ਲੰਬੀ ਉਮਰ ਲਈ ਖੋਜ ਕਿਵੇਂ ਸਫ਼ਲ ਹੋ ਸਕਦੀ ਹੈ?
ਕੁਝ ਲੋਕ ਇਹ ਉਮੀਦ ਰੱਖਦੇ ਹਨ ਕਿ ਹਜ਼ਾਰ ਵਰ੍ਹਿਆਂ ਦੇ ਨਵੇਂ ਯੁਗ ਵਿਚ ਇਨਸਾਨ ਦੀ ਉਮਰ ਦੀ ਲੰਬਾਈ ਬਾਰੇ ਕਾਫ਼ੀ ਤਰੱਕੀ ਕੀਤੀ ਜਾਵੇਗੀ। ਅਜਿਹੀ ਉਮੀਦ ਰੱਖਣ ਵਾਲਾ ਇਕ ਬੰਦਾ ਹੈ ਡਾ. ਰੌਨਲਡ ਕਲੈਟਜ਼। ਉਹ ਬੁਢਾਪੇ-ਵਿਰੁੱਧ ਡਾਕਟਰੀ ਦੀ ਅਮਰੀਕਨ ਅਕੈਡਮੀ ਦਾ ਪ੍ਰਧਾਨ ਹੈ। ਇਸ ਸੰਸਥਾ ਵਿਚ ਅਜਿਹੇ ਡਾਕਟਰ ਅਤੇ ਵਿਗਿਆਨੀ ਹਨ ਜੋ ਇਨਸਾਨ ਦੀ ਉਮਰ ਵਧਾਉਣ ਲਈ ਮਿਹਨਤ ਕਰ ਰਹੇ ਹਨ। ਇਸ ਡਾਕਟਰ ਅਤੇ ਉਸ ਦੇ ਸਾਥੀਆਂ ਨੇ ਖ਼ੁਦ ਬਹੁਤ ਲੰਬੀ ਉਮਰ ਬਤੀਤ ਕਰਨ ਦੀ ਯੋਜਨਾ ਬਣਾਈ ਹੈ। “ਮੈਂ ਘੱਟ ਤੋਂ ਘੱਟ 130 ਸਾਲਾਂ ਦੀ ਉਮਰ ਦੀ ਉਮੀਦ ਰੱਖਦਾ ਹਾਂ,” ਡਾ. ਕਲੈਟਜ਼ ਕਹਿੰਦਾ ਹੈ। “ਸਾਨੂੰ ਯਕੀਨ ਹੈ ਕਿ ਬੁੱਢੇ ਹੋਣਾ ਜ਼ਰੂਰੀ ਨਹੀਂ ਹੈ। ਹੁਣ ਅਜਿਹੀ ਤਕਨਾਲੋਜੀ ਉਪਲਬਧ ਹੈ ਜੋ ਬੁਢਾਪੇ ਨਾਲ ਸੰਬੰਧਿਤ ਸਰੀਰਕ ਕਮਜ਼ੋਰੀ ਅਤੇ ਬੀਮਾਰੀ ਨੂੰ ਘਟਾ ਜਾਂ ਸ਼ਾਇਦ ਰੋਕ ਵੀ ਸਕਦੀ ਹੈ।” ਆਪਣੀ ਉਮਰ ਲੰਬੀ ਕਰਨ ਲਈ ਡਾ. ਕਲੈਟਜ਼ ਰੋਜ਼ ਤਕਰੀਬਨ 60 ਗੋਲੀਆਂ ਖਾਂਧਾ ਹੈ।
ਕੀ ਹਾਰਮੋਨਜ਼ ਅਤੇ ਜਨੈਟਿਕਸ ਤੋਂ ਉਮੀਦ ਰੱਖੀ ਜਾ ਸਕਦਾ ਹੈ?
ਹਾਰਮੋਨਜ਼ ਦਾ ਖੇਤਰ ਕੁਝ ਉਮੀਦ ਦਿੰਦਾ ਹੈ। ਲੈਬਾਰਟਰੀ ਵਿਚ ਡੀ. ਐੱਚ. ਈ. ਏ. ਨਾਂ ਦੇ ਹਾਰਮੋਨਜ਼ ਦੁਆਰਾ ਕੀਤੇ ਗਏ ਪਸ਼ੂਆਂ ਉੱਤੇ ਤਜਰਬਿਆਂ ਤੋਂ ਇਵੇਂ ਜਾਪਦਾ ਹੈ ਕਿ ਇਹ ਦਿੱਤੇ ਜਾਣ ਤੋਂ ਬਾਅਦ, ਪਸ਼ੂ ਪਹਿਲਾਂ ਨਾਲੋਂ ਹੌਲੀ ਬੁੱਢੇ ਹੁੰਦੇ ਸਨ।
ਰੋਜ਼ਾਨਾ ਛਪਣ ਵਾਲੀ ਸਵੀਡਿਸ਼ ਅਖ਼ਬਾਰ ਆਫ਼ਟੌਨਬਲਾਡੈੱਟ ਅਨੁਸਾਰ, ਡੈਨਮਾਰਕ ਵਿਚ ਆਰਹੱਸ ਯੂਨੀਵਰਸਿਟੀ ਦੇ ਡਾ. ਸੂਰੇਸ਼ ਰਤਨ ਨੇ ਕਾਇਨਟਿਨ ਹਾਰਮੋਨ ਬਾਰੇ ਕਿਹਾ ਕਿ “ਸਾਡੀ ਲੈਬਾਰਟਰੀ ਵਿਚ ਟੈੱਸਟ ਦਿਖਾਉਂਦੇ ਹਨ ਕਿ ਕਾਇਨਟਿਨ ਵਿਚ ਉਗਾਏ ਗਏ ਮਨੁੱਖੀ ਚਮੜੀ ਦੇ ਸੈੱਲ ਕੁਦਰਤੀ ਤੌਰ ਤੇ ਬੁੱਢੇ ਨਹੀਂ ਹੁੰਦੇ ਹਨ। ਉਹ ਆਪਣੀ ਸਾਰੀ ਉਮਰ ਜਵਾਨ ਹੀ ਰਹਿੰਦੇ ਹਨ।” ਕਿਹਾ ਜਾਂਦਾ ਹੈ ਕਿ ਜਿਨ੍ਹਾਂ ਕੀੜਿਆਂ ਨੂੰ ਇਹ ਹਾਰਮੋਨ ਦਿੱਤਾ ਜਾਂਦਾ ਹੈ ਉਹ 30 ਤੋਂ 45 ਫੀ ਸਦੀ ਜ਼ਿਆਦਾ ਲੰਬੀ ਉਮਰ ਜੀਉਂਦੇ ਰਹਿੰਦੇ ਹਨ।
ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਮੈਲਾਟੋਨਿਨ ਹਾਰਮੋਨਜ਼ ਦੇ ਕਾਰਨ ਚੂਹਿਆਂ ਦੀ ਉਮਰ 25 ਫੀ ਸਦੀ ਤਕ ਵੱਧ ਗਈ ਹੈ। ਇਸ ਤੋਂ ਇਲਾਵਾ, ਚੂਹੇ ਜ਼ਿਆਦਾ ਜਵਾਨ, ਸਿਹਤਮੰਦ ਅਤੇ ਫੁਰਤੀਲੇ ਸਨ।
ਮਨੁੱਖ ਨੂੰ ਵਧਾਉਣ ਵਾਲੇ ਹਾਰਮੋਨਜ਼ (ਐੱਚ. ਜੀ. ਐੱਚ.) ਦੇ ਹਿਮਾਇਤੀ ਇਹ ਦਾਅਵਾ ਕਰਦੇ ਹਨ ਕਿ ਇਹ ਸੋਹਣੀ ਚਮੜੀ, ਵੱਡੇ ਡੌਲ਼ੇ, ਤੇਜ਼ ਕਾਮਨਾ, ਚੰਗਾ ਮਿਜ਼ਾਜ, ਤਿੱਖਾ ਦਿਮਾਗ਼, ਅਤੇ ਜਵਾਨਾਂ ਵਰਗਾ ਹਾਜ਼ਮਾ ਪੈਦਾ ਕਰਦੇ ਹਨ।
ਕਈ ਲੋਕ ਜਨੈਟਿਕਸ ਤੋਂ ਉਮੀਦ ਰੱਖਦੇ ਹਨ। ਵਿਗਿਆਨੀ ਇਹ ਮੰਨਦੇ ਹਨ ਕਿ ਜੀਨਾਂ ਨੂੰ ਤੋੜ-ਜੋੜ ਕੇ ਉਹ ਨੇਮਾਟੋਡ ਨਾਂ ਦੀ ਇਕ ਸੁੰਡੀ, ਜਾਂ ਗੋਲ ਕੀੜੇ ਦੀ ਉਮਰ ਵਧਾ ਸਕਦੇ ਹਨ। ਅਸਲ ਵਿਚ ਉਹ ਇਨ੍ਹਾਂ ਵਿੱਚੋਂ ਕੁਝ ਦੀ ਉਮਰ ਨੂੰ ਉਨ੍ਹਾਂ ਦੀ ਕੁਦਰਤੀ ਉਮਰ ਨਾਲੋਂ ਛੇ ਗੁਣਾਂ ਜ਼ਿਆਦਾ ਲੰਬਾ ਕਰ ਸਕੇ ਹਨ। ਇਸ ਤਜਰਬੇ ਤੋਂ ਬਾਅਦ, ਮਨੁੱਖਾਂ ਵਿਚ ਵੀ ਅਜਿਹੀਆਂ ਜੀਨਾਂ ਨੂੰ ਲੱਭ ਕੇ ਤੋੜਨ-ਜੋੜਨ ਦੀ ਆਸ ਵੱਧ ਗਈ ਹੈ। ਟਾਈਮ ਰਸਾਲੇ ਦੇ ਅਨੁਸਾਰ, ਮਾਂਟ੍ਰੀਆਲ ਵਿਖੇ ਮਗਿਲ ਯੂਨੀਵਰਸਿਟੀ ਦੇ ਡਾ. ਸੀਗਫ੍ਰੀਡ ਹੈਕੀਮੀ ਨੇ ਕਿਹਾ ਕਿ “ਜੇਕਰ ਅਸੀਂ ਉਹ ਸਾਰੀਆਂ ਜੀਨਾਂ ਲੱਭ ਲਈਏ ਜਿਨ੍ਹਾਂ ਕਰਕੇ ਸਾਡੀ ਉਮਰ ਲੰਬੀ ਜਾਂ ਛੋਟੀ ਹੁੰਦੀ ਹੈ, ਤਾਂ ਅਸੀਂ ਸ਼ਾਇਦ ਉਨ੍ਹਾਂ ਨੂੰ ਬਦਲ ਕੇ ਆਪਣੀ ਉਮਰ ਲੰਬੀ ਕਰ ਸਕੀਏ।”
