਨ। (ਯੂਹੰਨਾ 11:5) ਉਨ੍ਹਾਂ ਦਾ ਪਰਿਵਾਰ ਸ਼ਾਇਦ ਕਾਫ਼ੀ ਮੰਨਿਆ-ਦੰਨਿਆ ਸੀ, ਕਿਉਂਕਿ ਲਾਜ਼ਰ ਦੀ ਮੌਤ ਹੋਣ ਤੇ ਮਾਰਥਾ ਅਤੇ ਮਰਿਯਮ ਨੂੰ ਦਿਲਾਸਾ ਦੇਣ ਲਈ ਬਹੁਤ ਸਾਰੇ ਲੋਕ ਆਏ ਸਨ। ਜੋ ਵੀ ਹੋਵੇ, ਜਦੋਂ ਯਿਸੂ ਨੂੰ ਉਨ੍ਹਾਂ ਦੇ ਘਰ ਖਾਣੇ ਤੇ ਬੁਲਾਇਆ ਗਿਆ ਤਾਂ ਉੱਥੇ ਜੋ ਕੁਝ ਵੀ ਵਾਪਰਿਆ, ਉਸ ਤੋਂ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਸਾਨੂੰ ਵੀ ਇਕ ਮਹੱਤਵਪੂਰਣ ਸਬਕ ਸਿੱਖਣ ਨੂੰ ਮਿਲਦਾ ਹੈ।

ਯਿਸੂ ਦੇ ਚਰਨਾਂ ਕੋਲ ਬਹਿ ਕੇ ਸਿੱਖਣਾ

ਬਿਨਾਂ ਕਿਸੇ ਸ਼ੱਕ ਤੋਂ, ਮਾਰਥਾ ਅਤੇ ਮਰਿਯਮ ਯਿਸੂ ਨੂੰ ਇਕ ਸ਼ਾਨਦਾਰ ਦਾਅਵਤ ਦੇਣ ਲਈ ਬਹੁਤ ਹੀ ਉਤਸੁਕ ਸਨ ਤੇ ਨਾਲੇ ਸ਼ਾਇਦ ਉਹ ਇੰਨਾ ਕਰ ਵੀ ਸਕਦੀਆਂ ਸਨ। (ਯੂਹੰਨਾ 12:1-3 ਦੀ ਤੁਲਨਾ ਕਰੋ।) ਪਰ ਜਦੋਂ ਯਿਸੂ ਆਇਆ ਤਾਂ ਮਰਿਯਮ “ਪ੍ਰਭੁ ਦੇ ਚਰਨਾਂ ਕੋਲ ਬੈਠ ਕੇ ਉਹ ਦਾ ਬਚਨ” ਸੁਣਨ ਲੱਗੀ। (ਲੂਕਾ 10:39) ਯਿਸੂ ਨੂੰ ਅਜਿਹੀ ਸੁਹਿਰਦ ਤੀਵੀਂ ਨੂੰ ਸਿਖਾਉਣ ਤੋਂ ਮਨੁੱਖਾਂ ਦੀ ਕੋਈ ਵੀ ਰੀਤ ਰੋਕ ਨਾ ਸਕੀ, ਜਿਹੜੀ ਸਿੱਖਣ ਲਈ ਇੰਨੀ ਉਤਾਵਲੀ ਸੀ! ਅਸੀਂ ਉਸ ਦ੍ਰਿਸ਼ ਦੀ ਕਲਪਨਾ ਕਰ ਸਕਦੇ ਹਾਂ ਕਿ ਕਿਵੇਂ ਮਰਿਯਮ ਯਿਸੂ ਦੇ ਸਾਮ੍ਹਣੇ ਬੈਠ ਕੇ ਉਸ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਨਾਲ ਸੁਣ ਰਹੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਇਕ ਚੇਲਾ ਆਪਣੇ ਗੁਰੂ ਕੋਲੋਂ ਸਿੱਖਦਾ ਹੈ।—ਬਿਵਸਥਾ ਸਾਰ 33:3; ਰਸੂਲਾਂ ਦੇ ਕਰਤੱਬ 22:3 ਦੀ ਤੁਲਨਾ ਕਰੋ।