ਜੀਵ-ਵਿਗਿਆਨੀਆਂ ਨੂੰ ਬਹੁਤ ਚਿਰ ਤੋਂ ਇਹ ਪਤਾ ਹੈ ਕਿ ਹਰ ਵਾਰੀ ਜਦੋਂ ਇਕ ਸੈੱਲ ਹੋਰਨਾਂ ਸੈੱਲਾਂ ਵਿਚ ਵੰਡਿਆ ਜਾਂਦਾ ਹੈ, ਤਾਂ ਕ੍ਰੋਮੋਸੋਮਜ਼ ਦਾ ਅਖ਼ੀਰਲਾ ਹਿੱਸਾ, ਜਿਸ ਨੂੰ ਟੈਲੋਮੇਰ ਕਿਹਾ ਜਾਂਦਾ ਹੈ, ਛੋਟਾ ਹੋ ਜਾਂਦਾ ਹੈ। ਜਦੋਂ ਟੈਲੋਮੇਰ ਦੀ ਲੰਬਾਈ 20 ਫੀ ਸਦੀ ਘੱਟ ਜਾਂਦੀ ਹੈ, ਸੈੱਲ ਦੀ ਵੰਡੇ ਜਾਣ ਦੀ ਯੋਗਤਾ ਖ਼ਤਮ ਹੋ ਜਾਂਦੀ ਹੈ ਅਤੇ ਉਹ ਮਰ ਜਾਂਦਾ ਹੈ। ਇਕ ਖ਼ਾਸ ਐਨਜ਼ਾਈਮ ਜਿਸ ਨੂੰ ਟੈਲੋਮਰੇਜ਼ ਸੱਦਿਆ ਜਾਂਦਾ ਹੈ, ਟੈਲੋਮੇਰ ਨੂੰ ਮੁੜ ਕੇ ਪਹਿਲਾਂ ਜਿੰਨਾ ਲੰਬਾ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਸੈੱਲ ਹੋਰਨਾਂ ਸੈੱਲਾਂ ਵਿਚ ਵੰਡਿਆ ਜਾਂਦਾ ਹੈ। ਸੈੱਲਾਂ ਵਿਚ ਜ਼ਿਆਦਾਤਰ ਇਹ ਐਨਜ਼ਾਈਮ ਦੱਬਿਆ ਹੋਇਆ ਹੁੰਦਾ ਹੈ, ਪਰ ਜਦੋਂ ਫੁਰਤੀਲਾ ਟੈਲੋਮਰੇਜ਼ ਖ਼ਾਸ ਸੈੱਲਾਂ ਵਿਚ ਪਾ ਦਿੱਤਾ ਜਾਂਦਾ ਹੈ, ਤਾਂ ਸੈੱਲ ਸਾਧਾਰਣ ਨਾਲੋਂ ਕਈ ਗੁਣਾ ਜ਼ਿਆਦਾ ਵੱਡੇ ਹੋ ਜਾਂਦੇ ਹਨ, ਨਾਲੇ ਉਹ ਵੱਧ ਜਾਂਦੇ ਹਨ।
ਖੋਜਕਾਰਾਂ ਅਨੁਸਾਰ, ਬੁਢਾਪੇ ਦੀਆਂ ਬੀਮਾਰੀਆਂ ਦਾ ਸਾਮ੍ਹਣਾ ਕਰਨ ਵਿਚ ਇਹ ਚੀਜ਼ ਹੈਰਾਨੀਜਨਕ ਸੰਭਾਵਨਾਵਾਂ ਪੇਸ਼ ਕਰਦੀ ਹੈ। ਸਰੀਰ ਦੇ ਬੁਨਿਆਦੀ ਸੈੱਲਾਂ (ਉਹ ਸੈੱਲ ਜੋ ਸਰੀਰ ਦੇ ਟਿਸ਼ੂਆਂ ਨੂੰ ਨਵਾਂ ਬਣਾਉਂਦੇ ਹਨ) ਦੀ ਥਾਂ ਤੇ ਉਨ੍ਹਾਂ ਸੈੱਲਾਂ ਨੂੰ ਲਾਉਣ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਫੁਰਤੀਲੇ ਟੈਲੋਮਰੇਜ਼ ਨਾਲ “ਅਮਰ” ਬਣਾਏ ਗਏ ਹਨ। ਡਾ. ਵਿਲਿਅਮ ਏ. ਹੈਸਲਟਾਇਨ ਕਹਿੰਦਾ ਹੈ ਕਿ “ਇਹ ਇਨਸਾਨ ਦੀ ਅਮਰਤਾ ਬਾਰੇ ਸਪੱਸ਼ਟ ਨਜ਼ਾਰਾ ਹੈ ਜੋ ਕਿ ਅਗਲੇ 50 ਸਾਲਾਂ ਵਿਚ ਹੌਲੀ-ਹੌਲੀ ਪ੍ਰਗਟ ਹੋਵੇਗਾ।”—ਦ ਨਿਊਯਾਰਕ ਟਾਈਮਜ਼.
ਕੀ ਨੈਨੋਤਕਨਾਲੋਜੀ ਅਤੇ ਕ੍ਰਾਓਨਿਕਸ ਮਦਦ ਕਰ ਸਕਦੇ ਹਨ?
ਨੈਨੋਤਕਨਾਲੋਜੀ ਤੋਂ ਵੀ ਉਮੀਦ ਰੱਖੀ ਜਾਂਦੀ ਹੈ। ਨੈਨੋਮੀਟਰ (ਇਕ ਮੀਟਰ ਦਾ ਇਕ ਅਰਬਵਾਂ ਹਿੱਸਾ) ਬਾਰੀਕ ਇੰਜੀਨੀਅਰੀ ਕਰਨ ਦਾ ਵਿਗਿਆਨ ਹੈ। ਇਸ ਵਿਸ਼ੇ ਬਾਰੇ ਪੂਰਵ-ਸੂਚਨਾ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਸੈੱਲਾਂ ਨਾਲੋਂ ਵੀ ਅਤਿ ਛੋਟੀਆਂ ਕੰਪਿਊਟਰਕ੍ਰਿਤ ਮਸ਼ੀਨਾਂ, ਬੁੱਢੇ ਸੈੱਲਾਂ, ਟਿਸ਼ੂਆਂ, ਅਤੇ ਅੰਗਾਂ ਦੀ ਮੁਰੰਮਤ ਕਰਨ ਲਈ ਭਵਿੱਖ ਵਿਚ ਬਾਰੀਕ ਕੰਮ ਕਰ ਸਕਣਗੀਆਂ। ਇਕ ਬੁਢਾਪੇ-ਵਿਰੋਧੀ ਕਾਨਫਰੰਸ ਤੇ ਇਕ ਖੋਜਕਾਰ ਨੇ ਕਿਹਾ ਕਿ 21ਵੀਂ ਸਦੀ ਦੇ ਡਾਕਟਰ ਇਨਸਾਨ ਨੂੰ ਸਰੀਰਕ ਤੌਰ ਤੇ ਅਮਰ ਬਣਾਉਣ ਲਈ ਸ਼ਾਇਦ ਨੈਨੋਤਕਨਾਲੋਜੀ ਦਾ ਇਸਤੇਮਾਲ ਕਰਨਗੇ।
ਕ੍ਰਾਓਨਿਕਸ ਇਕ ਵਿਗਿਆਨ ਹੈ ਜਿਸ ਵਿਚ ਮਨੁੱਖੀ ਸਰੀਰਾਂ ਨੂੰ ਇਸ ਉਮੀਦ ਨਾਲ ਬਰਫ਼ ਵਿਚ ਜਮਾਇਆ ਜਾਂਦਾ ਹੈ ਕਿ ਵਿਗਿਆਨ ਮਰੇ ਹੋਏ ਸੈੱਲਾਂ ਨੂੰ ਮੁੜ ਚਾਲੂ ਕਰ ਸਕੇਗਾ ਅਤੇ ਉਹ ਮੁੜ ਕੇ ਜੀਉਂਦੇ ਹੋ ਜਾਣਗੇ। ਸਾਰਾ ਸਰੀਰ, ਜਾਂ ਸਿਰਫ਼ ਦਿਮਾਗ਼ ਹੀ ਇਸ ਤਰ੍ਹਾਂ ਜਮਾਇਆ ਜਾ ਸਕਦਾ ਹੈ। ਇਕ ਬੰਦੇ ਨੇ ਬਿਸਤਰ ਦੀ ਇਕ ਚਾਦਰ ਵੀ ਜਮਾ ਕੇ ਰਖਾਈ ਹੈ। ਚਾਦਰ ਕਿਉਂ? ਉਹ ਉਸ ਦੇ ਇਕ ਦੋਸਤ ਦੀ ਚਾਦਰ ਹੈ ਜਿਸ ਉੱਤੇ ਉਸ ਦੀ ਚਮੜੀ ਦੇ ਕੁਝ ਸੈੱਲ ਅਤੇ ਕੁਝ ਵਾਲ ਹਨ। ਉਹ ਉਸ ਨੂੰ ਉਸ ਸਮੇਂ ਤਕ ਬਰਫ਼ ਵਿਚ ਜਮਾ ਕੇ ਰੱਖਣਾ ਚਾਹੁੰਦਾ ਸੀ ਜਦੋਂ ਵੀ ਕਿਤੇ ਵਿਗਿਆਨ ਇਸ ਮੰਜ਼ਲ ਤੇ ਪਹੁੰਚ ਜਾਵੇਗਾ ਜਿੱਥੇ ਲੋਕ ਕੁਝ ਸੈੱਲਾਂ ਤੋਂ ਜਾਂ ਇਕ ਸੈੱਲ ਤੋਂ ਵੀ ਮੁੜ ਕੇ ਬਣਾਏ ਜਾ ਸਕਣਗੇ। ਉਹ ਆਪਣੇ ਮਿੱਤਰ ਨੂੰ ਮੁੜ ਕੇ ਜੀਉਣ ਦਾ ਮੌਕਾ ਦੇਣਾ ਚਾਹੁੰਦਾ ਹੈ।
ਸਾਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ?
ਇਹ ਕੁਦਰਤੀ ਹੈ ਕਿ ਮਨੁੱਖ ਮਰਨਾ ਨਹੀਂ, ਪਰ ਜੀਉਣਾ ਚਾਹੁੰਦੇ ਹਨ। ਇਸ ਕਰਕੇ, ਇਸ ਖੇਤਰ ਵਿਚ ਵਿਗਿਆਨਕ ਤਰੱਕੀ ਦੀ ਝਟਪਟ ਬੱਲੇ-ਬੱਲੇ ਕੀਤੀ ਜਾਂਦੀ ਹੈ ਅਤੇ ਉਸ ਤੋਂ ਵੱਡੀਆਂ-ਵੱਡੀਆਂ ਆਸਾਂ ਰੱਖੀਆਂ ਜਾਂਦੀਆਂ ਹਨ। ਪਰ ਅਜੇ ਤਕ ਕੋਈ ਠੋਸ ਸਬੂਤ ਨਹੀਂ ਹੈ ਕਿ ਡੀ. ਐੱਚ. ਈ. ਏ., ਕਾਇਨਟਿਨ, ਮੈਲਾਟੋਨਿਨ, ਐੱਚ. ਜੀ. ਐੱਚ. ਹਾਰਮੋਨ, ਜਾਂ ਕੋਈ ਹੋਰ ਚੀਜ਼ ਮਨੁੱਖਾਂ ਵਿਚ ਬੁਢਾਪੇ ਨੂੰ ਹੌਲੀ ਕਰ ਸਕਦੀ ਜਾਂ ਰੋਕ ਸਕਦੀ ਹੈ। ਸ਼ੰਕਾਵਾਦੀ ਲੋਕਾਂ ਨੂੰ ਫ਼ਿਕਰ ਹੈ ਕਿ ਸੈੱਲਾਂ ਵਿਚ ਟੈਲੋਮਰੇਜ਼ ਨੂੰ ਤੋੜਨ-ਜੋੜਨ ਨਾਲ ਸੰਭਾਵੀ ਕੈਂਸਰ ਦੇ ਸੈੱਲ ਪੈਦਾ ਹੋ ਜਾਣਗੇ। ਅਤੇ ਨੈਨੋਤਕਨਾਲੋਜੀ ਅਤੇ ਕ੍ਰਾਓਨਿਕਸ ਦੀ ਵਰਤੋਂ ਅਸਲੀਅਤ ਦੀ ਬਜਾਇ ਵਿਗਿਆਨਕ ਕਲਪਨਾ ਹੀ ਹੈ।