ਮਰਿਯਮ ਤੋਂ ਉਲਟ, ਮਾਰਥਾ “ਵੱਡੀ ਟਹਿਲ ਤੋਂ ਘਬਰਾ ਗਈ।” ਇਕ ਵੱਡਾ ਭੋਜ ਤਿਆਰ ਕਰਨ ਕਰਕੇ ਉਸ ਨੂੰ ਢੇਰ ਸਾਰਾ ਕੰਮ ਕਰਨਾ ਪੈ ਰਿਹਾ ਸੀ। ਛੇਤੀ ਹੀ ਮਾਰਥਾ ਇਹ ਸੋਚ ਕੇ ਪਰੇਸ਼ਾਨ ਹੋ ਗਈ ਕਿ ਉਸ ਇਕੱਲੀ ਨੂੰ ਹੀ ਢੇਰ ਸਾਰਾ ਕੰਮ ਕਰਨਾ ਪੈ ਰਿਹਾ ਹੈ ਜਦ ਕਿ ਉਸ ਦੀ ਭੈਣ ਯਿਸੂ ਦੇ ਚਰਨਾਂ ਵਿਚ ਬੈਠੀ ਹੋਈ ਹੈ! ਇਸੇ ਲਈ ਮਾਰਥਾ ਨੇ ਮਰਿਯਮ ਤੇ ਯਿਸੂ ਦੀ ਗੱਲ ਨੂੰ ਵਿੱਚੋਂ ਹੀ ਟੋਕਦੇ ਹੋਏ ਤੇ ਸ਼ਾਇਦ ਰੁੱਖੇ ਜਿਹੇ ਲਹਿਜੇ ਵਿਚ ਕਿਹਾ: “ਪ੍ਰਭੁ ਜੀ ਤੈਨੂੰ ਕੁਝ ਚਿੰਤਾ ਨਹੀਂ ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ ਕੱਲੀ ਹੀ ਛੱਡਿਆ ਹੈ? ਸੋ ਉਹ ਨੂੰ ਕਹੁ ਕਿ ਮੇਰੀ ਮੱਦਤ ਕਰੇ।”—ਲੂਕਾ 10:40.

ਦੇਖਿਆ ਜਾਵੇ ਤਾਂ ਮਾਰਥਾ ਦੀ ਇਹ ਮੰਗ ਗ਼ਲਤ ਨਹੀਂ ਸੀ। ਆਖ਼ਰ, ਇਕ ਵੱਡੇ ਇਕੱਠ ਲਈ ਭੋਜਨ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਅਤੇ ਇਸ ਦਾ ਸਾਰਾ ਬੋਝ ਕਿਸੇ ਇਕ ਵਿਅਕਤੀ ਉੱਤੇ ਹੀ ਨਹੀਂ ਹੋਣਾ ਚਾਹੀਦਾ। ਪਰ ਯਿਸੂ ਨੇ ਦੇਖਿਆ ਕਿ ਉਸ ਦੀ ਗੱਲ ਤੋਂ ਇਕ ਮਹੱਤਵਪੂਰਣ ਸਬਕ ਸਿਖਾਇਆ ਜਾ ਸਕਦਾ ਹੈ। ਇਸ ਲਈ ਉਸ ਨੇ ਕਿਹਾ: “ਮਾਰਥਾ ਮਾਰਥਾ, ਤੂੰ ਬਹੁਤੀਆਂ ਵਸਤਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ। ਪਰ ਇੱਕ ਗੱਲ ਦੀ ਲੋੜ ਹੈ। ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”—ਲੂਕਾ 10:41, 42.

ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਮਾਰਥਾ ਨੂੰ ਅਧਿਆਤਮਿਕ ਗੱਲਾਂ ਵਿਚ ਕੋਈ ਰੁਚੀ ਨਹੀਂ ਸੀ। ਇਸ ਤੋਂ ਉਲਟ, ਉਹ ਜਾਣਦਾ ਸੀ ਕਿ ਉਹ ਡੂੰਘੀ ਪਰਮੇਸ਼ੁਰੀ ਸ਼ਰਧਾ ਰੱਖਣ ਵਾਲੀ ਤੀਵੀਂ ਸੀ।a ਯਕੀਨਨ ਇਸੇ ਕਰਕੇ ਹੀ ਤਾਂ ਉਸ ਨੇ ਯਿਸੂ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਸੀ। ਪਰ, ਆਪਣੀ ਪ੍ਰੇਮਮਈ ਤਾੜਨਾ ਦੁਆਰਾ ਯਿਸੂ ਇਹ ਕਹਿ ਰਿਹਾ ਸੀ ਕਿ ਮਾਰਥਾ ਭੋਜਨ ਪ੍ਰਤੀ ਜ਼ਿਆਦਾ ਚਿੰਤਾਤੁਰ ਹੋਣ ਕਰਕੇ, ਪਰਮੇਸ਼ੁਰ ਦੇ ਪੁੱਤਰ ਕੋਲੋਂ ਨਿੱਜੀ ਤੌਰ ਤੇ ਸਿੱਖਿਆ ਲੈਣ ਦਾ ਇਕ ਖ਼ਾਸ ਮੌਕਾ ਆਪਣੇ ਹੱਥੋਂ ਗੁਆ ਰਹੀ ਸੀ।

ਸ਼ਾਇਦ ਉਸ ਸਮੇਂ ਦਾ ਸਭਿਆਚਾਰ ਇਸ ਗੱਲ ਦੀ ਹਿਮਾਇਤ ਕਰਦਾ ਹੋਵੇ ਕਿ ਔਰਤ ਦੀ ਕੀਮਤ ਘਰੇਲੂ ਕੰਮਾਂ-ਕਾਰਾਂ ਵਿਚ ਉਸ ਦੀ ਲਿਆਕਤ ਤੋਂ ਹੀ ਸਾਬਤ ਹੁੰਦੀ ਹੈ। ਪਰ ਯਿਸੂ ਦੇ ਸ਼ਬਦ ਦਿਖਾਉਂਦੇ ਹਨ ਕਿ ਤੀਵੀਆਂ ਵੀ ਆਦਮੀਆਂ ਵਾਂਗ ਪਰਮੇਸ਼ੁਰ ਦੇ ਪੁੱਤਰ ਦੇ ਚਰਨਾਂ ਕੋਲ ਬਹਿ ਕੇ ਜੀਵਨਦਾਇਕ ਬਚਨ ਸੁਣ ਸਕਦੀਆਂ ਹਨ! (ਯੂਹੰਨਾ 4:7-15; ਰਸੂਲਾਂ ਦੇ ਕਰਤੱਬ 5:14) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਹ ਚੰਗਾ ਹੁੰਦਾ ਕਿ ਮਾਰਥਾ ਕੁਝ ਕੁ ਪਕਵਾਨ ਹੀ ਬਣਾਉਂਦੀ—ਜਾਂ ਸਿਰਫ਼ ਇਕ ਹੀ—ਤਾਂਕਿ ਉਸ ਨੂੰ ਗੁਰੂ ਦੇ ਚਰਨਾਂ ਕੋਲ ਬੈਠਣ ਅਤੇ ਉਸ ਕੋਲੋਂ ਸਿੱਖਣ ਦਾ ਮੌਕਾ ਮਿਲਦਾ।—ਮੱਤੀ 6:25 ਦੀ ਤੁਲਨਾ ਕਰੋ।