ਵਿਗਿਆਨ ਨੇ ਕੁਝ ਲੋਕਾਂ ਲਈ ਜ਼ਿਆਦਾ ਲੰਬਾ ਅਤੇ ਜ਼ਿਆਦਾ ਸਿਹਤਮੰਦ ਜੀਵਨ ਸੰਭਵ ਕਰ ਦਿੱਤਾ ਹੈ, ਪਰ ਉਹ ਕਦੇ ਵੀ ਕਿਸੇ ਲਈ ਸਦੀਪਕ ਜੀਵਨ ਨਹੀਂ ਸੰਭਵ ਕਰ ਸਕੇਗਾ। ਕਿਉਂ ਨਹੀਂ? ਸਿੱਧੀ-ਸਿੱਧੀ ਗੱਲ ਤਾਂ ਇਹ ਹੈ ਕਿ ਬੁਢਾਪੇ ਅਤੇ ਮੌਤ ਦੀ ਜੜ੍ਹ ਵਿਗਿਆਨ ਦੀ ਸਮਝ ਤੋਂ ਪਾਰ ਹੈ।
ਬੁਢਾਪੇ ਅਤੇ ਮੌਤ ਦੀ ਜੜ੍ਹ
ਕਈ ਵਿਗਿਆਨੀ ਸਹਿਮਤ ਹਨ ਕਿ ਬੁਢਾਪਾ ਅਤੇ ਮੌਤ ਸਾਡੀਆਂ ਜੀਨਾਂ ਵਿਚ ਹੀ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਿਉਂ ਅਤੇ ਕਦੋਂ ਸਾਡੀਆਂ ਜੀਨਾਂ ਦੇ ਅੰਦਰ ਵੜੇ?
ਜਨੈਟਿਕਸ, ਜਾਂ ਡੀ. ਐੱਨ. ਏ. ਵਰਗੇ ਸ਼ਬਦ ਵਰਤ ਕੇ ਗੱਲ ਸਮਝਾਉਣ ਦੀ ਬਜਾਇ ਬਾਈਬਲ ਸਾਨੂੰ ਸਾਦਾ-ਸਾਦਾ ਜਵਾਬ ਦਿੰਦੀ ਹੈ। ਰੋਮੀਆਂ 5:12 ਤੇ ਲਿਖਿਆ ਗਿਆ ਹੈ: “ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”
ਪਹਿਲੇ ਮਨੁੱਖ, ਆਦਮ, ਸਾਮ੍ਹਣੇ ਸਦਾ ਲਈ ਜੀਉਣ ਦੀ ਸੰਭਾਵਨਾ ਸੀ। ਉਸ ਦਾ ਸਰੀਰ ਇਵੇਂ ਸ੍ਰਿਸ਼ਟ ਕੀਤਾ ਗਿਆ ਸੀ ਕਿ ਉਸ ਵਿਚ ਸਦਾ ਦੇ ਜੀਵਨ ਦਾ ਆਨੰਦ ਮਾਣਨ ਲਈ ਲੋੜੀਂਦੀਆਂ ਯੋਗਤਾਵਾਂ ਸਨ। ਪਰ, ਸਦੀਪਕ ਜੀਵਨ ਸ਼ਰਤੀ ਸੀ। ਆਦਮ ਨੂੰ ਜੀਵਨ ਦੇ ਸ੍ਰੋਤੇ, ਮਤਲਬ ਕਿ ਆਪਣੇ ਸ੍ਰਿਸ਼ਟੀਕਰਤਾ ਦੀ ਇੱਛਾ ਦੇ ਅਨੁਸਾਰ ਕੰਮ ਕਰਨਾ ਪੈਣਾ ਸੀ ਅਤੇ ਉਸ ਦੇ ਪ੍ਰਤੀ ਆਗਿਆਕਾਰ ਰਹਿਣਾ ਪੈਣਾ ਸੀ ਤਾਂਕਿ ਉਸ ਦਾ ਜੀਵਨ ਸਦਾ ਲਈ ਕਾਇਮ ਰਹਿੰਦਾ।—ਉਤਪਤ 1:31; 2:15-17.
ਆਦਮ ਨੇ ਸ੍ਰਿਸ਼ਟੀਕਰਤਾ ਦਾ ਕਹਿਣਾ ਨਹੀਂ ਮੰਨਿਆ। ਅਸਲ ਵਿਚ, ਆਦਮ ਨੇ ਦਾਅਵਾ ਕੀਤਾ ਕਿ ਹਕੂਮਤ ਦੇ ਸੰਬੰਧ ਵਿਚ ਮਨੁੱਖ ਰੱਬ ਦੀ ਮਦਦ ਤੋਂ ਬਿਨਾਂ ਹੀ ਬਿਹਤਰ ਹੈ। ਇਹ ਉਸ ਲਈ ਪਾਪ ਸੀ। ਇਸ ਤੋਂ ਬਾਅਦ ਮਾਨੋ ਉਸ ਦਾ ਜਨੈਟਿਕ ਕੋਡ ਹੀ ਬਦਲ ਗਿਆ। ਆਪਣੀ ਸੰਤਾਨ ਨੂੰ ਵਿਰਾਸਤ ਵਜੋਂ ਸਦੀਪਕ ਜੀਵਨ ਦੇਣ ਦੀ ਬਜਾਇ, ਆਦਮ ਨੇ ਉਸ ਨੂੰ ਪਾਪ ਅਤੇ ਮੌਤ ਹੀ ਦਿੱਤੀ।—ਉਤਪਤ 3:6, 19; ਰੋਮੀਆਂ 6:23.
ਅਸਲੀ ਉਮੀਦ
ਸ਼ੁਕਰ ਦੀ ਗੱਲ ਹੈ ਕਿ ਇਹ ਸਥਿਤੀ ਸਦਾ ਲਈ ਇਵੇਂ ਨਹੀਂ ਰਹਿਣੀ ਸੀ। ਰੋਮੀਆਂ 8:20 ਕਹਿੰਦਾ ਹੈ ਕਿ “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ।” ਮਨੁੱਖ ਦੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਨੇ ਮਨੁੱਖਾਂ ਨੂੰ ਮੌਤ ਦੇ ਅਧੀਨ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਉਸ ਦੇ ਵਿਰੁੱਧ ਪਾਪ ਕੀਤਾ, ਪਰ ਨਾਲੋਂ-ਨਾਲ ਉਸ ਨੇ ਉਮੀਦ ਵੀ ਪੇਸ਼ ਕੀਤੀ।
ਇਹ ਉਮੀਦ ਉਦੋਂ ਸਪੱਸ਼ਟ ਹੋਈ ਜਦੋਂ ਯਿਸੂ ਮਸੀਹ ਇਸ ਧਰਤੀ ਉੱਤੇ ਆਇਆ। ਯੂਹੰਨਾ 3:16 ਸਾਨੂੰ ਦੱਸਦਾ ਹੈ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਪਰ ਫਿਰ, ਯਿਸੂ ਮਸੀਹ ਵਿਚ ਨਿਹਚਾ ਕਰਨ ਨਾਲ ਅਸੀਂ ਮੌਤ ਤੋਂ ਕਿਵੇਂ ਬੱਚ ਸਕਦੇ ਹਾਂ?
ਜੇਕਰ ਲੋਕ ਪਾਪ ਦੇ ਕਾਰਨ ਮਰਦੇ ਹਨ, ਤਾਂ ਪਾਪ ਹਟਾ ਕੇ ਹੀ ਮੌਤ ਮਿਟਾਈ ਜਾ ਸਕਦੀ ਹੈ। ਮਸੀਹਾ ਵਜੋਂ ਯਿਸੂ ਦੀ ਸੇਵਕਾਈ ਦੇ ਸ਼ੁਰੂ-ਸ਼ੁਰੂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਕਿ “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰਨਾ 1:29) ਯਿਸੂ ਮਸੀਹ ਵਿਚ ਕੋਈ ਪਾਪ ਨਹੀਂ ਸੀ। ਇਸ ਕਰਕੇ ਉਹ ਮੌਤ, ਜੋ ਕਿ ਪਾਪ ਦੀ ਸਜ਼ਾ ਹੈ, ਦੇ ਅਧੀਨ ਨਹੀਂ ਸੀ। ਫਿਰ ਵੀ, ਉਹ ਨੇ ਲੋਕਾਂ ਨੂੰ ਉਸ ਨੂੰ ਮਾਰ ਲੈਣ ਦਿੱਤਾ। ਕਿਉਂ? ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਨੇ ਸਾਡੇ ਪਾਪਾਂ ਦਾ ਮੁੱਲ ਭਰਿਆ।—ਮੱਤੀ 20:28; 1 ਪਤਰਸ 3:18.
ਕਰਜ਼ਾ ਭਰੇ ਜਾਣ ਤੋਂ ਬਾਅਦ, ਯਿਸੂ ਵਿਚ ਨਿਹਚਾ ਕਰਨ ਵਾਲੇ ਸਾਰਿਆਂ ਲੋਕਾਂ ਲਈ ਸਦਾ ਲਈ ਜੀਉਂਦੇ ਰਹਿਣਾ ਸੰਭਵ ਬਣ ਗਿਆ। ਵਿਗਿਆਨ ਥੋੜ੍ਹੇ ਸਮੇਂ ਲਈ ਸਾਡੀ ਉਮਰ ਵਧਾ ਸਕਦਾ ਹੈ, ਪਰ ਯਿਸੂ ਵਿਚ ਨਿਹਚਾ ਕਰਨੀ ਸਦੀਪਕ ਜੀਵਨ ਦਾ ਅਸਲੀ ਰਾਹ ਹੈ। ਯਿਸੂ ਨੇ ਅਜਿਹਾ ਜੀਵਨ ਸਵਰਗ ਵਿਚ ਹਾਸਲ ਕੀਤਾ, ਅਤੇ ਉਸ ਦੇ ਵਫ਼ਾਦਾਰ ਰਸੂਲ ਅਤੇ ਕੁਝ ਦੂਜੇ ਵਿਅਕਤੀ ਵੀ ਇਹ ਹਾਸਲ ਕਰਨਗੇ। ਪਰ ਸਾਡੇ ਵਿੱਚੋਂ ਜ਼ਿਆਦਾ ਜਣਿਆਂ ਲਈ, ਜੋ ਯਿਸੂ ਵਿਚ ਨਿਹਚਾ ਕਰਦੇ ਹਨ, ਸਦੀਪਕ ਜੀਵਨ ਇਸ ਧਰਤੀ ਉੱਤੇ ਹੋਵੇਗਾ, ਜਦੋਂ ਯਹੋਵਾਹ ਪਰਮੇਸ਼ੁਰ ਇੱਥੇ ਫਿਰਦੌਸ ਮੁੜ ਕੇ ਸਥਾਪਿਤ ਕਰ ਦੇਵੇਗਾ।—ਯਸਾਯਾਹ 25:8; 1 ਕੁਰਿੰਥੀਆਂ 15:48, 49; 2 ਕੁਰਿੰਥੀਆਂ 5:1.