ਸਾਡੇ ਲਈ ਸਬਕ

ਅੱਜ, ਆਦਮੀ ਅਤੇ ਤੀਵੀਆਂ ਦੋਵੇਂ ਹੀ ਯਿਸੂ ਵੱਲੋਂ ਦਿੱਤੇ ਗਏ “ਅੰਮ੍ਰਿਤ ਜਲ ਮੁਖਤ” ਲੈਣ ਦੇ ਸੱਦੇ ਨੂੰ ਸਵੀਕਾਰ ਕਰਦੇ ਪਾਏ ਜਾਂਦੇ ਹਨ। (ਪਰਕਾਸ਼ ਦੀ ਪੋਥੀ 22:17) ਪਿਆਰ ਤੋਂ ਪ੍ਰੇਰਿਤ ਹੋ ਕੇ ਕੁਝ—ਮਾਰਥਾ ਵਾਂਗ—ਆਪਣੇ ਸੰਗੀ ਵਿਸ਼ਵਾਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਉਹ ਦੂਜਿਆਂ ਦੀਆਂ ਲੋੜਾਂ ਨੂੰ ਸਮਝ ਕੇ ਢੁਕਵੀਂ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਤੇ ਯਹੋਵਾਹ ਵੀ ਉਨ੍ਹਾਂ ਦੇ ਪਿਆਰ ਦੇ ਕੰਮਾਂ ਦਾ ਫਲ ਦੇਣ ਦਾ ਵਾਅਦਾ ਕਰਦਾ ਹੈ। (ਇਬਰਾਨੀਆਂ 6:10; 13:16) ਦੂਸਰੇ ਸ਼ਾਇਦ ਮਰਿਯਮ ਵਰਗੇ ਹੋਣ। ਉਹ ਬੜੇ ਸ਼ਾਂਤ ਅਤੇ ਵਿਚਾਰਸ਼ੀਲ ਹਨ। ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨ ਦੀ ਉਨ੍ਹਾਂ ਦੀ ਉਤਸੁਕਤਾ, ਨਿਹਚਾ ਵਿਚ ਮਜ਼ਬੂਤ ਬਣੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ।—ਅਫ਼ਸੀਆਂ 3:17-19.

ਦੋਵੇਂ ਤਰ੍ਹਾਂ ਦੇ ਲੋਕ ਮਸੀਹੀ ਕਲੀਸਿਯਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਅੰਤ ਵਿਚ, ਸਾਨੂੰ ਸਾਰਿਆਂ ਨੂੰ ਖ਼ਾਸ ਤੌਰ ਤੇ ਅਧਿਆਤਮਿਕ ਗੱਲਾਂ ਨੂੰ ਪਹਿਲ ਦੇ ਕੇ ‘ਚੰਗਾ ਹਿੱਸਾ’ ਚੁਣਨਾ ਚਾਹੀਦਾ ਹੈ, ਕਿਉਂਕਿ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਨ ਨਾਲ ਅਸੀਂ ਯਹੋਵਾਹ ਦੀ ਕਿਰਪਾ ਅਤੇ ਅਸੀਸ ਪ੍ਰਾਪਤ ਕਰਾਂਗੇ।—ਫ਼ਿਲਿੱਪੀਆਂ 1:9-11.

[ਫੁਟਨੋਟ]

a ਮਾਰਥਾ ਵੱਡੀ ਨਿਹਚਾ ਰੱਖਣ ਵਾਲੀ ਇਕ ਅਧਿਆਤਮਿਕ ਤੀਵੀਂ ਸੀ, ਇਸ ਦਾ ਸਬੂਤ ਉਸ ਦੇ ਭਰਾ ਲਾਜ਼ਰ ਦੀ ਮੌਤ ਤੋਂ ਬਾਅਦ ਯਿਸੂ ਨਾਲ ਹੋਈ ਉਸ ਦੀ ਗੱਲ-ਬਾਤ ਤੋਂ ਮਿਲਦਾ ਹੈ। ਉਸ ਮੌਕੇ ਤੇ ਮਾਰਥਾ ਨੇ ਆਪਣੇ ਗੁਰੂ ਨੂੰ ਮਿਲਣ ਲਈ ਮਰਿਯਮ ਨਾਲੋਂ ਜ਼ਿਆਦਾ ਉਤਸੁਕਤਾ ਦਿਖਾਈ ਸੀ।—ਯੂਹੰਨਾ 11:19-29.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