ਫਿਰਦੌਸ ਵਰਗੀ ਧਰਤੀ ਉੱਤੇ ਸਦੀਪਕ ਜੀਵਨ
ਇਕ ਬੰਦੇ ਨੇ ਪੁੱਛਿਆ: “ਕਿੰਨੇ ਕੁ ਲੋਕ ਮਰਨ ਤੋਂ ਬਿਨਾਂ ਜੀਉਣਾ ਪਸੰਦ ਕਰਨਗੇ?” ਕੀ ਸਦਾ ਦਾ ਜੀਵਨ ਅਕਾਊ ਹੋਵੇਗਾ? ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਇਵੇਂ ਨਹੀਂ ਹੋਵੇਗਾ। “ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” (ਉਪਦੇਸ਼ਕ ਦੀ ਪੋਥੀ 3:11) ਯਹੋਵਾਹ ਪਰਮੇਸ਼ੁਰ ਦੀ ਸ੍ਰਿਸ਼ਟੀ ਇੰਨੀ ਭਰਪੂਰ ਅਤੇ ਗੁੰਝਲਦਾਰ ਹੈ ਕਿ ਇਹ ਹਮੇਸ਼ਾ ਸਾਡੇ ਵਿਚ ਦਿਲਚਸਪੀ ਜਗਾਏਗੀ, ਅਤੇ ਇਹ ਸਾਨੂੰ ਉਸ ਸਾਰੇ ਸਮੇਂ ਲਈ—ਸਦਾ ਲਈ ਵੀ, ਖ਼ੁਸ਼ ਰੱਖੇਗੀ।
ਇਕ ਬੰਦੇ ਨੇ ਸਾਇਬੇਰੀਅਨ ਜੇਅ ਨਾਂ ਦੇ ਪੰਛੀ ਬਾਰੇ ਸਟੱਡੀ ਕੀਤੀ। ਉਸ ਨੇ ਕਿਹਾ ਕਿ ਉਸ ਲਈ ਇਹ “ਇਕ ਹੱਦੋਂ ਵੱਧ ਮਨਮੋਹਕ ਅਤੇ ਅਸਚਰਜ ਦੋਸਤੀ” ਬਣੀ ਰਹੀ। ਉਸ ਨੇ ਦਾਅਵਾ ਕੀਤਾ ਕਿ ਉਸ ਲਈ ਇਸ ਪੰਛੀ ਨੂੰ ਗਹੁ ਨਾਲ ਦੇਖਣਾ ਬਹੁਤ ਹੀ ਆਨੰਦਮਈ ਸੀ। ਉਸ ਨੇ ਇਸ ਪੰਛੀ ਬਾਰੇ ਜਿੰਨੀ ਜ਼ਿਆਦਾ ਸਟੱਡੀ ਕੀਤੀ, ਉਹ ਉਸ ਨੂੰ ਉੱਨਾ ਹੀ ਜ਼ਿਆਦਾ ਦਿਲਚਸਪ ਲੱਗਾ। ਉਸ ਨੇ ਕਿਹਾ ਕਿ 18 ਸਾਲਾਂ ਤੋਂ ਬਾਅਦ, ਹਾਲੇ ਵੀ ਉਸ ਦੀ ਸਟੱਡੀ ਖ਼ਤਮ ਨਹੀਂ ਹੋਈ। ਜੇਕਰ ਇੱਕੋ ਪ੍ਰਕਾਰ ਦਾ ਪੰਛੀ ਕਿਸੇ ਪੜ੍ਹੇ-ਲਿਖੇ ਬੰਦੇ ਨੂੰ 18 ਸਾਲਾਂ ਦੀ ਸਟੱਡੀ ਲਈ ਬਹਿਲਾ ਸਕਦਾ ਹੈ, ਤਾਂ ਧਰਤੀ ਉੱਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਬਾਰੇ ਸਟੱਡੀ ਕਰਨਾ ਕਿੰਨੀ ਖ਼ੁਸ਼ੀ ਅਤੇ ਸੰਤੁਸ਼ਟੀ ਲਿਆ ਸਕਦਾ ਹੈ!
ਉਸ ਵਿਅਕਤੀ ਸਾਮ੍ਹਣੇ ਵਿਗਿਆਨ ਦੇ ਸਾਰੇ ਦਿਲਚਸਪ ਖੇਤਰਾਂ ਬਾਰੇ ਸੋਚੋ ਜਿਸ ਉੱਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਵਧੀਆ-ਵਧੀਆ ਸਥਾਨਾਂ ਬਾਰੇ ਸੋਚੋ ਜਿੱਥੇ ਅਸੀਂ ਤੁਰ-ਫਿਰ ਸਕਾਂਗੇ ਅਤੇ ਉਨ੍ਹਾਂ ਸਾਰਿਆਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨਾਲ ਅਸੀਂ ਮੁਲਾਕਾਤ ਕਰ ਸਕਾਂਗੇ। ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਬਾਰੇ ਬੇਅੰਤ ਸੰਭਾਵਨਾਵਾਂ ਦੀ ਕਲਪਨਾ ਕਰੋ। ਆਪਣੀਆਂ ਯੋਗਤਾਵਾਂ ਵਧਾਉਣ ਅਤੇ ਉਨ੍ਹਾਂ ਨੂੰ ਵਰਤਣ ਦੇ ਹੱਦੋਂ ਵੱਧ ਮੌਕੇ ਪੇਸ਼ ਹੋਣਗੇ। ਜਦੋਂ ਅਸੀਂ ਸ੍ਰਿਸ਼ਟੀ ਦੀ ਭਰਪੂਰਤਾ ਵੱਲ ਧਿਆਨ ਦਿੰਦੇ ਹਾਂ, ਤਾਂ ਇਹ ਸਪੱਸ਼ਟ ਹੈ ਕਿ ਜੀਵਨ ਵਿਚ ਪੇਸ਼ ਹੋਣ ਵਾਲੀਆਂ ਸੰਭਾਵਨਾਵਾਂ ਸਦੀਪਕਾਲ ਵਿਚ ਹੀ ਪੂਰੀਆਂ ਹੋ ਸਕਦੀਆਂ ਹਨ।
ਬਾਈਬਲ ਦਿਖਾਉਂਦੀ ਹੈ ਕਿ ਮੁਰਦਿਆਂ ਦੇ ਜੀ ਉੱਠਣ ਦੁਆਰਾ, ਉਨ੍ਹਾਂ ਲਈ ਵੀ ਸਦਾ ਦਾ ਜੀਵਨ ਪੇਸ਼ ਹੋਵੇਗਾ ਜੋ ਹੁਣ ਮਰ ਚੁੱਕੇ ਹਨ। (ਯੂਹੰਨਾ 5:28, 29) ਇਤਿਹਾਸ ਬਾਰੇ ਕਈ ਅਣਜਾਣ ਗੱਲਾਂ ਸਾਨੂੰ ਉਦੋਂ ਹੀ ਸ਼ਾਇਦ ਸਮਝ ਪੈਣ ਜਦੋਂ ਅਸੀਂ ਅਜਿਹਿਆਂ ਵਿਅਕਤੀਆਂ ਨਾਲ ਗੱਲਾਂ ਕਰਾਂਗੇ ਜੋ ਉਦੋਂ ਜੀਉਂਦੇ ਸਨ। ਫਿਰ ਇਤਿਹਾਸ ਦੇ ਵੱਖ-ਵੱਖ ਸਮਿਆਂ ਉੱਤੇ ਗੌਰ ਕਰੋ ਜਿਨ੍ਹਾਂ ਬਾਰੇ ਜੀ ਉੱਠੇ ਵਿਅਕਤੀ ਸਾਨੂੰ ਦੱਸਣਗੇ।—ਰਸੂਲਾਂ ਦੇ ਕਰਤੱਬ 24:15.
ਉਸ ਸਮੇਂ ਬਾਰੇ ਵਿਚਾਰ ਕਰਦਿਆਂ, ਤੁਸੀਂ ਸਮਝ ਸਕਦੇ ਹੋ ਕਿ ਜੀ ਉਠਾਇਆ ਗਿਆ ਮਨੁੱਖ ਅੱਯੂਬ, ਸ਼ਾਇਦ ਅੱਯੂਬ 14:1 ਵਿਚ ਪਾਏ ਗਏ ਸ਼ਬਦਾਂ ਨੂੰ ਬਦਲਣਾ ਚਾਹੇਗਾ। ਉਨ੍ਹਾਂ ਦੀ ਥਾਂ ਤੇ ਉਹ ਸ਼ਾਇਦ ਕਹਿਣਾ ਚਾਹੇਗਾ ਕਿ ‘ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਹੁਣ ਸਦਾ ਲਈ ਜੀਉਂਦਾ ਹੈ ਅਤੇ ਬਹੁਤ ਹੀ ਸੰਤੁਸ਼ਟ ਹੈ।’
ਉਨ੍ਹਾਂ ਲਈ ਜੋ ਯਹੋਵਾਹ ਉੱਤੇ ਭਰੋਸਾ ਕਰਦੇ ਅਤੇ ਯਿਸੂ ਵਿਚ ਨਿਹਚਾ ਕਰਦੇ ਹਨ, ਸਮੇਂ ਤੋਂ ਪਾਰ ਲੰਬੀ ਜ਼ਿੰਦਗੀ ਕੋਈ ਖਾਲੀ ਸੁਪਨਾ ਹੀ ਨਹੀਂ ਹੈ। ਇਹ ਹੁਣ ਜਲਦੀ ਹੀ ਅਸਲੀਅਤ ਬਣੇਗੀ। ਬੁਢਾਪਾ ਅਤੇ ਮੌਤ ਮਿਟ ਜਾਣਗੇ। ਇਹ ਜ਼ਬੂਰ 68:20 ਦੇ ਅਨੁਸਾਰ ਹੈ ਜੋ ਕਹਿੰਦਾ ਹੈ ਕਿ “ਪ੍ਰਭੁ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ।”—ਪਰਕਾਸ਼ ਦੀ ਪੋਥੀ 21:3, 4.
[ਸਫ਼ੇ 4, 5 ਉੱਤੇ ਤਸਵੀਰਾਂ]
ਵਿਗਿਆਨਕ ਤਰੱਕੀ ਨੇ ਲੰਬੀ ਉਮਰ ਦੀ ਉਮੀਦ ਨੂੰ ਵਧਾਇਆ ਹੈ
[ਸਫ਼ੇ 7 ਉੱਤੇ ਤਸਵੀਰ]
ਜੀਵਨ ਵਿਚ ਪੇਸ਼ ਹੋਣ ਵਾਲੀਆਂ ਸੰਭਾਵਨਾਵਾਂ ਸਦੀਪਕਾਲ ਵਿਚ ਹੀ ਪੂਰੀਆਂ ਹੋ ਸਕਦੀਆਂ ਹਨ